ਖ਼ਾਲਿਸਤਾਨ ਦੀ ਸਾਜ਼ਿਸ਼ ਜਾਂ ਖ਼ਾਲਿਸਤਾਨ ਵਿਰੁੱਧ ਸਾਜ਼ਿਸ਼?

ਸਿੱਖਾਂ ਨੂੰ ਨੇਸਤੋ-ਨਾਬੂਦ ਕਰਨ ਲਈ ਵਰਤਿਆ ਜਾ ਰਿਹਾ ਬ੍ਰਹਮ-ਅਸਤਰ!
ਗੁਰਤੇਜ ਸਿੰਘ
ਜੀ.ਬੀ.ਐਸ. ਸਿੱਧੂ ਨੇ ਇੱਕ ਕਿਤਾਬ ਲਿਖੀ ਕਿ ਸਥਾਪਤੀ ਨੇ ਖ਼ਾਲਿਸਤਾਨ ਦਾ ਸੰਕਲਪ ਉਭਾਰਿਆ ਅਤੇ ਓਸ ਨੂੰ ਆਮ ਪ੍ਰਚੱਲਿਤ ਕੀਤਾ। ਮਕਸਦ ਸੀ ਕਿ ਆਪਣੇ ਸਿਆਸੀ ਟੀਚੇ ਸਰ ਕਰਨ ਲਈ ਏਸ ਨੂੰ ਵਰਤਿਆ ਜਾਵੇ। ਸਿੱਧੂ ਖ਼ਾਲਿਸਤਾਨ ਦੀਆਂ ਜੜ੍ਹਾਂ ਤੱਕ ਨਹੀਂ ਗਿਆ, ਨਾ ਓਸ ਦੀ ਕਿਤਾਬ ਦੀ ਇਹ ਲੋੜ ਸੀ।

ਜਿਹੜੇ ਜੜ੍ਹਾਂ ਤੱਕ ਜਾਂਦੇ ਹਨ ਉਹ ਸਪਰੂ ਕਮੇਟੀ ਰਪਟ, ਹਿੰਦੂ ਮਹਾਂਸਭਾ ਆਗੂਆਂ ਦੇ ਬਿਆਨ, ਵੱਲਭ ਭਾਈ ਪਟੇਲ ਦੇ ਸੰਵਿਧਾਨ ਘੜਨੀ ਸਭਾ ਦੇ ਬਿਆਨਾਂ ਨੂੰ ਘੋਖਦੇ ਹਨ। ਉਹ ਜਾਣਦੇ ਹਨ ਕਿ ਇਹ ਵਿਚਾਰ ਸਿੱਖਾਂ ਨੂੰ ਬਦਨਾਮ ਕਰ ਕੇ ਫਾਹੇ ਲਾਉਣ ਲਈ ਹਿੰਦ ਦੇ ਬੇਈਮਾਨ ਆਗੂਆਂ ਨੇ ਉਭਾਰ ਕੇ, ‘ਗ਼ੈਰਾਂ’ ਲਈ ਡੁੱਲ੍ਹ-ਡੁੱਲ੍ਹ ਪੈਂਦੀ ਨਫ਼ਰਤ ਵਿਚ ਸੋਕ ਕੇ ਪਰੋਸਿਆ ਸੀ। ਸਿੱਖਾਂ ਨੇ ਪੰਜਾਬੀ ਬੋਲੀ ਦੇ ਆਧਾਰ ਉੱਤੇ ਸੂਬੇ ਦਾ ਪੁਨਰਗਠਨ, ਕਾਂਗਰਸ ਦੀ 1920 ਤੋਂ ਚੱਲੀ ਆਉਂਦੀ ਨੀਤੀ ਅਨੁਸਾਰ ਮੰਗਿਆ ਤਾਂ ਕਾਂਗਰਸ ਦੇ ਜੈਪੁਰ ਸੈਸ਼ਨ ਵਿਚ ਨਹਿਰੂ, ਪਟੇਲ, ਪੱਟਾਭੀ ਸੀਤਾਰਮੱਈਆ ਦੀ ਕਮੇਟੀ ਦਾ ਜੁਆਬ ਸੀ: ‘ਚਾਹੇ ਕਿੰਨਾ ਵੀ ਤਰਕਸੰਗਤ ਅਤੇ ਨਿਆਂਪੂਰਣ ਹੋਵੇ, ਉੱਤਰੀ ਭਾਰਤ ਵਿਚ ਸੂਬਿਆਂ ਦਾ ਪੁਨਰਗਠਨ ਨਹੀਂ ਕੀਤਾ ਜਾਵੇਗਾ।’ ਏਸ ਵਿਚਾਰ ਨੂੰ ਹਿੰਦੀ ਨਫ਼ਰਤ ਵਿਚ ਗੁੰਨ੍ਹ ਕੇ ਬੁੱਕਲ ਮੀਡੀਆ ਵੱਲੋਂ ਪ੍ਰਚਾਰਿਆ ਗਿਆ।
ਨਹਿਰੂ ਨੂੰ ਸ: ਜਗਦੀਪ ਸਿੰਘ, ਸ: ਆਤਮਾ ਸਿੰਘ, ਸਰਦਾਰ ਗੁਰਸੇਵਕ ਵਰਗੇ ਯੋਧਿਆਂ ਨੇ ਫ਼ਤਹਿਗੜ੍ਹ ਸਾਹਿਬ ਗੁਰਦਵਾਰੇ ਦੇ ਮੰਚ ਤੋਂ ਬੋਲਣ ਤੋਂ ਰੋਕਿਆ ਤਾਂ ਓਹਨੇ ਬਿਆਨ ਦਿੱਤਾ: ‘ਮੈਂ ਪੰਜਾਬੀ ਸੂਬਾ ਬਣਾ ਕੇ ਹਿੰਦੋਸਤਾਨ ਦੀ ਦੁਬਾਰਾ ਵੰਡ ਨਹੀਂ ਹੋਣ ਦਿਆਂਗਾ।’ ਓਸ ਦਾ ਇਹ ਬਿਆਨ ਅਗਲੇ ਦਿਨ ਰਾਜਪੁਰਾ ਮੁਕਾਮ ਦੇ ਹਵਾਲੇ ਨਾਲ ਛਪਿਆ। ਏਹੋ ਰਵੱਈਆ ਪੰਜਾਬੀ ਸੂਬੇ ਦੀ ਮੰਗ ਬਾਰੇ ਪਟੇਲ ਦਾ ਸੀ। ਬਾਅਦ ਵਿਚ ਇਹ ਦੋਵੇਂ ਅਤੇ ਹੋਰ ਕਾਂਗਰਸੀ ਆਗੂ ਆਖਦੇ ਰਹੇ: ‘ਪੰਜਾਬੀ ਸੂਬਾ ਸਾਡੀਆਂ ਲਾਸ਼ਾਂ ਉੱਤੇ ਬਣੇਗਾ।’ ਅਖ਼ੀਰ ਏਵੇਂ ਹੋਇਆ। ਪਰ ਏਸ ਵਕਫ਼ੇ ਵਿਚ ਉਨ੍ਹਾਂ ਨੇ ਆਪ ਰਚੇ ਲਫ਼ਜ਼ ਖ਼ਾਲਿਸਤਾਨ ਵਿਰੁੱਧ ਏਨੀਂ ਨਫ਼ਰਤ (ਜੋ ਨਵੀਂ ਹਿੰਦੀ ਸੱਭਿਅਤਾ ਦਾ ਪ੍ਰਮੁੱਖ ਗੁਣ, ਅਲਾਮਤ ਹੈ) ਭਰ ਦਿੱਤੀ ਕਿ ਸਦੀ ਬਾਅਦ ਵੀ ਘਟਣ ਦੀ ਬਜਾਏ ਹੋਰ ਤਲਖ਼ ਹੋਈ ਜਾ ਰਹੀ ਹੈ।
ਅੱਜ ਇਹ ਸਿੱਖਾਂ ਨੂੰ ਜ਼ਲੀਲ, ਨੇਸਤੋ-ਨਾਬੂਦ ਕਰਨ ਲਈ ਬ੍ਰਹਮ-ਅਸਤਰ ਦੇ ਤੌਰ ਉੱਤੇ ਵਰਤੀ ਜਾ ਰਹੀ ਹੈ। ਏਸ ਪੱਖੋਂ ਵੇਖਿਆਂ ਸਿੱਧੂ ਨੇ ਏਸ ਅਮਲ ਦੀ ਇੱਕ ਖ਼ਾਸ ਸਮੇਂ ਪੈੜ ਫੜੀ ਹੈ। ਏਸ ਵਿਚ ਕੋਈ ਨੁਕਸ ਨਜ਼ਰ ਨਹੀਂ ਆਉਂਦਾ। ਪਰ ਨਰਾਇਣ ਸਿੰਘ ਨੂੰ ਸਿੱਧੂ ਦੀ ਇਹ ਅਦਾ ਪਸੰਦ ਨਾ ਆਈ ਅਤੇ ਓਸ ਨੇ ਏਸ ਦੇ ਤਕਰੀਬਨ ਹਰ ਅੱਖਰ ਦੇ ਪ੍ਰਤੀਕਰਮ ਵਿਚ ਸਿੱਧੂ ਨਾਲੋਂ ਵੀ ਵੱਡੀ ਕਿਤਾਬ ਲਿਖ ਦਿੱਤੀ ਜਿਸ ਵਿਚ ਸਿੱਧੂ ਨੂੰ, ਤਕਰੀਬਨ ਹਰ ਸਤਰ ਵਿਚ, ਪਾਣੀ ਪੀ-ਪੀ ਕੇ ਕੋਸਿਆ ਗਿਆ ਹੈ। ਇਨਕਾਰ ਨਹੀਂ ਕਿ ਨਰਾਇਣ ਸਿੰਘ ਇੱਕ ਸੁਹਿਰਦ ਗੁਰਸਿੱਖ ਹੈ। ਪਰ ਆਖ਼ਰ ਵਿਚ ਓਸ ਦਾ ਕਰਤਬ ਪਰਛਾਵੇਂ ਨਾਲ ਘੋਲ ਹੋ ਨਿੱਬੜਦਾ ਹੈ। ਵਿਸਥਾਰ ਬਹੁਤ ਹੈ, ਕਾਫ਼ੀ ਤੱਥ ਹਨ ਪਰ ਉਹ ਬਿਆਨ ਵੀ ਹਨ, ਜਿਨ੍ਹਾਂ ਦੇ ਗ਼ਲਤ ਹੋਣ ਦੀ ਮੇਰੇ ਕੋਲ ਪੁਖ਼ਤਾ ਜਾਣਕਾਰੀ ਹੈ। ਵੇਰਵਾ ਕਦੇ ਫੇਰ ਪਰ ਕੁਝ ਦਾ ਲੋਕ-ਨਜ਼ਰਾਂ ਵਿਚ ਤੁਰੰਤ ਲਿਆਂਦਾ ਜਾਣਾ ਜ਼ਰੂਰੀ ਹੈ।
ਸਿੱਧੂ ਦੀ ‘ਸੇਵਾ’, ਜੇ ਕਰਨੀ ਹੀ ਸੀ ਤਾਂ ਸਭ ਤੋਂ ਪਹਿਲਾਂ ਦੱਸਿਆ ਜਾਂਦਾ ਕਿ ਖ਼ਾਲਿਸਤਾਨ ਦਾ ਸੰਕਲਪ ਕੀ ਹੈ ਅਤੇ ਏਸ ਲਫ਼ਜ਼ ਦੀ ਉਤਪਤੀ ਕਿਵੇਂ ਅਤੇ ਕਦੋਂ ਹੋਈ। ਏਸ ਤੱਤ ਦੀ ਕਿਤਾਬ ਵਿਚ ਉੱਕਾ ਅਣਹੋਂਦ ਹੈ। ਇੱਕ ਕੋਸ਼ਿਸ਼ ਖ਼ਾਲਸਾ ਰਾਜ ਦੇ ਸੰਕਲਪ ਨਾਲ ਰਲਗੱਡ ਕਰ ਕੇ ਵਿਆਖਿਆ ਕਰਨ ਦੀ ਕੀਤੀ ਗਈ ਹੈ ਪਰ ਇਹ ਸੰਕਲਪ ਦੂਜੇ ਤੋਂ ਕੋਹਾਂ ਦੂਰ ਹੈ।
ਦਰਅਸਲ ਖ਼ਾਲਿਸਤਾਨ ਦੀਆਂ ਵੀ ਓਨੀਆਂ ਕਿਸਮਾਂ ਹਨ ਜਿੰਨੇਂ ਧੜੇ ਏਸ ਨੂੰ ਸਿੱਖ ਸੰਕਲਪ ਵਜੋਂ ਉਭਾਰਨ ਵਿਚ ਲੱਗੇ ਹੋਏ ਹਨ। ਇਨ੍ਹਾਂ ਸਾਰੇ ਧੜਿਆਂ ਦਾ ਆਪਸ ਵਿਚ ਤਾਲਮੇਲ ਨਹੀਂ, ਕਈਆਂ ਦਾ ਸੌਂਕਣਾਂ ਵਾਲਾ ਵੈਰ ਹੈ ਪਰ ਆਪੋ-ਆਪਣੇ ਲਾਭ ਲਈ, ਬਿਨਾ ਕੌਮ ਦਾ ਭਲਾ-ਬੁਰਾ ਵਿਚਾਰੇ, ਹੁੱਬ ਕੇ ਪ੍ਰਚਾਰਨ ਵਿਚ ਲੱਗੇ ਹੋਏ ਹਨ। ਮਸਤ, ਮਗਨ, ਆਸੇ-ਪਾਸੇ ਤੋਂ ਮੁਕੰਮਲ ਬੇਖ਼ਬਰ, ਬੇਪ੍ਰਵਾਹ, ਕੋਹਲੂ ਦੇ ਬਲਦਾਂ ਵਾਂਗ ਜੁਟੇ ਹੋਏ ਹਨ ਅਤੇ ਏਸ ਅਮਲ ਰਾਹੀਂ ਕਈ ਲੱਖ ਕੌਮ ਦੇ ਹੀਰਿਆਂ ਵਰਗੇ ਸੁਹਿਰਦ ਨੌਜਵਾਨਾਂ ਨੂੰ ਬੇਕਿਰਕ ਹੋ ਕੇ ਹਿੰਦ ਦੇ ਰਚੇ ਚੱਕਰਵਿਯੂਹ, ‘ਬਲੈਕ ਹੋਲ’ ਵਿੱਚ ਧੱਕ ਚੁੱਕੇ ਹਨ।
ਅਜਿਹੀਆਂ ਹਾਲਤਾਂ ਵਿਚ ਪੰਜਾਬ ਦੇ ਲੋਕ ਇਹ ਜਾਣਨ ਦੇ ਹੱਕਦਾਰ ਹਨ ਕਿ ‘ਖ਼ਾਲਿਸਤਾਨ’ ਕਿਸ ਇਕਾਈ ਜਾਂ ਬਲ਼ਾ ਨੂੰ ਆਖਿਆ ਜਾ ਰਿਹਾ ਹੈ। ਇਹ ਖ਼ਾਲਿਸਤਾਨੀਆਂ ਦਾ ਬਹੁਤ ਲੁਕਾ ਕੇ ਰੱਖਿਆ ਰਾਜ਼ ਹੈ। ਇਹ ਕਦੇ ਈਸਬਗੋਲ ਨੂੰ ਫਰੋਲਦੇ ਨਹੀਂ। ਮੈਂ ਮੁੱਦਤਾਂ ਤੋਂ ਇੱਕ ‘ਏ-4 ਸਫ਼ੇ’ ਦੀ ਵਿਆਖਿਆ ਇਨ੍ਹਾਂ ਕੋਲੋਂ ਮੰਗ ਰਿਹਾ ਹਾਂ ਪਰ ਇਨ੍ਹਾਂ ਦੀ ਕਿਰਪਾ-ਦ੍ਰਿਸ਼ਟੀ ਕਦੇ ਨਹੀਂ ਹੋਈ। ਅਸਲੀਅਤ ਇਹ ਹੈ ਕਿ ਇਹ ਸਾਰੇ ਵੀ ਲਫ਼ਜ਼ ਅਤੇ ਨਾਅਰੇ ਤੋਂ ਅਗਾਂਹ ਖ਼ਾਲਿਸਤਾਨ ਬਾਰੇ ਕੁਝ ਨਹੀਂ ਜਾਣਦੇ। ਸਾਨੂੰ ਆਪੇ ਹੀ ਓਹੜ-ਪੋਹੜ ਕਰ ਕੇ ਸਮਝਣ ਦੀ ਕੋਸ਼ਿਸ਼ ਕਰਨੀ ਪਵੇਗੀ।
ਇੱਕ ਕਿਸਮ ਤਾਂ ਉਹ ਹੈ ਜਿਸ ਵਾਸਤੇ ਹਿੰਦ ਤੋਂ ਬਾਹਰ ਬਹੁਤ ਸ਼ੋਰ ਸੁਣੀਂਦਾ ਹੈ। ਇਹ ਘੱਟੋ-ਘੱਟ ਸੁੱਚੇ ਕਿਰਤੀ ਲੋਕਾਂ ਦਾ ਸੰਕਲਪ ਹੈ ਜਿਸ ਨਾਲ ਉਹ ਸ਼ੁਧ ਮਨ ਨਾਲ ਜੁੜੇ ਹਨ। ਸੰਕਲਪ ਬਾਰੇ ਉਨ੍ਹਾਂ ਨੂੰ ਨਹੀਂ ਪੁੱਛ ਸਕਦੇ ਕਿਉਂਕਿ ਅਜਿਹੀਆਂ ਬਣਤਰਾਂ ਘਰ ਵਿਚ ਹੀ ਬਣਦੀਆਂ ਹਨ। ਰੋਜ਼ੀ-ਰੋਟੀ ਕਮਾਉਣ ਗਿਆਂ ਨੂੰ ਨਾ ਜਾਣਨ ਦਾ ਕੋਈ ਮਿਹਣਾ ਨਹੀਂ ਆਉਂਦਾ।
ਸਿਮਰਨਜੀਤ ਸਿੰਘ ਦੇ ਖ਼ਾਲਿਸਤਾਨ ਦੀ ਵਿਆਖਿਆ ਓਸ ਨੇ ਕਦੇ ਨਹੀਂ ਕੀਤੀ। ਬੜੀ ਬੇਪਰਵਾਹੀ ਨਾਲ ‘ਏ-4 ਬਰਾਬਰ ਥੀਸਸ’ ਦੀ ਮੰਗ ਵੀ ਕਦੇ ਨਹੀਂ ਗੌਲੀ। ਏਸ ਦੀ ਜੋ ਵਿਆਖਿਆ ਏਸ ਦਲ ਦੇ ਜ਼ਿਲ੍ਹਾ ਜਥੇਦਾਰ ਅਰਾਈਆਂ ਵਾਲੇ ਨੇ ਕੀਤੀ ਹੈ, ਉਹ ਸਿਰਫ਼ ਧੋਖਾਧੜੀ ਅਤੇ ਧਨ ਇਕੱਤਰ ਕਰਨ ਉਦਾਲੇ ਘੁੰਮਦੀ ਹੈ। ਅੰਤ ਏਸ ਸਕੀਮ ਦੀ ਤਾਣ ਪੰਜਾਬ ਨੂੰ ਬੇ-ਆਬਾਦ ਅਤੇ ਪੰਥ ਨੂੰ ਆਗੂਹੀਣ ਕਰਨ ਉੱਤੇ ਜਾ ਟੁੱਟਦੀ ਹੈ। ਦਲ ਖ਼ਾਲਸਾ ਦੀ ਮਨਸ਼ਾ ਆਕਾਸ਼ ਗੁੰਜਾਊ ਨਾਅਰਿਆਂ ਅਤੇ ਸਾਲ ਵਿਚ ਇੱਕ-ਦੋ ਦਿਨ ‘ਅੰਮ੍ਰਿਤਸਰ ਬੰਦ’ ਕਰਨ ਦੇ ਅਮਲ ਵਿਚੋਂ ਹੀ ਸਮਝਣ ਲਈ ਅਸੀਂ ਮਜਬੂਰ ਹਾਂ।
ਇੱਕ ਵੱਡੇ ‘ਕੱਟੜ’ ਖ਼ਾਲਿਸਤਾਨੀ ਲਈ ਖ਼ਾਲਿਸਤਾਨ ਦੀ ਵਿਆਖਿਆ ਹੋ ਚੁੱਕੇ ਵੱਡੇ ਆਗੂਆਂ ਨੂੰ ਮਿਹਣੇ ਦੇਣ ਨਾਲ ਹੀ ਮੁਕੰਮਲ ਹੋ ਜਾਂਦੀ ਹੈ। ਜੇ ਸਿੱਖ ਯਾਲਟਾ ਸੰਧੀ ਦੇ ਹਵਾਲੇ ਨਾਲ ਆਪਣਾ ਰਾਜ ਸਥਾਪਤ ਕਰ ਵੀ ਲੈਂਦੇ ਤਾਂ ਲੋਕਤੰਤਰ ਦੀ ਸੁਨਾਮੀ ਸਾਹਮਣੇ ਕਿਵੇਂ ਕਾਇਮ ਰੱਖ ਸਕਦੇ? ਹਿੰਦੋਸਤਾਨ ਦੇ ਬਾਕੀ 500 ਤੋਂ ਵੱਧ ‘ਆਜ਼ਾਦ ਮੁਲਕਾਂ’ ਦਾ ਹਾਲ ਸਾਡੇ ਸਾਹਮਣੇ ਹੈ। ਇਨ੍ਹਾਂ ਵਿਚ ਕੁੱਲ ਮਿਲਾ ਕੇ ਰਕਬੇ ਪੱਖੋਂ ਹੈਦਰਾਬਾਦ, ਜੂਨਾਗੜ੍ਹ, ਜੰਮੂ-ਕਸ਼ਮੀਰ ਤਾਂ ਤਕਰੀਬਨ ਅੱਧੇ ਹਿੰਦੋਸਤਾਨ ਦੇ ਬਰਾਬਰ ਸਨ। ਪੂਰਬ-ਉੱਤਰੀ ਰਾਜਾਂ ਦਾ ਕੀ ਬਣਿਆ, ਜਿਨ੍ਹਾਂ ਨੂੰ ਅੰਗ੍ਰੇਜ਼ ਨੇ ਹਿੰਦੋਸਤਾਨ ਤੋਂ ਇੱਕ ਦਿਨ ਪਹਿਲਾਂ ਆਜ਼ਾਦ ਕੀਤਾ ਸੀ? ਸਿੱਕਮ ਤਾਂ ਕੱਲ੍ਹ ਤੱਕ ਆਜ਼ਾਦ ਸੀ! ਏਸੇ ਧਿਰ ਨੇ ਇੱਕ ਨਵਾਂ ਸੁਝਾਅ ਦਿੱਤਾ ਹੈ ਕਿ 1984 ਦੇ ਦਰਬਾਰ ਸਾਹਿਬ ਉੱਤੇ ਗ਼ੈਰ-ਕਾਨੂੰਨੀ ਹਮਲੇ ਲਈ ਹਿੰਦੋਸਤਾਨ ਉੱਤੇ ਮੁਕੱਦਮਾ ਚੱਲ ਸਕਦਾ ਹੈ; ਫ਼ਲਾਨੇ ਡਾਇਰੈਕਟੋਰੇਟ ਦੀ ਮਰਜ਼ੀ ਤੋਂ ਬਿਨਾ ਹਮਲਾ ਹੋਇਆ ਸੀ। ਹਰ ਸਰਕਾਰੀ ਨੌਕਰ ਜਾਣਦਾ ਹੈ ਕਿ ਅਜਿਹੇ ਫ਼ੈਸਲੇ ਸੰਬੰਧੀ ਕੀਤੇ ਕੰਮ ਤੋਂ ਬਾਅਦ ਪ੍ਰਵਾਨਗੀ ਲੈ ਕੇ ਮਿਸਲ ਦਾ ਢਿੱਡ ਪੂਰਾ ਕਰ ਦਿੱਤਾ ਜਾਂਦਾ ਹੈ। ਚੁਟਕਲੇ-ਨੁਮਾ ਵਿਉਂਤਾਂ ਰਾਹੀਂ ਖ਼ਾਲਿਸਤਾਨ ਹਾਸਲ ਕਰਨ ਦੀਆਂ ਸਕੀਮਾਂ ਦਿਨਾਂ ਵਿਚ ਪੈਸੇ ਡਬਲ ਕਰਨ ਵਾਲੇ ਭਰਮਾਊ ਛਲੇਡਿਆਂ ਨਾਲ ਜਾ ਜੁੜਦੀਆਂ ਹਨ।
ਅੱਜਕੱਲ੍ਹ ਜੀਓ-ਪੁਲਿਟੀਕਲ ਵਿਧੀ ਦੀ ਵੀ ਬੜੀ ਚਰਚਾ ਹੈ ਜਿਸ ਰਾਹੀਂ ਖ਼ਾਲਿਸਤਾਨ ਦਾ ਪੱਕਿਆ ਅੰਬ ਆ ਕੇ ਸੁਤੇ ਸਿੱਧ ਹੀ ਖ਼ਾਲਸੇ ਦੀ ਝੋਲੀ ਵਿਚ ਡਿੱਗਣ ਵਾਲਾ ਦੱਸੀਦਾ ਹੈ। ਏਨਾ ਸ਼ੁਕਰ ਹੈ ਕਿ ਏਸ ਦੀ ਪੂਰਤੀ ਲਈ ਨਾ ਸਿਰ ਦੇਣ ਦੀ ਲੋੜ ਹੈ, ਨਾ ਠੱਗਾਂ ਨੂੰ ਧਨ ਲੁਟਾਉਣ ਦੀ।
ਵੱਡੇ ਚੁਟਕਲਿਆਂ ਵਿਚ ਗਿਣਿਆ ਜਾਵੇਗਾ ਗਿਆਨੀ ਜ਼ੈਲ ਸਿੰਘ ਦੇ ਤਸੱਵਰ ਦਾ ਖ਼ਾਲਿਸਤਾਨ। ਕਾਂਗਰਸ ਸਰਕਾਰ ਦੇ ਆਖ਼ਰੀ ਦਿਨ ਸਨ। ਮੁੱਖ ਮੰਤਰੀ ਜ਼ੈਲ ਸਿੰਘ ਨੇ ਮੈਨੂੰ ਬੁਲਾ ਕੇ ਆਖਿਆ ਕਿ ‘ਜੇ ਅਕਾਲੀ ਸਹਿਮਤ ਹੋ ਜਾਣ ਤਾਂ ਮੈਂ ਪੰਜਾਬ ਦਾ ਨਾਂਅ ਬਦਲ ਕੇ ‘ਪੰਜਾਬ ਖ਼ਾਲਸਾ’ ਕਰਨ ਦਾ ਮਤਾ ਅਸੰਬਲੀ ਵਿਚੋਂ ਪਾਸ ਕਰਵਾ ਸਕਦਾ ਹਾਂ। ਮੈਂ ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਹੈ ਅਤੇ ਹੋਰ ਸਿੱਖ ਪੱਖੀ ਕੰਮ ਕੀਤੇ ਹਨ।’ ਇਹ ਸ਼ੋਸ਼ਾ ਸਿਰਫ਼ ਇਤਿਹਾਸ ਵਿਚ ਇੱਕ ਭੰਬਲਭੂਸਾ ਜੋੜਨ ਲਈ ਸੀ। ਵਰਨਾ ਜੇ ਉਹ ਕਰਨਾ ਚਾਹੁੰਦਾ ਤਾਂ ਓਸੇ ਦੇ ਪਿੰਡ ਦਾ ਜਸਵਿੰਦਰ ਸਿੰਘ ਬਰਾੜ ਓਸ ਵੇਲੇ ਅਸੰਬਲੀ ਵਿਚ ਵਿਰੋਧੀ ਅਕਾਲੀ ਧਿਰ ਦਾ ਨੇਤਾ ਸੀ। ਇੱਕ ਵਾਰ ਫੇਰ ਹਿੰਦੋਸਤਾਨ ਦਾ ਹੋਮ ਮਨਿਸਟਰ ਹੁੰਦਿਆਂ ਗਿਆਨੀ ਜੀ ਨੇ ਉਚੇਚਾ ਬੁਲਾ ਕੇ ਮੈਨੂੰ ਅਖਿਆ: ‘ਤੁਸੀਂ ਲੋਕ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਨੂੰ ਭੁੱਲਦੇ ਨਹੀਂ। ਹੁਣ ਵੇਖੋ, ਮੈਂ ਖ਼ਾਲਸਾ ਹਾਂ ਅਤੇ ਕਿੰਨੇ ਵੱਡੇ ਰਾਜ ਉੱਤੇ ਰਾਜ ਕਰ ਰਿਹਾ ਹਾਂ। ਕੀ ਇਹ ਓਹੀ ਖ਼ਾਲਸਾ ਰਾਜ ਨਹੀਂ ਜਿਸ ਬਾਰੇ ਤੁਸੀਂ ਰੋਜ਼ ‘ਰਾਜ ਕਰੇਗਾ ਖ਼ਾਲਸਾ’ ਪੜ੍ਹਦੇ ਹੋਂ?’
ਓਸ ਵੇਲੇ ਮੇਰੇ ਕੋਲ ਇੱਕ ਕਿਤਾਬ ਸੀ ਜਿਸ ਦੀ ਜਿਲਦ ਉੱਤੇ ਸ਼ੇਰ ਸਿੰਘ ਦੀ ਘੋੜੇ ਉੱਤੇ ਬੈਠੇ ਦੀ ਤਸਵੀਰ ਸੀ। ਘੋੜੇ ਦੇ ਹੀਰੇ-ਮੋਤੀਆਂ, ਲਾਲਾਂ ਦੀਆਂ ਹਮੇਲਾਂ ਪਾਈਆਂ ਹੋਈਆਂ ਸਨ। ਮੈਂ ਵਿਖਾ ਕੇ ਆਖਿਆ: ‘ਇਹ ਸਭ ਕਿਵੇਂ ਭੁੱਲੀਏ। ਸਾਡੀਆਂ ਤਾਂ ਘੋੜੀਆਂ ਵੀ ਰਾਣੀਆਂ ਨਾਲੋਂ ਵੱਧ ਸ਼ਿੰਗਾਰ ਕਰਦੀਆਂ ਸਨ।’ ਮੈਂ ਇਹ ਵੀ ਆਖ ਦਿੱਤਾ ਕਿ ‘ਤੁਸੀਂ ਤਾਂ ਕਾਂਗਰਸ ਪਾਰਟੀ ਦਾ ਚੰਦਾ ਦੇ ਕੇ ਬਣੇ ਮੈਂਬਰ ਹੋ, ਖ਼ਾਲਸਾ ਕਿਵੇਂ ਹੋਏ?’ ਇਹ ਗਿਆਨੀ ਜੀ ਨਾਲ ਮੇਰੀ ਆਖ਼ਰੀ ਮਿਲਣੀ ਹੋ ਨਿੱਬੜੀ।
ਖ਼ਾਲਿਸਤਾਨ ਤਾਂ ਮਹਿਜ਼ ਨਾਅਰਾ ਹੈ। ਏਸ ਨਾਲੋਂ, ਅੱਜ ਦੇ ਮਾਹੌਲ ਵਿੱਚ, ਢੁਕਵਾਂ ਸੰਕਲਪ ਸਿੱਖ ਹੋਮਲੈਂਡ ਦਾ ਹੈ ਜਿਸ ਨੂੰ ਆਪਣੇ ਸਿਰੇ ਦੇ ਦਾਨਸ਼ਵਰ ਸਿਰਦਾਰ ਕਪੂਰ ਸਿੰਘ ਨੇ ਉਗਾਸਿਆ ਹੈ ਅਤੇ ਜਿਸ ਦਾ ਪਹਿਲਾ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਹੋ ਗੁਜ਼ਰਿਆ ਹੈ। ਗਜਿੰਦਰ ਸਿੰਘ ਅਤੇ ਓਸ ਦੇ ਸਾਥੀ ਨੌਜਵਾਨਾਂ ਨੇ ਏਸ ਨਿਸ਼ਾਨੇ ਦੀ ਪ੍ਰਾਪਤੀ ਲਈ ‘ਦਲ ਖ਼ਾਲਸਾ’, ਸਿਰਦਾਰ ਦੀ ਸਰਪਰਸਤੀ ਹੇਠ, ਬਣਾਇਆ ਸੀ। ਜੇ ਓਸੇ ਰਾਹ ਤੁਰਦੇ ਰਹਿੰਦੇ ਤਾਂ ਸ਼ਾਇਦ ਪ੍ਰਾਪਤੀ ਦੇ ਨੇੜੇ-ਤੇੜੇ ਹੁੰਦੇ। ਪੜ੍ਹਾਈ ਕਰਦੇ ਸਮੇਂ ਮੈਂ ਇੱਕ ਛੋਟਾ ਕਿਤਾਬਚਾ ਵੀ ਏਸ ਸੰਕਲਪ ਦੀ ਵਿਆਖਿਆ ਕਰਨ ਲਈ ਲਿਖਿਆ ਸੀ, ਜਿਸ ਬਾਰੇ ਟਿੱਪਣੀ ਸਟੇਟਸਮੈਨ ਅਖ਼ਬਾਰ ਨੇ ਵੀ ਕੀਤੀ ਸੀ। ‘ਸਿੱਖ ਹੋਮਲੈਂਡ’ ਦੇ ਸੰਕਲਪ ਦੀ ਸਿਰਦਾਰ ਨੇ ਖ਼ੂਬ ਤਸ਼ਰੀਹ ਕੀਤੀ ਹੋਈ ਹੈ ਜਿਸ ਨੂੰ ਦੁਬਾਰੇ ਛਪਿਆਂ ਵੀ ਪੰਜ ਕੁ ਸਾਲ ਹੋ ਚੁੱਕੇ ਹਨ। ਪਹਿਲੀ ਵਾਰ ਸਿਰਦਾਰ ਨੇ ਖ਼ੁਦ ਮੇਰੇ ਕੋਲੋਂ ਮੁੱਖ ਬੰਦ ਲਿਖਵਾ ਕੇ ਛਪਵਾਇਆ ਸੀ। ਇਹ ਸਿੱਖ ਪੰਥ ਦਾ ਰਾਜਸੀ ਨਿਸ਼ਾਨਾ ਅੱਜ ਦੇ ਸਮੇਂ ਅਨੁਸਾਰ ਢੁਕਵਾਂ ਹੈ ਅਤੇ ਕਿਸੇ ਪੱਖੋਂ ਵੀ ਨੁਕਸਾਨਦੇਹ ਨਹੀਂ। ਇਸ ਦੀ ਮੁਕੰਮਲ ਤਸ਼ਰੀਹ, ਸਿਰਦਾਰ ਦੀ ਕੀਤੀ, ਸਾਡੇ ਕੋਲ ਹੈ। ਅੱਕੀਂ-ਪਲਾਹੀਂ ਹੱਥ ਮਾਰਨੇ, ਜਵਾਨੀ ਦਾ ਘਾਣ ਜਾਂ ਪਲਾਇਣ ਦੀ ਮਜਬੂਰੀ ਏਸ ਦੀ ਲੋੜ ਨਹੀਂ। ਇਹ ਸਿਰਫ਼ ਸਿਮਰਨਜੀਤ ਸਿੰਘ ਦਾ ਸ਼ੌਂਕ ਹੈ। ਇਹ ਆਗੂ ਇੱਕ ਵਾਰੀ ‘ਕੱਟੇ-ਵੱਛੇ ਲੈ ਕੇ ਪਾਕਿਸਤਾਨ ਪਲਾਇਣ ਦਾ ਨਾਅਰਾ ਦੇ ਵੀ ਚੁੱਕਾ ਹੈ, ਜਿਸ ਨੂੰ ਸੁਣ ਕੇ ਮੇਰੇ ਸਮੇਤ ਕਈਆਂ, ਜਿਨ੍ਹਾਂ ਕੋਲ ਕੱਟੇ-ਵੱਛੇ ਨਹੀਂ ਸਨ, ਨੇ ਇੱਕ-ਇੱਕ ਕੱਟਾ ਅਤੇ ਇੱਕ-ਇੱਕ ਵੱਛਾ ਖ਼ਰੀਦ ਵੀ ਲਏ ਸਨ ਤਾਂ ਕਿ ਮੰਗ ਵਧਣ ਉੱਤੇ ਦੁੱਗਣੀ-ਚੌਗੁਣੀ ਕੀਮਤ ਨਾ ਦੇਣੀ ਪਵੇ। ਨੀਲੇ ਰੰਗ ਦੇ ਨਾਈਲੋਨ ਦੇ ਵਧੀਆ ਰੱਸੇ ਵੀ ਖ਼ਰੀਦ ਲਏ ਸਨ। ਬਾਅਦ ਵਿਚ ਪਤਾ ਲੱਗਾ ਕਿ ਇਹ ਕੇਵਲ ਸਿਆਸੀ ਜੁਮਲਾ ਸੀ।
ਜਿਸ ਦੋਹੇ ਦੇ ਆਧਾਰ ਉੱਤੇ ਪ੍ਰਚਾਰ ਕਰ ਕੇ ਲੋਕਾਂ ਨੂੰ ਆਗੂਆਂ ਵੱਲੋਂ ਗੁੰਮਰਾਹ ਕੀਤਾ ਜਾਂਦਾ ਹੈ (ਚੂੰ ਕਾਰ ਅਜ਼ ਹਮਾ ਹੀਲਤੇ…) ਉਹ ਤਾਂ ਸ਼ੈਖ ਸਾਅਦੀ ਸਿਰਾਤੀ ਦਾ ਹੈ ਜੋ 1291 ਵਿਚ ਪੂਰਾ ਹੋ ਗਿਆ ਸੀ। ਨਰਾਇਣ ਸਿੰਘ ਨੇ ਵੀ ਏਸ ਸ਼ੇਅਰ ਦਾ ਆਸਰਾ ਤੱਕਿਆ ਹੈ। ਕਈ ਹੋਰ ਅਜਿਹੇ ਸ਼ਬਦਾਂ ਦਾ ਗੁਰੂ ਨਾਲ ਕੋਈ ਸੰਬੰਧ ਨਹੀਂ, ਜਿਨ੍ਹਾਂ ਦੀ ਵਰਤੋਂ ਆਮ ਤੌਰ ਉੱਤੇ, ਸਿੱਖਾਂ ਨੂੰ ਗੁੰਮਰਾਹ ਕਰ ਕੇ ਔਝੜੇ ਪਾਉਣ ਲਈ, ਖ਼ਾਲਿਸਤਾਨ ਦੇ ਹੱਕ ਵਿਚ ਕੀਤੀ ਜਾਂਦੀ ਹੈ।
ਸਿੱਖ ਪੰਥ ਦਾ ਆਖ਼ਰੀ ਸਿਆਸੀ ਨਿਸ਼ਾਨਾ ‘ਖ਼ਾਲਸਾ ਰਾਜ’ ਹੈ, ਜੋ ਨਿਰੋਲ ਗੁਰੂ ਗ੍ਰੰਥ ਦੇ ਉਪਦੇਸ਼ਾਂ ਦੀ ਟੇਕ ਲੈ ਕੇ ਉਸਾਰਿਆ ਜਾਵੇਗਾ। ਇਹ ਇੱਕ ਸਰਬ ਕਲਿਆਣਕਾਰੀ ਰਾਜ ਦਾ ਸੰਕਲਪ ਹੈ ਜਿਸ ਦੀਆਂ ਦੋ ਝਲਕਾਂ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਰਣਜੀਤ ਸਿੰਘ ਵੇਲੇ ਪਾ ਚੁੱਕੇ ਹਾਂ। ਇਹ ਉੱਕਾ ਵਿਤਕਰੇ-ਰਹਿਤ ਅਤੇ ਸਾਰੇ ਧਰਮਾਂ ਦੇ ਰਾਸ ਆਉਣ ਵਾਲਾ ਹੋਵੇਗਾ ਅਤੇ ਹਰ ਸ਼ਹਿਰੀ ਦੀ ਪੱਤ ਰੱਖਣ ਦਾ ਜਾਮਨ ਹੋਵੇਗਾ। ਬਾਬੇ ਬੰਦੇ ਦੀ ਮੁਹਰ ਅਨੁਸਾਰ ਏਸ ਦਾ ਧਰਮ ‘ਦੇਗ਼ ਤੇਗ਼ ਫ਼ਤਹਿ’ ਹੋਵੇਗਾ, ਜਿਸ ਦਾ ਅਰਥ ਹੈ ਦੇਗ਼ ਅਤੁੱਟ ਵਰਤੇਗੀ ਅਰਥਾਤ ਹਰ ਇੱਕ ਨੂੰ ਸਨਮਾਨ ਨਾਲ ਨਿਰਬਾਹ ਦੇ ਸਾਧਨ ਮੁਹੱਈਆ ਕੀਤੇ ਜਾਣਗੇ ਅਤੇ ਨਾਨਕ-ਗੋਬਿੰਦ ਸਿੰਘ ਦਾ ਫ਼ਲਸਫ਼ਾ ਤੇਗ਼ ਬਣ ਹਰ ਸ਼ਹਿਰੀ ਦੇ ਮਾਣ-ਸਤਿਕਾਰ ਦੀ ਰੱਖਿਆ ਕਰੇਗਾ। ਏਸ ਧਰਤੀ ਦਾ ਵਾਹਦ ਮਾਲਕ ਸੱਚਾ ਸਦੀਵੀ ਪਾਤਸ਼ਾਹ ਅਕਾਲ ਪੁਰਖ ਹੈ ਅਤੇ ਖ਼ਾਲਸਾ ਰਾਜ ਵਿਚ ਉਸ ਦੇ ਬੱਚਿਆਂ ਦੀ ਕਦਰ ਸ਼ਹਿਨਸ਼ਾਹ ਦੇ ਧੀਆਂ-ਪੁੱਤਰਾਂ ਵਾਂਙੂੰ ਹੋਵੇਗੀ। ਅੰਮ੍ਰਿਤਧਾਰੀ ਖ਼ਾਲਸੇ ਨੂੰ ਏਸ ਵਿਵਸਥਾ ਨੂੰ ਲਾਗੂ ਕਰਨ ਦਾ ਜ਼ਿੰਮੇਵਾਰ ਬਣਾਇਆ ਜਾਵੇਗਾ। ਕਿਸੇ ਨਾਲ ਅਨਿਆਂ ਨਹੀਂ ਹੋ ਸਕੇਗਾ ਅਤੇ ਸਾਰੀ ਰਾਜ-ਵਿਵਸਥਾ ਏਸ ਨੀਂਹ ਉੱਤੇ ਖੜ੍ਹੀ ਕੀਤੀ ਜਾਵੇਗੀ। ਪੌਲਿਟੀ ਦੀਆਂ ਅਨੇਕ ਪ੍ਰੰਪਰਾਵਾਂ ਤੋਂ ਇਹ ਪ੍ਰਣਾਲੀ ਉੱਤਮ ਹੋਵੇਗੀ; ਸਭ ਦੁਨੀਆ ਏਸ ਨੂੰ ਸਤਿਕਾਰ ਨਾਲ ਗਲ਼ ਲਾਵੇਗੀ। ਇਉਂ ਧਰਤੀ ਉੱਤੇ ਸਵਰਗ ਉੱਤਰੇਗਾ; ਸੰਸਾਰ ਸੁਖੀ ਵੱਸੇਗਾ।
ਏਸ ਨੂੰ ਲਾਗੂ ਕਰਨ ਲਈ ਗੁਰੂ ਦੇ ਖ਼ਾਲਸੇ ਨੂੰ ਰਤਾ ਕੁ ਪੈਰ ਧਰਨ ਲਈ ਸਿੱਖ ਹੋਮਲੈਂਡ ਦੀ ਧਰਤੀ ਦੀ ਲੋੜ ਹੈ। ਫੇਰ ‘ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ’ ਦੇ ਗੁਰੂ ਕੇ ਬਚਨ ਸਿੱਧ ਹੋਣਗੇ। ਏਸ ਪ੍ਰਤੀ ਮੁਕੰਮਲ ਉਪਦੇਸ਼ ਗੁਰੂ ਗ੍ਰੰਥ ਦੇ ਪਾਕ ਪੰਨਿਆਂ ਉੱਤੇ ਨਾਨਕ ਦੇ ਹੀਰੇ-ਮੋਤੀਆਂ ਵਿਚ ਜੜਨਯੋਗ ਲਫ਼ਜ਼ਾਂ ਵਿਚ ਲਿਖਿਆ ਹੋਇਆ ਹੈ, ਜਿਵੇਂ ਕੁਰਾਨ ਸ਼ਰੀਫ਼ ਦੀ ਲਿਖਤ ਲੋਹੇ ਮਹਿਫੂਜ਼ ਉੱਤੇ ਲਿਖੀ ਦੱਸੀਦੀ ਹੈ। ਵਿਸ਼ਵ-ਕਲਿਆਣ ਦਾ ਹੋਰ ਕੋਈ ਦੂਜਾ ਰਾਹ ਨਹੀਂ। ਗੁਰੂ ਗ੍ਰੰਥ ਸੰਸਾਰ ਦਾ ਬੋਹਿਥ ਹੈ। ਸੰਸਾਰ ਦੇ ਲੋਕ ਜਹਾਜ਼ ਦੇ ਪੰਛੀਆਂ ਵਾਂਗ ਭਾਵੇਂ ਸੈਂਕੜੇ ਮੀਲਾਂ ਖਾਰੇ ਸਾਗਰ ਉੱਤੇ ਭੌਂ ਲੈਣ, ਆਖ਼ਰ ਪਨਾਹ ਇਨ੍ਹਾਂ ਨੂੰ ਗੁਰੂ ਗ੍ਰੰਥ ਦੀ ਸ਼ਰਣ ਆਇਆਂ ਹੀ ਮਿਲੇਗੀ, ਜਦੋਂ ਉਹ ਅਰਦਾਸ ਕਰਨਗੇ ‘ਸਤਿਗੁਰ ਆਇਓ ਸਰਣਿ ਤੁਹਾਰੀ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ॥੧॥ਰਹਾਉ॥ ਅਵਰ ਨ ਸੂਝੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੀ॥’
ਹੋਰ ਪਹਿਲੂ
ਏਸ ਕਿਤਾਬ ਵਿਚ ਕਈ ਹੋਰ ਵੀ ਖਾਮੀਆਂ ਹਨ:
1. ਬੱਬਰਾਂ ਬਾਰੇ ਬੇਬੁਨਿਆਦ ਖੁਸ਼ਫ਼ਹਿਮੀਆਂ ਹਨ। ਸੰਤ ਲੌਂਗੋਵਾਲ ਦੀ ਅਰਦਲ ਵਿਚ ਬੈਠੇ ਬੱਬਰਾਂ ਕੋਲ 12 ਬੋਰ ਬੰਦੂਕਾਂ ਨਹੀਂ, ਰਫ਼ਲਾਂ ਸਨ। ਇਹ ਮੈਂ ਖ਼ੁਦ ਵੇਖਿਆ ਹੈ, ਲਿਖਿਆ ਹੈ। ਮੈਂ ਬਚਪਨ ਤੋਂ ਰਫ਼ਲਾਂ, ਬੰਦੂਕਾਂ ਵੇਖਦਾ ਆ ਰਿਹਾ ਹਾਂ ਅਤੇ ਫ਼ਰਕ ਜਾਣਦਾ ਹਾਂ। ਸੰਤ ਜਰਨੈਲ ਸਿੰਘ ਨੂੰ ਅਕਾਲ ਤਖ਼ਤ ਉੱਤੇ ਭੇਜਣ ਵਿਚ ਇਨ੍ਹਾਂ ਬੱਬਰਾਂ ਦਾ ਹੱਥ ਸੀ। ਸੰਤਾਂ ਦਾ ਛਪਿਆ ਬਿਆਨ ਵੀ ਹੈ ਕਿ ‘ਮੈਨੂੰ ਸਰਾਂ ਵਿਚੋਂ ਕੱਢਣ ਲਈ ਪੰਜ ਆਏ ਸਨ। ਓਸ ਵੇਲੇ ਮੇਰੇ ਮਦਦਗਾਰ ਘੱਟੋ-ਘੱਟ 150 ਸਨ। ਮੈਂ ਭਰਾ-ਮਾਰੂ ਜੰਗ ਸੰਕਟ ਵੇਲੇ ਨਹੀਂ ਸੀ ਚਾਹੁੰਦਾ, ਏਸ ਲਈ ਤਖ਼ਤ ਉੱਤੇ ਆ ਗਿਆ।’ 13 ਅਪ੍ਰੈਲ 1984 ਵਾਲਾ ਸੰਤਾਂ ਦੇ ਬਰਖ਼ਿਲਾਫ਼ ਲਿਖਿਆ ਨਫ਼ਰਤ ਭਰਿਆ ਇਸ਼ਤਿਹਾਰ ਵੀ ਮੇਰੇ ਕੋਲ ਹੈ; ਜਾਤੀ ਜਾਣਕਾਰੀ ਵੀ ਹੈ।
2. ਬੀਬੀ ਅਮਰਜੀਤ ਕੌਰ ਦੀ ਹਾਜ਼ਰੀ ਵਿਚ ਸੰਤ ਲੌਂਗੋਵਾਲ ਨੇ ਮੈਨੂੰ ਫ਼ਰਵਰੀ 84 ਵਿਚ ਆਖਿਆ ਸੀ ਕਿ ਸਾਰੀਆਂ ਵਾਰਦਾਤਾਂ ‘ਸਾਡੇ ਬੰਦੇ (ਬੱਬਰ) ਕਰ ਰਹੇ ਹਨ। ਸੰਤ ਸਿਰਫ਼ ਕ੍ਰੈਡਿਟ ਲੈ ਰਹੇ ਹਨ।’ ਲੌਂਗੋਵਾਲ ਦਾ ਅਜਿਹਾ ਬਿਆਨ ਉਨ੍ਹੀਂ ਦਿਨੀਂ ‘ਸੰਤ ਸਿਪਾਹੀ’ ਰਸਾਲੇ ਵਿੱਚ ਬੀਬੀ ਰਾਜਿੰਦਰ ਕੌਰ ਨੇ ਵੀ ਛਾਪਿਆ ਸੀ।
3. ⁠ਹਥਿਆਰਾਂ ਦੇ ਦਰਬਾਰ ਪ੍ਰਸਰ ਵਿਚ ਜਾਣ ਵਾਲੀ ਕੀਤੀ ਤਸ਼ਰੀਹ ਕਿਸੇ ਹੱਦ ਤੱਕ ਹੀ ਠੀਕ ਹੈ। ਇੱਕ ਟਰੱਕ ਹਥਿਆਰਾਂ ਦਾ ਜਾਣ ਬਾਰੇ ਅਖ਼ਬਾਰ ਵਿਚ ਮੈਂ ਖੁਦ ਪੜ੍ਹਿਆ ਹੈ। ਜਨਰਲ ਭੁੱਲਰ ਦੀ ਕਹਾਣੀ ਸੱਚ ਜਾਪਦੀ ਹੈ।
4. ਤਲਵਿੰਦਰ ਸਿੰਘ ਬੱਬਰ ਨੂੰ ਰੌਅ ਦੇ ਨਵੇਂ ਬਣੇ ਡਾਇਰੈਕਟਰ ਕਾਉ ਨੇ ਏਸ ਬਿਨਾ ਉੱਤੇ ਛੁਡਵਾਇਆ ਸੀ ਕਿ ਦਹੇੜੂ ਵਾਲੇ ਮੁਕਾਬਲੇ ਤੋਂ ਪਹਿਲਾਂ ਇਹ, ਪਾਸਪੋਰਟ ਅਨੁਸਾਰ, ਨੇਪਾਲ ਰਾਹੀਂ ਜਰਮਨੀ ਪਹੁੰਚ ਚੁੱਕਿਆ ਸੀ। ਏਥੋਂ ਏਸ ਨੂੰ ਜਿੰਦਾ ਸ਼ਹੀਦ ਪ੍ਰਚਾਰਦਿਆਂ ਸਿੱਧਾ ਮੈਡੀਸਨ ਸਕੁਏਅਰ ਗਾਰਡਨ ਵਿਚ ਪ੍ਰਗਟ ਕਰਵਾਇਆ ਗਿਆ ਸੀ, ਜਿੱਥੇ ਸਰਕਾਰ-ਹਿੰਦ ਵਿਰੋਧੀ ਜਲਸਾ ਚੱਲ ਰਿਹਾ ਸੀ। ਜਨਰਲ ਭੁੱਲਰ ਨੂੰ ਵੀ ਏਥੇ ਤਲਵਾਰਾਂ ਦੀ ਛਾਂਵੇਂ ਦਾਖ਼ਲ ਕਰਵਾਇਆ ਗਿਆ ਸੀ। ਕਿਸੇ ਵੇਲੇ ਮੈਂ ਏਸ ਜਲਸੇ ਦੀ ਕਾਰਵਾਈ ਉਲੱਥਾ ਕਰ ਕੇ ਇੱਕ ਪੜਤਾਲੀਆ ਕਮਿਸ਼ਨ ਨੂੰ ਭੇਜੀ ਸੀ।
5. ਵਿਸ਼ਵਾਨਾਥ ਤਿਵਾੜੀ ਕਤਲ ਬਾਰੇ ਵੀ ਏਸ ਕਿਤਾਬ ਦੇ ਤੱਥ ਸਹੀ ਨਹੀਂ। ਵਾਰਦਾਤ ਤੋਂ ਪਹਿਲਾਂ ਕਤਲ ਕਰਨ ਵਾਲਿਆਂ ਵੱਲੋਂ ਸੈਕਟਰ 15 ਵਿਚ ਕਿਸੇ ਦੇ ਘਰ ਮੀਟਿੰਗਾਂ ਕਰਨ ਬਾਰੇ ਮੇਰੇ ਕੋਲ ਠੋਸ ਜਾਣਕਾਰੀ ਹੈ। ਰੂਪਨ ਦਿਉਲ ਬਜਾਜ ਰਾਹੀਂ ਉਨ੍ਹਾਂ ਦੀ ਸਹੇਲੀ ਅੰਮ੍ਰਿਤ ਤਿਵਾੜੀ ਦਾ, ਕਤਲ ਲਈ ਜ਼ਿੰਮੇਵਾਰ ਲੋਕਾਂ ਸੰਬੰਧੀ ਬਿਆਨ ਜੋ ਪ੍ਰਣਬ ਮੁਕਰਜੀ ਦੀ ਹਾਜ਼ਰੀ ਵਿਚ ਤਿਵਾੜੀ ਦੇ ਸਸਕਾਰ ਸਮੇਂ ਦਿਤਾ ਗਿਆ ਸੀ, ਵੀ ਮੇਰੇ ਕੋਲ ਓਸੇ ਦਿਨ ਰੂਪਨ ਨੇ ਪਹੁੰਚਾ ਦਿੱਤਾ ਸੀ। ਏਸ ਤੋਂ ਵੱਧ ਵੀ ਮੈਂ ਜਾਣਦਾ ਹਾਂ। ਸਭ ਏਸ ਪੁਸਤਕ ਦੇ ਬਿਰਤਾਂਤ ਨਾਲ ਮੇਲ ਨਹੀ ਖਾਂਦਾ।
ਹੋਰ ਵੀ ਕਈ ਕੁਝ ਹੈ ਜੋ ਸਭ ਅੱਛਾ ਨਹੀਂ। ਪਰ ਅੱਜ ਏਨਾ ਹੀ।