ਨਾਭਾ:ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਅਦਾਲਤ ਵਲੋਂ ਅੱਜ ਨਿਆਂਇਕ ਹਿਰਾਸਤ ਵਿਚ ਭੇਜਣ ਦੇ ਹੁਕਮ ਸੁਣਾਏ ਗਏ। ਆਮਦਨ ਦੇ ਸ੍ਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਸੰਬੰਧੀ ਦਰਜ ਐੱਫ. ਆਈ. ਆਰ. ਤਹਿਤ 25 ਜੂਨ ਨੂੰ ਵਿਜੀਲੈਂਸ ਨੇ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਸੀ, ਉਪਰੰਤ 11 ਦਿਨਾਂ ਤੋਂ ਪੁਲਿਸ ਰਿਮਾਂਡ ‘ਤੇ ਚੱਲ ਰਹੇ ਮਜੀਠੀਆ ਨੂੰ ਅੱਜ ਮੁੜ ਮੁਹਾਲੀ ਅਦਾਲਤ ਵਿਖੇ ਪੇਸ਼ ਕੀਤਾ ਗਿਆ।
ਮਜੀਠੀਆ ਦੀ ਪੇਸ਼ੀ ਨੂੰ ਲੈ ਕੇ ਸੈਂਕੜੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਵਲੋਂ ਜ਼ਿਲ੍ਹਾ ਪ੍ਰਬੰਧਕੀ ਅਤੇ ਅਦਾਲਤੀ ਕੰਪਲੈਕਸ ਦੀ ਘੇਰਾਬੰਦੀ ਕੀਤੀ ਗਈ ਸੀ ਅਤੇ ਪੱਤਰਕਾਰਾਂ ਸਮੇਤ ਕਿਸੇ ਵੀ ਵਿਅਕਤੀ ਨੂੰ ਅਦਾਲਤੀ ਅਹਾਤੇ ‘ਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਐਤਵਾਰ ਨੂੰ ਜਦੋਂ ਅਦਾਲਤ ‘ਚ ਮਜੀਠੀਆ ਨੂੰ ਗੱਡੀਆਂ ਦੇ ਕਾਫ਼ਲੇ ਵਿਚ ਲਿਆਂਦਾ ਗਿਆ ਤਾਂ ਪਿਛਲੀਆਂ ਪੇਸ਼ੀਆਂ ਵਾਂਗ ਉਨ੍ਹਾਂ ਨੂੰ ਮੀਡੀਆ ਤੋਂ ਦੂਰ ਰੱਖਿਆ ਗਿਆ। ਇਸ ਮੌਕੇ ਮਜੀਠੀਆ ਦੀ ਪਤਨੀ ਗਨੀਵ ਕੌਰ ਵੀ ਅਦਾਲਤ ‘ਚ ਮੌਜੂਦ ਸੀ। ਜੇਕਰ ਸੂਤਰਾਂ ਦੀ ਮੰਨੀਏ ਤਾਂ ਸਨਿਚਰਵਾਰ ਰਾਤ ਤੱਕ ਵਿਜੀਲੈਂਸ ਦੇ ਅਧਿਕਾਰੀਆਂ ਨੇ ਇਹ ਤੈਅ ਨਹੀ ਕੀਤਾ ਸੀ ਕਿ ਮਜੀਠੀਆ ਦਾ ਵਾਧੂ ਰਿਮਾਂਡ ਲੈਣਾ ਹੈ ਜਾਂ ਨਹੀਂ, ਪਰ ਅਗਲੀ ਸਵੇਰ ਮਾਮਲੇ ਦੀ ਸੁਣਵਾਈ ਮੌਕੇ ਜਿਥੇ ਮਜੀਠੀਆ ਦੇ ਕਾਨੂੰਨੀ ਸਲਾਹਕਾਰਾਂ ਦੀ ਟੀਮ ਵਿਚ ਸ਼ਾਮਿਲ ਐਡਵੋਕੇਟ ਐੱਚ.ਐੱਚ. ਧਨੋਆ, ਦਮਨਬੀਰ ਸਿੰਘ ਸੋਬਤੀ, ਸੁਲਤਾਨ ਸਿੰਘ ਸੰਘਾ ਤੇ ਅਰਸ਼ ਚੀਮਾ ਸਮੇਤ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਆਦਿ ਮਜੀਠੀਆ ਦੇ ਵਾਧੂ ਪੁਲਿਸ ਰਿਮਾਂਡ ਦਾ ਵਿਰੋਧ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ, ਉਥੇ ਹੀ ਸਰਕਾਰੀ ਧਿਰ ਵਲੋਂ ਮਜੀਠੀਆ ਨੂੰ ਨਿਆਂਇਕ ਹਿਰਾਸਤ ਵਿਚ ਭੇਜਣ ਦੀ ਮੰਗ ਕੀਤੀ ਗਈ। ਮਾਮਲੇ ਦੀ ਸੁਣਵਾਈ ਦੌਰਾਨ ਦੋਵਾਂ ਧਿਰਾਂ ਦਰਮਿਆਨ ਬਹਿਸ ਦਾ ਕੇਂਦਰ ਸੁਧਾਰ ਘਰ ਰਿਹਾ, ਕਿਉਂਕਿ ਬਚਾਅ ਧਿਰ ਨੇ ਇਹ ਦਲੀਲ ਦਿੱਤੀ ਕਿ ਮਜੀਠੀਆ ਨੂੰ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਭੇਜਿਆ ਜਾਵੇ, ਜਦਕਿ ਸਰਕਾਰੀ ਧਿਰ ਨੇ ਇਹ ਫ਼ੈਸਲਾ ਅਦਾਲਤ ‘ਤੇ ਛੱਡ ਦਿੱਤਾ। ਅੰਤਿਮ ਫ਼ੈਸਲੇ ਵਿਚ ਜੇ. ਐੱਮ. ਆਈ. ਸੀ. ਗੁਰਲੀਨ ਕੌਰ ਦੀ ਅਦਾਲਤ ਨੇ ਮਜੀਠੀਆ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਤਹਿਤ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਭੇਜਣ ਦੇ ਹੁਕਮ ਸੁਣਾਏ। ਮੁਹਾਲੀ ਅਦਾਲਤ ਵਿਖੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 19 ਜੁਲਾਈ ਨੂੰ ਹੋਵੇਗੀ। ਮਾਮਲੇ ਦੀ ਸੁਣਵਾਈ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਡੀ.ਏ. ਦਾ ਕੇਸ ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਮੁੱਖ ਮੰਤਰੀ ਦੇ ਹੰਕਾਰ ਦੀ ਪੁਸ਼ਟੀ ਤਹਿਤ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 11 ਦਿਨਾਂ ਦੀ ਲੰਬੀ ਪੁਲਿਸ ਹਿਰਾਸਤ ਦੌਰਾਨ ਪੁੱਛਗਿੱਛ ਉਪਰੰਤ ਪ੍ਰੋਸੀਕਿਊਸ਼ਨ ਵਲੋਂ ਇਕ ਵੀ ਠੋਸ ਦਸਤਾਵੇਜ਼ ਪੇਸ਼ ਨਹੀਂ ਕੀਤਾ ਜਾ ਸਕਿਆ। ਸ਼ਿਮਲਾ ਦੇ ਕਸਬਾ ਮਸ਼ੋਬਰਾ ਸਥਿਤ ਜ਼ਮੀਨ ਦੇ ਦਸਤਾਵੇਜ਼ਾਂ ਬਾਰੇ ਖੁਲਾਸਾ ਕਰਦਿਆਂ ਕਲੇਰ ਨੇ ਕਿਹਾ ਕਿ ਇਸ ਜ਼ਮੀਨ ਦੇ ਦਸਤਾਵੇਜ਼ ਫਰਜ਼ੀ ਜਾਪਦੇ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਇਸ ਮਾਮਲੇ ਨੂੰ ਬੇਬੁਨਿਆਦੀ ਢੰਗ ਨਾਲ ਐੱਨ.ਡੀ.ਪੀ.ਐੱਸ. ਕੇਸ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਦੌਰਾਨ ਵਿਸ਼ੇਸ਼ ਸਰਕਾਰੀ ਵਕੀਲ ਫੈਰੀ ਸੋਫਤ ਅਤੇ ਪ੍ਰੀਤਇੰਦਰ ਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਅਦਾਲਤ ਨੂੰ ਦੱਸਿਆ ਗਿਆ ਕਿ ਵਿਜੀਲੈਂਸ ਦੇ ਅਧਿਕਾਰੀਆਂ ਦੇ ਹੱਥ ਕਈ ਅਹਿਮ ਸਬੂਤ ਲੱਗੇ ਹਨ, ਜਿਨ੍ਹਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ। ਫੈਰੀ ਸੋਫਤ ਨੇ ਅੱਜ ਮਜੀਠੀਆ ਦੀ ਨਿਆਂਇਕ ਹਿਰਾਸਤ ਮੰਗੇ ਜਾਣ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਬੀ. ਐੱਨ. ਐੱਸ. ਐੱਸ. ਤਹਿਤ ਕਿਸੇ ਵੀ ਮੁਲਜ਼ਮ ਦਾ ਕੁੱਲ 15 ਦਿਨਾਂ ਦਾ ਹੀ ਪੁਲਿਸ ਰਿਮਾਂਡ ਮਿਲ ਸਕਦਾ ਹੈ ਅਤੇ ਮਜੀਠੀਆ ਦੇ ਪੁਲਿਸ ਰਿਮਾਂਡ ਦੇ 11 ਦਿਨ ਪੂਰੇ ਹੋ ਚੁੱਕੇ ਹਨ, ਜਦਕਿ ਬਾਕੀ ਦੇ ਦਿਨਾਂ ਨੂੰ ਲੋੜ ਪੈਣ ‘ਤੇ ਅਗਲੇਰੀ ਪੁੱਛਗਿੱਛ ਲਈ ਬਚਾਇਆ ਗਿਆ ਹੈ। ਸਰਕਾਰੀ ਧਿਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਨਤੀਜੇਪੂਰਨ ਰਸਤੇ ‘ਤੇ ਹੈ, ਰਹੀ ਗੱਲ ਦਸਤਾਵੇਜ਼ਾਂ ਦੀ ਉਹ ਸਮਾਂ ਆਉਣ ‘ਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਦਾਲਤ ਵਿਚ ਜਮ੍ਹਾਂ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜਾਂਚ ਦੇ ਹਿੱਸੇ ਵਜੋਂ ਗੋਰਖਪੁਰ ਸਮੇਤ ਅਨੇਕਾਂ ਥਾਵਾਂ ‘ਤੇ ਪੁਲਿਸ ਪਾਰਟੀਆਂ ਭੇਜੀਆਂ ਗਈਆਂ ਹਨ ਅਤੇ ਛਾਪੇਮਾਰੀ ਉਪਰੰਤ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
