ਅਮੋਲਕ ਨੂੰ ਉਸ ਦੇ ਜਨਮ ਦਿਨ `ਤੇ ਯਾਦ ਕਰਦਿਆਂ…

ਪੋ੍ਰ. ਬ੍ਰਿਜਿੰਦਰ ਸਿੰਘ ਸਿੱਧੂ
ਫੋਨ:925-683-1982
ਮੇਰਾ ਇਹ ਅਜ਼ੀਜ 14 ਜੁਲਾਈ 1955 ਇਸ ਦੁਨੀਆ ‘ਤੇ ਆਇਆ ਅਤੇ 20 ਅਪਰੈਲ 2021 ਨੂੰ ਸਦਾ ਲਈ ਕੂਚ ਕਰ ਗਿਆ। ਇਸ ਦੀ ਜੀਵਨ ਸਾਥਣ ਜਸਪ੍ਰੀਤ ਅਤੇ ਪੁਤਰ ਮਨਦੀਪ ਲਈ ਮੇਰੀਆਂ ਅਤੇ ਮੇਰੀ ਹਮਸਫਰ ਰਾਜਵੰਤ ਦੀਆਂ ਢੇਰ ਸਾਰੀਆਂ ਸ਼ੁਭ ਇਛਾਵਾਂ ਹਰ ਵੇਲੇ ਹਾਜ਼ਰ ਰਹਿੰਦੀਆਂ ਹਨ।

ਇਹ ਵੀ ਅਜੀਬ ਇਤਫਾਕ ਹੈ ਕਿ ਮੇਰਾ ਅਤੇ ਅਮੋਲਕ ਦਾ ਬਚਪਨ ਰੇਤਲੇ ਇਲਾਕਿਆਂ ਵਿਚ ਬੀਤਿਆ, ਜਿਥੋਂ ਦੀਆਂ ਤੱਤੀਆਂ ਹਵਾਵਾਂ ਤੇ ਕਾਲੀਆਂ-ਬੋਲੀਆਂ ਹਨੇਰੀਆਂ ਨੇ ਸਾਨੂੰ ਜੀਵਨ ਦੀਆਂ ਕਠਿਨਾਈਆਂ ਅਤੇ ਦੁਸ਼ਵਾਰੀਆਂ ਸਹਿਣ ਦੀ ਸਮਰੱਥਾ ਬਖਸ਼ੀ। ਮੁਕਾਬਲੇ ਵਿਚ ਇਸ ਵਿਛੜੀ ਰੂਹ ਦਾ ਸੰਘਰਸ਼ ਮੇਰੇ ਨਾਲੋਂ ਕਿਤੇ ਜ਼ਿਆਦਾ ਹੈ।
ਅਜੀਬ ਇਤਫਾਕ ਸੀ ਕਿ 1970ਵਿਆਂ ਵਿਚ ਮੈਂ ਚੰਡੀਗੜ੍ਹ ਦੇ ਸਰਕਾਰੀ ਕਾਲਜ ਵਿਚ ਭੌਤਿਕ ਵਿਗਿਆਨ ਦਾ ਅਧਿਆਪਕ ਸੀ ਤੇ ਅਮੋਲਕ ਵੀ ਉਥੇ ਗਰੈਜੂਏਸ਼ਨ ਕਰਨ ਲਈ ਪਹੁੰਚ ਗਿਆ। ਉਸਦੇ ਪੰਜਾਬੀ ਦੇ ਅਧਿਆਪਕ ਬਲਬੀਰ ਸਿੰਘ ਦਿਲ ਸਨ, ਜਿਨ੍ਹਾਂ ਉਸਨੂੰ ਸੰਖੇਪਤਾ, ਸਰਲਤਾ, ਸਾਦਗੀ, ਰਵਾਨਗੀ ਦੇ ਐਸੇ ਗੁਰ ਦੱਸੇ ਕਿ ਉਹ ਸਾਰੀ ਉਮਰ ਉਨ੍ਹਾਂ ਦੀ ਪਾਲਣਾ ਕਰਦਾ ਰਿਹਾ। ਉਹ ਇਕ ਸੁਚੱਜੀ ਸ਼ਖਸੀਅਤ ਦਾ ਮਾਲਕ ਸੀ।
ਅਮੋਲਕ ਨੇ ਮੇਰੇ ਕੋਲ ਬਹੁਤ ਵਾਰੀ ਆਪਣੀ ਖ਼ਾਹਿਸ਼ ਜ਼ਾਹਰ ਕੀਤੀ ਕਿ ਮੈਂ ਪੋ੍ਰ. ਦਿਲ ਦੇ ਜੀਵਨ ਬਾਰੇ ‘ਪੰਜਾਬ ਟਾਈਮਜ਼’ ਲਈ ਕੁਝ ਲਿਖਾਂ, ਜਿਸਦਾ ਮੈਨੂੰ ਅਜ ਤਕ ਅਫ਼ਸੋਸ ਹੈ ਕਿ ਮੈਂ ਉਸ ਦੀ ਇਹ ਸਾਧਾਰਨ ਜਿਹੀ ਇੱਛਾ ਵੀ ਪੂਰੀ ਨਾ ਕਰ ਸਕਿਆ। ਦਿਲ ਸਾਹਿਬ ਨਾਲ ਚੰਗੀ ਜਾਣ-ਪਛਾਣ ਦੇ ਬਾਵਜੂਦ ਉਹ ਆਪਣੀ ਨਿਜੀ ਜ਼ਿੰਦਗੀ ਵਿਚ ਮੈਨੂੰ ਮਾਮੂਲੀ ਜਿਹੀ ਵੀ ਝਾਤ ਪਾਉਣ ਦਾ ਮੌਕਾ ਨਾ ਦੇ ਸਕੇ। ਕਲਾਤਮਕ ਵੇਰਵੇ ਨਾਲ ਕਿਸੇ ਦੇ ਸੋਹਲੇ ਗਾਉਣਾ ਮੇਰੀ ਫਿਤਰਤ ਨਹੀਂ। ਮੇਰੀ ਇਸ ਊਣਤਾਈ ਦਾ ਮੈਨੂੰ ਕਈ ਵਾਰ ਝੋਰਾ ਮਹਿਸੂਸ ਹੁੰਦਾ ਹੈ, ਪ੍ਰੰਤੂ ਮੈਂ ਬੇਵੱਸ ਹਾਂ। ਪਿਆਰੇ ਅਮੋਲਕ ਲਈ ਮੈਂ ਖ਼ਿਮਾ ਦਾ ਜਾਚਕ ਰਹਾਂਗਾ।
ਅਧਿਆਪਕਾਂ ਦੀ ਪ੍ਰਸ਼ੰਸਾ ਦੇ ਸਿਲਸਿਲੇ ਵਿਚ ਮੇਰਾ ਆਪਣਾ ਅਨੁਭਵ ਲਿਖਣ ਨੂੰ ਜੀਅ ਕਰ ਆਇਆ ਹੈ। ਸਾਧਾਰਨ ਘਰਾਂ ਦੇ ਨਲਾਇਕ ਬੱਚੇ ਉਚੇ ਅਹੁਦਿਆਂ ‘ਤੇ ਪਹੁੰਚ ਕੇ ਅਜ ਤਕ ਮੈਨੂੰ ਯਾਦ ਕਰਦੇ ਨੇ, ਪਰ ਚੰਡੀਗੜ੍ਹ ਲੰਮਾ ਸਮਾਂ ਰਹਿੰਦਿਆਂ ਰੱਜੇ-ਪੁਜੇ ਘਰਾਂ ਦੇ ਫਰਜੰਦ; ਜੋ ਬਾਅਦ ਵਿਚ ਆਈ.ਏ.ਐਸ., ਪੀ.ਸੀ.ਐਸ. ਅਤੇ ਆਈ.ਪੀ.ਐਸ. ਦੀਆਂ ਪਦਵੀਆਂ `ਤੇ ਬਿਰਾਜਮਾਨ ਹੋਏ, ਦੀ ਸੋਚ ਕੁਝ ਵੱਖਰੀ ਵੇਖੀ। ਬਗੈਰ ਕਿਸੇ ਲਾਲਚ ਦੇ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਘਾਲਣਾ ਬਾਰੇ ਦੋ ਸ਼ਬਦ ਵੀ ਸ਼ੁਕਰਾਨੇ ਵਜੋਂ ਨਹੀਂ ਕਹਿ ਸਕਦੇ। ਯੂ.ਜੀ.ਸੀ. ਵਲੋਂ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪੇਅ-ਸਕੇਲ ਚੰਗੇ ਕਰਨ ਨੂੰ ਸਲਾਹੁਣ ਦੀ ਥਾਂ ਅੜਿੱਕੇ ਲਾਉਂਦੇ ਰਹਿੰਦੇ ਹਨ।
ਉਸਤਾਦਾਂ ਪ੍ਰਤੀ ਅਮੋਲਕ ਦੀ ਗੂੜ੍ਹੀ ਸ਼ਰਧਾ, ਸਤਿਕਾਰ ਉਸਨੂੰ ਸਭਿਅਕ ਅਤੇ ਨਿਮਰਤਾ ਦਾ ਪੁੰਜ ਬਣਾਉਂਦੀ ਹੈ। ਮੈਂ ਮਹਿਸੂਸ ਕਰਦਾ ਹਾਂ ਕਿ ਅਧਿਆਪਕਾਂ ਨੂੰ ਬਣਦਾ ਸਨਮਾਨ ਨਾ ਦੇਣਾ ਕਿਸੇ ਵੀ ਦੇਸ਼ ਵਿਚ ਵਿਦਿਆ ਦੇ ਮਿਆਰ ਨੂੰ ਕਦੀ ਵੀ ਉੱਚਾ ਨਹੀਂ ਕਰੇਗਾ। ਅਧਿਆਪਕਾਂ ਦੀ ਬੇਕਦਰੀ ਇਕ ਖੁਸ਼ਗਵਾਰ ਤਹਿਜ਼ੀਬ ਅਤੇ ਸੱਭਿਅਤਾ ਮੁਹੱਈਆ ਨਹੀਂ ਕਰ ਸਕਦੀ।
ਵਕਤ ਗੁਜ਼ਰਦਾ ਗਿਆ ਅਤੇ ਅਮੋਲਕ ਦੀ ਸੁੰਦਰ ਲਿਖਾਈ ਦੇ ਨਾਲ ਉਸ ਵਿਚ ਪਰਪੱਕਤਾ, ਦਾਨਾਈ ਅਤੇ ਪਾਕੀਜ਼ਗੀ ਦੇ ਅੰਸ਼ ਵਧਦੇ ਗਏ, ਪ੍ਰੰਤੂ ਇਸ ਬੁਨਿਆਦ ਦਾ ਸਿਹਰਾ ਉਹ ਦਿਲ ਸਾਹਿਬ ‘ਤੇ ਹੀ ਸਜਾਉਂਦਾ ਰਿਹਾ।
ਮੇਰੇ ਅਮਰੀਕਾ ਪਹੁੰਚਣ ਪਿਛੋਂ ਉਸ ਨਾਲ ਮੇਰੀ ਪਹਿਲੀ ਅਤੇ ਆਖਰੀ ਮੁਲਾਕਾਤ 2015 ਵਿਚ ਹੋਈ। ‘ਪੰਜਾਬ ਟਾਈਮਜ਼’ ਦੇ ਸਾਲਾਨਾ ਸਮਾਗਮ ਦੀ ਪਿਆਰੀ ਜਿਹੀ ਸ਼ਾਮ ਦੌਰਾਨ ਕੁਝ ਸ਼ਬਦ ਕਹਿਣ ਪਿਛੋਂ ਉਸ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ। ‘ਪੰਜਾਬ ਟਾਈਮਜ਼’ ਦੇ ਕਈ ਸਲਾਹਕਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਅਗਲੇ ਦਿਨ ਉਸ ਦੇ ਘਰ ਦੇ ਖੁੱਲ੍ਹੇ ਵਿਹੜੇ ਵਿਚ ਉਸ ਨਾਲ ਪਿਆਰ ਭਰੀ ਮਿਲਣੀ ਕੀਤੀ। ਉਸਦੀ ਬੇਵੱਸੀ ਅਤੇ ਵਿਗੜਦੀ ਸਿਹਤ ਦਾ ਅੰਦਾਜ਼ਾ ਲਗਾਇਆ। ਜਸਪ੍ਰੀਤ ਨੂੰ ਵੀ ਕੁਝ ਥੱਕੀ ਹੋਈ ਮਹਿਸੂਸ ਕੀਤਾ। ਮੈਂ ਅਤੇ ਮੇਰੀ ਪਤਨੀ ਨੇ ਇਕ ਹਜ਼ਾਰ (ਮਾਮੂਲੀ) ਨਜ਼ਰਾਨਾ ਪੇਸ਼ ਕੀਤਾ। ਅਮੋਲਕ ਕਹਿਣ ਲੱਗਾ, ਤੁਹਾਡੇ ਹੁੰਦਿਆਂ ਮੈਨੂੰ ਕਾਹਦੀ ਫਿਕਰ ਹੈ-ਇਹ ਸਭ ਕੁਝ ਮੇਰੀ ਜ਼ਿੰਦਗੀ ਦੀ ਇਕ ਅਭੁੱਲ ਯਾਦ ਬਣ ਗਿਆ।
ਉਸਦੀ ਦ੍ਰਿੜਤਾ ਅਤੇ ਲਾਇਲਾਜ ਬੀਮਾਰੀ ਵਿਚ ਚੜ੍ਹਦੀ ਕਲਾ ਵਿਚ ਰਹਿਣਾ ਮੇਰੇ ਮਨ ਉਤੇ ਸਦਾ ਲਈ ਗਹਿਰਾ ਅਸਰ ਛਡ ਗਿਆ। ਅਮੋਲਕ ਦੀ ਜੀਵਨ ਨਾਲ ਜੁੜੀ ਸਭ ਤੋਂ ਮਹੱਤਵਪੂਰਨ ਚੀਜ਼ ਅਮਰੀਕਾ ਵਿਚ ਛਪਦਾ ਹਫ਼ਤਾਵਾਰੀ ‘ਪੰਜਾਬ ਟਾਈਮਜ਼’ ਹੈ। ਉਸ ਦੀ ਅਣਥੱਕ ਮਿਹਨਤ ਅਤੇ ਖੂਨ-ਪਸੀਨੇ ਨਾਲ ਸਿੰਜਿਆ ਇਹ ਖੂਬਸੂਰਤ ਬੂਟਾ ਦੁਨੀਆਂ ਭਰ ਵਿਚ ਵਸਦੇ ਪੰਜਾਬੀਆਂ ਨੂੰ ਇੰਟਰਨੈਟ ਰਾਹੀਂ ਅਤੇ ਛਪ ਕੇ ਪੜ੍ਹਾਉਣ ਰਾਹੀਂ ਆਪਣੀ ਸੇਵਾ ਨਿਭਾ ਰਿਹਾ ਹੈ।
ਇਸ ਦੀ ਸ਼ੋਭਾ ਅਤੇ ਹਰਮਨ-ਪਿਆਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਮੈਂ ਅਤੇ ਪੇਰੀ ਪਤਨੀ ਅਤੇ ਹੋਰ ਬਹੁਤ ਸਾਰੇ ਪਾਠਕ ਬੁੱਧਵਾਰ ਨੂੰ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਾਂ। ਸਾਡਾ ਨਾਸ਼ਤਾ ਵੀ ਇਸ ‘ਤੇ ਨਜ਼ਰ ਮਾਰਦਿਆਂ ਹੀ ਹੁੰਦਾ ਹੈ। ਹੋਰਾਂ ਦਿਨਾਂ ਨਾਲੋਂ ਉਸ ਦਿਨ ਸਿੱਧਾ-ਸਾਧਾ ਭੋਜਨ ਵੀ ਬਹੁਤ ਸੁਆਦਲਾ ਲਗਦਾ ਹੈ। ਕਿਸੇ ਦਿਨ ਵੈਬਸਾਈਟ ‘ਤੇ ਪਾਉਣ ਵਿਚ ਦੇਰੀ ਹੋ ਜਾਵੇ ਤਾਂ ਜਸਪ੍ਰੀਤ ਦੇ ਫੋਨ ਦੀ ਘੰਟੀ ਖੜਕਣ ਲਗ ਜਾਂਦੀ ਹੈ। ‘ਪੰਜਾਬ ਟਾਈਮਜ਼’ ਦੀ ਹੈਸੀਅਤ ਨੂੰ ਕਾਇਮ ਰਖਣ ਲਈ ਜਸਪ੍ਰੀਤ ਅਤੇ ਬਾਕੀ ਟੀਮ ਤਹਿ ਦਿਲੋਂ ਆਪਣਾ ਫਰਜ਼ ਨਿਭਾ ਰਹੀ ਹੈ।
ਖੁਸ਼ੀ ਦੀ ਗਲ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਸ ਵਿਚ ਕਈ ਨਵੇਂ ਫੀਚਰ ਪ੍ਰਕਾਸ਼ਿਤ ਕੀਤੇ ਜਾ ਰਹੇ ਹਨ। ਸਾਰੇ ਹੀ ਇਕ ਤੋਂ ਵੱਧ ਅਣੋਖੇ ਅਤੇ ਦਿਲਚਸਪ ਹਨ। ਪੁਰਾਣੇ, ਹੰਢੇ ਹੋਏ ਅਤੇ ਮੰਨੇ-ਪ੍ਰਮੰਨੇ ਲੇਖਕ ਆਪਣੀ ਕਿਰਤ ਨਾਲ ਇਸ ਦੀ ਸ਼ੋਭਾ ਵਧਾ ਰਹੇ ਹਨ। ਨਵੇਂ ਆਪਣੀ ਕਲਮ-ਅਜ਼ਮਾਈ ਨਾਲ ਆਪਣਾ ਭਵਿਖ ਰੌਸ਼ਨ ਕਰ ਰਹੇ ਹਨ। ‘ਪੰਜਾਬ ਟਾਈਮਜ਼’ ਉਨ੍ਹਾਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਹਰ ਅੰਕ ਵਿਚ ਕਿਸੇ-ਨਾ-ਕਿਸੇ ਵਡਮੁੱਲੀ ਕਿਤਾਬ ਦੀ ਜਾਣ-ਪਛਾਣ ਬਹੁਤ ਹੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ। ਸੱਚ ਪੁਛੋ ਤਾਂ ਇਸ ਜਾਣ-ਪਛਾਣ ਨਾਲ ਸਾਰੀ ਕਿਤਾਬ ਪੜ੍ਹਨ ਜਿਹਾ ਸੁਆਦ ਆ ਜਾਂਦਾ ਹੈ।
ਮੈਨੂੰ ਆਸ ਹੀ ਨਹੀਂ ਪੂਰਨ ਵਿਸ਼ਵਾਸ ਹੈ ਕਿ ਇਸਦੇ ਸਲਾਹਕਾਰਾਂ ਦਾ ਵਧਦਾ ਨੰਬਰ ਅਤੇ ਚੁਪ-ਚੁਪੀਤੇ ਸਹਾਇਤਾ ਕਰਨ ਦਾ ਸਲੀਕਾ ਇਸ ਨੂੰ ਆਰਥਕ ਪੱਖੋਂ ਹੋਰ ਮਜ਼ਬੂਤ ਕਰੇਗਾ। ਪਾਠਕਾਂ ਦਾ ਪਿਆਰ ਇਸ ਦੀ ਲੋਅ ਨੂੰ ਕਦੀ ਬੁਝਣ ਨਹੀਂ ਦੇਵੇਗਾ। ਨਿੱਤ ਨਵੇਂ ਰੰਗਾਂ ਦਾ ਇਹ ਖ਼ੂਬਸੂਰਤ ਗੁਲਦਸਤਾ ਆਪਣੀ ਭਿੰਨੀ-ਭਿੰਨੀ ਮਹਿਕ ਹਮੇਸ਼ਾਂ ਬਖੇਰਦਾ ਰਹੇਗਾ। ਹਰ ਨਵਾਂ ਇਸ਼ੂ ਪਿਆਰੇ ਅਮੋਲਕ ਦੀ ਯਾਦ ਨੂੰ ਤਾਜ਼ਾ ਕਰਦਾ ਰਹੇਗਾ। ਅੰਤ ਵਿਚ ਇਹੀ ਕਹਾਂਗਾ ‘ਪੰਜਾਬ ਟਾਈਮਜ਼ ਤੇਰੇ ਕਿਆ ਕਹਿਣੇ’।