ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਅੱਖਾਂ, ਨੱਕ, ਕੰਨ, ਮੂੰਹ ਆਦਿ ਸਰੀਰਕ ਬਣਤਰ ਇਕੋ ਜਿਹੀ ਅਤੇ ਲਹੂ ਦਾ ਰੰਗ ਵੀ ਇੱਕੋ ਹੋਣ ਦੇ ਬਾਵਜੂਦ ਕੋਈ ਮਨੁੱਖ ਦੂਜੇ ਮਨੁੱਖ ਨਾਲ ਨਹੀਂ ਮਿਲਦਾ। ਅਨੇਕ ਭਾਂਤ ਦੇ ਵਖਰੇਵੇਂ ਇਕ ਨੂੰ ਦੂਜੇ ਮਨੁੱਖ ਨਾਲੋਂ ਨਿਖੇੜਦੇ ਹਨ। ਹਰ ਇਕ ਦਾ ਆਪੋ-ਆਪਣਾ ਸੁਭਾਅ, ਆਪੋ-ਆਪਣੀ ਫਿਤਰਤ। ਇੱਥੋਂ ਤੱਕ ਕਿ ਤੋਰ ਵੀ ਹਰ ਇਕ ਦੀ ਵੱਖੋ-ਵੱਖਰੀ। ਦੇਖਣ-ਪਾਖਣ ਨੂੰ ਸਾਡੇ ਪਿੰਡ ਦਾ ‘ਸੁਆਮੀ’ ਵੀ ਹੋਰ ਪਿੰਡ ਵਾਸੀ ਬੰਦਿਆਂ ਵਰਗਾ ਹੀ ਲਗਦਾ ਸੀ। ਛੇ-ਸਾਢੇ ਛੇ ਫੁੱਟ ਲੰਮਾ ਕੱਦ, ਗੋਡਿਆਂ ਤੱਕ ਲੰਮੀਆਂ ਬਾਹਾਂ, ਲਾਲ-ਲਾਲ ਅੱਖਾਂ, ਪੱਕਾ ਜਿਹਾ ਰੰਗ, ਸਿਰ ‘ਤੇ ਭਗਵੀਂ ਪੱਗ, ਭਗਵਾਂ ਹੀ ਕੁੜਤਾ ਅਤੇ ਤੇੜ ਚਿੱਟੀ ਤਹਿਮਤ। ਲੰਮਾ-ਝੰਮਾ ਤੇ ਸੁਡੌਲ ਹੋਣ ਦੇ ਬਾਵਜੂਦ ਸੁਸਰੀ ਦੀ ਤੋਰ, ਉਸ ਨੂੰ ਸਾਰੇ ਪਿੰਡ ਤੋਂ ਵਖਰਿਆਉਂਦੀ ਸੀ। ਵੱਖਰੇਪਣ ਦੀ ਸਭ ਤੋਂ ਵੱਡੀ ਨਿਸ਼ਾਨੀ ਸੀ ਉਸ ਦਾ ਅੜਬਪੁਣਾ।
ਸੁਆਮੀ ਟਿੱਚਰੀ ਵੀ ਸਿਰੇ ਦਾ ਅਤੇ ਅਵੈੜੀਆਂ ਗੱਲਾਂ ਕਰਨ ਲੱਗਿਆਂ ਵੀ ਉਹ ਅੱਗਾ ਪਿੱਛਾ ਨਹੀਂ ਸੀ ਦੇਖਦਾ ਹੁੰਦਾ। ਬੇ-ਔਲਾਦ ਹੋਣ ਕਰ ਕੇ ਜਾਂ ਉਸ ਦੀ ਘਰਵਾਲੀ ‘ਸੁਆਮਣ’ ਲੱਤਾਂ ਤੋਂ ਅਪਾਹਜ ਹੋਣ ਕਾਰਨ ਇਹ ਸੁਆਮੀ-ਸੁਆਮਣ ਜੋੜਾ ਸਾਰੇ ਪਿੰਡ ਲਈ ਤਰਸ ਦਾ ਪਾਤਰ ਬਣਿਆ ਰਹਿੰਦਾ। ਸ਼ਾਇਦ ਇਸੇ ਕਰ ਕੇ ਹੀ ਪਿੰਡ ਦੇ ਲੋਕ ਸੁਆਮੀ ਦੀਆਂ ਪੁੱਠੀਆਂ-ਸਿੱਧੀਆਂ ਨੂੰ ਅਣਸੁਣੀਆਂ ਕਰ ਕੇ ਹੱਸ ਛੱਡਦੇ ਸਨ। ਕਿਤੇ ਪੁਰਾਣੇ ਵੇਲਿਆਂ ਦਾ ਚਾਰ ਅੱਖਰ ਪੜ੍ਹਿਆ ਹੋਣ ਕਰ ਕੇ ਪਿੰਡ ਵਿਚ ਹੁੰਦੇ ਅਖੰਡ ਪਾਠਾਂ ਦੌਰਾਨ ਉਹ ਧੂਫੀਆ ਲੱਗ ਜਾਂਦਾ। ਪ੍ਰਸ਼ਾਦਾ ਪਾਣੀ ਛਕਣ ਵੇਲੇ ਉਸ ਦੇ ਖੇਖਣ ਦੇਖਣ ਵਾਲੇ ਹੁੰਦੇ। ਕਦੇ ਦਾਲ ‘ਚ ਨੁਕਸ ਕੱਢਦਾ ਤੇ ਕਦੇ ਰੋਟੀ ਕੱਚੀ ਦੱਸਦਾ। ਬਾਕੀ ਦੇ ਸਾਰੇ ਜਣੇ ਛਕ-ਛਕਾ ਕੇ ਲਾਂਭੇ ਹੋ ਜਾਂਦੇ ਪਰ ਉਹ ਆਪਣੀ ਤੋਰ ਵਾਂਗ ਹੀ ਗਿੱਲਾ ਪੀਹਣ ਪਾ ਕੇ ਬੈਠਾ ਰਹਿੰਦਾ।
ਇਕ ਵਾਰ ਹਾਲਾਤ ਕੁਛ ਐਸੇ ਬਣੇ ਕਿ ਸੁਆਮੀ ਨੂੰ ਪਿੰਡ ਦੇ ਗੁਰਦੁਆਰੇ ਦਾ ‘ਭਾਈ ਸਾਹਿਬ’ ਥਾਪ ਦਿੱਤਾ ਗਿਆ। ਸਵੇਰੇ ਸ਼ਾਮ ਨਿੱਤਨੇਮ ਪਤਾ ਨਹੀਂ ਕਿਵੇਂ ਕਰਦਾ ਹੋਵੇਗਾ, ਪਰ ਸੰਗਰਾਂਦ ਵਾਲੇ ਦਿਨ ਉਸ ਦੀ ਕਾਰ-ਕਰਦਗੀ ਦੇਖ ਕੇ ਸੰਗਤ ਹੱਸਣ ਲੱਗ ਪੈਂਦੀ। ਹੁਕਮਨਾਮਾ ਲੈਣ ਤੋਂ ਬਾਅਦ ਬਾਰਾਮਾਹ ਦਾ ਪਾਠ ਲੱਭਣ ਵੇਲੇ ਉਸ ਨੂੰ ਸਫਿਆਂ ਦਾ ਚੇਤਾ ਭੁੱਲ ਜਾਂਦਾ। ਮਸੀਂ ਕਿਤੇ ਜਾ ਕੇ ਉਸ ਨੂੰ ਮਾਝ ਰਾਗ ਦੇ ਸਬੰਧਤ ਅੰਗ ਲੱਭਦੇ।
ਅਖੇ ਇਕ ਆਟਾ ਢਿੱਲਾ, ਦੂਜਾ ਬਾਲਣ ਗਿੱਲਾ! ਸਾਡੇ ਪਿੰਡ ਵਾਲਿਆਂ ਨੇ ਪਤਾ ਨਹੀਂ ਉਦੋਂ ਕੀ ਰਿਵਾਜ਼ ਬਣਾਇਆ ਹੁੰਦਾ ਸੀ; ਕਈ ਬਜ਼ੁਰਗ ਬਾਬਿਆਂ ਤੇ ਮਾਈਆਂ ਨੇ ਸੰਗਰਾਂਦ ਦੀ ਸਮਾਪਤੀ ‘ਤੇ ਸੁਆਮੀ ਮੂੰਹੋਂ ਮਹੀਨੇ ਦਾ ਨਾਂ ਸੁਣਨ ਆ ਜਾਣਾ। ਪਹਿਲੇ ਸ਼ਰਧਾਲੂ ਨੂੰ ਮਹੀਨਾ ‘ਸੁਣਾ ਕੇ’ ਪ੍ਰਸਾਦ ਦੇਣ ਤੋਂ ਬਾਅਦ ਸੁਆਮੀ ਹਾਲੇ ਥਿੰਧੇ ਵਾਲੇ ਹੱਥ ਪੂੰਝ ਹੀ ਰਿਹਾ ਹੁੰਦਾ ਕਿ ਉਨੇ ਚਿਰ ਨੂੰ ਫਿਰ ਕਿਸੇ ਦੀ ਡੰਗੋਰੀ ਦੀ ‘ਠੱਕ ਠੱਕ’ ਦੀ ਆਵਾਜ਼ ਆਉਣ ਲੱਗ ਪੈਣੀ। ਇਹ ਸਿਲਸਿਲਾ ਦੁਪਹਿਰ ਤੱਕ ਚਲਦਾ ਰਹਿੰਦਾ।
ਇਕ ਵਾਰ ਰੋਹੀ ਦੀ ਰੁੱਤ ਦਾ ਜੇਠ ਮਹੀਨਾ ਮੁੱਕਿਆ ਤੇ ਨਵਾਂ ਚੜ੍ਹ ਪਿਆ। ਗੁਰਦੁਆਰੇ ਸੰਗਰਾਂਦ ਦੀ ਸਮਾਪਤੀ ‘ਤੇ ਉਹੀ ਪੁਰਾਣੀ ਪਰੰਪਰਾ ਅਨੁਸਾਰ ਮਹੀਨਾ ਸੁਣਨ ਵਾਲੇ ਆਉਣੇ ਸ਼ੁਰੂ ਹੋ ਗਏ। ਸੁਆਮੀ ਕਦੇ ਮੂੰਹ ‘ਤੇ ਵਾਰ-ਵਾਰ ਆਉਂਦਾ ਮੁੜ੍ਹਕਾ ਪੂੰਝਦਾ, ਕਦੇ ਪੱਖੀ ਝੱਲਦਾ ਤੇ ਕਿਸੇ ਨੂੰ ਪ੍ਰਸਾਦ ਦਿੰਦਾæææਕਿਸੇ ਨੂੰ ਮਹੀਨਾ ਸੁਣਾਉਂਦਾ ਹੋਇਆ ਅੱਕਿਆ ਪਿਆ ਸੀ।
“ਸੁਆਮੀ ਜੀ, ਮਹੀਨਾ ਸੁਣਾ ਦਿਉ?” ਇਕ ਬਾਪੂ ਨੇ ਗੁਰੂ ਮਹਾਰਾਜ ਅੱਗੇ ਮੱਥਾ ਟੇਕ ਕੇ ਕੰਧ ਨਾਲ ਢੋ ਲਾਉਂਦਿਆਂ ਆਖਿਆ। ਖਿਝਿਆ ਸੜਿਆ ਸੁਆਮੀ ਕੌੜ ਮੱਝ ਵਾਂਗ ਬਾਪੂ ਵੱਲ ਦੇਖਦਿਆਂ ਬੋਲਿਆ, “ਵਿਚੋਂ ਸੁਣਾਵਾਂ ਕਿ ਬਾਹਰੋਂ ਈæææ?”
ਉਹਦੇ ਕਹਿਣ ਦਾ ਭਾਵ ਸੀ ਕਿ ਬਾਰਾਮਾਹ ਵਿਚੋਂ ਸਬੰਧਤ ਮਹੀਨੇ ਦਾ ਸ਼ਬਦ ਪੜ੍ਹ ਕੇ ਸੁਣਾਵਾਂ ਜਾਂ ਵੈਸੇ ਹੀ ਚੜ੍ਹੇ ਮਹੀਨੇ ਦਾ ਨਾਂ ਲੈ ਦਿਆਂ? ਮੁਸ਼ਕੜੀ ਹੱਸਦਾ ਹੋਇਆ ਸ਼ਰਧਾਲੂ ਬਾਬਾ ਕਹਿੰਦਾ, “ਚੱਲ ਜਿੱਦਾਂ ਤੈਨੂੰ ਸੌਖਾ ਲਗਦੈ, ਉਵੇਂ ਹੀ ਸੁਣਾ ਦੇ ਸੁਆਮੀ ਜੀ।”
“ਹਾੜ੍ਹ ਚੜ੍ਹਿਆ।” ਸੁਆਮੀ ਮਰੀ ਜਿਹੀ ‘ਵਾਜ਼ ‘ਚ ਬੋਲਿਆ। ਬਾਪੂ ਨੂੰ ਖੌਰੇ ਉਚਾ ਸੁਣਦਾ ਸੀ। ਉਹ ਆਪਣੇ ਇਕ ਕੰਨ ਤੋਂ ਪੱਗ ਦਾ ਲੜ ਉਤਾਂਹ ਕਰਦਿਆਂ ਉਚੀ ਦੇਣੀ ਕਹਿੰਦਾ, “ਹੈਂਅ? ਕਿਹੜਾ?”
“ਹਾੜ੍ਹæææਹਾੜ੍ਹæææਹਾੜ੍ਹæææਹਾੜ੍ਹ ਚੜ੍ਹਿਆ ਐ ਅੱਜ!”
ਅੱਗ ਬਗੂਲਾ ਹੋ ਕੇ ਸੁਆਮੀ ਇਕੋ ਸਾਹੇ ਛੇ-ਸੱਤ ਵਾਰੀ ‘ਹਾੜ੍ਹ ਹਾੜ੍ਹ’ ਕਰਦਿਆਂ ਬੁੜ੍ਹੇ ‘ਤੇ ਵਰ੍ਹ ਪਿਆ, “ਆ ਜਾਂਦੇ ਐ ਉਠ ਕੇ ਸਿਖ਼ਰ ਦੁਪਹਿਰੇ ਮਹੀਨਾ ਸੁਣਨæææਸਵੇਰੇ-ਸਵੇਰੇ ਨ੍ਹੀਂ ਮਰ ਹੁੰਦਾ ਇਨ੍ਹਾਂ ਤੋਂ!”
ਸ਼ਰਾਧਾਂ ਦੇ ਦਿਨੀਂ ਪਿੰਡ ਦੀ ਇਕ ਮਾਈ ਸੁਆਮੀ ਨੂੰ ਪ੍ਰਸ਼ਾਦਾ ਛਕਣ ਦੀ ਬੇਨਤੀ ਕਰਨ ਆ ਗਈ। ਉਸ ਨੇ ਹਾਲੇ ‘ਸਿੱਖ ਬਿਠਾਲਣ’ ਦੀ ਗੱਲ ਹੀ ਸ਼ੁਰੂ ਕੀਤੀ ਸੀ ਕਿ ਸੁਆਮੀ ਚਾਰੇ ਖੁਰ ਚੁੱਕ ਕੇ ਪੈ ਗਿਆ, “ਮੈਂ ਨ੍ਹੀਂ ਖਾਣੇ ਤੁਹਾਡੇ ਨੇਂਦੇ ਨੂੰਦੇæææਬਿਮਾਰੀਆਂ ਦਾ ਘਰ!æææਗੁਹਾੜੀਆਂ ‘ਤੇ ਚੜ੍ਹੀਆਂ ਵੇਲਾਂ ਨਾਲੋਂ ਚਾਰ ਕੁ ਤੋਰੀਆਂ ਤੋੜ ਲੈਨੀ ਆਂæææਪਾਣੀ ‘ਚ ਰਿੰਨ੍ਹ ਕੇ ਤੁਰ ਪੈਂਦੀਆਂ ਸੁਆਮੀ ਨੂੰ ਨੇਂਦਾ ਦੇਣ! ਬਾਇ-ਬਾਦੀ ਨਾਲ ਮੇਰਾ ਅੱਗੇ ਈ ਲੱਕ ਜਕੜਿਆ ਪਿਐæææ ਉਪਰੋਂ ਇਹ ਹੋਰ ਬਿਮਾਰੀ ਦਾ ਸੱਦਾ ਲੈ ਕੇ ਆ ਗਈ ਆ!”
ਜਨ ਸਾਧਾਰਨ ਵਿਚ ਇਹ ਮਨੌਤ ਜਿਹੀ ਬਣੀ ਹੋਈ ਹੈ ਕਿ ਗੁਰਦੁਆਰੇ ਦੇ ਭਾਈ ਨੂੰ ਪ੍ਰਸ਼ਾਦਾ ਛਕਾਏ ਦਾ ਬਹੁਤ ‘ਫਲ’ ਮਿਲਦਾ ਹੈ; ਭਾਈ ਭਾਵੇਂ ਪਹਿਲਾਂ ਹੀ ਦੋ ਥਾਂਵਾਂ ‘ਤੇ ਪੇਟ ਪੂਜਾ ਕਰ ਕੇ ਆਫਰਿਆ ਹੋਇਆ ਹੋਵੇ। ਇਸੇ ਸੋਚ ਅਧੀਨ ਸ਼ਰਧਾਲੂ ਮਾਤਾ ਸੁਆਮੀ ਦੀਆਂ ਮਿੰਨਤਾਂ ਕਰਨ ਲੱਗੀ, ਪਰ ਉਹ ਲੋਹੇ ਦਾ ਥਣ ਹੀ ਬਣ ਗਿਆ। ਘਰੇ ਭਾਵੇਂ ਉਸ ਨੇ ਸੁਆਮਣ ਤੋਂ ਡਰਦੇ ਨੇ ਤੋਰੀਆਂ ਨਾਲੋਂ ਵੀ ਕੋਈ ਵਾਧੂ ਬਾਇ-ਬਾਦੀ ਵਾਲੀ ਸਬਜ਼ੀ ਖਾ ਲਈ ਹੋਵੇ ਪਰ ਉਸ ਨੇ ਮਾਈ ਨੂੰ ਬਰੰਗ ਲਿਫ਼ਾਫੇ ਵਾਂਗ ਮੋੜ ਦਿੱਤਾ।
ਕਈ ਵਰ੍ਹੇ ਗੁਰਦੁਆਰੇ ‘ਸੇਵਾ’ ਕਰਨ ਤੋਂ ਬਾਅਦ ਉਥੋਂ ਉਸ ਦੀ ਬਰਖਾਸਤਗੀ ਵੀ ਉਹਦੇ ਬੇਹੱਦ ਰੁੱਖੇ ਸੁਭਾਅ ਕਾਰਨ ਹੀ ਹੋਈ। ਗੱਲ ਇਸ ਤਰ੍ਹਾਂ ਹੋਈ ਕਿ ਸਾਡੇ ਪਿੰਡ ਦਾ ਇਕ ਪੜ੍ਹਾਕੂ ਮੁੰਡਾ ਪਹਿਲਾਂ ਤਾਂ ਉਂਜ ਹੀ ਸਵੇਰੇ ਸ਼ਾਮ ਗੁਰਦੁਆਰੇ ਮੱਥਾ ਟੇਕਣ ਜਾਂਦਾ ਰਿਹਾ, ਹੌਲੀ-ਹੌਲੀ ਉਸ ਨੇ ਸਵੇਰੇ ਜਪੁ ਜੀ ਸਾਹਿਬ ਤੇ ਸ਼ਾਮਾਂ ਵੇਲੇ ਰਹਿਰਾਸ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ, ਪਰ ਸੰਗਰਾਂਦ ਸੁਆਮੀ ਹੀ ਮਨਾਉਂਦਾ ਰਿਹਾ। ਸੰਗਤ ਵੱਲੋਂ ਉਤਸ਼ਾਹ ਮਿਲਣ ‘ਤੇ ਇਕ ਸੰਗਰਾਂਦ ਵਾਲੇ ਦਿਨ ਉਸ ਮੁੰਡੇ ਨੇ ਤਾਬਿਆ ਬੈਠੇ ਸੁਆਮੀ ਦੇ ਬਰਾਬਰ ਬਹਿ ਕੇ ਬਾਣੀ ਦੀ ਤੁਕ ਫੜ ਲਈ। ਕੌੜਾ ਜਿਹਾ ਹੋ ਕੇ ਸੁਆਮੀ ਨੇ ਮੁੰਡੇ ਵੱਲ ਦੇਖਿਆ। ਹੋਰ ਤਾਂ ਉਹ ਕੁਸ਼ ਨਾ ਕਰ ਸਕਿਆ, ਤਮਕੋੜਾ ਜਿਹਾ ਮਾਰ ਕੇ ਚੌਰ, ਮੰਜੀ ਸਾਹਿਬ ਦੇ ਥੱਲੇ ਸੁੱਟ ਕੇ ਗੁੱਸੇ ਨਾਲ ਉਠ ਕੇ ਬਾਹਰ ਚਲਾ ਗਿਆ। ਕਰੋਧ ਨਾਲ ਭਰੇ-ਫਿੱਸੇ ਨੇ ਰਵਾਇਤ ਅਨੁਸਾਰ ਬਾਹਰ ਜਾਣ ਲੱਗਿਆਂ ਗੁਰੂ ਮਹਾਰਾਜ ਨੂੰ ਨਮਸਕਾਰ ਵੀ ਨਾ ਕੀਤੀ।
ਖ਼ੈਰ! ਨਵੇਂ-ਨਵੇਂ ਪਾਠੀ ਬਣੇ ਮੁੰਡੇ ਨੇ ਬਾਰਾਮਾਹ ਤੇ ਅਨੰਦ ਸਾਹਿਬ ਦਾ ਪਾਠ ਤਾਂ ਸਹਿਜੇ-ਸਹਿਜੇ ਪੂਰਾ ਕਰ ਲਿਆ, ਪਰ ਹੁਣ ਅਰਦਾਸ ਕੌਣ ਕਰੇ? ਮੁੰਡੇ ਨੂੰ ਅਰਦਾਸ ਨਹੀਂ ਸੀ ਕਰਨੀ ਆਉਂਦੀ। ਪਿੰਡ ਦੇ ਦੋ-ਤਿੰਨ ਬੰਦੇ ਸੁਆਮੀ ਦੇ ਘਰੇ ਗਏ ਤੇ ਉਸ ਨੂੰ ਅਰਦਾਸ ਕਰਨ ਲਈ ਮਨਾਉਣ ਲੱਗੇ ਪਰ ਉਹ ਅੱਗਿਉਂ ਲੋਹਾ-ਲਾਖਾ ਹੋਇਆ ਇਹੀ ਕਹੀ ਜਾਵੇ, “ਕਰਾ ਲਉ ਛੋਕਰ-ਖੇਲ੍ਹ ਤੋਂ ਅਰਦਾਸ ਵੀ! ਮੈਂ ਨ੍ਹੀਂ ਜਾਣਾ ਹੁਣ ‘ਤੁਹਾਡੇ’ ਗੁਰਦੁਆਰੇ!”
ਪਿੰਡ ਵਾਲੇ ਸੱਜਣਾਂ ਨੇ ਉਸ ਨੂੰ ਪਤਿਆਉਣ ਦੀ ਬੜੀ ਵਾਹ ਲਾਈ ਪਰ ਉਹ ‘ਮੈਂ ਨਾ ਮਾਨੂੰ’ ਦੀ ਮੂਰਤਿ ਹੀ ਬਣ ਗਿਆ। ਹਾਰ ਕੇ ਵਿਚਾਰੇ ਮੁੰਡੇ ਨੇ ਕੰਬਦੀਆਂ ਲੱਤਾਂ ਨਾਲ ਗੁਟਕੇ ਤੋਂ ਅਰਦਾਸਾ ਸੋਧ ਕੇ ਸਮਾਪਤੀ ਕੀਤੀ।
Leave a Reply