ਭਿਖਾਰੀ ਮੁਕਤ ਪੰਜਾਬ

ਸਰਕਾਰਾਂ ਦੀਆਂ ਗ਼ਲਤ ਨੀਤੀਆਂ ਦੀ ਮੁਫ਼ਤਖੋਰੀ ਦਿਸ਼ਾ ਪੰਜਾਬ ਨੂੰ ਲਗਾਤਾਰ ਖੋਖਲਾ ਅਤੇ ਕਮਜ਼ੋਰ ਕਰੀ ਜਾ ਰਹੀ ਹੈ। ਹੁਣ ਇਸ ਵਿਚ ਰਲ ਰਹੀ ਭਿਖਾਰੀਆਂ ਦੀ ਸਮੱਸਿਆ ਇਸ ਦਾ ਅਕਸ ਵਿਗਾੜਨ ਵਿਚ ਲਗਾਤਾਰ ਇੱਕ ਹੋਰ ਕਿੱਲ ਠੋਕ ਰਹੀ ਨਜ਼ਰ ਆਉੰਦੀ ਹੈ।

ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ‘ਚ, ਹਰ ਸੜਕ ਅਤੇ ਚੌਕ-ਚੁਰਾਹਿਆਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਦੀ ਵਧ ਰਹੀ ਗਿਣਤੀ ਇਕ ਵਾਰ ਮੁੜ ਤੋਂ ਚਰਚਾ ਵਿਚ ਆਈ ਹੈ। ਭਿਖਾਰੀ ਬੱਚਿਆਂ ਦੀ ਇੰਨੀ ਵਧ ਰਹੀ ਗਿਣਤੀ ਦੇ ਅਨੇਕਾਂ ਕਾਰਨ ਹੋ ਸਕਦੇ ਹਨ, ਜਿਸ ‘ਚ ਵਧਦੀ ਆਬਾਦੀ ਵੀ ਸ਼ਾਮਿਲ ਹੈ ਅਤੇ ਵੱਡੇ ਸ਼ਹਿਰਾਂ ਵਿਚ ਝੁੱਗੀ-ਝੌਂਪੜੀਆਂ ਦੀ ਵਧ ਰਹੀ ਗਿਣਤੀ ਵੀ। ਪਰ ਜਿਸ ਇਕ ਗੰਭੀਰ ਕਾਰਨ ਨੇ ਸਰਕਾਰ, ਪ੍ਰਸ਼ਾਸਨ ਤੇ ਸਮਾਜ ਦਾ ਧਿਆਨ ਖਿੱਚਿਆ ਹੈ, ਉਹ ਹੈ ਵੱਡੀ ਗਿਣਤੀ ‘ਚ ਚੋਰੀ ਹੋਏ ਬੱਚਿਆਂ ਦਾ ਇਸ ਬੱਚਿਆਂ ਵਿਚ ਸ਼ਾਮਿਲ ਹੋਣਾ।
ਅਜਿਹਾ ਸ਼ੱਕ ਇਸ ਲਈ ਵੀ ਪੁਖ਼ਤਾ ਹੁੰਦਾ ਹੈ, ਕਿਉਂਕਿ ਭੀਖ ਮੰਗਣ ਵਾਲਿਆਂ ਕੋਲ ਜਿਹੜੇ ਬੱਚੇ ਹੁੰਦੇ ਹਨ, ਉਨ੍ਹਾਂ ‘ਚੋਂ ਜ਼ਿਆਦਾਤਰ ਨੀਂਦ ਜਾਂ ਅੱਧ-ਸੁੱਤੀ ਅਵਸਥਾ ਵਿਚ ਹੀ ਹੁੰਦੇ ਹਨ, ਜਿਵੇਂ ਉਨ੍ਹਾਂ ਨੂੰ ਕੋਈ ਨਸ਼ਾ ਦਿੱਤਾ ਗਿਆ ਹੋਵੇ। ਇਸ ਨਾਲ ਇਹ ਸ਼ੱਕ ਹੋਰ ਵੀ ਵਧ ਜਾਂਦਾ ਹੈ ਕਿ ਕਿਤੇ ਇਹ ਬੱਚੇ ਸੱਚਮੁੱਚ ਚੋਰੀ ਕੀਤੇ ਹੋਏ ਤਾਂ ਨਹੀਂ। ਪੰਜਾਬ ਦੇ ਹਰ ਵੱਡੇ ਸ਼ਹਿਰ ‘ਚ ਅਜਿਹੀਆਂ ਔਰਤਾਂ ਮਿਲ ਜਾਂਦੀਆਂ ਹਨ, ਜੋ ਬੱਚੇ ਨੂੰ ਗੋਦ ‘ਚ ਉਠਾ ਕੇ ਜਾਂ ਬੱਚੇ ਨੂੰ ਉਂਗਲੀ ਫੜਾ ਕੇ ਭੀਖ ਮੰਗਦੀਆਂ ਹਨ। ਗ਼ਰੀਬ ਤੇ ਝੁੱਗੀ-ਝੌਂਪੜੀਆਂ ‘ਚ ਰਹਿੰਦੇ ਪਰਿਵਾਰਾਂ ਦੇ ਬੱਚਿਆਂ ਦਾ ਚੋਰੀ ਹੋਣਾ ਇਕ ਵੱਡੀ ਸਮੱਸਿਆ ਹੈ। ਦੇਸ਼ ਦੇ ਹੋਰ ਸੂਬਿਆਂ ‘ਚ ਵੀ ਬੱਚਿਆਂ ਦਾ ਚੋਰੀ ਜਾਂ ਲਾਪਤਾ ਹੋਣਾ ਆਮ ਗੱਲ ਹੈ। ਸਾਲ 2015 ਦੇ ਇਸ ਸਰਵੇਖਣ ਅਨੁਸਾਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ 45 ਹਜ਼ਾਰ ਤੋਂ ਵੱਧ ਬੱਚੇ ਲਾਪਤਾ ਹੋਏ ਸਨ, ਮਤਲਬ ਹਰ 8 ਮਿੰਟ ਬਾਅਦ ਇਕ ਬੱਚਾ ਲਾਪਤਾ ਜਾਂ ਚੋਰੀ ਹੋਇਆ ਹੈ। ਬਿਨਾਂ ਸ਼ੱਕ ਇਨ੍ਹਾਂ ‘ਚੋਂ ਜ਼ਿਆਦਾਤਰ ਬੱਚੇ ਅਪਰਾਧਿਕ ਦੁਨੀਆ ਜਾਂ ਭੀਖ ਮੰਗਣ ਜਿਹੀ ਬੁਰਾਈ ਵੱਲ ਧੱਕ ਦਿੱਤੇ ਜਾਂਦੇ ਹਨ। ਭੀਖ ਮੰਗਣਾ ਵੀ ਅੱਜ ਇਕ ਵੱਡੇ ਯੋਜਨਾਬੱਧ ਕਾਰੋਬਾਰ ਦਾ ਹਿੱਸਾ ਬਣ ਚੁੱਕਾ ਹੈ। ਅੰਕੜਿਆਂ ਅਨੁਸਾਰ ਪੰਜ ਸਾਲ ਪਹਿਲਾਂ ਦੇਸ਼ ਵਿਚ 5 ਲੱਖ ਭਿਖਾਰੀ ਸਨ, ਜਿਨ੍ਹਾਂ ‘ਚ ਲਗਭਗ ਡੇਢ ਲੱਖ ਬੱਚੇ ਸਨ।
ਭੀਖ ਮੰਗਣ ਵਾਲੇ ਬੱਚਿਆਂ ਪ੍ਰਤੀ ਲੋਕਾਂ ਦੇ ਮਨ ‘ਚ ਪੈਦਾ ਹੁੰਦੀ ਦਇਆ ਭਾਵਨਾ ਵੀ ਇਸ ਸਮੱਸਿਆ ਦੇ ਗੰਭੀਰ ਹੋਣ ਦਾ ਵੱਡਾ ਕਾਰਨ ਹੈ। ਅਸਲ ਵਿਚ ਬੱਚਿਆਂ ਨੂੰ ਚੋਰੀ ਤੇ ਹੋਰ ਅਪਰਾਧਾਂ ਜਾਂ ਭੀਖ ਮੰਗਣ ਵੱਲ ਤੋਰਨ ਵਾਲੇ ਕਥਿਤ ਕਾਰੋਬਾਰ ਨੂੰ ਚਲਾਉਣ ਵਾਲੇ ਗੁੰਡੇ ਤੱਤ ਚੋਰੀ ਕੀਤੇ ਹੋਏ ਇਨ੍ਹਾਂ ਬੱਚਿਆਂ ਦੇ ਅੰਗ-ਭੰਗ ਵੀ ਕਰ ਦਿੰਦੇ ਹਨ ਤਾਂ ਜੋ ਦਇਆ ਭਾਵਨਾ ਤਹਿਤ ਭੀਖ ਦੇਣ ਵਾਲੇ ਲੋਕਾਂ ਨੂੰ ਜ਼ਿਆਦਾ ਭਰਮਾਇਆ ਜਾ ਸਕੇ। ਦੇਸ਼ ਵਿਚ ਵਧਦੀ ਅਨਪੜ੍ਹਤਾ ਤੇ ਗ਼ਰੀਬੀ ਵੀ ਭਿਖਾਰੀ ਬੱਚਿਆਂ ਦੀ ਗਿਣਤੀ ਵਧਾਉਣ ਦਾ ਇਕ ਵੱਡਾ ਕਾਰਨ ਹੈ। ਇਹੀ ਅਨਪੜ੍ਹਤਾ ਗ਼ਰੀਬ ਤੇ ਭਿਖਾਰੀ ਪਰਿਵਾਰਾਂ ਵਿਚ ਆਬਾਦੀ ਨੂੰ ਵਧਾਉਣ ਦਾ ਸੰਯੋਗ ਬਣਦੀ ਹੈ। ਵਧਦੀ ਆਬਾਦੀ ਕਾਰਨ ਅੱਜ ਦੇਸ਼ ਦਾ ਹਰ ਛੇਵਾਂ ਬੱਚਾ ਘੋਰ ਗ਼ਰੀਬੀ ਵਿਚ ਜੀਅ ਰਿਹਾ ਹੈ। ਇਹ ਸੰਯੁਕਤ ਰਾਸ਼ਟਰ ਦੀ ਸੰਸਥਾ ‘ਯੂਨੀਸੇਫ’ ਦੀ ਇਕ ਰਿਪੋਰਟ ਦਾ ਦਾਅਵਾ ਹੈ। ਦੇਸ਼ ਦੇ ਜ਼ਿਆਦਾਤਰ ਬੱਚਿਆਂ ਨੂੰ ਜਿਊਣ ਲਈ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਸ਼ਾਇਦ ਇਸੇ ਲਈ ਬਹੁਤੇ ਬੱਚੇ ਭੀਖ ਮੰਗਣ ਨੂੰ ਪਹਿਲ ਦੇਣ ਲੱਗਦੇ ਹਨ। ਵਿਸ਼ਵ ਵਿਆਪੀ ਭੁੱਖਮਰੀ ਮਾਮਲੇ ‘ਚ ਭਾਰਤ ਅੱਜ ਵੀ 127 ਦੇਸ਼ਾਂ ‘ਚੋਂ 105ਵੇਂ ਸਥਾਨ ‘ਤੇ ਹੈ। ਸੰਯੁਕਤ ਰਾਸ਼ਟਰ ਸੰਘ ਦੀ ਇਕ ਹੋਰ ਰਿਪੋਰਟ ਅਨੁਸਾਰ ਭਾਰਤ ਵਿਚ ਭੁੱਖ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਪਿਛਲੇ ਸਾਲਾਂ ਤੋਂ ਲਗਾਤਾਰ ਵਧਦੀ ਜਾ ਰਹੀ ਹੈ। ਹਾਲਾਂਕਿ ਵਿਸ਼ਵ ਬੈਂਕ ਦੀ ਇਕ ਰਿਪੋਰਟ ਅਨੁਸਾਰ ਭਾਰਤ ਦੇ ਲਗਭਗ 26 ਕਰੋੜ ਲੋਕ ਪਿਛਲੇ ਇਕ ਦਹਾਕੇ ਦੌਰਾਨ ਗ਼ਰੀਬੀ ਰੇਖਾ ਤੋਂ ਉੱਪਰ ਉੱਠੇ ਹਨ, ਪਰ ਦੇਸ਼ ‘ਚ ਭਿਖਾਰੀਆਂ ਦੀ ਲਗਾਤਾਰ ਵਧਦੀ ਗਿਣਤੀ ਦੇ ਮੱਦੇਨਜ਼ਰ ਅਜਿਹਾ ਕੋਈ ਵਿਕਾਸ ਹੋਇਆ, ਵਿਸ਼ਵਾਸਯੋਗ ਨਹੀਂ ਲੱਗਦਾ। ਬੇਸ਼ੱਕ ਇਹ ਸਥਿਤੀ ਦੇਸ਼ ਤੇ ਸਮਾਜ ਲਈ ਬਹੁਤ ਚਿੰਤਾਜਨਕ ਹੈ, ਪਰ ਪੰਜਾਬ ਸਰਕਾਰ ਦੁਆਰਾ ਭਿਖਾਰੀ ਬੱਚਿਆਂ ਅਤੇ ਭਿਖਾਰੀਆਂ ਦੇ ਬੱਚਿਆਂ ਪ੍ਰਤੀ ਅਜਿਹੀ ਗੰਭੀਰਤਾ ‘ਦਿਖਾਉਣਾ ਬਹੁਤ ਚੰਗਾ ਸੰਕੇਤ ਹੋ ਸਕਦਾ ਹੈ। ਇਸ ਨਿਰਦੇਸ਼ ਤਹਿਤ ਭਿਖਾਰੀਆਂ ਦੇ ਬੱਚਿਆਂ ਦਾ ਡੀ.ਐੱਨ.ਏ. ਟੈਸਟ ਕਰਵਾਉਣਾ ਇਕ ਚੰਗਾ ਫ਼ੈਸਲਾ ਮੰਨਿਆ ਜਾਵੇਗਾ। ਇਸ ਨਾਲ ਬਹੁਤੇ ਬੱਚੇ ਜੇਕਰ ਚੋਰੀ ਦੇ ਹਨ ਤਾਂ ਉਨ੍ਹਾਂ ਨੂੰ ਵਾਪਸ ਆਪਣੇ ਮਾਤਾ-ਪਿਤਾ ਕੋਲ ਭੇਜੇ ਜਾਣ ਦੀ ਵੱਡੀ ਸੰਭਾਵਨਾ ਬਣ ਸਕਦੀ ਹੈ। ਇਸ ਨਾਲ ਹਜ਼ਾਰਾਂ ਬੱਚਿਆਂ ਦੀ ਜ਼ਿੰਦਗੀ ਸੰਭਲ ਸਕਦੀ ਹੈ। ਅਨੇਕਾਂ ਪਰਿਵਾਰਾਂ ਦੇ ਲਾਪਤਾ ਜਾਂ ‘ ਚੋਰੀ ਹੋਏ ਬੱਚਿਆਂ ਦੇ ਆਪਣੇ ਮਾਤਾ-ਪਿਤਾ ਕੋਲ ਵਾਪਸ ਆਉਣ ਨਾਲ ਉਨ੍ਹਾਂ ਦੀ ਜ਼ਿੰਦਗੀ ‘ਚ ਨਵੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਹਨ। ਹਾਲਾਂਕਿ ਇੱਥੇ ਜ਼ਰੂਰੀ ਇਹ ਹੈ ਕਿ ਇਸ ਕਾਰਜ ਨੂੰ ਬਹੁਤ ਜ਼ਿਆਦਾ ਮਾਨਵੀ ਆਧਾਰ ‘ਤੇ ਪੂਰਾ ਕੀਤਾ ਜਾਣਾ ਚਾਹੀਦਾ ਹੈ। ਡੀ.ਐੱਨ.ਏ. ਟੈਸਟ ਕਰਵਾਉਣ ਸਮੇਂ ਇਹ ਵੀ ਧਿਆਨ ਰੱਖਿਆ ਜਾਵੇ ਕਿ ਕਿਸੇ ਗ਼ਰੀਬ ਨਾਲ ਬੇਲੋੜੀ ਸਖ਼ਤੀ ਨਾ ਵਰਤੀ ਜਾਵੇ। ਇਹ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਸ਼ਨਾਖ਼ਤ ਹੋਣ ਵਾਲੇ ਬੱਚੇ ਮੁੜ ਤੋਂ ਭੀਖ ਮੰਗਣ ਜਾਂ ਅਪਰਾਧ ਜਗਤ ਵੱਲ ਵਾਪਸ ਨਾ ਮੁੜ ਸਕਣ। ਇਨ੍ਹਾਂ ਬੱਚਿਆਂ ਦੀ ਸਿੱਖਿਆ ਤੇ ਜੀਵਨ ਵਿਵਸਥਾ ਵੱਲ ਧਿਆਨ ਦੇਣ ਦੀ ਵੀ ਜ਼ਰੂਰਤ ਹੈ।