ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਗੁਰੂ ਤੇਗ਼ ਬਹਾਦਰ ਜੀ ਨੂੰ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਖ਼ਾਤਰ 1675 ਵਿਚ ਔਰੰਗਜੇLਬ ਵਲੋਂ ਦਿੱਲੀ ਵਿਚ ਸ਼ਹੀਦ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਸਾਰ ਭਰ ਵਿਚ ਪਹਿਲੇ ਸ਼ਹੀਦ ਵਜੋਂ ਜਾਣਿਆ ਜਾਂਦਾ ਹੈ।
ਉਨ੍ਹਾਂ ਦੀਆਂ ਸਿੱਖਿਆਵਾਂ, ਸਮੁੱਚੀ ਸ਼ਖ਼ਸੀਅਤ ਅਤੇ ਸ਼ਹਾਦਤ ਨੇ ਭਵਿੱਖ ਨੂੰ ਬਹੁਤ ਸਾਰੇ ਪੱਖਾਂ ਤੋਂ ਪ੍ਰਭਾਵਤ ਕੀਤਾ। ਦਰਅਸਲ ਮਹਾਨ ਵਿਅਕਤੀਆਂ ਦੀਆਂ ਸ਼ਹਾਦਤਾਂ ਹੀ ਵਕਤ ਨੂੰ ਨਵਾਂ ਮੋੜ, ਨਵੀਂ ਦਿਸ਼ਾ ਅਤੇ ਨਵੀਂ ਦਿੱਖ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਰਾਹੀਂ ਕਿਸੇ ਕੌਮ ਦੀ ਵਿਲੱਖਣ ਪਛਾਣ ਦੀ ਸਿਰਜਣਾ ਹੁੰਦੀ ਹੈ। ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਦੋ ਤਰੀਕਿਆਂ ਨਾਲ ਸਿੱਖ ਇਤਿਹਾਸ ਅਤੇ ਸਰੋਕਾਰਾਂ ਨੂੰ ਪ੍ਰਭਾਵਤ ਕੀਤਾ।
ਖਾਲਸਾ ਪੰਥ ਦੀ ਸਿਰਜਣਾ:
ਜਦ ਭਾਈ ਜੈਤਾ ਜੀ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਅਨੰਦਪੁਰ ਸਾਹਿਬ ਲਿਆਏ ਤਾਂ ਉਸਨੂੰ ਦੇਖ ਕੇ 9 ਸਾਲ ਦੇ ਬਾਲ ਗੋਬਿੰਦ ਦੇ ਮਨ ‘ਤੇ ਇਸ ਕਹਿਰ, ਕਤਲ ਅਤੇ ਜ਼ੁਲਮ ਦਾ ਡੂੰਘਾ ਅਸਰ ਹੋਇਆ ਹੋਵੇਗਾ। ਬਾਲਮਨ ਨੇ ਸੋਚਿਆ ਤਾਂ ਜ਼ਰੂਰ ਹੋਵੇਗਾ ਕਿ ਇਹ ਕਿਉਂ ਹੋਇਆ? ਕਿਸ ਨੇ ਕੀਤਾ? ਮੇਰੇ ਬਾਪ ਦਾ ਕੀ ਕਸੂਰ ਸੀ? ਇਹ ਜਬਰ-ਜ਼ੁਲਮ ਕਿਉਂ ਢਾਇਆ ਗਿਆ? ਬਾਪ ਦਾ ਸਾਇਆ ਸਿਰੋਂ ਉਠ ਜਾਵੇ ਤਾਂ ਬੱਚੇ ਲਈ ਸਾਰਾ ਜਹਾਨ ਹੀ ਬੇਗਾਨਾ ਹੋ ਜਾਂਦਾ ਹੈ। ਬਾਲ ਗੋਬਿੰਦ ਦੇ ਮਨ ਵਿਚ ਉਠੀ ਪੀੜਾ, ਗੁੱਸਾ ਤੇ ਵੇਦਨਾ ਨੇ ਹੌਲੀ-ਹੌਲੀ ਰੋਹ ਦਾ ਰੂਪ ਧਾਰਿਆ ਹੋਵੇਗਾ। ਤਾਂ ਹੀ ਗੁਰੂ ਜੀ ਬਚਿੱਤਰ ਨਾਟਕ ਵਿਚ ਆਪਣੇ ਬਾਪ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ ਸਮੇਂ ਨੂੰ ਯਾਦ ਕਰਦਿਆਂ ਉਚਾਰਦੇ ਹਨ;
“ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਨਾ ਪਯਾਨ।
ਤੇਗ਼ ਬਹਾਦਰ ਸੀ ਕ੍ਰਿਆ ਕਰੀ ਨਾ ਕਿਨਹੂੰ ਆਨ।
ਤੇਗ਼ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ।
ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ।
ਜਿਉਂ ਜਿਉਂ ਬਾਲ ਗੋਬਿੰਦ ਜੀ ਜਵਾਨ ਹੋਏ, ਉਨ੍ਹਾਂ ਨੇ ਜ਼ਾਲਮਾਨਾ ਸਥਿਤੀਆਂ ਦਾ ਟਾਕਰਾ ਕਰਨ ਲਈ ਇਕ ਸੰਗਠਿਤ ਜੰਗਜੁ ਕੌਮ ਨੂੰ ਤਿਆਰ ਕਰਨ ਦਾ ਮਨ ਵਿਚ ਧਾਰਿਆ ਜੋ ਧਰਮ, ਜਾਤ, ਰੰਗ, ਨਸਲ ਜਾਂ ਕੌਮ ਤੋਂ ਉਪਰ ਉਠ ਕੇ ਜ਼ੁਲਮ ਅਤੇ ਜਬਰ ਦਾ ਟਾਕਰਾ ਕਰ ਸਕੇ। ਸ਼ਹਾਦਤ ਤੋਂ ਪੂਰੇ 24 ਸਾਲ ਬਾਅਦ, 33 ਸਾਲ ਦੀ ਉਮਰ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕਰਨ ਲਈ 1699 ਦੀ ਵਿਸਾਖੀ ਨੂੰ ਚੁਣਿਆ। ਦਰਅਸਲ ਗੁਰੂ ਗੋਬਿੰਦ ਸਿੰਘ ਜੀ ਨੂੰ ਅਹਿਸਾਸ ਹੋ ਗਿਆ ਸੀ ਕਿ;
“ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ
ਹਲਾਲ ਅਸਤਨ ਬੁਰਦਨ ਬ ਸ਼ਮਸ਼ੀਰ ਏ ਦਸਤ।”
ਸੋ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ, ਜਜ਼ਬੇ ਅਤੇ ਜਜ਼ਬਾਤਾਂ ਨੂੰ ਜਰਬ ਦਿੱਤੀ ਜੋ ਖਾਲਸਾ ਪੰਥ ਦੀ ਸਿਰਜਣਾ ਦਾ ਅਧਾਰ ਬਣੀ ਅਤੇ ਸਿੱਖ ਕੌਮ ਨੇ ਲਾਸਾਨੀ ਕੁਰਬਾਨੀਆਂ ਅਤੇ ਬੇਮਿਸਾਲ ਬਹਾਦਰੀ ਦਾ ਇਤਿਹਾਸ ਸਿਰਜਿਆ ਅਤੇ ਸਿਰਜ ਰਿਹਾ ਹੈ।
ਜਬਰ ਤੇ ਜ਼ੁਲਮ ਦਾ ਸੰਗਠਿਤ ਰੂਪ ਵਿਚ ਟਾਕਰਾ;
ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਦੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਨੇ ਸਮੇਂ ਦੇ ਹਾਕਮਾਂ ਦਾ ਤਸ਼ਦੱਦ ਸਹਿੰਦਿਆਂ, ‘ਤੇਰਾ ਕੀਆ ਮੀਠਾ ਲਾਗੈ’ ਅਨੁਸਾਰ ਸ਼ਹਾਦਤ ਦਿਤੀ। ਗੁਰੂ ਹਰਗੋਬਿੰਦ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰ ਕੇ ਅਧਿਆਤਮਿਕਤਾ ਦੇ ਨਾਲ-ਨਾਲ, ਜੁLਲਮ ਖ਼ਿਲਾਫ਼ ਤਲਵਾਰ ਉਠਾਉਣ ਦੀ ਲੋੜ `ਤੇ ਜ਼ੋਰ ਦਿਤਾ। ਪਰ ਸਮੁੱਚੀ ਸਿੱਖੀ ਸੋਚ ਵਿਚ ਜੁLਲਮ, ਅਨਿਆਂ, ਬੇਇਨਸਾਫ਼ੀ ਅਤੇ ਧਾਰਮਿਕ ਕੱਟੜਤਾ ਵਿਰੁੱਧ ਸੰਗਠਿਤ ਰੂਪ ਵਿਚ ਵਿਰੋਧ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਹੀ ਸ਼ੁਰੂ ਹੋਇਆ। ਯਾਦ ਰਹੇ ਕਿ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਨਾ ਤਾਂ ਕਿਸੇ ਖਾਸ ਧਰਮ ਵਾਸਤੇ ਸੀ ਅਤੇ ਨਾ ਹੀ ਕਿਸੇ ਖਾਸ ਧਰਮ ਜਾਂ ਹਾਕਮ ਵਿਰੁੱਧ ਸੀ। ਦਰਅਸਲ ਗੁਰੂ ਜੀ ਦੀ ਕੁਰਬਾਨੀ ਤਾਂ ਧਾਰਮਿਕ ਆਜ਼ਾਦੀ ਲਈ ਸੀ ਅਤੇ ਹਰ ਉਸ ਧਰਮ ਵਿਰੁੱੱਧ ਸੀ ਜਿਹੜਾ ਕਿਸੇ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਲਈ ਮਜਬੂਰ ਕਰਦਾ ਹੈ। ਇਹ ਵਿਰੋਧ ਕਿਸੇ ਖਾਸ ਹਾਕਮ ਵਿਰੁੱਧ ਵੀ ਨਹੀਂ ਸੀ। ਸਿਰਫ਼ ਜ਼ਾਲਮ ਅਤੇ ਜਬਰ ਢਾਹੁਣ ਵਾਲੇ ਹਾਕਮ ਵਿਰੁੱਧ ਸੀ।
ਸੋਚਣ ਵਾਲੀ ਗੱਲ ਇਹ ਹੈ ਕਿ ਕੀ ਮੌਜੂਦਾ ਦੌਰ ਵਿਚ ਵੀ ਅਜੇਹਾ ਵਾਪਰ ਰਿਹੈ? ਕੌਣ ਜਬਰੀ ਧਰਮ ਪਰਿਵਰਤਨ ਕਰਵਾ ਰਿਹਾ ਅਤੇ ਕੌਣ ਧਾਰਮਿਕ ਨਫ਼ਰਤ ਫੈਲਾ ਰਿਹਾ ਹੈ? ਅਜੇਹੇ ਸਮਿਆਂ ਵਿਚ ਗੁਰੂ ਜੀ ਦੀਆਂ ਸਿੱਖਿਆਵਾਂ ਅਤੇ ਸ਼ਹਾਦਤ ਦੀ ਸਭ ਤੋਂ ਜ਼ਿਆਦਾ ਪ੍ਰਸੰਗਤਾ ਹੈ। ਕੀ ਅਸੀਂ ਸਿਰਫ਼ ਸ਼ਤਾਬਦੀਆਂ ਮਨਾਉਣ ਤੀਕ ਹੀ ਸੀਮਤ ਹਾਂ? ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਕਿਉਂ ਅਵੇਸਲੇ ਹੋ ਗਏ? ਇਹ ਸੋਚਣ ਦੀ ਲੋੜ ਹੈ।
ਗੁਰੂ ਤੇਗ਼ ਬਹਾਦਰ ਜੀ ਦੀਆਂ ਸਮੁੱਚੀਆਂ ਸਿੱਖਿਆਵਾਂ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ, ਜੋ ਅਜੋਕੇ ਦੌਰ ਵਿਚ ਬਹੁਤ ਪ੍ਰਸੰਗਕ ਹਨ। ਜੇ ਅਸੀਂ ਆਪਣੇ ਵਿਰਸੇ ਨੂੰ ਬਚਾਉਣਾ ਹੈ, ਧਰਮ ਦੀਆਂ ਮੂਲ ਧਾਰਨਾਵਾਂ ਦੇ ਪਹਿਰੇਦਾਰ ਬਣਨਾ ਹੈ ਅਤੇ ਆਪਣੀ ਵਿਰਾਸਤ ਨੂੰ ਅਗਲੀ ਪੀੜ੍ਹੀ ਦੇ ਨਾਮ ਲਾਉਣਾ ਹੈ ਤਾਂ ਸਾਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰਨੀ ਪਵੇਗੀ ਕਿ ਕੀ ਅਸੀਂ ਗੁਰੂ ਜੀ ਦੇ ਸੱਚੇ ਸਿੱਖ ਹਾਂ ਜਾਂ ਸਿਰਫ਼ ਸਿੱਖ ਅਖਵਾਉਣ ਤੀਕ ਹੀ ਸੀਮਤ ਹਾਂ?
• ਸਮਾਜਿਕ ਨਿਆਂ ਅਤੇ ਸਮਾਨਤਾ:
ਗੁਰੂ ਤੇਗ਼ ਬਹਾਦਰ ਜੀ ਦਾ ਉਪਦੇਸ਼ ਹੈ ਕਿ ਸਾਰੇ ਮਨੁੱਖ ਬਰਾਬਰ ਹਨ ਅਤੇ ਕਿਸੇ ਨਾਲ ਵੀ ਜਾਤ, ਧਰਮ, ਰੰਗ, ਨਸਲ ਜਾਂ ਲਿੰਗ ਦੇ ਆਧਾਰ ‘ਤੇ ਕਿਸੇ ਵੀ ਕਿਸਮ ਦਾ ਧਾਰਮਿਕ, ਸਮਾਜਿਕ, ਆਰਥਿਕ ਆਦਿ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਕੀ ਦੁਨੀਆਂ ਭਰ ਵਿਚ ਅਜੇਹਾ ਅਸਾਵਾਂਪਣ ਖਤਮ ਹੋ ਗਿਆ ਹੈ? ਕੀ ਸੰਸਾਰ ਪੱਧਰ ‘ਤੇ ਇਸ ਪ੍ਰਤੀ ਚੇਤਨਤਾ ਪੈਦਾ ਕਰਨ ਲਈ ਅਸੀਂ ਕੋਈ ਠੋਸ ਯਤਨ ਵੀ ਕੀਤੇ ਹਨ? ਕੀ ਸਿੱਖਾਂ ਵਿਚ ਵੀ ਅਜੇਹੀ ਅਸਮਾਨਤਾ ਬਰਕਰਾਰ ਹੈ ਜਿਸਨੂੰ ਸਾਡੇ ਗੁਰੂ ਸਾਹਿਬਾਨ ਨੇ ਖਤਮ ਕਰਨ ‘ਤੇ ਜ਼ੋਰ ਦਿੱਤਾ ਸੀ? ਅਫ਼ਸੋਸ ਕਿ ਅਸੀਂ ਤਾਂ ਜਾਤਾਂ ਦੇ ਨਾਮ ‘ਤੇ ਆਪਣੇ ਗੁਰੁਦਆਰੇ ਹੀ ਬਣਾ ਲਏ ਹਨ।
• ਹਿੰਮਤ ਅਤੇ ਕੁਰਬਾਨੀ:
ਗੁਰੂ ਜੀ ਦਾ ਮਹਾਂ ਵਾਕ,
“ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ।
ਕਹੁ ਨਾਨਕ ਸੁਨਿ ਰੇ ਮਨ ਗਿਆਨੀ ਤਾਹਿ ਬਖਾਨਿ।”
ਜੋ ਜਿੰLਦਾਦਿਲੀ ਨਾਲ ਨਿਡਰ ਹੋ ਕੇ ਸਚਾਈ ਦਾ ਸਾਥ ਦੇਣ ਦੀ ਪ੍ਰੇਰਨਾ ਦਿੰਦਾ ਹੈ। ਗੁਰੂ ਤੇਗ਼ ਬਹਾਦਰ ਜੀ ਦਾ ਸਮੇਂ ਦੇ ਜ਼ੋਰਾਵਰ ਹਾਕਮਾਂ ਸਾਹਵੇਂ ਬੇਖ਼ੌਫ਼ ਹੋ ਕੇ ਸੱਚ ਕਹਿਣਾ, ਦਲੇਰੀ ਦਿਖਾਉਣਾ ਅਤੇ ਸ਼ਹਾਦਤ ਪ੍ਰਾਪਤ ਕਰਨਾ, ਇਕ ਅਜੇਹਾ ਜਜ਼ਬਾ ਸੀ ਜਿਸਨੂੰ ਬੇਦਰਦ ਹਾਕਮ ਵੀ ਦੇਖਦਾ ਰਹਿ ਗਿਆ। ਹਾਕਮ ਹੈਰਾਨ ਤੇ ਪਰੇਸ਼ਾਨ ਸੀ ਕਿ ਕੋਈ ਵਿਅਕਤੀ ਕਿਸੇ ਹੋਰ ਧਰਮ ਦੀ ਧਾਰਮਿਕ ਆਜ਼ਾਦੀ ਦੀ ਬਰਕਰਾਰੀ ਲਈ ਆਪਣੀ ਜਿੰਦ ਵੀ ਕੁਰਬਾਨ ਕਰ ਸਕਦੈ?
ਆਲੇ-ਦੁਆਲੇ ਝਾਤੀ ਮਾਰ ਕੇ ਦੇਖਣਾ ਕਿ ਕਿੰਨੇ ਕੁ ਲੋਕ ਨੇ ਜੋ ਸਮਾਜਿਕ ਤੇ ਧਾਰਮਿਕ ਬੇਇਨਸਾਫ਼ੀਆਂ ਦੇ ਸਾਹਮਣੇ ਹਿੱਕ ਡਾਹੁੰਦੇ। ਬਹੁਤੇ ਲੋਕ ਤਾਂ ਅਜੇਹੇ ਮੌਕਿਆਂ ‘ਤੇ ਆਪਣੇ ਨਿੱਜੀ ਮੁਫ਼ਾਦ ਜਾਂ ਰਾਜਸੀ ਹਿੱਤਾਂ ਲਈ ਆਪਣੀ ਜ਼ਮੀਰ ਦਾ ਸੌਦਾ ਵੀ ਕਰ ਲੈਂਦੇ ਹਨ। ਗੁਰੂ ਜੀ ਦੀਆਂ ਸਿੱਖਿਆਵਾਂ ਤੋਂ ਸੇਧ ਲੈਣ ਦੀ ਬਜਾਏ ਅਸੀਂ ਤਾਂ ਸਗੋਂ ਕੁਰਾਹੇ ਪੈ ਚੁੱਕੇ ਹਾਂ।
• ਅੰਤਰ-ਧਰਮ ਸਦਭਾਵਨਾ ਅਤੇ ਸਤਿਕਾਰ:
ਗੁਰੂ ਤੇਗ਼ ਬਹਾਦਰ ਜੀ ਦਾ ਸਾਰੇ ਧਰਮਾਂ ਪ੍ਰਤੀ ਸਦਭਾਵਨਾ ਅਤੇ ਸਤਿਕਾਰ ਦਾ ਸਿਖਰ ਹੀ ਸੀ ਕਿ ਉਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ। ਗੁਰੂ ਜੀ ਦਾ ਮੰਨਣਾ ਸੀ ਕਿ ਧਰਮ ਨੂੰ ਮੰਨਣਾ, ਰਹੁਰੀਤਾਂ ਅਤੇ ਮਰਿਆਦਾਵਾਂ ਨੂੰ ਅਪਨਾਉਣਾ, ਹਰੇਕ ਦਾ ਨਿੱਜੀ ਹੱਕ ਹੈ। ਇਸ ਵਿਚ ਕਿਸੇ ਦੀ ਕੋਈ ਦਖ਼ਲ-ਅੰਦਾਜ਼ੀ ਨਹੀਂ ਹੋਣੀ ਚਾਹੀਦੀ ਅਤੇ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪਰ ਕੀ ਅਜੋਕੇ ਸਮਾਜਿਕ ਵਰਤਾਰੇ ਵਿਚ ਅਜੇਹਾ ਹੋ ਰਿਹਾ ਹੈ? ਧਾਰਮਿਕ ਸੰਕੀਰਨਤਾ ਅਤੇ ਕੱਟੜਤਾ ਨੇ ਸਾਨੂੰ ਨਿੱਕੇ-ਨਿੱਕੇ ਦਾਇਰਿਆਂ ਵਿਚ ਵੰਡ ਦਿਤਾ ਹੈ। ਅਸੀਂ ਵਸੀਹ ਹੋਣ ਦੀ ਬਜਾਏ ਸੁੰਘੜ ਗਏ ਹਾਂ ਅਤੇ ਇਹੀ ਸੁੰਘੜਨਾ ਸਾਨੂੰ ਅਸਹਿਣਸ਼ੀਲ ਅਤੇ ਤਰਕਹੀਣ ਬਣਾ ਰਿਹਾ ਹੈ। ਜਦ ਕਿਸੇ ਕੌਮ ਕੋਲੋਂ ਤਰਕ, ਦਲੀਲ ਅਤੇ ਸਹਿਚਾਰ ਗੁੰਮ ਹੋ ਜਾਵੇ ਤਾਂ ਅਜੇਹੀ ਕੌਮ ਦੀ ਗਰਕਣੀ ਨੂੰ ਕੋਈ ਨਹੀਂ ਰੋਕ ਸਕਦਾ? ਜਦ ਧਾਰਮਿਕ ਆਗੂ ਹੀ ਤੁਹਮਤਬਾਜ਼ੀ ‘ਤੇ ਉਤਰ ਆਉਣ ਤਾਂ ਗੁਰੂ ਦੀਆਂ ਸਿਖਿਆਵਾਂ ਦੇ ਕੀ ਅਰਥ ਰਹਿ ਜਾਂਦੇ ਨੇ? ਅਸੀਂ ਕਿਸ ਤਰ੍ਹਾਂ ਦੇ ਸਿੱਖ ਹਾਂ? ਬਹੁਤ ਗੰਭੀਰ ਸਵਾਲ ਸਾਡੇ ਸਾਰਿਆਂ ਦੇ ਸਨਮੁੱਖ ਹੈ ਜਿਸਦਾ ਜਵਾਬ ਵੀ ਸਾਨੂੰ ਆਪਣੇ ਅੰਦਰੋਂ ਹੀ ਲੱਭਣਾ ਪਵੇਗਾ।
ਮਾਨਸਿਕ ਸਕੂਨ ਅਤੇ ਅੰਤਰੀਵੀ ਸੁਖਨ
ਗੁਰੂ ਤੇਗ਼ ਬਹਾਦਰ ਜੀ ਦੀਆਂ ਸਿੱਖਿਆਵਾਂ ਉਨ੍ਹਾਂ ਲੋਕਾਂ ਦਾ ਮਾਰਗ-ਦਰਸ਼ਨ ਕਰਦੀਆਂ ਹਨ ਜੋ ਭਟਕਣਾ ਨੂੰ ਤਿਆਗ, ਮਾਨਸਿਕ ਸ਼ਾਂਤੀ ਅਤੇ ਸੰਤੁਸ਼ਟਮਈ ਜੀਵਨ-ਜਾਚ ਦੇ ਢੂੰਡਾਉ ਹਨ। ਇਹ ਸਾਨੂੰ ਆਪਣੇ ਆਪ ਨਾਲ ਜੋੜਦੀਆਂ, ਆਪਣੇ ਅੰਦਰੋਂ ਹੀ ਸੁੱਖ ਅਤੇ ਸ਼ਾਂਤੀ ਨੂੰ ਪ੍ਰਾਪਤ ਕਰਨ ਦੀ ਤਰਕੀਬ ਦੱਸਦੀਆਂ ਹਨ। ਗੁਰੂ ਤੇਗ਼ ਬਹਾਦਰ ਜੀ ਦੇ ਆਦਿ-ਗ੍ਰੰਥ ਵਿਚ ਸ਼ਾਮਲ 59 ਸ਼ਬਦ ਅਤੇ ਸਲੋਕਾਂ ਨੂੰ ਪੜ੍ਹ, ਸਮਝ ਅਤੇ ਜੀਵਨ-ਜੁਗਤੀ ਦਾ ਹਿੱਸਾ ਬਣਾ ਕੇ ਅਸੀਂ ਆਪਣੇ ਜੀਵਨ ਨੂੰ ਸੁਖ਼ਨਮਈ, ਸਕੂਨਮਈ ਅਤੇ ਸਹਿਜਮਈ ਬਣਾ ਸਕਦੇ ਹਾਂ। ਗੁਰੂ ਜੀ ਬਾਣੀ ਵਿਚ ਫੁਰਮਾਉਂਦੇ ਹਨ:
“ਜੋ ਨਰ ਦੁਖ ਮੈ ਦੁਖ ਨਹੀ ਮਾਨੈ
ਸੁਖ ਸਨੇਹ ਅਰੂ ਭੈ ਨਹੀ ਜਾ ਕੇ ਕੰਚਨ ਮਾਟੀ ਮਾਨੈ। ਰਹਾਉ।
ਨਹ ਨਿੰਦਿਆ ਨਹ ਉਸਤਿਤ ਜਾ ਕੈ ਲੋਭੁ ਮੋਹੁ ਅਭਿਮਾਨਾ।
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ।
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੇ ਨਿਆਸਾ
ਕਾਮ ਕ੍ਰੋਧ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮ ਨਿਵਾਸਾ।
ਜਾਂ
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ।
ਇਹ ਮਾਰਗੁ ਸੰਸਾਰ ਕੋ ਨਾਨਕ ਥਿਰ ਨਹੀ ਕੋਇ।
ਇਹ ਸ਼ਬਦ ਸੁੰਦਰ ਜੀਵਨ-ਸ਼ੈਲੀ ਦਾ ਸਾਰ ਹਨ। ਕੀ ਅਸੀਂ ਸ਼ਬਦ-ਜੋਤ ਨੂੰ ਸਿਰਫ਼ ਪੜ੍ਹਨ ਤੀਕ ਤਾਂ ਸੀਮਤ ਨਹੀਂ ਰਹੇ? ਕੀ ਕਦੇ ਅਸੀਂ ਇਸ ਸ਼ਬਦ-ਸੋਚ ਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਬਣਾਇਆ ਹੈ? ਜ਼ਰਾ ਕੱਲੇ ਬਹਿ ਕੇ ਸੋਚਣਾ?
ਗੁਰੂ ਜੀ ਦੀ 1675 ਵਿਚ ਹੋਈ ਸ਼ਹਾਦਤ ਤੋਂ ਬਾਅਦ ਇਸ ਸ਼ਹਾਦਤ ਨੂੰ ਨਮਨ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਚੰਦਰ ਸੈਨ ਸੈਨਾਪਤੀ ਨੇ ਆਪਣੀ ਕਵਿਤਾ ‘ਸ੍ਰੀ ਗੁਰ ਸੋਭਾ’ ਵਿਚ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਬਾਰੇ ਲਿਖਿਆ ਸੀ;
“ਪ੍ਰਗਟ ਭਈ ਗੁਰ ਤੇਗ਼ ਬਹਾਦਰ ਸਗਲ ਸ਼੍ਰਿਸ਼ਟ ਪੇ ਧਾਪੀ ਚਾਦਰ”
ਯਾਨੀ ਗੁਰੂ ਤੇਗ਼ ਬਹਾਦਰ ਜੀ ਨੂੰ ‘ਸ਼੍ਰਿਸ਼ਟੀ ਦੀ ਚਾਦਰ’ ਕਹਿ ਕੇ ਉਚਤਮ ਮਾਣ ਬਖ਼ਸ਼ਿਆ ਸੀ। ਗੁਰੂ ਤੇਗ਼ ਬਹਾਦਰ ਜੀ ਦੀਆਂ ਸਿਖਿਆਵਾਂ ਅਤੇ ਸ਼ਹਾਦਤ ਸਮੁੱਚੀ ਲੋਕਾਈ ਲਈ ਹਨ। ਉਨ੍ਹਾਂ ਨੇ ਹਰ ਮਨੁੱਖ ਦੇ ਅਧਿਕਾਰਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਉਹ ਸਮੁੱਚੀ ਮਾਨਵਤਾ ਦੇ ਰਹਿਬਰ ਹਨ ਅਤੇ ਦੁਨੀਆਂ ਦਾ ਹਰ ਮਨੁੱਖ ਉਨ੍ਹਾਂ ਦੀ ਸੋਚ ਅਤੇ ਸੰਵੇਦਨਾ ਵਿਚ ਸਮਾਇਆ ਹੋਇਆ ਹੈ।
ਫਿਰ ਅਸੀਂ ਗੁਰੂ ਤੇਗ਼ ਬਹਾਦਰ ਜੀ ਨੂੰ ‘ਧਰਮ ਦੀ ਚਾਦਰ’ ਕਹਿ, ਸਿਰਫ਼ ਇਕ ਧਰਮ ਤੀਕ ਹੀ ਸੀਮਤ ਕਰ ਦਿਤਾ ਜਦ ਕਿ ਉਨ੍ਹਾਂ ਦੀ ਸ਼ਹਾਦਤ ਸੰਸਾਰ ਦੇ ਸਾਰੇ ਧਰਮਾਂ ਲਈ ਸੀ ਕਿ ਹਰੇਕ ਨੂੰ ਆਪਣੀ ਇੱਛਾ ਅਨੁਸਾਰ ਧਰਮ ਅਪਨਾਉਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਹੁਣ ਤਾਂ ਗੁਰੂ ਜੀ ਦੀ ਸ਼ਹਾਦਤ ਨੂੰ ਸਿਰਫ਼ ਇਕ ਖਿੱਤੇ ਤੀਕ ਸੀਮਤ ਕਰਦਿਆਂ ‘ਹਿੰਦ ਦੀ ਚਾਦਰ’ ਕਹਿਣ ਲੱਗ ਪਏ ਹਾਂ। ਬਹੁਤ ਫਰਕ ਹੈ, ‘ਸ਼੍ਰਿਸ਼ਟੀ ਦੀ ਚਾਦਰ’, ‘ਧਰਮ ਦੀ ਚਾਦਰ’ ਅਤੇ ‘ਹਿੰਦ ਦੀ ਚਾਦਰ’ ਵਿਚ। ਜਾਂ ਤਾਂ ਅਸੀਂ ਹੀ ਭੋਲੇ ਹਾਂ ਜਾਂ ਗੁਰੂ ਨੂੰ ‘ਸ਼ਿL੍ਰਸ਼ਟੀ ਦੀ ਚਾਦਰ’ ਤੋਂ ‘ਧਰਮ ਦੀ ਚਾਦਰ’ ਅਤੇ ਫਿਰ ‘ਹਿੰਦ ਦੀ ਚਾਦਰ’ ਕਹਿਣ ਵਾਲੇ ਬਹੁਤ ਚਲਾਕ ਹਨ। ਉਹ ਗੁਰੂ ਜੀ ਦੀ ਅਦੁੱਤੀ ਸ਼ਹਾਦਤ ਨੂੰ ਨੀਵਾਂ ਦਿਖਾਉਣ ਲਈ ਇਹ ਸਭ ਕੁਝ ਕਰਦੇ ਰਹੇ ਅਤੇ ਅਸੀਂ ਸਮਝ ਹੀ ਨਾ ਸਕੇ। ਇਹ ਕੌਣ ਕਰ ਰਿਹਾ ਹੈ? ਕਿਹੜੇ ਲੋਕ ਨੇ ਜੋ ਮਹਾਨ ਕੁਰਬਾਨੀ ਨੂੰ ਸੀਮਤ ਕਰ ਕੇ, ਇਸ ਕੁਰਬਾਨੀ ਦਾ ਸੰਦੇਸ਼ ਸਮੁੱਚੀ ਲੋਕਾਈ ਤੀਕ ਪਹੁੰਚਾਣ ਤੋਂ ਰੋਕਣ ਲਈ ਅਸਿੱਧੇ ਰੂਪ ਵਿਚ ਕੋਸ਼ਿਸ਼ ਕਰ ਰਹੇ ਹਨ? ਸਾਨੂੰ ਇਹ ਤਾਂ ਸਮਝਣਾ ਹੀ ਪਵੇਗਾ।
ਦਰਅਸਲ ਕੁਝ ਕੁ ਲੋਕਾਂ ਦੀ ਸੰਕੀਰਨਤਾ ਹੁੰਦੀ ਕਿ ਉਹ ਕਿਸੇ ਮਹਾਨ ਵਿਅਕਤੀ ਦੀ ਵਡਿਆਈ ਨੂੰ ਸੀਮਤ ਕਰ ਕੇ ਆਪਣੀ ਹਉਮੈਂ ਨੂੰ ਪੱਠੇ ਪਾਉਂਦੇ। ਅੰਗਰੇਜ਼ ਫ਼ਿਲਾਸਫ਼ਰ ਵਿਲਸਨ ਸਭਿਆਚਾਰਕ ਪ੍ਰਤੀਕਾਂ ਨੂੰ ਰਾਜਸੀ ਅਤੇ ਸਵਾਰਥੀ ਹਿੱਤਾਂ ਲਈ ਵਰਤਣ ਪ੍ਰਤੀ ਸੁਚੇਤ ਕਰਦਿਆਂ ਕਹਿੰਦਾ ਹੈ, “ਦੂਜਿਆਂ ਦੇ ਕੀਤੇ ਅਤਿਆਚਾਰਾਂ ਤੋਂ ਲਾਭ ਉਠਾਉਣਾ ਅਤੇ ਰਾਜਨੀਤਕ ਲੋਭ ਲਈ ਹੋਰ ਸਭਿਆਚਾਰਾਂ ਦਾ ਸ਼ੋਸ਼ਣ ਕਰਨਾ, ਸਮਾਨਤਾ ਅਤੇ ਮੁਕਤੀ ਲਈ ਕੀਤੇ ਜਾਣ ਵਾਲੇ ਲੋਕ-ਸੰਘਰਸ਼ਾਂ ਨੂੰ ਕਮਜ਼ੋਰ ਕਰਦਾ ਹੈ।”
ਕੀ ਗੁਰੂ ਤੇਗ਼ ਬਹਾਰਦਰ ਜੀ ਦੀ ਸ਼ਹਾਦਤ ਨੂੰ ਕਿਸੇ ਖ਼ਾਸ ਧਰਮ ਅਤੇ ਖਿੱਤੇ ਤੀਕ ਸੀਮਤ ਕਰ ਕੇ, ਕੋਈ ਧਿਰ ਆਪਣੇ ਮੁਫ਼ਾਦ ਦੀ ਪੂਰਤੀ ਤਾਂ ਨਹੀਂ ਕਰ ਰਹੀ? ਕੀ ਗੁਰੂ ਜੀ ਦੀ ਲਾਸਾਨੀ ਸ਼ਹਾਦਤ ਨੂੰ ਨਿੱਜੀ ਹਿੱਤਾਂ ਲਈ ਵਰਤਣਾ ਕਿਸੇ ਨੂੰ ਸ਼ੋਭਾ ਦਿੰਦਾ ਹੈ? ਇਸ ਪ੍ਰਤੀ ਤਾਂ ਸਾਨੂੰ ਹੀ ਫ਼ਿਕਰਮੰਦ ਅਤੇ ਸਾਵਧਾਨ ਹੋਣ ਦੀ ਲੋੜ ਹੈ। ਸ਼ਹਾਦਤਾਂ ਦੇ ਮਾਣਮੱਤੇ ਇਤਿਹਾਸ ਨੂੰ ਦੁਨੀਆਂ ਸਾਹਵੇਂ ਰੱਖੀਏ ਤਾਂ ਕਿ ਸਮੁੱਚੀ ਲੋਕਾਈ ਇਹ ਜਾਣ ਸਕੇ ਕਿ ਸਿੱਖ ਧਰਮ ਕਿਹੋ ਜਹੀਆਂ ਕੁਰਬਾਨੀਆਂ ਦਾ ਮੁਜੱਸਮਾ ਹੈ ਜਿਸ ਤੋਂ ਜ਼ਿਆਦਾਤਰ ਲੋਕ ਅਣਜਾਣ ਹਨ।
ਯਾਦ ਰੱਖਣਾ! ਆਪਣੀ ਗੌਰਵਮਈ ਵਿਰਾਸਤ ਨੂੰ ਭੁੱਲਣ ਵਾਲੀਆਂ ਕੌਮਾਂ ਬਹੁਤ ਜਲਦੀ ਇਤਿਹਾਸ ਦੇ ਵਰਕਿਆਂ ਤੋਂ ਮਿਟ ਜਾਂਦੀਆਂ ਹਨ ਜਦ ਕਿ ਆਪਣੇ ਵਿਰਸੇ ਨਾਲ ਜੁੜਨ ਅਤੇ ਇਸਦੀ ਮਾਣ ਮਰਿਆਦਾ ਨੂੰ ਹਰ ਦਮ ਅੱਗੇ ਤੋਰਨ ਵਾਲੀਆਂ ਕੌਮਾਂ ਹਰ ਯੁੱਗ ਦਾ ਮਾਣ ਹੁੰਦੀਆਂ ਹਨ।
ਸਾਡਾ ਭਵਿੱਖ ਬਹੁਤ ਰੌਸ਼ਨ ਹੋਵੇਗਾ ਜਦ ਅਸੀਂ ਗੁਰੂ ਜੀ ਦੀ ਸ਼ਹਾਦਤ ਨੂੰ ਨਤਮਸਤਕ ਹੁੰਦਿਆਂ, ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਸੁਚਾਰੂ ਰੂਪ ਵਿਚ ਪ੍ਰਚਾਰਾਂਗੇ। ਇਸ ਨਾਲ ਅਸੀਂ ਮਾਣਮੱਤੀ ਵਿਰਾਸਤ ਨੂੰ ਜਿਉਂਦਾ ਰੱਖਣ ਅਤੇ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਅਹਿਦ ਵੀ ਪੂਰਾ ਕਰਾਂਗੇ।
‘ਕੇਰਾਂ ਜ਼ਰੂਰ ਸੋਚਣਾ ਕਿ ਅਸੀਂ ਕਿਥੇ ਖੜ੍ਹੇ ਹਾਂ?
