ਗਦਰ ਸ਼ਤਾਬਦੀ ਮੇਲਾ: ਵਿਰਸੇ, ਇਤਿਹਾਸ, ਕਲਾ ਤੇ ਕਿਤਾਬਾਂ ਦਾ ਜੋੜਮੇਲ

ਦਲਜੀਤ ਅਮੀ
ਦੇਸ਼ ਭਗਤ ਯਾਦਗਾਰੀ ਹਾਲ ਜਲੰਧਰ ਵਿਚ ਗ਼ਦਰ ਸ਼ਤਾਬਦੀ ਮੇਲਾ ਇਤਿਹਾਸ, ਕਲਾ, ਕਿਤਾਬਾਂ, ਸਿਆਸਤ, ਵਿਦਵਤਾ ਅਤੇ ਸੁਹਿਰਦਤਾ ਦਾ ਮੇਲ ਹੋ ਨਿਬੜਿਆ। ਗ਼ਦਰ ਪਾਰਟੀ ਦੀ ਵਿਰਾਸਤ, ਸਭਿਆਚਾਰਕ ਪਛਾਣ ਅਤੇ ਸੋਚ ਦੀ ਨੁਮਾਇੰਦਗੀ ਮੇਲੀਆਂ ਦੀ ਵੰਨ-ਸਵੰਨਤਾ ਵਿਚੋਂ ਹੋਈ। ਪੰਜ ਦਿਨਾਂ ਦੇ ਇਸ ਮੇਲੇ ਬਾਰੇ ਲੰਮਾ ਲੇਖ ਲਿਖਿਆ ਜਾਣਾ ਚਾਹੀਦਾ ਹੈ ਪਰ ਇਸ ਸੰਖੇਪ ਵਿਚ ਕੁਝ ਫੌਰੀ ਪ੍ਰਭਾਵ ਸਾਂਝੇ ਕੀਤੇ ਜਾ ਰਹੇ ਹਨ। ਇਸ ਮੇਲੇ ਲਈ ਦੇਸ਼ ਭਗਤ ਯਾਦਗਾਰੀ ਹਾਲ ਨੂੰ ਯੁਗਾਂਤਰ ਆਸ਼ਰਮ ਦਾ ਨਾਮ ਦਿੱਤਾ ਗਿਆ। ਦਰਵਾਜ਼ੇ ਉੱਤੇ ਲੱਗੀਆਂ ਦੇਸ਼ ਭਗਤਾਂ ਦੀਆਂ ਤਸਵੀਰਾਂ ਅੰਦਰਲੇ ਮਾਹੌਲ ਦਾ ਮੁੱਢ ਬੰਨ੍ਹਦੀਆਂ ਸਨ। ਮੇਲੇ ਵਿਚ ਸ਼ਾਮਿਲ ਸੰਗਤ ਨੇ ਦੇਸ਼ ਭਗਤ ਯਾਦਗਾਰੀ ਹਾਲ ਨੂੰ ਉਛਾਲਾ ਦੇ ਦਿੱਤਾ ਜਿਸ ਨਾਲ ਮੇਲਾ ਸੜਕਾਂ ਉੱਤੇ ਵਗਣ ਲੱਗਿਆ। ਕਿਸਾਨ, ਮਜ਼ਦੂਰ, ਮੁਲਾਜ਼ਮ, ਵਿਦਿਆਰਥੀ ਅਤੇ ਭਰਾਤਰੀ ਜਥੇਬੰਦੀਆਂ ਦੇ ਨਾਲ-ਨਾਲ ਜਗਿਆਸੂਆਂ, ਸਨੇਹੀਆਂ ਅਤੇ ਹਮਦਰਦਾਂ ਨੇ ਸੜਕਾਂ ਉੱਤੇ ਗ਼ਦਰੀ ਇਨਕਲਾਬੀਆਂ ਦੀਆਂ ਤਸਵੀਰਾਂ ਅਤੇ ਝੰਡਿਆਂ ਨਾਲ ਮਾਰਚ ਕੀਤਾ।
ਯਾਦਗਾਰੀ ਹਾਲ ਅੰਦਰਲਾ ਮਾਹੌਲ ਬਾਹਰ ਆਇਆ ਅਤੇ ਸ਼ਹਿਰ ਦੇ ਰਾਹ ਮੇਲੇ ਵੱਲ ਵਗਣ ਲੱਗੇ। ਦੇਸ਼ ਭਗਤ ਯਾਦਗਾਰੀ ਦੇ ਨਾਲ ਲੱਗਦੇ ਪਾਰਕ ਮੇਲੇ ਨਾਲ ਇੱਕ ਰੂਪ ਹੋ ਗਏ। ਇਨ੍ਹਾਂ ਪਾਰਕਾਂ ਵਿਚ ਜਥੇਬੰਦੀਆਂ ਨੇ ਇਕੱਠ ਕੀਤੇ। ਛੋਟੀਆਂ-ਛੋਟੀਆਂ ਟੋਲੀਆਂ ਨੇ ਆਪਸ ਵਿਚ ਵਿਚਾਰ-ਵਟਾਂਦਰਾ ਕੀਤਾ। ਦਸਤਕ ਮੰਚ ਵਾਲਿਆਂ ਨੇ ਮੇਲੇ ਦੇ ਆਲੇ-ਦੁਆਲੇ ਦੋ ਗੀਤ ਕਈ ਵਾਰ ਗਾਏ: ‘ਮਸ਼ਾਲਾਂ ਬਾਲ ਕੇ ਚੱਲਣਾ’ ਅਤੇ ‘ਹਮ ਮਿਹਨਤਕਸ਼ ਜਗ ਵਾਲੋਂ ਸੇ’। ਬਾਕੀ ਗੀਤ-ਸੰਗੀਤ ਟੋਲੀਆਂ ਨੇ ਕਈ ਵਾਰ ਛੋਟੇ-ਛੋਟੇ ਇਕੱਠਾਂ ਵਿਚ ਪੇਸ਼ਕਾਰੀਆਂ ਕੀਤੀਆਂ। ਕਲਾਕਾਰ ਅਤੇ ਦਰਸ਼ਕ/ਸਰੋਤੇ ਦੀ ਨੇੜਤਾ ਇਨ੍ਹਾਂ ਪੇਸ਼ਕਾਰੀਆਂ ਤੋਂ ਬਾਅਦ ਹੁੰਦੀਆਂ ਗੱਲਾਂ ਵਿਚੋਂ ਝਲਕਦੀ ਸੀ।
ਮੇਲੇ ਦੇ ਅੰਦਰ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਵੰਨ-ਸਵੰਨੀ ਸਰਗਰਮੀ ਮੁਕਾਬਲਿਆਂ ਦੇ ਰੂਪ ਵਿਚ ਲਗਾਤਾਰ ਚੱਲਦੀ ਰਹੀ। ਇਨ੍ਹਾਂ ਸਰਗਰਮੀਆਂ ਨਾਲ ਮੇਲਾ ਵਿਦਿਆਰਥੀਆਂ ਲਈ ਇਤਿਹਾਸ ਦਾ ਸਕੂਲ ਬਣ ਗਿਆ ਜਾਪਦਾ ਸੀ। ਦਿਲਚਸਪ ਢੰਗ ਨਾਲ ਸਮਝਾਇਆ ਗਿਆ ਇਤਿਹਾਸ ਉਨ੍ਹਾਂ ਦੀਆਂ ਯਾਦਾਂ ਦਾ ਹਿੱਸਾ ਬਣ ਗਿਆ ਹੋਵੇਗਾ ਅਤੇ ਕਈਆਂ ਦੀ ਜਗਿਆਸਾ ਉਨ੍ਹਾਂ ਨੂੰ ਹੋਰ ਜਾਣਨ ਦੇ ਰਾਹ ਤੋਰੇਗੀ। ਸਵਾਲ-ਜਵਾਬ, ਪੇਂਟਿੰਗਜ਼ ਅਤੇ ਗਾਇਨ ਮੁਕਾਬਲਿਆਂ ਵਿਚੋਂ ਇਤਿਹਾਸ ਨਾਲ ਰਿਸ਼ਤਾ ਕਾਇਮ ਕਰਨਾ ਨਵੀਂ ਪੀੜ੍ਹੀ ਨਾਲ ਸੰਜੀਦਾ ਸੰਵਾਦ ਦੀ ਸ਼ੁਰੂਆਤ ਮੰਨਿਆ ਜਾ ਸਕਦਾ ਹੈ।
ਮਹਾਂਰਾਸ਼ਟਰ ਤੋਂ ‘ਰਿਪਬਲੀਕਨ ਪੈਂਥਰਜ਼ ਜਾਤੀ ਅੰਤੀਕਾ ਚਲਵਲ’ ਨਾਲ ਸੱਭਿਆਚਾਰਕ ਟੋਲੀ ਪੂਰੇ ਸ਼ਤਾਬਦੀ ਮੇਲੇ ਨੂੰ ਪੇਚੀਦਾ ਪਰ ਅਹਿਮ ਸਵਾਲਾਂ ਦੇ ਸਨਮੁੱਖ ਕਰਦੀ ਜਾਪਦੀ ਸੀ। ਅੰਬੇਦਕਰ, ਜਿਉਤੀ ਬਾਫੂਲੇ, ਭਗਤ ਸਿੰਘ, ਕਰਤਾਰ ਸਰਾਭਾ ਅਤੇ ਗ਼ਦਰ ਪਾਰਟੀ ਨੂੰ ਵਡੇਰੀ ਲੜੀ ਦੀਆਂ ਕੜੀਆਂ ਵਜੋਂ ਵੇਖਦੇ ਹੋਏ ਮੌਜੂਦਾ ਦੌਰ ਦੇ ਜਾਤੀ ਵਿਤਕਰੇ, ਨਾਬਰਾਬਰੀ ਅਤੇ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਇਨ੍ਹਾਂ ਦੀ ਕਲਾ ਦਾ ਕੇਂਦਰੀ ਨੁਕਤਾ ਸੀ। ਮੇਲੇ ਦੀ ਫ਼ਿਜ਼ਾ ਵਿਚੋਂ ਫ਼ੈਜ਼ ਅਹਿਮਦ ਫ਼ੈਜ਼ ਦੀ ਸ਼ਾਇਰੀ ਨੂੰ ਮਹਿਸੂਸ ਕੀਤਾ ਜਾ ਸਕਦਾ ਸੀ। ਝੰਡੇ ਦੇ ਗੀਤ ਵਿਚ ਹਿੱਸਾ ਹੋਣ ਤੋਂ ਲੈ ਕੇ ਵੱਖ-ਵੱਖ ਟੋਲੀਆਂ ਨੇ ਫ਼ੈਜ਼ ਦੀ ਸ਼ਾਇਰੀ ਗਾਈ ਅਤੇ ਇਸ ਸ਼ਾਇਰੀ ਦੀਆਂ ਕਿਤਾਬਾਂ ਦੀ ਚੋਖੀ ਪੁੱਛ-ਪ੍ਰਤੀਤ ਹੋਈ। ਕਵੀਸ਼ਰੀ, ਗੀਤਾਂ, ਗ਼ਜ਼ਲਾਂ, ਨਾਟਕਾਂ ਅਤੇ ਤਕਰੀਰਾਂ ਦੀ ਮਿੱਸ (ਮਿਸ਼ਰਨ) ਹਰ ਤਰ੍ਹਾਂ ਦੇ ਸੁਹਜ-ਸਵਾਦ ਵਾਲੇ ਬੰਦੇ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੀ ਸੀ। ਸੈਮੀਨਾਰਾਂ ਅਤੇ ਫ਼ਿਲਮ ਦੀ ਪਰਦਾਪੇਸ਼ੀ ਵੇਲੇ ਸਰੋਤਿਆਂ/ਦਰਸ਼ਕਾਂ ਦੀ ਗਿਣਤੀ ਬਾਰੇ ਪ੍ਰਬੰਧਕਾਂ ਨੂੰ ਸੋਚਣਾ ਚਾਹੀਦਾ ਹੈ। ਸੈਮੀਨਾਰ ਵਿਚ ਸ਼ਮਸ ਉੱਲ-ਇਸਲਾਮ ਦੀ ਸ਼ਮੂਲੀਅਤ ਕਾਬਿਲ-ਏ-ਤਾਰੀਫ਼ ਸੀ। ਉਸ ਦੀ ਜਾਣਕਾਰੀ ਅਤੇ ਦਲੀਲ ਬਾਕੀ ਦੇ ਬੁਲਾਰਿਆਂ ਉੱਤੇ ਸੰਜੀਦਾ ਸਵਾਲ ਕਰਦੀ ਸੀ ਜੋ ਤਾਰੀਫ਼ਾਂ ਦੇ ਮਾਹੌਲ ਵਿਚ ਨਜ਼ਰਅੰਦਾਜ਼ ਹੁੰਦੇ ਜਾਪੇ।
ਝੰਡੇ ਦੇ ਗੀਤ ਦੀ ਪੇਸ਼ਕਾਰੀ ਵਿਚ ਇਤਿਹਾਸ, ਕਲਾ ਅਤੇ ਸਰੋਕਾਰ ਬਹੁਤ ਸੁਚੱਜੇ ਢੰਗ ਨਾਲ ਪਰੋਏ ਗਏ ਸਨ। ਇਸ ਪੇਸ਼ਕਾਰੀ ਵਿਚ ਕਲਾਕਾਰਾਂ ਦਾ ਘੇਰਾ ਦਰਸ਼ਕਾਂ ਦੇ ਅੰਦਰ ਤੱਕ ਫੈਲਿਆ ਹੋਇਆ ਸੀ। ਪੇਸ਼ਕਾਰੀ ਵਿਚ ਇਨਕਲਾਬੀ ਵਲਵਲਿਆਂ ਅਤੇ ਹਕੂਮਤੀ ਤਸ਼ੱਦਦ ਦੀਆਂ ਲਹਿਰਾਂ ਬਣਦੀਆਂ ਸਨ ਜੋ ਜਿਉਂ ਦੀਆਂ ਤਿਉਂ ਹਾਜ਼ਰ ਸੰਗਤ ਉੱਤੇ ਤਾਰੀ ਹੁੰਦੀਆਂ ਜਾਪਦੀਆਂ ਸਨ। ਸਾਮਰਾਜਵਾਦ ਤੋਂ ਲੈ ਕੇ ਮਜ਼ਦੂਰਾਂ ਦੀ ਹੋਣੀ, ਨਸ਼ਿਆਂ ਦੇ ਕਾਰੋਬਾਰ ਅਤੇ ਔਰਤ ਦੇ ਰੁਤਬੇ ਦੇ ਸਵਾਲ ਇੱਕੋ ਕੜੀ ਦਾ ਹਿੱਸਾ ਜਾਪਦੇ ਸਨ। ਇਹੋ ਮਸਲੇ ਦੂਜੀਆਂ ਪੇਸ਼ਕਾਰੀਆਂ ਅਤੇ ਬੁਲਾਰਿਆਂ ਦੀਆਂ ਤਕਰੀਰਾਂ ਦਾ ਹਿੱਸਾ ਬਣਦੇ ਰਹੇ। ਇਸ ਮੇਲੇ ਵਿਚ ਜੁੜੇ ਮੇਲੀ ਜਿੱਥੇ ਇੱਕ-ਦੂਜੇ ਦੀ ਸੁੱਖ-ਸਾਂਦ ਪੁੱਛਦੇ ਰਹੇ; ਉੱਥੇ ਇਤਿਹਾਸ, ਕਿਤਾਬਾਂ, ਕਲਾ ਅਤੇ ਸਰੋਕਾਰ ਨਾਲ ਆਪਣਾ ਜੋੜ-ਮੇਲ ਮਜ਼ਬੂਤ ਕਰਦੇ ਰਹੇ। ਗ਼ਦਰ ਸ਼ਤਾਬਦੀ ਮੇਲਾ ਇੱਕ ਤਰ੍ਹਾਂ ਭਰੋਸੇ, ਵਿਵੇਕ, ਵਿਸਾਹ ਅਤੇ ਖੁੱਲ੍ਹਦਿਲੀ ਦੀ ਨੁਮਾਇਸ਼ ਹੋ ਨਿਬੜਿਆ। ਗ਼ਦਰੀ ਬਾਬਿਆਂ ਦੀ ਵਿਰਾਸਤ ਪੂਰੇ ਸੌ ਸਾਲਾਂ ਬਾਅਦ ਆਪਣੇ ਵਿਰਸੇ, ਸੋਚ ਅਤੇ ਸਰੋਕਾਰਾਂ ਨਾਲ ਆਪਣੇ ਵਾਰਸਾਂ ਵਿਚੋਂ ਸਾਹ ਲੈਂਦੀ ਜਾਪਦੀ ਸੀ। ਗ਼ਦਰ ਪਾਰਟੀ ਦੀ ਵਿਰਾਸਤ ਵਿਚ ਵੰਨ-ਸਵੰਨਤਾ ਹੈ। ਇਸ ਲਹਿਰ ਦਾ ਘੇਰਾ ਅਤੇ ਸਰਗਰਮੀ ਇਸ ਨੂੰ ਆਲਮੀ ਮਾਹੌਲ ਨਾਲ ਜੁੜੀ ਹੋਈ ਦੱਖਣੀ ਏਸ਼ੀਆਈ ਮੁਹਿੰਮ ਵਜੋਂ ਪੇਸ਼ ਕਰਦਾ ਹੈ। ਸ਼ਤਾਬਦੀ ਮੇਲੇ ਵਿਚ ਇਹੋ ਵੰਨ-ਸਵੰਨਤਾ ਦੇਖਣ ਨੂੰ ਮਿਲੀ। ਭਾਰਤ ਦੇ ਕਈ ਸੂਬਿਆਂ ਅਤੇ ਵਿਦੇਸ਼ਾਂ ਵਿਚੋਂ ਉਚੇਚੇ ਤੌਰ ਉੱਤੇ ਮੇਲੀ ਪੁੱਜੇ ਸਨ। ਸੈਮੀਨਾਰ ਦੇ ਵਿਸ਼ੇ ਇਸੇ ਵੰਨ-ਸਵੰਨਤਾ ਦੀ ਨੁਮਾਇੰਦਗੀ ਕਰਦੇ ਸਨ। ਗ਼ਦਰ ਲਹਿਰ ਦੇ ਖ਼ਾਸੇ, ਪਰਵਾਸੀਆਂ ਦੇ ਮਸਲਿਆਂ ਅਤੇ ਔਰਤ ਦੀ ਹਾਲਤ ਬਾਰੇ ਸੈਮੀਨਾਰ ਕਰਨਾ ਗ਼ਦਰ ਦੀ ਵਿਰਾਸਤ ਨੂੰ ਸਮਕਾਲੀ ਸਰੋਕਾਰਾਂ ਨਾਲ ਜੋੜਨ ਦਾ ਉਪਰਾਲਾ ਜਾਪਦਾ ਹੈ। ਹਰ ਹਾਜ਼ਰ ਜਣੇ-ਜਣੀ ਨੂੰ ਯਾਦ ਰਹੇਗਾ ਕਿ ਕਾਮਰੇਡ ਚੈਨ ਸਿੰਘ ਚੈਨ ਨੇ ਤਕਰੀਰ ਤੋਂ ਪਹਿਲਾਂ ਕੀ ਕੀਤਾ! ਉਨ੍ਹਾਂ ਨੇ ਆਪਣੀ ਜੇਬ ਵਿਚੋਂ ਕਾਗ਼ਜ਼ ਕੱਢ ਕੇ ਸਿੱਧਾ ਕੀਤਾ ਅਤੇ ਤਕਰੀਰ ਸ਼ੁਰੂ ਕੀਤੀ। ਦੂਰੋਂ ਜਾਪਦਾ ਸੀ ਕਿ ਕਾਗ਼ਜ਼ ਉੱਤੇ ਕੁਝ ਸੰਖੇਪ ਨੁਕਤੇ ਅਤੇ ਨਾਮ ਦਰਜ ਸਨ। ਚੈਨ ਸਿੰਘ ਚੈਨ ਸਤੰਨਵੇਂ ਸਾਲ ਦੀ ਉਮਰ ਵਿਚ ਇੰਨੀ ਤਿਆਰੀ ਅਤੇ ਵਿਉਂਤਬੰਦੀ ਨਾਲ ਬੋਲਣ ਆਏ ਸਨ। ਹੁਣ ਕੋਰਾ ਕਾਗ਼ਜ਼ ਕੱਢ ਕੇ ਦੇਸ਼ ਭਗਤ ਯਾਦਗਾਰ ਹਾਲ ਦੇ ਪ੍ਰਬੰਧਕਾਂ ਨੂੰ ਇਸ ਮੇਲੇ ਦੀਆਂ ਪ੍ਰਾਪਤੀਆਂ ਅਤੇ ਸੰਭਾਵਨਾਵਾਂ ਦਾ ਸੰਜੀਦਗੀ ਨਾਲ ਲੇਖਾ-ਜੋਖਾ ਕਰਨਾ ਚਾਹੀਦਾ ਹੈ ਜੋ ਸ਼ਾਇਦ ਗ਼ਦਰੀ ਬਾਬਿਆਂ ਦੀ ਰੀਤ ਦਾ ਸਭ ਤੋਂ ਅਹਿਮ ਹਿੱਸਾ ਹੈ।

Be the first to comment

Leave a Reply

Your email address will not be published.