ਸਤਿ ਅਤੇ ਸਚਿਆਰਾ

ਡਾæ ਗੁਰਨਾਮ ਕੌਰ, ਕੈਨੇਡਾ
ਹੁਣ ਤੱਕ ਕਈ ਵਾਰ ਇਸ ਗੱਲ ਵੱਲ ਸੰਕੇਤ ਕੀਤਾ ਜਾ ਚੁੱਕਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਮਨੁੱਖ ਸਾਹਮਣੇ ਨਿਸ਼ਾਨਾ ‘ਸਚਿਆਰਾ’ ਹੋਣ ਦਾ ਰੱਖਿਆ ਹੈ ਅਤੇ ਜਪੁਜੀ ਸਾਹਿਬ ਵਿਚ ਪਹਿਲਾ ਪ੍ਰਸ਼ਨ ਹੀ ਇਹ ਰੱਖਿਆ ਹੈ ਕਿ ਸਚਿਆਰਾ ਕਿਵੇਂ ਬਣਨਾ ਹੈ, ‘ਕਿਵ ਸਚਿਆਰਾ ਹੋਵਈ।’ ਇਸ ਪ੍ਰਸ਼ਨ ਤੋਂ ਬਾਅਦ ਅਗਲਾ ਪ੍ਰਸ਼ਨ ਇਹ ਹੈ ਕਿ ਇਹ ‘ਸਤਿ’ ਅਤੇ ‘ਸਚਿਆਰਾ’ ਕੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਮਨੁੱਖ ਵਾਸਤੇ ਆਦਰਸ਼ ਮੰਨਿਆ ਹੈ। ਇਥੇ ਇਹ ਗੱਲ ਵੀ ਸ਼ਾਮਲ ਕਰ ਲੈਣੀ ਬਹੁਤ ਮਹੱਤਵਪੂਰਨ ਹੈ ਕਿ ‘ਸਤਿ’ ਸ਼ਬਦ ਸਰਬ-ਉਚ ਸ਼ਕਤੀ, ਅੰਤਮ ਸਤਿ ਅਰਥਾਤ ਪਰਮਾਤਮਾ ਲਈ ਵਰਤਿਆ ਗਿਆ ਹੈ, ਜੋ ਕਿ ਮਨੁੱਖ ਵਾਸਤੇ ਆਦਰਸ਼ ਹੈ। ‘ਸਚਿਆਰਾ’ ਸ਼ਬਦ ਉਸ ਜੀਵ-ਆਤਮਾ ਲਈ ਵਰਤਿਆ ਜਾਂਦਾ ਹੈ ਜਿਸ ਨੇ ਉਸ ਪਰਮਾਤਮਾ ਨੂੰ ਆਪਣੇ ਅੰਦਰ ਅਨੁਭਵ ਕਰ ਲਿਆ ਹੈ ਅਰਥਾਤ ਜਿਸ ਨੇ ਆਪਣੇ ਆਪ ਨੂੰ ਰੱਬੀ ਜੋਤਿ ਦਾ ਹਿੱਸਾ ਹੋਣ ਦਾ ਅਨੁਭਵ ਪ੍ਰਾਪਤ ਕਰ ਲਿਆ ਹੈ।
ਗੁਰੂ ਨਾਨਕ ਸਾਹਿਬ ਨੇ ਮਨੁੱਖ ਵਾਸਤੇ ਆਦਰਸ਼ ਪਰਮਾਤਮਾ ਦੇ ਸਤਿ-ਸਰੂਪ ਹੋਣ ਤੋਂ ਲਿਆ ਹੈ। ਇਸ ਲਈ ਸਭ ਤੋਂ ਪਹਿਲਾਂ ਉਸ ਦੇ ਸਤਿ-ਸਰੂਪ ਹੋਣ ਨੂੰ ਜਾਣਨਾ ਜ਼ਰੂਰੀ ਹੈ ਕਿ ਇਸ ਦਾ ਕੀ ਅਰਥ ਹੈ? ਇਸ ਦੀ ਵਿਆਖਿਆ ਵਿਦਵਾਨ ਆਪਣੇ ਆਪਣੇ ਨਜ਼ਰੀਏ ਤੋਂ ਕਰਦੇ ਆਏ ਹਨ ਅਤੇ ਕਰ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਹੀ ਵਾਕ ਵਿਚ ੴ ਤੋਂ ਬਾਅਦ ‘ਸਤਿਨਾਮ’ ਆਇਆ ਹੈ ਜਿਸ ਦਾ ਅੰਗਰੇਜ਼ੀ ਵਿਚ ਪਹਿਲਾ ਅਨੁਵਾਦ ਕਰਦਿਆਂ ਟਰੰਪ ਨੇ ਲਿਖਿਆ ਹੈ ਕਿ ਸਤਿਨਾਮ ਉਹ ਕਰਤਾਰ ਹੈ ਜੋ ਬਿਨਾ ਕਿਸੇ ਭੈ ਦੇ ਹੈ ਅਤੇ ਜਿਸ ਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ‘ਕਿਵ ਸਚਿਆਰਾ ਹੋਵੀਐ’ ਦਾ ਅਨੁਵਾਦ ਕਰਦਿਆਂ ਉਸ ਨੇ ਲਿਖਿਆ ਹੈ ਕਿ ‘ਕੋਈ ਸੱਚ ਜਾਣਨ ਵਾਲਾ ਮਨੁੱਖ ਕਿਵੇਂ ਬਣੇ?’ ਅਨੁਵਾਦ ਕਰਦਿਆਂ ਉਸ ਨੇ ਅੱਗੇ ਲਿਖਿਆ ਹੈ ਕਿ ‘ਕਰਤਾ ਪੁਰਖ ‘ਸਤਿਨਾਮ’ ਅਰੰਭ ਵਿਚ ਵੀ ਸਤਿ ਸੀ, ਸਤਿ ਹੈ ਅਤੇ ਸਤਿ ਰਹੇਗਾ। ਪਰ ਉਸ ਤੋਂ ਪਿੱਛੋਂ ਹੋਏ ਇੱਕ ਹੋਰ ਵਿਦਵਾਨ ਮੈਕਾਲਿਫ ਨੇ ਉਸ ਦੇ ਕੀਤੇ ਇਨ੍ਹਾਂ ਅਰਥਾਂ ਨਾਲ ਸਹਿਮਤੀ ਪ੍ਰਗਟ ਨਹੀਂ ਕੀਤੀ। ਉਸ ਨੇ ਇਸ ਦਾ ਅਨੁਵਾਦ ਕਰਦਿਆਂ ਅਰਥ ਕੀਤਾ ਹੈ, ‘ਪਰਮਾਤਮਾ ਇੱਕ ਹੈ ਜਿਸ ਦਾ ਨਾਮ ਸਤਿ ਹੈ, ਜੋ ਕਰਤਾ ਹੈ, ਜੋ ਭੈ ਅਤੇ ਵੈਰ ਤੋਂ ਰਹਿਤ ਹੈ।’ ਇਸ ਤੋਂ ਅਗਲੀਆਂ ਪੰਕਤੀਆਂ ਦਾ ਅਰਥ ਕਰਦਿਆਂ ਉਸ ਨੇ ਲਿਖਿਆ ਹੈ, ‘ਉਹ ਸੱਚਾ ਅਰੰਭ ਵਿਚ ਵੀ ਸੀ, ਉਹ ਸੱਚਾ ਜੁਗਾਂ ਦੇ ਅਰੰਭ ਵਿਚ ਸੀ, ਉਹ ਹੁਣ ਵੀ ਹੈ ਅਤੇ ਅਤੇ ਉਹ ਸਦਾ ਰਹੇਗਾ।’ ਇਸ ਦੀ ਹੋਰ ਵਿਆਖਿਆ ਕਰਦਿਆਂ ਉਸ ਨੇ ਲਿਖਿਆ ਹੈ ਕਿ ਪਰਮਾਤਮਾ ਹਰ ਜੁਗ ਵਿਚ ਸਤਿ ਹੈ। ਇਸ ਗੱਲ ‘ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਪਰਮਾਤਮਾ ਹਰ ਜੁੱਗ ਵਿਚ ਸਤਿ ਸੀ। ਮੈਕਾਲਿਫ ਇਸ ਦੀ ਤੁਲਨਾ ਇੱਕ ਯੂਨਾਨੀ ਮੰਦਰ ਤੇ ਲਿਖੇ ਵਾਕ ਨਾਲ ਕਰਦਾ ਹੈ, ਜੋ ਇਸ ਤਰ੍ਹਾਂ ਹੈ, “ਮੈਂ ਉਹ ਸਭ ਹਾਂ ਜੋ ਸੀ, ਹੈ ਅਤੇ ਹੋਵੇਗਾ।” ਇਸ ਦਾ ਅਰਥ ਇਹ ਕੱਢਿਆ ਜਾ ਸਕਦਾ ਹੈ ਕਿ ਮੈਕਾਲਿਫ ਸਤਿ ਤੋਂ ਅਰਥ ਪਰਮਾਤਮਾ ਦੀ ਹੋਂਦ ਤੋਂ ਲੈਂਦਾ ਹੈ ਅਰਥਾਤ ਜਿਸ ਦੀ ਹੋਂਦ ਸਦੀਵੀ ਹੈ, ਜੋ ਸਦਾ ਕਾਇਮ ਹੈ। ਉਸ ਦਾ ਇਹ ਯਤਨ ਸੰਸਕ੍ਰਿਤ ਵਿਚ ਸਤਿ ਦੀ ਵਰਤੋਂ ਦੇ ਅਰਥਾਂ ਨੂੰ ਸਮਝਣ ਦੀ ਸਹੀ ਕੋਸ਼ਿਸ਼ ਹੈ, ਜਿਥੋਂ ਇਹ ਸ਼ਬਦ ਆਇਆ ਹੈ। ਇਥੇ ਇਸ ਤੱਥ ਨੂੰ ਸਮਝਣ ਵੱਲ ਵੀ ਇਸ਼ਾਰਾ ਕੀਤਾ ਗਿਆ ਹੈ ਕਿ ‘ਸਤਿ’ ਸ਼ਬਦ ਦੀ ਵਰਤੋਂ ਕਰਕੇ ਗੁਰੂ ਸਾਹਿਬ ਕੀ ਸੰਦੇਸ਼ ਦੇਣਾ ਚਾਹੁੰਦੇ ਹਨ।
ਇਨ੍ਹਾਂ ਵਿਦਵਾਨਾਂ ਦੇ ‘ਸਤਿ’ ਜਾਂ ‘ਸਚ’ ਸ਼ਬਦ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੋਰ ਥਾਂਵਾਂ ‘ਤੇ ਕੀਤੀ ਗਈ ਵਰਤੋਂ ਵੀ ਧਿਆਨ ਵਿਚ ਹੈ। ਇਸ ਦਾ ਇੱਕ ਅਰਥ ਹੈ, ਸੱਚ ਬੋਲਣਾ, ਦੂਸਰਾ ਹੈ, ਸੱਚ ਮਨੁੱਖ ਦੇ ਇੱਕ ਨੈਤਿਕ ਗੁਣ ਦੇ ਅਰਥਾਂ ਵਿਚ ਅਤੇ ਤੀਸਰਾ ਇਸ ਨੂੰ ਅਕਾਲ ਪੁਰਖ ਦੀ ਸਦੀਵੀ ਹੋਂਦ ਦੇ ਅਰਥਾਂ ਵਿਚ ਵੀ ਵਰਤਿਆ ਗਿਆ ਹੈ। ਡਾæ ਗੋਪਾਲ ਸਿੰਘ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗਰੇਜ਼ੀ ਵਿਚ ਅਨੁਵਾਦ ਕਰਦਿਆਂ ‘ਸਚ’ ਨੂੰ ਸਦੀਵੀ ਦੇ ਅਰਥਾਂ ਵਿਚ ਲਿਆ ਹੈ। ਮੋਹਨ ਸਿੰਘ ਨੇ ਸਤਿ ਦੇ ਅਰਥ ‘ਸਚ-ਹੋਂਦ’ ਕੀਤੇ ਹਨ। ਸੋਹਣ ਸਿੰਘ ਨੇ ਇਸ ਦੇ ਅਰਥ ‘ਅਸਲੀ’ ਵਜੋਂ ਕੀਤੇ ਹਨ। ਉਹ ਸਤਿ ਅਤੇ ਸਚ ਨੂੰ ਇੱਕੋ ਅਰਥਾਂ ਵਿਚ ਲੈਂਦਾ ਹੈ ਅਤੇ ਇਨ੍ਹਾਂ ਦਾ ਅਰਥ ‘ਅਸਲੀ’ ਕਰਦਾ ਹੈ। ਪੰਜਾਬੀ ਭਾਸ਼ਾ ਵਿਚ ‘ਗੁਰੂ ਗ੍ਰੰਥ ਕੋਸ਼’ ਦਾ ਲਿਖਾਰੀ ਇਸ ਨੂੰ ਸੰਸਕ੍ਰਿਤ ਦੇ ਸਤ ਤੋਂ ਆਇਆ ਮੰਨ ਕੇ ਇਸ ਦੇ ਅਰਥ ‘ਹੋਣ’ ਦੇ ਭਾਵ ਵਿਚ ਕਰਦਾ ਹੈ ਅਰਥਾਤ ਜਿਸ ਦੀ ਹੋਂਦ ਹੈ। ਸੋਢੀ ਤੇਜਾ ਸਿੰਘ ਇਸ ਦੇ ਅਰਥ ਕਰਦਿਆਂ ਲਿਖਦਾ ਹੈ, ‘ਜੋ ਸਾਰੀਆਂ ਚੀਜ਼ਾਂ ਵਿਚ ਇੱਕ ਸਾਰ ਅਤੇ ਹਰ ਸਮੇਂ ਵਿਆਪਕ ਹੋਵੇ।’
ਸੰਸਕ੍ਰਿਤ ਭਾਸ਼ਾ ਵਿਚ ‘ਸਤਵ’ ਸ਼ਬਦ ਵੀ ਵਰਤਿਆ ਗਿਆ ਹੈ ਜਿਸ ਦਾ ਭਾਵ-ਅਰਥ ਹੈ-ਸ਼ਕਤੀ, ਪਕਿਆਈ, ਊਰਜਾ, ਸਾਹਸ ਅਤੇ ਸਵੈ-ਆਦੇਸ਼ ਆਦਿ। ਪੰਜਾਬੀ ਭਾਸ਼ਾ ਦਾ ‘ਸਤ’ ਜਿਸ ਨੂੰ ‘ਸਚ’ ਵੀ ਕਿਹਾ ਜਾਂਦਾ ਹੈ, ਸੰਸਕ੍ਰਿਤ ਦੇ ਸ਼ਬਦ ‘ਸਤ’ ਤੋਂ ਆਇਆ ਹੈ ਜਿਸ ਦਾ ਮੂਲ ‘ਅਸ’ ਹੈ ਅਤੇ ਇਸ ਦਾ ਅਰਥ ਹੈ ‘ਹੋਣਾ’, ਜਿਸ ਨੂੰ ‘ਅਸਲੀ’, ‘ਹੋਣਾ ਚਾਹੀਦਾ ਹੈ’, ‘ਅਸਲੀ ਅੱਛਾ’, ‘ਠੀਕ’ ਦੇ ਅਰਥਾਂ ਵਿਚ ਸਮਝਿਆ ਜਾਂਦਾ ਹੈ। ਇਸ ਨੂੰ ‘ਬ੍ਰਹਮ’ ਦੇ ਅਰਥਾਂ ਵਿਚ ਵੀ ਵਰਤਿਆ ਗਿਆ ਹੈ ਜੋ ਸਰਬ ਵਿਆਪਕ ਆਤਮਾ ਹੈ। ਸਿੱਖ ਧਰਮ ਵਿਚ ਵੀ ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ ਸਤ ਤੋਂ ਆਇਆ ਹੈ। ਭਾਈ ਮਨੀ ਸਿੰਘ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿਖਾਈ ਗਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਲਿਖਾਰੀ ਵੀ ਹਨ, ਨੇ ਸਤ ਸ਼ਬਦ ਨੂੰ ਬ੍ਰਹਮ ਦੇ ਅਰਥਾਂ ਵਿਚ ਵਰਤਿਆ ਹੈ, ਜਿਸ ਦਾ ਹਵਾਲਾ ਟਰੰਪ ਨੇ ਵੀ ਦਿੱਤਾ ਹੈ। ਵੇਦਾਂਤ ਵਿਚ ਸਤ ਦੀ ਵਿਆਖਿਆ ਬਹੁਤ ਵਿਸਥਾਰ ਵਿਚ ਕੀਤੀ ਮਿਲਦੀ ਹੈ। ਵੇਦਾਂਤ ਵਿਚ ਬ੍ਰਹਮ ਜਾਂ ਸਰਬ-ਵਿਆਪਕ ਆਤਮਾ ਨੂੰ ਸਤ-ਚਿਤ-ਅਨੰਦ ਮੰਨਿਆ ਗਿਆ ਹੈ, ਜਿਸ ਦਾ ਅਰਥ ਹੈ ਕਿ ਉਸ ਦੀ ਹੋਂਦ ਹੈ, ਉਹ ਚੇਤਨ ਹੈ ਅਤੇ ਅਨੰਦਮਈ ਹੈ।
ਸਿੱਖ ਧਰਮ ਵਿਚ ਇਸ ਸਰਬ ਵਿਆਪਕ ਹੋਂਦ ਨੂੰ ‘ਸਤਿਨਾਮੁ ਕਰਤਾ ਪੁਰਖੁ’ ਕਿਹਾ ਗਿਆ ਹੈ ਜਿਸ ਤੋਂ ਇਸ ਦੇ ਅਰਥਾਂ ਦੀ ਸੁਤੰਤਰਤਾ ਸਥਾਪਤ ਹੋ ਜਾਂਦੀ ਹੈ। ਸਿੱਖ ਧਰਮ ਵਿਚ ‘ਸਤ’ ਸ਼ਬਦ ਵੇਦਾਂਤ ਨਾਲ ਸਾਂਝਾ ਹੈ ਪਰ ਸਿੱਖ ਧਰਮ ਵਿਚ ਸਤ ਨਾਲ ਨਾਮ ਲਾਇਆ ਹੈ ਜਿਸ ਦਾ ਅਰਥ ਹੈ ‘ਚੇਤਨਤਾ।’ ਇਸ ਨਾਲ ਅੱਗੇ ‘ਕਰਤਾ’ ਜੋੜਿਆ ਗਿਆ ਹੈ ਜਿਸ ਦਾ ਅਰਥ ਹੈ ‘ਸਿਰਜਣਾਤਮਕ ਸ਼ਕਤੀ’, ‘ਪੁਰਖ’ ਜਿਸ ਦਾ ਅਰਥ ਹੈ ‘ਹਸਤੀ।’ ਇਸ ਤਰ੍ਹਾਂ ਸਿੱਖ ਧਰਮ ਵਿਚ ਪਰਮਸਤਿ ਨੂੰ ਸਦੀਵੀ ਸਕ੍ਰਿਯ ਹੋਂਦ, ਗਤੀਸ਼ੀਲ ਸ਼ਕਤੀ ਦੇ ਰੂਪ ਵਿਚ ਪ੍ਰਵਾਨ ਕੀਤਾ ਗਿਆ ਹੈ। ਪਰਮਸਤਿ ਪ੍ਰਤੀ ਸਕ੍ਰਿਅ ਹੋਂਦ ਦੀ ਵਿਸ਼ੇਸ਼ਤਾ ਦੇ ਨਜ਼ਰੀਏ ਨੇ ਪ੍ਰਾਪਤ ਕੀਤੇ ਜਾਣ ਵਾਲੇ ਆਤਮ-ਅਨੁਭਵ ਦੇ ਆਦਰਸ਼ ਤੇ ਬੇਹੱਦ ਅਸਰ ਪਾਇਆ ਹੈ। ਗੁਰੂ ਸਾਹਿਬਾਨ ਨੇ ਭਾਵੇਂ ਬਾਣੀ ਵਿਚ ਪਰਮਸਤਿ ਦੇ ਸੰਕੇਤ ਦੇ ਰੂਪ ਵਿਚ ਹਰ ਥਾਂ ‘ਤੇ ਪੂਰਾ ‘ਸਤਿਨਾਮੁ ਕਰਤਾ ਪੁਰਖੁ’ ਨਹੀਂ ਲਿਖਿਆ, ਆਮ ਤੌਰ ‘ਤੇ ਸਤਿ ਜਾਂ ਨਾਮ ਹੀ ਲਿਖਿਆ ਹੈ। ਇਸ ਲਈ ਜੇ ਇਕੱਲਾ ਨਾਮ ਜਾਂ ਸਤਿ ਹੀ ਲਿਖਿਆ ਹੈ ਤਾਂ ਵੀ ਉਸ ਨੂੰ ਸਤਿ ਨਾਮੁ ਕਰਤਾ ਪੁਰਖੁ ਦੇ ਅਰਥਾਂ ਦੇ ਸੰਕੇਤ ਵਿਚ ਹੀ ਵਰਤਿਆ ਹੈ। ਜਿਥੇ ਸਤਿ ਦੀ ਵਰਤੋਂ ਸੱਚਾਈ ਜਾਂ ਗੁਣ ਦੇ ਅਰਥਾਂ ਵਿਚ ਕੀਤੀ ਹੈ ਉਥੇ ਇਸ ਨੂੰ ਸਪੱਸ਼ਟ ਕੀਤਾ ਹੈ।
ਸਿੱਖ ਨੈਤਿਕਤਾ ਵਿਚ ਜ਼ਰੂਰੀ ਧਿਆਨ ਦੇਣ ਯੋਗ ਨੁਕਤਾ ਪਰਮਾਤਮ-ਹੋਂਦ ਦਾ ਸਦੀਵੀ ਸਕ੍ਰਿਅ ਹੋਣਾ ਹੈ। ਇਹ ਜਗਿਆਸੂ ਵਾਸਤੇ ਬਹੁਤ ਮਹੱਤਵ ਰੱਖਦਾ ਹੈ ਕਿਉਂਕਿ ਸਿੱਖ ਧਰਮ ਅਨੁਸਾਰ ਜਿਸ ਕਿਸਮ ਦੇ ਇਸ਼ਟ ਦੀ ਮਨੁੱਖ ਅਰਾਧਨਾ ਕਰਦਾ ਹੈ, ਉਹੋ ਜਿਹਾ ਹੀ ਉਸ ਦਾ ਵਿਅਕਤੀਤਵ ਘੜਿਆ ਜਾਂਦਾ ਹੈ, ‘ਜੈਸਾ ਸੇਵੈ ਤੈਸੋ ਹੋਇ॥’ ਜੇ ਮਨੁੱਖ ਜੜ੍ਹ ਵਸਤਾਂ ਦੀ ਪੂਜਾ ਕਰੇਗਾ ਤਾਂ ਕੁਦਰਤੀ ਹੈ ਕਿ ਉਸ ਦਾ ਵਿਅਕਤੀਤਵ ਵੀ ਨਿਸ਼ਕ੍ਰਿਅ ਹੋਵੇਗਾ। ਇਸੇ ਸਕ੍ਰਿਅ ਹਸਤੀ ਨੂੰ ਗੁਰੂ ਨਾਨਕ ਸਾਹਿਬ ਨੇ ਨਿਰਭਉ ਅਤੇ ਨਿਰਵੈਰ ਵੀ ਕਿਹਾ ਹੈ। ਨੈਤਿਕਤਾ ਦੇ ਨਜ਼ਰੀਏ ਤੋਂ ਅਜਿਹਾ ਆਦਰਸ਼ ਪੂਰਨ ਤੌਰ ‘ਤੇ ਸਹੀ ਅਤੇ ਅੱਛਾ ਹੈ, ਜਿਸ ਵੱਲ ਸਚਿਆਰ ਨੇ ਵਧਣਾ ਹੈ। ਹੁਣ ਸਚਿਆਰ ਦੇ ਅਰਥਾਂ ਦੀ ਛਾਣਬੀਣ ਕੀਤੀ ਜਾਵੇਗੀ ਕਿ ਗੁਰੂ ਸਾਹਿਬ ਨੇ ਇਸ ਨੂੰ ਕਿਨ੍ਹਾਂ ਅਰਥਾਂ ਵਿਚ ਵਰਤਿਆ ਹੈ।
‘ਸਚਿਆਰਾ’ ਆਦਰਸ਼ਕ ਮਨੁੱਖ ਹੈ, ਉਹ ਆਦਰਸ਼ ਹੈ ਜਿਸ ਦਾ ਮਨੁੱਖ ਨੇ ਅਨੁਭਵ ਕਰਨਾ ਹੈ, ਅਰਥਾਤ ‘ਸਚਿਆਰਾ’ ਉਹ ਹੈ ਜੋ ਗੁਰੂ ਸਾਹਿਬ ਨੇ ਮਨੁੱਖ ਸਾਹਮਣੇ ਇੱਕ ਆਦਰਸ਼ ਰੱਖਿਆ ਹੈ ਕਿ ਉਸ ਨੇ ਇਹ ਬਣਨਾ ਹੈ। ਇਹ ਉਹ ਹੈ ਜਿਸ ਨੇ ਸਤਿ ਜਾਂ ਸੱਚ ਨੂੰ ਪੂਰੀ ਤਰ੍ਹਾਂ ਆਤਮਸਾਤ ਕਰ ਲਿਆ ਹੈ। ਇਥੇ ਇੱਕ ਗੱਲ ਹੋਰ ਧਿਆਨ ਦੇਣ ਯੋਗ ਹੈ ਕਿ ਆਤਮ ਅਰਥਾਤ ਮਨੁੱਖ ਨੇ ਉਸ ਕੋਲੋਂ ਗਿਆਨ ਦੀ ਰੋਸ਼ਨੀ ਲੈਣੀ ਹੈ ਜਿਸ ਨੇ ‘ਸਚਿਆਰ’ ਹੋਣ ਦਾ ਅਨੁਭਵ ਕਰ ਲਿਆ ਹੈ, ਜਿਸ ਨੇ ਇਹ ਪ੍ਰਾਪਤੀ ਕਰ ਲਈ ਹੈ। ਇਸੇ ਲਈ ਅਨੁਭਵ ਕਰਨ ਵਾਲੇ ਰਸਤੇ ‘ਤੇ ਤੁਰਨ ਵਾਲੇ ਨੂੰ ‘ਸਿੱਖ’ ਕਿਹਾ ਹੈ ਅਰਥਾਤ ਜੋ ਇਸ ਰਸਤੇ ‘ਤੇ ਚੱਲ ਪਿਆ ਹੈ ਉਹ ਸਿੱਖ ਹੈ ਅਤੇ ਅਜਿਹੇ ਕਰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਜੋ ਇਸ ਆਦਰਸ਼ ਦੀ ਪ੍ਰਾਪਤੀ ਲਈ ਉਸ ਨੂੰ ਸਹਾਈ ਹੋਣ। ਇਹ ਰੋਸ਼ਨੀ ਉਸ ਨੂੰ ਗੁਰੂ ਪਾਸੋਂ ਪ੍ਰਾਪਤ ਹੋਣੀ ਹੈ। ਗੁਰੂ ਉਸ ਦਾ ਰਾਹ-ਦਰਸਾਵਾ ਹੈ ਕਿਉਂ ਕਿ ਗੁਰੂ ਨੇ ‘ਸਚਿਆਰ’ ਪਦ ਦੀ ਪ੍ਰਾਪਤੀ ਕਰ ਲਈ ਹੈ, ਉਸ ਨੇ ਆਪਣੇ ਜੋਤਿ-ਸਰੂਪ ਹੋਣ ਦਾ ਅਨੁਭਵ ਕਰ ਲਿਆ ਹੈ। (ਸਾਧਾਂ-ਸੰਤਾਂ ਨੂੰ ਆਮ ਹੀ ‘ਮਹਾਂ-ਪੁਰਸ਼’ ਕਹਿ ਕੇ ਸੱਦਿਆ ਜਾਂਦਾ ਹੈ ਅਤੇ ਉਨ੍ਹਾਂ ਤੋਂ ਨਾਮ ਲਿਆ ਜਾਂਦਾ ਹੈ। ਇਹ ਮਨਮਤਿ ਹੈ। ਉਹ ਗੁਰੂ ਨਹੀਂ ਹੋ ਸਕਦੇ। ਇਹ ਉਨ੍ਹਾਂ ਦੇ ਰੋਜ਼ ਦਿਹਾੜੇ ਦੇ ਜੀਵਨ ਢੰਗ ਤੋਂ ਵੀ ਸਪੱਸ਼ਟ ਦਿਖਾਈ ਦਿੰਦਾ ਹੈ। ਉਹ ਆਮ ਮਨੁੱਖ ਹਨ ਜੋ ਆਪਣਾ ਵਪਾਰ ਚਲਾ ਰਹੇ ਹਨ। ਉਨ੍ਹਾਂ ਨੇ ਕੋਈ ਸਚਿਆਰ ਪਦ ਪ੍ਰਾਪਤ ਨਹੀਂ ਕੀਤਾ। ਉਹ ਤਾਂ ‘ਰੋਟੀਆਂ ਕਾਰਨ ਪੂਰੈ ਥਾਲਿ’ ਵਾਲੇ ਧਾਰਮਿਕ ਵਿਅਕਤੀ ਹਨ)
ਸਿੱਖ ਲਈ ਅਸਲੀ ਉਦਾਹਰਣ ਗੁਰੂ ਵਿਅਕਤੀ ਹੀ ਹਨ ਜਿਨ੍ਹਾਂ ਦੀ ਬਾਣੀ ਅਤੇ ਜੀਵਨ ਤੋਂ ਅਗਵਾਈ ਲੈਣ ਦੀ ਜ਼ਰੂਰਤ ਹੈ। ਗੁਰੂ ਸਾਹਿਬਾਨ ਹੀ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਨੇ ਪਰਮਾਤਮ-ਅਨੁਭਵ ਸਹੀ ਅਰਥਾਂ ਵਿਚ ਕੀਤਾ ਹੈ। ਰਾਹ ਦਿਖਾਉਣ ਦੀ ਅਧਿਕਾਰ-ਸ਼ਕਤੀ ਉਨ੍ਹਾਂ ਦੇ ਸਰੀਰ ਕਾਰਨ ਨਹੀਂ ਸਗੋਂ ਗੁਰੂ ਸਾਹਿਬਾਨ ਦੇ ਅਧਿਆਤਮਕ ਅਨੁਭਵ ਕਾਰਨ ਹੈ। ਇਸੇ ਲਈ ਉਨ੍ਹਾਂ ਨੇ ਆਪਣੇ ਸਰੀਰ-ਰੂਪ ਨਾਲੋਂ ਆਪਣੀ ਬਾਣੀ ਨੂੰ, ਸ਼ਬਦ ਨੂੰ ਮਹੱਤਵ ਦਿੱਤਾ ਹੈ। ਗੁਰੂ ਰਾਮਦਾਸ ਨੇ ਫਰਮਾਇਆ ਹੈ ਕਿ ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ, ਗੁਰੂ ਬਾਣੀ ਵਿਚ ਮੌਜੂਦ ਹੈ। ਬਾਣੀ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹੈ, ਜਿਸ ਨੂੰ ਸਿੱਖ ਹਿਰਦੇ ਵਿਚ ਸੰਭਾਲ ਕੇ ਰੱਖਦਾ ਹੈ। ਗੁਰੂ ਬਾਣੀ ਉਚਾਰਦਾ ਹੈ, ਸੇਵਕ ਉਸ ਬਾਣੀ ਉਤੇ ਸ਼ਰਧਾ ਲਿਆਉਂਦਾ ਹੈ। ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ‘ਤੇ ਸੰਸਾਰ-ਸਾਗਰ ਤੋਂ ਪਾਰ ਲੰਘਾ ਦਿੰਦਾ ਹੈ,
ਬਾਣੀ ਗੁਰੂ ਗੁਰੂ ਹੈ ਬਾਣੀ
ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕ ਜਨੁ ਮਾਨੈ
ਪਰਤਖਿ ਗੁਰੂ ਨਿਸਤਾਰੇ॥5॥
(ਪੰਨਾ 982)
ਇਸ ਅਗਵਾਈ ਦੇ ਨਾਲ ਹੀ ਸਤਿ ਦਾ ਸਿਧਾਂਤ ਵੀ ਇਸ ਅਨੁਭਵ ਵੱਲ ਸਾਨੂੰ ਕੁੱਝ ਥਹੁ-ਪਤਾ ਦਿੰਦਾ ਹੈ। ਪਹਿਲੀ ਉਦਾਹਰਣ ਇਹ ਹੈ ਕਿ ਸੱਚ ਨੂੰ ਆਤਮ ਦੀ ਏਕਤਾ ਦੀ ਲੋੜ ਹੈ। ਇਸੇ ਦਾ ਪ੍ਰਗਟਾਵਾ ਗੁਰੂ ਰਾਮਦਾਸ ਨੇ ਮਾਰੂ ਸੋਹਿਲੇ ਵਿਚ ਕਰਦਿਆਂ ਕਿਹਾ ਹੈ ਕਿ ਗੁਰਮੁਖ ਅਰਥਾਤ ਗੁਰੂ ਦੇ ਰਸਤੇ ‘ਤੇ ਚੱਲਣ ਵਾਲੇ ਮਨੁੱਖ ਅੰਦਰ ਕਰਤਾ ਪੁਰਖ ਆਪ ਆ ਵੱਸਦਾ ਹੈ ਅਤੇ ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਉਸ ਸਦੀਵੀ ਹੋਂਦ ਵਿਚ ਲੀਨ ਰਹਿੰਦਾ ਹੈ,
ਸਚਾ ਆਪਿ ਸਵਾਰਣਹਾਰਾ॥
ਅਵਰ ਨ ਸੂਝਸਿ ਬੀਜੀ ਕਾਰਾ॥
ਗੁਰਮੁਖਿ ਸਚੁ ਵਸੈ ਘਟ ਅੰਤਰਿ
ਸਹਜੇ ਸਚਿ ਸਮਾਈ ਹੇ॥1॥
(ਪੰਨਾ 1069)
ਦੂਸਰੇ, ਪਰਮਸਤਿ ਦੀ ਸਦੀਵੀ ਸਕ੍ਰਿਅਤਾ ਦੀ ਧਾਰਨਾ ਸਾਨੂੰ ਇਹ ਨੁਕਤਾ ਧਿਆਨ ਗੋਚਰ ਕਰਾਉਂਦੀ ਹੈ ਕਿ ਆਤਮ ਜਾਂ ਜਗਿਆਸੂ ਨੇ ਅਜਿਹੇ ਅਮਲ ਚੁਣਨੇ ਹਨ ਜਿਹੜੇ ਉਸ ਦੇ ਆਤਮਕ ਵਿਕਾਸ ਵਿਚ ਸਹਾਈ ਹੋਣ ਅਤੇ ਸਮਾਜਿਕ ਰਿਸ਼ਤਿਆਂ ਵਿਚ ਸਤਿ ਜਾਂ ਸਚਿ ਨੇ ਬਰਾਬਰੀ, ਲੁੱਟ-ਖਸੁੱਟ ਰਹਿਤ, ਪ੍ਰੇਮ, ਪਰਉਪਕਾਰ ਅਤੇ ਏਕਤਾ ਦਾ ਸਿਧਾਂਤ ਬਣਨਾ ਹੈ। ਇਥੇ ਇਸ ਦਾ ਅਰਥ ਇਹ ਬਣਦਾ ਹੈ ਕਿ ਸਚਿਆਰ ਬਣਨ ਦੇ ਪੰਧ ‘ਤੇ ਚੱਲਣ ਵਾਲੇ ਵਿਅਕਤੀ ਲਈ ਸੱਚ ਦਾ ਸਿਧਾਂਤ ਹੈ, ਮਨੁੱਖੀ ਭਾਈਚਾਰੇ ਦੀ ਬਰਾਬਰੀ, ਮਨੁੱਖ ਹੱਥੋਂ ਮਨੁੱਖ ਦੀ ਲੁੱਟ-ਖਸੁੱਟ ਦਾ ਮਨਫ਼ੀ ਹੋਣਾ, ਆਪਸੀ ਪ੍ਰੇਮ, ਦੂਸਰਿਆਂ ਦਾ ਭਲਾ ਕਰਨਾ ਅਤੇ ਮਨੁੱਖੀ ਭਾਈਚਾਰੇ ਦੀ ਏਕਤਾ ਹੈ। ਸਭ ਤੋਂ ਵੱਧ ਮਹੱਤਵਪੂਰਨ ਏਕਤਾ ਹੈ। ਜੇ ਸਾਰੇ ਮਨੁੱਖ ਉਸ ਇੱਕ ਪਰਮਾਤਮ-ਜੋਤਿ ਦੇ ਪ੍ਰਕਾਸ਼ਨ ਦਾ ਅੰਸ਼ ਹਨ ਅਤੇ ਸਾਰਿਆਂ ਵਿਚ ਉਹੀ ਜੋਤਿ ਵਿਆਪਕ ਹੈ ਤਾਂ ਫਿਰ ਜੀਵ ਵਾਸਤੇ ਇਹ ਇੱਕੋ ਇੱਕ ਨੈਤਿਕ ਮਾਰਗ ਹੈ ਜਿਸ ‘ਤੇ ਚੱਲ ਕੇ ਉਸ ਨੇ ਆਪਣੇ ਸਰੋਤ ਦਾ ਅਨੁਭਵ ਕਰਨਾ ਹੈ। ਇਹ ਕਿਸੇ ਰਹੱਸਵਾਦੀ ਮਾਰਗ ‘ਤੇ ਚੱਲ ਕੇ ਨਹੀਂ ਹੋਣਾ, ਸਗੋਂ ਆਪਣੇ ਅਮਲਾਂ ਰਾਹੀਂ ਪ੍ਰਾਪਤ ਹੋਣਾ ਹੈ।
ਪਰਮਾਤਮਾ ਜਾਂ ਪਰਮਸਤਿ ਨੂੰ ਕਰਤਾਪੁਰਖ ਦੇ ਰੂਪ ਵਿਚ ਆਦਰਸ਼ ਦੱਸਣ ਦਾ ਮਕਸਦ ਇਹੀ ਹੈ ਕਿ ਸਚਿਆਰ ਬਣਨ ਦੀ ਅਵਸਥਾ ਲਗਾਤਾਰ ਸਾਰਥਕ ਅਮਲਾਂ ਰਾਹੀਂ ਹੀ ਅਨੁਭਵ ਕੀਤੀ ਜਾ ਸਕਣੀ ਹੈ ਅਤੇ ਇਹ ਅਮਲ ਬੇਰੋਕ ਦੂਸਰਿਆਂ ਦੇ ਭਲੇ ਵਾਲੇ ਕਰਮ ਕਰਨਾ ਹੈ। ਉਹ ਜੀਵ ਜਿਹੜਾ ਵੱਖ ਵੱਖ ਮਨੋਵੇਗਾਂ/ਭਾਵਨਾਵਾਂ ਵਿਚ ਵੰਡਿਆ ਹੋਇਆ ਹੈ, ਸਮਾਜਿਕ ਜਿੰਮੇਵਾਰੀਆਂ ਤੋਂ ਭੱਜਦਾ ਹੈ, ਮਨੁੱਖਤਾ ਦੇ ਵਿਕਾਸ ਦੀ ਸੁਹਿਰਦਤਾ ਤੋਂ ਕਿਨਾਰਾ ਕਰਦਾ ਹੈ, ਆਪਣੇ ਆਪ ਨੂੰ ਸਚਿਆਰਾ ਨਹੀਂ ਅਖਵਾ ਸਕਦਾ ਭਾਵੇਂ ਉਹ ਇਹ ਦਾਅਵਾ ਲੱਖ ਕਰੇ ਕਿ ਉਸ ਨੇ ਸਚਿਆਰ ਪਦ ਦਾ ਅਨੁਭਵ ਕਰ ਲਿਆ ਹੈ। ਸਾਰੀ ਰਹਿਤ ਜਾਂ ਅਨੁਸ਼ਾਸਨ ਦਾ ਆਦਰਸ਼ ਉਸ ਪਰਮਾਤਮਾ ਨੂੰ ਹਰ ਇੱਕ ਵਿਚ ਵਸਦਾ ਮੰਨਣਾ ਹੈ ਅਤੇ ਇਸ ਵਿਆਪਕਤਾ ਨੂੰ ਹੌਲੀ ਹੌਲੀ ਆਪਣੀ ਚੇਤਨਤਾ ਨੂੰ ਵਿਸ਼ਾਲ ਬਣਾ ਕੇ ਹੀ ਨਹੀਂ ਬਲਕਿ ਇਸ ਨੂੰ ਆਪਣੇ ਅਮਲਾਂ ਵਿਚੋਂ ਪ੍ਰਗਟ ਕਰਕੇ, ਆਪਣੇ ਅਮਲਾਂ ਵਿਚ ਤਬਦੀਲ ਕਰਕੇ ਦੱਸਣਾ ਹੈ। ਇਸੇ ਨੂੰ ਸਮਝਾਉਂਦਿਆਂ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਸੱਚ ਸਭ ਤੋਂ ਉਤੇ ਹੈ ਪਰ ਸੱਚ ਤੋਂ ਵੀ ਉਪਰ ਸੱਚੇ ਅਮਲ ਹਨ,
ਮਨ ਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰੁ॥
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥5॥

Be the first to comment

Leave a Reply

Your email address will not be published.