ਵਾਸਦੇਵ ਸਿੰਘ ਪਰਹਾਰ
ਫੋਨ: 206-434-1155
ਪੁਰਾਤਨ ਸਮੇਂ ਤੋਂ ਹੀ ਸੋਮਨਾਥ ਦਾ ਮੰਦਿਰ ਸਾਰੇ ਹਿੰਦੁਸਤਾਨ ਵਿਚ ਪ੍ਰਸਿੱਧ ਸੀ। ਬੜੇ ਬੜੇ ਰਾਜੇ ਮਹਾਰਾਜੇ ਇਥੇ ਬੇਸ਼ੁਮਾਰ ਧਨ, ਸੋਨੇ ਤੇ ਕੀਮਤੀ ਹੀਰੇ ਜਵਾਹਰਾਤ ਚੜ੍ਹਾਉਂਦੇ ਰਹੇ। ਸਯਦ ਮੁਹੰਮਦ ਲਤੀਫ ਦੀ ਪੁਸਤਕ ‘ਹਿਸਟਰੀ ਆਫ਼ ਦੀ ਪੰਜਾਬ’ (ਪੰਨਾ 85) ਅਨੁਸਾਰ ਸੋਮਨਾਥ ਦਾ ਮੰਦਿਰ ਕੀਮਤੀ ਪੱਥਰਾਂ ਦੀ ਬਣੀ ਆਪਣੀ ਸ਼ਾਨਦਾਰ ਇਮਾਰਤ ਕਰ ਕੇ ਭਵਨ ਕਲਾ ਦਾ ਖਾਸ ਨਮੂਨਾ ਸੀ। ਵੱਖ ਵੱਖ ਰਿਆਸਤਾਂ ਦੇ ਰਾਜਿਆਂ ਨੇ ਦੋ ਹਜ਼ਾਰ ਪਿੰਡ ਇਸ ਮੰਦਿਰ ਨੂੰ ਜਾਗੀਰ ਵਜੋਂ ਦਿੱਤੇ ਹੋਏ ਸਨ ਤਾਂ ਕਿ ਬ੍ਰਾਹਮਣ ਪੁਜਾਰੀਆਂ ਅਤੇ ਹੋਰ ਸੇਵਾਦਾਰਾਂ ਦਾ ਗੁਜ਼ਾਰਾ ਹੋ ਸਕੇ। ਹਿੰਦੁਸਤਾਨ ਦੇ ਹਰ ਕੋਨੇ ਤੋਂ ਸ਼ਰਧਾਲੂ ਆ ਕੇ ਬੇਸ਼ੁਮਾਰ ਸੋਨਾ ਅਤੇ ਪੈਸਾ ਚੜ੍ਹਾਉਂਦੇ। ਸੂਰਜ ਅਤੇ ਚੰਦਰ ਗ੍ਰਹਿਣ ਸਮੇਂ ਦੋ ਤੋਂ ਤਿੰਨ ਲੱਖ ਸ਼ਰਧਾਲੂ ਇਥੇ ਮੱਥਾ ਟੇਕਦੇ।
ਮੂਰਤੀ ਦਾ ਇਸ਼ਨਾਨ ਦਿਨ ਵਿਚ ਦੋ ਵਾਰੀ ਗੰਗਾ ਜਲ ਨਾਲ ਕਰਾਇਆ ਜਾਂਦਾ ਕਿਉਂਕਿ ਕੇਵਲ ਇਹੀ ਜਲ ਇਸ ਦੀ ਸ਼ੁੱਧਤਾ ਲਈ ਠੀਕ ਸਮਝਿਆ ਜਾਂਦਾ ਸੀ। ਇਹ ਗੰਗਾ ਜਲ ਬਾਰਾਂ ਸੌ ਮੀਲ ਦੂਰੋਂ ਲਿਆਇਆ ਜਾਂਦਾ ਸੀ। ਇਕ ਵੱਡਾ ਘੰਟਾ, ਜਿਸ ਦੀ ਸੰਗਲੀ ਵੀ ਸੋਨੇ ਦੀ ਸੀ, 200 ਮਣ ਭਾਰਾ ਸੀ ਜਿਹੜਾ ਸ਼ਰਧਾਲੂਆਂ ਨੂੰ ਪੂਜਾ ਸਮੇਂ ਬੁਲਾਉਣ ਲਈ ਵਜਾਇਆ ਜਾਂਦਾ। ਮੰਦਰ ਦੇ ਕਰਮਚਾਰੀਆਂ ਵਿਚ 2000 ਬ੍ਰਾਹਮਣ, 500 ਦੇਵਦਾਸੀਆਂ (ਨੱਚਣ ਵਾਲੀਆਂ ਕੁੜੀਆਂ), 300 ਗਵੱਈਏ ਤੇ ਸਾਜ਼ਿੰਦੇ ਅਤੇ ਤਿੰਨ ਸੌ ਨਾਈ ਸਨ ਜਿਹੜੇ ਆਏ ਸ਼ਰਧਾਲੂਆਂ ਦੀ ਮੰਦਰ ਅੰਦਰ ਜਾਣ ਤੋਂ ਪਹਿਲਾਂ ਹਜਾਮਤ ਕਰਦੇ। ਮੰਦਿਰ ਅੰਦਰ ਜਾਣ ਤੋਂ ਪਹਿਲਾਂ ਹਜਾਮਤ ਕਰਾਉਣੀ ਜ਼ਰੂਰੀ ਸੀ। ਮੁੰਨੇ ਹੋਏ ਸਿਰਾਂ ਅਤੇ ਦਾੜ੍ਹੀਆਂ ਵਾਲੇ ਪੁਜਾਰੀ ਮੂਰਤੀ ਪੂਜਾ ਕਰਦੇ ਅਤੇ ਨੱਚਣ ਵਾਲੀਆਂ ਕੁੜੀਆਂ ਗਹਿਣੇ ਸਜਾ ਕੇ ਮੂਰਤੀ ਅੱਗੇ ਨੱਚਦੀਆਂ। ਰਾਜਿਆਂ ਵੱਲੋਂ ਸ਼ਰਧਾ ਨਾਲ ਆਪਣੀਆਂ ਲੜਕੀਆਂ ਇਸ ਮੰਦਿਰ ਵਿਚ ਚੜ੍ਹਾਉਣ ਦਾ ਰਿਵਾਜ਼ ਸੀ ਤਾਂ ਕਿ ਪ੍ਰਭੂ ਪਰਮਾਤਮਾ ਦੀ ਪ੍ਰਸੰਨਤਾ ਪ੍ਰਾਪਤ ਹੋ ਸਕੇ।
ਸੋਮਨਾਥ ਦੀ ਮੂਰਤੀ ਤੋਂ ਇਲਾਵਾ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਸੈਂਕੜੇ ਹੋਰ ਮੂਰਤੀਆਂ ਸਨ ਜਿਹੜੀਆਂ ਸਭ ਢਾਲ ਕੇ ਸੋਨਾ ਅਤੇ ਚਾਂਦੀ ਮਹਿਮੂਦ ਗਜ਼ਨਵੀ ਗਜ਼ਨੀ ਲੈ ਗਿਆ। ਬੁੱਤ ਪੂਜਕਾਂ ਦੇ ਇਸ ਮੰਦਰ ਨੂੰ ਢਾਹ ਢੇਰੀ ਕਰਨ ਲਈ ਮਹਿਮੂਦ ਗਜ਼ਨੀ ਤੋਂ ਸਤੰਬਰ ਸੰਨ 1024 ਨੂੰ ਚੱਲਿਆ। ਉਸ ਦੇ ਪਿੱਛੋਂ ਤੁਰਕਿਸਤਾਨ ਅਤੇ ਲਾਗੇ ਦੇ ਹੋਰ ਦੇਸ਼ਾਂ ਦੇ 50 ਹਜ਼ਾਰ (ਰਜ਼ਾਕਾਰ) ਵਾਲੰਟੀਅਰ ਮੂਰਤੀਆਂ ਤੋੜਨ ਲਈ ਇਸਲਾਮ ਧਰਮ ਅਨੁਸਾਰ ਸ਼ੁਭ ਕੰਮ ਸਮਝ ਕੇ ਬਿਨਾਂ ਤਨਖਾਹ ਆ ਗਏ। ਮੁਲਤਾਨ ਦਾ ਰੇਗਿਸਤਾਨ ਪਾਰ ਕਰ ਕੇ ਮਹਿਮੂਦ ਅਜਮੇਰ ਪਹੁੰਚਿਆ ਅਤੇ ਇਸ ਸ਼ਹਿਰ ਨੂੰ ਬਿਨਾਂ ਕਿਸੇ ਮੁਕਾਬਲੇ ਦੇ ਜਿੱਤ ਕੇ ਤਬਾਹ ਕਰ ਦਿੱਤਾ। ਸੋਮਨਾਥ ਦੇ ਮੰਦਿਰ ਦੁਆਲੇ ਇਸ ਦੀ ਰੱਖਿਆ ਲਈ ਦੀਵਾਰ ਬਣਾਈ ਹੋਈ ਸੀ। ਤਿੰਨ ਦਿਨ ਤੱਕ ਰਾਜਪੂਤ ਇਸ ਦੀ ਰੱਖਿਆ ਡਟ ਕੇ ਕਰਦੇ ਰਹੇ ਅਤੇ ਮਹਿਮੂਦ ਨੂੰ ਪਿਛਾੜ ਦਿੱਤਾ। ਆਖਿਰ ਮਹਿਮੂਦ ਆਪਣੇ ਘੋੜੇ ਤੋਂ ਉਤਰਿਆ ਅਤੇ ਜ਼ਮੀਨ ‘ਤੇ ਝੁਕ ਕੇ ਦੁਆ ਕੀਤੀ। ਦੁਬਾਰਾ ਘੋੜੇ ਉਤੇ ਚੜ੍ਹ ਕੇ ਆਪਣੇ ਜਰਨੈਲ ਅਬਦ ਹਸਨ ਦਾ ਹੱਥ ਫੜ ਕੇ ਆਖਿਆ ਕਿ ਖੁਦਾ ਨੇ ਉਸ ਨੂੰ ਜਿੱਤ ਦਾ ਆਸ਼ੀਰਵਾਦ ਦਿੱਤਾ ਹੈ ਅਤੇ ਉੱਚੀ ਆਵਾਜ਼ ਵਿਚ ਆਪਣੇ ਫੌਜੀਆਂ ਦਾ ਹੌਸਲਾ ਵਧਾ ਕੇ ਐਸੀ ਹੱਲਸ਼ੇਰੀ ਦਿੱਤੀ ਕਿ ਉਹ ਦੁਸ਼ਮਣ ‘ਤੇ ਟੁੱਟ ਕੇ ਪੈ ਗਏ। ਉਨ੍ਹਾਂ ਗੜ੍ਹੀ ਅੰਦਰ ਦਾਖ਼ਲ ਹੋ ਕੇ ਪੰਜ ਹਜ਼ਾਰ ਲੋਕ ਮਾਰ ਸੁੱਟੇ। ਬਾਕੀ ਦੇ ਕਿਸ਼ਤੀਆਂ ਵਿਚ ਸਵਾਰ ਹੋ ਕੇ ਸਮੁੰਦਰ ਵਿਚ ਠਿੱਲ੍ਹ ਪਏ। ਹਮਲਾਵਰਾਂ ਨੇ ਪਿੱਛਾ ਕਰ ਕੇ ਬਹੁਤ ਸਾਰੀਆਂ ਕਿਸ਼ਤੀਆਂ ਡੋਬ ਦਿੱਤੀਆਂ। ਫਿਰ ਮਹਿਮੂਦ ਆਪਣੇ ਪੁੱਤਰਾਂ ਅਤੇ ਕੁਝ ਖਾਸ ਅਹਿਲਕਾਰਾਂ ਨਾਲ ਮੰਦਿਰ ਵਿਚ ਦਾਖ਼ਲ ਹੋਇਆ। ਜਦੋਂ ਉਹ ਵੱਡੇ ਹਾਲ ਅੰਦਰ ਗਿਆ ਤਾਂ ਉਸ ਨੇ ਪੱਥਰ ਦੀ ਇਕ ਮੂਰਤੀ ਦੇਖੀ ਅਤੇ ਡੰਡਾ ਮਾਰ ਕੇ ਉਸ ਦਾ ਨੱਕ ਤੋੜ ਦਿੱਤਾ। ਮੂਰਤੀ ਦੇ ਦੋ ਟੁਕੜੇ ਕਰ ਕੇ ਗਜ਼ਨੀ ਲੈ ਜਾਣ ਦਾ ਹੁਕਮ ਦਿੱਤਾ। ਗਜ਼ਨੀ ਲਿਜਾ ਕੇ ਇਕ ਟੁਕੜਾ ਵੱਡੀ ਮਸਜਿਦ ਦੇ ਮੁੱਖ ਦੁਆਰ ਦੇ ਫਰਸ਼ ਉਤੇ ਅਤੇ ਦੂਜਾ ਆਪਣੇ ਦਰਬਾਰ ਦੇ ਮੁੱਖ ਦੁਆਰ ਉਤੇ ਰੱਖਣ ਦਾ ਹੁਕਮ ਦਿੱਤਾ ਤਾਂ ਕਿ ਆਉਣ ਜਾਣ ਵਾਲੇ ਇਨ੍ਹਾਂ ‘ਤੇ ਪੈਰ ਰੱਖ ਕੇ ਲੰਘਣ। ਦੋ ਹੋਰ ਟੁਕੜੇ ਮੱਕਾ ਅਤੇ ਮਦੀਨਾ ਭੇਜੇ ਗਏ। ਬ੍ਰਾਹਮਣਾਂ ਨੇ ਮਹਿਮੂਦ ਨੂੰ ਬੇਨਤੀ ਕੀਤੀ ਕਿ ਉਹ ਮੂਰਤੀ ਨਾ ਤੋੜੇ, ਉਹ ਇਸ ਦੇ ਬਦਲੇ ਇੰਨਾ ਸੋਨਾ ਉਸ ਨੂੰ ਦੇਣ ਨੂੰ ਤਿਆਰ ਹਨ। ਉਸ ਦੇ ਅਹਿਲਕਾਰਾਂ ਨੇ ਵੀ ਸਲਾਹ ਦਿੱਤੀ ਕਿ ਬ੍ਰਾਹਮਣਾਂ ਦੀ ਇਹ ਬੇਨਤੀ ਮੰਨ ਲਈ ਜਾਵੇ ਕਿਉਂਕਿ ਮੂਰਤੀ ਤੋੜਨ ਨਾਲ ਬੁੱਤ ਪੂਜਾ ਦਾ ਰਿਵਾਜ਼ ਖ਼ਤਮ ਨਹੀਂ ਹੋਣਾ ਪਰ ਮਹਿਮੂਦ ਨੇ ਕਿਹਾ ਕਿ ਆਉਣ ਵਾਲੀਆਂ ਨਸਲਾਂ ਉਸ ਨੂੰ ਮੂਰਤੀ ਵੇਚਣ ਵਾਲਾ ਆਖਣਗੀਆਂ, ਨਾਲੇ ਉਹ ਤਾਂ ਬੁਤ ਸ਼ਿਕਨ (ਮੂਰਤੀ-ਤੋੜ) ਅਖਵਾਉਣਾ ਚਾਹੁੰਦਾ ਹੈ। ਮੂਰਤੀ ਤੋੜੀ ਗਈ ਤਾਂ ਉਸ ਵਿਚੋਂ ਕੀਮਤੀ ਹੀਰੇ ਜਵਾਹਰਾਤ ਮਿਲੇ ਜਿਨ੍ਹਾਂ ਦੀ ਕੀਮਤ ਸੋਨੇ ਨਾਲੋਂ ਕਿਤੇ ਵੱਧ ਸੀ।
ਸੋਮਨਾਥ ਦੇ ਮੰਦਿਰ ਬਾਰੇ ‘ਤਵਾਰੀਖ ਗੁਰੂ ਖਾਲਸਾ’ (ਭਾਸ਼ਾ ਵਿਭਾਗ ਪੰਜਾਬ, 1993, ਸਫ਼ਾ 177) ‘ਤੇ ਲਿਖਿਆ ਹੈ, “ਸੋਮਨਾਥ ਮੰਦਿਰ ਦੇ ਕਿਸੇ ਚਾਤੁਰ ਪਾਂਡੇ ਨੇ ਮੰਦਿਰ ਦੇ ਗੁੰਬਦ ਵਿਚ ਚਾਰ ਚੁੰਬਕੀ ਸਿੱਲਾਂ ਚੋਹੀਂ ਪਾਸੀਂ ਲਗਵਾ ਕੇ ਸ਼ਿਵ ਦੀ ਲੋਹੇ ਦੀ ਮੂਰਤੀ ਗੇਰੂਆ ਰੰਗ ਕਰਵਾ ਕੇ ਇਨ੍ਹਾਂ ਚੁੰਬਕੀ ਸਿੱਲਾਂ ਦੀ ਖਿੱਚ ਨਾਲ ਹਵਾ ਵਿਚ ਲਟਕਦੀ ਕਰ ਦਿੱਤੀ ਅਤੇ ਪ੍ਰਚਾਰ ਕਰ ਦਿੱਤਾ ਕਿ ਸ਼ਿਵ ਜੀ ਮਹਾਰਾਜ ਆਕਾਸ਼ ਮਾਰਗ ਤੋਂ ਆ ਕੇ ਮੰਦਿਰ ਦੇ ਅੰਦਰ ਅਚਰ ਆਸਣ (ਸਹਾਰੇ ਬਗੈਰ) ਲਗਾ ਕੇ ਬੈਠ ਰਹੇ ਹਨ। ਗੱਲ ਇਕ ਬੰਦੇ ਤੋਂ ਅੱਗੇ ਹਜ਼ਾਰਾਂ ਤੱਕ ਪਹੁੰਚਦੀ ਗਈ। ਲੋਕਾਂ ਨੇ ਆਪਣਾ ਧਨ ਇਸ ਮੂਰਤੀ ਅੱਗੇ ਰੱਖ ਕੇ ਸੁੱਖਾਂ ਸੁੱਖੀਆਂ। ਇਸ ਚੜ੍ਹਾਵੇ ਦੇ ਸੋਨੇ ਦੇ ਢੇਰਾਂ ਤੋਂ ਪਾਂਡਿਆਂ ਨੇ ਕੀਮਤੀ ਹੀਰੇ, ਨੀਲਮ, ਮੋਤੀ ਖਰੀਦ ਕੇ ਮੰਦਿਰ ਦੇ ਖੋਖਲੇ ਥੰਮ੍ਹਾਂ ਅਤੇ ਮੂਰਤੀਆਂ ਵਿਚ ਲੁਕਾ ਲਏ। ਪਾਂਡਿਆਂ ਦਾ ਇਹ ਫਰੇਬ ਦੇਸ਼ ਦੇ ਉਜਾੜੇ ਦਾ ਕਾਰਨ ਬਣਿਆ ਅਤੇ ਤਦੋਂ ਤੋਂ ਇਹ ਕਹਾਵਤ ਬਣੀ, ‘ਆਪ ਡੁਬੇਂਦੇ ਬ੍ਰਾਹਮਣਾਂ, ਜਜ਼ਮਾਨ ਵੀ ਡੋਬੇ।’ ਮਹਿਮੂਦ ਗਜ਼ਨਵੀ ਨੂੰ ਇਸ ਮੰਦਿਰ ਤੋਂ ਕਰੋੜਾਂ ਦਾ ਮਾਲ ਲੱਭਾ। ਉਸ ਨੇ 30 ਸਾਲਾਂ ਵਿਚ 17 ਹਮਲੇ ਕਰ ਕੇ ਹਿੰਦੁਸਤਾਨ ਲੁੱਟ ਪੁੱਟ ਕੇ ਉਜਾੜ ਦਿੱਤਾ।”
ਮਥਰਾ ਸ਼ਹਿਰ ਦੇ 22 ਕੋਹ ਦੇ ਘੇਰੇ ਵਿਚ ਮੰਦਿਰ ਹੀ ਮੰਦਿਰ ਸਨ। ਇਕ ਬੜੇ ਮੰਦਿਰ ਬਾਰੇ ਮਹਿਮੂਦ ਲਿਖਦਾ ਹੈ ਕਿ ਜੇ ਅਸੀਂ ਕਰੋੜ ਮੋਹਰ ਖਰਚ ਕਰੀਏ ਤੇ ਪੰਜ ਸੌ ਕਾਰੀਗਰ ਸੌ ਬਰਸ ਲੱਗਾ ਰਹੇ ਤਾਂ ਵੀ ਅਜਿਹਾ ਮੰਦਰ ਬਣਨਾ ਮੁਸ਼ਕਿਲ ਹੈ। ਕੇਸ਼ਵ ਦੇ ਇਸ ਮੰਦਿਰ ਵਿਚੋਂ ਮਹਿਮੂਦ ਨੂੰ ਐਨਾ ਸੋਨਾ, ਹੀਰੇ, ਪੰਨੇ, ਮੋਤੀ, ਰੂਬੀ, ਲਾਲ, ਫਿਰੋਜ਼ੇ ਮਿਲੇ ਕਿ ਸਾਰੀ ਫੌਜ ਹੀ ਮਾਲਾ ਮਾਲ ਹੋ ਗਈ। ਦੋ-ਦੋ ਰੁਪਏ ਵਿਚ ਗੁਲਾਮ ਗਜ਼ਨੀ ਦੇ ਬਾਜ਼ਾਰਾਂ ਵਿਚ ਵਿਕਦੇ ਰਹੇ। ਦੇਸ਼ ਦੇ ਬੁੱਤ ਪੂਜਕ ਬੁੱਤ ਹੀ ਬਣ ਗਏ ਸਨ।
ਮਥਰਾ ਦੇ ਹੀ ਇਕ ਤਿਲਕ ਨੂੰ ਮਹਿਮੂਦ ਨੇ ਆਪਣਾ ਸੈਨਾਪਤੀ ਬਣਾਇਆ ਸੀ। ‘ਘਰ ਦਾ ਭੇਤੀ ਲੰਕਾ ਢਾਹੇ’ ਵਾਲੀ ਗੱਲ ਠੀਕ ਸਾਬਤ ਹੋਈ। ਇਹ ਤਿਲਕ, ਮਹਿਮੂਦ ਲਈ ਬਹੁਤ ਕਾਰਗਰ ਸਾਬਤ ਹੋਇਆ ਕਿਉਂਕਿ ਉਹ ਹੀ ਦੱਸਦਾ ਸੀ ਕਿ ਕਿਹੜੀ ਥਾਂ ਹਮਲਾ ਕਰ ਕੇ ਬਹੁਤਾ ਧਨ ਹਾਸਲ ਕੀਤਾ ਜਾ ਸਕਦਾ ਹੈ। ਜੇ ਪਾਂਡੇ ਗਲਤ ਪ੍ਰਚਾਰ ਨਾਲ ਧਨ ਇਕੱਠਾ ਨਾ ਕਰਦੇ ਤਾਂ ਦੇਸ਼ ਮਹਿਮੂਦ ਦੀ ਲੁੱਟ ਖਸੁੱਟ ਤੋਂ ਬਚ ਸਕਦਾ ਸੀ ਅਤੇ ਮਰਦ, ਬੱਚੇ ਅਤੇ ਔਰਤਾਂ ਗਜ਼ਨੀ ਦੇ ਬਾਜ਼ਾਰਾਂ ਵਿਚ ਭੇਡਾਂ ਬੱਕਰੀਆਂ ਵਾਂਗ ਨਾ ਵਿਕਦੇ। ਜੇ ਇਹ ਧਨ ਨਾਲੋ ਨਾਲ ਦੇਸ਼ ਵਾਸੀਆਂ ਦੀ ਭਲਾਈ ਉਤੇ ਖਰਚ ਹੁੰਦਾ ਰਹਿੰਦਾ ਤਾਂ ਵਿਦੇਸ਼ੀ ਹਮਲਾਵਰਾਂ ਨੇ ਗਰੀਬ ਦੇਸ਼ ਉਤੇ ਹਮਲਾ ਕਰਨ ਬਾਰੇ ਸੋਚਣਾ ਹੀ ਨਹੀਂ ਸੀ। ਉਹ ਤਾਂ ਹਮਲਾ ਹੀ ਹਿੰਦੁਸਤਾਨ ਨੂੰ ਸੋਨੇ ਦੀ ਚਿੜੀ ਸਮਝ ਕੇ ਕਰਦੇ ਸਨ। ਬ੍ਰਾਹਮਣ ਲੋਕ ਆਪ ਜਨਤਾ ਨੂੰ ਅਨਪੜ੍ਹ ਰੱਖ ਕੇ ਆਪਣਾ ਉਲੂ ਸਿੱਧਾ ਕਰੀ ਜਾਂਦੇ ਸਨ। ਜੇ ਉਨ੍ਹਾਂ ਸਮਿਆਂ ਵਿਚ ਚੁੰਬਕ ਸ਼ਕਤੀ ਦਾ ਆਮ ਲੋਕਾਂ ਨੂੰ ਗਿਆਨ ਹੁੰਦਾ ਤਾਂ ਉਨ੍ਹਾਂ ਨੇ ਹਵਾ ਵਿਚ ਲਟਕ ਰਹੀ ਮੂਰਤੀ ਨੂੰ ਆਕਾਸ਼ ਮਾਰਗ ਤੋਂ ਆਈ ਨਹੀਂ ਸਮਝਣਾ ਸੀ।
Leave a Reply