ਮੈਰਾਥਨ ਦੇ ਮਹਾਂਰਥੀ ਦੀਆਂ ਯਾਦਾਂ-1: ਬਾਬਾ ਫੌਜਾ ਸਿੰਘ ਦੇ ਅਕਾਲ ਚਲਾਣੇ ’ਤੇ

ਪ੍ਰਿੰਸੀਪਲ ਸਰਵਣ ਸਿੰਘ
(ਪਾਠਕਾਂ ਦੀ ਸੌਖ ਲਈ ਇਹ ਲੰਮਾ ਲੇਖ ਕਿਸ਼ਤਾਂ ਵਿਚ ਪੇਸ਼ ਕੀਤਾ ਜਾ ਰਿਹੈ)
ਬਾਬਾ ਫੌਜਾ ਸਿੰਘ ਕੁਦਰਤ ਦਾ ਕ੍ਰਿਸ਼ਮਾ ਸੀ। ਉਹ ਸੌ ਸਾਲਾਂ ਤੋਂ ਟੱਪ ਕੇ ਵੀ ਜੁਆਨਾਂ ਵਾਂਗ ਜੀਅ ਰਿਹਾ ਸੀ। ਹਰ ਰੋਜ਼ ਤੁਰਦਾ, ਵਗਦਾ, ਦੁੜਕੀਆਂ ਲਾਉਂਦਾ ਤੇ ਆਏ ਗਏ ਨੂੰ ਹੱਸ ਕੇ ਮਿਲਦਾ। ਅਸੀਂ 8 ਮਾਰਚ 2025 ਨੂੰ ਉਹਦੇ ਬਿਆਸਪਿੰਡ ਵਾਲੇ ਘਰ ਮਿਲੇ ਸਾਂ। ਵਾਇਦਾ ਕੀਤਾ ਸੀ ਕਿ ਕੈਨੇਡਾ ਤੋਂ ਮੁੜ ਕੇ ਨਵੰਬਰ ਵਿਚ ਫਿਰ ਮਿਲਣ ਆਵਾਂਗੇ। ਪਰ ਕੁਦਰਤ ਦਾ ਭਾਣਾ 14 ਜੁਲਾਈ 2025 ਨੂੰ ਹੀ ਵਰਤ ਗਿਆ। ਵਾਹਿਗੁਰੂ ਉਹਦੀ ਰੂਹ ਨੂੰ ਸ਼ਾਂਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

ਬਾਬਾ ਫੌਜਾ ਸਿੰਘ ਅਜਬ ਸ਼ੈਅ ਸੀ। ਬਜ਼ੁਰਗਾਂ ਦਾ ਰੋਲ ਮਾਡਲ ਤੇ ਬੰਦੇ ਦੇ ਬੁਲੰਦ ਜੇਰੇ ਦੀ ਜਿਊਂਦੀ ਜਾਗਦੀ ਮਿਸਾਲ। ਸਿਰੜੀ, ਮਿਹਨਤੀ ਤੇ ਮੰਜ਼ਿਲਾਂ ਮਾਰਨ ਵਾਲਾ ਮੈਰਾਥਨ ਦਾ ਮਹਾਂਰਥੀ। ਬੁੱਲ੍ਹੇ ਸ਼ਾਹ ਵਰਗੀ ਮਸਤ ਤਬੀਅਤ ਦਾ ਮਾਲਕ ਤੇ ਸ਼ਾਹ ਹੁਸੈਨ ਜਿਹਾ ਫੱਕਰ। ਸਹਿਜਤਾ, ਸੁਹਿਰਦਤਾ, ਮਸੂਮੀਅਤ ਤੇ ਭੋਲੇਪਨ ਦੀ ਮੂਰਤ। ਉਹਦੀਆਂ ਗੱਲਾਂ ਸਿੱਧੀਆਂ, ਸਾਦੀਆਂ, ਭੋਲੀਆਂ ਤੇ ਨਿਰਛਲ ਸਨ। ਹਾਸਾ-ਠੱਠਾ ਕਰਨਾ ਉਹਦਾ ਸੁਭਾਅ ਸੀ ਜਿਸ ਨਾਲ ਹੱਸਦੇ ਦੀਆਂ ਅੱਖਾਂ ਛਲਕ ਪੈਂਦੀਆਂ। ਦੌੜਦਿਆਂ ਉਹਦੀ ਲੰਮੀ ਦਾੜ੍ਹੀ ਝੂਲਦੀ ਤੇ ਆਸੇ-ਪਾਸੇ ਲਹਿਰਾਉਂਦੀ।
ਰਤਾ ਸੋਚੋ, ਕੋਈ ਬੰਦਾ ਪਹਿਲੀ ਵਿਸ਼ਵ ਜੰਗ ਤੋਂ ਪਹਿਲਾਂ ਦਾ ਜੰਮਿਆ ਹੋਵੇ, ਕੋਰਾ ਅਨਪੜ੍ਹ ਤੇ ਕੁਲ ਦਸ ਗਿਣਨ ਹੀ ਜਾਣਦਾ ਹੋਵੇ। ਕੱਦ 5 ਫੁਟ 8 ਇੰਚ ਤੇ ਸਰੀਰਕ ਵਜ਼ਨ ਸਿਰਫ਼ 52 ਕਿਲੋਗਰਾਮ ਹੋਵੇ ਪਰ ਲੁਧਿਆਣੇ ਤੋਂ ਦੌੜਨ ਲੱਗਾ ਫਗਵਾੜਾ ਲੰਘ ਕੇ ਦਮ ਲਵੇ ਤੇ ਅਗਲੀ ਝੁੱਟੀ ਜਲੰਧਰ ਤੋਂ ਅਗਾਂਹ ਆਪਣੇ ਬਿਆਸਪਿੰਡ ਜਾ ਵੜੇ।
ਬਿਆਸਪਿੰਡ ਪਹੁੰਚ ਕੇ ਆਪਣੇ ਪੇਂਡੂਆਂ ਨਾਲ ਹਾਸਾ-ਠੱਠਾ ਕਰੇ। ਹੱਸੇ ਹਸਾਵੇ। ਕੌਣ ਫਿਰ ਅਜਿਹੇ ਬਾਬੇ ਤੋਂ ਵਾਰੇ-ਵਾਰੇ ਨਾ ਜਾਵੇ?
ਉਹ 20ਵੀਂ ਸਦੀ ਦੇ ਆਰੰਭ ਵਿਚ ਜੰਮਿਆ ਸੀ। ਸਦੀ ਦੇ ਅਖ਼ੀਰ ਤਕ ਅਣਗੌਲਿਆ ਰਿਹਾ। ਪਰ 21ਵੀਂ ਸਦੀ ਚੜ੍ਹਨ ਤੋਂ ਉਹ ਅਖ਼ਬਾਰੀ ਖ਼ਬਰਾਂ ਦਾ ਸ਼ਿੰਗਾਰ ਸੀ। ਉਹਦੀ ਸ਼ਖਸੀਅਤ ਨਾਲ ਅਨੇਕ ਵਿਸ਼ੇਸ਼ਤਾਵਾਂ ਜੋੜੀਆਂ ਗਈਆਂ ਹਨ, ਮੈਰਾਥਨ ਦਾ ਮਹਾਂਰਥੀ, ਪਗੜੀਧਾਰੀ ਝੱਖੜ, ਸਿਰੜੀ ਬਾਬਾ, ਬੁੱਢਿਆਂ ਦਾ ਰੋਲ ਮਾਡਲ, ਹਸਮੁਖ ਬਾਬਾ, ਬੱਲੇ ਬਾਬਾ ਫੌਜਾ ਸਿੰਘ ਦੇ! ਨੲ੍ਹੀਂ ਰੀਸਾਂ ਫੌਜਾ ਸਿੰਘ ਦੀਆਂ!!
ਉਹ ਰੌਣਕੀ ਬੰਦਾ ਸੀ। ਸਿਰੇ ਦਾ ਗਾਲੜੀ। ਬੇਫਿਕਰ, ਬੇਪਰਵਾਹ, ਬੇਬਾਕ, ਦਾਨੀ ਤੇ ਦਇਆਵਾਨ। ਮੈਰਾਥਨ ਦੌੜਾਂ ਦਾ ਬਾਦਸ਼ਾਹ। ਉਹਨੇ ਗੁੰਮਨਾਮੀ `ਚ ਚੱਲ ਵਸਣਾ ਸੀ ਜੇ ਦੌੜਨ ਨਾ ਲੱਗਦਾ। ਬੁੱਢੇਵਾਰੇ ਦੌੜਾਂ `ਚ ਪੈ ਕੇ ਉਹਨੇ ਪੂਰੇ ਜੱਗ ਜਹਾਨ ਵਿਚ ਬੱਲੇ-ਬੱਲੇ ਕਰਵਾਈ। ਉਸ ਨੂੰ 2004, 2008 ਤੇ 2012 ਦੀਆਂ ਓਲੰਪਿਕ ਖੇਡਾਂ ਦੀ ਮਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਉਸ ਨੂੰ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਸੌ ਸਾਲ ਦਾ ਸੀਨੀਅਰ ਸਿਟੀਜ਼ਨ ਹੋ ਜਾਣ ਦੀ ਚਿੱਠੀ ਲਿਖ ਕੇ ਵਧਾਈ ਦਿੱਤੀ ਤੇ ਸ਼ਾਹੀ ਮਹਿਲਾਂ ਵਿਚ ਖਾਣੇ `ਤੇ ਸੱਦਿਆ। ਮਹਾਰਾਣੀ ਨੂੰ ਮਿਲ ਕੇ ਉਹਦੀ ਉਮਰ ਹੋਰ ਵਧ ਗਈ।
ਉਹ ਸੌ ਸਾਲ ਤੋਂ ਵਡੇਰੀ ਉਮਰ ਦਾ ਇਸ ਧਰਤੀ ਦਾ ਪਹਿਲਾ ਮਨੁੱਖ ਸੀ ਜਿਸ ਨੇ 16 ਅਕਤੂਬਰ 2011 ਨੂੰ ਟੋਰਾਂਟੋ ਦੀ ਵਾਟਰ ਫਰੰਟ ਮੈਰਾਥਨ ਦੌੜ ਪੂਰੀ ਕੀਤੀ। ਉਥੇ ਉਸ ਨੇ 42.2 ਕਿਲੋਮੀਟਰ ਦਾ ਪੰਧ 8 ਘੰਟੇ 11 ਮਿੰਟ 6 ਸੈਕੰਡ ਵਿਚ ਮੁਕਾਇਆ। ਉਹਦਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿਚ ਦਰਜ ਹੋ ਜਾਣਾ ਸੀ ਜੇ ਉਹਦੀ ਜਨਮ ਤਾਰੀਖ਼ ਦਾ ਜਲੰਧਰ ਦੇ ਜਨਮ ਮਰਨ ਤਾਰੀਖ਼ਾਂ ਦੇ ਰਜਿਸਟਰਾਰ ਵੱਲੋਂ ਅਸਲੀ ਸਰਟੀਫਿਕੇਟ ਮਿਲ ਜਾਂਦਾ। ਫੌਜਾ ਸਿੰਘ ਨੇ ਮਹਾਰਾਣੀ ਐਲਿਜ਼ਾਬੈੱਥ ਵੱਲੋਂ ਭੇਜੀ ਚਿੱਠੀ ਤੇ ਆਪਣੇ ਪਾਸਪੋਰਟ ਦੀ ਕਾਪੀ ਪੇਸ਼ ਕੀਤੀ ਜੋ ਗਿੰਨੀਜ਼ ਬੁੱਕ ਵਾਲਿਆਂ ਨੇ ਜਨਮ ਤਾਰੀਖ ਦਾ ਸਹੀ ਸਬੂਤ ਨਾ ਮੰਨੀ।
ਹਕੀਕਤ ਇਹ ਹੈ ਕਿ 1911 ਵਿਚ ਬਿਆਸਪਿੰਡ `ਚ ਜੰਮੇ ਕਿਸੇ ਵੀ ਬੱਚੇ ਦਾ ਜਨਮ ਰਿਕਾਰਡ ਨਹੀਂ ਮਿਲਦਾ। ਉਦੋਂ ਕਿਸੇ ਦਾ ਜਨਮ ਰਿਕਾਰਡ ਰੱਖਿਆ ਹੀ ਨਹੀਂ ਗਿਆ। ਬੇਸ਼ਕ ਬ੍ਰਿਟਿਸ਼ ਰਾਜ ਵਿਚ ਦਿੱਲੀ ਦੇ ਇਕ ਬੰਦੇ ਨੂੰ 23 ਫਰਵਰੀ 1879 ਦੇ ਦਿਨ ਜੰਮਣ ਦਾ ਰਿਕਾਰਡ ਲੱਭ ਗਿਆ ਹੈ ਪਰ ਪੰਜਾਬ ਦੇ ਪਿੰਡਾਂ ਵਿਚ ਜੰਮੇ ਸਾਰੇ ਬੱਚਿਆਂ ਦਾ ਜਨਮ ਰਿਕਾਰਡ 20ਵੀਂ ਸਦੀ ਦੇ ਮੁੱਢਲੇ ਸਾਲਾਂ ਦਾ ਵੀ ਨਹੀਂ ਮਿਲਦਾ। ਇਸੇ ਕਰਕੇ ਫੌਜਾ ਸਿੰਘ ਦੀ ਅਸਲੀ ਜਨਮ ਤਾਰੀਖ਼ ਵੀ ਜ਼ਿਲ੍ਹਾ ਜਲੰਧਰ ਦੇ ਜਨਮ ਰਜਿਸਟਰ ਵਿਚੋਂ ਨਹੀਂ ਲੱਭੀ। ਉਸ ਤੋਂ ਵਡੇਰੀ ਉਮਰ ਦੇ ਦੋ ਬੰਦਿਆਂ ਦੀ ਗਵਾਹੀ ਤੇ ਹਲਫ਼ੀਆ ਬਿਆਨ ਦੇਣ ਉਤੇ ਹੀ ਉਸ ਦੀ ਜਨਮ ਤਾਰੀਖ਼ 1 ਅਪ੍ਰੈਲ 1911 ਲਿਖੀ ਗਈ ਜੋ ਉਸ ਦੇ ਪਾਸਪੋਰਟ ਉਤੇ ਦਰਜ ਹੈ। (ਚਲਦਾ)