ਸਕੱਤਰ ਸਿੰਘ ਸੰਧੂ
ਫੋਨ: 206-766-0551
ਅੱਜ 22 ਜੁਲਾਈ 2025 ਸਵੇਰੇ ਉੱਠਦਿਆਂ ਦਿਮਾਗ ਵਿਚ ਆਇਆ ਕਿ ਜ਼ਿੰਦਗੀ ਬੜੀ ਤੇਜ਼ੀ ਨਾਲ ਗੁਜ਼ਰ ਰਹੀ ਹੈ।
ਕਈਆਂ ਨੂੰ ਜ਼ਿੰਦਗੀ ਵਿਚ ਬਹੁਤ ਮਿਹਨਤ ਕਰਕੇ ਅਤੇ ਨਾਮ ਬਣਾ ਕੇ ‘ਬਾਈ ਜੀ’ ਕਹਾਉਣ ਦਾ ਮੌਕਾ ਮਿਲਦਾ, ਤੇ ਕਈ ਜੰਮਦੇ ਈ ‘22’ ਨੂੰ ਆ। ਮੈਨੂੰ ਸੱਤਵੀਂ ਜਮਾਤ ਵਿਚ ਮਾਸਟਰ ਨੇ ਦੱਸਿਆ ਸੀ ਕਿ ਤੇਰੇ ਨਾਮ ‘ਸਕੱਤਰ’ ਦਾ ਮਤਲਬ ‘ਸੈਕਟਰੀ’ ਹੈ। ਜੋ ਜ਼ਿਆਦਾ ਕਰਕੇ ਸਭਾਵਾਂ ਜਾਂ ਸਟੇਜਾਂ ਤੇ ਬੋਲਣ ਵਾਲੇ ਨੂੰ ਕਹਿੰਦੇ ਹਨ।
ਜਿਹੜੇ ਬੱਚੇ ਹੁਣ ਪੈਦਾ ਹੋ ਰਹੇ ਹਨ, ਜਦੋਂ ਓਹ ਆਪਣਾਂ 21ਵਾਂ ਜਨਮ ਦਿਨ ਮਨਾਉਣਗੇ, ਓਦੋਂ ਤੱਕ ਮੈਂ 80 ਵਰਿ੍ਹਆਂ ਦਾ ਹੋ ਚੁੱਕਾ ਹੋਵਾਂਗਾ। ਓਸ ਪੀੜ੍ਹੀ ਕੋਲ੍ਹ ਬਜ਼ੁਰਗਾਂ ਨੇੜੇ ਬਹਿਣ ਦਾ ਸਮਾਂ ਬਿੱਲਕੁੱਲ ਨਹੀਂ ਹੋਵੇਗਾ। ਕਦੇ ਕਦੇ ਓਹ ਮਿਊਜ਼ੀਅਮ ਵਿਚ ਰੱਖੀਆਂ ਪੁਰਾਣੀਆਂ ਚੀਜ਼ਾਂ ਦੇਖਣ ਵਾਂਗ ਮੇਰੇ ਕੋਲ੍ਹ ਬਹਿ ਕੇ ਸਾਡੇ ਵੇਲ੍ਹੇ ਦੀਆਂ ਗੱਲਾਂ ਸੁਣ ਕੇ ਹੈਰਾਨ ਹੋਇਆ ਕਰਨਗੇ।
ਓਸ ਵੇਲੇ ਦੇ ਸਮਾਰਟ ਘਰਾਂ ਵਿਚ ਰਹਿ ਕੇ ਸਵੇਰੇ ਸ਼ੀਸ਼ੇ ਸਾਹਮਣੇਂ ਖੜ੍ਹੇ ਹੋ ਕੇ ਜਦੋਂ ਤਿਆਰ ਹੋਣਗੇ ਤਾਂ ਸ਼ੀਸ਼ਾ ਉਨ੍ਹਾਂ ਦੀ ਸ਼ਕਲ ਦਿਖਾਉਣ ਤੋਂ ਇਲਾਵਾ ਦੱਸੇਗਾ ਕਿ ਸਰੀਰ ਦਾ ਤਾਪਮਾਨ ਅਤੇ ਦਿਲ ਦੀ ਧੜਕਣ ਨਾਰਮਲ ਹੈ, ਰਾਤ ਦੀ ਨੀਂਦ 92% ਰਹੀ, ਸਰੀਰ ਵਿਚ ਪਾਣੀਂ ਦੀ ਕਮੀਂ ਹੈ, ਇੱਕ ਗਿਲਾਸ ਪਾਣੀਂ ਦਾ ਪੀਓ। ਬਲੱਡ ਪ੍ਰੈਸ਼ਰ ਬਿਨਾਂ ਪੁੱਛੇ ਡਿਸਪਲੇਅ ਕਰੇਗਾ ਤਾਂ ਉਨ੍ਹਾਂ ਲਈ ਸਾਡੇ ਵੇਲੇ ਇੱਕ ਪੱਖੇ ਅੱਗੇ ਕੋਠੇ ਉੱਤੇ ਮੰਜੇ ਡਾਹ ਕੇ ਖੁੱਲੇ ਅਸਮਾਨ ਥੱਲੇ ਸੌਣਾਂ ਤੇ ਸਵੇਰ ਨੂੰ ਨਲਕੇ ਦੇ ਪਾਣੀਂ ਨਾਲ ਨਹਾ ਕੇ ਸਕੂਲ ਲਈ ਤਿਆਰ ਹੋਣਾਂ ਹੈਰਾਨੀਜਨਕ ਹੋਵੇਗਾ।
ਘਰ ਵਿਚ AI ਅਸਿਸਟੈਂਟ ਅਵਾਜ ਦੇਵੇਗੀ ਕਿ ਬੱਚਿਆਂ ਦਾ ਬ੍ਰੇਕਫਾਸਟ ਤਿਆਰ ਹੈ, ਉੱਡਣ ਵਾਲੀ ਕਾਰ ਆਪਣੇਂ ਆਪ ਗੈਰਾਜ ਖੋਲ੍ਹ ਕੇ ਡਰਾਈਵਵੇਅ ਵਿਚ ਖੜੀ ਵੇਟ ਕਰ ਰਹੀ ਹੈ।
AI ਅਸਿਸਟੈਂਟ ਘਰ ਦੇ ਮਾਲਿਕ ਮਿਸਟਰ ਸਿੰਘ ਨੂੰ ਪਿਆਰ ਨਾਲ ਰਿਮਾਈਂਡ ਕਰਾਏਗੀ ਕਿ ਅੱਜ ਸਵੇਰੇ 10 ਵਜੇ ਤੁਹਾਡੀ ਵਿਰਚੁਅਲ ਮੀਟਿੰਗ ਹੈ। ਘਰ ਦੀ ਛੱਤ `ਤੇ ਲੱਗੇ ਸੋਲਰ ਪੈਨਲ ਦੀ ਐਨਰਜੀ ਨਾਲ ਜਗਮਗ ਕਰਦੇ ਸਾਰੇ ਘਰ ਦੀਆਂ ਲੋੜਾਂ ਪੂਰੀਆਂ ਹੋਣਗੀਆਂ, ਕਿਚਨ ਵਿਚ AI ਨਾਲ ਅਸਿਸਟ ਕੀਤੇ ਰੋਬੋਟ ਦਾ ਬਣਿਆਂ ਸੁਆਦੀ ਪ੍ਰੋਟੀਨ ਸ਼ੇਕ, ਲੈਬ-ਗ੍ਰੋਨ ਪਨੀਰ ਦੇ ਪਰੌਂਠੇ, ਤੇ ਇਲੈਕਟਰੋਲਾਈਟ ਵਾਲੀ ਚਾਹ ਵਾਲਾ ਬ੍ਰੇਕਫਾਸਟ ਕਰਦਿਆਂ ਨੂੰ ਜਦੋਂ ਮੇਰੀ ਗੱਲ ਯਾਦ ਆਵੇਗੀ ਕਿ ਸਾਡੀਆਂ ਮਾਵਾਂ ਤੇ ਦਾਦੀਆਂ-ਨਾਨੀਆਂ ਲੱਕੜਾਂ ਅਤੇ ਪਾਥੀਆਂ ਬਾਲ ਕੇ ਸਾਰੇ ਟੱਬਰ ਦਾ ਸਾਗ ਰਿੰਨਦੀਆਂ ਸਨ ਤਾਂ ਅਚਾਨਕ ਆਏ ਹਾਸੇ ਨਾਲ ਉਨ੍ਹਾਂ ਦੀ ਹਾਲਤ ਉੱਥੂ ਵਰਗੀ ਹੋ ਜਾਵੇਗੀ।
ਘਰ ਦੀ ਸਰਦਾਰਨੀ ਬਹੂ ਰਾਣੀ ਰੋਬੋਟ ਵੱਲੋਂ ਕਿਚਨ ਦਾ ਸਾਰਾ ਕੰਮ ਸਹੀ ਤਰੀਕੇ ਹੁੰਦਾ ਦੇਖ ਸੱਸ ਦੀ ਕਿਸਮਤ ਉੱਤੇ ਹੱਸੇਗੀ ਕਿ ਸੱਸ ਸਾਰੇ ਟੱਬਰ ਦੀਆਂ ਰੋਟੀਆਂ ਹੱਥੀਂ ਪਕਾਉਂਦੀ ਰਹੀ ਹੈ।
ਕਈ ਲੋਕ ਵੱਖਰੀਆਂ ਕੰਪਨੀਆਂ ਵੱਲੋਂ ਤਿਆਰ ਕੀਤੀਆਂ ਸੋਹਣੀਆਂ ਸ਼ਕਲਾਂ ਨਾਲ ਅਸਲ ਨਜ਼ਰ ਆਉਣ ਵਾਲੀਆਂ ਨਕਲੀ ਤੀਵੀਂਆਂ ਨਾਲ ਘੁੰਮਣਗੇ।
ਬਹੁ ਗਿਣਤੀ ਐਡਵਾਂਸ ਅਤੇ ਅਮੀਰ ਲੋਕ ਉੱਡਣ ਵਾਲੀਆਂ ਆਟੋ ਕੰਟਰੋਲ ਕਾਰਾਂ ਵਿਚ ਬਿਨਾਂ ਸਟੇਰਿੰਗ ਫੜ੍ਹਿਆਂ ਤੋਂ ਸੇਫ਼ ਸਫ਼ਰ ਕਰਨਗੇ।
ਬਹੁ ਗਿਣਤੀ ਕਾਰਾਂ ਹਵਾ ਵਿਚ ਉੱਡਦੀਆਂ ਦਿਸਣਗੀਆਂ, ਸੜਕਾਂ ਤੇ ਕਾਰਾਂ ਰਾਹੀਂ ਸਫ਼ਰ ਕਰਨ ਵਾਲੇ ਲੋਕ ਅਨਪੜ੍ਹ, ਪਿੱਛੜੇ ਅਤੇ ਗਰੀਬ ਗਿਣੇਂ ਜਾਣਗੇ। ਮੇਰੇ ਕੋਲ ਬਹਿ ਕੇ ਗੱਲਾਂ ਸੁਣਨ ਵਾਲੇ ਬੱਚੇ ਜਦ ਆਪਣੇਂ ਆਪਣੇਂ ਘਰਾਂ ਤੋਂ ਉੱਡਣ ਵਾਲੀਆਂ ਕਾਰਾਂ ਵਿਚ ਬਹਿ ਕੇ ਸਕੂਲਾਂ ਲਈ ਰਵਾਨਾਂ ਹੋਣਗੇ, ਤਾਂ ਓਹ ਮੇਰੇ ਵੇਲੇ ਪ੍ਰਾਇਮਰੀ ਸਕੂਲਾਂ ਵਿਚ ਬੋਰੀਆਂ ਜਾਂ ਟਾਟਾਂ ਉੱਤੇ ਬਹਿਣ ਅਤੇ ਹਾਈ ਸਕੂਲ ਵੇਲੇ ਬਹੁਤੇ ਵਿਦਿਆਰਥੀਆਂ ਵੱਲੋਂ ਖੇਤਾਂ ਵਿਚੋਂ ਦੀ ਤੁਰ ਕੇ ਨਾਲ ਦੇ ਪਿੰਡ ਹਾਈ ਸਕੂਲੇ ਰੋਜਾਨਾਂ ਜਾਣ-ਆਉਣ ਦੀ ਗੱਲ ਯਾਦ ਕਰ ਕੇ ਬਹੁਤ ਹੈਰਾਨ ਹੋਣਗੇ।
ਆਪਣੀਆਂ ਅੱਖਾਂ ਵਿਚ ਪਾਏ ਕਲੀਅਰ ਅਤੇ ਨਾਂ ਦਿਸਣ ਵਾਲੇ ਲੈਂਜਾਂ ਨਾਲ ਜਦੋਂ ਓਹ ਮੇਰੀ ਗੱਲਾਂ ਕਰਦੇ ਦੀ ਮੈਨੂੰ ਬਿਨਾਂ ਦੱਸੇ ਵੀਡੀਓ ਰਿਕਾਰਡ ਕਰ ਰਹੇ ਹੋਣਗੇ ਤਾਂ ਸਾਡੇ ਵੇਲ੍ਹੇ ਦੀ ਦੱਸੀ ਬਲੈਕ ਐਂਡ ਵਾਈਟ ਫੋਟੋਆਂ, ਕਿਸੇ ਕਿਸੇ ਕੋਲ਼੍ਹ ਕੈਮਰਾ ਹੋਣ, ਨੈਗੇਟਿਵ ਧੁਆ ਕੇ ਫੋਟੋਆਂ ਬਣਾਉਣ ਦੀ ਗੱਲ ਤੇ ਹੈਰਾਨ ਹੋਣਗੇ।
ਜਦੋਂ ਬੱਚਿਆਂ ਦੀ ਹਰ ਮੁਸ਼ਕਿਲ ਦਾ ਜੁਆਬ AI ਦੇਵੇਗੀ, ਤਾਂ ਸਾਡੇ ਵੇਲੇ ਪਹਾੜਿਆਂ ਨੂੰ ਲਵਾਏ ਘੋਟੇ, ਸਾਇੰਸ ਅਤੇ ਮੈਥ ਟੀਚਰਾਂ ਵੱਲੋਂ ਸੋਟੀਆਂ ਨਾਲ ਵਿਦਿਆਰਥੀਆਂ ਨੂੰ ਕੁੱਟੇ ਜਾਣ ਤੇ ਓਹ ਪੁੱਛਣਗੇ ਕਿ ਫੇਰ ਬੱਚੇ ਟੀਚਰਾਂ ‘ਤੇ Sue ਕਿਉਂ ਨਹੀਂ ਸੀ ਕਰਦੇ?
ਵੀਕਐਂਡ ਤੇ ਸ਼ਾਮ ਨੂੰ ਜਦੋਂ Holographic ਰੂਪ ਵਿਚ ਇੰਡੀਆ, ਇੰਗਲੈਂਡ, ਕੈਨੇਡਾ, ਅਮਰੀਕਾ ਵਾਲੇ ਸਾਰੇ ਇਕੱਠੇ ਗੱਲਾਂ ਕਰਨਗੇ ਤਾਂ ਮੇਰੇ ਕੋਲੋਂ ਗੱਲਾਂ ਸੁਣਨ ਵਾਲ਼ੇ ਬੱਚੇ ਹੈਰਾਨੀ ਨਾਲ ਸਾਰਿਆਂ ਨੁੰ ਦੱਸਣਗੇ ਕਿ ਯੂ ਨੋਅ ਸਾਡਾ ਗੁਆਂਢੀ ਬਾਬਾ ਦੱਸਦਾ ਹੁੰਦਾ ਕਿ 1980-90’ਸ ਵਿਚ ਲੋਕ ਇੱਕ-ਦੂਜੇ ਨੂੰ ਚਿੱਠੀਆਂ ਲਿਖ ਕੇ ਕਈ ਕਈ ਮਹੀਨੇ ਜੁਆਬ ਦੀ ਵੇਟ ਕਰਦੇ ਹੁੰਦੇ ਸਨ।
ਬੱਚੇ ਦੇ ਜੰਮਣ ਤੋਂ ਪਹਿਲਾਂ ਮਾਪਿਆਂ ਨੂੰ ਪਤਾ ਲੱਗ ਜਾਇਆ ਕਰੇਗਾ ਕਿ ਸਾਡਾ ਬੱਚਾ ਕਿਸ ਦਰਜੇ ਦਾ ਹੁਸ਼ਿਆਰ, ਸ਼ਰਾਰਤੀ, ਲੰਬਾ, ਮੋਟਾ, ਸੁਭਾਅ ਅਤੇ ਨੈਚੁਰਲ ਕਿੰਨੀਂ ਉਮਰ ਭੋਗੇਗਾ। ਕਿਹੜੀ ਉਮਰ ਵਿਚ ਕਿਹੜੀ ਬਿਮਾਰੀ ਲੱਗਣ ਦਾ ਖ਼ਦਸ਼ਾ ਹੋਵੇਗਾ।
ਮੈਂ ਦੱਸਾਂਗਾ ਕਿ ਅਸੀਂ ਆਪਣੇਂ ਪਿੰਡ ਸੱਭ ਤੋਂ ਪਹਿਲਾ ਟੀ ਵੀ, ਇੱਕ ਦੋ ਕਾਰਾਂ, ਇੱਕ-ਦੋ ਲੈਂਡਲਾਈਨ ਫੋਨ, ਵਿਦੇਸ਼ ਫੋਨ ਕਰਨ ਲਈ ਪਹਿਲਾਂ ਡਾਕਖ਼ਾਨੇ ਤੇ ਫੇਰ ਓਸ ਵੇਲੇ ਦਾ ਮੌਡਰਨ ਮਾਡਲ STDaF ਉੱਤੇ ਲੱਗੀਆਂ ਲਾਈਨਾਂ ਦੇਖੀਆਂ।
ਓਹ ਸੁਣ ਕੇ ਹੈਰਾਨ ਹੋਣਗੇ ਕਿ ਜਿਸ ਕਣਕ ਦੀਆਂ ਓਹ ਬਰੈੱਡਾਂ ਖਾਂਦੇ ਹਨ, ਸਾਡੇ ਬਜ਼ੁਰਗ ਫਸਲ ਬੀਜਣ ਲਈ ਤੜਕੇ 2-3 ਵਜੇ ਚੰਨ-ਚਾਨਣੀਂ ਵਿਚ ਬਲਦਾਂ ਨਾਲ ਨੰਗੇ ਪੈਰੀਂ ਹਲ੍ਹ ਨਾਲ ਸਵੇਰ ਤੱਕ ਕਿੱਲਾ-ਕਿੱਲਾ ਪੈਲ਼ੀ ਦਾ ਵਾਹ ਦਿੰਦੇ ਸਨ ਜਿਸ ਦੀ ਔਸਤਨ ਵਾਟ 25-30 ਕਿਲੋਮੀਟਰ ਤੱਕ ਬਣ ਜਾਂਦੀ ਸੀ। ਬੱਚੇ ਸਵੇਰੇ ਪੰਜਾਬ ਜਾ ਕੇ ਦੂਜੇ ਦਿਨ ਵਾਪਸ ਅਮਰੀਕਾ ਆਉਣ ਵਾਲੀਆਂ ਫਲਾਈਟਾਂ ਦਾ ਆਨੰਦ ਮਾਣਦੇ ਤੇ ਉੱਡਣੀਆਂ ਕਾਰਾਂ ਵਿਚ ਵਿਆਹਾਂ ਤੇ ਜਾਂਦੇ ਹੋਏ ਇਹ ਸੁਣ ਕੇ ਹੈਰਾਨ ਹੋਣਗੇ ਕਿ ਸਾਡੇ ਵੱਡਿਆਂ ਵੇਲੇ ਬੈਲ ਗੱਡੀਆਂ ਉੱਤੇ ਦੁਲਹਨ ਨੂੰ ਲਿਆਉਣਾਂ ਹੀ ਟੌਹਰ ਸੀ। ਕਈ ਗੱਡਿਆਂ ਤੇ ਬਰਾਤੇ ਜਾਂਦੇ ਤੇ ਕਈ ਤੁਰ ਕੇ ਵੀ ਬਰਾਤੇ ਚਲੇ ਜਾਂਦੇ ਸਨ।
2046-47 ਦੇ ਓਸ ਰੁਝੇਵਿਆਂ ਭਰੇ ਸਮੇਂ ਵੀ ਮੈਨੂੰ ਪਿਆਰ ਕਰਨ ਵਾਲੇ ਅਤੇ ਮੇਰੇ ਕੋਲ੍ਹ ਬਹਿ ਕੇ ਪੁਰਾਣੇਂ ਜ਼ਮਾਨੇ ਦੀਆਂ ਗੱਲਾਂ ਸੁਣਨ ਵਾਲੇ ਨੌਜੁਆਨਾਂ ਦਾ ਇਕੱਠ ਦਿਨੋਂ-ਦਿਨ ਵਧਦਾ ਜਾਵੇਗਾ।
ਮੇਰੇ ਕੋਲ੍ਹ ਪੁਰਾਣੇਂ ਸਮੇਂ ਦੀਆਂ ਅਣਕਹੀਆਂ ਤੇ ਉਨ੍ਹਾਂ ਲਈ ਅਣਸੁਣੀਆਂ ਸੱਚੀਆਂ ਘਟਨਾਵਾਂ ਦਾ ਵੱਡਾ ਭੰਡਾਰ ਹੋਵੇਗਾ।
ਓਹ ਫਿਲਮਾਂ ਦੇਖਣ ਜਾਂ ਕਿਤਾਬਾਂ ਪੜ੍ਹਨ ਦੀ ਬਜਾਏ ਮੇਰੇ ਮੂੰਹੋਂ ਅੱਖੀਂ ਦੇਖੇ ਓਸ ਵੇਲੇ ਦੇ ਸਮਾਜਿਕ ਚਿਤਰਨ ਨੂੰ ਸੁਣਨ ਦੀ ਪਹਿਲ ਦੇਣਗੇ।
ਮੈਂ ਦੱਸਾਂਗਾ 1965 ਦੀ ਜੰਗ ਤੋਂ ਬਾਅਦ ਦਾ ਮੇਰਾ ਜਨਮ ਹੈ, 1971 ਦੀ ਲੜਾਈ ਵੇਲੇ ਦੀ ਇੱਕ ਰਾਤ ਅੱਜ ਵੀ ਯਾਦ ਹੈ ਜਦੋਂ ਹਨੇਰੇ ਦੇ ਹੁਕਮ ਦੌਰਾਨ ਮੇਰੀ ਮਾਂ ਮੈਨੂੰ ਸੇਫ ਅਤੇ ਸੁਰੱਖਿਅਤ ਥਾਂ ਤੇ ਸੁਲਾਉਣ ਦਾ ਯਤਨ ਕਰਦੀ ਸੀ।
ਅਸੀਂ 1984 ਦੇ ਅਟੈਕ ਤੋਂ ਪਹਿਲਾਂ ਅਤੇ ਬਾਅਦ ਵਾਲਾ ਦਰਬਾਰ ਸਾਹਿਬ ਵੀ ਦੇਖਿਆ ਹੈ। ਨਵੰਬਰ 84, ਅਤੇ 1982 ਤੋਂ 1992 ਤੱਕ ਦੇ ਪੰਜਾਬ ਦੀ ਜ਼ਿੰਦਗੀ ਨੂੰ ਪੰਜਾਬ ਦੇ ਵਿਚ ਰਹਿ ਕੇ ਕਿਵੇਂ ਜੀਵਿਆ ਹੈ, ਇਹ ਗੱਲਾਂ ਸੁਣਦਿਆਂ ਓਸ 2046 ਦੇ ਨੌਜੁਆਨ ਕੁੱਝ ਕੁ ਹੁਣ ਤੱਕ ਜੰਮੇਂ ਤੇ ਕੁੱਝ ਜਿਨ੍ਹਾਂ ਨੇ ਅਜੇ ਜੰਮਣਾਂ ਹੈ, ਇਹ ਗੱਲਾਂ ਸਾਹ ਰੋਕ ਕੇ ਸੁਣਿਆਂ ਕਰਨਗੇ।
ਫੇਰ ਉਨ੍ਹਾਂ ਸਭਨਾਂ ਤੇ ਕਹਿਣ ‘ਤੇ ਮੈਂ ਆਪਣੀਂ ਉਮਰ ਦੇ ਅੱਸੀ ਵਰ੍ਹੇ ਪੂਰੇ ਹੋਣ ਤੋਂ ਬਾਅਦ ਪਿਛਲੇ ਅੱਠ ਦਹਾਕਿਆਂ ਵਿਚ ਜ਼ਿੰਦਗੀ ਦੇ ਸਫ਼ਰ ਅਤੇ ਬਦਲ ਕੇ ਕਿੱਥੋਂ ਚੱਲ ਕੇ ਕਿੱਥੇ ਪਹੁੰਚੀ ਦੁਨੀਆਂ ਦੀ ਤਰੱਕੀ ਤੇ ਇੱਕ ਕਿਤਾਬ ਲਿਖਾਂਗਾ।
ਹੁਣ ਜਿਹੜੇ ਸੱਜਣ ਉੱਪਰ ਪੜ੍ਹਦੇ-ਪੜ੍ਹਦੇ ਇਹ ਸੋਚ ਰਹੇ ਹਨ ਕਿ ਇੱਕ ਸਾਹ ਦਾ ਵਿਸਾਹ ਨਹੀਂ ਤੂੰ ਗੱਲਾਂ ਦੋ ਦਹਾਕੇ ਬਾਅਦ ਦੀਆਂ ਕਰਦਾ ਹੈਂ, ਉਨ੍ਹਾਂ ਸੱਜਣਾਂ ਨੂੰ ਮੈਂ ਕਿਤਾਬ ਪੈਸੇ ਲੈ ਕੇ ਮਹਿੰਗੇ ਭਾਅ ਵਿਚ ਵੇਚਾਂਗਾ।
ਬਾਕੀ ਦੇ ਕਰੋੜਾਂ ਪਾਠਕਾਂ ਲਈ ਤੇ ਹਰ ਕਿਸੇ ਲਈ ਮੇਰੀ ਓਹ ਕਿਤਾਬ ਬਿੱਲਕੁੱਲ ਫ਼ਰ੍ਹੀ ਹੋਵੇਗੀ।
ਪੜ੍ਹਦੇ-ਸੁਣਦੇ ਹਰ ਇੱਕ ਸੱਜਣ-ਪਿਆਰੇ ਨੂੰ ਵਾਹਿਗੁਰੂ ਅੱਜ ਤੋਂ ਅੱਗੇ ਸੌ ਸਾਲ ਹੋਰ ਤੰਦਰੁਸਤੀ ਵਾਲੀ ਲੰਬੀ ਉਮਰ ਬਖਸ਼ੇ, ਤਾਂ ਕਿ 25 ਸਾਲਾਂ ਬਾਅਦ ਆਉਣ ਵਾਲੀ ਮੇਰੀ ਏਸ ਦੁਨੀਆਂ ਦੇ ਇਤਿਹਾਸ ਦੀ ਸੱਭ ਤੋਂ ਵਧੀਆ, ਸੱਭ ਤੋਂ ਵੱਧ ਤੇ ਵੱਡੀ ਰਿਕਾਰਡ ਗਿਣਤੀ ਵਿਚ ਛਪਣ ਵਾਲੀ ਤੇ ਜਾਣਕਾਰੀ ਭਰਪੂਰ ਕਿਤਾਬ ਤੁਸੀਂ ਪੜ੍ਹ ਸਕੋ।
ਏਸ ਪੋਸਟ ਨੂੰ ਲਾਈਕ ਅਤੇ ਵਧੀਆ ਕੁਮੈਂਟ ਕਰਨ ਵਾਲੇ ਸਾਰੇ ਨਾਵਾਂ ਦਾ ਜ਼ਿਕਰ ਮੈਂ 25 ਸਾਲ ਬਾਅਦ ਆਉਣ ਵਾਲੀ ਆਪਣੀਂ ਕਿਤਾਬ ਵਿਚ ‘ਜ਼ਰੂਰ’ ਕਰਾਂਗਾ।
