ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
ਸੰਨ 1965 ਵਿਚ ਮੁੰਬਈ ਵਿਖੇ ਯੂਨਾਈਟਿਡ ਪ੍ਰੋਡਿਊਸਰਜ਼ ਅਤੇ ਫ਼ਿਲਮ ਫ਼ੇਅਰ ਵੱਲੋਂ ਸਾਂਝੇ ਤੌਰ ’ਤੇ ‘ਆਲ ਇੰਡੀਆ ਟੈਲੈਂਟ ਕੰਟੈਸਟ’ ਭਾਵ ‘ਸਰਬ ਭਾਰਤੀ ਪ੍ਰਤਿਭਾ ਖੋਜ ਮੁਕਾਬਲਾ’ ਕਰਵਾਇਆ ਗਿਆ ਸੀ ਜਿਸ ਵਿਚ ਸ਼ਾਮਿਲ ਦਸ ਹਜ਼ਾਰ ਪ੍ਰਤੀਯੋਗੀਆਂ ਨੂੰ ਪਛਾੜ ਕੇ ਅੱਠ ਫ਼ਨਕਾਰ ਆਖ਼ਰੀ ਗੇੜ ਵਿਚ ਪੁੱਜੇ ਸਨ,
ਜਿਨ੍ਹਾਂ ਵਿਚੋਂ 23 ਸਾਲਾ ਨੌਜਵਾਨ ਜਤਿਨ ਖੰਨਾ ਆਪਣੀ ਬਾਕਮਾਲ ਅਦਾਕਾਰੀ ਦਾ ਪ੍ਰਗਟਾਵਾ ਕਰ ਕੇ ਅੱਵਲ ਰਿਹਾ ਸੀ ਤੇ ਸ਼ਰਤ ਮੁਤਾਬਿਕ ਕਈ ਸਾਰੀਆਂ ਫ਼ਿਲਮਾਂ ਹਾਸਿਲ ਕਰਨ ਵਿਚ ਕਾਮਯਾਬ ਰਿਹਾ ਸੀ, ਜਿਨ੍ਹਾਂ ਵਿਚ ‘ਆਖ਼ਰੀ ਖ਼ਤ’, ‘ਰਾਜ਼’, ‘ਔਰਤ’, ‘ਡੋਲੀ’ ਅਤੇ ‘ਇਤਫ਼ਾਕ’ ਆਦਿ ਫ਼ਿਲਮਾਂ ਦੇ ਨਾਂ ਪ੍ਰਮੁੱਖ ਸਨ| ਬੜਾ ਹੀ ਦਿਲਚਸਪ ਤੱਥ ਹੈ ਕਿ ਇਸ ਪ੍ਰਤੀਯੋਗਤਾ ਦੇ ਆਖ਼ਰੀ ਗੇੜ ਵਿਚ ਪੁੱਜੇ ਬਾਕੀ ਕਲਾਕਾਰਾਂ ਵਿਚ ਸੁਭਾਸ਼ ਘਈ ਅਤੇ ਧੀਰਜ ਕੁਮਾਰ ਵੀ ਸ਼ਾਮਿਲ ਸਨ| ਇਸ ਪ੍ਰਤੀਯੋਗਤਾ ਦੇ ਜੱਜ ਸਨ, ਬਾਲੀਵੁੱਡ ਦੇ ਦਿੱਗਜ ਫ਼ਿਲਮਕਾਰ ਬੀ.ਆਰ.ਚੋਪੜਾ, ਬਿਮਲ ਰਾਏ, ਜੀ.ਪੀ.ਸਿੱਪੀ, ਐਚ.ਐਸ.ਰਵੇਲ, ਨਾਸਿਰ ਹੁਸੈਨ, ਸ਼ਕਤੀ ਸਾਮੰਤ, ਸੁਬੋਧ ਮੁਖਰਜੀ ਅਤੇ ਜੇ.ਓਮ.ਪ੍ਰਕਾਸ਼|
ਜਤਿਨ ਖੰਨਾ ਜੋ ਬਾਅਦ ਵਿਚ ਰਾਜੇਸ਼ ਖੰਨਾ ਦੇ ਨਾਂ ਨਾਲ ਬਾਲੀਵੁੱਡ ਦੀ ਸ਼ਾਨ ਬਣ ਕੇ ਉੱਭਰਿਆ, ਬਾਲੀਵੁੱਡ ਦਾ ਅਜਿਹਾ ਪਹਿਲਾ ਸੁਪਰਸਟਾਰ ਸੀ, ਜਿਸ ਨੇ ਸੰਨ 1969 ਤੋਂ 1971 ਤੱਕ ਦੋ ਸਾਲ ਦੇ ਅਰਸੇ ਵਿਚ ਲਗਾਤਾਰ ਪੰਦਰਾਂ ਹਿੱਟ ਫ਼ਿਲਮਾਂ ਦਿੱਤੀਆਂ ਸਨ| ਉਸ ਨੇ ਆਪਣੇ ਸਮੁੱਚੇ ਕੈਰੀਅਰ ਦੌਰਾਨ ਕੁੱਲ 168 ਫ਼ਿਲਮਾਂ ਕੀਤੀਆਂ, ਜਿਨ੍ਹਾਂ ਵਿਚੋਂ 106 ਫ਼ਿਲਮਾਂ ਬਤੌਰ ਨਾਇਕ ਅਤੇ 62 ਫ਼ਿਲਮਾਂ ਬਤੌਰ ਸਹਿਨਾਇਕ ਜਾਂ ਚਰਿੱਤਰ ਅਭਿਨੇਤਾ ਵਜੋਂ ਕੀਤੀਆਂ| ਰਾਜੇਸ਼ ਨੂੰ ਫ਼ਖ਼ਰ ਸੀ ਕਿ ਉਸਦੀ ਪਹਿਲੀ ਹੀ ਫ਼ਿਲਮ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਆਸਕਰ ਪੁਰਸਕਾਰ ਲਈ ਨਾਮਜ਼ਦ ਹੋਈ ਸੀ| ਸੰਨ 1966 ਵਿਚ ਬਣੀ ਇਸ ਫ਼ਿਲਮ ਦਾ ਨਾਂ ਸੀ ‘ਆਖ਼ਰੀ ਖ਼ਤ’ ਤੇ ਇਸਨੂੰ ਨਾਮਵਰ ਨਿਰਦੇਸ਼ਕ ਚੇਤਨ ਆਨੰਦ ਨੇ ਨਿਰਦੇਸ਼ਿਤ ਕੀਤਾ ਸੀ|
ਰਾਜੇਸ਼ ਖੰਨਾ ਕੇਵਲ ਮਿਹਨਤ ਦਾ ਹੀ ਨਹੀਂ ਸਗੋਂ ਕਿਸਮਤ ਦਾ ਵੀ ਧਨੀ ਸੀ| ਉਸਨੂੰ ਜਨਮ ਦੇਣ ਵਾਲੀ ਮਾਂ ਦਾ ਨਾਂ ਚਾਂਦ ਰਾਣੀ ਖੰਨਾ ਸੀ ਤੇ ਉਸਦਾ ਪਿਤਾ ਲਾਲ ਹੀਰਾਨੰਦ ਖੰਨਾ ਪਾਕਿਸਤਾਨ ਦੇ ਬੂਰੇਵਾਲਾ ਵਿਖੇ ਸਥਿਤ ਐਮ.ਸੀ.ਹਾਈ ਸਕੂਲ ਵਿਖੇ ਬਤੌਰ ਹੈþੱਡਮਾਸਟਰ ਸੇਵਾ ਨਿਭਾਇਆ ਕਰਦਾ ਸੀ| ਰਾਜੇਸ਼ ਦਾ ਪਾਲਣ-ਪੋਸ਼ਣ ਕਰਨ ਵਾਲੇ ਮਾਪੇ ਚੂਨੀ ਲਾਲ ਖੰਨਾ ਅਤੇ ਲੀਲਾਵਤੀ ਖੰਨਾ ਸਨ, ਜੋ ਉਸਦੇ ਮਾਪਿਆਂ ਦੇ ਰਿਸ਼ਤੇਦਾਰ ਸਨ ਤੇ ਉਨ੍ਹਾਂ ਨੇ ਨਿੱਕੀ ਉਮਰੇ ਹੀ ਰਾਜੇਸ਼ ਨੂੰ ਗੋਦ ਲੈ ਲਿਆ ਸੀ| ਸ੍ਰੀ ਚੂਨੀ ਲਾਲ ਖੰਨਾ ਰੇਲਵੇ ਵਿਚ ਠੇਕੇਦਾਰ ਸਨ ਅਤੇ ਲਾਹੌਰ ਤੋਂ ਮੁੰਬਈ ਵਿਖੇ ਆਣ ਵੱਸੇ ਸਨ ਜਿਸ ਕਰਕੇ ਰਾਜੇਸ਼ ਨੂੰ ਬਾਲੀਵੁੱਡ ਦੇ ਨੇੜੇ ਹੋਣ ਦਾ ਸੁਭਾਗ ਹਾਸਿਲ ਹੋ ਗਿਆ| ਉਸਦਾ ਜਨਮ 29 ਦਸੰਬਰ 1942 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ|
ਰਾਜੇਸ਼ ਖੰਨਾ ਦੀਆਂ ਕਾਮਯਾਬ ਫ਼ਿਲਮਾਂ ਦੀ ਫ਼ਹਰਿਸਤ ਬੜੀ ਲੰਮੀ ਹੈ, ਪਰ ਉਸ ਦੀਆਂ ‘ਹਾਥੀ ਮੇਰੇ ਸਾਥੀ’, ‘ਅਰਾਧਨਾ’, ‘ਸਫ਼ਰ’, ‘ਅੰਦਾਜ਼’, ‘ਮਰਿਆਦਾ’, ‘ਕਟੀ ਪਤੰਗ’, ‘ਮਹਿਬੂਬਾ’, ‘ਅਮਰ ਪ੍ਰੇਮ’, ‘ਨਮਕ ਹਰਾਮ’, ‘ਕੁਦਰਤ’, ‘ਅਗਰ ਤੁਮ ਨਾ ਹੋਤੇ’, ‘ਨਜ਼ਰਾਨਾ’, ‘ਧਰਮ ਕਾਂਟਾ’, ‘ਮਕਸਦ’, ‘ਅਲਗ-ਅਲਗ’, ‘ਸੌਤਨ’, ‘ਆਪ ਕੀ ਕਸਮ’, ‘ਰਾਜਪੂਤ’, ‘ਅਨੁਰੋਧ’, ‘ਸਵਰਗ’, ‘ਦੋ ਰਾਸਤੇ’, ‘ਆਨੰਦ’, ‘ਮਹਿਬੂਬ ਕੀ ਮਹਿੰਦੀ’, ‘ਆਨ ਮਿਲੋ ਸਜਨਾ’, ‘ਅਵਤਾਰ’ ਅਤੇ ‘ਰੋਟੀ’ ਆਦਿ ਫ਼ਿਲਮਾਂ ਦਾ ਵਿਸ਼ੇਸ਼ ਤੌਰ ’ਤੇ ਜ਼ਿਕਰ ਕਰਨਾ ਬਣਦਾ ਹੈ| ਉਸਨੇ ਬਤੌਰ ਨਿਰਮਾਤਾ ਤਿੰਨ ਫ਼ਿਲਮਾਂ ਬਣਾਈਆਂ ਸਨ, ਜਿਨ੍ਹਾਂ ਵਿਚੋਂ ‘ਅਲਗ-ਅਲਗ’ ਰਿਲੀਜ਼ ਹੋਈ ਸੀ ਤੇ ਹਿੱਟ ਰਹੀ ਸੀ, ਪਰ ‘ਪੁਲੀਸ ਕੇ ਪੀਛੇ ਪੁਲੀਸ’ ਅਤੇ ‘ਜੈ ਸ਼ਿਵ ਸ਼ੰਕਰ’ ਨਾਮਕ ਫ਼ਿਲਮਾਂ ਰਿਲੀਜ਼ ਨਹੀਂ ਹੋ ਸਕੀਆਂ ਸਨ| ਬਤੌਰ ਸਹਿ-ਨਿਰਮਾਤਾ ਉਸ ਵੱਲੋਂ ਬਣਾਈਆਂ ‘ਰੋਟੀ’, ‘ਮਹਿਬੂਬ ਕੀ ਮਹਿੰਦੀ’ ਅਤੇ ‘ਬਰਸਾਤ’ ਪੂਰੀ ਤਰ੍ਹਾਂ ਸਫ਼ਲ ਰਹੀਆਂ ਸਨ|
ਸੰਨ 1992 ਵਿਚ ਨਵੀਂ ਦਿੱਲੀ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਮਹਾਨ ਅਦਾਕਾਰ ਰਾਜੇਸ਼ ਖੰਨਾ ਦੀ ਸ਼ਾਦੀ ਸੰਨ 1973 ਵਿਚ ਅਦਾਕਾਰਾ ਡਿੰਪਲ ਕਪਾਡੀਆ ਨਾਲ ਹੋਈ ਸੀ ਤੇ ਉਸ ਦੀਆਂ ਦੋ ਧੀਆਂ ਟਵਿੰਕਲ ਖੰਨਾ ਅਤੇ ਰਿੰਕੀ ਖੰਨਾ ਹਨ। ਟਵਿੰਕਲ ਖੰਨਾ ਅਦਾਕਾਰ ਅਕਸ਼ੈ ਕੁਮਾਰ ਨਾਲ ਆਪਣਾ ਸਫ਼ਲ ਵਿਆਹੁਤਾ ਜੀਵਨ ਬਿਤਾਅ ਰਹੀ ਹੈ| ਕਿਸੇ ਵੇਲੇ ਬਾਲੀਵੁੱਡ ਦੇ ਸਮੂਹ ਅਦਾਕਾਰਾਂ ਵਿਚੋਂ ਰਾਜੇਸ਼ ਖੰਨਾ ਇੱਕ ਮਾਤਰ ਐਸਾ ਅਦਾਕਾਰ ਸੀ ਜਿਸ ਕੋਲ ਸਭ ਤੋਂ ਮਹਿੰਗੀ ਐਮ.ਜੀ. ਸਪੋਰਟਸ ਕਾਰ ਸੀ| 18 ਜੁਲਾਈ, 2012 ਨੂੰ ਇਸ ਮਹਾਨ ਅਦਾਕਾਰ ਦਾ ਦੇਹਾਂਤ ਹੋ ਗਿਆ|
-ਮੋਬਾ: 97816-46008
