ਦੁਬਈ:ਈਰਾਨ ਵਲੋਂ ਬ੍ਰਿਟੇਨ, ਫਰਾਂਸ ਅਤੇ ਜਰਮਨੀ ਨਾਲ ਆਪਣੇ ਪ੍ਰਮਾਣੂ ਪ੍ਰੋਗਰਾਮ ‘ਤੇ ਗੱਲਬਾਤ ਕਰਨ ਸੰਬੰਧੀ ਖ਼ਬਰਾਂ ਵਿਚਕਾਰ ਨਵੀਂ ਹਲਚਲ ਮੱਧ ਏਸ਼ੀਆ ਦੇ ਤਿੰਨਾਂ ਦੇਸ਼ਾਂ ਵੱਲੋਂ ਦਿੱਤੀਆਂ ਉਨ੍ਹਾਂ ਚਿਤਾਵਨੀਆਂ ਤੋਂ ਬਾਅਦ ਸ਼ੁਰੂ ਹੋ ਗਈ ਹੈ
ਕਿ ਜੇ ਅਮਰੀਕਾ ਨਾਲ ਗੱਲਬਾਤ ਮੁੜ ਸ਼ੁਰੂ ਨਹੀਂ ਹੁੰਦੀ ਤਾਂ ਈਰਾਨ ‘ਤੇ ਅੰਤਰਰਾਸ਼ਟਰੀ ਪਾਬੰਦੀਆਂ ਮੁੜ ਲਾਗੂ ਕੀਤੀਆਂ ਜਾਣਗੀਆਂ।ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਕਿ ਗੱਲਬਾਤ ਦੇ ਸਿਧਾਂਤ ‘ਤੇ ਸਹਿਮਤੀ ਬਣ ਗਈ ਹੈ ਪਰ ਗੱਲਬਾਤ ਦੇ ਸਮੇਂ ਅਤੇ ਸਥਾਨ ‘ਤੇ ਵਿਚਾਰ- ਵਟਾਂਦਰਾ ਜਾਰੀ ਹੈ। ਜਿਸ ਦੇਸ਼ ਵਿਚ ਗੱਲਬਾਤ ਅਗਲੇ ਹਫ਼ਤੇ ਹੋ ਸਕਦੀ ਹੈ, ਉਹ ਹਾਲੇ ਤੱਕ ਤੈਅ ਨਹੀਂ ਹੋਇਆ। ਕਿਹਾ ਗਿਆ ਹੈ ਕਿ ਜੇ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਚੱਲ ਰਹੀ ਪ੍ਰਮਾਣੂ ਗੱਲਬਾਤ ਮੁੜ ਸ਼ੁਰੂ ਨਹੀਂ ਹੁੰਦੀ ਜਾਂ ਠੋਸ ਨਤੀਜੇ ਨਹੀਂ ਦਿੰਦੀ ਤਾਂ ਉਹ ਅਗਸਤ ਦੇ ਅੰਤ ਤੱਕ ਤਹਿਰਾਨ ‘ਤੇ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਮੁੜ ਲਾਗੂ ਕਰਨਗੇ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਜੇ ਕੋਈ ਨਵੀਆਂ ਪਰਮਾਣੂ ਸਹੂਲਤਾਂ ਬਣਾਉਣ ਦਾ ਫ਼ੈਸਲਾ ਕਰਦਾ ਹੈ ਤਾਂ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਉਨ੍ਹਾਂ ਦੁਬਾਰਾ ਕਿਹਾ ਕਿ ਜੂਨ ਵਿਚ ਅਮਰੀਕੀ ਹਮਲਿਆਂ ਨੇ ਤਿੰਨ ਪਰਮਾਣੂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਸੀ। ਉਨ੍ਹਾਂ ਨੂੰ ਮੁੜ ਸੇਵਾ ‘ਚ ਲਿਆਉਣ ‘ਚ ਕਈ ਸਾਲ ਲੱਗਣਗੇ। ਇਸ ਦੌਰਾਨ ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਸ਼ਾਂਤਮਈ ਉਦੇਸ਼ਾਂ ਲਈ ਪਰਮਾਣੂ ਊਰਜਾ ਦੀ ਵਰਤੋਂ ਕਰਨ ਦੇ ਆਪਣੇ ਦੇਸ਼ ਦੇ ਜਾਇਜ਼ ਅਧਿਕਾਰ ਨੂੰ ਦੁਹਰਾਇਆ ਹੈ। ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਉਹ ਸੰਯੁਕਤ ਅਰਬਅਮੀਰਾਤ ਵਿਚ ਸਾਲਾਂ ਤੋਂ ਕੈਦ ਅਫਗਾਨਾਂ ਦੀ ਮਦਦ ਕਰਨਗੇ। ਕਿਹਾ, ‘ਮੈਂ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗਾ, ਹੁਣ ਤੋਂ ਸ਼ੁਰੂ ਕਰਾਂਗਾ।’ ਟਰੰਪ ਨੇ ਜਨਵਰੀ ਵਿਚ ਅਹੁਦਾ ਸੰਭਾਲਣ ਦੇ ਬਾਅਦ ਸ਼ਰਨਾਰਥੀਆਂ ਦੇ ਮੁੜਵਸੇਬੇ ਨੂੰ ਰੋਕ ਦਿੱਤਾ ਸੀ। ਨਾਲ ਹੀ ਅਪ੍ਰੈਲ ਵਿਚ ਅਮਰੀਕਾ ਵਿਚ ਹਜ਼ਾਰਾਂ ਅਫਗਾਨਾਂ ਲਈ ਅਸਥਾਈ ਪਰਵਾਸ ਸੁਰੱਖਿਆ ਖ਼ਤਮ ਕਰ ਦਿੱਤੀ ਸੀ।
