ਡਾ. ਗਿਡੀਅਨ ਪੋਲਿਆ
ਅਨੁਵਾਦ : ਬੂਟਾ ਸਿੰਘ ਮਹਿਮੂਦਪੁਰ
ਮੈਲਬੌਰਨ ਸਥਿਤ ਡਾ. ਗਿਡੀਅਨ ਪੋਲਿਆ ਉੱਘੇ ਵਿਗਿਆਨੀ, ਲੇਖਕ, ਕਲਾਕਾਰ ਅਤੇ ਮਾਨਵਤਾਵਾਦੀ ਕਾਰਕੁਨ ਹਨ। ਉਨ੍ਹਾਂ ਨੇ ਲਾ ਟ੍ਰੋਬ ਯੂਨੀਵਰਸਿਟੀ ਮੈਲਬੌਰਨ ਵਿਚ ਚਾਰ ਦਹਾਕੇ ਸਾਇੰਸ ਦੇ ਵਿਦਿਆਰਥੀਆਂ ਨੂੰ ਪੜ੍ਹਾਇਆ ਹੈ ਅਤੇ ਉਨ੍ਹਾਂ ਦੇ ਲੱਗਭਗ 130 ਵਿਗਿਆਨਕ ਖੋਜ-ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ,
ਜਿਨ੍ਹਾਂ ਵਿਚ Biochemical Targets of Plant Bioactive Compounds’ (2003) ਨਾਂ ਦਾ ਦਵਾਈਆਂ ਅਤੇ ਉਨ੍ਹਾਂ ਦੇ ਪ੍ਰਭਾਵ ਦਾ ਵਿਗਿਆਨ ਬਾਰੇ ਵਿਸ਼ਾਲ ਗ੍ਰੰਥ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ। ਉਹ ‘Jane Austen and the Black Hole of British History’ (1998, 2008, 2022), ‘US-imposed Post-9/11 Muslim Holocaust & Muslim Genocide’ (2020), ‘Climate Crisis, Climate Genocide & Solutions’ (2020), ‘Free Palestine: End Apartheid Israel, Human Rights Denial, Gaza Massacre, Child Killing, Occupation and Palestinian Genocide’ (2024) ਵਰਗੀਆਂ ਪ੍ਰਸਿੱਧ ਰਚਨਾਵਾਂ ਦੇ ਲੇਖਕ ਹਨ। 22 ਜੂਨ ਨੂੰ ਉਨ੍ਹਾਂ ਨੇ ‘ਕੇ.ਪੀ. ਸਸੀ ਤੀਜਾ ਯਾਦਗਾਰੀ ਵੈੱਬੀਨਰ’ ਵਿਚ ‘ਇਜ਼ਰਾਈਲ: ਗੋਰੇ ਯੂਰਪੀ ਬਸਤੀਵਾਦ ਦੀ ਅੰਤਿਮ ਚੌਕੀ’ ਵਿਸ਼ੇ ਉੱਪਰ ਆਪਣੇ ਵਿਚਾਰ ਪੇਸ਼ ਕੀਤੇ। ਇਸ ਜਾਣਕਾਰੀ ਭਰਪੂਰ ਭਾਸ਼ਣ ਦੇ ਮਹੱਤਵਪੂਰਨ ਅੰਸ਼ ਪਾਠਕਾਂ ਨਾਲ ਸਾਂਝੇ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ। – ਸੰਪਾਦਕ
ਸਭ ਤੋਂ ਪਹਿਲਾਂ, ਮੈਂ ‘ਇਜ਼ਰਾਈਲ ਨੂੰ ਆਖ਼ਰੀ ਯੂਰਪੀ ਬਸਤੀਵਾਦੀ ਪ੍ਰੋਜੈਕਟ’ ਕਹੇ ਜਾਣ ਦੇ ਵਿਸ਼ੇ ਦੀ ਸ਼ੁਰੂਆਤ 10,000 ਈਸਾ ਪੂਰਵ ਤੋਂ ਕਰਨੀ ਚਾਹੁੰਦਾ ਹਾਂ, ਜਦੋਂ ਮਨੁੱਖਾਂ ਨੇ ਖੇਡ ਅਤੇ ਸੰਗ੍ਰਹਿ ਤੋਂ ਸਥਾਈ ਖੇਤੀ ਵੱਲ ਰੁਖ ਕੀਤਾ। ਇਸ ਤਬਦੀਲੀ ਵਿਚ ਅਨਾਜ ਦੀ ਖੇਤੀ, ਪਸ਼ੂ ਪਾਲਣ ਅਤੇ ਸਥਾਈ ਬਸਤੀਆਂ ਸ਼ਾਮਲ ਸਨ। ਸਥਾਈ ਖੇਤੀ ਨੇ ਫ਼ਸਲਾਂ ਅਤੇ ਬਸਤੀਆਂ ਦੀ ਸੁਰੱਖਿਆ ਦੀ ਲੋੜ ਪੈਦਾ ਕੀਤੀ, ਜਿਸ ਨਾਲ ਮਰਦਾਵਾਂ ਫ਼ੌਜਵਾਦ, ਪਿਤਰ-ਸੱਤਾ, ਜੰਗ, ਫ਼ੌਜੀ ਤਕਨੀਕ ਦਾ ਵਿਕਾਸ, ਸ਼ਹਿਰ, ਨਗਰ-ਰਾਜ, ਰਾਸ਼ਟਰ-ਰਾਜ ਅਤੇ ਸਾਮਰਾਜ ਹੋਂਦ ਵਿਚ ਆਏ। ਅੰਤ ਵਿਚ, ਇਹੀ ਪ੍ਰਕਿਰਿਆ ਸਾਨੂੰ ਆਧੁਨਿਕ ਸਮੇਂ ਦੇ ਪਰਮਾਣੂ ਹਥਿਆਰਾਂ ਤੱਕ ਲੈ ਆਈ ਹੈ, ਜੋ ਪੂਰੀ ਮਨੁੱਖਤਾ ਅਤੇ ਜੀਵ-ਮੰਡਲ ਨੂੰ ਤਬਾਹ ਕਰ ਸਕਦੇ ਹਨ- ਇਹ ਸਚਾਈ ਅੱਜ ਅਸੀਂ ਬਾਖ਼ੂਬੀ ਸਮਝਦੇ ਹਾਂ।
1453 ’ਚ ਕਾਂਸਟੈਂਟਿਨੋਪਲ ‘ਤੇ ਤੁਰਕਾਂ ਦੀ ਜਿੱਤ ਅਤੇ ਉੱਤਰੀ ਅਫ਼ਰੀਕਾ, ਪੱਛਮੀ ਏਸ਼ੀਆ ਅਤੇ ਮੱਧ-ਪੂਰਬ ਵਿਚ ਮੁਸਲਮਾਨਾਂ ਦੇ ਗ਼ਲਬੇ ਨੇ ਇਨ੍ਹਾਂ ਖੇਤਰਾਂ ਵਿਚ ਪੱਛਮੀ ਯੂਰਪੀ ਵਿਸਤਾਰ ਦਾ ਰਾਹ ਰੋਕ ਦਿੱਤਾ। ਜੇਰਡ ਡਾਇਮੰਡ ਨੇ ਆਪਣੀ ਕਿਤਾਬ ‘ਗੰਨਜ਼, ਜਰਮਜ਼, ਐਂਡ ਸਟੀਲ’ ਵਿਚ ਦੱਸਿਆ ਹੈ ਕਿ ਯੂਰਪੀਨ ਉਨ੍ਹਾਂ ਖੇਤਰਾਂ ਵਿਚ ਵਿਸਤਾਰ ਕਰਨਾ ਚਾਹੁੰਦੇ ਸਨ, ਜਿੱਥੇ ਯੂਰਪੀ ਤਰਜ਼ ਦੀ ਖੇਤੀ ਸੰਭਵ ਸੀ- ਜਿਵੇਂ ਕਣਕ, ਭੇਡæ, ਗਾਂ। ਡਾਇਮੰਡ ਇਹ ਮੂਲ਼ ਨੁਕਤਾ ਵੀ ਦੱਸਦੇ ਹਨ ਕਿ ਯੂਰੇਸ਼ੀਆ ਦੇ ਪੂਰਬ-ਪੱਛਮ ਧੁਰੇ ਨੇ ਤਕਨੀਕੀ ਅਤੇ ਖੇਤੀ ਸੰਬੰਧੀ ਖੋਜਾਂ ਦੇ ਤੇਜ਼ ਪ੍ਰਸਾਰ ਨੂੰ ਸੰਭਵ ਬਣਾਇਆ, ਜਿਵੇਂ ਚੀਨ ਵਿਚ ਕੋਈ ਨਵੀਨਤਾ ਹੋਈ ਹੋਵੇ ਤਾਂ ਉਹ ਜਲਦੀ ਪੱਛਮੀ ਯੂਰਪ ਤੱਕ ਪਹੁੰਚ ਜਾਂਦੀ, ਪਰ ਅਫ਼ਰੀਕਾ ਅਤੇ ਅਮਰੀਕਾ ਦੇ ਉੱਤਰ-ਦੱਖਣ ਧੁਰਿਆਂ ਵਿਚ ਅਜਿਹਾ ਨਹੀਂ ਹੋ ਸਕਿਆ। ਜਦੋਂ ਯੂਰਪੀਅਨਾਂ ਨੇ ਜ਼ਮੀਨ ਹਥਿਆਈ ਅਤੇ ਮੂਲ ਨਿਵਾਸੀਆਂ ਨੂੰ ਮਾਰ ਦਿੱਤਾ ਜਾਂ ਖਦੇੜ ਦਿੱਤਾ, ਤਾਂ ਉਨ੍ਹਾਂ ਨੇ ‘ਟੈਰਾ ਨੁਲੀਅਸ’ ਦਾ ਝੂਠ ਫੈਲਾਇਆ, ਜਿਸਦਾ ਲਾਤੀਨੀ ਵਿਚ ਭਾਵ ਹੈ ‘ਖਾਲੀ ਜ਼ਮੀਨ’)।
ਇਹੀ ਨਸਲਵਾਦੀ ਝੂਠ ਯੂਰਪੀ ਬਸਤੀਵਾਦੀਆਂ ਨੇ ਅਮਰੀਕਾ, ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਵਿਚ ਅਪਣਾਇਆ। ਇਹੀ ਝੂਠ ਇਜ਼ਰਾਈਲ ਨੇ ਅਪਣਾਇਆ ਹੋਇਆ ਹੈ- ਇਕ ਨਸਲਵਾਦੀ, ਨਸਲਘਾਤੀ ਬਸਤੀਵਾਦੀ ਰਾਜ ਜੋ ਨਾ ਸਿਰਫ਼ ਪੂਰੇ ਫ਼ਲਸਤੀਨ, ਬਲਕਿ ਨੀਲ ਨਦੀ ਤੋਂ ਯੂਫ਼ਰੇਟਸ ਤੱਕ ਦੀ ਜ਼ਮੀਨ ਹਥਿਆ ਲੈਣਾ ਚਾਹੁੰਦਾ ਹੈ, ਅਤੇ ਇਸ ਲਈ ਮੂਲ ਨਿਵਾਸੀਆਂ ਨੂੰ ਮਾਰਨਾ, ਬੇਦਖ਼ਲ ਕਰਨਾ ਜਾਂ ਉਨ੍ਹਾਂ ਨੂੰ ਜੇਲ੍ਹਨੁਮਾ ਬਸਤੀਆਂ ਅਤੇ ਤਸੀਹਾ ਕੈਂਪਾਂ ਵਿਚ ਸੀਮਤ ਕਰਨਾ ਇਸ ਦੀ ਯੁੱਧਨੀਤੀ ਹੈ।
ਯੂਰਪੀ ਬਸਤੀਵਾਦ ਦੇ ਕਾਰਨ ਹੋਈਆਂ ਮੌਤਾਂ ’ਤੇ ਨਜ਼ਰ ਮਾਰਨੀ ਜ਼ਰੂਰੀ ਹੈ – ਇਕ ਅਜਿਹਾ ਸੱਚ ਜਿਸ ਨੂੰ ਪੱਛਮ ਸਵੀਕਾਰ ਨਹੀਂ ਕਰਨਾ ਚਾਹੁੰਦਾ। ਅਮਰੀਕੀ ਮਹਾਂਦੀਪ ਵਿਚ ਕਰੀਬ 10 ਕਰੋੜ ਮੂਲ ਨਿਵਾਸੀਆਂ ਦੀ ਮੌਤ ਹਿੰਸਾ, ਵਾਂਝੇਪਣ, ਅਤੇ ਖ਼ਾਸ ਕਰਕੇ ਚੇਚਕ ਵਰਗੀਆਂ ਬਾਹਰੋਂ ਲਿਆਂਦੀਆਂ ਬਿਮਾਰੀਆਂ ਕਾਰਨ ਹੋਈ। ਪ੍ਰਸ਼ਾਂਤ ਦੀਪਾਂ ਵਿਚ ਵੀ ਖਸਰੇ ਵਰਗੀਆਂ ਨਵੀਆਂ ਬਿਮਾਰੀਆਂ ਕਾਰਨ ਜਨਸੰਖਿਆ ਦਾ ਵੱਡਾ ਨੁਕਸਾਨ ਹੋਇਆ। ਆਸਟ੍ਰੇਲੀਆ ਵਿਚ, 1788 ਵਿਚ ਬਰਤਨਾਵੀ ਕਬਜ਼ੇ ਤੋਂ ਬਾਅਦ ਪਹਿਲੇ ਸੌ ਸਾਲਾਂ ਵਿਚ ਕਰੀਬ 10 ਲੱਖ ਮੂਲ ਨਿਵਾਸੀ ਆਸਟ੍ਰੇਲੀਅਨ ਮਾਰੇ ਗਏ। ਕੁਲ ਮਿਲਾ ਕੇ, 1788 ਤੋਂ ਹੁਣ ਤੱਕ ਤਕਰੀਬਨ 20 ਲੱਖ ਮੌਤਾਂ ਹਿੰਸਾ, ਬੇਦਖਲੀ, ਵਾਂਝੇਪਣ ਅਤੇ ਬਿਮਾਰੀਆਂ ਕਾਰਨ ਹੋਈਆਂ ਹਨ। 1788 ਵਿਚ ਉੱਥੇ 350 ਤੋਂ 700 ਸਥਾਨਕ ਭਾਸ਼ਾਵਾਂ ਅਤੇ ਬੋਲੀਆਂ ਸਨ, ਜਿਨ੍ਹਾਂ ਵਿਚੋਂ ਹੁਣ ਸਿਰਫ਼ 120 ਬਚੀਆਂ ਹਨ ਅਤੇ ਇਨ੍ਹਾਂ ਵਿਚੋਂ ਵੀ 20 ਤੋਂ ਵੱਧ ਖ਼ਤਮ ਹੋਣ ਦੇ ਕੰਢੇ ‘ਤੇ ਹਨ।
ਭਾਰਤ ਵਿਚ, ਬਹੁਤ ਥੋੜ੍ਹੀ ਗਿਣਤੀ ’ਚ ਅੰਗਰੇਜ਼ਾਂ ਨੇ ਗ਼ੁਲਾਮ ਬਣਾਈ 30 ਕਰੋੜ ਭਾਰਤੀ ਆਬਾਦੀ ਨੂੰ 1860 ਵਿਚ ਬਸ ਜਿਉਂਦੇ ਰਹਿਣ ਦੇ ਪੱਧਰ ‘ਤੇ ਰੱਖਣ ਦੀ ਯੁੱਧਨੀਤੀ ਅਪਣਾਈ— ਅੰਗਰੇਜ਼ ਫ਼ੌਜਾਂ ਅਤੇ ਉਨ੍ਹਾਂ ਦੀ ਅਗਵਾਈ ਵਾਲੇ, ਚੰਗੀ ਖੁਰਾਕ ਪ੍ਰਾਪਤ ਕਰਨ ਵਾਲੇ ਭਾਰਤੀ ਫ਼ੌਜੀਆਂ ਦੀ ਤਾਕਤ ਦੇ ਜ਼ੋਰ ‘ਤੇ। ਅਨੁਮਾਨ ਹੈ ਕਿ ਦੋ ਸਦੀਆਂ ਵਿਚ 1.8 ਅਰਬ ਦੇ ਕਰੀਬ ਭਾਰਤੀਆਂ ਨੂੰ ਥੋਪੇ ਗਏ ਵਾਂਝੇਪਣ ਕਾਰਨ ਮਰਨਾ ਪਿਆ ਜਿਨ੍ਹਾਂ ਦੀ ਜ਼ਿੰਦਗੀ ਬਚ ਸਕਦੀ ਸੀ। ਮਿਸਾਲ ਲਈ, 1860 ਵਿਚ ਭਾਰਤ ਦੀ ਆਬਾਦੀ 30 ਕਰੋੜ ਸੀ ਅਤੇ 1930 ਵਿਚ ਵੀ ਉਹੀ ਰਹੀ, ਹਾਲਾਂਕਿ ਜਨਮ ਦਰ ਬਹੁਤ ਉੱਚੀ ਸੀ। 1769-70 ’ਚ ਬੰਗਾਲ ਵਿਚ ਪਏ ਵੱਡੇ ਕਾਲ (1 ਕਰੋੜ ਮੌਤਾਂ) ਤੋਂ ਲੈ ਕੇ 1942-45 ਦੀ ਦੂਜੀ ਸੰਸਾਰ ਜੰਗ ਦੇ ਅਰਸੇ ਦੇ ਬੰਗਾਲ ਕਾਲ (60-70 ਲੱਖ ਮੌਤਾਂ) ਤੱਕ ਅੰਗਰੇਜ਼ ਹਕੂਮਤ ਦੀਆਂ ਨੀਤੀਆਂ ਕਾਰਨ ਬਹੁਤ ਸਾਰੇ ਕਾਲ ਪਏ। ਬੰਗਾਲ ਕਾਲ ਦੇ ਘਾੜੇ ਚਰਚਿਲ ਨੇ 1935 ਵਿਚ ਬਰਤਾਨਵੀ ਸੰਸਦ ਵਿਚ ਕਿਹਾ ਸੀ- ‘ਭਾਰਤ ਦਾ ਜੋ ਜੀਵਨ-ਪੱਧਰ ਹੈ ਉਸ ਵਿਚ ਉਨ੍ਹਾਂ ਕੋਲ ਕੁਝ ਨਹੀਂ ਬਚਦਾ। ਮੌਜੂਦਾ ਜੀਵਨ-ਪੱਧਰ ਵਿਚ ਥੋੜ੍ਹੀ ਜਿਹੀ ਗਿਰਾਵਟ ਦਾ ਮਤਲਬ ਹੈ ਹੌਲੀ-ਹੌਲੀ ਭੁੱਖ ਨਾਲ ਮਰਦੇ ਜਾਣਾ ਅਤੇ ਲੱਖਾਂ ਨਹੀਂ, ਕਰੋੜਾਂ ਲੋਕਾਂ ਦੀ ਜ਼ਿੰਦਗੀ ਨਿਚੋੜ ਲੈਣਾ।’ ਭਾਰਤ ਨੂੰ ਦੂਜੀ ਸੰਸਾਰ ਜੰਗ ਤੋਂ ਪਹਿਲਾਂ ਹਰ ਸਾਲ 10-12 ਲੱਖ ਟਨ ਅਨਾਜ ਬਾਹਰੋਂ ਮੰਗਵਾਉਣ ਦੀ ਲੋੜ ਸੀ, ਪਰ 1942-45 ਵਿਚ ਔਸਤਨ ਸਿਰਫ਼ 5 ਲੱਖ ਟਨ ਅਨਾਜ ਹੀ ਆਇਆ ਜੋ ਮੁਸ਼ਕਲ ਨਾਲ 25 ਲੱਖ ਫ਼ੌਜ ਲਈ ਮਸਾਂ ਹੀ ਕਾਫ਼ੀ ਸੀ।
ਚੀਨ ਅਤੇ ਕਾਂਗੋ ਵਿਚ ਵੀ ਸਥਾਨਕ ਆਬਾਦੀ ਬਸਤੀਵਾਦੀ ਧਾੜਵੀਆਂ ਨਾਲੋਂ ਵੱਧ ਸੀ। ਫਿਰ ਵੀ, 2 ਤੋਂ ਲੈ ਕੇ 10 ਕਰੋੜ ਚੀਨੀ ਅੰਗਰੇਜ਼ਾਂ ਦੇ ਅਫ਼ੀਮ ਯੁੱਧਾਂ ਅਤੇ ਤਾਈਪਿੰਗ ਵਿਦਰੋਹ ਵਿਚ ਮਾਰੇ ਗਏ। ਕਾਂਗੋ ਵਿਚ ਬੈਲਜੀਅਮ ਦੇ ਬਸਤੀਵਾਦੀਆਂ ਨੇ ਵੱਧ ਤੋਂ ਵੱਧ ਰਬੜ ਅਤੇ ਹਾਥੀਦੰਦ ਦੀ ਪੈਦਾਵਾਰ ਹਾਸਲ ਕਰਨ ਲਈ 1 ਕਰੋੜ ਦੇ ਕਰੀਬ ਕਾਂਗੋ ਲੋਕਾਂ ਦੀ ਹੱਤਿਆ ਕੀਤੀ। ਜ਼ੁਲਮ ਦੀ ਇੰਤਹਾ ਇੱਥੋਂ ਤੱਕ ਸੀ ਕਿ ਜੇਕਰ ਲੋੜੀਂਦੀ ਮਾਤਰਾ ਵਿਚ ਪੈਦਾਵਾਰ ਪ੍ਰਾਪਤ ਨਹੀਂ ਸੀ ਹੁੰਦੀ ਤਾਂ ਉਨ੍ਹਾਂ ਦੇ ਹੱਥ ਵੱਢ ਦਿੱਤੇ ਜਾਂਦੇ ਸਨ। ਜਾਪਾਨੀ ਕਬਜ਼ੇ (1937-45) ਵਿਚ ਵੀ 3.5 ਤੋਂ 4 ਕਰੋੜ ਚੀਨੀ ਮਾਰੇ ਗਏ।
ਤੁਲਨਾ ਦੇ ਨਜ਼ਰੀਏ ਨਾਲ ਹੁਣ ਆਪਾਂ ਗਾਜ਼ਾ ਵਿਚ ਅਤੇ ਵਿਆਪਕ ਫ਼ਲਸਤੀਨੀ ਨਸਲਕੁਸ਼ੀ ਦੀ ਗੱਲ ਕਰਦੇ ਹਾਂ ਜੋ ਹਮਲਿਆਂ ਦੀ ਹਿੰਸਾ ਅਤੇ ਨਾਕਾਬੰਦੀ ਰਾਹੀਂ ਥੋਪੇ ਵਾਂਝੇਪਣ ਦੁਆਰਾ ਕੀਤੀ ਜਾ ਰਹੀ ਹੈ। ਪੂਰੇ ਗਾਜ਼ਾ ਨੂੰ ਤਸੀਹਾ ਕੈਂਪ ਬਣਾਏ ਜਾਣ ਅਤੇ 57 ਸਾਲ ਦੇ ਜ਼ਾਇਓਨਿਸਟ ਕਬਜ਼ੇ ਵਿਰੁੱਧ ਵਿਦਰੋਹ (7 ਅਕਤੂਬਰ 2023) ਨੂੰ 1139 ਇਜ਼ਰਾਈਲੀਆਂ ਦੇ ਮਾਰੇ ਜਾਣ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਪਰ ਕੁਝ ਨਾਮਵਰ ਸਨਮਾਨਤ ਪੱਛਮੀ ਪੱਤਰਕਾਰਾਂ ਨੇ ਇਸ ਸਰਕਾਰੀ ਕਹਾਣੀ ਉੱਪਰ ਸਵਾਲ ਉਠਾਏ ਹਨ। ਬਹੁਤ ਸੰਭਵ ਹੈ ਕਿ 7 ਅਕਤੂਬਰ 2023 ਦਾ ਹਮਲਾ ਜਾਣ-ਬੁੱਝ ਕੇ ਹੋਣ ਦਿੱਤਾ ਗਿਆ ਤਾਂ ਜੋ 9/11 ਵਰਗੇ ਪ੍ਰਤੀਕਰਮ ਜ਼ਰੀਏ ਗਾਜ਼ਾ ਨੂੰ ਤਬਾਹ ਕੀਤਾ ਜਾ ਸਕੇ ਅਤੇ ਫ਼ਲਸਤੀਨੀਂ ਲੋਕਾਂ ਦੀ ਨਸਲਕੁਸ਼ੀ ਕੀਤੀ ਜਾ ਸਕੇ। 7 ਅਕਤੂਬਰ ਨੂੰ ਮਾਰੇ ਗਏ ਬਹੁਤ ਸਾਰੇ ਇਜ਼ਰਾਈਲੀ ਆਈ.ਡੀ.ਐੱਫ.(ਇਜ਼ਰਾਇਲੀ ਡਿਫੈਂਸ ਫੋਰਸਿਜ਼) ਦੀ ਗੋਲੀਬਾਰੀ ਦਾ ਸ਼ਿਕਾਰ ਹੋਏ ਜਿਸ ਨੂੰ ਹੈਨੀਬਲ ਨਿਰਦੇਸ਼ਾਂ ਅਧੀਨ ਬੰਧਕ ਬਣਾਉਣ ਤੋਂ ਰੋਕਣ ਲਈ ਖੁਦ ਬੰਧਕਾਂ ਨੂੰ ਮਾਰ ਦੇਣਾ ਮਨਜ਼ੂਰ ਸੀ।
ਪ੍ਰਮੁੱਖ ਮੈਡੀਕਲ ਰਸਾਲੇ, ਦੀ ਲਾਂਸੈਂਟ, ਦੀ ਰਿਪੋਰਟ ਅਨੁਸਾਰ ਅੰਦਾਜ਼ਾ ਇਹ ਹੈ ਕਿ 25 ਅਪ੍ਰੈਲ 2025 ਤੱਕ ਗਾਜ਼ਾ ਵਿਚ ਹਿੰਸਾ ਨਾਲ 1.36 ਲੱਖ ਅਤੇ ਵਾਂਝੇਪਣ ਨਾਲ 5.44 ਲੱਖ, ਯਾਨੀ ਕੁਲ 6.8 ਲੱਖ ਮੌਤਾਂ ਹੋਈਆਂ। ਇਹ ਅੰਦਾਜ਼ਾ ਇਸ ਗੱਲ ‘ਤੇ ਆਧਾਰਤ ਹੈ ਕਿ ਹਿੰਸਾ ਦੀ ਤੁਲਨਾ ਵਿਚ ਚਾਰ ਗੁਣਾ ਵੱਧ ਮੌਤਾਂ ਵਾਂਝੇਪਣ ਕਾਰਨ ਹੁੰਦੀਆਂ ਹਨ। ਇਹ ਉਹ ਮੌਤਾਂ ਹੁੰਦੀਆਂ ਹਨ ਜਿਨ੍ਹਾਂ ਤੋਂ ਬਚਿਆ ਜਾ ਸਕਦਾ ਹੈ। 1950 ਤੋਂ ਹੁਣ ਤੱਕ ਦੇ (ਸਾਰੇ ਮੁਲਕਾਂ ਦੇ) ਅਜਿਹੇ ਅੰਕੜਿਆਂ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਵਾਂਝੇਪਣ ਕਾਰਨ ਹੋਈਆਂ ਮੌਤਾਂ ਵਿਚ 70% ਪੰਜ ਸਾਲ ਤੋਂ ਘੱਟ ਉਮਰ ਦੇ ਬੱਚੇ ਹੁੰਦੇ ਹਨ ਜਿਵੇਂ ਮੇਰੀ ਕਿਤਾਬ ‘ਗਲੋਬਲ ਅਵੌਇਡੇਬਲ ਮੌਰਟੈਲਿਟੀ ਸਿੰਸ 1950’ ਵਿਚ ਵਿਸਤਾਰ ‘ਚ ਦੱਸਿਆ ਗਿਆ ਹੈ। ਇਸ ਦਾ ਮਤਲਬ ਹੈ ਕਿ 5.44 ਲੱਖ ਮੌਤਾਂ ਵਿਚ ਤਕਰੀਬਨ 3.8 ਲੱਖ ਬੱਚੇ (ਪੰਜ ਸਾਲ ਤੋਂ ਘੱਟ ਉਮਰ) ਸ਼ਾਮਲ ਹਨ। ਨਵ-ਜੰਮੇ ਬਾਲਾਂ ਲਈ ਮੌਤ ਦਾ ਜ਼ੋਖਮ ਸਭ ਤੋਂ ਵੱਧ ਹੁੰਦਾ ਹੈ। ਇਸ ਤਰ੍ਹਾਂ ਥੋਪੀ ਗਈ ਭੁੱਖਮਰੀ ਦੇ ਹਾਲਾਤਾਂ ਵਿਚ ਮਾਰੇ ਗਏ 5,44000 ਗਾਜ਼ਾ ਵਾਸੀਆਂ ਵਿਚ 3,80000 ਨਿੱਕੇ ਬੱਚੇ ਸ਼ਾਮਲ ਹਨ। ਜੇ ਇਸ ਗਿਣਤੀ ਨੂੰ ਅੱਗੇ ਵੰਡ ਕੇ ਦੇਖਿਆ ਜਾਵੇ ਤਾਂ ਇਸ ਵਿਚ 3.8 ਲੱਖ ਨਿੱਕੇ ਬੱਚੇ, 4.79 ਲੱਖ ਬੱਚੇ, 63 ਹਜ਼ਾਰ ਔਰਤਾਂ ਅਤੇ 18 ਹਜ਼ਾਰ ਮਰਦ ਹਨ।
ਜਦਕਿ, ਯਹੂਦੀ ਰਾਸ਼ਟਰਵਾਦ ਦੇ ਪ੍ਰਭਾਵ ਹੇਠ ਮੁੱਖਧਾਰਾ ਦਾ ਮੀਡੀਆ ਇਹ ਰਿਪੋਰਟ ਕਰਦਾ ਹੈ ਕਿ ਸਿਰਫ਼ ਹਿੰਸਾ ਕਾਰਨ 50,500 ਮੌਤਾਂ ਹੋਈਆਂ ਹਨ, ਇਹ ਵਾਂਝੇਪਣ ਕਾਰਨ ਹੋਈਆਂ ਮੌਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਹੈ। ਜਦੋਂ ਕਿ ਸੱਚਾਈ ਇਹ ਹੈ ਕਿ ਇਨ੍ਹਾਂ ਰਿਪੋਰਟ ਦੇ ਉਲਟ ਕੁਲ ਮੌਤਾਂ 7 ਲੱਖ ਦੇ ਕਰੀਬ ਹਨ। ਟਰੰਪ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਖੁਦ ਵਾਰ-ਵਾਰ ਕਿਹਾ ਹੈ ਕਿ ਜੰਗ ਤੋਂ ਪਹਿਲਾਂ ਦੀ 24 ਲੱਖ ਆਬਾਦੀ ਵਿਚੋਂ 17 ਲੱਖ ਨੂੰ ਉੱਥੋਂ ਹਟਾਉਣਾ ਹੋਵੇਗਾ ਤਾਂ ਜੋ ਗਾਜ਼ਾ ਨੂੰ ‘ਰਿਵੇਰਾ-ਤਰਜ਼ ਦਾ ਲਗਜ਼ਰੀ ਰਿਜ਼ੌਰਟ’ ਬਣਾਇਆ ਜਾ ਸਕੇ— ਯਾਨੀ 7 ਲੱਖ ਗਾਜ਼ਾ ਵਾਸੀ ਲਾਪਤਾ ਹਨ (24 ਲੱਖ ਵਿੱਚੋਂ 17 ਲੱਖ ਘਟਾਉਣ ’ਤੇ)। ਜੇਕਰ ਮੰਨ ਲਈਏ ਕਿ 1 ਲੱਖ ਮਿਸਰੀ ਉੱਥੋ ਨਿਕਲ ਕੇ ਮਿਸਰ ਚਲੇ ਗਏ ਤਾਂ ਇਸਦਾ ਮਤਲਬ ਹੈ ਕਿ 6 ਲੱਖ ਗਾਜ਼ਾ ਵਾਸੀ ਹਿੰਸਾ ਅਤੇ ਵਾਂਝੇਪਣ ਕਾਰਨ ਮਾਰੇ ਗਏ। ਇਹ ਪ੍ਰੇਸ਼ਾਨ ਕਰਨ ਵਾਲੀ ਗਿਣਤੀ ਹੈ ਜੋ ਟਰੰਪ ਦੇ ਬਿਆਨ ਅਤੇ ਬਰਤਾਨਵੀ ਮਹਾਮਾਰੀ ਮਾਹਰਾਂ ਦੀ ਰਿਪੋਰਟ ਨਾਲ ਮੇਲ ਖਾਂਦੀ ਹੈ। ਪਰ ਮੀਡੀਆ ਅਜੇ ਵੀ ਸਿਰਫ਼ 50,500 ਦਾ ਅੰਕੜਾ ਦੱਸ ਰਿਹਾ ਹੈ।
ਫ਼ਲਸਤੀਨੀ ਨਸਲਕੁਸ਼ੀ ਦੀ ਸ਼ੁਰੂਆਤ 1908 ਵਿਚ ਈਰਾਨ ਵਿਚ ਤੇਲ ਦੀ ਖੋਜ ਨਾਲ ਹੁੰਦੀ ਹੈ। ਬਰਤਾਨੀਆ ਨੇ 1914 ਵਿਚ ਓਟੋਮਨ ਸਲਤਨਤ ‘ਤੇ ਹਮਲਾ ਕੀਤਾ, ਇਰਾਕ ‘ਤੇ ਕਬਜ਼ਾ ਕੀਤਾ ਅਤੇ ਫਿਰ ਫ਼ਰਾਂਸ-ਬਰਤਾਨੀਆ ਨੇ ਪੂਰੇ ਮੱਧ-ਪੂਰਬ ਉੱਪਰ ਧਾਵਾ ਬੋਲ ਕੇ ਉੱਥੇ ਪੈਰ ਪਸਾਰ ਲਏ। ਸਾਨੂੰ ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਯੂਰਪ ਨੇ ਪਿਛਲੇ 77 ਸਾਲਾਂ, ਖ਼ਾਸ ਕਰਕੇ ਪਿਛਲੇ 20 ਮਹੀਨਿਆਂ ਵਿਚ, ਇਜ਼ਰਾਈਲ ਦੀ ਹਰ ਕਾਰਵਾਈ ਦੀ ਹਮਾਇਤ ਕੀਤੀ ਹੈ। ਈਰਾਨ ‘ਤੇ ਬੰਬਾਰੀ ਤੋਂ ਪਹਿਲਾਂ ਜੀ-7 ਮੁਲਕਾਂ (ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਯੂ.ਕੇ. ਅਤੇ ਸੰਯੁਕਤ ਰਾਜ ਅਮਰੀਕਾ- ਜਿਨ੍ਹਾਂ ਸਾਰਿਆਂ ਕੋਲ ਪਰਮਾਣੂ ਹਥਿਆਰ ਹਨ, ਜੋ ਪਰਮਾਣੂ ਹਥਿਆਰ ਰੱਖਣ ਦੇ ਹਮਾਇਤੀ ਹਨ) ਨੇ ਇਜ਼ਰਾਇਲ ਵੱਲੋਂ ਈਰਾਨ ਉੱਪਰ ਹਮਲਾ ਕੀਤੇ ਜਾਣ ’ਤੇ ਝੂਠਾ ਇਲਜ਼ਾਮ ਲਾਉਂਦੇ ਹੋਏ ਕਿਹਾ:
‘ਅਸੀਂ ਜੀ-7 ਮੁਲਕਾਂ ਦੇ ਆਗੂ ਮੱਧ-ਪੂਰਬ ਵਿਚ ਸ਼ਾਂਤੀ ਅਤੇ ਸਥਿਰਤਾ ਲਈ ਵਚਨਬੱਧ ਹਾਂ। ਅਸੀਂ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ਨੂੰ ਆਪਣੀ ਹਮਾਇਤ ਮੁੜ ਦੁਹਰਾਉਂਦੇ ਹਾਂ। ਈਰਾਨ ਖੇਤਰੀ ਅਸਥਿਰਤਾ ਅਤੇ ਦਹਿਸ਼ਤਵਾਦ ਦਾ ਮੁੱਖ ਸਰੋਤ ਹੈ। ਈਰਾਨ ਕਦੇ ਵੀ ਪਰਮਾਣੂ ਹਥਿਆਰ ਨਹੀਂ ਰੱਖ ਸਕਦਾ।’ ਆਸਟ੍ਰੇਲੀਆ, ਜੋ ਜੀ-7 ਦਾ ਮੈਂਬਰ ਨਹੀਂ ਹੈ ਪਰ ਉਸ ਨੂੰ ਇਸ ਸਿਖ਼ਰ-ਸੰਮੇਲਨ ਵਿਚ ਬੁਲਾਇਆ ਗਿਆ ਸੀ, ਉਸਨੇ ਵੀ ਜੀ-7 ਦੇ ਇਸ ਝੂਠ ਨਾਲ ਸਹਿਮਤੀ ਪ੍ਰਗਟਾਈ।
ਅਸਲੀਅਤ ਇਸ ਤੋਂ ਬਿਲਕੁਲ ਵੱਖਰੀ ਹੈ। ਉਹ ਇਹ ਹੈ ਕਿ ਇਜ਼ਰਾਇਲ ਵੱਲੋਂ ਅਮਰੀਕਾ ਦੇ ਥਾਪੜੇ ਨਾਲ ਇਹ ਹਮਲਾ ਬਿਨਾਂ ਕਿਸੇ ਭੜਕਾਹਟ ਦੇ ਕੀਤਾ ਗਿਆ ਸੀ ਅਤੇ ਇਹ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਸੀ। ਇਜ਼ਰਾਈਲ ਕੋਲ 90 ਪਰਮਾਣੂ ਹਥਿਆਰ ਹਨ, ਈਰਾਨ ਕੋਲ ਇਕ ਵੀ ਨਹੀਂ ਹੈ। ਈਰਾਨ ਨੇ ਐੱਨ.ਪੀ.ਟੀ. (ਪਰਮਾਣੂ ਅਪ੍ਰਸਾਰ ਸੰਧੀ) ਉੱਪਰ ਦਸਖ਼ਤ ਕੀਤੇ ਹੋਏ ਹਨ, ਇਜ਼ਰਾਈਲ ਨੇ ਦਸਖ਼ਤ ਨਹੀਂ ਕੀਤੇ ਹੋਏ। ਪਿਛਲੇ 50 ਸਾਲਾਂ ਤੋਂ ਈਰਾਨ, ਹੋਰ ਮੁਸਲਿਮ ਮੁਲਕ ਅਤੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਪਰਮਾਣੂ-ਮੁਕਤ ਮੱਧ-ਪੂਰਬ ਦੀ ਮੰਗ ਕਰ ਰਹੇ ਹਨ। ਈਰਾਨ ਨੇ ਸਦੀਆਂ ਤੋਂ ਕਿਸੇ ਮੁਲਕ ‘ਤੇ ਹਮਲਾ ਨਹੀਂ ਕੀਤਾ, ਜਦੋਂ ਕਿ ਇਜ਼ਰਾਈਲ ਨੇ 2025 ਵਿਚ ਹੀ 5 ਮੁਲਕਾਂ ‘ਤੇ ਬੰਬਾਰੀ ਕੀਤੀ ਅਤੇ 77 ਸਾਲਾਂ ਵਿਚ 14 ਮੁਲਕਾਂ ‘ਤੇ ਹਮਲੇ ਕੀਤੇ ਹਨ।
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਜੇਕਰ ਸੱਚੀਓਂ ਹੀ ਈਰਾਨ ਕੋਲ ਪਰਮਾਣੂ ਹਥਿਆਰ ਹੁੰਦੇ, ਤਾਂ ਉਹ ਇਜ਼ਰਾਈਲ ‘ਤੇ ਕਿਉਂ ਹਮਲਾ ਕਰਦਾ ਜਦੋਂ ਕਿ ਉੱਥੇ ਦੇ ਅੱਧੇ ਲੋਕ ਫ਼ਲਸਤੀਨੀ ਹਨ? ਅਤੇ ਕੀ ਉਹ ਪੱਛਮ ‘ਤੇ ਹਮਲਾ ਕਰਨ ਦੀ ਆਤਮਘਾਤੀ ਕਾਰਵਾਈ ਕਰਦਾ? ਯਾਦ ਕਰੋ, ਇਹੀ ਝੂਠ ਇਰਾਕ ਨੂੰ ਤਬਾਹ ਕਰਨ ਲਈ ਬੋਲਿਆ ਗਿਆ ਸੀ- ‘ਉਸ ਕੋਲ ਵਿਆਪਕ ਤਬਾਹੀ ਮਚਾਉਣ ਵਾਲੇ ਹਥਿਆਰ ਹਨ’ ਦੇ ਨਾਂ ‘ਤੇ।
ਇਹ ਸਵਾਲ ਪੁੱਛਿਆ ਗਿਆ ਹੈ ਕਿ ਜੀ-7 ਵਿਚ ਸ਼ਾਮਲ ਸਾਬਕਾ ਬਸਤੀਵਾਦੀ, ਨਸਲਘਾਤੀ ਤਾਕਤਾਂ, ਨਸਲਵਾਦੀ, ਰੰਗਭੇਦੀ ਇਜ਼ਰਾਈਲ ਦੀ ਹਮਾਇਤ ਕਿਉਂ ਕਰਦੀਆਂ ਹਨ? ਸੱਚਾਈ ਇਹ ਹੈ ਕਿ ਜਾਪਾਨ ਨੂੰ ਛੱਡ ਕੇ ਜੀ-7 ਦੇ ਸਾਰੇ ਮੁਲਕ ਯੂਰਪੀ ਹਨ- ਇਹ ਸਿੱਧੀ ਸੱਚਾਈ ਹੈ। ਯੂਨਾਈਟਿਡ ਕਿੰਗਡਮ ਨੇ ਪਿਛਲੇ ਹਜ਼ਾਰ ਸਾਲਾਂ ਵਿਚ 123 ਮੁਲਕਾਂ ‘ਤੇ ਹਮਲੇ ਕੀਤੇ ਹਨ। ਸੰਯੁਕਤ ਰਾਜ ਅਮਰੀਕਾ ਨੇ ਦੁਨੀਆ ਦੇ ਸਿਰਫ਼ ਤਿੰਨ ਮੁਲਕਾਂ ਨੂੰ ਛੱਡ ਕੇ ਹਰ ਜਗ੍ਹਾ ਫ਼ੌਜੀ ਦਖ਼ਲਅੰਦਾਜ਼ੀ ਕੀਤੀ ਹੈ ਜਾਂ ਉੱਥੇ ਇਸਦੀ ਫ਼ੌਜ ਮੌਜੂਦ ਹੈ। ਨਾਟੋ ਦੇ ਸਾਰੇ ਦੇ ਸਾਰੇ 32 ਮੁਲਕ, ਜੋ ਸਾਰੇ ਯੂਰਪੀ ਹਨ, ਇਜ਼ਰਾਈਲ ਦੀ ਡੱਟ ਕੇ ਹਮਾਇਤ ਕਰਦੇ ਹਨ। ਇਨ੍ਹਾਂ ਵਿਚੋਂ ਕਈ ਜ਼ਾਇਓਨਿਸਟ ਇੰਟਰਨੈਸ਼ਨਲ ਹੋਲੋਕਾਸਟ ਰੀਮੈਂਬਰੈਂਸ ਅਲਾਇੰਸ ਦੇ ਮੈਂਬਰ ਹਨ, ਜੋ ਇਜ਼ਰਾਈਲ ਦੀ ਹਮਾਇਤ ’ਚ ਜ਼ੋਰਦਾਰ ਪ੍ਰਚਾਰ ਕਰਦੇ ਹਨ।
ਗਾਜ਼ਾ ਵਿਚ ਕਤਲੇਆਮ ਅਤੇ ਈਰਾਨ, ਫ਼ਲਸਤੀਨ, ਲੇਬਨਾਨ, ਸੀਰੀਆ, ਅਤੇ ਯਮਨ ਵਿਰੁੱਧ ਬਿਨਾਂ ਭੜਕਾਹਟ ਦੇ ਕੀਤੇ ਗਏ ਯੁੱਧ ਅਪਰਾਧਾਂ ਵਿਚ ਯੂਰਪੀ ਭਾਈਵਾਲੀ ਨੂੰ ਸੰਖੇਪ ਵਿਚ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ:
ਪਹਿਲਾ, ਯੂਰਪੀ ਮੁਲਕਾਂ ਦੀ ਭਾਰੀ ਬਹੁਗਿਣਤੀ ਦਾ ਅਮਰੀਕਾ ਨਾਲ ਗੱਠਜੋੜ ਹੈ, ਜੋ ਲਗਾਤਾਰ ਜੰਗੀ ਜੁਰਮਾਂ ਨੂੰ ਅੰਜਾਮ ਦੇਣ ’ਚ ਲੱਗਿਆ ਹੋਇਆ ਹੈ ਅਤੇ ਜਿਸ ਨੂੰ 1960ਵਿਆਂ ਵਿਚ ਇਜ਼ਰਾਈਲ ਦੇ ਪਰਮਾਣੂ ਹਥਿਆਰ ਪ੍ਰਾਪਤ ਕਰਨ ਦੇ ਸਮੇਂ ਤੋਂ ਇਜ਼ਰਾਈਲੀ ਜ਼ਾਇਓਨਿਸਟ ਏਜੰਡਾ ਕੰਟਰੋਲ ਕਰ ਰਿਹਾ ਹੈ। ਹੁਣ ਤਾਂ ਇਹ ਗੱਲ ਹੋ ਗਈ ਹੈ ਕਿ ਜਿਸ ਤਰ੍ਹਾਂ ਕੁੱਤਾ ਆਪਣੀ ਪੂਛ ਦੇ ਮਗਰ-ਮਗਰ ਘੁੰਮਦਾ ਹੈ, ਉਸੇ ਤਰ੍ਹਾਂ ਕੁੱਤੇ ਦੀ ਇਹ ਪੂਛ, ਜ਼ਾਇਓਨਿਸਟ ਇਜ਼ਰਾਇਲ, ਹੁਣ ਕੁੱਤੇ ਨੂੰ ਆਪਣੇ ਮਗਰ-ਮਗਰ ਘੁੰਮਾ ਰਹੀ ਹੈ, ਯਾਨੀ ਯੂਰਪੀ ਤਾਕਤਾਂ ਹੁਣ ਇਜ਼ਰਾਇਲ ਦੇ ਕੰਟਰੋਲ ਵਿਚ ਹਨ।
ਦੂਜਾ, ਜੀ-7 ਦੇ ਸਾਰੇ ਮੈਂਬਰ ਅਫ਼ਗਾਨਿਸਤਾਨ ਵਿਚ ਅਮਰੀਕਾ ਅਤੇ ਨਾਟੋ ਦੁਆਰਾ ਥੋਪੇ ਗਏ ਯੁੱਧ (ਜਿਸ ਨੂੰ ‘ਅਫ਼ਗਾਨ ਪਰਲੋ’ ਕਿਹਾ ਜਾ ਸਕਦਾ ਹੈ) ਵਿਚ ਸ਼ਾਮਲ ਸਨ, ਜਿਸ ਵਿਚ ਕਰੀਬ 70 ਲੱਖ ਅਫ਼ਗਾਨ ਨਾਗਰਿਕਾਂ ਦੀ ਮੌਤ ਹਿੰਸਾ ਅਤੇ ਵਾਂਝੇਪਣ ਕਾਰਨ ਹੋਈ। ਇਨ੍ਹਾਂ ਮੁਲਕਾਂ ਯਾਨੀ ਜੀ-7 ਮੁਲਕਾਂ ਅਤੇ ਇਨ੍ਹਾਂ ਨਾਲ ਜੁੜੇ ਬਹੁਤ ਸਾਰੇ ਗ਼ੈਰ ਜੀ-7 ਮੁਲਕਾਂ ਦਾ ਇਤਿਹਾਸ ਯੁੱਧ, ਸਾਮਰਾਜਵਾਦ ਅਤੇ ਮੂਲ ਨਿਵਾਸੀਆਂ ਦੀ ਨਸਲਕੁਸ਼ੀ ਨਾਲ ਭਰਿਆ ਪਿਆ ਹੈ।
ਤੀਜਾ, ਜੀ-7 ਦੇ ਸਾਰੇ ਮੁਲਕਾਂ ਅਤੇ ਯੂਰਪ ਦੇ ਕਈ ਗ਼ੈਰ ਜੀ-7 ਮੁਲਕਾਂ ਦਾ ਨਸਲਵਾਦੀ ਬਸਤੀਵਾਦ ਅਤੇ ਨਸਲਕੁਸ਼ੀ ਦਾ ਪੁਰਾਣਾ ਮੁਜਰਮਾਨਾ ਰਿਕਾਰਡ ਹੈ। ਇਹੋ ਨਸਲਵਾਦੀ ਸੋਚ ਇਜ਼ਰਾਈਲ ਦੀ ਹਮਾਇਤ ਵਿਚ ਅੱਜ ਵੀ ਜ਼ਿੰਦਾ ਹੈ, ਜੋ ਪਿਛਲੇ 77 ਸਾਲਾਂ ਵਿਚ ਰੰਗਭੇਦ ਨੀਤੀਆਂ ਅਤੇ ਨਸਲਕੁਸ਼ੀ ਦੇ ਘੱਲੂਘਾਰਿਆਂ ਵਿਚ ਉਸ ਦੇ ਨਾਲ ਖੜ੍ਹਦੇ ਆ ਰਹੇ ਹਨ- ਇਹ ਸੰਯੁਕਤ ਰਾਸ਼ਟਰ ਦੀ ਆਮ ਸਭਾ ਵਿਚ ਉਨ੍ਹਾਂ ਦੇ ਵੋਟਿੰਗ ਵਿਚ ਹਿੱਸਾ ਲੈਣ ਦੇ ਵਿਹਾਰ ਤੋਂ ਵੀ ਸਪਸ਼ਟ ਹੁੰਦਾ ਹੈ।
ਗਾਜ਼ਾ ਵਿਚ ਬਚੇ ਹੋਏ 17 ਲੱਖ ਲੋਕ ਜਾਂ ਤਾਂ ਭੁੱਖ ਨਾਲ ਮਰਨ ਲਈ ਮਜਬੂਰ ਹਨ, ਜਾਂ ਖਾਣੇ ਦੀ ਭਾਲ ਵਿਚ ਗੋਲੀਬਾਰੀ ਦਾ ਸ਼ਿਕਾਰ ਹੋ ਕੇ ਮਰਨ ਲਈ ਮਜਬੂਰ ਹਨ। ਇਹੀ ਮੰਜ਼ਰ ਹੈ ਜੋ ਮੈਂ ਹਰ ਰਾਤ ਨੂੰ ਖਾਣਾ ਖਾਂਦੇ ਵਕਤ ਟੀਵੀ ‘ਤੇ ਦੇਖਦਾ ਹਾਂ। 4000 ਸਾਲ ਪੁਰਾਣਾ ਸ਼ਹਿਰ ਗਾਜ਼ਾ, ਜਿੱਥੋਂ ਕਦੇ ਅਰਬੀ ਇਤਰ ਰੋਮਨ ਸਾਮਰਾਜ ਨੂੰ ਭੇਜਿਆ ਜਾਂਦਾ ਸੀ, ਹੁਣ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ। ਵਿਲੀਅਮ ਡੈਲਰਿੰਪਲ ਦੀ ਸ਼ਾਨਦਾਰ ਕਿਤਾਬ ‘ਦੀ ਗੋਲਡਨ ਰੋਡ’ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਭਾਰਤ ਦਾ ਪ੍ਰਭਾਵ ਜਾਪਾਨ ਤੋਂ ਲੈ ਕੇ ਸਪੇਨ ਤੱਕ ਪੂਰੀ ਮਨੁੱਖੀ ਤਹਿਜ਼ੀਬ ‘ਤੇ ਪਿਆ। ਡੈਲਰਿੰਪਲ ਲਿਖਦੇ ਹਨ ਕਿ ਜਦੋਂ ਗਾਜ਼ਾ ਉੱਪਰ ਧਰਮ-ਯੁੱਧ ਲੜਨ ਵਾਲਿਆਂ (ਕਰੂਸੇਡਰਾਂ) ਨੇ ਕਬਜ਼ਾ ਕਰ ਲਿਆ, ਤਾਂ ਇਹ ਮੱਧਕਾਲੀ ਭਾਰਤੀ-ਅਰਬੀ ਗਿਆਨ ਅਤੇ ਸੱਭਿਆਚਾਰ ਦੇ ਯੂਰਪ ਤੱਕ ਪਹੁੰਚਣ ਦਾ ਮਹੱਤਵਪੂਰਨ ਰਸਤਾ ਬਣ ਗਿਆ। ਇਹ ਧਰਮ-ਯੋਧੇ ਉਹੀ ਗਣਿਤ ਅਤੇ ਗਿਆਨ ਵਾਪਸ ਯੂਰਪ ਲੈ ਗਏ।
ਹੁਣ ਸਮਾਂ ਆ ਗਿਆ ਹੈ ਕਿ ਦੁਨੀਆ ਅਮਰੀਕੀ ਹਮਾਇਤ ਪ੍ਰਾਪਤ ਰੰਗਭੇਦੀ ਇਜ਼ਰਾਈਲ ਅਤੇ ਉਸ ਦੇ ਸਹਿਯੋਗੀਆਂ— ਖ਼ਾਸ ਕਰਕੇ ਅਮਰੀਕਾ, ਬਰਤਾਨੀਆ, ਆਸਟ੍ਰੇਲੀਆ, ਜੀ-7 ਅਤੇ ਯੂਰਪੀਅਨ ਯੂਨੀਅਨ ‘ਤੇ ਸਖ਼ਤ ਪਾਬੰਦੀਆਂ ਲਗਾਵੇ। ਮੁਸਲਿਮ ਜਗਤ ਉੱਪਰ ਨਸਲਵਾਦੀ ਪੱਛਮ ਦੀ ਇਹ ਨਸਲਕੁਸ਼ੀ ਦੀ ਜਾਬਰ ਨੀਤੀ ਹੁਣ ਬੰਦ ਹੋਣੀ ਚਾਹੀਦੀ ਹੈ। ਅਮਰੀਕਾ ਇਸ ਅਨਿਆਂ ਨੂੰ ਸਿਰਫ਼ ਯੂ.ਐੱਨ. ਸੁਰੱਖਿਆ ਪਰਿਸ਼ਦ ਵਿਚ ਵੋਟ ਨਾ ਪਾ ਕੇ ਰੋਕ ਸਕਦਾ ਹੈ।
ਪਿਛਲੇ ਸੌ ਸਾਲਾਂ ਤੋਂ ਚੱਲ ਰਹੇ ਫ਼ਲਸਤੀਨੀ ਸੰਤਾਪ ਦਾ ਅੰਤ ਓਦੋਂ ਹੋਵੇਗਾ, ਜਦੋਂ ਦੁਨੀਆ ਪੂਰੀ ਦ੍ਰਿੜਤਾ ਨਾਲ ਇਹ ਕਹੇਗੀ ਕਿ ਫ਼ਲਸਤੀਨੀਆਂ ਨੂੰ ਵੀ ਉਹੀ ਮਨੁੱਖੀ ਹੱਕ ਮਿਲਣੇ ਚਾਹੀਦੇ ਹਨ ਜੋ ਪੱਛਮੀ ਜਗਤ ਦੇ ਅਤੇ ਹੋਰ ਨਾਗਰਿਕਾਂ ਨੂੰ ਮਿਲਦੇ ਹਨ ਅਤੇ ਇਸ ਲਈ ਜੇਕਰ ਸਖ਼ਤ ਪਾਬੰਦੀਆਂ ਲਾਉਣ ਦੀ ਲੋੜ ਪਵੇ ਤਾਂ ਉਹ ਵੀ ਲਗਾਈਆਂ ਜਾਣ।
1960 ਵਿਚ ਸ਼ਾਰਪਵਿਲ ਕਤਲੇਆਮ ਕੀਤੇ ਜਾਣ ’ਤੇ, ਜਿਸ ਵਿਚ 69 ਅਫ਼ਰੀਕੀ ਨਾਗਰਿਕ ਮਾਰੇ ਗਏ ਸਨ, ਦੁਨੀਆ ਨੇ ਰੰਗਭੇਦੀ ਦੱਖਣੀ ਅਫ਼ਰੀਕਾ ‘ਤੇ ਪਾਬੰਦੀਆਂ ਲਗਾਈਆਂ, ਜੋ ਅੰਤ ਵਿਚ ਸਫ਼ਲ ਹੋਈਆਂ। ਹੁਣ ਉਹੀ ਪਾਬੰਦੀਆਂ ਨਸਲਕੁਸ਼ੀ ਕਰਨ ਵਾਲੇ ਰੰਗਭੇਦੀ ਇਜ਼ਰਾਈਲ ‘ਤੇ ਵੀ ਲਗਾਉਣੀਆਂ ਚਾਹੀਦੀਆਂ ਹਨ।
ਗਾਜ਼ਾ ਵਿਚ 25 ਅਪ੍ਰੈਲ 2025 ਤੱਕ ਮਾਰੇ ਗਏ 6.8 ਲੱਖ ਲੋਕਾਂ ਦੀ ਗਿਣਤੀ ਸ਼ਾਰਪਵਿਲ ਵਿਚ ਮਾਰੇ ਗਏ ਅਫ਼ਰੀਕੀਆਂ ਦੀ ਤੁਲਨਾ ਵਿਚ 10,000 ਗੁਣਾ ਵੱਧ ਹੈ।
ਧਿਆਨ ਨਾਲ ਸੁਣਨ ਲਈ ਤੁਹਾਡਾ ਧੰਨਵਾਦ।
