ਅਗਲਾ ਉਪ-ਰਾਸ਼ਟਰਪਤੀ ਬਿਹਾਰ ਜਾਂ ਪੰਜਾਬ `ਚੋਂ ਬਣਨ ਦੀਆਂ ਅਟਕਲਾਂ
ਨਵੀਂ ਦਿੱਲੀ:ਉਪ ਰਾਸ਼ਟਰਪਤੀ ਜਗਦੀਪ ਧਨਖੜ ਵਲੋਂ ਆਪਣੇ ਅਹੁਦੇ ਤੋਂ ਅਚਾਨਕ ਅਸਤੀਫਾ ਦੇਣ ਨਾਲ ਭਾਰਤ ਦੀ ਰਾਜਨੀਤੀ ਇਕ ਦਮ ਗਰਮਾ ਗਈ ਹੈ। ਹਾਲਾਂ ਕਿ ਧਨਖੜ ਨੇ ਆਪਣੀ ਸਿਹਤ ਦੇ ਕਾਰਨਾਂ ਕਰਕੇ ਇਹ ਅਸਤੀਫਾ ਦਿੱਤਾ ਹੈ। ਧਨਖੜ ਨੇ ਇਸ ਸਬੰਧ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇੱਕ ਪੱਤਰ ਲਿਖਿਆ ਹੈ।
ਉਨ੍ਹਾਂ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਲਿਖੇ ਪੱਤਰ ਵਿੱਚ ਸਿਹਤ ਕਾਰਨਾਂ ਅਤੇ ਡਾਕਟਰੀ ਸਲਾਹ ਦਾ ਹਵਾਲਾ ਦਿੰਦੇ ਹੋਏ ਸੰਵਿਧਾਨ ਦੀ ਧਾਰਾ 67(ਏ) ਦੇ ਤਹਿਤ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਰਾਸ਼ਟਰਪਤੀ ਮੁਰਮੂ ਨੂੰ ਲਿਖੇ ਆਪਣੇ ਪੱਤਰ ਵਿੱਚ, ਜਗਦੀਪ ਧਨਖੜ ਨੇ ਲਿਖਿਆ, ‘ਸਿਹਤ ਨੂੰ ਪਹਿਲ ਦਿੰਦੇ ਹੋਏ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਦੇ ਹੋਏ, ਮੈਂ ਤੁਰੰਤ ਪ੍ਰਭਾਵ ਨਾਲ ਭਾਰਤ ਦੇ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।’ ਉਨ੍ਹਾਂ ਰਾਸ਼ਟਰਪਤੀ ਦਾ ਉਨ੍ਹਾਂ ਦੇ ਸਹਿਯੋਗ ਅਤੇ ਸੁਹਿਰਦ ਸਬੰਧਾਂ ਲਈ ਧੰਨਵਾਦ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਮੰਤਰੀ ਮੰਡਲ ਦਾ ਵੀ ਉਨ੍ਹਾਂ ਦੇ ਸਹਿਯੋਗ ਅਤੇ ਮਾਰਗਦਰਸ਼ਨ ਲਈ ਧੰਨਵਾਦ ਕੀਤਾ। ਜਗਦੀਪ ਧਨਖੜ ਸਾਲ 2022 ਵਿੱਚ ਉਪ ਰਾਸ਼ਟਰਪਤੀ ਬਣੇ ਸਨ। ਉਨ੍ਹਾਂ ਦਾ ਕਾਰਜਕਾਲ ਅਗਸਤ 2027 ਤੱਕ ਸੀ, ਪਰ ਉਨ੍ਹਾਂ ਨੇ ਅਚਾਨਕ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ।
ਇਸ ਅਸਤੀਫ਼ੇ ਦਾ ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ ਆਉਣਾ ਹੋਰ ਵੀ ਹੈਰਾਨੀਜਨਕ ਹੈ। ਜਗਦੀਪ ਧਨਖੜ ਵਲੋਂ ਆਪਣੀ ਸਿਹਤ ਦੇ ਹਵਾਲੇ ਨਾਲ ਦਿੱਤੇ ਗਏ ਅਸਤੀਫ਼ੇ ਦਾ ਦੱਸਿਆ ਗਿਆ ਕਾਰਨ ਵਿਰੋਧੀ ਧਿਰ ਨੂੰ ਕਿਸੇ ਵੀ ਤਰ੍ਹਾਂ ਹਜ਼ਮ ਨਹੀਂ ਹੋ ਰਿਹਾ। ਕਾਂਗਰਸੀ ਆਗੂ ਜੈਰਾਮ ਰਾਜੇਸ਼ ਨੇ ਆਪਣੇ ਐਕਸ ਅਕਾਊਂਟ ਉੱਤੇ ਲਿਖਿਆ ਹੈ ਕਿ ਕੱਲ੍ਹ ਸੋਮਵਾਰ ਦੁਪਹਿਰ ਨੂੰ ਬਿਜ਼ਨਿਸ ਐਡਵਾਈਜ਼ਰੀ ਕਮੇਟੀ ਦੀ ਜੋ ਮੀਟਿੰਗ, ਉਪ -ਰਾਸ਼ਟਰਪਤੀ ਵਲੋਂ ਬੁਲਾਈ ਗਈ ਸੀ, ਉਸ ਵਿੱਚ ਕੈਬਨਿਟ ਮੰਤਰੀ ਕਿਰਨ ਰਿਜਿਜੂ ਅਤੇ ਇੱਕ ਹੋਰ ਮੰਤਰੀ ਦਾ ਹਾਜ਼ਰ ਨਾ ਹੋਣਾ ਅਤੇ ਮੰਤਰੀਆਂ ਵਲੋਂ ਆਪਣੀ ਗ਼ੈਰਹਾਜ਼ਿਰੀ ਬਾਰੇ ਉਪ-ਰਾਸ਼ਟਰਪਤੀ ਨੂੰ ਸੂਚਨਾ ਵੀ ਨਾ ਦੇਣਾ, ਦਾਲ ਵਿਚ ਕੁਝ ਕਾਲਾ ਹੋਣ ਦਾ ਸੰਕੇਤ ਦਿੰਦਾ ਹੈ। ਇਸ ਮੀਟਿੰਗ ਵਿੱਚ ਜੈਰਾਮ ਰਮੇਸ਼ ਖੁਦ ਹਾਜ਼ਰ ਸਨ। ਮੰਤਰੀਆਂ ਦੇ ਨਾ ਆਉਣ ਕਾਰਨ ਜਗਦੀਪ ਧਨਖੜ ਨੇ ਇਹ ਮੀਟਿੰਗ ਮੰਗਲਵਾਰ ਦੁਪਹਿਰ ਤੱਕ ਮੁਲਤਵੀ ਕਰ ਦਿੱਤੀ ਪਰ ਇਸ ਤੋਂ ਦੋ ਕੁ ਘੰਟੇ ਬਾਅਦ ਹੀ ਰਾਸ਼ਟਰਪਤੀ ਨੂੰ ਲਿਖੇ ਇੱਕ ਪੱਤਰ ਵਿੱਚ ਸਿਹਤ ਦਾ ਹਵਾਲਾ ਦੇ ਕੇ ਉਪ-ਰਾਸ਼ਟਰਪਤੀ ਬਣੇ ਰਹਿਣ ਤੋਂ ਅਸਮਰੱਥਤਾ ਪਰਗਟ ਕਰ ਦਿੱਤੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਗਦੀਪ ਧਨਖੜ ਦੇ ਪਿਛਲੇ ਸਮੇਂ ਵਿੱਚ ਕੁਝ ਅਜੇਹੇ ਬਿਆਨ ਵੀ ਆਏ ਸਨ ਜੋ ਭਾਜਪਾ ਦੇ ਵਰਤਮਾਨ ਕੰਮ ਢੰਗ ਨਾਲ ਮੇਲ ਨਹੀਂ ਖਾਂਦੇ। ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਵੀ ਇੱਕ ਬਿਆਨ ਦਿੱਤਾ ਸੀ ਅਤੇ ਨਾਲ ਹੀ ਇਹ ਕਿਹਾ ਸੀ ਕਿ ਦੇਸ਼ ਦੇ ਉੱਚ ਅਹੁਦਿਆਂ ਉੱਤੇ ਬੈਠੇ ਵਿਅਕਤੀਆਂ ਨੂੰ ਵਧੇਰੇ ਸੁਚੇਤ ਹੋਣ ਦੀ ਲੋੜ ਹੈ, ਅਤੇ ਦੇਸ਼ ਦੀਆਂ ਜਮਹੂਰੀ ਰਵਾਇਤਾਂ ਕਾਇਮ ਰਹਿਣੀਆਂ ਚਾਹੀਦੀਆਂ ਹਨ। ਇਸ ਸਾਰੇ ਘਟਨਾਕ੍ਰਮ ਬਾਰੇ ਭਾਜਪਾ ਚੁੱਪ ਹੈ। ਦੂਸਰੇ ਪਾਸੇ ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਅਗਲਾ ਉਪ ਰਾਸ਼ਟਰਪਤੀ ਕੌਣ ਹੋ ਸਕਦਾ ਹੈ। ਇਹ ਬਿਹਾਰ ਤੋਂ ਨਿਤੀਸ਼ ਕੁਮਾਰ ਵੀ ਹੋ ਸਕਦਾ ਹੈ ਅਤੇ ਪੰਜਾਬ ਤੋਂ ਕੋਈ ਚਿਹਰਾ ਵੀ ਹੋ ਸਕਦਾ ਹੈ।
ਕੋਈ ਸਿੱਖ ਚਿਹਰਾ ਬਣਾਉਣ ਦੀ ਗੱਲ ਚੱਲੀ ਤਾਂ ਸੰਕੇਤ ਇਸ ਤਰ੍ਹਾਂ ਦੇ ਵੀ ਮਿਲ ਰਹੇ ਹਨ ਕਿ ਸ਼ਾਇਦ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣ ਲਿਆ ਜਾਏ ਕਿਉੰਕਿ ਭਾਜਪਾ ਇਸ ਵੇਲੇ ਸਭ ਤੋਂ ਵੱਧ ਕੇਂਦਰਿਤ ਬਿਹਾਰ ਅਤੇ ਪੰਜਾਬ ਉੱਤੇ ਹੋ ਰਹੀ ਹੈ।
