ਕੂੰਡਾ

ਗੁਰਮੀਤ ਕੜਿਆਲਵੀ
ਫੋਨ: 98726-40994
ਮੇਰਾ ਪਿਤਾ, ਜਿਸ ਨੂੰ ਅਸੀਂ ‘ਪਾਪਾ ਜੀ’ ਕਹਿੰਦੇ ਸਾਂ, ਫ਼ੌਜ ਦਾ ਪੈਨਸ਼ਨੀਆ ਸੀ। ਫ਼ੌਜੀ ਨੌਕਰੀ ਦੌਰਾਨ ਉਸਨੇ 1961 ਵਿਚ ਗੋਆ ਦੀ ਲੜਾਈ ਵਿਚ ਭਾਗ ਲਿਆ। ਅੰਗਰੇਜ਼ 1947 ਵਿਚ ਬਾਕੀ ਸਾਰੇ ਦੇਸ਼ ਵਿਚੋਂ ਚਲੇ ਗਏ ਪੰ੍ਰਤੂ ਗੋਆ ਅਜੇ ਤੱਕ ਪੁਰਤਗੇਜ਼ੀਆਂ ਨੇ ਖ਼ਾਲੀ ਨ੍ਹੀਂਂ ਸੀ ਕੀਤਾ। ਗੱਲ ਕੀ ਗੋਆ ਜਿਹੇ ਰਮਣੀਕ ਸਥਾਨ ਨੂੰ ਛੱਡਣ ਲਈ ਉਨ੍ਹਾਂ ਦਾ ਮਨ ਹੀ ਨ੍ਹੀਂਂ ਸੀ ਕਰਦਾ।

ਗੋਆ ਨੂੰ ਆਜ਼ਾਦ ਕਰਾਉਣ ਲਈ ਦੇਸ਼ ਨੂੰ ਫ਼ੌਜ ਭੇਜਣੀ ਪਈ ਸੀ। ਜਿਉਂ ਹੀ ਭਾਰਤੀ ਫ਼ੌਜ ਗੋਆ ਵਿਚ ਦਾਖ਼ਲ ਹੋਈ ਪੁਰਤਗਾਲੀ ਚੱਡਿਆਂ ਵਿਚ ਪੂਛ ਲੈ ਕੇ ਦੌੜ ਗਏ। ਮੇਰੇ ਪਿਤਾ ਜੀ ਨੇ ਗੋਆ ਵਿਚੋਂ ਵਾਪਸ ਆਉਣ ਲੱਗਿਆਂ ਇੱਕ ਪੱਥਰ ਦਾ ਕੂੰਡਾ ਲੈ ਕੇ ਆਂਦਾ, ਜਿਸ ਨੂੰ ਅਸੀਂ ਅੱਜ ਤੱਕ ਪਿਆਰ ਨਾਲ ਸਾਂਭੀ ਆ ਰਹੇ ਹਾਂ। ਗੋਆ ਵਿਚ ਉਸ ਵਕਤ ਕੁਝ ਭਾਰਤੀ ਜਵਾਨਾਂ ਨੇ ਭੱਜ ਗਏ ਪੁਰਤਗੇਜ਼ੀਆਂ ਦੇ ਘਰਾਂ ਵਿਚਲੇ ਸਾਮਾਨ ‘ਤੇ ਹੱਥ ਫੇਰਿਆ ਸੀ। ਕਈਆਂ ਦੇ ਹੱਥ ਚੰਗਾ ਮਾਲ-ਅਸਬਾਬ ਲੱਗਾ। ਗੋਆ ਦੀ ਜਿੱਤ ਦੀ ਨਿਸ਼ਾਨੀ ਵਜੋਂ ਉਹ ਇਹ ਸਾਮਾਨ ਆਪਣੇ ਘਰਾਂ ਨੂੰ ਲੈ ਆਏ। ਬਾਪੂ ਦੁਆਰਾ ਲਿਆਂਦਾ ਕੂੰਡਾ ਵੀ ਜਿਵੇਂ ਬਾਪੂ ਦੀ ਬਹਾਦਰੀ ਦਾ ਪ੍ਰਤੀਕ ਹੈ। ਬਾਪੂ ਨੇ ਜਿਵੇਂ ਗੋਆ ‘ਤੇ 350 ਸਾਲ ਤੋਂ ਕਾਬਜ਼ ਪੁਰਤਗਾਲੀਆਂ ਦਾ ਕੂੰਡਾ ਕਰਕੇ ਰੱਖ ਦਿੱਤਾ ਸੀ। ਸਾਢੇ ਤਿੰਨ ਸਦੀਆਂ ਪਹਿਲਾਂ ਇਨ੍ਹਾਂ ਪੁਰਤਗਾਲੀਆਂ ਨੇ ਹਿੰਦੁਸਤਾਨੀਆਂ ਦਾ ਕੂੰਡਾ ਕਰਕੇ ਦੇਸ਼ ਦੇ ਦੱਖਣੀ ਹਿੱਸੇ ‘ਤੇ ਕਬਜ਼ਾ ਜਮ੍ਹਾ ਲਿਆ ਸੀ। ਉਨ੍ਹਾਂ ਦਾ ਨਿਸ਼ਾਨਾ ਸਾਰੇ ਭਾਰਤ ਨੂੰ ਕਬਜ਼ੇ ਹੇਠ ਕਰਕੇ ਇਥੋਂ ਦੀ ਬਹੁਮੁੱਲੀ ਦੌਲਤ ਨੂੰ ਲੁੱਟਣ ਦਾ ਸੀ। ਅਲਬੂਕਰਕ ਵਰਗੇ ਉਸ ਦੇ ਮਹਾਨ ਜਰਨੈਲਾਂ ਨੇ ਇਸ ਲਈ ਆਪਣਾ ਸਾਰਾ ਜ਼ੋਰ ਵੀ ਲਾਇਆ। ਇਸੇ ਸਮੇਂ ਉਨ੍ਹਾਂ ਦਾ ਵਾਹ ਧਰਮਾਂ, ਜਾਤਾਂ ਪਿੱਛੇ ਲੱਗ ਕੇ ਲੜਦੀ ਰਹਿਣ ਵਾਲੀ ਭਾਰਤੀ ਜਨਤਾ ਦੀ ਥਾਵੇਂ ਆਪਣੇ ਜਿਹੀ ਹੀ ਸ਼ਾਤਰ, ਅੰਗਰੇਜ਼ ਕੌਮ ਨਾਲ ਪੈ ਗਿਆ। ਇਨ੍ਹਾਂ ਅੰਗਰੇਜ਼ਾਂ ਨੇ ਦੱਖਣੀ ਯੁੱਧਾਂ ਵਿਚ ਪੁਰਤਗਾਲੀਆਂ ਨੂੰ ਹਰਾ ਕੇ ਉਨ੍ਹਾਂ ਦਾ ਕੂੰਡਾ ਕਰਕੇ ਰੱਖ ਦਿੱਤਾ ਤੇ ਇਉਂ ਸਾਰੇ ਭਾਰਤ ‘ਤੇ ਰਾਜ ਕਰਨ ਦਾ ਉਨ੍ਹਾਂ ਦਾ ਸੁਪਨਾ ਮਿੱਟੀ ਵਿਚ ਮਿਲਾ ਦਿੱਤਾ।
‘ਕੂੰਡਾ’ ਸ਼ਬਦ ਦੇ ਜ਼ਿਹਨ ਵਿਚ ਆਉਂਦਿਆਂ ਹੀ ਪੱਥਰ ਜਾਂ ਪਕਾਈ ਮਿੱਟੀ ਦਾ ਬਣਾਇਆ ਅਜਿਹਾ ਬਰਤਨ ਸਾਹਮਣੇ ਆ ਜਾਂਦਾ ਹੈ ਜੋ ਕੇਵਲ ਅੱਧਾ ਕੁ ਫੁੱਟ ਉੱਚਾ ਅਤੇ ਅੱਧਾ ਕੁ ਫੁੱਟ ਘੇਰੇ ਦਾ ਹੁੰਦਾ ਹੈ। ਮੂੰਹ ਉੱਪਰੋਂ ਖੁਲ੍ਹਾ ਹੁੰਦਾ ਹੈ। ਥੱਲੇ ਵਾਲੇ ਪਾਸਿਓਂ ਤਿੰਨ ਕੁ ਇੰਚ ਰਹਿ ਜਾਂਦਾ ਹੈ। ਕੂੰਡਾ ਸਾਡੇ ਸਭਿਆਚਾਰ ਦਾ ਇੱਕ ਅਨਿਖੜਵਾਂ ਅੰਗ ਹੈ। ਰੋਜ਼ਾਨਾ ਜ਼ਿੰਦਗੀ ਵਿਚ ਕਈ ਤਰ੍ਹਾ ਦੇ ਕੂੰਡੇ ਵੇਖਣ ਨੂੰ ਮਿਲਦੇ ਹਨ। ਆਮ ਵਰਤੋਂ ਵਿਚ ਆਉਣ ਵਾਲੇ ਕੂੰਡੇ ਪਕਾਈ ਮਿੱਟੀ ਦੇ ਹੁੰਦੇ ਹਨ। ਘੁਮਿਆਰ ਚੀਕਣੀ ਮਿੱਟੀ ਨੂੰ ਚੰਗੀ ਤਰ੍ਹਾਂ ਗੁੰਨ੍ਹ ਕੇ ਪੇੜਾ ਜਿਹਾ ਬਣਾ ਚੱਕ ‘ਤੇ ਚੜ੍ਹਾਉਂਦਾ ਹੈ। ਚੱਕ ਨੂੰ ਘੁਮਾ ਮਨਚਾਹੀ ਸ਼ਕਲ ਦੇ ਦਿੰਦਾ ਹੈ। ਉਸ ਵੱਲੋਂ ਤਿਆਰ ਕੀਤਾ ਇਹ ਕੂੰਡਾ ਆਵੇ ਵਿਚ ਪਕਾਇਆਂ ਜਾਂਦਾ ਹੈ। ਪੂਰੀ ਤਰ੍ਹਾਂ ਪੱਕ ਚੁੱਕਾ ਕੂੰਡਾ, ਉਂਗਲੀ ਦਾ ਠੋਲਾ ਮਾਰਨ ‘ਤੇ ਟੱਲੀ ਵਰਗੀ ਆਵਾਜ਼ ਦਿੰਦਾ ਹੈ। ਜੇਕਰ ਕੂੰਡਾ ਅਜੇ ਕੱਚਾ ਹੋਵੇ ਤਾਂ ਇਸ ਵਿਚੋਂ ਭੱਦੀ ਜਿਹੀ ਆਵਾਜ਼ ਆਉਂਦੀ ਹੈ। ਉਂਗਲੀ ਦਾ ਠੋਲਾ ਮਾਰਿਆਂ ਕੇਵਲ ਥਿਪ-ਥਿਪ ਹੀ ਸੁਣਾਈ ਦਿੰਦੀ ਹੈ। ਦੁਕਾਨਦਾਰ ਜਦੋਂ ਗਾਹਕ ਨੂੰ ਕੂੰਡਾ ਵੇਚਦਾ ਹੈ ਤਾਂ ਗਾਹਕ ਦੀ ਤਸੱਲੀ ਲਈ ਕੂੰਡੇ ਨੂੰ ਉਂਗਲੀ ਦੇ ਠੋਲੇ ਜਾਂ ਕਿਸੇ ਪਤਲੀ ਸੋਟੀ ਨਾਲ ਟੁਣਕਾ ਕੇ ਦਿਖਾਉਂਦਾ ਹੈ। ਕਈ ਕੂੰਡੇ ਪੱਥਰ ਨੂੰ ਕੱਟ ਕੇ ਬਣਾਏ ਜਾਂਦੇ ਹਨ। ਪੱਥਰ ਨੂੰ ਘੜ-ਘੜ ਕੇ ਕੂੰਡਾ ਬਣਾਉਣਾ ਕਾਫ਼ੀ ਔਖਿਆਈ ਅਤੇ ਮਿਹਨਤ ਵਾਲਾ ਕੰਮ ਹੈ। ਇਸ ਵਿਚ ਕਲਾਤਮਿਕਤਾ ਵੀ ਹੁੰਦੀ ਹੈ। ਬਿਲਕੁਲ ਮੂਰਤੀਕਾਰੀ ਵਾਂਗ ਹੈ। ਕਈ ਕਾਰੀਗਰ ਸੀਮਿੰਟ+ਰੇਤਾ+ਬਜਰੀ ਨਾਲ ਵੀ ਕੂੰਡੇ ਤਿਆਰ ਕਰਦੇ ਹਨ। ਚੀਨੀ ਮਿੱਟੀ ਦੇ ਬਣੇ ਕੂੰਡੇ ਵੀ ਦਿਖਾਈ ਦੇ ਜਾਂਦੇ ਹਨ। ਪੁਰਾਣੇ ਹਕੀਮ ਦੇਸੀ ਦਵਾਈਆਂ ਰਗੜਨ ਲਈ ਅਕਸਰ ਇਨ੍ਹਾਂ ਚੀਨੀ ਮਿੱਟੀ ਦੇ ਛੋਟੇ ਅਕਾਰ ਦੇ ਕੂੰਡਿਆਂ ਦੀ ਵਰਤੋਂ ਹੀ ਕਰਦੇ ਹਨ।
ਮਿੱਟੀ ਦੇ ਬਣਾਏ ਜਾਂਦੇ ਬਰਤਨਾਂ ਜਿਵੇਂ ਘੜੇ, ਸੁਰਾਹੀ, ਤੌੜੀ, ਕਾੜਨੀ, ਚਟੂਰੀ, ਚਾਟੀ, ਝੱਜਰੀ, ਕੁਝੇ ਆਦਿ ਵਾਂਗ ਕੂੰਡੇ ਦਾ ਵੀ ਯੁਗ ਬੀਤਦਾ ਜਾ ਰਿਹਾ ਹੈ। ਦਾਲ-ਸਬਜ਼ੀ ਵਿਚ ਪਾਉਣ ਲਈ ਹਰੀਆਂ ਮਿਰਚਾਂ ਰਗੜਨ ਲਈ ਲੋਕ ਕੂੰਡੇ ਦੀ ਵਰਤੋਂ ਕਰਦੇ ਹਨ। ਪਿੰਡਾਂ ਵਾਲੇ ਪੁਦੀਨੇ, ਪਿਆਜ਼, ਤੇ ਟਮਾਟਰ ਨੂੰ ਘੋਟਨੇ ਦੀ ਸਹਾਇਤਾ ਨਾਲ ਕੂੰਡੇ ਵਿਚ ਬਰੀਕ-ਬਰੀਕ ਰਗੜ ਕੇ, ਸੁਆਦੀ ਚਟਨੀ ਬਣਾਉਂਦੇ ਹਨ। ਬੁੜੀਆਂ ਸਿਲੇ ਵਾਲੀ ਜਨਾਨੀ ਨੂੰ ਰਲ਼ਾ ਕੇ ਦਿੱਤੀ ਜਾਣ ਵਾਲੀ ਪੰਜੀਰੀ ਵਿਚ ਬਹੁਤ ਸਾਰੀਆਂ ਦੇਸੀ ਜੜੀਆਂ ਬੂਟੀਆਂ ਪਾਉਂਦੀਆਂ ਸਨ। ਇਨ੍ਹਾਂ ਬੂਟੀਆਂ ਨੂੰ ਪੰਜੀਰੀ ਵਿਚ ਰਲ਼ਾਉਣ ਤੋਂ ਪਹਿਲਾਂ ਕੂੰਡੇ ਵਿਚ ਚੰਗੀ ਤਰ੍ਹਾਂ ਰਗੜ ਕੇ ਪੀਸ ਲਿਆ ਜਾਂਦਾ ਸੀ। ਗਰਮੀਆਂ ਦੇ ਦਿਨਾਂ ਵਿਚ ਘੜੇ ਵਾਂਗ ਹੀ ਕੂੰਡਾ ਵੀ ਗ਼ਰੀਬਾਂ ਦਾ ਸਾਥੀ ਹੁੰਦਾ ਸੀ। ਗ਼ਰੀਬ ਲੋਕ ਹੱਟੀਓਂ ਥੋੜ੍ਹੀ ਜਿਹੀ ਖਸਖਾਸ ਲੈ ਕੂੰਡੇ ਵਿਚ ਇਸਨੂੰ ਚੰਗੀ ਤਰ੍ਹਾਂ ਘੋਟਦੇ। ਇਸ ਵਿਚ ਘੜੇ ਦਾ ਠੰਢਾ ਪਾਣੀ ਪਾ ਲੈਂਦੇ ਸਨ। ਇਉਂ ਬਣਾ ਕੇ ਪੀਤੀ ਸ਼ਰਦਾਈ ਗਰਮੀ ਨੂੰ ਨੇੜੇ ਨ੍ਹੀਂਂ ਲੱਗਣ ਦਿੰਦੀ। ਸਰਦੇ-ਪੁੱਜਦੇ ਲੋਕ ਇਸ ਸਰਦਾਈ ਵਿਚ ਮਗਜ਼ ਤੇ ਬਾਦਾਮ ਵੀ ਘੋਟ ਲੈਂਦੇ। ਡੇਰਿਆਂ ‘ਤੇ ਬੈਠੇ ਸਾਧ, ਉਨ੍ਹਾਂ ਦੇ ਵਿਹਲੜ ਚੇਲੇ ਅਤੇ ਗੁਰੂ ਦੀਆਂ ਲਾਡਲੀਆਂ ਫੌਜ਼ਾਂ (ਨਿਹੰਗ ਸਿੰਘ) ਕੂੰਡਿਆਂ ਦੀ ਵਰਤੋਂ ਸੁੱਖ ਨਿਧਾਨ ਲਈ ਕਰਦੇ ਨੇ। ਸੁੱਖ ਨਿਧਾਨ ਛਕ ਕੇ ਉਨ੍ਹਾਂ ਦੀ ਬਿਰਤੀ ਸੱਥਵੇਂ ਅਸਮਾਨ ਜਾ ਲੱਗਦੀ।
ਕੂੰਡਾ ਰੋਜ਼ਾਨਾ ਕਾਰ-ਵਿਹਾਰ ਦਾ ਅਨਿਖੜਵਾਂ ਅੰਗ ਸੀ। ਵਸਦੇ ਘਰਾਂ ਵਿਚ ਸਵੇਰ ਤੋਂ ਹੀ ਕੂੰਡਾ-ਘੋਟਨਾ ਖੜਕਣ ਲੱਗ ਪੈਂਦਾ। ਜੇ ਕਿਸੇ ਦੇ ਘਰ ਪਰ੍ਹਾਉਣਾ-ਧਰ੍ਹਾਉਣਾ ਆਇਆ ਹੁੰਦਾ, ਕੂੰਡੇ ਵਿਚ ਰਗੜੇ ਜਾ ਰਹੇ ਮਸਾਲਿਆਂ ਦੀ ਮਹਿਕ ਆਲੇ-ਦੁਆਲੇ ਦੇ ਘਰਾਂ ‘ਚ ਤੁਰੀ ਫਿਰਦੀ। ਲੋਕ ਇਸ ਮਹਿਕ ਤੋਂ ਹੀ ਅੰਦਾਜ਼ਾ ਲਗਾ ਲੈਂਦੇ ਕਿ ਆਏ ਪ੍ਰਾਹੁਣੇ ਦੀ ਸੇਵਾ ਲਈ ਕੀ ਬਣਾਇਆ ਜਾ ਰਿਹਾ ਹੈ। ਹੁਣ ਦੀ ਪਨੀਰੀ ਤਾਂ ਕੂੰਡੇ ਦਾ ਨਾਂ ਵੀ ਵਿਸਾਰਦੀ ਜਾ ਰਹੀ ਹੈ। ਹਲਦੀ, ਮਿਰਚ, ਮਸਾਲਾ ਸਭ ਪੀਸਿਆ-ਪਿਸਾਇਆ ਬਾਜ਼ਾਰੋਂ ਮਿਲ ਜਾਂਦਾ ਹੈ। ਮਿਰਚ ਮਸਾਲਾ ਬਰੀਕ ਕਰਨ ਵਾਸਤੇ ਜਾਂ ਚਟਨੀ ਤਿਆਰ ਕਰਨ ਲਈ ਮਿਕਸੀਆਂ ਅਤੇ ਗਰਾਂਈਡਰ ਆ ਗਏ ਸਨ। ਮਿਕਸੀ ਦੇ ਜੱਗ ਵਿਚ ਪੁਦੀਨਾ, ਟਮਾਟਰ ਤੇ ਪਿਆਜ਼ ਪਾ ਕੇ, ਬਟਨ ਦਬਾਇਆ ਤੇ ਚੱਲ ਮੇਰੇ ਭਾਈ ਚਟਨੀ ਤਿਆਰ। ਵੈਸੇ ਅੱਜ ਕੱਲ੍ਹ ਦੀ ਬਹੁਤੀ ਪਨੀਰੀ ਨੂੰ ਤਾਂ ਚਟਨੀ ਖਾਣ ਨਾਲ ਅਲਰਜੀ ਹੋ ਜਾਂਦੀ ਐ।
ਪੰਜਾਬੀ ਲੋਕ ਬੋਲੀਆਂ ਵਿਚ ਜਿੱਥੇ ਗਿੱਦੜਬਾਹੇ ਦੀ ਨਸਵਾਰ, ਘਾਸਪਰੇ ਦੀ ਦਾਤੀ, ਭਦੌੜ ਦੀ ਚਾਟੀ, ਹਿੰਮਤਪੁਰੇ ਦੇ ਟਕੂਏ, ਢਾਕੇ ਦੀ ਬਣੀ ਮਲਮਲ ਅਤੇ ਪਟਿਆਲੇ ਦੇ ਬਣੇ ਰੇਸ਼ਮੀ ਨਾਲਿਆਂ ਦੀ ਚਰਚਾ ਹੋਈ ਮਿਲਦੀ ਹੈ, ਉੱਥੇ ਰੌਂਤੇ ਦੇ ਬਣੇ ਕੂੰਡਿਆਂ ਦੀ ਵੀ ਪੂਰੀ ਮਸ਼ਹੂਰੀ ਹੈ। ਕੂੰਡਾ ਭਾਵੇਂ ਕਿਤੋਂ ਦਾ ਵੀ ਬਣਿਆ ਹੋਵੇ, ਦੁਕਾਨਦਾਰ ਵੇਚਣ ਲੱਗਾ ਇਹੋ ਆਖੇਗਾ, ‘ਰੌਂਤੇ ਦਾ ਬਣਿਆ। ਟੁਣਕਾ ਕੇ ਵੇਖ ਲਾ, ਟੱਲੀ ਵਾਂਗੂੰ ਟੁਣਕਦਾ। ਬੇਫ਼ਿਕਰ ਹੋ ਕੇ ਲੈਜਾ, ਬਹੁਤਾ ਸੋਚੀਂ ਨ੍ਹੀਂ ਪਈਦਾ।’ ਪਿੰਡਾਂ ਵਿਚ ਮਿੱਟੀ ਦੇ ਭਾਂਡੇ ਵੇਚਣ ਵਾਲੇ ਵੀ ਇਹੋ ਆਵਾਜ਼ ਲਾਉਂਦੇ, ‘ਘੜਾ ਲੋ, ਚਾਟੀ ਲੋ, ਰੌਂਤੇ ਦੇ ਬਣੇ ਕੂੰਡੇ ਲੋ।’ ਦਰਅਸਲ ਰੌਂਤੇ ਦੇ ਨਾਲ ਕੂੰਡੇ ਦਾ ਨਾਂ ਇਵੇਂ ਜੁੜ ਗਿਆ ਜਿਵੇਂ ਸਿਆਸਤਦਾਨਾ ਨਾਲ ਭਿ੍ਰਸ਼ਟਾਚਾਰ। ਕੂੰਡੇ ਦਾ ਨਾਂ ਲੈਂਦਿਆਂ ਹੀ ਰੌਂਤਾ ਪਿੰਡ ਚੇਤੇ ਆਂ ਜਾਂਦਾ ਹੈ ਤੇ ਭਿ੍ਰਸ਼ਟਾਚਾਰ ਦਾ ਸ਼ਬਦ ਸਾਹਮਣੇ ਆਉਂਦਿਆਂ ਹੀ ਦਿਮਾਗ ‘ਚ ਭਾਰਤੀ ਸਿਆਸਤਦਾਨਾਂ ਦੀ ਤਸਵੀਰ ਉੱਘੜ ਆਉਂਦੀ ਹੈ।
ਕੂੰਡੇ ਅਤੇ ਘੋਟਨੇ ਦਾ ਆਪਸ ਵਿਚ ਪੱਕਾ ਪੀਡਾ ਰਿਸ਼ਤਾ ਹੈ। ਘੋਟਨੇ ਬਿਨਾਂ ਕੂੰਡੇ ਦੀ ਕੋਈ ਵੁਕੱਤ ਹੀ ਨ੍ਹੀਂਂ ਹੈ। ਕੂੰਡੇ ਵਿਚ ਕੋਈ ਵੀ ਚੀਜ਼ ਰਗੜਨ, ਪੀਸਣ ਲਈ ਘੋਟਨੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਡੇਢ-ਦੋ ਇੰਚ ਵਿਆਸ ਦਾ ਲੱਕੜੀ ਦਾ ਦੋ-ਢਾਈ ਫੁੱਟ ਲੰਮਾ ਸੋਟਾ ਜਿਹਾ ਹੁੰਦਾ ਹੈ। ਇਸ ਨੂੰ ਇੱਕ ਸਿਰੇ ਤੋਂ ਰਗੜ ਕੇ ਗੋਲ ਕਰ ਲਿਆ ਜਾਂਦਾ ਹੈ। ਇਸ ਰਗੜ-ਰਗੜ ਕੇ ਗੋਲ ਕੀਤੇ ਪਾਸੇ ਨਾਲ ਹੀ ਕੂੰਡੇ ਵਿਚ ਪਈ ਵਸਤੂ ਨੂੰ ਕੁੱਟ-ਕੁੱਟ ਕੇ ਬਰੀਕ ਕੀਤਾ ਜਾਂਦਾ ਹੈ। ਕੂੰਡੇ ਵਿਚਾਰੇ ਨੂੰ ਘੋਟਨੇ ਦੀਆਂ ਬੇਕਿਰਕ ਸੱਟਾਂ ਆਪਣੀ ਪੁੜਪੁੜੀ ‘ਚ ਸਹਿਣੀਆਂ ਪੈਂਦੀਆਂ ਹਨ। ਬਿਲਕੁਲ ਉਸੇ ਤਰ੍ਹਾਂ ਜਿਵੇਂ ਹੱਕ ਮੰਗਦੇ ਮੁਲਾਜ਼ਮਾਂ ਨੂੰ ਮਟਕਾ ਚੌਂਕ ਚੰਡੀਗੜ੍ਹ ਵਿਖੇ ਲੋਕਾਂ ਦੀ ਰਖਵਾਲੀ ਪੁਲਿਸ ਦੀਆਂ ਸਹਿਣੀਆਂ ਪੈਂਦੀਆਂ ਨੇ। ਘੋਟਨੇ ਦੀਆਂ ਸੱਟਾਂ ਸਹਿੰਦਿਆਂ ਕੂੰਡਾ ਉੱਕਾ ਹੀ ਨ੍ਹੀਂਂ ਚੀਕਦਾ ਤੇ ਨਾ ਹੀ ਰਤਾ ਮਾਸਾ ਕੁਸਕਦਾ ਹੈ। ਜਿਵੇਂ ਭਾਰਤੀ ਜਨਤਾ ਵੀ ਵਿਚਾਰੀ ਵੀ ਨ੍ਹੀਂਂ ਚੀਕਦੀ। ਜਿਵੇਂ ਜਿਵੇਂ ਸੱਟਾਂ ਲੱਗਦੀਆਂ ਨੇ ਕੂੰਡਾ ਭਾਰਤੀ ਜਨਤਾ ਵਾਂਗ ਸਗੋਂ ਹੋਰ ਵਧੇਰੇ ਢੀਠ ਹੋਈ ਜਾਂਦਾ ਹੈ। ਉਂਜ ਵੀ ਕੂੰਡੇ ਅਤੇ ਘੋਟਨੇ ਦੇ ਰਿਸ਼ਤੇ ਆਪਸ ਵਿਚ ਕਦੇ ਸਾਜ਼ਗਾਰ ਨ੍ਹੀਂਂ ਹੋ ਸਕਦੇ। ਇਹ ਤਾਂ ਭਾਰਤ-ਪਾਕਿਸਤਾਨ ਵਾਂਗ ਆਪਸ ਵਿਚ ਭਿੜਦੇ ਹੀ ਰਹਿੰਦੇ ਨੇ।
‘ਕੂੰਡੇ’ ਤੋਂ ਹੀ ਪੰਜਾਬੀ ਦੇ ਇੱਕ ਪ੍ਰਚਲਿਤ ਮੁਹਾਵਰੇ ‘ਕੂੰਡਾ ਕਰਨਾ’ ਦੀ ਯਾਦ ਆ ਜਾਂਦੀ ਹੈ। ਗੱਲ-ਗੱਲ ‘ਤੇ ਅਸੀਂ ਇਹ ਮੁਹਾਵਰਾ ਵਰਤਦੇ ਹਾਂ। ‘ਐਤਕੀਂ ਬਜਟ ਵਿਚ ਤਾਂ ਸਰਕਾਰ ਨੇ ਮੁਲਾਜ਼ਮਾਂ ਦਾ ਕੂੰਡਾ ਕਰਕੇ ਰੱਖ ਦਿੱਤਾ।’ ਜਾਂ ਕਹਿੰਦੇ ਹਾਂ ‘ਬੇਮੌਸਮੀ ਵਰਖਾ ਨੇ ਕਿਸਾਨਾਂ ਦਾ ਕੂੰਡਾ ਕਰ ਦਿੱਤਾ।’ ਜਦੋਂ ਸਕੂਲ ਪੜ੍ਹਦੇ ਹੁੰਦੇ ਸਾਂ ਤਾਂ ਅਧਿਆਪਕ ਇਸ ਮੁਹਾਵਰੇ ਨੂੰ ਵਾਕ ਵਿਚ ਵਰਤਣਾ ਸਿਖਾਉਂਦੇ ਸਨ। ਹੋਰ ਵਾਕਾਂ ਵਿਚ ਵਰਤੇ ਜਾਂਦੇ ਰਾਮ ਅਤੇ ਸ਼ਾਮ ਇੱਥੇ ਵੀ ਆ ਹਾਜ਼ਰ ਹੁੰਦੇ, ‘ਰਾਮ ਨੇ ਸ਼ਾਮ ਦਾ ਕੂੰਡਾ ਕਰਕੇ ਰੱਖ ਦਿੱਤਾ।’ ਉਸ ਸਮੇਂ ਬਿਲਕੁਲ ਪਤਾ ਨ੍ਹੀਂਂ ਸੀ ਹੁੰਦਾ ਕਿ ਕੂੰਡਾ ਕਰਨਾ ਹੁੰਦਾ ਕੀ ਹੈ। ਅਸੀਂ ਵੀ ਵਾਕ ਦੀ ਡੂੰਘਾਈ ਵਿਚ ਜਾ ਕੇ ਕਦੇ ਪੁੱਛਣ ਦੀ ਖੇਚਲ ਨ੍ਹੀਂਂ ਸੀ ਕੀਤੀ ਕਿ ਰਾਮ ਨੇ ਸ਼ਾਮ ਦਾ ਕੂੰਡਾ ਕਿਵੇਂ ਕਰ ਦਿੱਤਾ। ਉਂਜ ਅਧਿਆਪਕ ਆਏ ਦਿਨ ਸਰਕਾਰ ਵੱਲੋਂ ਟੀ.ਏ., ਡੀ.ਏ. ਜਾਮ ਕਰਕੇ ਮੁਲਾਜ਼ਮਾਂ ਦਾ ਕੂੰਡਾ ਕਰ ਦਿੱਤੇ ਜਾਣ ਦੀਆਂ ਗੱਲਾਂ ਤਾਂ ਕਰਦੇ ਰਹਿੰਦੇ ਸਨ ਪਰ ਵਿਦਿਆਰਥੀਆਂ ਨੂੰ ਇਸ ਬਾਰੇ ਚਾਨਣਾ ਨ੍ਹੀਂਂ ਸੀ ਪਾੳਂੁਦੇ। ਵੈਸੇ ਵੀ ਕਈ ਅਧਿਆਪਕ ਅਜਿਹੇ ਸਨ ਜੋ ਖੁਦ ਆਪਣੇ ਵਿਦਿਆਰਥੀਆਂ ਦਾ ਕੂੰਡਾ ਕਰਨ ਤੋਂ ਨ੍ਹੀਂਂ ਸਨ ਝਿਜਕਦੇ।
ਸਾਡੇ ਦੇਸ਼ ਰੂਪੀ ਗੱਡੀ ਦੇ ਡਰਾਇਵਰਾਂ ਨੇ ਸੱਠਾਂ-ਸੱਥਰਾਂ ਸਾਲਾਂ ਵਿਚ ਦੇਸ਼ ਦਾ ਕੂੰਡਾ ਕਰਕੇ ਰੱਖ ਦਿੱਤਾ। ਨੇਤਾ ਲੋਕ ਲੱਛੇਦਾਰ ਭਾਸ਼ਣਾਂ, ਦਿਲ ਲੁਭਾਊ ਲਾਰਿਆਂ, ਝੂਠੇ ਵਾਅਦਿਆਂ ਅਤੇ ਉਕਸਾਊ ਨਾਅਰਿਆਂ ਨਾਲ ਜਨਤਾ ਜਨਾਰਧਨ ਦੇ ਵੋਟ ਹਥਿਆ ਲੈਂਦੇ ਹਨ। ਨੇਤਾ ਕਹਿੰਦਾ ਹੈ ਕਿ ਮਹਿੰਗਾਈ ‘ਤੇ ਰੋਕ ਲਾਵਾਂਗੇ। ਆਟਾ, ਦਾਣਾ, ਚੌਲ, ਖੰਡ, ਲੂਣ, ਤੇਲ, ਲੀੜਾ-ਕੱਪੜਾ, ਰਸੋਈ ਗੈਸ, ਪੈਟਰੋਲ, ਡੀਜ਼ਲ ਸਸਤੇ ਕਰ ਦਿਆਂਗੇ। ਹੁਣ ਤਾਂ ਇਹ ਸਾਰਾ ਕੁਝ ਮੁਫ਼ਤ ਦੇਣ ਦੀਆਂ ਗੱਲਾਂ ਕਰਦੇ ਨੇ। ਆਖਦੇ ਨੇ ਕਿ ਰੇਲਾਂ, ਬੱਸਾਂ ਦੇ ਕਿਰਾਏ ਅੱਧ ਨਾਲੋਂ ਵੱਧ ਮੁਆਫ਼ ਕਰ ਦਿਆਂਗੇ। ਬਿਜਲੀ ਜਿਵੇਂ ਮਰਜ਼ੀ ਵਰਤੀ ਜਾਇਓ, ਕੋਈ ਪੁੱਛੇਗਾ ਤੱਕ ਨ੍ਹੀਂਂ। ਜਨਤਾ ਵਿਚਾਰੀ ਨੇਤਾਵਾਂ ਦੇ ਭਾਸ਼ਣਾਂ ਨਾਲ ਭੇਚਲੀ ਜਾਂਦੀ ਹੈ। ਉਹ ਕਰੇ ਵੀ ਤਾਂ ਕੀ? ਨੇਤਾ ਜੀ ਲਾਰੇ ਹੀ ਇਸ ਢੰਗ ਦੇ ਲਾਉਂਦੇ ਹਨ ਕਿ ਚੁਸਤ ਤੋਂ ਚੁਸਤ ਬੰਦਾ ਵੀ ਠੱਗਿਆ ਜਾਂਦਾ। ਫਿਰ ਵਿਚਾਰੀ ਜਨਤਾ ਕਿਸ ਬਾਗ਼ ਦੀ ਮੂਲੀ। ਇੱਕ ਨੂੰ ਦਰਿਕਨਾਰ ਕਰਕੇ ਦੂਜੇ ਨੂੰ ਹੀ ਤਾਂ ਲਿਆ ਸਕਦੀ ਹੈ, ਹਾਕਮਾਂ ਦੀ ਬਦਲੀ ਕਰਕੇ ਉਹ ਖੁਸ਼ੀ ਵਿਚ ਭੰਗੜੇ ਪਾਉਂਦੀ ਹੈ, ਬੁੱਬਲੀਆਂ ਮਾਰਦੀ ਹੈ, ਬੱਕਰੇ ਬੁਲਾਉਂਦੀ ਹੈ ਤੇ ਨਵੇਂ ਹਾਕਮਾਂ ਦੇ ਸੋਹਲੇ ਗਾਉਂਦੀ ਹੈ। ਥੋੜ੍ਹੇ ਚਿਰ ਬਾਅਦ ਨਵੇਂ ਹਾਕਮ ਆਪਣਾ ਨਵਾਂ ਬਜਟ ਪੇਸ਼ ਕਰਦੇ ਹਨ ਜਿਸ ਨੂੰ ਵੇਖ ਕੇ ਜਨਤਾ ਵਿਚਾਰੀ ਹੱਕੀ-ਬੱਕੀ ਰਹਿ ਜਾਂਦੀ ਹੈ। ਇਸ ਨਵੇਂ ਬਜਟ ਰਾਹੀਂ ਹਾਕਮ, ਪਹਿਲਾਂ ਤੋਂ ਹੀ ਚੱਕੀ ਵਿਚ ਪਿਸ ਰਹੀ ਜਨਤਾ ਦਾ ਕੂੰਡਾ ਕਰ ਦਿੰਦੇ ਹਨ। ਜਨਤਾ ਨਵੀਂ ਘੋੜੀ ਦੇ ਦੰਦ ਵੇਖਣ ਦੇ ਚਾਅ ‘ਚ ਵਾਰ ਵਾਰ ਠੱਗੀ ਖਾ ਜਾਂਦੀ ਹੈ।
ਕਈ ਵਾਰ ਜਨਤਾ ਆਪਣੇ ਹੱਥ ਵਿਖਾਉਣੋਂ ਝਿਜਕਦੀ ਨ੍ਹੀਂਂ। ਉਹ ਰੋਂਦੀ-ਪਿਟਦੀ ਚੋਣਾਂ ਤੱਕ ਦਰ-ਗੁਜ਼ਰ ਕਰੀ ਜਾਂਦੀ ਹੈ। ਚੋਣਾਂ ਵਿਚ ਇਹੀ ਜਨਤਾ ਰਾਜ ਨੇਤਾਵਾਂ ਦਾ ਕੂੰਡਾ ਕਰ ਦਿੰਦੀ ਹੈ। ਉਂਜ ਇਹ ਗੱਲ ਵੱਖਰੀ ਕਿ ਕੂੰਡਾ ਕੀਤੇ ਇਹ ਨੇਤਾ ਰਾਜ ਸਭਾ ਰੂਪੀ ਪਿਛਲੇ ਦਰਵਾਜ਼ੇ ਰਾਹੀਂ ਸੰਸਦ ਵਿਚ ਜਾਂ ਪਹੁੰਚਦੇ ਨੇ ਅਤੇ ਇੱਕ ਵਾਰ ਫਿਰ ਦੇਸ਼ ਦੀ ਗੱਡੀ ਦੇ ਸਟੇਅਰਿੰਗ ਨੂੰ ਜਾ ਸੰਭਾਲਦੇ ਹਨ। ਉਸ ਸਮੇਂ ਨੇਤਾ ਦਾ ਕੂੰਡਾ ਕਰਨ ਵਾਲੀ ਜਨਤਾ ਬਿੱਲ-ਬਤੌਰੀ ਵਾਂਗੂੰ ਝਾਕਦੀ ਹੀ ਰਹਿ ਜਾਂਦੀ ਹੈ।
ਆਦਿ ਕਾਲ ਤੋਂ ਹੀ ਰਾਜ ਗੱਦੀਆਂ ਲਈ ਘਸਮਾਣ ਹੁੰਦੇ ਆਏ ਨੇ। ਇਨ੍ਹਾਂ ਘਮਸਾਨਾਂ ਵਿਚ ਅਕਸਰ ਵਿਚਾਰੀ ਜਨਤਾ ਦਾ ਹੀ ਦਲੀਆ ਹੁੰਦਾ ਹੈ। ਸਾਨ੍ਹਾਂ ਦੇ ਭੇੜ ਵਿਚ ਵਿਚਾਰੀ ਜਨਤਾ ਦਾ ਕੂੰਡਾ ਹੋ ਜਾਂਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਨਵੇਂ ਹਾਕਮ ਪੁਰਾਣਿਆਂ ਨਾਲ ਆਪਣੀ ਕਿੜ ਖੱਡਣ ਲਈ ਜਨਤਾ ‘ਤੇ ਗੋਡਾ ਫੇਰ ਦਿੰਦੇ ਹਨ। ਜਨਤਾ ਵਿਚਾਰੀ ‘ਹਾਏ ਬੂ’ ਕਰਨ ਤੋਂ ਬਿਨ੍ਹਾਂ ਹੋਰ ਕੁਝ ਨ੍ਹੀਂਂ ਕਰ ਸਕਦੀ। ਹੋਰ ਕਰੇ ਵੀ ਕੀ?
ਪਿਛਲੇ ਸਮੇਂ ਵਿਚ ਪੰਜਾਬ ਦੇ ਵੱਡੇ ਘਰਾਂ ਦੇ ਕਾਕਿਆਂ ਨੇ ਆਪਣੇ ਵੱਡੇ-ਵਡੇਰਿਆਂ ਵੱਲੋਂ ਇਕੱਠੀ ਕੀਤੀ ਮਾਇਆ ਦੀ ਸ਼ਕਤੀ ਨਾਲ ‘ਸ਼ੁਗਲ’ ਵਜੋਂ ਨੌਕਰੀਆਂ ਹਥਿਆਈਆਂ। ਇਹ ਨੌਕਰੀਆਂ ਬਹੁਤ ਸਾਰੇ ਯੋਗ ਉਮੀਦਵਾਰਾਂ ਦਾ ਕੂੰਡਾ ਕਰਕੇ ਪ੍ਰਾਪਤ ਕੀਤੀਆਂ। ਸਮੇਂ ਨਾਲ ਪੰਜਾਬ ਵਿਚ ਰਾਜ ਅਤੇ ਤਾਜ ਬਦਲ ਗਏ। ਨਵੇਂ ਹਾਕਮ ਨੇ ਇੱਕੋ ਝਟਕੇ ਨਾਲ ਨੌਕਰੀਆਂ ਖ਼ਰੀਦਣ ਵਾਲਿਆਂ ਦਾ ਕੂੰਡਾ ਕਰਕੇ ਰੱਖ ਦਿੱਤਾ। ਰਾਤ-ਦਿਨ ਕਰੋੜਾਂ-ਅਰਬਾਂ ‘ਚ ਖੇਡਣ ਵਾਲੇ ਇਨ੍ਹਾਂ ਕਾਕਿਆਂ ਨੂੰ ਕੀ ਫ਼ਰਕ? ਉਹ ਤਾਂ ਬਾਪ-ਦਾਦੇ ਦੇ ਦੋ ਨੰਬਰੀ ਕਾਰੋਬਾਰ ਵਿਚ ਜਾ ਲੱਗੇ ਪਰ ਦੂਸਰੇ ਪਾਸੇ ਇਨ੍ਹਾਂ ਦੀਆਂ ‘ਭੱਦਰਕਾਰੀਆਂ’ ਕਾਰਨ ਗ਼ਰੀਬ ਮਾਰ ਵੀ ਹੋ ਗਈ। ਆਪਣੀ ਲਿਆਕਤ ਅਤੇ ਮਿਹਨਤ ਦੇ ਜ਼ਰੀਏ ਨੌਕਰੀ ਵਿਚ ਆਏ ਬਹੁਤ ਸਾਰੇ ਗ਼ਰੀਬ ਨੌਜੁਆਨਾਂ ਦਾ ਕੂੰਡਾ ਹੋ ਗਿਆ। ਪੈਸੇ ਦੇ ਕੇ ਭਰਤੀ ਹੋਣ ਵਾਲੇ ਤਾਂ ਸੋਚਦੇ ਸਨ ਕਿ ਚਲੋ ਠੀਕ ਹੈ ਜਿੰਨੇ ਦਿਨ ਅਫ਼ਸਰੀ ਦੀ ਕੁਰਸੀ ਦਾ ਸੁਆਦ ਦੇਖ ਲਿਆ ਠੀਕ ਹੈ ਪਰ ਜਿਨ੍ਹਾਂ ਵਿਚਾਰੇ ਗ਼ਰੀਬ ਉਮੀਦਵਾਰਾਂ ਦਾ ਕੂੰਡਾ ਹੋ ਗਿਆ ਉਹ ਇੰਜ ਤੜਫਣ ਲੱਗੇ ਜਿਵੇਂ ਪਾਣੀ ਬਿਨਾਂ ਮਛਲੀ ਤੜਫਦੀ ਹੈ।
ਲੋਕਾਂ ਦੀਆਂ ਵੋਟਾਂ ਲੈ ਕੇ ਚੁਣੇ ਅੱਜ ਦੇ ਰਾਜੇ-ਮਹਾਰਾਜੇ ਅਕਸਰ ਹੀ ਜਨਤਾ ਨੂੰ ਉਸਦੀ ਅਸਲ ਔਕਾਤ ਦਿਖਾਉਂਦੇ ਰਹਿੰਦੇ ਹਨ। ਉਹ ਆਪਣੀ ਹਰਮਨ ਪਿਆਰੀ ਜਨਤਾ ਦਾ ਕੂੰਡਾ ਕਰਨ ਲੱਗੇ ਬਹੁਤੀਆਂ ਸੋਚਾਂ-ਵਿਚਾਰਾਂ ਵਿਚ ਨ੍ਹੀਂਂ ਪੈਂਦੇ।
ਗੱਲ ਹੋ ਰਹੀ ਸੀ ਬਾਪੂ ਵੱਲੋਂ ਲਿਆਂਦੇ ਕੂੰਡੇ ਦੀ। ਮਾਂ ਕਦੇ-ਕਦੇ ਮਜ਼ਾਕ ਅਤੇ ਵਿਅੰਗ ਨਾਲ ਆਖਦੀ ਹੁੰਦੀ ਸੀ, ‘ਵੇਖਲੋ ਵੇ, ਜੁਆਕੋ, ਥੋਡੇ ਬਾਪੂ ਦੀ ਫ਼ੌਜ ਦੀ ਕਮਾਈ। ਲੋਕ ਉੱਥੋਂ ਸੋਨਾ ਚਾਂਦੀ ਤੇ ਹੋਰ ਚੀਜ਼ਾਂ ਲਿਆਏ। ਥੋਡਾ ਬਾਪੂ ਲਿਆਇਆ ਆਹ ਨਦੀਦ ਚੀਜ਼। ਅਖੇ ਅੰਨ੍ਹੇ ਦੀ ਰੀਝ ਗੁਲੇਲ ‘ਤੇ, ਨਾ ਸਾਬਣ ‘ਤੇ, ਨਾ ਤੇਲ ‘ਤੇ।’ ਉਦੋਂ ਮਾਂ ਦੀ ਆਖੀ ਗੱਲ ਸੱਚੀ ਲੱਗਦੀ ਸੀ। ਅਸੀਂ ਵੀ ਬਾਪੂ ਨੂੰ ਕਹਿੰਦੇ, ‘ਜਦੋਂ ਬਾਕੀਆਂ ਨੇ ਵੱਡੀਆਂ-ਵੱਡੀਆਂ ਮੱਲਾਂ ਮਾਰੀਆਂ ਤੁਸੀਂ ਆਹ ਕੀ ਚੱਕ ਲਿਆਏ ਕੂੰਡਾ ਸਿੰਹ?’ ਸਾਡੀ ਪੁੱਛ ਦੇ ਜਵਾਬ ਵਿਚ ਬਾਪੂ ਸਿਰਫ਼ ਮੁਸਕਰਾ ਦਿੰਦਾ ਸੀ। ਉਸਦੀ ਮੁਸਕਾਣ ਵਿਚ ਨਮੋਸ਼ੀ ਦੀ ਇੱਕ ਕਣੀ ਵੀ ਨ੍ਹੀਂਂ ਸੀ ਹੁੰਦੀ। ਹੁਣ ਵਰਿ੍ਹਆਂ ਬਾਅਦ ਬਾਪੂ ਦੀ ਮੁਸਕਾਣ ਦੇ ਅਸਲ ਅਰਥ ਪਤਾ ਲੱਗੇ ਨੇ। ਬਾਪੂ ਕੋਈ ‘ਰਵੀ ਸਿੱਧੂ’ ‘ਵਿਜੇ ਮਾਲਿਆ’ ‘ਹਰਸ਼ਦ ਮਹਿਤਾ’ ‘ਸੁਰੇਸ਼ ਕਲਮਾਡੀ’ ‘ਨੀਰਵ ਮੋਦੀ’ ਜਾਂ ਕੋਈ ਹੋਰ ਨੇਤਾ ਤਾਂ ਹੈ ਨ੍ਹੀਂਂ ਸੀ ਜੋ ਨੋਟਾਂ ਦੀਆਂ ਬੋਰੀਆਂ ਭਰ ਲਿਆਉਂਦਾ। ਉਹ ਤਾਂ ਵਿਚਾਰੀ ਜਨਤਾ ਸੀ ਤੇ ਜਨਤਾ ਵਾਂਗੂੰ ਉਸ ਦੇ ਅੰਦਰ ਦੇਸ਼ ਭਗਤੀ ਠਾਠਾਂ ਮਾਰਦੀ ਸੀ।