ਮੁਸਲਮਾਨਾਂ ਦੇ ਨਾਲ ਹੁਣ ‘ਉਹ’ ਈਸਾਈਆਂ ਲਈ ਵੀ ਆਉਂਦੇ ਹਨ

ਰਾਮ ਪੁਨਿਆਨੀ
ਅਨੁਵਾਦ: ਬੂਟਾ ਸਿੰਘ ਮਹਿਮੂਦਪੁਰ
ਉੱਘੇ ਲੇਖਕ ਤੇ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਡਾ. ਰਾਮ ਪੁਨਿਆਨੀ ਧਰਮ-ਨਿਰਪੱਖ ਮੁੱਲਾਂ ਦੇ ਮੁੱਦਈ ਅਤੇ ਮਜ਼੍ਹਬੀ ਕੱਟੜਪੁਣੇ ਦੇ ਤਿੱਖੇ ਆਲੋਚਕ ਹਨ। ਉਹ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਮੁੰਬਈ (ਆਈ.ਆਈ.ਟੀ-ਬੰਬਈ) ਵਿਚ ਪ੍ਰੋਫ਼ੈਸਰ ਰਹਿ ਚੁੱਕੇ ਹਨ। ਉਨ੍ਹਾਂ ਦਾ ਇਹ ਲੇਖ ਭਾਰਤ ਵਿਚ ਪਿਛਲੇ ਗਿਆਰਾਂ ਸਾਲਾਂ ਤੋਂ ਈਸਾਈਆਂ ਵਿਰੁੱਧ ਦਿਨੋਂ-ਦਿਨ ਵਧਦੀ ਜਾ ਰਹੀ ਬਹੁਗਿਣਤੀਵਾਦੀ ਹਿੰਸਾ ਦੇ ਤਾਜ਼ਾ ਘਟਨਾਕ੍ਰਮ ਬਾਰੇ ਬਹੁਤ ਹੀ ਗੰਭੀਰ ਟਿੱਪਣੀ ਕਰਦਾ ਹੈ।-ਸੰਪਾਦਕ॥

ਥੋੜ੍ਹੇ ਦਿਨ ਪਹਿਲਾਂ, 26 ਜੁਲਾਈ 2025 ਨੂੰ, ਛੱਤੀਸਗੜ੍ਹ ਦੇ ਦੁਰਗ ਰੇਲਵੇ ਸਟੇਸ਼ਨ ‘ਤੇ ਦੋ ਈਸਾਈ ਸਾਧਵੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਉੱਤੇ ਗੰਭੀਰ ਇਲਜ਼ਾਮ ਲਾਏ ਗਏ, ਜਦਕਿ ਮਾਮਲਾ ਸਿਰਫ਼ ਏਨਾ ਕੁ ਹੀ ਸੀ ਕਿ ਉਨ੍ਹਾਂ ਦੇ ਨਾਲ ਤਿੰਨ ਔਰਤਾਂ ਸਨ ਜੋ ਪੇਸ਼ੇਵਰ ਨਰਸ ਬਣਨ ਲਈ ਸਿਖਲਾਈ ਲੈਣ ਜਾ ਰਹੀਆਂ ਸਨ। ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਵਰਿੰਦਾ ਕਰਾਤ ਦੀ ਅਗਵਾਈ ਹੇਠ ਇਕ ਸਰਵ ਪਾਰਟੀ ਵਫ਼ਦ ਨੂੰ ਵੀ ਸੌਖਿਆਂ ਹੀ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਮਿਲੀ। ਉਨ੍ਹਾਂ ਉੱਤੇ ਇਲਜ਼ਾਮ ਲਾਏ ਗਏ ਕਿ ਉਹ ਮਨੁੱਖੀ ਤਸਕਰੀ ਅਤੇ ਧਰਮ-ਬਦਲੀ ਕਰਵਾ ਰਹੀਆਂ ਹਨ। ਰਾਜ ਦਾ ਮੁੱਖ ਮੰਤਰੀ ਤਾਂ ਉਨ੍ਹਾਂ ਵਿਰੁੱਧ ਮਨੁੱਖੀ ਤਸਕਰੀ ਅਤੇ ਧਰਮ-ਬਦਲੀ ਦੇ ਇਲਜ਼ਾਮਾਂ ‘ਤੇ ਅੜਿਆ ਹੋਇਆ ਹੈ, ਜਦਕਿ ਔਰਤਾਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੇ ਹੀ ਆਪਣੀਆਂ ਧੀਆਂ ਨੂੰ ਵਧੀਆ ਰੋਜ਼ਗਾਰ ਦੇ ਮੌਕਿਆਂ ਲਈ ਸਾਧਵੀਆਂ ਨਾਲ ਜਾਣ ਦੀ ਇਜਾਜ਼ਤ ਦਿੱਤੀ ਸੀ।
ਈਸਾਈਆਂ ਨੂੰ ਕਦੇ ਕਿਸੇ ਤੇ ਕਦੇ ਕਿਸੇ ਬਹਾਨੇ ਨਾਲ ਡਰਾਉਣ-ਧਮਕਾਉਣ ਦਾ ਇਹ ਸਿਲਸਿਲਾ ਪਿਛਲੇ 11 ਸਾਲਾਂ ਦੌਰਾਨ ਤੇਜ਼ੀ ਨਾਲ ਵਧਿਆ ਹੈ ਅਤੇ ਖ਼ਾਸ ਕਰਕੇ ਇਹ ਭਾਜਪਾ ਸ਼ਾਸਤ ਰਾਜਾਂ ਵਿਚ ਜ਼ਿਆਦਾ ਵੇਖਿਆ ਜਾਂਦਾ ਹੈ। ਦੇਸੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੀਆਂ ਕਈ ਰਿਪੋਰਟਾਂ ਭਾਰਤ ਵਿਚ ਈਸਾਈਆਂ ਵਿਰੁੱਧ ਵਧ ਰਹੇ ਜ਼ੁਲਮ ਦਰਜ ਕਰਦੀਆਂ ਹਨ। ਈਸਾਈਆਂ ਦੇ ਪ੍ਰਾਰਥਨਾ ਸਮਾਗਮਾਂ ‘ਤੇ ਇਹ ਕਹਿ ਕੇ ਹਮਲੇ ਕੀਤੇ ਜਾਂਦੇ ਹਨ ਕਿ ਇਨ੍ਹਾਂ ਰਾਹੀਂ ਧਰਮ ਬਦਲਿਆ ਜਾ ਰਿਹਾ ਹੈ। ਪਿੰਡਾਂ ਅਤੇ ਦੂਰ-ਦਰਾਜ਼ ਦੇ ਖੇਤਰਾਂ ਵਿਚ ਪਾਦਰੀਆਂ ਅਤੇ ਸਾਧਵੀਆਂ ਉੱਪਰ ਹਮਲੇ ਹੋਣ ਜਾਂ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੇ ਖ਼ਤਰੇ ਜ਼ਿਆਦਾ ਹੁੰਦੇ ਹਨ। ਬਜਰੰਗ ਦਲ ਦੇ ਕਾਰਿੰਦੇ ਇਨ੍ਹਾਂ ਖੇਤਰਾਂ ਵਿਚ ਕਾਫ਼ੀ ਸਰਗਰਮ ਹਨ ਅਤੇ ਪਾਦਰੀਆਂ ਤੇ ਸਾਧਵੀਆਂ ਉੱਪਰ ਸਿੱਧਾ ਹਮਲਾ ਕਰਦੇ ਹਨ।
ਇਕ ਹੋਰ ਗੰਭੀਰ ਮਸਲਾ ਈਸਾਈਆਂ ਦੀਆਂ ਅੰਤਿਮ ਸੰਸਕਾਰ ਦੀਆਂ ਰੀਤੀਆਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੂੰ ਆਪਣੇ ਮ੍ਰਿਤਕਾਂ ਨੂੰ ਆਮ ਜਾਂ ਆਦਿਵਾਸੀ ਕਬਰਿਸਤਾਨਾਂ ਵਿਚ ਦਫ਼ਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਮਿਸਾਲ ਵਜੋਂ, 26 ਅਪ੍ਰੈਲ 2024 ਨੂੰ ਛੱਤੀਸਗੜ੍ਹ ਵਿਚ ਇਕ 65 ਸਾਲਾ ਈਸਾਈ ਵਿਅਕਤੀ ਦੀ ਹਸਪਤਾਲ ਵਿਚ ਮੌਤ ਹੋ ਗਈ। ਉਸਦੇ ਦੁਖੀ ਪਰਿਵਾਰ ਨੂੰ ਹੋਰ ਵੀ ਦੁੱਖ ਝੱਲਣਾ ਪਿਆ ਜਦੋਂ ਸਥਾਨਕ ਧਾਰਮਿਕ ਅਤਿਵਾਦੀਆਂ ਨੇ ਉਨ੍ਹਾਂ ਨੂੰ ਪਿੰਡ ਵਿਚ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ ਅਤੇ ਉਨ੍ਹਾਂ ਤੋਂ ਮੁੜ ਹਿੰਦੂ ਧਰਮ ਅਪਣਾਉਣ ਦੀ ਮੰਗ ਕੀਤੀ। ਪਰਿਵਾਰ ਨੇ ਕਰੀਬ 500 ਪੁਲਿਸ ਮੁਲਾਜ਼ਮਾਂ ਦੀ ਹਿਫਾਜ਼ਤ ਹੇਠ ਈਸਾਈ ਰੀਤ ਅਨੁਸਾਰ ਅੰਤਿਮ ਸੰਸਕਾਰ ਕੀਤਾ ਤਾਂ ਜੋ ਪਿੰਡ ਵਿਚ ਸ਼ਾਂਤੀ ਬਣੀ ਰਹੇ।
‘ਹਰ ਰੋਜ਼ ਸਾਡੇ ਇੱਥੇ ਚਰਚਾਂ ਜਾਂ ਪਾਦਰੀਆਂ ‘ਤੇ 4 ਜਾਂ 5 ਹਮਲੇ ਹੁੰਦੇ ਹਨ, ਅਤੇ ਹਰ ਐਤਵਾਰ ਨੂੰ ਇਹ ਗਿਣਤੀ ਦੁੱਗਣੀ ਹੋ ਕੇ ਲੱਗਭੱਗ 10 ਹੋ ਜਾਂਦੀ ਹੈ—ਇਹ ਅਸੀਂ ਪਹਿਲਾਂ ਕਦੇ ਨਹੀਂ ਵੇਖਿਆ,’ ਇਹ 2023 ’ਚ ਈਸਾਈ ਭਾਈਚਾਰੇ ਦੇ ਇਕ ਵੱਡੇ ਆਗੂ ਨੇ ਕਿਹਾ ਜੋ ਖ਼ੁਦ ਇਨ੍ਹਾਂ ਜ਼ੁਲਮਾਂ ਦਾ ਸ਼ਿਕਾਰ ਹੋ ਚੁੱਕਾ ਹੈ। ਉਸ ਮੁਤਾਬਿਕ ਭਾਰਤ ਵਿਚ ਈਸਾਈਆਂ ਉੱਤੇ ਜਬਰ-ਜ਼ੁਲਮ ਦਾ ਮੁੱਖ ਸਰੋਤ ਸੰਘ ਪਰਿਵਾਰ ਹੈ— ਜਿਸ ਵਿਚ ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ), ਭਾਜਪਾ ਅਤੇ ਬਜਰੰਗ ਦਲ ਵਰਗੇ ਅਤਿਵਾਦੀ ਹਿੰਦੂ ਸਮੂਹ ਸ਼ਾਮਲ ਹਨ।

ਕਈ ਮਹੱਤਵਪੂਰਨ ਸੰਸਥਾਵਾਂ, ਜਿਵੇਂ ਕਿ ਅੰਤਰਰਾਸ਼ਟਰੀ ਪੱਧਰ ‘ਤੇ ‘ਓਪਨ ਡੋਰਜ਼’ ਅਤੇ ਭਾਰਤੀ ਪੱਧਰ ‘ਤੇ ਪਰਸੀਕਿਊਸ਼ਨ ਰਿਲੀਫ਼, ਇਨ੍ਹਾਂ ਜ਼ੁਲਮਾਂ ਦੀ ਨਿਗਰਾਨੀ ਦਾ ਮਹੱਤਵਪੂਰਨ ਕੰਮ ਕਰ ਰਹੀਆਂ ਹਨ, ਕਿਉਂਕਿ ਆਮ ਤੌਰ ‘ਤੇ ਮੀਡੀਆ— ਇਹ ਚਾਹੇ ਪ੍ਰਿੰਟ ਹੋਵੇ ਜਾਂ ਟੀ.ਵੀ.— ਇਨ੍ਹਾਂ ਮਸਲਿਆਂ ਉੱਤੇ ਖਾਮੋਸ਼ ਰਹਿੰਦਾ ਹੈ ਜਾਂ ਸੱਚਾਈ ਨੂੰ ਨਕਾਰਾਤਮਕ ਢੰਗ ਨਾਲ ਪੇਸ਼ ਕਰਦਾ ਹੈ।
‘ਪਰਸੀਕਿਊਸ਼ਨ ਰਿਲੀਫ਼’ ਨੇ ਆਪਣੀ 2020 ਦੀ ਰਿਪੋਰਟ ਵਿਚ ਦਰਸਾਇਆ ਕਿ ‘ਭਾਰਤ ਵਿਚ ਈਸਾਈਆਂ ਵਿਰੁੱਧ ਨਫ਼ਰਤ ਦੇ ਜੁਰਮਾਂ ਵਿਚ 40.87% ਦਾ ਡਰਾਉਣਾ ਵਾਧਾ ਹੋਇਆ…ਇਹ ਵਾਧਾ ਉਸ ਸਮੇਂ ਹੋਇਆ ਜਦੋਂ ਪੂਰੇ ਮੁਲਕ ਵਿਚ ਕੋਵਿਡ-19 ਦੇ ਕਾਰਨ ਤਿੰਨ ਮਹੀਨੇ ਦਾ ਲਾਕਡਾਊਨ ਲੱਗਿਆ ਹੋਇਆ ਸੀ।’ ‘ਓਪਨ ਡੋਰਜ਼’ ਅਨੁਸਾਰ, ਜੋ ਦੁਨੀਆ ਭਰ ਵਿਚ ਈਸਾਈਆਂ ਉੱਪਰ ਹੋ ਰਹੇ ਜ਼ੁਲਮਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਹੈ, ਭਾਰਤ 2024 ਵਿਚ ‘ਵਿਸ਼ੇਸ਼ ਚਿੰਤਾ ਵਾਲੇ ਮੁਲਕਾਂ’ ਵਿਚ 11ਵੇਂ ਸਥਾਨ ‘ਤੇ ਹੈ।
ਸੁਧੀ ਸੇਲਵਰਾਜ ਅਤੇ ਕੇਨੇਥ ਨੀਲਸਨ ਬਹੁਤ ਸਪਸ਼ਟਤਾ ਨਾਲ ਦਲੀਲ ਦਿੰਦੇ ਹਨ ਕਿ, ‘ਇਹ (ਈਸਾਈ ਵਿਰੋਧੀ) ਹਿੰਸਾ ਸਿੱਧੀ, ਢਾਂਚਾਗਤ ਅਤੇ ਸੱਭਿਆਚਾਰਕ ਹਿੰਸਾ ਦੇ ਰੂਪਾਂ ਦਾ ਮਜ਼ਬੂਤ ਸੰਗਮ ਹੈ, ਜਿਸ ਵਿਚ ਚੌਕਸੀ ਗੁੱਟਾਂ ਦੇ ਹਮਲੇ, ਪੁਲਿਸ ਦੀ ਸ਼ਮੂਲੀਅਤ, ਅਤੇ ਸਟੇਟ ਦੇ ਕਾਨੂੰਨਾਂ ਦੀ ਵਧ ਰਹੀ ਧੱਕੜ ਵਰਤੋਂ ਸ਼ਾਮਲ ਹੈ— ਨਾਲ ਹੀ ਇਹ ਸਾਂਝੀ ਰਾਸ਼ਟਰੀ ਸੋਚ ਵੀ ਪੈਦਾ ਕਰ ਰਹੀ ਹੈ ਕਿ ਗੈਰ-ਹਿੰਦੂ ਧਰਮਾਂ ਦੇ ਲੋਕ ਰਾਸ਼ਟਰ ਵਿਰੋਧੀ ਹਨ।’
ਪਿਛਲੇ ਕੁਝ ਦਹਾਕਿਆਂ ਦੌਰਾਨ ਵੱਖ-ਵੱਖ ਰੂਪਾਂ ਵਿਚ ਵਧ ਰਹੀ ਈਸਾਈ ਵਿਰੋਧੀ ਹਿੰਸਾ ਦੀ ਪੂਰੀ ਤਸਵੀਰ ਸਾਹਮਣੇ ਆਉਂਦੀ ਰਹੀ ਹੈ। ਇਹ ਕੋਈ ਨਵੀਂ ਸ਼ੁਰੂਆਤ ਨਹੀਂ ਹੈ। ਇਹ ਹਿੰਸਾ ਜ਼ਿਆਦਾਤਰ ਪਿੰਡਾਂ ਵਿਚ ਸਮਾਜ ਦੇ ਅੰਦਰੋ ਅੰਦਰ ਕਿਰਿਆਸ਼ੀਲ ਅੰਤਰਧਾਰਾ ਵਜੋਂ ਮੌਜੂਦ ਰਹੀ ਹੈ। ਜਿਵੇਂ ਕਿ ਮੁਸਲਮਾਨ ਵਿਰੋਧੀ ਹਿੰਸਾ ਦਾ ਇਤਿਹਾਸ ਪੁਰਾਣਾ ਅਤੇ ਅਕਸਰ ਖੂਨਖ਼ਰਾਬਾ ਭਰਿਆ ਰਿਹਾ ਹੈ— ਜਿਸਨੇ ਵੱਡਾ ਧਿਆਨ ਖਿੱਚਿਆ। ਪਰ ਈਸਾਈ ਵਿਰੋਧੀ ਹਿੰਸਾ ਵੱਖਰੀ ਰਹੀ ਹੈ। ਗ੍ਰਾਹਮ ਸਟੇਨਜ਼ ਦੀ ਹੱਤਿਆ ਅਤੇ ਓੜੀਸਾ ਦੇ ਕੰਧਮਾਲ ਵਿਚਲੀ ਹਿੰਸਾ ਤੋਂ ਇਲਾਵਾ, ਇਹ ਹਿੰਸਾ ਲਗਾਤਾਰ ਚੱਲ ਰਹੀ ਹੈ ਪਰ ਅਕਸਰ ਨਜ਼ਰ ਨਹੀਂ ਆਉਂਦੀ।
ਸਭ ਤੋਂ ਪਹਿਲੀ ਵੱਡੀ ਘਟਨਾ ਸੀ 1995 ਵਿਚ ਇੰਦੌਰ ਵਿਚ ਰਾਣੀ ਮਾਰੀਆ ਦੀ ਬੇਕਿਰਕੀ ਨਾਲ ਵੱਢ-ਟੁੱਕ ਕੇ ਹੱਤਿਆ ਕਰਨਾ। ਫਿਰ 1999 ਵਿਚ ਆਸਟ੍ਰੇਲੀਆਈ ਮਿਸ਼ਨਰੀ ਗ੍ਰਾਹਮ ਸਟੇਨਜ਼ ਦੀ ਹੱਤਿਆ ਹੋਈ। ਉਹ ਓੜੀਸਾ ਦੇ ਕੇਉਂਝਰ ਵਿਚ ਕੋਹੜੑ ਦੇ ਮਰੀਜ਼ਾਂ ਲਈ ਕੰਮ ਕਰ ਰਹੇ ਸਨ। ਉਨ੍ਹਾਂ ਉੱਪਰ ਧਰਮ ਬਦਲੀ ਦੇ ਇਲਜ਼ਾਮ ਲਾਏ ਗਏ। ਉਨ੍ਹਾਂ ‘ਤੇ ਹਮਲੇ ਨੂੰ ਅੰਜਾਮ ਬਜਰੰਗ ਦਲ ਦੇ ਦਾਰਾ ਸਿੰਘ ਵੱਲੋਂ ਦਿੱਤਾ ਗਿਆ, ਜਿਸ ਨੇ ਲੋਕਾਂ ਨੂੰ ਉਨ੍ਹਾਂ ਉੱਪਰ ਹਮਲਾ ਕਰਨ ਲਈ ਉਕਸਾਇਆ। ਇਹ ਹਮਲਾ ਬੇਹੱਦ ਦਰਿੰਦਗੀ ਭਰਿਆ ਅਤੇ ਭਿਆਨਕ ਸੀ— ਗ੍ਰਾਹਮ ਸਟੇਨਜ਼ ਅਤੇ ਉਨ੍ਹਾਂ ਦੇ ਦੋ ਬੱਚਿਆਂ ਟਿਮੋਥੀ ਅਤੇ ਫਿਲਿਪ ਨੂੰ ਜੀਪ ਵਿਚ ਸੁੱਤੇ ਪਿਆਂ ਨੂੰ ਜਿਉਂਦੇ ਸਾੜ ਦਿੱਤਾ ਗਿਆ।
ਉਸ ਸਮੇਂ ਦੇ ਰਾਸ਼ਟਰਪਤੀ ਕੇ.ਆਰ. ਨਾਰਾਇਣਨ ਨੇ ਇਸ ਹਮਲੇ ਨੂੰ ‘ਸੰਸਾਰ ਦੇ ਕਾਲੇ ਕਾਰਿਆਂ ਦੀ ਸੂਚੀ ਵਿਚ’ ਰੱਖਣ ਵਾਲਾ ਹਮਲਾ ਕਿਹਾ ਸੀ। ਉਸ ਵੇਲੇ ਕੇਂਦਰ ਵਿਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਹੇਠ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਸੀ। ਸਰਕਾਰ ਨੇ ਕਿਹਾ ਕਿ ਇਹ ਹਮਲਾ ਸਰਕਾਰ ਨੂੰ ਬਦਨਾਮ ਕਰਨ ਦੀ ਵਿਦੇਸ਼ੀ ਸਾਜ਼ਿਸ਼ ਹੈ। ਪਰ ਬਾਅਦ ਵਿਚ ਵਾਧਵਾ ਕਮੇਟੀ ਨੇ ਜੋ ਰਿਪੋਰਟ ਪੇਸ਼ ਕੀਤੀ, ਉਸ ਅਨੁਸਾਰ ਮੁੱਖ ਸਾਜ਼ਿਸ਼ਘਾੜਾ ਬਜਰੰਗ ਦਲ ਦਾ ਰਾਜਿੰਦਰ ਪਾਲ ਉਰਫ਼ ਦਾਰਾ ਸਿੰਘ ਸੀ। ਉਹ ਅੱਜ ਵੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਇਸ ਤੋਂ ਪਹਿਲਾਂ, ਆਰਐੱਸਐੱਸ ਵੱਲੋਂ ਸਥਾਪਤ ਵਣਵਾਸੀ ਕਲਿਆਣ ਆਸ਼ਰਮਾਂ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਕਿ ਈਸਾਈ ਮਿਸ਼ਨਰੀ ਸਿੱਖਿਆ ਅਤੇ ਸਿਹਤ ਦਾ ਝੂਠਾ ਦਿਖਾਵਾ ਕਰ ਰਹੇ ਹਨ, ਯਾਨੀ ਇਸ ਬਹਾਨੇ ਲੋਕਾਂ ਨੂੰ ਈਸਾਈ ਧਰਮ ਨੂੰ ਅਪਣਾਉਣ ਲਈ ਵਰਗਲਾ ਰਹੇ ਹਨ। ਵਣਵਾਸੀ ਕਲਿਆਣ ਨਾਂ ਦੇ ਇਹ ਆਸ਼ਰਮ ਡਾਂਗ (ਗੁਜਰਾਤ), ਝਾਬੂਆ ਅਤੇ ਕੰਧਮਾਲ (ਓੜੀਸਾ) ਵਿਚ ਸਥਾਪਤ ਹੋਏ, ਜਿੱਥੇ ਕੱਟੜ ਹਿੰਦੂਤਵੀ ਅਸੀਮਾਨੰਦ ਅਤੇ ਲਕਸ਼ਮਣਾਨੰਦ ਵਰਗਿਆਂ ਨੇ ਆਪਣਾ ਪ੍ਰਚਾਰ ਫੈਲਾਇਆ। ਇਸ ਦੌਰਾਨ ਕਈ ‘ਸ਼ਬਰੀ ਕੁੰਭ’ ਕਰਵਾਏ ਗਏ ਤਾਂ ਜੋ ਆਦਿਵਾਸੀਆਂ ਨੂੰ ਹਿੰਦੂ ਧਾਰਮਿਕ ਸੰਸਕਾਰਾਂ ਵੱਲ ਮੋੜਿਆ ਜਾ ਸਕੇ।
ਆਦਿਵਾਸੀ ਖੇਤਰਾਂ ਵਿਚ ਸ਼ਬਰੀ ਨੂੰ— ਜੋ ਕਿ ਗਰੀਬੀ ਅਤੇ ਤਿਆਗ ਦੀ ਪ੍ਰਤੀਕ ਸੀ— ਇਕ ਦੇਵੀ ਵਜੋਂ ਪੇਸ਼ ਕੀਤਾ ਗਿਆ। ਨਾਲ ਹੀ ਹਨੂਮਾਨ ਜੀ ਨੂੰ ਭਗਵਾਨ ਰਾਮ ਪ੍ਰਤੀ ਵਫ਼ਾਦਾਰੀ ਲਈ ਉਤਸ਼ਾਹਤ ਕੀਤਾ ਗਿਆ। ਇਨ੍ਹਾਂ ਉਪਰਾਲਿਆਂ ਦੇ ਰਾਹੀਂ ਇਨ੍ਹਾਂ ਦੇਵਤਿਆਂ ਦੇ ਮੰਦਰ ਵੀ ਬਣਾਏ ਗਏ। ਇਸ ਸਾਰੀ ਪ੍ਰਚਾਰ ਯੁੱਧਨੀਤੀ ਵਿਚ ਇਹ ਗੱਲ ਭੁਲਾ ਦਿੱਤੀ ਗਈ ਕਿ ਈਸਾਈ ਧਰਮ ਭਾਰਤ ਵਿਚ ਬਹੁਤ ਪੁਰਾਣਾ ਹੈ— ਸੇਂਟ ਥਾਮਸ ਨੇ ਸੰਨ 52 ਈਸਵੀ ਵਿਚ ਮਾਲਾਬਾਰ ਸਮੁੰਦਰੀ ਕੰਢੇ ‘ਤੇ ਚਰਚ ਦੀ ਸਥਾਪਨਾ ਕੀਤੀ ਸੀ।
ਲੱਗਭੱਗ ਦੋ ਸਦੀਆਂ ਦੇ ਮਿਸ਼ਨਰੀ ਕੰਮ ਤੋਂ ਬਾਅਦ ਵੀ, ਭਾਰਤ ਵਿਚ ਈਸਾਈਆਂ ਦੀ ਆਬਾਦੀ ਸਿਰਫ਼ 2.3% ਹੈ। ਦਿਲਚਸਪ ਗੱਲ ਇਹ ਹੈ ਕਿ 1971 ਵਿਚ ਇਹ ਅਨੁਪਾਤ 2.6% ਸੀ, ਜੋ ਕਿ 2011 ਦੀ ਜਨਗਣਨਾ ਅਨੁਸਾਰ 2.3% ਰਹਿ ਗਿਆ ਹੈ। ਫਿਰ ਵੀ ਕੂੜ-ਪ੍ਰਚਾਰ ਮਸ਼ੀਨਰੀ ਆਪਣੇ ਕੰਮ ਵਿਚ ਜੁੱਟੀ ਹੋਈ ਹੈ ਜੋ ਇਹ ਦਾਅਵਾ ਕਰ ਰਹੀ ਹੈ ਕਿ ਈਸਾਈ ਮਿਸ਼ਨਰੀ ਜ਼ਬਰਦਸਤੀ, ਠੱਗੀ ਦੁਆਰਾ ਅਤੇ ਲਾਲਚ ਦੇ ਰਾਹੀਂ ਧਰਮ ਬਦਲੀ ਕਰਵਾ ਰਹੇ ਹਨ। ਕਈ ਰਾਜਾਂ ਨੇ ‘ਧਰਮ ਬਦਲੀ ਵਿਰੋਧੀ ਕਾਨੂੰਨ’ ਵੀ ਬਣਾਏ ਹਨ, ਜੋ ਕਿ ਮਿਸ਼ਨਰੀ ਕਾਰਕੁਨਾਂ ਨੂੰ ਹੋਰ ਡਰਾਉਣ-ਧਮਕਾਉਣ ਦੇ ਸਿਲਸਿਲੇ ਨੂੰ ਹੋਰ ਵਧਾ ਰਹੇ ਹਨ।
ਆਰਐੱਸਐੱਸ ਦੇ ਦੂਜੇ ਸਰਸੰਘਚਾਲਕ ਐੱਮ. ਐੱਸ. ਗੋਲਵਾਲਕਰ ਨੇ ਆਪਣੀ ਕਿਤਾਬ ‘ਬੰਚ ਆਫ ਥਾਟਸ’ ਵਿਚ ਲਿਖਿਆ ਸੀ ਕਿ ਮੁਸਲਮਾਨ, ਈਸਾਈ ਅਤੇ ਕਮਿਊਨਿਸਟ — ਇਹ ਤਿੰਨੋਂ ਭਾਰਤ ਦੇ ਅੰਦਰੂਨੀ ਖ਼ਤਰੇ ਹਨ। ਇਸ ਲਈ, ਮੁਸਲਮਾਨ ਵਿਰੋਧੀ ਹਿੰਸਾ ਤੋਂ ਬਾਅਦ ਹੁਣ ਉਨ੍ਹਾਂ ਦੀ ਈਸਾਈ ਵਿਰੋਧੀ ਯੁੱਧਨੀਤੀ ਵੀ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ।