ਫ਼ਿਲਮ ਇਸਤਰੀ-2 ਦੀ ਰਿਕਾਰਡ ਤੋੜ ਕਾਮਯਾਬੀ ਤੋਂ ਬਾਅਦ ਅਦਾਕਾਰਾ ਸ਼ਰਧਾ ਕਪੂਰ ਲਗਾਤਾਰ ਚਰਚਾ ਵਿਚ ਬਣੀ ਹੋਈ ਹੈ। ਉਸ ਦੀ ਇਹ ਫ਼ਿਲਮ ਸਾਲ 2024 ਦੀ ਸਭ ਤੋਂ ਵੱਡੀ ਅਤੇ ਹਿੰਦੀ ਵਿਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਸਾਬਤ ਹੋਈ। ‘ਗ਼ਦਰ-2’ ਅਤੇ ‘ਜਵਾਨ’ ਦੇ ਰਿਕਾਰਡ ਵੀ ਤੋੜ ਦਿੱਤੇ।।
ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਫ਼ਿਲਮ ਨਿਰਮਾਤਾ ਏਕਤਾ ਕਪੂਰ ਨੇ ਆਪਣੀ ਆਉਣ ਵਾਲੀ ਫ਼ਿਲਮ ‘ਵੁਮੈਨ ਸੇਂਟ੍ਰਿਕ’ ਫ਼ਿਲਮ ਲਈ ਸ਼ਰਧਾ ਕਪੂਰ ਨੂੰ ਪਹੁੰਚ ਕੀਤੀ ਸੀ। ‘ਤੁੰਬਾੜ’ ਫੇਮ ਰਾਹੀ ਅਨਿਲ ਬਰਵੇ ਇਸ ਫ਼ਿਲਮ ਨੂੰ ਨਿਰਦੇਸ਼ਿਤ ਕਰਨ ਵਾਲੇ ਸਨ।
ਪਰ ਜੇਕਰ ਖ਼ਬਰਾਂ ਵੱਲ ਦੇਖੀਏ ਤਾਂ ਸ਼ਰਧਾ ਕਪੂਰ ਨੇ ਫ਼ਿਲਮ ਲਈ ਏਕਤਾ ਕਪੂਰ ਤੋਂ ਨਾ ਸਿਰਫ਼ 17 ਕਰੋੜ ਦੀ ਮੰਗ ਕੀਤੀ, ਸਗੋਂ ਲਾਭ ਵਿਚੋਂ ਵੀ ਉਹ ਏਕਤਾ ਤੋਂ ਹਿੱਸਾ ਚਾਹੁੰਦੀ ਸੀ । ਏਕਤਾ ਨੂੰ ਸ਼ਰਧਾ ਦੀ ਇਹ ਮੰਗ ਕਾਫ਼ੀ ਨਾਗਵਾਰ ਲੱਗੀ ਅਤੇ ਉਸ ਨੇ ਸ਼ਰਧਾ ਦੀ ਇਸ ਮੰਗ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਇਸ ਤਰ੍ਹਾਂ ਸ਼ਰਧਾ ਕਪੂਰ ਏਕਤਾ ਕਪੂਰ ਦੀ ਇਸ ਫ਼ਿਲਮ ਦਾ ਹਿੱਸਾ ਨਹੀਂ ਬਣ ਸਕੀ। ਸ਼ਰਧਾ ਕਪੂਰ ਲਈ ਯਕੀਨਨ ਹੀ ਇਹ ਇਕ ਵੱਡਾ ਪ੍ਰੋਜੈਕਟ ਸਾਬਿਤ ਹੋ ਸਕਦਾ ਸੀ ਪਰ ਸ਼ਰਧਾ ਨੇ ਇਸ ਨੂੰ ਗਵਾ ਦਿੱਤਾ। ਜੇਕਰ ਖ਼ਬਰਾਂ ਵੱਲ ਦੇਖੀਏ ਤਾਂ ਹੁਣ ਫ਼ਿਲਮ ਲਈ ਨਵੀਂ ਮੁੱਖ ਭੂਮਿਕਾ ਵਾਲੀ ਅਦਾਕਾਰਾ ਦੀ ਭਾਲ ਜ਼ੋਰਾਂ ‘ਤੇ ਹੈ। ਇਸ ਸਾਲ ਦੇ ਦੂਜੇ ਅੱਧ ਵਿਚ ਇਹ ਫ਼ਿਲਮ ਫਲੋਰ ‘ਤੇ ਜਾਣ ਵਾਲੀ ਹੈ। ਫ਼ਿਲਮ ਦਾ ਟਾਈਟਲ ਫਿਲਹਾਲ ਫਾਈਨਲ ਨਹੀਂ ਹੋਇਆ ਹੈ।
ਇਸ ਤੋਂ ਪਹਿਲਾਂ ਵੀ ਸ਼ਰਧਾ ਕਪੂਰ ਫ਼ਿਲਮ ‘ਪੁਸ਼ਪਾ 2 : ਦ ਰੂਲ’ ਵਿਚ ਆਈਟਮ ਗੀਤ ਕਰਨ ਵਾਲੀ ਸੀ। ਸਾਲ 2021 ਵਿਚ ਰਿਲੀਜ਼ ਹੋਈ ‘ਪੁਸ਼ਪਾ 1’ ਵਿਚ ਦੱਖਣ ਭਾਰਤ ਦੀ ਅਦਾਕਾਰਾ ਸਾਮੰਥਾ ਰੁਥ ਪ੍ਰਭੂ ਦਾ ਆਈਟਮ ਨੰਬਰ ‘ਊਂ ਅੰਟਾਵਾ ਮਾਵਾ ਬੇਹੱਦ ਹਿੱਟ ਹੋਇਆ ਸੀ, ਜਿਸ ਲਈ ਸਾਮੰਥਾ ਰੁਥ ਪ੍ਰਭੂ ਨੂੰ 5 ਕਰੋੜ ਰੁਪਏ ਦੀ ਭਾਰੀ ਫੀਸ ਦੀ ਰਕਮ ਦਿੱਤੀ ਗਈ ਸੀ। ਖ਼ਬਰਾਂ ਵੱਲ ਦੇਖੀਏ ਤਾਂ ਸ਼ਰਧਾ ਕਪੂਰ ਨੂੰ ਓਨੀ ਹੀ ਫੀਸ ਚਾਹੀਦੀ ਸੀ ਪਰ ਨਿਰਮਾਤਾ ਤੋਂ ਉਸ ਨੇ ਇਸ ਦੇ ਬਦਲੇ 5 ਕਰੋੜ ਦੀ ਜ਼ਿਆਦਾ ਫੀਸ ਦੀ ਮੰਗ ਕੀਤੀ ਤਾਂ ਮਜਬੂਰਨ ਉਸ ਨੂੰ ਸ਼ਰਧਾ ਦੀ ਬਜਾਏ ਸ਼੍ਰੀਲੀਲਾ ਨੂੰ ਇਹ ਮੌਕਾ ਦੇਣਾ ਪਿਆ। ਪਿਛਲੇ ਕੁਝ ਸਾਲਾਂ ਵਿਚ ਸ਼ਰਧਾ ਕਪੂਰ ਦਾ ਫ਼ਿਲਮਾਂ ਚੁਣਨ ਦਾ ਪੈਟਰਨ ਬਦਲ ਗਿਆ ਹੈ। ਹੁਣ ਉਹ ਤਿੰਨ ਸਾਲ ਵਿਚ ਇਕ ਫ਼ਿਲਮ ਕਰ ਰਹੀ ਹੈ। ਸ਼ਰਧਾ ਕਪੂਰ ਦਾ ਮੰਨਣਾ ਹੈ ਕਿ ਉਸ ਦੇ ਕਰੀਅਰ ਦਾ ਵਧੀਆ ਸਮਾਂ ਹੁਣ ਆਉਣਾ ਬਾਕੀ ਹੈ। ਇਸੇ ਵਜ੍ਹਾ ਕਰਕੇ ਉਸ ‘ਤੇ ਬਹੁਤ ਜ਼ਿਆਦਾ ਜ਼ਿੰਮੇਦਾਰੀ ਹੈ। ਸ਼ਰਧਾ ਦਾ ਕਹਿਣਾ ਹੈ ਕਿ ਇਕ ਐਕਟਰ ਦੇ ਰੂਪ ਵਿਚ ਜਦੋਂ ਕੁਝ ਐਕਸਾਈਟਿੰਗ ਹੋਣ ਵਾਲਾ ਹੁੰਦਾ ਹੈ, ਉਦੋਂ ਉਹ ਪੇਸ਼ਕਸ਼ ਸਵੀਕਾਰ ਕਰਦੀ ਹੈ।
‘ਇਸਤਰੀ-2’ ਵਿਚ ਧਮਾਲ ਮਚਾਉਣ ਤੋਂ ਬਾਅਦ ਸ਼ਰਧਾ ਕਪੂਰ ਹੁਣ ‘ਇਸਤਰੀ-3’ ਵਿਚ ਨਜ਼ਰ ਆਵੇਗੀ। ਉਸ ਦੀ ਇਹ ਫ਼ਿਲਮ 13 ਅਗਸਤ, 2027 ਨੂੰ ਰਿਲੀਜ਼ ਹੋਵੇਗੀ। ਫ਼ਿਲਮ ਵਿਚ ਇਕ ਵਾਰ ਫਿਰ ਰਾਜਕੁਮਾਰ ਰਾਓ, ਅਪਾਰਸ਼ਕਤੀ ਖੁਰਾਣਾ, ਪੰਕਜ ਤ੍ਰਿਪਾਠੀ ਅਤੇ ਅਭਿਸ਼ੇਕ ਬੈਨਰਜੀ ਵਰਗੇ ਕਲਾਕਾਰ ਨਜ਼ਰ ਆਉਣਗੇ। ‘ਇਸਤਰੀ- 3’ ਤੋਂ ਇਲਾਵਾ ਸ਼ਰਧਾ ਕਪੂਰ ਦਾ ਨਾਂਅ ਰਣਬੀਰ ਕਪੂਰ ਦੀ ਆਉਣ ਵਾਲੀ ਫ਼ਿਲਮ ‘ਧੂਮ-4’ ਲਈ ਵੀ ਸਾਹਮਣੇ ਆ ਰਿਹਾ ਹੈ। ਹਾਲ ਹੀ ਵਿਚ ਇਸ ਫ਼ਿਲਮ ਲਈ ਰਣਬੀਰ ਕਪੂਰ ਦੇ ਨਾਂਅ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਗਿਆ ਹੈ, ਔਰਤ ਕਲਾਕਾਰ ਦੇ ਨਾਂਅ ਦਾ ਐਲਾਨ ਹੋਣਾ ਬਾਕੀ ਹੈ।
ਜੇਕਰ ਸੂਤਰਾਂ ‘ਤੇ ਭਰੋਸਾ ਕੀਤਾ ਜਾਵੇ ਤਾਂ ਸ਼ਰਧਾ ਕਪੂਰ ਨਿਖਿਲ ਦਿਵੇਦੀ ਵਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਸੁਪਰਨੈਚੁਰਲ ਫ਼ਿਲਮ ‘ਨਾਗਿਨ’ ਵਿਚ ਵੀ ਨਜ਼ਰ ਆ ਸਕਦੀ ਹੈ।
