ਕਾਰਜਕਾਰੀ ਸੰਸਥਾਵਾਂ ਤੇ ਸਥਾਨ

ਗੁਲਜ਼ਾਰ ਸਿੰਘ ਸੰਧੂ
ਹੁਣ ਮੈਂ ਆਪਣੀ ਜ਼ਿੰਦਗੀ ਦੇ ਉਸ ਪੜਾਅ ਵਿਚੋਂ ਲੰਘ ਰਿਹਾ ਹਾਂ ਜਦੋਂ ਬੰਦਾ ਆਪਣੇ ਜੀਵਨ ਦੀਆਂ ਹੋਈਆਂ ਬੀਤੀਆਂ ਨੂੰ ਚੇਤੇ ਕਰਨ ਦਾ ਬਹਾਨਾ ਲਭਦਾ ਰਹਿੰਦਾ ਹੈ| ਪੰਜਾਬ ਸਰਕਾਰ ਵੱਲੋਂ ਮੇਰੇ ਜੱਦੀ ਪਿੰਡ ਸੂਨੀ ਨੇੜੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਪੁਰਖਿਆਂ ਦੇ ਪਿੰਡ ਖਟਕੜ ਕਲਾਂ ਵਿਚ 51 ਕਰੋੜ 70 ਲੱਖ ਦੀ ਲਾਗਤ ਵਾਲੇ ਵਿਰਾਸਤੀ ਕੰਪਲੈਕਸ ਦਾ ਨੀਂਹ ਪੱਥਰ ਰੱਖਣਾ ਸ਼ਲਾਘਾਯੋਗ ਹੈ| ਇਸ ਲਈ ਮੈਨੂੰ ਆਪਣੇ ਸਮੇਂ ਦਾ ਖਾਲਸਾ ਹਾਈ ਸਕੂਲ ਤੇ ਕਾਲਜ ਚੇਤੇ ਆ ਜਾਣਾ ਕੁਦਰਤੀ ਹੈ|

ਇਹ ਦੋਵੇਂ ਮਾਹਿਲਪੁਰ ਵਿਚ ਸਥਿਤ ਹਨ| ਵੱਡੀ ਗੱਲ ਇਹ ਕਿ ਇਹ ਕਸਬਾ ਹੁਣ ਜ਼ਿਲ੍ਹਾ ਭਗਤ ਸਿੰਘ ਨਗਰ ਦਾ ਅੰਗ ਬਣ ਚੁੱਕਿਆ ਹੈ|
ਮੈਂ ਖੁਸ਼ ਹਾਂ ਕਿ ਇਹ ਉਪਰਾਲਾ ਇਸ ਮਿੱਟੀ ਨਾਲ ਜੁੜੇ ਭਗਤ ਸਿੰਘ ਸਪੂਤ ਦੀ ਲਾਸਾਨੀ ਵਿਰਾਸਤ ਦੀ ਸਾਂਭ-ਸੰਭਾਲ ਤੇ ਪਸਾਰ ਦਾ ਸੋਮਾ ਬਣੇਗਾ| ਵਿਰਾਸਤੀ ਲਾਂਘਾ ਵੀ ਇਸ ਪ੍ਰੋਜੈਕਟ ਦਾ ਅਹਿਮ ਹਿੱਸਾ ਹੋਵੇਗਾ| ਇਹ ਵਿਰਾਸਤੀ ਲਾਂਘਾ ਸ਼ਹੀਦ ਭਗਤ ਸਿੰਘ ਅਜਾਇਬ ਘਰ ਨੂੰ ਸ਼ਹੀਦ ਭਗਤ ਸਿੰਘ ਦੇ ਪੁਰਖਿਆਂ ਦੇ ਘਰ ਨਾਲ ਜੋੜੇਗਾ|
ਇਸ ਲਾਂਘੇ ਨੂੰ ਅਜਿਹੇ ਬੁੱਤਾਂ ਤੇ ਕੰਧ-ਚਿਤਰਾਂ ਨਾਲ ਸ਼ਿੰਗਾਰਿਆ ਜਾਵੇਗਾ ਜਿਹੜੇ ਭਗਤ ਸਿੰਘ ਤੇ ਹੋਰ ਸੁਤੰਤਰਤਾ ਦੀ ਬਾਤ ਪਾਉਣਗੇ| ਏਸ ਕੰਪਲੈਕਸ ਵਿਚ 700 ਮੀਟਰ ਦੀ ਸਮਰੱਥਾ ਵਾਲਾ ਆਡੀਟੋਰੀਅਮ ਪੂਰੀ ਤਰ੍ਹਾਂ ਵਾਤਾਨਕੂਲ (ਏ.ਸੀ.) ਹੋਵੇਗਾ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਅਤੇ ਸੈਮੀਨਾਰਾਂ ਸਮੇਤ ਹੋਰ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਭਗਤ ਸਿੰਘ ਦੇ ਅਦਾਲਤੀ ਮੁਕੱਦਮੇ ਦਾ ਦ੍ਰਿਸ਼ ਵੀ ਸਿਰਜਿਆ ਜਾਵੇਗਾ, ਜੋ ਸੈਲਾਨੀਆਂ ਨੂੰ ਅਤੀਤ ਵਿਚ ਲੈ ਟੂਰਿਸਟਾਂ ਲਈ ਸੁਵਿਧਾ ਕੇਂਦਰ, ਸੈਲਾਨੀਆਂ ਲਈ ਠਹਿਰਨ, ਬਾਗ-ਬਗੀਚੇ, ਸੰਗੀਤਕ ਫੁਹਾਰਾ ਅਤੇ ਪਾਰਕਿੰਗ ਲਈ ਢੁਕਵੀਂ ਥਾਂ ਹੋਵੇਗੀ|
ਮੇਰੇ ਲਈ ਤਾਂ ਐਜੂਰੈਂਕ 2025 ਵਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੀ.ਏ.ਯੂ. ਲੁਦਿਹਾਣਾ ਨੂੰ ਸੌ ਵਿਚੋਂ 93ਵਾਂ ਸਥਾਨ ਪ੍ਰਦਾਨ ਕਰਨਾ ਵੀ ਮਾਣ ਦੀ ਗੱਲ ਹੈ| ਦੁਨੀਆਂ ਭਰ ਦੀਆਂ 4407 ਸੰਸਥਾਵਾਂ ਵਿਚੋਂ ਪੀ.ਏ.ਯੂ. ਭਾਰਤ ਦੀ ਇਕਲੌਤੀ ਰਾਜ ਖੇਤੀਬਾੜੀ ਯੂਨੀਵਰਸਿਟੀ ਹੈ ਜੋ ਇਸ ਉੱਚ ਸੂਚੀ ਵਿਚ ਸ਼ਾਮਲ ਹੈ| ਇਹ ਦਰਜਾਬੰਦੀ ਪੀ.ਏ.ਯੂ. ਦੀ ਉੱਚਤਾ ਅਤੇ ਮਿਆਰ ਨੂੰ ਇਕ ਵਾਰ ਫਿਰ ਸਾਬਿਤ ਕਰਦੀ ਹੈ|
ਜ਼ਿਕਰਯੋਗ ਹੈ ਕਿ ਐਜੂਰੈਂਕ ਇਕ ਸੁਤੰਤਰ ਗਲੋਬਲ ਰੈਂਕਿੰਗ ਪਲੇਟਫਾਰਮ ਹੈ ਜੋ ਖੇਤੀ ਖੋਜ ਦੀ ਵਿਹਾਰਤਾ ਅਤੇ ਅਕਾਦਮਿਕ ਪ੍ਰਭਾਵ ਵਰਗੇ ਮਾਪਦੰਡਾਂ ਦੇ ਅਧਾਰ `ਤੇ 14,000 ਤੋਂ ਵੱਧ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ| ਪੀ.ਏ.ਯੂ. ਦਾ ਸਿਖਰਲੀਆਂ 100 ਸੰਸਥਾਵਾਂ ਵਿਚ ਸ਼ਾਮਿਲ ਹੋਣਾ ਵਿਸ਼ਵ ਪੱਧਰ `ਤੇ ਖੇਤੀਬਾੜੀ ਖੋਜ ਅਤੇ ਸਿੱਖਿਆ ਵਿਚ ਇਸ ਯੂਨੀਵਰਸਿਟੀ ਦੇ ਵਧ ਰਹੇ ਪ੍ਰਭਾਵ ਦਾ ਸੂਚਕ ਹੈ|
ਧਿਆਨ ਰਹੇ ਕਿ ਏਸ਼ੀਆ ਤੋਂ ਸਿਰਫ਼ 22 ਸੰਸਥਾਵਾਂ ਨੇ ਖੇਤੀਬਾੜੀ ਵਿਗਿਆਨ ਵਿਚ ਵਿਸ਼ਵ ਪੱਧਰੀ ਚੋਟੀ ਦੇ 100 ਵਿਚ ਜਗ੍ਹਾ ਬਣਾਈ ਇਨ੍ਹਾਂ ਵਿਚੋਂ ਤੇਰਾਂ ਚੀਨ ਤੋਂ ਹਨ, ਦੋ ਜਾਪਾਨ ਤੋਂ ਅਤੇ ਇਜ਼ਰਾਈਲ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਪਾਕਿਸਤਾਨ ਅਤੇ ਭਾਰਤ ਤੋਂ ਇੱਕ-ਇੱਕ ਸੰਸਥਾ ਸ਼ਾਮਿਲ ਹੈ| ਭਾਰਤ ਦੀ ਨੁਮਾਇੰਦਗੀ ਇਸ ਸ਼੍ਰੇਣੀ ਵਿਚ ਸਿਰਫ਼ ਦੇ ਖੇਤੀਬਾੜੀ ਸੰਸਥਾਵਾਂ ਦੁਆਰਾ ਕੀਤੀ ਗਈ| ਇਨ੍ਹਾਂ ਵਿਚ ਭਾਰਤੀ ਖੇਤੀਬਾੜੀ ਖੋਜ ਸੰਸਥਾ ਨਵੀਂ ਦਿੱਲੀ 47ਵੇਂ ਸਥਾਨ ’ਤੇ ਅਤੇ ਪੀ.ਏ.ਯੂ. 93ਵੇਂ ਸਥਾਨ ’ਤੇ ਰਹੇ|
ਇਹ ਪ੍ਰਾਪਤੀ ਪੀ.ਏ.ਯੂ. ਦੀਆਂ ਲਗਾਤਾਰ ਸਫ਼ਲਤਾਵਾਂ ਵਜੋਂ ਵੇਖੀ ਜਾ ਸਕਦੀ ਹੈ| ਯੂਨੀਵਰਸਿਟੀ ਨੂੰ ਸਿੱਖਿਆ ਮੰਤਰਾਲੇ ਦੇ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਅੱੈੱਨ.ਆਈ.ਆਰ.ਐੱਫ) ਦੁਆਰਾ ਲਗਾਤਾਰ ਦੋ ਸਾਲਾਂ, 2023 ਅਤੇ 2024 ਲਈ ਭਾਰਤ ਦੀਆਂ ਸਾਰੀਆਂ ਰਾਜ ਖੇਤੀਬਾੜੀ ਯੂਨੀਵਰਸਿਟੀਆਂ ਵਿਚੋਂ ਸਿਖਰਲਾ ਦਰਜਾ ਦਿੱਤਾ ਗਿਆ ਸੀ| ਇਸ ਤੋਂ ਇਲਾਵਾ, ਭਾਰਤੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਆਈ.ਆਈ.ਆਰ.ਐੱਫ) 2025, ਇੱਕ ਪ੍ਰਮੁੱਖ ਨਿੱਜੀ-ਖੇਤਰ ਏਜੰਸੀ, ਨੇ ਪੀ.ਏ.ਯੂ. ਨੂੰ ਦੇਸ਼ ਦੀ ਸਿਖਰਲੀ ਰਾਜ ਖੇਤੀਬਾੜੀ ਯੂਨੀਵਰਸਿਟੀ ਦੀ ਦਰਜਾਬੰਦੀ ਨਾਲ ਸਨਮਾਨਿਤ ਕੀਤਾ ਹੈ|
1962 ਵਿਚ ਸਥਾਪਿਤ ਹੋਈ ਪੀ.ਏ.ਯੂ. ਭਾਰਤ ਨੇ ਖੇਤੀਬਾੜੀ ਵਿਚ ਗੁਣਾਤਮਕ ਯੋਗਦਾਨ ਪਾ ਕੇ ਹਰੀ ਕ੍ਰਾਂਤੀ ਦੀ ਰੂਪ ਵਿਚ ਦੇਸ਼ ਦੇ ਭੋਜਨ ਸੁਰੱਖਿਆ ਦ੍ਰਿਸ਼ਟੀਕੋਣ ਨੂੰ ਆਕਾਰ ਦਿੱਤਾ ਹੈ| ਮੈਂ 1978-80 ਵਿਚ ਇਸ ਯੂਨੀਵਰਸਟੀ ਦੇ ਸੰਚਾਰ ਕੇਂਦਰ ਦਾ ਮੁਖੀ ਰਿਹਾ ਹਾਂ| ਮੌਜੂਦਾ ਸਮੇਂ ਪੀ.ਏ.ਯੂ. ਵਿਚ ਵਾਤਾਵਰਨ ਪੱਖੀ ਅਤੇ ਟਿਕਾਊ ਖੇਤੀਬਾੜੀ ਅਤੇ ਖੇਤੀਬਾੜੀ ਭੋਜਨ ਖੇਤਰ ਲਈ ਲਈ ਸਮਰੱਥਾ ਨਿਰਮਾਣ ਵਿਚ ਨਵੀਨਤਾਵਾਂ ਦੇ ਖੇਤਰ ਵਿਚ ਕਾਰਜ ਜਾਰੀ ਹਨ|
ਇਹ ਕੌਮਾਂਤਰੀ ਦਰਜਾਬੰਦੀ ਪੀ.ਏ.ਯੂ. ਦੇ ਸਮੂਹ ਵਿਗਿਆਨੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਇਸ ਸੰਸਥਾ ਦੇ ਹੋਰ ਵਿਕਾਸ ਲਈ ਜੱਦੋ-ਜਹਿਦ ਕਰਦੇ ਰਹਿਣ ਲਈ ਪ੍ਰੇਰਿਤ ਕਰੇਗੀ| ਇਹ ਵੀ ਖਟਕੜ ਕਲਾਂ ਵਰਗਾ ਹੀ ਸਵਾਗਤ ਮੰਗਦੀ ਹੈ|
ਮਹਿਲਾ ਪੱਤਰਕਾਰਾਂ ਦੀ ਬੱਲੇ-ਬੱਲੇ
ਕੋਈ ਸਮਾਂ ਸੀ ਪੱਤਰਕਾਰਤਾ ਦੇ ਪੇਸ਼ੇ ਨੂੰ ਮਹਿਲਾਵਾਂ ਨਹੀਂ ਸਨ ਅਪਣਾਉਂਦੀਆਂ| ਅੱਜ ਦੇ ਦਿਨ ਤਾਂ ਮੀਡੀਆ ਸੰਸਥਾਵਾਂ ਵਿਚ ਮਹਿਲਾਵਾਂ ਦੀ ਭਰਮਾਰ ਹੈ| ਜੇ ਇਕੱਲੇ ਚੰਡੀਗੜ੍ਹ ਦੀ ਪ੍ਰਮਾਣ ਦੇਣੀ ਹੋਵੇ ਤਾਂ ਇਸ ਸ਼ਹਿਰ ਜਿਓਤੀ ਮਲਹੋਤਰਾ (ਚੀਫ ਐਡੀਟਰ ਟ੍ਰਿਬਿਊਨ), ਮਨਰਾਜ ਗਰੇਵਾਲ (ਰੈਜ਼ੀਡੈਂਟ ਐਡੀਟਰ ਇੰਡੀਅਨ ਐਕਸਪ੍ਰੈਸ), ਅਰਵਿੰਦਰ ਪਾਲ ਕੌਰ (ਐਡੀਟਰ ਪੰਜਾਬੀ ਟ੍ਰਿਬਿਊਨ), ਮੀਨਾਕਸ਼ੀ (ਨਿਊਜ਼ ਐਡੀਟਰ ਦੈਨਿਕ ਟ੍ਰਿਬਿਊਨ), ਕਮਲ ਦੁਸਾਂਝ ਤੇ ਦਵੀ ਦੇਵਿੰਦਰ (ਸਪੋਕਸਮੈਨ) ਇਸ ਪੇਸ਼ੇ ਨਾਲ ਸਬੰਧਤ ਹਨ ਜਾਂ ਰਹੇ ਹਨ| ਇਸ ਪੇਸ਼ੇ ਵਿਚ ਮਹਿਲਾਵਾਂ ਦੀ ਬਹੁਲਤਾ ਦਾ ਸੋਮਾ ਮਹਿਲਾਵਾਂ ਦੀ ਉਡਾਰੀ ਹੀ ਨਹੀਂ ਇਸ ਵਿਚ ਡਿਜੀਟਲ ਸਾਧਨਾਂ ਦੀ ਬਹੁਲਤਾ ਵੀ ਹੈ| 70 ਸਾਲ ਤੋਂ ਸਰਕਾਰੀ ਤੇ ਗੈਰ-ਸਰਕਾਰੀ ਪ੍ਰਕਾਸ਼ਨਾਵਾਂ ਨਾਲ ਸਬੰਧਤ ਰਿਹਾ ਹੋਣ ਸਦਕਾ ਮੈਂ ਇਸ ਰੁਝਾਨ ਦਾ ਸਵਾਗਤ ਕਰਦਾ ਹਾਂ!
ਅੰਤਿਕਾ
ਪੰਜਾਬੀ ਲੋਕ ਟੱਪਾ॥
ਮੇਰੇ ਕੰਤ ਨੇ üਬਾਰਾ ਪਾਇਆ,
ਚੜ੍ਹਦੀ ਦੇ ਪੱਟ ਫੁੱਲ ਗਏ|