ਕੁਦਰਤ ਦਾ ਕੌਤਕ ਸੀ ਬਾਬਾ ਫੌਜਾ ਸਿੰਘ

ਪ੍ਰਿੰ. ਸਰਵਣ ਸਿੰਘ
ਫੋਨ: 647-785-1661
ਬਾਬਾ ਫੌਜਾ ਸਿੰਘ ਕੁਦਰਤ ਦਾ ਕ੍ਰਿਸ਼ਮਾ ਸੀ। ਉਹ ਮਾਤਾ ਗਿਆਨ ਕੌਰ ਦੀ ਕੁੱਖੋਂ ਤੇ ਰਹਿਮੋ ਦਾਈ ਦੇ ਹੱਥੋਂ ਜੰਮਿਆ ਤਾਂ ਉਹਦੇ ਬਚਣ ਦੀ ਆਸ ਨਹੀਂ ਸੀ। ਪਰ ਉਹ 114 ਸਾਲ 3 ਮਹੀਨੇ 14 ਦਿਨ ਜੀਵਿਆ। ਨਾ ਸਿਰਫ਼ ਜੀਵਿਆ ਬਲਕਿ ਗੁਰਾਂ ਦੀ ਦੱਸੀ ਜੀਵਨ ਜਾਚ, ‘ਹਸੰਦਿਆਂ, ਖੇਲੰਦਿਆਂ, ਖਵੰਦਿਆਂ, ਪੈਨੰਦਿਆਂ’ ਨਾਲ ਮੈਰਾਥਨ ਦੌੜਾਂ ਦੌੜਨ ਦਾ ਕੌਤਕ ਵੀ ਵਰਤਾਅ ਗਿਆ।

ਇਹ ਵੀ ਕੋਈ ਕੌਤਕ ਹੋਵੇਗਾ ਕਿ ਬਚਪਨ ਦੇ ਪਹਿਲੇ ਪੰਜ ਸਾਲ ਉਹ ਪੰਜ ਕਦਮ ਤੁਰਨ ਜੋਗਾ ਵੀ ਨਹੀਂ ਸੀ ਹੋਇਆ! ਇਥੋਂ ਤੱਕ ਕਿ ਰਿੜ੍ਹਨ ਤੇ ਖੜ੍ਹਨ ਵੀ ਬੜੀ ਦੇਰ ਨਾਲ ਲੱਗਾ। ਛੇਵਾਂ ਸਾਲ ਲੱਗਣ `ਤੇ ਜਦੋਂ ਉਹ ਤੁਰਨ ਜੋਗਾ ਹੋਇਆ ਤਾਂ ਘਰ ਦਿਆਂ ਨੇ ਪਿੰਡ `ਚ ਕੜਾਹ ਵੰਡਿਆ।
ਉਹਦੀ ਮਾਂ ਖੇਤ ਰੋਟੀ ਲੈ ਕੇ ਜਾਂਦੀ ਤਾਂ ਉਹ ਵੀ ਨਾਲ ਜਾਣ ਦੀ ਜ਼ਿਦ ਕਰਦਾ। ਉਹ ਉਂਗਲ ਫੜ ਕੇ ਤੋਰਨ ਦਾ ਚਾਰਾ ਕਰਦੀ ਤਾਂ ਫੌਜੇ ਦੀਆਂ ਲੱਤਾਂ ‘ਚ ਚੀਸਾਂ ਪੈਣ ਲੱਗਦੀਆਂ। ਮਾਂ ਉਹਦੀਆਂ ਲੱਤਾਂ ‘ਤੇ ਪੱਟੀਆਂ ਬੰਨ੍ਹਦੀ ਰਹਿੰਦੀ। ਜਿਥੇ ਕਿਸੇ ਰੁੱਖ ਦੀ ਛਾਂ ਹੁੰਦੀ ਉਥੇ ਬਹਿ ਕੇ ਦਮ ਲੈਣ ਲੱਗਦੇ। ਪੰਦਰਾਂ ਸਾਲ ਦੀ ਉਮਰ ਤਕ ਉਹ ਲਗਾਤਾਰ ਇੱਕ ਮੀਲ ਵੀ ਨਾ ਤੁਰ ਸਕਿਆ। ਅਜਿਹੇ ਮੁੰਡੇ ਨੂੰ ਤਾਂ ਰਿਸ਼ਤਾ ਹੋਣਾ ਵੀ ਮੁਸ਼ਕਲ ਸੀ ਕਿਉਂਕਿ ਕੁੜੀਆਂ ਜੰਮਦੀਆਂ ਮਾਰ ਦਿੱਤੀਆਂ ਜਾਂਦੀਆਂ ਸਨ। ਕਿਸਾਨਾਂ ਦੇ ਮੁੰਡੇ ਲਵੀ ਉਮਰ ‘ਚ ਵਿਆਹੇ ਜਾਂਦੇ ਤਾਂ ਵਿਆਹੇ ਜਾਂਦੇ ਨਹੀਂ ਛੜੇ ਰਹਿ ਜਾਂਦੇ।
ਉਹਦੇ ਪਿਤਾ ਦਾ ਨਾਂ ਮਿਹਰ ਸਿੰਘ ਸੀ। ਉਹ ਵਿਚਾਰਾ ਥੁੜ੍ਹਿਆ-ਟੁੱਟਿਆ ਕਿਸਾਨ ਸੀ ਜਿਸ ਦਾ ਵੱਡਾ ਪਰਿਵਾਰ ਸੀ। ਕਰਜ਼ੇ ਲਾਹੁੰਦਾ, ਹਲ ਵਾਹੁੰਦਾ, ਪਾਣੀ ਲਾਉਂਦਾ, ਪੱਠੇ ਢੋਂਦਾ ਤੇ ਡੰਗਰ ਪਾਲਦਾ ਉਹ ਕੀਹਦਾ-ਕੀਹਦਾ ਇਲਾਜ ਕਰਾਉਂਦਾ? ਮਿਹਰ ਸਿੰਘ ਦੀ ਮਿਹਰ ਨਾਲੋਂ ਉਹਦੇ ਪੁੱਤਰ ਫੌਜੂ ਤੋਂ ਬਾਬਾ ਫੌਜਾ ਸਿੰਘ ਬਣੇ ਮੈਰਾਥਨ ਦੇ ਮਹਾਂਰਥੀ ਉਤੇ ਕੁਦਰਤ ਦੇ ਕਾਦਰ ਦੀ ਮਿਹਰ ਵਧੇਰੇ ਰਹੀ।
ਫੌਜਾ ਹਲ ਵਾਹੁਣ ਲੱਗਾ ਤਾਂ ਉਹਦਾ ਪੱਚੀ ਸਾਲ ਦੀ ਉਮਰ ਵਿਚ ਵਿਆਹ ਹੋਇਆ। ਬਰਾਤ ਗੱਡੇ ਉਤੇ ਚੜ੍ਹ ਕੇ ਪਿੰਡ ਕਾਲਘਟਾਂ ਗਈ। ਇਕ ਬਲਦ ਉਨ੍ਹਾਂ ਦੇ ਘਰ ਦਾ ਸੀ ਦੂਜਾ ਉਹਦੇ ਮਸੇਰ ਦਾ। ਵਿਆਂਦੜ ਹੋਣ ਕਰਕੇ ਹੀ ਉਸ ਨੂੰ ਚਾਬੀ ਦੇ ਲੱਠੇ ਵਾਲੇ ਨਵੇਂ ਕੱਪੜੇ ਜੁੜੇ ਸਨ। ਉਹ ਹਲ ਵਾਹੀ ਕਰ ਕੇ ਟੱਬਰ ਪਾਲਣ ਲੱਗਾ। ਕਦੇ ਫ਼ਸਲ ਚੰਗੀ ਹੋ ਜਾਂਦੀ ਕਦੇ ਮਾੜੀ, ਕਦੇ ਮੌਸਮ ਦੀ ਕਰੋਪੀ ਨਾਲ ਮਾਰੀ ਜਾਂਦੀ। ਉਹਦੇ ਘਰ ਤਿੰਨ ਪੁੱਤਰਾਂ ਤੇ ਤਿੰਨ ਧੀਆਂ ਨੇ ਜਨਮ ਲਿਆ ਜਿਨ੍ਹਾਂ ਨੂੰ ਉਹ ਪੜ੍ਹਾ ਲਿਖਾ ਤਾਂ ਨਾ ਸਕਿਆ ਪਰ ਇੱਕ ਪੁੱਤਰ ਤੇ ਧੀ ਨੂੰ ਇੰਗਲੈਂਡ ਤੇ ਕੈਨੇਡਾ ਵਿਆਹੁਣ ਵਿਚ ਕਾਮਯਾਬ ਹੋ ਗਿਆ।
ਬਚਪਨ ਵਿਚ ਨਾ ਉਹ ਖੇਡਣ ਜੋਗਾ ਸੀ ਤੇ ਨਾ ਪੜ੍ਹਨ ਜੋਗਾ। ਗਭਰੂ ਹੋ ਕੇ ਉਹ ਫੁੱਟਬਾਲ ਨੂੰ ਕਿੱਕਾਂ ਮਾਰਨ ਲੱਗ ਪਿਆ। 1947 ਦੇ ਰੌਲਿਆਂ-ਗੌਲਿਆਂ ਵਿਚ ਫੁੱਟਬਾਲ ਦੀਆਂ ਕਿੱਕਾਂ ਵੀ ਭੁੱਲ ਗਈਆਂ। ਪੜ੍ਹਾਈ ਲਿਖਾਈ ਜਾਂ ਕਿਸੇ ਹੁਨਰ ਵੱਲੋਂ ਉਹ ਅਸਲੋਂ ਕੋਰਾ ਸੀ। ਸਿਰਫ਼ ਆਪਣੇ ਦਸਤਖ਼ਤ ਕਰਨੇ ਹੀ ਸਿੱਖਿਆ ਤੇ ਉਹ ਵੀ ਉਰਦੂ ਵਿਚ। ਇੰਗਲੈਂਡ ‘ਚ ਬੁਢਾਪਾ ਪੈਨਸ਼ਨ ਲੈਣ ਵੇਲੇ ਵੀ ਉਹ ਉਰਦੂ ਵਿਚ ਹੀ ਦਸਤਖ਼ਤ ਕਰਦਾ ਸੀ। ਐਨਕ ਦੀ ਉਹਨੂੰ ਕਦੇ ਲੋੜ ਨਹੀਂ ਸੀ ਪਈ। ਦੰਦ ਜਾੜ੍ਹਾਂ ਡੰਗਸਾਰੂ ਸਨ। ਕੰਨਾਂ ਨੂੰ ਉੱਚਾ ਸੁਣਨ ਲੱਗਾ ਸੀ। ਬੁੱਲ੍ਹ ਪਤਲੇ, ਉਤਲੇ ਦੰਦ ਚੌੜੇ ਤੇ ਹੇਠਲੇ ਬਰੀਕ ਸਨ। ਦੰਦਾਂ ਵਿਚ ਵਿਰਲਾਂ ਪੈ ਗਈਆਂ ਸਨ। ਦਾੜ੍ਹੀ ਹੋਰ ਲੰਮੀ ਤੇ ਹੋਰ ਬੱਗੀ ਹੋ ਗਈ ਸੀ।
ਬਾਲਕ ਫੌਜੂ ਜੀਵਨ ਦੇ ਪਹਿਲੇ ਪੰਜ ਸਾਲ ਬੇਸ਼ਕ ਪੰਜ ਕਦਮ ਵੀ ਨਹੀਂ ਸੀ ਤੁਰ ਸਕਿਆ ਪਰ ਪਿੱਛੋਂ ਏਨਾ ਤੁਰਿਆ, ਏਨਾ ਦੌੜਿਆ ਕਿ ਉਮਰ ਦੇ 80ਵਿਆਂ ਤੋਂ ਲੈ ਕੇ 110ਵਿਆਂ ਤਾਂਈਂ ਦੌੜ-ਦੌੜ ਧਰਤੀ ਘਸਾ ਦਿੱਤੀ! ਉਹਦੀਆਂ ਲੰਮੀਆਂ ਦੌੜਾਂ ਤੇ ਨਿਰੰਤਰ ਤੋਰਾਂ ਦਾ ਕੋਈ ਅੰਤ ਨਾ ਰਿਹਾ। ਆਖ਼ਰ ਉਹਦਾ ਅੰਤ 14 ਜੁਲਾਈ 2025 ਨੂੰ ਉਹਦੇ ਘਰ ਕੋਲ ਹੀ ਸੜਕ ਹਾਦਸੇ ‘ਚ ਹੋਇਆ।
1992 ‘ਚ ਪਤਨੀ ਗਿਆਨ ਕੌਰ ਗੁਜ਼ਰ ਗਈ। 1990 ਵਿਚ ਗਭਲਾ ਪੁੱਤਰ ਕੁਲਦੀਪ ਸਿੰਘ ਵੀ ਛੱਤ ਤੋਂ ਡਿੱਗ ਕੇ ਮੁੱਕ ਗਿਆ। ਉਨ੍ਹਾਂ ਦੇ ਵਿਜੋਗ ਵਿਚ ਉਹ ਕਮਲਾ ਹੋਇਆ ਸਿਵਿਆਂ ‘ਚ ਬੈਠਾ ਰਹਿੰਦਾ। ਪਿੰਡ ਵਾਲੇ ਸੋਚਦੇ, ਹੁਣ ਇਹ ਵੀ ਨੀ ਬਚਦਾ। ਉਹਦਾ ਵੱਡਾ ਪੁੱਤਰ ਸੁਖਵਿੰਦਰ ਸਿੰਘ ਵਲਾਇਤ ਵਿਚ ਸੀ। ਉਸ ਨੇ ਬਾਪ ਨੂੰ ਮੰਗਵਾਉਣ ਲਈ ਪਾਸਪੋਰਟ ਬਣਵਾਇਆ, ਅਟੇ-ਸਟੇ ਜਨਮ ਤਾਰੀਖ 1 ਅਪ੍ਰੈਲ 1911 ਲਿਖੀ ਗਈ ਤੇ ਦਿਲ ਛੱਡੀ ਬੈਠੇ ਉਦਾਸੇ ਬਾਪ ਨੂੰ ਇੰਗਲੈਂਡ ਸੱਦ ਲਿਆ।
ਫੌਜਾ ਸਿੰਘ ਦਾ ਵਲਾਇਤ ਵਿਚ ਵੀ ਜੀਅ ਨਾ ਲੱਗਾ। ਉਹ ਮੁੜ ਪਿੰਡ ਪਰਤ ਆਇਆ। ਪਿੰਡ ਆ ਕੇ ਫਿਰ ਉਹੀ ਸ਼ੁਦਾਈਆਂ ਵਾਲਾ ਹਾਲ ਹੋਇਆ। ਦੁਬਾਰਾ ਇੰਗਲੈਂਡ ਗਿਆ ਤੇ ਫਿਰ ਪਿੰਡ ਨੂੰ ਪਰਤ ਪਿਆ। ਤਿੰਨ ਗੇੜੇ ਮਾਰ ਕੇ ਉਹ ਇੰਗਲੈਂਡ ਵਿਚ ਈ ਟਿਕ ਗਿਆ। ਇੰਗਲੈਂਡ ‘ਚ ਟਿਕਾਇਆ ਬਠਿੰਡੇ ਵੱਲ ਦੇ ਇੰਗਲੈਂਡ ਪਹੁੰਚੇ ਦੌੜਾਕ ਹਰਮੰਦਰ ਸਿੰਘ ਨੇ। ਉਥੇ ਫਿਰ ਇਕ ਕੌਤਕ ਹੋਰ ਵਰਤਿਆ।
ਹਰਮੰਦਰ ਸਿੰਘ ਖ਼ੁਦ 10000 ਮੀਟਰ ਦੌੜ ਦਾ ਦੌੜਾਕ ਸੀ। ਮਾਸਕੋ-1980 ਦੀਆਂ ਓਲੰਪਿਕ ਖੇਡਾਂ ਲਈ ਉਸ ਨੇ ਟਰਾਇਲ ਦਿੱਤੇ ਸਨ ਪਰ ਬਰਤਾਨੀਆ ਦੀ ਟੀਮ ‘ਚ ਚੁਣੇ ਜਾਣੋਂ ਰਹਿ ਗਿਆ ਸੀ। ਫਿਰ ਉਹ ਵੈਟਰਨ ਦੌੜਾਕ ਵਜੋਂ ਮੈਰਾਥਨ ਦੌੜਾਂ ਲਾਉਣ ਲੱਗ ਪਿਆ। ਉਹ ਪਾਰਕ ਵਿਚ ਦੌੜਨ ਜਾਂਦਾ ਤਾਂ ਫੌਜਾ ਸਿੰਘ ਨੂੰ ਬੈਂਚ ਉਤੇ ਸਿਰ ਸੁੱਟੀ ਬੈਠਾ ਵੇਖਦਾ। ਇਕ ਦਿਨ ਉਸ ਨੇ ਨਿਮੋਝੂਣੇ ਬੈਠੇ ਫੌਜਾ ਸਿੰਘ ਨੂੰ ਕਿਹਾ ਕਿ ਜੇ ਤੂੰ ਮੇਰੇ ਨਾਲ ਦੌੜਨ ਲੱਗ ਪਵੇਂ ਤਾਂ ਤੇਰੀ ਉਦਾਸੀ ਦੂਰ ਹੋ ਜਾਵੇਗੀ।
ਬੁਢਾਪੇ ‘ਚ ਪਹੁੰਚਾ ਫੌਜਾ ਸਿੰਘ, ਹਰਮੰਦਰ ਸਿੰਘ ਦੀ ਪ੍ਰੇਰਨਾ ਨਾਲ ਹੌਲੀ-ਹੌਲੀ ਦੌੜਨ ਲੱਗ ਪਿਆ ਤੇ ਦੌੜ ਕੇ ਨੇੜੇ ਦੇ ਗੁਰਦੁਆਰਿਆਂ ਵਿਚ ਜਾਣ ਲੱਗ ਪਿਆ। ਉਹ ਇਕ ਸ਼ਹਿਰ ਤੋਂ ਦੂਜੇ ਸ਼ਹਿਰ, ਇਕ ਪਾਰਕ ਤੋਂ ਦੂਜੇ ਪਾਰਕ ਤੇ ਇਕ ਗੁਰਦੁਆਰੇ ਤੋਂ ਦੂਜੇ ਗੁਰਦੁਆਰੇ ਤਕ ਦੌੜਨ ਲੱਗੇ। ਇੰਜ ਕੋਚ ਹਰਮੰਦਰ ਸਿੰਘ ਦਾ ਫੌਜਾ ਸਿੰਘ ਨੂੰ ਮੈਰਾਥਨਾਂ ਲੁਆਉਣ ਵਿਚ ਸਭ ਤੋਂ ਵੱਧ ਯੋਗਦਾਨ ਪਿਆ।
ਫੌਜਾ ਸਿੰਘ ਨੇ ਚੁਰਾਸੀ ਕੱਟ ਕੇ ਦੌੜਨਾ ਸ਼ੁਰੂ ਕੀਤਾ ਸੀ। ਉਸ ਦੀ ਜੀਵਨ ਕਹਾਣੀ ਦੱਸਦੀ ਹੈ ਕਿ ਕਿਸੇ ਬੰਦੇ ਦੇ ਜੀਵਨ ਵਿਚ ਕਿੰਨੇ ਵੀ ਦੁੱਖ ਕਿਉਂ ਨਾ ਆਏ ਹੋਣ ਤੇ ਉਹ ਕਿੱਡੀ ਵੀ ਵੱਡੀ ਉਮਰ ਦਾ ਕਿਉਂ ਨਾ ਹੋ ਗਿਆ ਹੋਵੇ, ਜੇ ਹਿੰਮਤ ਧਾਰ ਲਵੇ ਤਾਂ ਕੁਛ ਦਾ ਕੁਛ ਕਰ ਸਕਦਾ ਹੈ। ਜੋ ਕੁੱਝ ਫੌਜਾ ਸਿੰਘ ਨੇ ਕੀਤਾ ਉਹ ਲਾਮਿਸਾਲ ਹੈ!
ਬਾਬਾ ਵਲਾਇਤ ਤੋਂ ਬਿਆਸ ਪਿੰਡ ਆਇਆ ਹੋਇਆ ਸੀ। ਆਉਣ ਸਾਰ ਕੋਵਿਡ ਦੀਆਂ ਬੰਧਸ਼ਾਂ ਲੱਗ ਗਈਆਂ। ਤੋਰਾ ਫੇਰਾ ਤੇ ਮਿਲਣਾ ਗਿਲਣਾ ਬੰਦ ਹੋ ਗਿਆ। ਉਤੋਂ ਗਰਮੀਆਂ ਆ ਗਈਆਂ। ਮੈਨੂੰ ਸਥਾਨਕ ਪੱਤਰਕਾਰ ਦਾ ਫੋਨ ਆਇਆ ਕਿ ਬਾਬਾ ਫੌਜਾ ਸਿੰਘ ਦਾ ਹਾਲ-ਚਾਲ ਠੀਕ ਨਹੀਂ। ਤੁਰਤ ਆ ਕੇ ਮਿਲੋ। ਮੈਂ ਫੋਨ ਕੀਤਾ ਤਾਂ ਬਾਬਾ ਪੈਂਦੀ ਸੱਟੇ ਬੋਲਿਆ, “ਮੈਨੂੰ ਜਹਾਜ਼ ਚੜ੍ਹਾਓ, ਨਹੀਂ ਤਾਂ ਮੈਂ ਦਸ ਦਿਨ ਨੀ ਕੱਟਦਾ।”
ਮੈਂ ‘ਫਲਾਈਂਗ ਵਿੰਗਜ਼’ ਵਾਲੇ ਆਪਣੇ ਗੁਆਂਢੀ ਅਜੀਤ ਪਾਲ ਨੂੰ ਕਿਹਾ, ਕਰੋ ਕੋਈ ਇਲਾਜ, ਚੜ੍ਹਾਓ ਬਾਬੇ ਨੂੰ ਜਹਾਜ਼। ਉਹ ਕਹਿੰਦਾ, ਦਿੱਲੀਓਂ ਚੜ੍ਹਾ ਦਿੰਨੇ ਆਂ। ਪਰ ਮੋੜਵੀਂ ਟਿਕਟ ਅੰਮ੍ਰਿਤਸਰੋਂ ਚੜ੍ਹਨ ਦੀ ਸੀ। ਮੈਂ ਬਾਬੇ ਦੇ ਪੁੱਤਰ ਨੂੰ ਪੁਛਿਆ। ਦਿੱਲੀ ਤੋਂ ਚੜ੍ਹਾਉਣ ਲਈ ਨਾ ਪੁੱਤ ਮੰਨੇ ਨਾ ਪਿਓ। ਬਾਬਾ ਇਹੋ ਦੁਹਾਈ ਪਾਈ ਜਾਵੇ ਕਿ ਅੰਬਰਸਰੋਂ ਚੜ੍ਹਾਓ, ਨਹੀਂ ਤਾਂ ਮੈਂ ਚੱਲਿਆ। ਫੇਰ ਨਾ ਅਖਿਓ, ਪਹਿਲਾਂ ਨੀ ਦੱਸਿਆ।
ਫੇਰ ਕੌਤਕ ਵਰਤਿਆ। ਅਜੀਤ ਪਾਲ ਦਾ ਫੋਨ ਆਇਆ ਕਿ ਅੰਮ੍ਰਿਤਸਰੋਂ ਲੰਡਨ ਜਾਣ ਵਾਲੀ ਫਲਾਈਟ ਖੁੱਲ੍ਹ ਗਈ। ਬਾਬੇ ਦਾ ਪਹਿਲੀ ਫਲਾਈਟ ਵਿਚ ਹੀ ਜਾਣ ਦਾ ਪ੍ਰਬੰਧ ਹੋ ਗਿਆ। ਸਭ ਨੇ ਸ਼ੁਕਰ ਮਨਾਇਆ। ਹਰਵਿੰਦਰ ਸਿੰਘ ਬਾਪ ਨੂੰ ਜਹਾਜ਼ ਚੜ੍ਹਾਅ ਆਇਆ ਤੇ ਫੋਨ ਕੀਤਾ, ਜੀਅ ਬਾਪੂ ਦਾ ਓਥੇ ਵੀ ਨੀ ਲੱਗਣਾ। ਉਹੀ ਗੱਲ ਹੋਈ। ਇੰਗਲੈਂਡ ‘ਚ ਕੋਵਿਡ ਦੀਆਂ ਪਾਬੰਦੀਆਂ ਪੰਜਾਬ ਤੋਂ ਵੀ ਵੱਧ ਸਨ। ਵਲਾਇਤ ਦੀ ਜੇਲ੍ਹ ਤੋਂ ਅੱਕਿਆ ਉਹ ਮੁੜ ਬਿਆਸ ਪਿੰਡ ਆ ਪੁੱਜਾ ਜਿਥੇ ਉਸ ਨੇ ਅੰਤਲੇ ਸਾਹ ਲੈਣੇ ਸਨ।
ਬਾਬਾ ਫੌਜਾ ਸਿੰਘ ਨਾਲ ਮੇਰੀਆਂ ਅਨੇਕ ਮੁਲਾਕਾਤਾਂ ਹੋਈਆਂ। ਕਦੇ ਲੰਡਨ ਲਾਗੇ ਈਰਥ ਵੂਲਿਚ, ਕਦੇ ਟੋਰਾਂਟੋ, ਬਰੈਂਪਟਨ, ਸਰੀ, ਵੈਨਕੂਵਰ ਤੇ ਕਦੇ ਪਟਿਆਲੇ। ਕਦੇ ਸਾਡੇ ਪਿੰਡ ਚਕਰ ਜਿਥੇ ਉਸ ਨੂੰ ਕਿਸ਼ਤੀ ‘ਚ ਝੀਲ ਦੀ ਸੈਰ ਕਰਾਈ ਤੇ ਨੌਂ ਮਾਡਰਨ ਸੱਥਾਂ ‘ਚ ਬਜ਼ੁਰਗਾਂ ਨਾਲ ਮਿਲਵਾਇਆ। ਬਿਆਸ ਪਿੰਡ ਮੁੜ ਕੇ ਉਹ ਆਪਣੇ ਯਾਰਾਂ ਬੇਲੀਆਂ ਨੂੰ ‘ਚਾਨਣ ਮੁਨਾਰਾ’ ਬਣੇ ‘ਚਕਰ’ ਦੀਆਂ ਗੱਲਾਂ ਸੁਣਾਉਂਦਾ ਰਿਹਾ।
6 ਮਾਰਚ 2025 ਨੂੰ ਸ਼੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੀ ਅਥਲੈਟਿਕਸ ਮੀਟ ਸੀ। ਅਸੀਂ ਮੀਟ ਦਾ ਉਦਘਾਟਨ ਕਰ ਕੇ ਵਿਹਲੇ ਹੋਏ ਤਾਂ ਮੁੜਦਿਆਂ ਬਾਬਾ ਫੌਜਾ ਸਿੰਘ ਦੀਆਂ ਗੱਲਾਂ ਚੱਲ ਪਈਆਂ। ਮੈਂ ਮੀਟ ਦੇ ਉਦਘਾਟਨੀ ਭਾਸ਼ਨ ‘ਚ ਬਾਬੇ ਦਾ ਜ਼ਿਕਰ ਜੁ ਕਰ ਬੈਠਾ ਸਾਂ। ਜੀਟੀ ਰੋਡ ‘ਤੇ ਚੜ੍ਹਦਿਆਂ ਮੈਂ ਨਾਲ ਦਿਆਂ ਨੂੰ ਪੁੱਛਿਆ, ਬਾਬਾ ਫੌਜਾ ਸਿੰਘ ਨੂੰ ਮਿਲਣੈਂ? ਅਮਰਦੀਪ ਕਾਲਜ ਮੁਕੰਦਪੁਰ ਦੇ ਬਾਨੀ ਗੁਰਚਰਨ ਸਿੰਘ ਸ਼ੇਰਗਿੱਲ ਤੇ ਕਾਰ ਚਲਾ ਰਹੇ ਮੇਰੇ ਪੁੱਤਰ ਜਗਵਿੰਦਰ ਸਿੰਘ ਨੇ ਹਾਮੀ ਭਰ ਦਿੱਤੀ। ਮੈਂ ਹਰਵਿੰਦਰ ਸਿੰਘ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ, ਮੈਂ ਤਾਂ ਬਾਹਰ ਹਾਂ ਪਰ ਬਾਪੂ ਜੀ ਘਰ ਈ ਨੇ, ਆਓ ਜਾਓ, ਜੀ ਆਇਆਂ ਨੂੰ।
ਗੱਡੀ ਅਸੀਂ ਕਰਤਾਰਪੁਰੋਂ ਮੋੜਨੀ ਸੀ ਪਰ ਮੋੜੀ ਜਲੰਧਰ-ਪਠਾਨਕੋਟ ਹਾਈਵੇ ਤੋਂ। ਬਿਆਸ ਪਿੰਡ ਨੂੰ ਉਥੋਂ ਮੁੜੇ ਜਿਥੇ ਬਾਅਦ ਵਿਚ ਬਾਬਾ ਫੌਜਾ ਸਿੰਘ ਨਾਲ ਹਾਦਸਾ ਵਾਪਰਿਆ। ਅਸੀਂ ਫਿਰਨੀ ਦਾ ਚੱਕਰ ਲਾ ਕੇ ਬਾਬੇ ਦੇ ਘਰ ਪੁੱਜੇ। ਦਰ ਖੁੱਲ੍ਹਾ ਸੀ, ਸਾਹਮਣੇ ਰੁੱਖ ਦੀ ਛਾਵੇਂ ਬਾਬਾ ਮੰਜੇ ‘ਤੇ ਪਿਆ ਸੀ। ਟ੍ਰੈਕਟਰ, ਟਰਾਲੀ, ਸਕੂਟਰ ਤੇ ਖੇਤੀਬਾੜੀ ਦੇ ਸੰਦਾਂ ਨਾਲ ਵਿਹੜਾ ਭਰਿਆ ਹੋਇਆ ਸੀ।
ਅਸੀਂ ਕਾਰ ‘ਚੋਂ ਨਿਕਲੇ ਤਾਂ ਬਾਬੇ ਨੇ ਗੰਜੇ ਸਿਰ ‘ਤੇ ਪੱਗ ਰੱਖੀ ਤੇ ਮੰਜੇ ਤੋਂ ਉਠ ਖੜ੍ਹਿਆ। ਅਸੀਂ ਬੈਠੇ ਰਹਿਣ ਲਈ ਕਿਹਾ ਪਰ ਉਹ ਖੂੰਡੀ ਲੈ ਕੇ ਚਾਹ ਪਾਣੀ ਪਿਆਉਣ ਲਈ ਸਾਨੂੰ ਬੈਠਕ ਵੱਲ ਲੈ ਤੁਰਿਆ। ਬੈਠਕ ਖੇਡ ਸਨਮਾਨਾਂ ਨਾਲ ਭਰੀ ਹੋਈ ਸੀ। ਇਕ ਅਲਮਾਰੀ ਵਿਚ ਉਹਦਾ ਦੌੜਨ ਵਾਲਾ ਸੁਰਮਈ ਬੂਟ ਪਿਆ ਸੀ ਜੋ ਖੇਡਾਂ ਦਾ ਸਮਾਨ ਬਣਾਉਣ ਵਾਲੀ ਐਡੀਡਾਸ ਕੰਪਨੀ ਨੇ ਮੁਹੰਮਦ ਅਲੀ ਤੇ ਡੇਵਿਡ ਬੈਕ੍ਹਮ ਤੋਂ ਬਾਅਦ 2004 ਵਿਚ ਫੌਜਾ ਸਿੰਘ ਨੂੰ ਆਪਣਾ ਅੰਬੈਸਡਰ ਬਣਾ ਕੇ ਭੇਟ ਕੀਤਾ ਸੀ। ਉਹਦੇ ਇਕ ਬੂਟ ਉਤੇ ‘ਫੌਜਾ’ ਤੇ ਦੂਜੇ ਉਤੇ ‘ਸਿੰਘ’ ਦੇ ਸਟਿੱਕਰ ਲੱਗੇ ਸਨ। ਬਾਬੇ ਨੂੰ ਦਿਸਦਾ ਠੀਕ ਸੀ ਪਰ ਸੁਣਦਾ ਉੱਚਾ ਸੀ। ਚਮੜੀ ‘ਤੇ ਫੁਲਬਹਿਰੀ ਦੇ ਚਿੱਟੇ ਦਾਗ ਪੈਣੇ ਸ਼ੁਰੂ ਹੋ ਗਏ ਸਨ। ਗੱਲਾਂ ਕਰਦਾ ਦੂਜੀ ਗੱਲ ਭੁੱਲ ਜਾਂਦਾ ਸੀ ਤੇ ਉੱਘ ਦੀਆਂ ਪਤਾਲ ਮਾਰਨ ਲੱਗ ਪੈਂਦਾ ਸੀ। ਪਰ ਹਾਸਾ ਪਹਿਲਾਂ ਵਾਲਾ ਹੀ ਹੱਸਦਾ ਸੀ। ਉਸ ਦਾ ਵੱਡਾ ਪੁੱਤਰ ਸੁਖਵਿੰਦਰ ਸਿੰਘ ਫਰਵਰੀ ‘ਚ ਮਿਲਣ ਆਇਆ ਬਾਪ ਲਈ ਵਲਾਇਤੀ ਵਿ੍ਹਸਕੀ ਛੱਡ ਗਿਆ ਸੀ। ਗੱਲੀਂ-ਬਾਤੀਂ ਪਤਾ ਲੱਗਾ ਕਿ ਪਰਿਵਾਰ ਦੇ 15 ਖੇਤ ਹਨ ਤੇ ਏਨੇ ਕੁ ਹੋਰ ਠੇਕੇ ‘ਤੇ ਲੈ ਕੇ ਛੋਟਾ ਪੁੱਤਰ ਖੇਤੀ ਕਰਦਾ ਹੈ।
ਮੈਂ ਸੋਚਿਆ ਸੀ ਕਿ ਜਦੋਂ ਨਵੰਬਰ ‘ਚ ਕੈਨੇਡਾ ਤੋਂ ਪੰਜਾਬ ਮੁੜਾਂਗਾ ਤਾਂ ਨਵਦੀਪ ਗਿੱਲ ਤੇ ਹੋਰ ਖੇਡ ਲੇਖਕਾਂ ਨੂੰ ਨਾਲ ਲੈ ਕੇ ਬਾਬੇ ਸੰਗ ਪਿਕਨਿਕ ਮਨਾਵਾਂਗੇ। ਨਾਲੇ ‘ਮੈਰਾਥਨ ਦਾ ਮਹਾਂਰਥੀ ਬਾਬਾ ਫੌਜਾ ਸਿੰਘ’ ਨਾਂ ਦੀ ਪੁਸਤਕ ਲੋਕ-ਅਰਪਣ ਕਰਾਂਗੇ ਜੋ ਮੈਂ ਤਿਆਰ ਕਰ ਰਿਹਾਂ। ਪਰ ਕੁਦਰਤ ਨੂੰ ਕੁੱਝ ਹੋਰ ਮਨਜ਼ੂਰ ਸੀ ਜਿਸ ਨੇ 14 ਜੁਲਾਈ ਨੂੰ ਹੀ ਭਾਣਾ ਵਰਤਾਅ ਦਿੱਤਾ।
ਫੌਜਾ ਸਿੰਘ ਨੂੰ ਮੈਂ ਪਹਿਲੀ ਵਾਰ 1999 ਵਿਚ ਈਰਥ-ਵੂਲਿਚ ਦੇ ਟੂਰਨਾਮੈਂਟ ‘ਚ ਵੇਖਿਆ ਸੀ। ਮੈਂ ਕੁਮੈਂਟਰੀ ਕਰ ਰਿਹਾ ਸਾਂ ਤੇ ਉਹ ਕਬੱਡੀ ਦੇ ਦਾਇਰੇ ਦੁਆਲੇ ਰੇਵੀਏ ਪਿਆ ਗੇੜੇ ‘ਤੇ ਗੇੜੇ ਲਾ ਰਿਹਾ ਸੀ। ਕਾਫੀ ਦੇਰ ਬਾਅਦ ਜਦ ਰੁਕਿਆ ਤਾਂ ਮੈਂ ਉਹਦੇ ਨਾਲ ਗੱਲਾਂ ਕੀਤੀਆਂ ਪਰ ਕਾਪੀ ਵਿਚ ਨੋਟ ਨਾ ਕਰ ਸਕਿਆ। ਉਂਜ ਪਤਾ ਲੱਗ ਗਿਆ ਕਿ ਬਾਬਾ ਕਮਾਲ ਦੀ ਸ਼ੈਅ ਹੈ।
2000 ਵਿਚ ਮੈਂ ਫੌਜਾ ਸਿੰਘ ਦੀਆਂ ਤਸਵੀਰਾਂ ਅਖ਼ਬਾਰਾਂ ‘ਚ ਛਪੀਆਂ ਵੇਖੀਆਂ। ਉਸ ਨੇ ਲੰਡਨ ਦੀ ਮੈਰਾਥਨ ਦੌੜ ਵਿਚ ਅੱਸੀ ਸਾਲ ਤੋਂ ਵੱਡੀ ਉਮਰ ਦੇ ਦੌੜਾਕਾਂ ‘ਚ ਨਵਾਂ ਵਿਸ਼ਵ ਰਿਕਾਰਡ ਰੱਖ ਦਿੱਤਾ ਸੀ! ਉਸ ਮੈਰਾਥਨ ਵਿਚ 32860 ਦੌੜਾਕਾਂ ਨੇ ਭਾਗ ਲਿਆ ਸੀ ਤੇ ਉਹ ਦਸ ਹਜ਼ਾਰ ਦੌੜਾਕਾਂ ਨੂੰ ਪਿੱਛੇ ਛੱਡ ਗਿਆ ਸੀ। ਮੈਨੂੰ ਝੋਰਾ ਹੋਇਆ ਕਿ ਈਰਥ ਵਿਚ ਮੈਂ ਉਸ ਦੀ ਇੰਟਰਵਿਊ ਕਿਉਂ ਨਾ ਲੈ ਸਕਿਆ?
28 ਸਤੰਬਰ 2003 ਨੂੰ ‘ਸਕੋਸ਼ੀਆ ਬੈਂਕ ਟੋਰਾਂਟੋ ਵਾਟਰਫਰੰਟ ਮੈਰਾਥਨ’ ਟੋਰਾਂਟੋ ਵਿਚ ਲੱਗੀ। ਮੈਂ ਉਦੋਂ ਉਥੇ ਹੀ ਸਾਂ। ਫੌਜਾ ਸਿੰਘ ਇੰਗਲੈਂਡ ਤੋਂ ਦੌੜ ਵਿਚ ਭਾਗ ਲੈਣ ਆਇਆ। ਉਹਦੇ ਕੇਸਰੀ ਪੱਗ ਬੱਧੀ ਹੋਈ ਸੀ ਤੇ ਦੌੜਦੇ ਦੀ ਲੰਮੀ ਦਾਹੜੀ ਲਹਿਰਾਅ ਰਹੀ ਸੀ। ਦੌੜ ਮੁੱਕੀ ਤਾਂ ਉਸ ਨੇ ਆਪਣਾ ਹੀ ਰਿਕਾਰਡ ਪਹਿਲਾਂ ਨਾਲੋਂ 31 ਮਿੰਟ ਘੱਟ ਸਮੇਂ ਨਾਲ ਤੋੜ ਦਿੱਤਾ। ਮੇਮਾਂ ਇੱਕ ਦੂਜੀ ਤੋਂ ਅੱਗੇ ਹੋ ਕੇ ਫੌਜਾ ਸਿੰਘ ਨੂੰ ਜੱਫੀਆਂ ਪਾਉਂਦੀਆਂ ਵਧਾਈਆਂ ਦੇਣ ਲੱਗੀਆਂ। ਨਿਆਣੇ ਆਟੋਗਰਾਫ ਲੈਣ ਲੱਗੇ। ਬਿਆਸ ਪਿੰਡੀਆਂ ਨੇ ਫੌਜਾ ਸਿੰਘ ਨੂੰ ਮੋਢਿਆਂ `ਤੇ ਚੁੱਕ ਲਿਆ। ਫੌਜਾ ਸਿੰਘ ਦੀ ਬੱਲੇ-ਬੱਲੇ ਹੋ ਗਈ। ਉਹਦੀ ਵਿਲੱਖਣਤਾ ਸੀ ਕਿ ਉਹ ਝੂਲਦੀ ਸਫੈਦ ਦਾੜ੍ਹੀ ਨਾਲ ਕੇਸਰੀ ਦਸਤਾਰ `ਤੇ ਖੰਡਾ ਸਜਾ ਕੇ ਦੌੜਿਆ ਸੀ। ਉਹਦੇ ਨਿਆਰੇ ਸਰੂਪ ਨੇ ਉਹਦੀ ਮਸ਼ਹੂਰੀ ਹੋਰ ਵੀ ਵੱਧ ਕਰਾਈ!
ਸ਼ਾਮੀ ਅਸੀਂ ਲਾਂਭੇ ਬਹਿ ਕੇ ਖੁੱਲ੍ਹੀਆਂ ਗੱਲਾਂ ਕੀਤੀਆਂ। ਉਸ ਨੇ ਹੁੱਬ ਕੇ ਦੱਸਿਆ ਕਿ ਪਿੰਡ ਹਲ ਵਾਹੁੰਦਿਆਂ ਉਹਨੂੰ ਕੋਈ ਪਾਣੀ ਵੀ ਨਹੀਂ ਸੀ ਪੁੱਛਦਾ ਪਰ ਹੁਣ ਮੇਮਾਂ ਕੋਕ ਚੁੱਕੀ ਪਿਛੇ-ਪਿਛੇ ਤੁਰੀਆਂ ਫਿਰਦੀਆਂ। ਕੈਮਰਿਆਂ ਵਾਲੇ ਫੋਟੂ ਲੌਹਣੋਂ ਨੀ ਹਟਦੇ। ਪਿੰਡ ਵਾਲੇ ਮੈਨੂੰ ਫੌਜੂ ਕਹਿੰਦੇ ਸੀ, ਅਖ਼ਬਾਰਾਂ ਵਾਲੇ ਬਾਬਾ ਫੌਜਾ ਸਿੰਘ ਲਿਖੀ ਜਾਂਦੇ ਹਨ। ਉਸ ਨੇ ਕਿਹਾ, “ਇਹ ਸਭ ਕੁਜਰਤ ਦੀ ਖੇਡ ਐ।” ਕੁਦਰਤ ਨੂੰ ਉਹ ਕੁਜਰਤ ਕਹਿ ਰਿਹਾ ਸੀ!
ਗੱਲਾਂ-ਬਾਤਾਂ ਕਰਦਿਆਂ ਮੈਂ ਨੋਟ ਕੀਤਾ ਕਿ ਬਾਬਾ ਫੌਜਾ ਸਿੰਘ ਅੰਦਰ ਅਜੇ ਵੀ ਸ਼ੌਂਕੀ ਬੰਦਾ ਛੁਪਿਆ ਬੈਠਾ ਸੀ। ਉਹਨੇ ਸੋਨੇ ਦਾ ਕੜਾ ਪਾਇਆ ਹੋਇਆ ਸੀ ਤੇ ਸੁਨਹਿਰੀ ਘੜੀ ਬੱਧੀ ਹੋਈ ਸੀ। ਘੜੀ ਮਾੜੀ ਮੋਟੀ ਨੲ੍ਹੀਂ, ਰਾਡੋ ਸੀ ਜੋ ਸਾਢੇ ਤਿੰਨ ਸੌ ਪੌਂਡ ਦੀ ਲਈ ਸੀ।
ਫੌਜਾ ਸਿੰਘ ਦੇ ਜੀਵਨ ਵਿਚ ਬੜੇ ਉਤਰਾਅ-ਚੜ੍ਹਾਅ ਆਏ। ਦੁੱਖ ਵੀ ਭੋਗਿਆ ਤੇ ਸੁੱਖ ਵੀ ਮਾਣਿਆਂ। ਗੁੰਮਨਾਮ ਵੀ ਰਿਹਾ ਤੇ ਮਸ਼ਹੂਰ ਵੀ ਹੋਇਆ। ਉਸ ਨੇ ਕਿਹਾ ਕਿ ਬੰਦਾ ਠੋਹਕਰ ਖਾਧੇ ਬਿਨਾਂ ਨਹੀਂ ਸੁਧਰਦਾ। ਉਸ ਨੇ ਖ਼ੁਦ ਜੀਵਨ ਵਿਚ ਠੋਹਕਰਾਂ ਖਾਧੀਆਂ। ਉਹਦੇ ਅੰਦਰ ਛੁਪੇ ਹੋਏ ਚੰਗੇਰੇ ਭਵਿੱਖ ਨੇ ਉਹਨੂੰ ਲੰਮਾ ਸਮਾਂ ਜਿਉਂਦਾ ਰੱਖਿਆ। ਬਾਬਾ ਅਜਬ ਇਨਸਾਨ ਸੀ। ਬਜ਼ੁਰਗਾਂ ਦਾ ਰੋਲ ਮਾਡਲ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਸਿਰੜੀ, ਮਿਹਨਤੀ ਤੇ ਮੰਜ਼ਿਲਾਂ ਮਾਰਨ ਵਾਲਾ ਮਹਾਂਰਥੀ। ਬੁੱਲ੍ਹੇ ਸ਼ਾਹ ਵਰਗੀ ਮਸਤ ਤਬੀਅਤ ਦਾ ਮਾਲਕ ਤੇ ਸ਼ਾਹ ਹੁਸੈਨ ਜਿਹਾ ਫੱਕਰ। ਸਹਿਜਤਾ, ਸੁਹਿਰਦਤਾ, ਮਸੂਮੀਅਤ ਤੇ ਭੋਲੇਪਨ ਦੀ ਮੂਰਤ। ਉਹਦੀਆਂ ਗੱਲਾਂ ਸਿੱਧੀਆਂ, ਸਾਦੀਆਂ, ਭੋਲੀਆਂ ਤੇ ਨਿਰਛਲ ਹਨ। ਹਾਸਾ-ਠੱਠਾ ਕਰਨਾ ਉਹਦਾ ਸੁਭਾਅ ਸੀ ਜਿਸ ਨਾਲ ਹੱਸਦੇ ਦੀਆਂ ਅੱਖਾਂ ਛਲਕ ਪੈਂਦੀਆਂ।
ਉਹ ਰੌਣਕੀ ਬੰਦਾ ਸੀ। ਸਿਰੇ ਦਾ ਗਾਲੜੀ। ਬੇਫਿਕਰ, ਬੇਪਰਵਾਹ, ਬੇਬਾਕ, ਦਾਨੀ ਤੇ ਦਇਆਵਾਨ। ਉਹਨੇ ਗੁੰਮਨਾਮੀ ‘ਚ ਚੱਲ ਵਸਣਾ ਸੀ ਜੇ ਦੌੜਨ ਨਾ ਲੱਗਦਾ। ਦੌੜਾਂ ਲਾਉਣ ਨਾਲ ਉਹ ਮਰਨੋਂ ਬਚ ਗਿਆ। ਗ਼ਮਗ਼ੀਨੀ ‘ਚੋਂ ਨਿਕਲ ਕੇ ਜਿਉਂਦਿਆਂ ‘ਚ ਹੋ ਗਿਆ। ਬੁੱਢੇਵਾਰੇ ਦੌੜਾਂ ‘ਚ ਪੈ ਕੇ ਉਹਨੇ ਪੂਰੇ ਵਿਸ਼ਵ ਵਿਚ ਬੱਲੇ-ਬੱਲੇ ਕਰਵਾਈ। ਉਸ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਿਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਬਾਬੇ ਨੂੰ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਸੌ ਸਾਲ ਦਾ ਸੀਨੀਅਰ ਸਿਟੀਜ਼ਨ ਹੋ ਜਾਣ ਦੀ ਵਧਾਈ ਦਿੱਤੀ ਤੇ ਸ਼ਾਹੀ ਮਹਿਲਾਂ ਵਿਚ ਖਾਣੇ ‘ਤੇ ਸੱਦਿਆ। ਮਹਾਰਾਣੀ ਨੂੰ ਮਿਲ ਕੇ ਉਹ ਹੋਰ ਜੁਆਨ ਹੋ ਗਿਆ!
ਫੌਜਾ ਸਿੰਘ ਪੁੰਨ ਦੇ ਕਾਰਜਾਂ ਲਈ ਦੌੜਦਾ ਰਿਹਾ। ਚੈਰਟੀ ਲਈ ‘ਕੱਠੇ ਹੋਏ ਪੈਸਿਆਂ ਵਿਚ ਥੋੜ੍ਹੇ ਬਹੁਤੇ ਆਪਣੇ ਵੱਲੋਂ ਵੀ ਪਾਉਂਦਾ ਰਿਹਾ। 2003 ਵਿਚ ਉਹ ਨਿਊਯਾਰਕ ਦੀ ਮੈਰਾਥਨ ‘ਸਿੱਖ ਪਛਾਣ’ ਲਈ ਦੌੜਿਆ। ਟੋਰਾਂਟੋ ਦੀ ਵਾਟਰ ਫਰੰਟ ਹਾਫ਼ ਮੈਰਾਥਨ ਉਹ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਲਈ ਦੌੜਿਆ। ਉਸ ਬਾਰੇ ਉਸ ਦੇ ਪੇਂਡੂਆਂ ਨੇ ਦੋ ਕਵਿਤਾਵਾਂ ਜੋੜੀਆਂ: ਅਦਰਕ ਦੀ ਤਰੀ ਦਾ ਕਮਾਲ ਤੇ ਫੌਜਾ ਸਿੰਘ ਸਰਦਾਰ ਦੀ ਹੈ ਇਕ ਵੱਖਰੀ ਸ਼ਾਨ, ਇਸ ਦੇ ਕਰਤਬ ਵੇਖ ਕੇ ਦੁਨੀਆ ਹੋਏ ਹੈਰਾਨ…।
ਉਹ ਲੰਡਨ ਓਲੰਪਿਕ-2012 ਦੀ ਮਿਸ਼ਾਲ ਲੈ ਕੇ ਦੌੜਿਆ ਤਾਂ ਰਸਤੇ ਵਿਚ ਛਬੀਲਾਂ ਲੱਗ ਗਈਆਂ ਸਨ ਅਤੇ ਲੰਗਰ ਲਾਏ ਗਏ ਸਨ। ਇਓਂ ਛਬੀਲਾਂ ਤੇ ਲੰਗਰ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਅੰਗ ਬਣੇ। ਵੀਹਵੀਂ ਸਦੀ ਵਿਚ ਪੱਗਾਂ ਦਾੜ੍ਹੀਆਂ ਵਾਲੇ ਫੌਜੀਆਂ ਤੇ ਹਾਕੀ ਦੇ ਖਿਡਾਰੀਆਂ ਨੇ ਸਿੱਖ ਸਰੂਪ ਦੀ ਪਛਾਣ ਬਾਕੀ ਦੁਨੀਆ ਨੂੰ ਕਰਾਈ ਸੀ। ਇੱਕੀਵੀਂ ਸਦੀ ਦੇ ਆਰੰਭ ਵਿਚ ਪੱਗ ਦਾੜ੍ਹੀ ਦੀ ਜਿੰਨੀ ਪਛਾਣ ਬਾਬਾ ਫੌਜਾ ਸਿੰਘ ਨੇ ਕਰਾਈ ਉਨੀ ਹੋਰ ਕਿਸੇ ਨੇ ਨਹੀਂ ਕਰਾਈ। ਫੌਜਾ ਸਿੰਘ ਆਪ ਕਹਿੰਦਾ ਸੀ ਕਿ ਮੇਰੀ ਪਛਾਣ ਉਨੀ ਮੇਰੇ ਦੌੜਨ ਕਰਕੇ ਨਹੀਂ ਜਿੰਨੀ ਪੱਗ ਦਾੜ੍ਹੀ ਕਰਕੇ ਹੈ। ਇਹੋ ਕਾਰਨ ਹੈ ਕਿ ਉਹ ਕਦੇ ਨੰਗੇ ਸਿਰ ਨਹੀਂ ਸੀ ਦੌੜਿਆ ਤੇ ਕਦੇ ਦਾੜ੍ਹੀ ਨਹੀਂ ਸੀ ਬੰਨ੍ਹੀ।
ਫੌਜਾ ਸਿੰਘ ਦਾ ਕਹਿਣਾ ਸੀ ਕਿ ਉਹ ਕੁਦਰਤ ਦੇ ਰੰਗਾਂ ਵਿਚ ਰਾਜ਼ੀ ਹੈ। ਉਹ ਪ੍ਰਹੇਜ਼ਗਾਰ ਸੀ, ਸਿਰੜੀ ਸੀ, ਸਿਦਕੀ ਸੀ ਤੇ ਲੋਭ ਲਾਲਚ ਤੋਂ ਪਰੇ ਸੀ। ਕਹਿੰਦਾ ਸੀ, “ਕਮਾਉਣ ਨੂੰ ਤਾਂ ਭਾਵੇਂ ਮੈ ਮਿਲੀਅਨ ਡਾਲਰ ਕਮਾ ਲਵਾਂ ਪਰ ਕਰਨੇ ਕੀ ਆ? ਲੋੜ ਜੋਗਾ ਰੱਬ ਦਾ ਦਿੱਤਾ ਬਹੁਤ ਕੁੱਝ ਹੈ। ਤੰਦਰੁਸਤੀ ਚਾਹੀਦੀ ਐ। ਜੀਹਦੇ ਕੋਲ ਤੰਦਰੁਸਤੀ ਐ ਉਹਦੇ ਕੋਲ ਸਾਰੀਆਂ ਦੌਲਤਾਂ।”
ਕਿਥੇ ਫੌਜਾ ਸਿੰਘ ਤੇ ਕਿਥੇ ਕਰੋੜਾਂ ਰੁਪਏ ‘ਕੱਠੇ ਕਰਨ ਵਾਲੇ ਨੇਤਾ ਤੇ ਵੱਡੇ ਅਫਸਰ! ਉਹ ਕਰੋੜਾਂ ਰੁਪਏ ਕੋਲ ਹੋਣ ਦੇ ਬਾਵਜੂਦ ਨਹੀਂ ਰੱਜਦੇ ਜਦ ਕਿ ਫੌਜਾ ਸਿੰਘ ਬਿਨਾਂ ਬੈਂਕ ਬੈਲੈਂਸ ਦੇ ਹੀ ਰੱਜਿਆ ਪੁੱਜਿਆ ਸੀ। ਜੇ ਉਹ ਚਾਹੁੰਦਾ ਤਾਂ ਮੈਰਾਥਨ ਦੌੜਾਂ ਦੇ ਸਿਰ ‘ਤੇ ਜਿੰਨੇ ਮਰਜ਼ੀ ਕਮਾ ਲੈਂਦਾ। ਉਸ ਨੇ ਲੰਮੀ ਦੌੜ ਦਾ ਰਿਕਾਰਡ ਹੀ ਨਹੀਂ ਰੱਖਿਆ ਬੇਲੋੜੀ ਮਾਇਆ ਦੇ ਤਿਆਗ ਕਰਨ ਦਾ ਰਿਕਾਰਡ ਵੀ ਰੱਖਿਆ!
ਆਖ਼ਰੀ ਮੁਲਾਕਾਤ ‘ਚ ਮੈਂ ਪੁਛਿਆ ਸੀ, “ਅੱਜ-ਕੱਲ੍ਹ ਕੀ ਮਹਿਸੂਸ ਕਰਦੇ ਓ?”
“ਰੱਬ ਦਾ ਸ਼ੁਕਰ ਐ। ਕਦੇ ਚਿੱਤ ਚੇਤੇ ਵੀ ਨਾ ਸੀ ਕਿ ਉਹ ਐਨੀਆਂ ਰਹਿਮਤਾਂ ਦੀ ਬਰਖਾ ਕਰੇਗਾ। ਜਦੋਂ ਮੈਂ ਸਦਮੇ `ਚੋਂ ਗੁਜ਼ਰ ਰਿਹਾ ਸੀ ਤਾਂ ਉਹਨੇ ਮੇਰੇ ਅੰਦਰ ਦੌੜਨ ਦੀ ਚੁਆਤੀ ਲਾਈ ਅਤੇ ਆਪਣੀ ਬੁੱਕਲ `ਚ ਸਮੋ ਲਿਆ। ਮੈਂ ਕਦੇ ਲਾਲਚ ਲਈ ਨੀ ਦੌੜਿਆ। ਜੋ ਪੈਸਾ ਧੇਲਾ ਦੌੜਾਂ `ਚੋਂ ਮਿਲਿਆ, ਉਹ ਚੈਰਿਟੀ ਦੇ ਲੇਖੇ ਲਾਤਾ। ਸੋਚਦਾਂ ਖੌਰੇ ਕਿਸੇ ਓਸ ਗ਼ਰੀਬ ਦਾ ਵੀ ਭਲਾ ਕੀਤਾ ਹੋਊ ਜੀਹਦੀਆਂ ਅਸੀਸਾਂ ਨਾਲ ਮੈਂ ਦੌੜੀ ਜਾ ਰਿਹਾਂ।”
ਉਸ ਦੀ ਜੀਵਨ ਕਹਾਣੀ ਦਾ ਸਾਰ ਹੈ ਕਿ ਬੰਦੇ ਦੇ ਜੀਵਨ ਵਿਚ ਕਿੰਨੇ ਵੀ ਦੁੱਖ ਕਿਉਂ ਨਾ ਆਏ ਹੋਣ ਤੇ ਉਹ ਕਿੱਡੀ ਵੀ ਉਮਰ ਦਾ ਕਿਉਂ ਨਾ ਹੋ ਗਿਆ ਹੋਵੇ, ਜੇ ਉਹ ਹਿੰਮਤ ਧਾਰ ਲਵੇ ਤਾਂ ਕੁਛ ਦਾ ਕੁਛ ਕਰ ਸਕਦਾ ਹੈ। ਜੋ ਕੁੱਝ ਬਾਬਾ ਫੌਜਾ ਸਿੰਘ ਨੇ ਕੀਤਾ ਉਹ ਆਉਂਦੀਆਂ ਪੀੜ੍ਹੀਆਂ ਲਈ ਰਾਹ-ਦਸੇਰਾ ਬਣਿਆ ਰਹੇਗਾ। ਬਾਬਾ ਫੌਜਾ ਸਿੰਘ ਨੂੰ ਜਾਂਦੀ ਵਾਰ ਦਾ ਪ੍ਰਨਾਮ ਤੇ ਸਲਾਮ!