ਚੰਡੀਗੜ੍ਹ: ਨਵੰਬਰ 1984 ਵਿਚ ਦੇਸ਼ ਦੇ ਕਈ ਹਿੱਸਿਆਂ ਵਿਚ ਹੋਈ ਸਿੱਖ ਨਸਲਕੁਸ਼ੀ ਦੇ ਪੀੜਤ ਪਰਿਵਾਰਾਂ ਦੇ ਜ਼ਖਮ ਅਜੇ ਵੀ ਅੱਲ੍ਹੇ ਹਨ ਤੇ ਉਨ੍ਹਾਂ ਵਿਚੋਂ ਦਰਦ ਰਿਸ ਰਿਹਾ ਹੈ। ਅੱਲ੍ਹੇ ਜ਼ਖਮਾਂ ਉਪਰ ਬੇਸ਼ੱਕ ਸਿੱਖ ਭਾਈਚਾਰੇ ਵੱਲੋਂ ਮਲਮ ਲਾਉਣ ਦੇ ਲੰਮਾ ਸਮਾਂ ਯਤਨ ਕੀਤੇ ਜਾਂਦੇ ਰਹੇ ਪਰ ਸਰਕਾਰੀ ਧਿਰ ਦੀ ਲਾਪ੍ਰਵਾਹੀ ਵਾਲੀ ਨੀਤੀ ਕਾਰਨ ਇਹ ਪਰਿਵਾਰ ਅੱਜ ਵੀ ਦੁਖੀ ਤੇ ਪ੍ਰੇਸ਼ਾਨ ਹਨ।
ਕੇਂਦਰ ਸਰਕਾਰ ਵੱਲੋਂ 2006 ਵਿਚ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਮੁੜ ਵਸੇਬੇ ਲਈ ਦੋ-ਦੋ ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਗਈ ਸੀ ਪਰ ਲੱਖਾਂ ਰੁਪਏ ਦੀ ਜਾਇਦਾਦ ਲੁਟਾ ਕੇ ਤੇ ਆਪਣੇ ਸਕੇ ਸਬੰਧੀਆਂ ਨੂੰ ਹੱਥੋਂ ਗੁਆ ਕੇ ਪੰਜਾਬ ਪੁੱਜੇ ਪਰਿਵਾਰ ਇਸ ਗ੍ਰਾਂਟ ਦੀ ਰਾਸ਼ੀ ਨੂੰ ਨਾਕਾਫ਼ੀ ਕਰਾਰ ਦੇ ਰਹੇ ਹਨ। ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਕਈ ਪਰਿਵਾਰਾਂ ਦੇ ਜੀਅ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਤੇ ਕਈ ਲੋਕ ਬਿਮਾਰੀ ਨਾਲ ਲੜ ਰਹੇ ਹਨ ਪਰ ਇਸ ਦੇ ਬਾਵਜੂਦ ਸਰਕਾਰ ਵੱਲੋਂ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ।
ਦੰਗਾ ਪੀੜਤ ਅਜੇ ਵੀ ਦੁਖ ਨਾਲ ਭਰੇ ਹੋਏ ਹਨ ਕਿਉਂਕਿ 29 ਵਰ੍ਹੇ ਪਹਿਲਾਂ ਉਨ੍ਹਾਂ ਦੇ ਆਪਣੇ ਇਕ ਖਾਸ ਵਰਗ ਦੇ ਲੋਕਾਂ ਦੀ ਭੀੜ ਨੇ ਜਾ ਤਾਂ ਕੋਹ ਕੋਹ ਕੇ ਮਾਰ ਦਿੱਤੇ ਸਨ ਜਾਂ ਜਿੰਦਾ ਸਾੜ ਦਿੱਤੇ ਸਨ। ਉਨ੍ਹਾਂ ਨੂੰ ਇਹ ਸਭ ਕੁਝ ਉਵੇਂ ਹੀ ਯਾਦ ਹੈ ਜਿਵੇਂ ਇਹ ਅੱਜ ਹੀ ਵਾਪਰਿਆ ਹੋਵੇ। ਦਿੱਲੀ ਤੋਂ ਉਜੜ ਕੇ ਲੁਧਿਆਣੇ ਆਈ ਬੰਤ ਸਿੰਘ ਦੀ ਪਤਨੀ ਰਜਿੰਦਰ ਕੌਰ, ਲਖਨਊ ਤੋਂ ਆਈ ਗੁਰਦੇਵ ਕੌਰ, ਗੁਰਦਿਆਲ ਕੌਰ, ਸਵਰਨ ਕੌਰ, ਜੀਤ ਕੌਰ ਸਣੇ ਤਕਰੀਬਨ ਸਾਰੀਆਂ ਹੀ ਬੀਬੀਆਂ ਨੇ ਦੰਗਾ ਪੀੜਤਾਂ ਪ੍ਰਤੀ ਸਰਕਾਰ ਦੇ ਅਵੇਸਲੇ ਰਵੱਈਏ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਉਨ੍ਹਾਂ ਦੇ ਲਾਲ ਕਾਰਡ ਬੜੀ ਮੁਸ਼ਕਲ ਨਾਲ ਬਣਾਏ ਗਏ ਫਿਰ ਸਰਕਾਰੀ ਅਧਿਕਾਰੀਆਂ ਨੇ ਸਹੂਲਤਾਂ ਦੇਣ ਵੇਲੇ ਕਈ ਤਰ੍ਹਾਂ ਦੇ ਰੋੜੇ ਅਟਕਾਏ। ਹੁਣ ਅਦਾਲਤ ਵੱਲੋਂ ਉਨ੍ਹਾਂ ਨੂੰ ਮਕਾਨ ਦੇਣ ਦੇ ਹੁਕਮਾਂ ਨੂੰ ਵੀ ਲਾਗੂ ਕਰਨ ਤੋਂ ਹਿਚਕਚਾਹਟ ਦਿਖਾਈ ਜਾ ਰਹੀ ਹੈ।
ਦੰਗਾ ਪੀੜਤ ਬੀਬੀ ਹਰਬੰਸ ਕੌਰ ਨੇ ਦੱਸਿਆ ਕਿ ਸਰਕਾਰੀ ਅਧਿਕਾਰੀਆਂ ਵੱਲੋਂ ਦੰਗਾ ਪੀੜਤ ਨਾਲ ਮੰਦੇ ਸਲੂਕ ਦਾ ਇਸ ਗੱਲ ਤੋਂ ਵੀ ਪਤਾ ਲੱਗਾ ਹੈ ਕਿ ਪੜਤਾਲਾਂ ਦੇ ਨਾਂ ‘ਤੇ ਉਨ੍ਹਾਂ ਦੇ ਲਾਲ ਕਾਰਡ ਰੱਦ ਕਰਨ ਤੇ ਦਿੱਤੀਆਂ ਗ੍ਰਾਂਟਾਂ ਵਾਪਸ ਲੈਣ ਲਈ ਇਹ ਕਹਿ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਲਾਲ ਕਾਰਡ ਜਾਅਲੀ ਹਨ, ਇਸ ਲਈ ਜਾਅਲਸਾਜ਼ੀ ਦੇ ਮੁਕੱਦਮੇ ਦਰਜ ਕੀਤੇ ਜਾਣਗੇ।
_________________________________________________
ਚੁਰਾਸੀ ਦੇ ਸਿੱਖ ਕਤਲੇਆਮ ਦੀ ਖੌਫਨਾਕ ਯਾਦ!
ਬਟਾਲਾ: ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ 31 ਅਕਤੂਬਰ, 1984 ਵਿਚ ਹੱਤਿਆ ਤੋਂ ਬਾਅਦ ਹੋਏ ਸਿੱਖ ਕਤਲੇਆਮ ਨੂੰ 23 ਸਾਲ ਬੀਤਣ ਦੇ ਬਾਵਜੂਦ ਪੀੜਤਾਂ ਦੇ ਮਨਾਂ ਵਿਚੋਂ ਦੰਗਿਆਂ ਦੀਆਂ ਖੌਫ਼ਨਾਕ ਯਾਦਾਂ ਤਾਜ਼ਾ ਹਨ। ਪਿੰਡ ਪੰਡੋਰੀ ਦਾ ਜੋਗਿੰਦਰ ਸਿੰਘ ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦੇ ਰੇਲਵੇ ਪਲੇਟਫਾਰਮ ‘ਤੇ ਦੰਗਾਕਾਰੀਆਂ ਦੇ ਰੋਹ ਦਾ ਸ਼ਿਕਾਰ ਬਣਿਆ।
ਉਨ੍ਹਾਂ ਕਤਲੇਆਮ ਵਿਚੋਂ ਬਚੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਰੇਲਵੇ ਪਲੇਟਫਾਰਮ ‘ਤੇ ਹਿੰਸਾ ‘ਤੇ ਉਤਾਰੂ ਭੀੜ ਨੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਪਰ ਉਹ ਜ਼ਖ਼ਮਾਂ ਦੀ ਪਰਵਾਹ ਨਾ ਕਰਦਿਆਂ ਕਿਸੇ ਤਰੀਕੇ ਨਾਲ ਉਥੋਂ ਭੱਜ ਨਿਕਲਿਆ ਤੇ ਉਸ ਨੇ ਹਫ਼ਤਾ ਭਰ ਕਮਾਦ ਦੇ ਖੇਤਾਂ ਵਿਚ ਭੁੱਖੇ ਪਿਆਸੇ ਬਿਤਾਇਆ। ਉਹ ਆਸਨਸੋਲ ਨੇੜੇ ਬੜਦਾਅ ਜ਼ਿਲ੍ਹੇ ਦੀ ਕੋਲਾ ਖਾਣ ਵਿਚ ਮਜ਼ਦੂਰ ਵਜੋਂ ਕੰਮ ਕਰਦਾ ਸੀ ਤੇ ਆਪਣੀ ਧੀ ਦੇ ਵਿਆਹ ਲਈ 50 ਹਜ਼ਾਰ ਰੁਪਏ ਲੈ ਕੇ ਪੰਡੋਰੀ ਆਉਣ ਲਈ 31 ਅਕਤੂਬਰ ਨੂੰ ਦੁਪਹਿਰੇ ਗੱਡੀ ਵਿਚ ਬੈਠਿਆ ਸੀ ਤੇ ਜਦੋਂ ਇਹ ਗੱਡੀ ਗਾਜ਼ੀਆਬਾਦ ਪੁੱਜੀ ਤਾਂ ਉਥੇ ਵੱਡੇ ਹਜੂਮ ਨੇ ਗੱਡੀ ਵਿਚ ਸਵਾਰ ਸਿੱਖਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ।
ਇਸ ਭੀੜ ਨੇ ਪਹਿਲਾਂ ਸਿੱਖਾਂ ਦਾ ਸਾਮਾਨ ਲੁੱਟਿਆ ਫੇਰ ਉਨ੍ਹਾਂ ਨੂੰ ਜਾਨੋਂ ਮਾਰਨ ਤੇ ਅੱਗਾਂ ਲਾਉਣ ਲੱਗ ਪਏ। ਉਨ੍ਹਾਂ ਜੋਗਿੰਦਰ ਸਿੰਘ ‘ਤੇ ਵੀ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਤੇ ਉਸ ਦੇ ਕੱਪੜੇ ਵੀ ਸਾੜ ਦਿੱਤੇ ਜਿਸ ਵਿਚ ਉਸ ਦੇ ਪੈਸੇ ਵੀ ਪਏ ਸਨ। ਉਸ ਨੇ ਦੱਸਿਆ ਕਿ ਇਸੇ ਦੌਰਾਨ ਇਹ ਹਜੂਮ ਹੋਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲੱਗ ਪਿਆ ਤੇ ਉਹ ਕਿਸੇ ਤਰ੍ਹਾਂ ਉਥੋਂ ਬਚ ਕੇ ਸਟੇਸ਼ਨ ਮਾਸਟਰ ਦੇ ਕਮਰੇ ਵਿਚ ਜਾ ਵੜਿਆ ਤੇ ਅੰਦਰੋਂ ਕੁੰਡੀ ਮਾਰ ਲਈ।
ਉਸ ਨੂੰ ਪਹਿਲੀ ਨਵੰਬਰ ਦੀ ਰਾਤ ਪੁਲਿਸ ਨੇ ਸਟੇਸ਼ਨ ਮਾਸਟਰ ਦੇ ਕਮਰੇ ਵਿਚੋਂ ਕੱਢਿਆ। ਉਸ ਨੇ ਇਕ ਪੁਲਿਸ ਮੁਲਾਜ਼ਮ ਵੱਲੋਂ ਉਸ ਨੂੰ ਥੋੜ੍ਹੀ ਦੂਰ ਲਿਜਾ ਕੇ ਮਾਰਨ ਦੀ ਗੱਲ ਸੁਣ ਲਈ। ਉਸ ਨੇ ਪੁਲਿਸ ਮੁਲਾਜ਼ਮਾਂ ਨੂੰ ਤਰਲਾ ਪਾਇਆ ਕਿ ਜੇਕਰ ਉਨ੍ਹਾਂ ਨੇ ਉਸ ਨੂੰ ਮਾਰਨਾ ਹੀ ਹੈ ਤਾਂ ਮਰਨ ਤੋਂ ਪਹਿਲਾਂ ਇਕ ਵਾਰ ਪਾਣੀ ਪੀ ਲੈਣ ਦੇਣ। ਜ਼ਖ਼ਮਾਂ ਤੇ ਸਰੀਰ ਵਿਚੋਂ ਸਿੰਮਦੇ ਲਹੂ ਨੂੰ ਦੇਖ ਕੇ ਪੁਲਿਸ ਵਾਲਿਆਂ ਨੇ ਉਸ ਨੂੰ ਸਾਹਮਣੇ ਪਾਣੀ ਪੀਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਹਨੇਰੇ ਪਾਸੇ ਵੱਲ ਸ਼ੂਟ ਵੱਟ ਲਈ। ਪੁਲੀਸ ਵਾਲਿਆਂ ਨੇ ਥੋੜ੍ਹੀ ਦੂਰ ਤੱਕ ਉਸ ਦਾ ਪਿੱਛਾ ਕੀਤਾ ਪਰ ਫੇਰ ਉਹ ਸਿਰ ‘ਤੇ ਮੌਤ ਦਾ ਡਰ ਹੋਣ ਤੇ ਗੰਭੀਰ ਜ਼ਖ਼ਮਾਂ ਦੀ ਪਰਵਾਹ ਨਾ ਕਰਦਿਆਂ ਢੋਰਾ ਜ਼ਿਲ੍ਹਾ (ਇਟਾਵਾ) ਦੇ ਕਮਾਦ ਦੇ ਸੰਘਣੇ ਖੇਤਾਂ ਵਿਚ ਵੜ ਗਿਆ ਜਿਥੇ ਉਸ ਨੇ ਭੁੱਖੇ ਪਿਆਸੇ ਨੇ ਛ ਦਿਨ ਤੇ ਰਾਤਾਂ ਗੁਜ਼ਾਰੀਆਂ।
ਕਮਾਦ ਦੇ ਖੇਤਾਂ ਵਿਚ ਭੁੱਖ ਪਿਆਸ ਲੱਗਣ ‘ਤੇ ਉਹ ਗੰਨੇ ਚੂਪ ਲੈਂਦਾ ਰਿਹਾ। ਖੇਤ ਦਾ ਮਾਲਕ ਜੋ ਢੋਰਾ ਦਾ ਸਰਪੰਚ ਸੀ, ਨੇ ਉਸ ਨੂੰ ਆਪਣੇ ਖੇਤਾਂ ਵਿਚ ਛੁਪੇ ਹੋਏ ਨੂੰ ਉਦੋਂ ਦੇਖਿਆ ਜਦੋਂ ਉਹ ਗੰਨੇ ਨੂੰ ਮਿੱਲ ਵਿਚ ਲਿਜਾਣ ਲਈ ਕੱਟ ਰਿਹਾ ਸੀ। ਸਿਰ ਦੇ ਜ਼ਖ਼ਮਾਂ ਵਿਚ ਕੀੜੇ ਚੱਲਦੇ ਦੇਖ ਕੇ ਸਰਪੰਚ ਉਸ ‘ਤੇ ਤਰਸ ਖਾ ਕੇ ਘਰ ਲੈ ਗਿਆ। ਪਿੰਡ ਦੇ ਲੋਕਾਂ ਵੱਲੋਂ ਫਿਰ ਹਮਲਾ ਕਰਨ ‘ਤੇ ਸਰਪੰਚ ਨੇ ਉਸ ਦਾ ਬਚਾਅ ਕੀਤਾ। ਸਰਪੰਚ ਨੇ ਹਫ਼ਤਾ ਭਰ ਜੋਗਿੰਦਰ ਸਿੰਘ ਨੂੰ ਆਪਣੇ ਘਰ ਰੱਖਿਆ ਤੇ ਮਾਹੌਲ ਸ਼ਾਂਤ ਹੋਣ ‘ਤੇ ਮੁਗਲ ਸਰਾਏ ਤੋਂ ਰੇਲ ਗੱਡੀ ਵਿਚ ਬਿਠਾਇਆ।
ਉਹ ਪੱਛਮੀ ਬੰਗਾਲ ਵਿਚ ਕਿਸੇ ਜਾਣ ਪਛਾਣ ਵਾਲੇ ਕੋਲ ਮਹੀਨਾ ਭਰ ਰਿਹਾ ਜਦਕਿ ਉਸ ਦੇ ਪਿੰਡ ਪੰਡੋਰੀ ਵਿਚ ਉਸ ਦੇ ਮਰਨ ਦੀਆਂ ਰਸਮਾਂ ਪੂਰੀਆਂ ਹੋ ਚੁੱਕੀਆਂ ਸਨ। ਡੇਢ ਮਹੀਨੇ ਬਾਅਦ ਆਪਣੇ ਪਿੰਡ ਪੁੱਜੇ ਜੋਗਿੰਦਰ ਸਿੰਘ ਨੂੰ ਸਭ ਜ਼ਿੰਦਾ ਦੇਖ ਕੇ ਦੰਗ ਰਹਿ ਗਏ। ਪੀੜਤ ਨੂੰ ਕਿਸੇ ਸਰਕਾਰ ਜਾਂ ਸੰਸਥਾ ਨੇ ਵੀ ਕੋਈ ਇਮਦਾਦ ਨਹੀਂ ਦਿੱਤੀ। ਜ਼ਿੰਦਗੀ ਦੇ ਆਖ਼ਰੀ ਪੜਾਅ ‘ਤੇ ਪੁੱਜਿਆ ਜੋਗਿੰਦਰ ਸਿੰਘ ਅੱਜਕੱਲ੍ਹ ਘੁਮਾਣ ਵਿਖੇ ਰਿਕਸ਼ਾ ਚਲਾ ਕੇ ਆਪਣੀ ਜ਼ਿੰਦਗੀ ਕੱਟ ਰਿਹਾ ਹੈ।
______________________________________________
ਸ਼ਹੀਦਾਂ ਨੂੰ ਸ਼ਰਧਾਂਜਲੀ ਲਈ ਵਿਧਾਨ ਸਭਾ ‘ਚ ਮਤਾ ਪੇਸ਼
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੁੰਦਿਆਂ ਹੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ 1984 ਦੇ ਕਤਲੇਆਮ ਵਿਚ ਸ਼ਹੀਦ ਹੋਣ ਵਾਲੇ ਸਿੱਖਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਮਾਮਲਾ ਉਠਾਇਆ। ਉਨ੍ਹਾਂ ਕਿਹਾ ਕਿ 29 ਸਾਲ ਪਹਿਲਾਂ 1984 ਵਿਚ ਪਹਿਲੀ ਨਵੰਬਰ ਨੂੰ ਦਿੱਲੀ ਤੇ ਦੇਸ਼ ਦੇ ਕਈ ਹੋਰ ਸ਼ਹਿਰਾਂ ਵਿਚ 25,000 ਦੇ ਕਰੀਬ ਬੇਕਸੂਰ ਸਿੱਖਾਂ ਨੂੰ ਹਿੰਸਾ ਦਾ ਸ਼ਿਕਾਰ ਬਣਾਉਂਦਿਆਂ ਕਤਲ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਨ੍ਹਾਂ ਬੇਕਸੂਰ ਪੰਜਾਬੀਆਂ ਨੂੰ ਸਦਨ ਵੱਲੋਂ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਦਿੱਤੀ ਜਾਣੀ ਚਾਹੀਦੀ ਹੈ। ਇਸ ‘ਤੇ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਜੋ ਲੋਕ ਪੰਜਾਬ ਵਿਚ ਅਤਿਵਾਦ ਦਾ ਸ਼ਿਕਾਰ ਹੋਏ ਸਨ, ਉਨ੍ਹਾਂ ਨੂੰ ਵੀ ਨਾਲ ਸ਼ਰਧਾਂਜਲੀ ਭੇਟ ਕੀਤੀ ਜਾਵੇ। ਸ਼ ਸੁਖਬੀਰ ਬਾਦਲ ਨੇ ਇਸ ਲਈ ਤੁਰੰਤ ਸਹਿਮਤੀ ਪ੍ਰਗਟ ਕਰ ਦਿੱਤੀ ਪਰ ਕਿਹਾ ਕਿ ਪਹਿਲੀ ਨਵੰਬਰ ਨੂੰ ਤਾਂ ਉਨ੍ਹਾਂ 25,000 ਪੰਜਾਬੀਆਂ ਨੂੰ ਹੀ ਯਾਦ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਇਸ ਦਿਨ ਮੌਤ ਦੇ ਘਾਟ ਉਤਾਰਿਆ ਗਿਆ। ਉਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਕਿ ਪਹਿਲੀ ਨਵੰਬਰ ਨੂੰ ਵਿਧਾਨ ਸਭਾ ਦਾ ਸਮਾਗਮ ਚੱਲ ਰਿਹਾ ਹੈ ਤੇ ਇਸੇ ਕਾਰਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਬੇਨਤੀ ਕੀਤੀ ਹੈ। ਇਸ ‘ਤੇ ਕਾਂਗਰਸੀ ਮੈਂਬਰਾਂ ਵੱਲੋਂ ਸ਼ੋਰ ਸ਼ਰਾਬਾ ਸ਼ੁਰੂ ਕਰ ਦਿੱਤਾ ਗਿਆ ਪਰ ਅਕਾਲੀ-ਭਾਜਪਾ ਮੈਂਬਰਾਂ ਵੱਲੋਂ ਸਦਨ ‘ਚ 2 ਮਿੰਟ ਚੁੱਪ ਧਾਰ ਕੇ 84 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਦਿੱਤੀ ਗਈ ਜਦੋਂਕਿ ਕਾਂਗਰਸ ਮੈਂਬਰ ਇਸ ‘ਚ ਸ਼ਾਮਲ ਨਾ ਹੋਏ।
Leave a Reply