ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੀ ਸਮਕਾਲੀ ਸਾਰਥਿਕਤਾ

ਡਾ.ਲਖਵਿੰਦਰ ਸਿੰਘ ਜੌਹਲ
ਵਿਸ਼ਵ ਪੰਜਾਬੀ ਕਾਨਠਫ਼ਰੰਸਾਂ ਦਾ ਰੁਝਾਨ ਵਿਸ਼ਵ ਭਰ ਵਿਚ ਵਸਦੇ ਪੰਜਾਬੀਆਂ ਦੀ ਫ਼ਿਤਰਤ ਦਾ ਨਿਵੇਕਲਾ ਪਹਿਲੂ ਹੈ। ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੇ ਇਤਿਹਾਸ ਨੂੰ ਨਿਹਾਰਨ ਦਾ ਯਤਨ ਕਰੀਏ ਤਾਂ ਲਗਪਗ 45 ਸਾਲ ਪਹਿਲਾਂ 1980 ਵਿਚ ਬਰਤਾਨੀਆ ਦੇ ਸਾਊਥਾਲ ਵਿਖੇ 6 ਤੋਂ 21 ਜੂਨ ਤੱਕ ਰਣਜੀਤ ਧੀਰ, ਜੋਗਿੰਦਰ ਸ਼ਮਸ਼ੇਰ, ਅਵਤਾਰ ਜੰਡਿਆਲਵੀ ਅਤੇ ਸ਼ਿਵਚਰਨ ਗਿੱਲ ਦੇ ਯਤਨਾਂ ਨਾਲ ਕਰਵਾਈ ਗਈ ਪਹਿਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਅੱਜ ਤੱਕ ਵੀ ਮਿਸਾਲ ਬਣੀ ਹੋਈ ਹੈ। ਇਸ ਕਾਨਫ਼ਰੰਸ ਵਿਚ ਚਾਲੀ ਤੋਂ ਵੱਧ ਵਿਦੇਸ਼ੀ ਡੈਲੀਗੇਟ ਸ਼ਾਮਿਲ ਹੋਏ ਸਨ।

ਬਰਤਾਨੀਆ ਦੇ ਲਗਭਗ ਸਾਰੇ ਸ਼ਹਿਰਾਂ ਵਿਚ ਕੀਤੇ ਗਏ ਸੈਮੀਨਾਰਾਂ ਵਿਚ ਗੰਭੀਰ ਬਹਿਸਾਂ ਹੋਈਆਂ ਸਨ। ਭਾਰਤ ਵਿਚੋਂ ਇਸ ਕਾਨਫ਼ਰੰਸ ਵਿਚ ਹਾਜ਼ਰ ਹੋਣ ਵਾਲਿਆਂ ਵਿਚ ਸੰਤ ਸਿੰਘ ਸੇਖੋਂ, ਡਾਕਟਰ ਹਰਿਭਜਨ ਸਿੰਘ, ਸੋਹਣ ਸਿੰਘ ਜੋਸ਼ ਅਤੇ ਕ੍ਰਿਸ਼ਨ ਕੁਮਾਰ ਰੱਤੂ ਅਤੇ ਪਾਕਿਸਤਾਨ ਤੋਂ ਸ਼ਰੀਫ਼ ਕੁੰਜਾਹੀ ਵਰਗੇ ਵਿਦਵਾਨ ਅਤੇ ਲੇਖਕ ਸ਼ਾਮਿਲ ਸਨ। ਅਜੇਹੀ ਇਤਿਹਾਸਕ ਅਤੇ ਕਾਲਜਈ ਕਾਨਫ਼ਰੰਸ ਤੋਂ ਸ਼ੁਰੂ ਹੋਇਆ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਸਫ਼ਰ ਬੈਂਕਾਕ, ਲਾਹੌਰ, ਬਰੈਂਪਟਨ, ਮਿਲਵਾਕੀ, ਸਰੀ, ਹੇਵਰਡ (ਸਾਨਫ਼ਰਾਂਸਿਸਕੋ), ਲੰਡਨ ਅਤੇ ਲੈਸਟਰ ਤੱਕ ਫੈਲਦਾ ਹੋਇਆ, ਕਈ ਮੰਜ਼ਿਲਾਂ ਤੈਅ ਕਰ ਚੁੱਕਿਆ ਹੈ। ਬਹੁਤੀਆਂ ਵਿਸ਼ਵ ਪੰਜਾਬੀ ਕਾਨਫ਼ਰੰਸਾਂ ਭਾਵੇਂ ਵਿਦੇਸ਼ਾਂ ਵਿਚ ਹੋਈਆਂ ਹੀ ਹਨ, ਪਰ ਡਾਕਟਰ ਵਿਸ਼ਵਾਨਾਥ ਤਿਵਾੜੀ ਵੱਲੋਂ 1982 ਵਿਚ ਕਰਵਾਈ ਗਈ ਦਿੱਲੀ ਕਾਨਫ਼ਰੰਸ ਅਤੇ ਡਾਕਟਰ ਜਸਪਾਲ ਸਿੰਘ ਤਤਕਾਲੀਨ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਵਰਗੀ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਵੱਡੇ ਬੇਟੇ ਸਵਰਗੀ ਜੋਗਿੰਦਰ ਸਿੰਘ ਜੌਹਲ ਨਾਲ ਮਿਲ ਕੇ ਕਰਵਾਈਆਂ ਗਈਆਂ ਪਟਿਆਲਾ ਅਤੇ ਕੋਲਕਾਤਾ ਦੀਆਂ ਪੰਜਾਬੀ ਕਾਨਫ਼ਰੰਸਾਂ ਦੇ ਨਾਲ ਨਾਲ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਰਵਾਈਆਂ ਗਈਆਂ ਆਲਮੀ ਪੰਜਾਬੀ ਕਾਨਫ਼ਰੰਸਾਂ ਅਤੇ ਹਰਵਿੰਦਰ ਸਿੰਘ ਹੰਸਪਾਲ ਅਤੇ ਦੀਪਕ ਮਨਮੋਹਨ ਸਿੰਘ ਵੱਲੋਂ ਕਰਵਾਈਆਂ ਗਈਆਂ ਚੰਡੀਗੜ੍ਹ ਕਾਨਫਰੰਸਾਂ ਵੀ ਆਪਣਾ ਧਿਆਨ ਖਿੱਚਦੀਆਂ ਰਹੀਆਂ ਹਨ। ਇਨ੍ਹਾਂ ਸਾਰੀਆਂ ਕਾਨਫਰੰਸਾਂ ਦੀ ਸਾਂਝੀ ਤੰਦ ਇਹੀ ਹੈ ਕਿ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਅਤੇ ਦੇਸ਼ ਵਿਚ ਵੱਖ ਵੱਖ ਜਥੇਬੰਦੀਆਂ ਅਤੇ ਸਭਾ ਸੁਸਾਇਟੀਆਂ ਨਾਲ ਜੁੜੇ ਹੋਏ ਪੰਜਾਬੀ ਆਪਣੀ ਭਾਸ਼ਾ, ਸਭਿਆਚਾਰ, ਅਤੇ ਆਪਣੇ ਸਮਾਜ ਦੇ ਸਰਬਪੱਖੀ ਵਿਕਾਸ ਲਈ ਫ਼ਿਕਰਮੰਦ ਜਿਊਂਦੇ ਜਾਗਦੇ ਜਿਊੜੇ ਹਨ। ਉਨ੍ਹਾਂ ਨੇ ਆਪਣੀਆਂ ਰਹਿਤਲਾਂ ਦੀ ਸਲਾਮਤੀ ਲਈ ਗਹਿਰੇ ਫ਼ਿਕਰ ਅਤੇ ਇਛਾਵਾਂ ਆਪਣੇ ਮਨਾਂ ਵਿਚ ਪੂਰੀ ਸ਼ਿੱਦਤ ਨਾਲ ਵਸਾਏ ਹੋਏ ਹਨ।
ਪਰ ਕੀ ਵਿਸ਼ਵ ਭਰ ਵਿਚ ਫੈਲੇ ਪੰਜਾਬੀਆਂ ਦੇ ਮਸਲੇ ਇਨ੍ਹਾਂ ਕਾਨਫ਼ਰੰਸਾਂ ਵਿਚ ਨਿਠ ਕੇ ਵਿਚਾਰੇ ਜਾਂਦੇ ਹਨ? ਇਹ ਸਵਾਲ ਬਹੁਤ ਮਹੱਤਵਪੂਰਨ ਹੈ।
ਵੇਖਿਆ ਗਿਆ ਹੈ ਕਿ ਪਰਵਾਸੀਆਂ ਨੂੰ ਦਰਪੇਸ਼ ਦੁਸ਼ਵਾਰੀਆਂ ਨਾਲ ਨਜਿੱਠਣ ਲਈ ਕੋਈ ਸਾਂਝੀ ਰਾਏ ਬਣਾਉਣ ਦੀ ਥਾਂ ਬਹੁਤੀਆਂ ਕਾਨਫ਼ਰੰਸਾਂ ਵਿਅਕਤੀਗਤ ਯਤਨਾਂ ਨਾਲ ਸੰਤੁਸ਼ਟ ਹੋਣ ਦੀਆਂ ਕੋਸ਼ਿਸ਼ਾਂ ਵਾਲੀਆਂ ਹਨ। ਇਨ੍ਹਾਂ ਕਾਨਫ਼ਰੰਸਾਂ ਵਿਚ ਹੋਣ ਵਾਲੇ ਵਿਚਾਰ-ਵਟਾਂਦਰੇ ਅਤੇ ਬਹਿਸਾਂ ਸਿਰਫ਼ ਮਤੇ ਪਾਸ ਕਰਨ ਤੱਕ ਹੀ ਸਿਮਟ ਕੇ ਰਹਿ ਜਾਂਦੀਆਂ ਹਨ।
ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦੀ ਸਾਰਥਿਕਤਾ ਬਾਰੇ ਉੱਘੇ ਚਿੰਤਕ ਡਾ. ਬਲਕਾਰ ਸਿੰਘ ਦੇ ਵਿਚਾਰ ਹਨ।
“ਪਰਵਾਸੀਆਂ ਦੀਆਂ ਸਮੱਸਿਆਵਾਂ ਬਹੁ-ਪਰਤੀ ਹਨ ਪਰ ਹੋ ਰਹੇ ਯਤਨ ਇਕ-ਪਰਤੀ ਨਜ਼ਰ ਆਉਂਦੇ ਹਨ।…ਪੰਜਾਬੀ, ਦੁਨੀਆ ਵਿਚ ਜਿੱਥੇ ਵੀ ਗਏ ਹਨ, ਪੰਜਾਬੀ ਸੁਭਾਅ ਨੂੰ ਤਾਂ ਨਾਲ ਲੈ ਕੇ ਗਏ ਹਨ, ਪਰ ਪੰਜਾਬੀ ਸੁਜੱਗਤਾ ਨਾਲ ਨਿਭਣ ਦੀ ਦ੍ਰਿੜ੍ਹਤਾ ਨਾਲ ਕਿਹੜੇ ਕਾਰਨਾਂ ਕਰਕੇ ਨਹੀਂ ਨਿਭ ਸਕੇ, ਇਸ ਨੂੰ ਪੰਜਾਬੀ ਕਾਨਫਰੰਸਾਂ ਦਾ ਮੁੱਦਾ ਬਣਾਏ ਜਾਣ ਦੀ ਲੋੜ ਹੈ।”
ਵਿਸ਼ਵ ਪੰਜਾਬੀ ਕਾਨਫ਼ਰੰਸਾਂ ਨੂੰ ਇਸ ਨਜ਼ਰ ਨਾਲ ਦੇਖੀਏ ਤਾਂ ਵਰਤਮਾਨ ਦੌਰ ਵਿਚ “ਵਿਸ਼ਵ ਪੰਜਾਬੀ ਸਾਹਿਤ ਅਕਾਡਮੀ ਕੈਲੀਫ਼ੋਰਨੀਆ” ਵੱਲੋਂ ਹੇਵਰਡ (ਸਾਨਫਰਾਂਸਿਸਕੋ) ਵਿਖੇ ਪਿਛਲੇ ਸਾਲ ਪੰਜਾਬੀ ਗ਼ਜ਼ਲਗੋਆਂ ਕੁਲਵਿੰਦਰ ਅਤੇ ਜਗਜੀਤ ਸਿੰਘ ਸੰਧੂ ਨੌਸ਼ਹਿਰਵੀ ਦੀ ਅਗਵਾਈ ਵਿਚ ਕਰਵਾਈ ਗਈ ਪੰਜਾਬੀ ਸਾਹਿਤਕ ਕਾਨਫ਼ਰੰਸ ਅਤੇ ਅਜ਼ੀਮ ਸ਼ੇਖਰ ਵੱਲੋਂ ਸਾਊਥ ਹਾਲ (ਲੰਡਨ) ਵਿਖੇ ਸ਼ੁਰੂ ਕੀਤੇ ਗਏ ਅਦਬੀ ਮੇਲੇ ਦੀ ਸੰਜੀਦਗੀ ਕੁਝ ਨਿਵੇਕਲੀ ਭਾ ਵਾਲੀ ਦਿਸਦੀ ਹੈ। ਇਨ੍ਹਾਂ ਦੋਵਾਂ ਯਤਨਾਂ ਨੇ ਪੰਜਾਬੀ ਸਾਹਿਤ ਦੀਆਂ ਨਵੀਨ ਪ੍ਰਵਿਰਤੀਆਂ ਉੱਤੇ ਨਿਵੇਕਲੀ ਨਜ਼ਰ ਟਿਕਾਉਂਦੇ ਹੋਏ, ਰਵਾਇਤੀ ਕਾਨਫਰੰਸਾਂ ਦੇ ਠਹਿਰੇ ਹੋਏ ਜਮੂਦ ਨੂੰ ਤੋੜਨ ਦਾ ਯਤਨ ਕੀਤਾ ਹੈ ਅਤੇ ਪੰਜਾਬੀ ਬੁੱਧੀਜੀਵੀਆਂ ਦੇ ਨਵੇਂ ਮਰਹੱਲਿਆਂ ਵਿਚ ਪ੍ਰਵੇਸ਼ ਪਾਇਆ ਹੈ। ਇਸੇ ਕੜੀ ਦਾ ਇੱਕ ਹੋਰ ਯਤਨ ਬਰਤਾਨੀਆ ਦੇ ਲੈਸਟਰ ਸ਼ਹਿਰ ਵਿਚ ਵੀ ਨਜ਼ਰ ਆਇਆ।
ਜੁਲਾਈ ਦੇ ਪਹਿਲੇ ਹਫਤੇ “ਸਿੱਖ ਐਜੂਕੇਸ਼ਨ ਕੌਂਸਲ ਯੂ.ਕੇ.” ਵੱਲੋਂ ਕਰਵਾਈ ਗਈ “ਪੰਜਾਬੀ ਕਾਨਫ਼ਰੰਸ ਯੂ.ਕੇ” ਵਿਚ ਸਾਹਿਤਕ ਅਤੇ ਅਕਾਦਮਿਕ ਮਸਲਿਆਂ ਦੇ ਨਾਲ-ਨਾਲ ਪੰਜਾਬੀ ਸਭਿਆਚਾਰ ਅਤੇ ਪੰਜਾਬੀ ਭਾਸ਼ਾ ਦੇ ਵਿਕਾਸ ਉੱਤੇ ਵੀ ਨਿਠ ਕੇ ਵਿਚਾਰਾਂ ਕੀਤੀਆਂ ਗਈਆਂ। ਇਸ ਕਾਨਫ਼ਰੰਸ ਦੇ ਵੱਖ-ਵੱਖ ਸੈਸ਼ਨਾਂ ਵਿਚ ਹੋਈਆਂ ਵਿਚਾਰਾਂ ਨੇ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਨੂੰ ਦਰਪੇਸ਼ ਬਹੁ-ਪਸਾਰੀ ਸਮੱਸਿਆਵਾਂ ਉੱਤੇ ਧਿਆਨ ਕੇਂਦਰਿਤ ਕੀਤਾ। ਦੋ ਦਿਨਾਂ ਤੱਕ ਚੱਲੀਆਂ ਭਰਪੂਰ ਬਹਿਸਾਂ ਵਿਚ ਗੁਰਮੁਖੀ ਲਿੱਪੀ ਅਤੇ ਪੰਜਾਬੀ ਭਾਸ਼ਾ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਸਮਝਣ ਦੇ ਯਤਨ ਕੀਤੇ ਗਏ। ਕਾਨਫ਼ਰੰਸ ਦ੍ਰਿੜਤਾ ਨਾਲ ਇਸ ਵਿਚਾਰ ਉੱਤੇ ਪਹੁੰਚੀ ਕਿ ਪੰਜਾਬੀ ਭਾਸ਼ਾ ਨੂੰ ਉਸਦੀਆਂ ਸਾਰੀਆਂ ਧੁਨੀਆਂ ਅਨੁਸਾਰ ਲਿਖਣ ਲਈ ਗੁਰਮੁਖੀ ਲਿੱਪੀ ਹੀ ਸਭ ਤੋਂ ਵਧੇਰੇ ਢੁੱਕਵੀਂ ਅਤੇ ਵਿਗਿਆਨਕ ਹੈ।
ਇਸ ਪੰਜਾਬੀ ਕਾਨਫ਼ਰੰਸ ਦੇ ਉਦੇਸ਼ਾਂ ਵਿਚ ਪ੍ਰਮੁੱਖਤਾ ਨਾਲ ਜਿਹੜੇ ਨੁਕਤੇ ਸ਼ਾਮਿਲ ਕੀਤੇ ਗਏ ਉਹ ਇਸ ਪ੍ਰਕਾਰ ਸਨ:
-ਪੰਜਾਬੀ ਭਾਸ਼ਾ ਦੀ ਸੰਸਾਰ ਪੱਧਰ `ਤੇ ਪ੍ਰਫੁੱਲਤਾ ਅਤੇ ਪਾਸਾਰ ਲਈ ਅਮਲੀ ਤੇ ਸਥਿਰ ਪ੍ਰੋਗਰਾਮ ਉਲੀਕਣੇ।
-ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਨੂੰ ਵਿਗਿਆਨਕ ਤੌਰ `ਤੇ ਲਗਾਤਾਰ ਵਿਕਸਤ ਕਰਨਾ।
-ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਅਤੇ ਦਰਸ਼ਨ ਬਾਰੇ ਪੰਜਾਬੀ ਭਾਸ਼ਾ ਵਿਚ ਮਿਆਰੀ ਕਿਤਾਬਾਂ ਲਿਖਣੀਆਂ ਅਤੇ ਲਿਖਵਾਉਣੀਆਂ।
-ਪੰਜਾਬੀ ਦੀ ਸ਼ਬਦਾਵਲੀ ‘ਚ ਲੋੜੀਂਦੇ ਸ਼ਬਦਾਂ ਦੀ ਆਮਦ ਤੇ ਸ਼ਬਦ ਕੋਸ਼ ਦੇ ਵਿਸਥਾਰ ਲਈ ਉਪਰਾਲੇ ਕਰਨੇ।
-ਪੰਜਾਬੀ ਨੂੰ ਪੰਜਾਬ ਰਾਜ ਦੇ ਹਰ ਖੇਤਰ, ਜਿਵੇਂ ਕਿ ਕਾਨੂੰਨ ਪ੍ਰਬੰਧ ਤੇ ਸਿੱਖਿਆ ਆਦਿ ‘ਚ ਲਾਗੂ ਕਰਵਾਉਣ ਲਈ ਹਰ ਸੰਭਵ ਯਤਨ ਕਰਨੇ।
ਇਸ ਕਾਨਫ਼ਰੰਸ ਦੇ ਸਭਾਪਤੀ ਡਾ. ਪਰਗਟ ਸਿੰਘ ਅਤੇ ਜਨਰਲ ਸਕੱਤਰ ਬਲਵਿੰਦਰ ਸਿੰਘ ਚਾਹਲ ਨੇ ਕਾਨਫ਼ਰੰਸ ਦੇ ਅੰਤ ਉੱਤੇ ਐਲਾਨ ਕੀਤਾ ਕਿ “13 ਅਪ੍ਰੈਲ 2030 ਨੂੰ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਦੇ ਪ੍ਰਕਾਸ਼ਨ ਦਾ ਸੌਵਾਂ ਵਰ੍ਹਾ ਪੂਰਾ ਹੋ ਰਿਹਾ ਹੈ।
ਪੰਜਾਬੀ ਭਾਸ਼ਾ ਅਤੇ ਸਿੱਖੀ ਲਈ ਇਸ ਮਹਾਨ ਰਚਨਾ ਦੀ ਖਾਸ ਮਹੱਤਤਾ ਨੂੰ ਧਿਆਨ ਵਿਚ ਰੱਖਦਿਆਂ ‘ਸਿੱਖ ਐਜੂਕੇਸ਼ਨ ਕੌਂਸਲ’ ਵਲੋਂ ਪੰਜਾਬੀ ਕਾਨਫਰੰਸ ਯੂ.ਕੇ. 2030 ਇਸ ਮਹਾਨ ਗ੍ਰੰਥ ਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗੀ।”
ਵਿਸ਼ਵ ਪੰਜਾਬੀ ਕਾਨਫ਼ਰੰਸਾਂ ਦਾ ਇਹ ਲੇਖਾ-ਜੋਖਾ ਸਪੱਸ਼ਟ ਕਰਦਾ ਹੈ ਕਿ ਵੱਖ ਵੱਖ ਦੇਸ਼ਾਂ-ਪ੍ਰਦੇਸ਼ਾਂ ਵਿਚ ਵਸਦੇ ਪੰਜਾਬੀਆਂ ਅਤੇ ਦੇਸ਼ ਵਿਚ ਵੱਖ ਵੱਖ ਜਥੇਬੰਦੀਆਂ ਨਾਲ ਜੁੜੇ ਸਾਹਿਤਕਾਰਾਂ ਵਲੋਂ ਕਰਵਾਈਆਂ ਜਾਣ ਵਾਲੀਆਂ ਪੰਜਾਬੀ ਕਾਨਫ਼ਰੰਸਾਂ ਆਪਣੇ ਉਦੇਸ਼ਾਂ ਅਤੇ ਆਸ਼ਿਆਂ ਨੂੰ ਤਾਂ ਹੀ ਸਾਰਥਕ ਨਤੀਜਿਆਂ ਤੱਕ ਪਹੁੰਚਾ ਸਕਣਗੀਆਂ, ਜੇਕਰ ਸਮੁੱਚੀ ਪੰਜਾਬੀਅਤ ਨੂੰ ਦਰਪੇਸ਼ ਮਸਲਿਆਂ ਬਾਰੇ ਗੁਣਵੱਤਾ ਪੂਰਵਕ ਵਿਚਾਰਾਂ ਵਿਚੀਂ ਗੁਜ਼ਰ ਕੇ, ਸੰਜੀਦਾ ਸੰਵਾਦ ਰਾਹੀਂ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਦੇ ਭਵਿੱਖ ਲਈ ਨਵੀਂ ਦਿਸ਼ਾ ਦਰਸਾਉਂਦੀਆਂ ਹੋਈਆਂ, ਢੁੱਕਵੀਂ ਅਕਾਦਮਿਕ ਅਤੇ ਸਾਹਿਤਕ ਪਛਾਣ ਬਣਾਉਣ ਵਲ ਸੇਧਿਤ ਹੋਣਗੀਆਂ।