ਬਲਜੀਤ ਬਾਸੀ
ਘਰ ਵਿਚ ਬਹੁਤ ਘੁਟਣ ਹੋਣ ਲੱਗ ਪਈ ਸੀ। ਸਭ ਉਖੜੇ ਉਖੜੇ ਰਹਿਣ ਲੱਗੇ ਸਨ। ਸਾਰਾ ਟੱਬਰ ਮਾਂ-ਪਿਉ, ਧੀ ਅਤੇ ਪੁੱਤਰ ਜਦੋਂ ਦੇ ਇਸ ਦੇਸ਼ ਵਿਚ ਆਏ ਸਨ, ਬੱਸ ਕੰਮ ਹੀ ਕਰੀ ਜਾ ਰਹੇ ਸਨ। ਬੱਚੇ ਤਾਂ ਕੰਮ ਤੋਂ ਬਿਨਾਂ ਪੜ੍ਹਾਈ ਦਾ ਬੋਝ ਵੀ ਚੁੱਕੀ ਫਿਰ ਰਹੇ ਸਨ। ਘਰ ਵਿਚ ਇਕ ਆਉਂਦਾ, ਇਕ ਜਾਂਦਾ, ਇਕ ਨਹਾਉਣ ਲਗਦਾ ਦੂਜਾ ਨਹਾਉਣ ਲਈ ਬੂਹੇ ਭੰਨਦਾ। ਘਰ ਕਾਹਦਾ ਇਹ ਤਾਂ ਰੈਣਬਸੇਰਾ ਸੀ ਜਿਥੇ ਘੁੰਮ ਘੁੰਮਾ ਕੇ ਸਾਰੇ ਵੇਲੇ-ਕੁਵੇਲੇ ਆਪਣੇ ਆਪ ਨੂੰ ਸੁੱਟ ਦਿੰਦੇ ਸਨ। ਟੱਬਰ ਦੇ ਜੀਅ ਟਕਰਾਉਂਦੇ, ਆਪੋ ਆਪਣੇ ਨਿਸ਼ਾਨਿਆਂ ਵੱਲ ਵਧਦੇ ਸਨ ਪਰ ਇਕ ਦੂਜੇ ਤੋਂ ਟੁੱਟੇ ਹੋਏ, ਬੇਖਬਰ। ਕੋਈ ਦੂਜੇ ਦੀ ਗਤੀ ਵਿਚ ਰੁਕਾਵਟ ਬਣਦਾ ਤਾਂ ਵਢੂੰ-ਖਾਊਂ ਹੋਣ ਲਗਦੀ। ਜ਼ਿੰਦਗੀ ਵਿਚ ਨੀਰਸਤਾ ਵਧ ਰਹੀ ਸੀ। ਬੱਚਿਆਂ ਤੇ ਮਾਪਿਆਂ ਵਿਚਕਾਰ ਪੀੜੀ ਪਾੜੇ ਦੇ ਨਾਲ ਨਾਲ ਨਵੇਂ ਮਾਹੌਲ ਪ੍ਰਤੀ ਨਜ਼ਰੀਏ ਦਾ ਪਾੜਾ ਵੀ ਵਧ ਰਿਹਾ ਸੀ। ਪਤਨੀ ਨੂੰ ਆਪਣੇ ਅੰਦਰ ਨਾਰੀ ਸ਼ਕਤੀ ਦਾ ਲਾਵਾ ਮਹਿਸੂਸ ਹੋਣ ਲੱਗ ਪਿਆ ਸੀ, ਪਤੀ ਵਿਚ ਮਰਦ ਹਉਮੈ ਸਿਰ ਚੁੱਕਣ ਲਗਦੀ ਤਾਂ ਉਹ ਥਾਂਏਂ ਹੀ ਕੱਪ ਦਿੰਦੀ। ਸਭ ਦੀ ਆਪਣੀ ਤੂਤੀ ਬੋਲਣ ਲੱਗ ਪਈ ਸੀ।
ਅਜਿਹੇ ਵਿਗੜੇ ਮਾਹੌਲ ਤੋਂ ਰਾਹਤ ਮਿਲਣੀ ਚਾਹੀਦੀ ਹੈ, ਸਾਰਿਆਂ ਨੂੰ ਅਹਿਸਾਸ ਹੋਣ ਲੱਗਾ ਸੀ। ਜੁਆਨ ਹੋ ਚੁੱਕੀ ਧੀ ਨੇ ਹੀ ਇਕ ਦਿਨ ਕਿਹਾ, “ਸਾਰਾ ਦਿਨ ਆਪਣੇ ਘਰ ਤਾਂ ਖਿਚ ਖਿਚ ਹੁੰਦੀ ਰਹਿੰਦੀ ਹੈ। ਚਲੋ ਇਕ ਦਿਨ ਬਾਹਰ ਘੁੰਮ ਕੇ ਆਈਏ। ਲੇਕ ਤੇ ਪਿਕਨਿਕ ਕਰੀਏ। ਬਾਹਰ ਹੀ ਰਾਤ ਕੱਟਾਂਗੇ, ਮਜ਼ਾ ਆਵੇਗਾ।” ਕਾਂਵਾਂ ਰੌਲੇ ਟੱਬਰ ਵਿਚ ਸਰਬਸੰਮਤੀ ਤਾਂ ਅਸੰਭਵ ਸੀ ਪਰ ਇਹ ਚਮਤਕਾਰ ਹੋ ਹੀ ਗਿਆ। ਥੋੜੀ ਚੂੰ ਚਾਂ ਪਿਛੋਂ ਸਾਰੇ ਹੀ ਰਾਜ਼ੀ ਹੋ ਗਏ। ਤਦ ਵੀ ਸੁਭਾਗਾ ਸਨਿਚਰਵਾਰ ਆਉਣ ਵਿਚ ਕਈ ਦਿਨ ਗੁਜ਼ਰ ਗਏ। ਕਿਸੇ ਦੇ ਪਰਚੇ ਹੋ ਰਹੇ ਸਨ, ਕਿਸੇ ਦਾ ਓਵਰਟਾਈਮ ਲੱਗਾ ਸੀ ਤੇ ਕਿਸੇ ਦਿਨ ਪ੍ਰਾਹੁਣੇ ਆਉਣੇ ਸਨ।
ਸਲਾਹ ਬਣੀ ਕਿ ਮੈਕਨਾ ਸਿਟੀ ਜਾਇਆ ਜਾਵੇ। ਪਤਝੜ ਵਿਚ ਮਿਸ਼ੀਗਨ ਦੇ ਦਰਖਤ ਜੋ ਨਿਸ ਦਿਨ ਰੰਗ ਬਦਲਦੇ ਹਨ, ਉਨ੍ਹਾਂ ਦਾ ਭਰਪੂਰ ਨਜ਼ਾਰਾ ਇਸ ਪੱਟੀ ਤੋਂ ਬਿਨਾਂ ਸ਼ਾਇਦ ਹੀ ਦੁਨੀਆਂ ਵਿਚ ਹੋਰ ਕਿਧਰੇ ਦਰਕਾਰ ਹੋਵੇ। ਕੈਲਮਜ਼ੂ ਤੋਂ ਮੈਕਨਾ ਸਿਟੀ ਦਾ ਫੇਰਾ ਭਾਵੇਂ ਸਾ ਦਿਹਾੜੀ ਲੱਗ ਸਕਦਾ ਹੈ ਪਰ ਥੁਕੜੇ ਲਾਉਣ ਵਾਲੀ ਗੱਲ ਨਹੀਂ ਕਰਨੀ। ਰਾਤ ਮੈਕਨਾ ਆਈਲੈਂਡ ਵਿਚ ਗੁਜ਼ਾਰਨ ਦੀ ਖੁਸ਼ੀ ਵਾਸਤੇ ਜੇਬ ਕੁਝ ਢਿੱਲ੍ਹੀ ਕਰਨੀ ਪਵੇਗੀ। ਮਾਂ ਪਿਉ ਧੰਨ ਧੰਨ ਹੋ ਗਏ, ਉਨ੍ਹਾਂ ਦੀ ਧੀ ਜ਼ਿਮੇਵਾਰੀ ਨਿਭਾਉਣੀ ਸਿੱਖ ਰਹੀ ਸੀ। ਮਾਂ ਨੇ ਸਾਰਿਆਂ ਦੇ ਉਠਣ ਤੋਂ ਪਹਿਲਾਂ ਹੀ ਆਲੂ ਵਾਲੇ ਪਰੌਂਠੇ ਬਣਾ ਲਏ ਤੇ ਦਹੀਂ, ਅਚਾਰ ਤੇ ਹੋਰ ਨਿਕਸੁਕ ਬੈਗ ਵਿਚ ਲਪੇਟ ਲਏ। ਉਹ ਪਰੌਂਠਿਆਂ ਦਾ ਸਰਪਰਾਈਜ਼ ਦੇਣਾ ਚਾਹੁੰਦੀ ਸੀ। ਕੁਝ ਪੌਪ ਆਈਸ ਬਾਕਸ ਵਿਚ ਰੱਖ ਲਏ ਤੇ ਖੂਬ ਸਾਰੀ ਚਾਹ ਬਣਾ ਕੇ ਥਰਮਸ ਭਰ ਲਈ, ਮਲਕੜੇ ਜਿਹੇ ਸਾਰਾ ਕੁਝ ਕਾਰ ਦੀ ਸੀਟ ਦੇ ਹੇਠਾਂ ਲੁਕੋ ਲਿਆ। ਸਭਨਾਂ ਦੇ ਮੂੰਹ ਦਗ ਦਗ ਕਰ ਰਹੇ ਸਨ।
ਘਰੋਂ ਬਾਹਰ ਨਿਕਲ ਕੇ ਤਾਲਾ ਲਾਉਣ ਲੱਗੇ ਤਾਂ ਪਿਉ ਨੂੰ ਠੰਡੇ ਮੌਸਮ ਦੀ ਤਪਸ਼ ਨੇ ਕੀਲ ਲਿਆ। ਸਹਿਜ ਸੁਭਾਅ ਉਸ ਦੇ ਮੂੰਹੋਂ ਨਿਕਲਿਆ, “ਚੰਗਾ ਹੁੰਦਾ ਜੇ ‘ਸੁਹਾਨਾ ਸਫਰ ਔਰ ਯੇ ਮੌਸਮ ਹੁਸੀਨ’ ਗਾਣੇ ਵਾਲੀ ਟੇਪ ਲੈ ਚਲਦੇ। ਘਰੇ ਨਹੀਂ ਤਾਂ ਕਿਧਰੋਂ ਡਊਨਲੋਡ ਕਰ ਲਓ।” ਪੁੱਤਰ ਇਕ ਦਮ ਚੌਂਕ ਪਿਆ, “ਪਾਪਾ ਤੁਹਾਡੇ ਟੇਸਟ ਬੁੜਿਆਂ ਵਾਲੇ ਹੀ ਰਹੇ, ਕਦੇ ਕੋਈ ਨਵੀਂ ਚੀਜ਼ ਵੀ ਸਿੱਖ ਲਿਆ ਕਰੋ। ਅਸੀਂ ਨਹੀਂ ਸੁਣਨਾ ਬੁੜਿਆਂ ਦਾ ਗਾਣਾ।” ਪਿਉ ਦੀ ਕੰਨ ਝਾੜ ਹੋਣ ਪਿਛੋਂ ਮਾਂ ਨੂੰ ਕਾਰ ਦੀ ਸਲਾਮਤੀ ਦਾ ਫਿਕਰ ਹੋਇਆ, “ਬੇਟਾ ਕੱਲ ਕਾਰ ਦੀ ਹਵਾ ਤੇ ਤੇਲ ਵਗੈਰਾ ਚੈਕ ਕਰਵਾ ਲਏ ਸੀ?” ਧੀ ਦੀਆਂ ਅੱਖਾਂ ਤੇਜ਼ੀ ਨਾਲ ਖੁਲ੍ਹੀਆਂ ਬੰਦ ਹੋਈਆਂ, “ਆਪਾਂ ਕਿਹੜਾ ਕੈਲੀਫੋਰਨੀਆ ਚਲੇ ਹਾਂ ਕਿ ਕਾਰ ਦਾ ਸਾਰਾ ਕੁਝ ਚੈਕ ਕਰਾਉਂਦੇ ਫਿਰੀਏ। ਆਹ ਖੜਾ ਮੈਕਨਾ ਸਿਟੀ।”
ਮਾਂ ਨੇ ਠੇਸ ਮਹਿਸੂਸ ਕੀਤੀ, “ਨਿਆਣੇ ਤਾਂ ਚਾਰੇ ਖੁਰ ਚੁਕ ਕੇ ਪੈ ਜਾਂਦੇ ਆ ਜੇ ਕੋਈ ਕੰਮ ਦੀ ਗੱਲ ਕਹੀਏ। ਢੋਡਰ ਤੇ ਮੱਖੀ ਨਹੀਂ ਬਹਿਣ ਦੇਂਦੇ।” ਧੀ ਨੱਕ ‘ਚੋਂ ਠੂਹੇਂ ਸੁਟ ਰਹੀ ਸੀ ਕਿ ਪਿਉ ਨੇ ਕਾਰ ਚਲਾਉਣ ਲਈ ਚਾਬੀਆਂ ਮੰਗ ਲਈਆਂ। ਦੋਨੋਂ ਧੀ-ਪੁੱਤ ਇਕੋ ਵੇਲੇ ਚਿਲਕੇ, “ਜੂੰ ਦੀ ਚਾਲੇ ਤਾਂ ਤੁਸੀਂ ਕਾਰ ਚਲਾਉਂਦੇ ਹੋ, ਕਿਹੜੇ ਵੇਲੇ ਮੈਕਨਾ ਸਿਟੀ ਪਹੁੰਚਾਂਗੇ?” ਪਿਉ ਨੇ ਪਾਸਾ ਵੱਟ ਲਿਆ। ਫਿਰ ਭੈਣ-ਭਰਾ ਵਿਚ ਤਣ ਗਈ। ਉਹ ਕਹਿੰਦੀ ਮੈਂ ਕਾਰ ਚਲਾਉਣੀ, ਉਹ ਕਹਿੰਦਾ ਮੈਂ। ਪਿਉ ਨੇ ਝਿੜਕਣ ਵਾਲੀ ਧੁਨੀ ਕਢੀ, “ਛੋਕਰਖਾਨਾ ਗੱਡੀ ਚਲਾਉਣ ਪਿਛੇ ਹੀ ਹਰ ਵੇਲੇ ਲੜੀ ਜਾਂਦਾ ਐ। ਅਧੀ ਅਧੀ ਵਾਟ ਨਹੀਂ ਚਲਾ ਸਕਦੇ?” ਉਸ ਨੇ ਕੁੜੀ ਵੱਲ ਕਾਰ ਸਟਾਰਟ ਕਰਨ ਦਾ ਇਸ਼ਾਰਾ ਕੀਤਾ। ਵਿਸ ਘੋਲਦਿਆਂ ਭਰਾ ਨੇ ਚਾਬੀਆਂ ਭੈਣ ਦੇ ਮੱਥੇ ਮਾਰੀਆਂ ਤੇ ਖੜਾਚ ਕਰਦਾ ਡਰਾਈਵਰ ਦੇ ਨਾਲ ਵਾਲੀ ਸੀਟ ‘ਤੇ ਬੈਠ ਗਿਆ। ਚਾਬੀਆਂ ਸੁੱਟਣ ਵਾਲੀ ਹਰਕਤ ਤੋਂ ਤੜਫ਼ੀ ਭੈਣ ਕਾਰ ਸਟਾਰਟ ਕਰਨ ਲੱਗਿਆਂ ਭਰਾ ਤੇ ਟੁੱਟ ਪਈ, “ਅਕਲ ਨਹੀਂ ਤੈਨੂੰ, ਸਟੂਪਿਡ ਕਿਸੇ ਥਾਂ ਦਾ।”
ਹਫੜਾ-ਦਫੜੀ ਵਿਚ ਉਸ ਤੋਂ ਕਾਰ ਦੀ ਕੀਲੀ ਜ਼ੋਰ ਨਾਲ ਨੱਪੀ ਗਈ। ਹੁਝਕੇ ਨਾਲ ਸਟਾਰਟ ਹੁੰਦੀ ਕਾਰ ਸਾਹਮਣੇ ਲੈਟਰ ਬਕਸ ਵਿਚ ਵੱਜਣਹ ਹੀ ਲੱਗੀ ਸੀ ਕਿ ਉਸ ਨੇ ਹੁਸ਼ਿਆਰੀ ਨਾਲ ਸੰਭਾਲ ਲਈ। “ਹੋਰ ਚਲਵਾ ਲਓ ਇਸ ਤੋਂ ਕਾਰਾਂ। ਹਰ ਵੇਲੇ ਇਸੇ ਦੀ ਈਨ ਮੰਨਦੇ ਰਹਿੰਦੇ ਹੋ।” ਭਰਾ ਨੂੰ ਭੈਣ ਦੀ ਕੁਤਾਹੀ ਤੋਂ ਅਵੈੜਾ ਸੁਆਦ ਆਇਆ। ਪਰ ਮਾਂ ਭੈਅਮਾਨ ਹੋਣ ਲੱਗੀ, “ਪੂਰੀਆਂ ਪਾ ਦੇਵੋਗੇ ਤੁਸੀਂ ਭੈਣ-ਭਰਾ, ਇਸੇ ਕਰਕੇ ਮੈਂ ਇਨ੍ਹਾਂ ਜੁਆਕੜਿਆਂ ਨਾਲ ਕਿਤੇ ਜਾਣ ਲਈ ਰਾਜ਼ੀ ਨਹੀਂ ਹੁੰਦੀ।”
“ਜ਼ਰਾ ਮੂੰਹ ਬੰਦ ਵੀ ਰੱਖ ਲਿਆ ਕਰ, ਹਰ ਵੇਲੇ ਇਨ੍ਹਾਂ ‘ਤੇ ਚੜ੍ਹੀ ਹੀ ਰਹਿੰਦੀ ਏਂ।” ਪਿਉ ਨੇ ਤਿੱਖੀ ਗੱਲ ਧੀਮੀ ਸੁਰ ‘ਚ ਕਹੀ।
ਉਹ ਅਜੇ ਘਰੋਂ ਨਿਕਲ ਕੇ ਸੜਕ ‘ਤੇ ਚੜ੍ਹੇ ਹੀ ਸਨ ਕਿ ਮੁੰਡੇ ਨੇ ਉਚੀ ਕਰਕੇ ਅੰਗਰੇਜ਼ੀ ਮਿਊਜ਼ਿਕ ਚਲਾ ਦਿੱਤਾ। “ਲਾ ਦਿੱਤੀ ਨਾ ਢੀਂ ਢੀਂ, ਬੰਦ ਕਰ ਇਸ ਨੂੰ, ਮੇਰੇ ਕੰਨ ਪਾਟਦੇ ਆ।” ਮਾਂ ਨੇ ਕੰਨਾਂ ਨੂੰ ਹੱਥਾਂ ਨਾਲ ਨੱਪਦਿਆਂ ਜ਼ੋਰਦਾਰ ਉਜ਼ਰ ਕੀਤਾ। “ਆਵਾਜ਼ ਜ਼ਰਾ ਹੌਲੀ ਨਹੀਂ ਕਰ ਸਕਦਾ ਤੂੰ, ਕਿਉਂ ਸਾਰਿਆਂ ਦਾ ਸਿਰ ਚੱਟਣਾ ਲਿਆ।” ਚੁਫੇਰਗੜ੍ਹੀਆ ਬਣਿਆ ਪਿਉ ਖੁਦ ਢੀਂ ਢੀਂ ਤੋਂ ਬਹੁਤ ਸਤਿਆ ਪਿਆ ਸੀ। “ਤੂੰ ਥੋੜੀ ਦੇਰ ਸ਼ਬਦ ਲਾ ਦੇ, ਇਨ੍ਹਾਂ ਦੇ ਹਿਰਦੇ ਠੰਡੇ ਹੋ ਜਾਣਗੇ।” ਭੈਣ ਟਿਕ-ਟਿਕਾ ਲੋੜਦੀ ਸੀ। ਭਰਾ ਨੇ ਵੌਲਿਊਮ ਧੀਮਾ ਕਰ ਦਿੱਤਾ ਪਰ ਸ਼ਬਦਾਂ ਵਾਲੀ ਗੱਲ ਨਾ ਮੰਨੀ।
ਕੁਝ ਪਲ ਹੀ ਸ਼ਾਂਤੀ ਦੇ ਗੁਜ਼ਰੇ ਸਨ ਕਿ ਪਤੀ ਨੇ ਨਾਲ ਲਿਆਂਦੀ ਅਖਬਾਰ ਖੋਲ੍ਹ ਲਈ। ਪਤਨੀ ਨੇ ਕਹਿਰੀ ਅੱਖ ਨਾਲ ਦੇਖਦਿਆਂ ਝਪਟਾ ਮਾਰ ਕੇ ਅਖਬਾਰ ਖੋਹ ਲਈ। “ਮੌਕਾ ਲਗਦੇ ਹੀ ਅਖਬਾਰ ਹੀ ਖੋਲ੍ਹ ਕੇ ਬਹਿ ਜਾਂਦੇ ਹੋ, ਐਧਰ ਭਲਾ ਕੌਣ ਪੜ੍ਹਦਾ ਅਖਬਾਰ। ਕਦੇ ਉਰੇ ਪਰੇ ਵੀ ਝਾਕ ਲਿਆ ਕਰੋ। ਦੇਖਿਆ ਨਹੀਂ ਮੇਰਾ ਨਵਾਂ ਟੌਪ? ਕਲ੍ਹ ਹੀ ਤਾਂ ਮਾਲ ਤੋਂ ਲੈ ਕੇ ਆਈ ਹਾਂ।” ਮੂਡ ਵਿਚ ਆਈ ਪਤਨੀ ਪਤੀ ਦਾ ਧਿਆਨ ਖਿਚਣਾ ਲੋਚਦੀ ਸੀ ਪਰ ਨਵਾਂ ਟੌਪ ਦੇਖਦੇ ਹੀ ਪਤੀ ਦੀਆਂ ਅੱਖਾਂ ‘ਚ ਖੂਨ ਉਤਰ ਆਇਆ, “ਹਰ ਵੇਲੇ ਘਰ ਦਾ ਉਜਾੜਾ ਹੀ ਕਰੀ ਜਾਊ, ਜਦੋਂ ਦੇਖੋ ਮਾਲ, ਜਦੋਂ ਦੇਖੋ ਮਾਲ। ਤੂੰ ਹੁਣ ਕੱਲ੍ਹ ਦੀ ਜੁਆਕੜੀ ਏਂ ਪਈ ਤੈਨੂੰ ਨਿੱਤ ਨਵੇਂ ਟੌਪ ਚਾਹੀਦੇ?”
“ਮੁਰਦਾ ਬੋਲੂ ਖੱਫਣ ਪਾੜੂ। ਏਸ ਆਦਮੀ ਤੋਂ ਕਦੇ ਜ਼ਨਾਨੀ ਦੀ ਤਰੀਫ਼ ਸਰੀ? ਨਾ, ਕਦੇ ਵੀ ਨਾ। ਹਰ ਵੇਲੇ ਪੈਸਾ ਜੋੜਨ ਦੀ ਲੱਗੀ ਰਹੂ। ਤੁਹਾਡੇ ਤੋਂ ਜਾਦੇ ਤਾਂ ਮੈਂ ਡਾਲਰ ਕਮਾਉਂਦੀ ਹਾਂ। ਜਦ ਦੇ ਆਏ ਇਕ ਟੁੱਟੜ ਜਿਹੀ ਕੰਪਨੀ ਵਿਚ ਚੁੰਬੜੇ ਹੋਏ ਹੋ।” ਪਤਨੀ ਨੇ ਪਤੀ ਦੀ ਦੁਖਦੀ ਰਗ ‘ਤੇ ਉਂਗਲ ਧਰੀ ਤਾਂ ਪਤੀ ਭੁੜਕ ਡੰਡਿਓਂ ਪਾਰ ਗਿਆ, “ਬਕਵਾਸ ਬੰਦ ਕਰ, ਹਰ ਵੇਲੇ ਮੇਰੀ ਜੌਬ ਦਾ ਮਖੌਲ ਉਡਾਉਂਦੀ ਰਹਿੰਨੀ ਏਂ। ਇੰਡੀਆ ਵਿਚ ਮੈਂ ਲੱਖਾਂ ਕਮਾਏ, ਤੂੰ ਤਾਂ ਬਣ ਠਣ ਕੇ ਪਥੱਲਾ ਮਾਰੀ ਬੈਠੀ ਰਹਿੰਦੀ ਸੀ।”
ਮਾਂ ਪਿਉ ਦੀ ਘੈਂਸ ਘੈਂਸ ਸੁਣ ਕੇ ਦੁਖੀ ਹੋਈ ਧੀ ਬੋਲੀ, “ਜਦੋਂ ਦੇਖੋ ਲੜਦੇ ਹੀ ਰਹਿੰਦੇ ਹੋ, ਮੈਂ ਤਾਂ ਲੱਗੀ ਕਾਰ ਘਰ ਵੱਲ ਨੂੰ ਮੋੜਨ।” ਧੀ ਦੀ ਆਵਾਜ਼ ‘ਚੋਂ ਮਾਯੂਸੀ ਟਪਕਦੀ ਸੀ। ਪਰ ਪੁੱਤਰ ਨੂੰ ਜੁਗਤ ਸੁਝੀ। ਉਸ ਨੇ ਰਾਮ ਰੌਲੇ ਨੂੰ ਡੋਬਣ ਲਈ ਸੀਡੀ ਪਲੇਅਰ ਮੁੜ ਫੁੱਲ ਵੌਲਿਊਮ ‘ਤੇ ਕਰ ਦਿੱਤਾ। ਕਾਰ ਵਿਚ ਕੁਝ ਪਲਾਂ ਲਈ ਕੁਹਰਾਮ ਜਿਹਾ ਮਚ ਗਿਆ।
ਕਾਰ ਹਾਈਵੇ ‘ਤੇ ਚੜ੍ਹ ਗਈ। ਆਲੇ ਦੁਆਲੇ ਦੂਰ ਤੱਕ ਰੰਗ ਬਰੰਗੇ ਦਰਖਤਾਂ ਦੀ ਵਹਿਸ਼ਤ ਛਾਈ ਪਈ ਸੀ। ਅਜਿਹੇ ਮੰਜ਼ਰ ਨੂੰ ਦੇਖ ਕੇ ਮੁਰਦੇ ਵੀ ਜਾਗ ਸਕਦੇ ਸਨ। ਕੁੜੀ ਨੇ ਸਭ ਦਾ ਧਿਆਨ ਰੰਗੀਨੀਆਂ ਵੱਲ ਦੁਆਇਆ ਕਿ ਉਸ ਦਾ ਭਰਾ ਬੋਲ ਉਠਿਆ, “ਮੈਂ ਤਾਂ ਮੈਕਡੌਨਲਡ ਖਾਣਾਂ, ਮੈਨੂੰ ਬਹੁਤ ਭੁਖ ਲੱਗੀ ਹੈ।” “ਕੋਹ ਨਾ ਚੱਲੀ ਬਾਬਾ ਤਿਹਾਈ।” ਪਿਉ ਨੇ ਮੁਹਾਵਰੇ ਨਾਲ ਮੁੰਡੇ ਦੀ ਭੁਖ ਦਾ ਮਜ਼ਾਕ ਉਡਾਇਆ ਪਰ ਪੁੱਤਰ ਘਟ ਨਹੀਂ ਸੀ, “ਪਾਪਾ ਕੀ ਹਰ ਵੇਲੇ ਗੂੜ੍ਹ ਪੰਜਾਬੀ ਬੋਲਦੇ ਰਹਿੰਦੇ ਹੋ, ਕਦੇ ਕੋਈ ਏਧਰ ਦੀ ਗੱਲ ਵੀ ਸਿੱਖ ਲਿਆ ਕਰੋ। ਮੈਂ ਤਾਂ ਮੈਕਡੌਨਲਡ ਖਾਊਂਗਾ। ਤੁਹਾਨੂੰ ਬੁੜ੍ਹਿਆਂ ਨੂੰ ਤਾਂ ਕਦੇ ਭੁਖ ਲੱਗਣੀ ਹੀ ਨਹੀਂ।” ਪਤਨੀ ਨੇ ਇਸ ਗੱਲੋਂ ਪਤੀ ਨਾਲ ਇਕਜੁਟਤਾ ਪ੍ਰਗਟਾਈ, “ਇਹਨੂੰ ਤਾਂ ਹਰ ਦਮ ਭੋਖੜਾ ਹੀ ਪਿਆ ਰਹਿੰਦਾ; ਜੰਕ ਫੂਡ ਚਰਨ ਦਾ ਬੱਸ ਬਹਾਨਾ ਮਿਲਣਾ ਚਾਹੀਦਾ। ਅਜੇ ਹੁਣ ਤਾਂ ਘਰੋਂ ਚੱਲੇ ਹਾਂ।” ਧੀ ਨੇ ਆਪਣੇ ਘੋੜੇ ਭਜਾ ਦਿੱਤੇ, “ਮੈਂ ਤਾਂ ਸਬਵੇ ਖਾਵਾਂਗੀ, ਮੈਕਡੌਨਲਡ ‘ਚ ਤਾਂ ਸੁਧਾ ਫੈਟ ਹੁੰਦਾ।” ਹਾਲਾਤ ਵਿਗੜਦੇ ਦੇਖ ਕੇ ਪਿਉ ਨੇ ਫਿਰ ਸਮਝੌਤਾਵਾਦੀ ਰੁਖ ਲਿਆ, “ਖਾ ਲਿਓ ਜੋ ਖਾਣਾਂ ਪਰ ਕੁਸ਼ ਵਾਟ ਤਾਂ ਨੰਘਣ ਦਿਓ। ਨਾਲੇ ਸਵੇਰਾ ਤਾਂ ਪਚ ਲੈਣ ਦਿਓ।”
ਸਾਹਮਣੇ ਮੈਕਡੌਨਲਡ ਦੇ ਸਾਈਨਬੋਰਡ ਦੇਖ ਕੇ ਪੁਤਰ ਦੇ ਮੂੰਹ ਵਿਚਲਾ ਪਾਣੀ ਨਦੀ ਬਣ ਕੇ ਵਹਿ ਤੁਰਿਆ ਤੇ ਉਸ ਨੇ ਭੈਣ ਨੂੰ ਕਾਰ ਮੋੜਨ ਲਈ ਕਿਹਾ। ਪਰ ਉਹ ਅੜ ਗਈ, “ਨਹੀਂ ਮੋੜਦੀ ਮੈਂ ਇਸ ਐਗਜ਼ਿਟ ਤੋਂ ਕਾਰ, ਇਥੇ ਸਬਵੇ ਨਹੀਂ ਹੈ। ਤੂੰ ਥੋੜਾ ਹੋਰ ਵੇਟ ਨਹੀਂ ਕਰ ਸਕਦਾ?”
ਭੈਣ-ਭਰਾ ਆਪਸ ਵਿਚ ਉਲਝੇ ਦੇਖ ਕੇ ਪਿਉ ਦਾ ਹੱਥ ਕਈ ਵਾਰੀ ਅਖਬਾਰ ਦੀ ਤਰਫ਼ ਵਧਦਾ ਪਰ ਪਤਨੀ ਦੀ ਝਾਕਣੀ ਅਖਬਾਰ ਛੁਹਣ ਤੱਕ ਨਾ ਦਿੰਦੀ ਤੇ ਉਹ ਬਾਹਰ ਦੌੜਦੀਆਂ ਗੱਡੀਆਂ ਤੇ ਰੰਗਲੇ ਰੁੱਖਾਂ ਵੱਲ ਤੱਕਣ ਲੱਗ ਜਾਂਦਾ। ਪਤਨੀ ਅੰਦਰੋ ਅੰਦਰੀ ਕੁੜ੍ਹ ਰਹੀ ਸੀ, ਉਸ ਨੂੰ ਬੈਗ ‘ਚ ਰੱਖੇ ਪਦਾਰਥਾਂ ਦੀ ਇਜ਼ਤ ਦਾ ਖਿਆਲ ਆ ਰਿਹਾ ਸੀ। ਉਸ ਤੋਂ ਰਿਹਾ ਨਾ ਗਿਆ, “ਕੋਈ ਸੜਾ-ਸਬਵੇ, ਮੜਾ-ਮੈਕਡੌਨਲਡ ਨਹੀਂ ਖਾਣਾ, ਮੈਂ ਆਲੂ ਦੇ ਪਰੌਂਠੇ ਲਿਆਂਦੇ ਆ, ਸਾਰੇ ਚਾਹ ਨਾਲ ਇਕ ਇਕ ਖਾਵਾਂਗੇ। ਬਾਕੀ ਦੇ ਧੁਰ ਜਾ ਕੇ ਦਹੀਂ ਨਾਲ ਖਾਵਾਂਗੇ।”
“ਫੇਰ ਲੈ ਆਏ ਮਨਹੂਸ ਪਰੌਂਠੇ? ਮੈਂ ਨਹੀਂ ਖਾਣੇ ਇਹ। ਆਪੇ ਖਾਂਦੇ ਫਿਰੋ ਆਪਣੀਆਂ ਖੁਰਾਕਾਂ।” ਪੁੱਤਰ ਟਲਣ ਵਾਲਾ ਨਹੀਂ ਸੀ ਪਰ ਧੀ ਦੋ ਮਾਸ਼ੇ ਵਧ ਨਿਕਲੀ। ਸ਼ੀਸ਼ਾ ਥੱਲੇ ਸਰਕਾਉਦਿਆਂ ਬੋਲੀ, “ਮੈਂ ਨਾ ਕਹਾਂ ਕਾਰ ਵਿਚੋਂ ਕਾਹਦੀ ਮੁਸ਼ਕ ਆਉਣ ਡਹੀ ਆ। ਪੁੱਤ ਤੁਹਾਡਾ ਠੀਕ ਕਹਿੰਦਾ, ਬਾਹਰ ਨਿਕਲ ਕੇ ਵੀ ਤੁਹਾਨੂੰ ਰੋਟ ਹੀ ਸੁਝਦੇ ਆ। ਸਾਡਾ ਜੋ ਜੀਅ ਕੀਤਾ ਅਸੀਂ ਖਾਵਾਂਗੇ। ਕੋਈ ਜ਼ਬਰਦਸਤੀ ਥੋੜੀ ਹੈ!”
“ਘਰ ਕਿਹੜਾ ਤੁਸੀਂ ਘਰ ਦੀਆਂ ਚੀਜ਼ਾਂ ਸ਼ੌਕ ਨਾਲ ਖਾਂਦੇ ਓ, ਤੁਹਾਡੀ ਮਾਂ ਏਨੀ ਮਿਹਨਤ ਨਾਲ ਸੁਆਦੀ ਪਰੌਂਠੇ ਬਣਾ ਕੇ ਲਿਆਈ ਆ।” ਪਿਉ ਦੀ ਹਾਲਤ ਪਤਲੀ ਪੈ ਰਹੀ ਸੀ ਪਰ ਮਾਂ ਦਾ ਤਾਂ ਰਿਹਾ ਹੀ ਕੁਝ ਨਹੀਂ ਸੀ, “ਜੀਭ ਦੇਖੋ ਇਸ ਦੀ ਕਿਵੇਂ ਲੁਤਰ ਲੁਤਰ ਚੱਲਦੀ ਹੈ। ਮੈਂ ਤਾਂ ਪਛਤਾਉਂਦੀ ਆਂ ਕਿਉਂ ਇਨ੍ਹਾਂ ਜਿਣਸਾਂ ਨੂੰ ਏਧਰ ਲੈ ਕੇ ਆਏ। ਚਾਰ ਦਿਨ ਅਮਰੀਕਾ ਕੀ ਦੇਖ ਲਿਆ, ਘਰ ਦੀ ਪੱਕੀ ਚੀਜ਼ ਤੇ ਨੱਕ ਹੀ ਨਹੀਂ ਧਰਦੇ। ਮੈਂ ਏਨੀ ਰੀਝ ਨਾਲ ਪਰੌਂਠੇ ਪਕਾਏ ਆ ਤੇ ਇਹ ਰਕਾਨਣ ਕਹਿੰਦੀ ਮੁਸ਼ਕ ਆਉਂਦਾ। ਇਕ ਵਾਰੀ ਆਖ ਦਿੱਤਾ, ਕੋਈ ਰੈਸਟ ਏਰੀਆ ਆਇਆ ਕਾਰ ਮੋੜ ਲਿਓ।”
ਪਰ ਏਨੇ ਨੂੰ ਇਕ ਐਗਜ਼ਿਟ ਆ ਗਿਆ ਜਿਥੇ ਮੈਕਡੌਨਲਡ ਤੇ ਸਬਵੇ-ਦੋਨਾਂ ਦੇ ਸਾਈਨ ਸਨ। ਧੀ ਨੇ ਬੇਝਿਜਕ ਕਾਰ ਮੋੜ ਲਈ। ਮਾਂ ਗਰਜੀ, “ਕਿਉਂ ਮੋੜੀ ਹੈ ਤੂੰ ਕਾਰ ਏਧਰ, ਤੈਨੂੰ ਕਿਹਾ ਨਹੀਂ, ਅਸੀਂ ਨਹੀਂ ਖਾਣਾ ਇਹ ਕੂੜ ਕਬਾੜ। ਗੰਦੀ ਔਲਾਦ, ਕਦੀ ਕਿਸੇ ਦੀ ਨਹੀਂ ਮੰਨਦੀ।” ਪਤੀ ਨੂੰ ਵੀ ਸਿੰਘਾਸਣ ਡੋਲਦਾ ਪ੍ਰਤੀਤ ਹੋਣ ਲੱਗਾ, “ਮੈਂ ਤਾਂ ਪਹਿਲਾਂ ਈ ਕਿਹਾ ਸੀ, ਤੁਸੀਂ ਇਨ੍ਹਾਂ ਨਾਲ ਦੋ ਕਦਮ ਨਹੀਂ ਚੱਲ ਸਕਦੇ। ਹੁਣੇ ਇਸ ਤਰ੍ਹਾਂ ਕਰਦੇ ਆ ਬੁਢੇ ਵਾਰੇ ਕੀ ਹਾਲ ਕਰਨਗੇ ਸਾਡਾ?”
“ਪਤਾ ਨਹੀਂ ਕੀ ਬੋਲਦੇ ਰਹਿੰਦੇæææਤੁਸੀਂ ਜੋ ਮਰਜ਼ੀ ਖਾਓ, ਅਸੀਂ ਜੋ ਸਾਡਾ ਜੀਅ ਕਰੂ ਓਹੀ ਖਾਵਾਂਗੇ।” ਧੀ ਨੱਕ ਦੀ ਸੇਧੇ ਵਧ ਰਹੀ ਸੀ। ਸਾਹਮਣੇ ਮੈਕਡੌਨਲਡ ਸੀ ਤੇ ਇਕ ਪਾਸੇ ਸਬਵੇ। ਉਸ ਨੇ ਕਾਰ ਪਾਰਕ ਕਰ ਲਈ। ਭੈਣ ਭਰਾ ਮਾਂ-ਪਿਉ ਵੱਲ ਝਾਕੇ ਬਿਨਾਂ ਕਾਰ ਤੋਂ ਉਤਰ ਕੇ ਆਪੋ ਆਪਣੇ ਮਨਪਸੰਦ ਟਿਕਾਣੇ ਅੱਪੜ ਗਏ।
ਉਹ ਅੱਖੋਂ ਓਝਲ ਹੋਏ ਕਿ ਹਲਕੀ ਪਈ ਪਤਨੀ ਨੇ ਪਤੀ ਨੂੰ ਘੇਰ ਲਿਆ, “ਤੁਸੀਂ ਵਿਗਾੜਿਆ ਇਨ੍ਹਾਂ ਨੂੰ। ਹਰ ਗੱਲ ਇਨ੍ਹਾਂ ਦੀ ਪੂਰੀ ਕਰਦੇ ਰਹਿੰਦੇ ਹੋ। ਕਦੇ ਡਾਂਟਦੇ ਨਹੀਂ। ਇਸੇ ਕਰਕੇ ਚਾਹਮਲੇ ਫਿਰਦੇ। ਇਸ ਮੁਲਕ ਵਿਚ ਤਾਂ ਜੁਆਕ ਵਿਗੜੇ ਕਿ ਵਿਗੜੇ। ਦੇਖਿਆ ਹੁਣੇ, ਸਮਝਦੇ ਆ ਕਿਸੇ ਨੂੰ ਕੁਝ?” ਪਤੀ ਇਸ ਦੋਸ਼ ਨੂੰ ਕਿਵੇਂ ਸਹਾਰ ਸਕਦਾ ਸੀ, “ਬਾਹਲੀ ਤਹਾਂ ਨਾ ਚੜ੍ਹਦੀ ਜਾਹ, ਵਿਗਾੜਿਆ ਤੂੰ ਏ ਇਨ੍ਹਾਂ ਨੂੰ। ਮੇਰੇ ਰੋਕਦਿਆਂ ਰੋਕਦਿਆਂ ਤੂੰ ਇਨ੍ਹਾਂ ਨੂੰ ਆਈ ਫੋਨ ਲੈ ਕੇ ਦਿੱਤੇ। ਫਿਰ ਮਹਿੰਗੀਆਂ ਕਾਰਾਂ ਲੈ ਕੇ ਦਿਤੀਆਂ, ਸਾਰੇ ਪੈਸੇ ਨਕਦ। ਮੈਂ ਕਿਹਾ ਨਹੀਂ ਸੀ ਕਿਸ਼ਤਾਂ ‘ਤੇ ਲੈ ਦਿੰਨੇ ਆਂ, ਆਪੇ ਭਰਦੇ ਫਿਰਨਗੇ, ਇਨ੍ਹਾਂ ਨੂੰ ਪਤਾ ਲੱਗੂ ਕਿਵੇਂ ਪੈਸੇ ਕਮਾਈਦੇ ਹਨ। ਤੂੰ ਹੀ ਇਨ੍ਹਾਂ ਨੂੰ ਪੁਚ ਪੁਚ ਕਰਦੀ ਏਂ। ਹੁਣ ਲੈ ਲਾ ਛੁਣਛੁਣਾ।” ਸਲੋਕ ਸੁਣਦਿਆਂ ਹੀ ਪਤਨੀ ਦਾ ਪਾਰਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ। ਉਹ ਚੀਨਾ ਚੀਨਾ ਹੋਈ ਪਈ ਸੀ। ਝੁੰਜਲਾਹਟ ਵਿਚ ਉਸ ਨੇ ਪਰੌਠਿਆਂ ਵਾਲਾ ਬੈਗ ਪਤੀ ਦੇ ਸਿਰ ਵੱਲ ਵਗਾਹ ਮਾਰਿਆ ਤੇ ਪਿਟ ਉਠੀ, “ਆਹੋ, ਮੈਂ ਹੀ ਬੁਰੀ ਹਾਂ ਇਸ ਘਰ ਵਿਚ, ਸਰਬਨਾਸ ਕਰਨ ਵਾਲੀ ਮੈਂ ਹੀ ਹਾਂæææ।” ਉਸ ਦੀ ਜ਼ਬਾਨ ਥਿੜਕਣ ਲੱਗੀ ਤੇ ਉਹ ਡੁਸਕਣ ਲੱਗ ਪਈ। ਪਤੀ ਨੇ ਖਿਲਰੇ ਪਰੌਂਠੇ ਸੰਭਾਲੇ ਪਰ ਕਚੀਚੀ ਵੱਟ ਕੇ ਚੁਪ ਰਿਹਾ। ਪਤਨੀ ਨੂੰ ਵਰਾਇਆ ਤੱਕ ਨਾ। ਜਦ ਨੂੰ ਭੈਣ ਭਰਾ ਆਪਣੇ ਟੁੱਕਰ ਵੱਢਦੇ ਹੱਸਦੇ ਬਿਨਾਂ ਪਿਛੇ ਦੇਖਿਆਂ ਕਾਰ ਵਿਚ ਆਣ ਵੜੇ। ਕਾਰ ਦੀ ਚਾਬੀ ਇਸ ਵਾਰੀ ਭਰਾ ਦੇ ਹੱਥ ਸੀ।
ਪਤਨੀ ਦਾ ਡੁਸਕਣਾ ਅਛੋਪਲੇ ਹਟਕੋਰਿਆਂ ਵਿਚ ਬਦਲ ਕੇ ਬੰਦ ਹੋ ਗਿਆ। ਪਤੀ-ਪਤਨੀ ਦੋਵੇਂ ਸਹਿਮੇ ਹੋਏ ਬੇਬਸੀ ਦੀ ਮੂਰਤੀ ਬਣੇ ਹੋਏ ਸਨ। ਹਾਈਵੇ ‘ਤੇ ਕਾਰ ਚਾੜ੍ਹਦਿਆਂ ਹੀ ਮੁੰਡੇ ਨੇ ਸਪੀਡ ਚੁੱਕ ਦਿਤੀ। ਮਾਂ ਨੂੰ ਡੋਬੂ ਪੈਂਦੇ ਪੈਂਦੇ ਜਾਨ ਦੇ ਲਾਲੇ ਪੈਣ ਲੱਗੇ। ਉਸ ਨੇ ਕਾਰ ਚਲਾਉਂਦੇ ਮੁੰਡੇ ਵੱਲ ਸਿਰੀ ਵਧਾਈ ਤੇ ਹੱੱਥ ਜੋੜੇ, “ਮੇਰੀ ਮਿੰਨਤ ਆ, ਤੂੰ ਕਾਰ ਜ਼ਰਾ ਹੌਲੀ ਰੱਖ, ਇਸ ਰੋਡ ‘ਤੇ ਪੁਲਿਸ ਫਿਰਦੀ ਰਹਿੰਦੀ ਹੈ।” “ਮੰਮੀ ਟਰੈਫ਼ਿਕ ਦੇ ਨਾਲ ਹੀ ਚੱਲਣਾ ਪੈਂਦਾ, ਤੁਸੀਂ ਕਦੇ ਹਾਈਵੇ ‘ਤੇ ਕਾਰ ਚਲਾਈ ਹੋਵੇ ਤਾਂ ਪਤਾ ਹੋਵੇ?” ਜਵਾਬ ਧੀ ਨੇ ਦਿੱਤਾ ਪਰ ਮੁੰਡੇ ਨੂੰ ਸ਼ਹਿ ਮਿਲ ਗਈ। ਉਸ ਨੇ ਕਾਰ ਹੋਰ ਤੇਜ਼ ਕਰ ਦਿਤੀ। ਜੀ ਭਿਆਣੇ ਮਾਂ ਪਿਉ ਦੇ ਹੱਥ ਪੈਰ ਅਚੇਤ ਹੀ ਅਗਲੀਆਂ ਸੀਟਾਂ ਨੂੰ ਧੱਕਣ ਲੱਗ ਪਏ, ਮਾਂ ਦੇ ਤਾਂ ਪੰਜੇ ਭੂਤ ਜਿਵੇਂ ਬਿਖਰਨ ਲੱਗੇ। ਮੁੰਡਾ ਅੱਤ ਚੁੱਕਣ ਲੱਗ ਪਿਆ ਸੀ। ਉਹ ਰੋਹ ‘ਚ ਬੁਰਾ ਭਲਾ ਬੋਲਣ ਲੱਗ ਪਈ, “ਕੁੱਤਿਆ, ਮਰਜਾਣਿਆ, ਤੂੰ ਮਰਵਾਉਣਾ ਸਾਨੂੰ, ਹੌਲੀ ਕਰ ਕਾਰ ਨਹੀਂ ਤਾਂ ਮੈਨੂੰ ਇਥੇ ਉਤਾਰ।”
ਕੁੜੀ ਢੈਲੀ ਪੈ ਗਈ ਤੇ ਬੋਲੀ, “ਤੂੰ ਜ਼ਰਾ ਹੌਲੀ ਚਲਾ ਲੈ।” ਪਰ ਨਾਲ ਹੀ ਮੰਮੀ ਨੂੰ ਦੱਸਿਆ, “ਮੰਮੀ ਏਨੀ ਸਪੀਡ ਚਲਦੀ ਹੈ। ਅਸੀਂ ਹੁਣ ਕਦੀ ਨਹੀਂ ਆਇਆ ਕਰਨਾ ਤੁਹਾਡੇ ਨਾਲ। ਤੁਸੀਂ ਤਾਂ ਇੰਡੀਆਂ ਹੀ ਰਹਿੰਦੇ ਤਾਂ ਚੰਗਾ ਸੀ।” ਮੁੰਡੇ ਨੇ ਕਾਰ ਕੁਝ ਹੌਲੀ ਕਰ ਲਈ ਤਾਂ ਪਤੀ ਪਤਨੀ ਨੂੰ ਮੁਖਾਤਿਬ ਹੋਇਆ, “ਤੂੰ ਵੀ ਕਿਉਂ ਹਰ ਵਕਤ ਤਣੀ ਰਹਿੰਦੀ ਏਂ? ਤੇਰੇ ਦੀਦੇ ਹਮੇਸ਼ਾ ਸਪੀਡੋਮੀਟਰ ਹੀ ਤਾੜਦੇ ਰਹਿੰਦੇ ਆ। ਐਵੇਂ ਜੀਅ ਥੋੜਾ ਨਾ ਕਰ, ਬਾਹਰ ਦੇਖ, ਅੱਗ ਵਰ੍ਹਾਉਂਦੇ ਦਰਖਤ। ਹੈ ਕੋਈ ਰੰਗ ਜੋ ਇਥੇ ਨਹੀਂ ਦਿਸਦਾ। ਲਗਦਾ ਜਿਵੇਂ ਦੀਵਾਲੀ ਨੂੰ ਹਲਵਾਈਆਂ ਨੇ ਵੰਨ ਸਵੰਨੀਆਂ ਮਠਿਆਈਆਂ ਚਿਣੀਆਂ ਹੁੰਦੀਆਂ।” ਮੌਜ ‘ਚ ਆਇਆ ਸਾਰਿਆਂ ਨੂੰ ਸੰਬੋਧਤ ਹੋ ਕੇ ਬੋਲਿਆ, “ਦਰਖਤ ਰੰਗ ਬਦਲ ਰਹੇ ਹਨ, ਇਸ ਗੱਲ ਨੂੰ ਹੋਰ ਸ਼ਬਦਾਂ ਵਿਚ ਬਿਆਨ ਕਰੋ।” ਧੀ ਨੇ ਕੁਝ ਪਲ ਬਾਹਰ ਦੇਖਿਆ ਤੇ ਫਿਰ ਸੋਚਦਿਆਂ ਬੋਲੀ, “ਸਾਰੀ ਬਨਸਪਤੀ ਸਤਰੰਗੀ ਪੀਂਘ ਝੂਟ ਰਹੀ ਹੈ।”
“ਇਹ ਕੀ ਗੱਲ ਬਣੀ?” ਮੁੰਡਾ ਬੋਲਿਆ, “ਸਵਰਗ ਮਿਸ਼ੀਗਨ ਵਿਚ ਲੱਥ ਆਇਆ ਹੈ।” ਪਰ ਪਿਉ ਨੇ ਆਪਣਾ ਗਿਆਨ ਝਾੜਨਾ ਸੀ, “ਫਰੀਦ ਨੇ ਕਿਹਾ ‘ਰੁਤ ਫਿਰੀ ਵਣ ਕੰਬਿਆ ਪਤ ਝੜੇ ਝੜ ਜਾਹ’, ਕਿਆ ਸੁਹਣੀ ਗੱਲ ਹੈ।” ਪਰ ਮੁੰਡੇ ਨੇ ਮੋਢੇ ਸਿਕੋੜੇ, “ਫਿਰ ਗੂੜ੍ਹ ਪੰਜਾਬੀ ‘ਤੇ ਉਤਰ ਆਏ।”
ਪਰ ਦਰਖਤਾਂ ਦੇ ਰੰਗਾਂ ‘ਚ ਮਸਤ ਹੋਇਆਂ ਨੂੰ ਇਹ ਨਹੀਂ ਪਤਾ ਲੱਗਾ ਕਿ ਇਸ ਦੌਰਾਨ ਮਾਂ ਦੇ ਚਿਹਰੇ ਦੇ ਕਿੰਨੇ ਰੰਗ ਬਦਲ ਰਹੇ ਸਨ। ਕਾਰ ਦੀ ਵਧਦੀ ਸਪੀਡ ਨੇ ਉਸ ਨੂੰ ਮਰਨਹਾਰੀ ਕਰ ਦਿੱਤਾ ਸੀ। ਤੇ ਹਾਰ ਕੇ ਉਸ ਨੇ ਫੈਸਲਾ ਸੁਣਾ ਦਿੱਤਾ, “ਮੈਂ ਨਹੀਂ ਚੱਲ ਸਕਦੀ ਤੁਹਾਡੇ ਨਾਲ, ਪਿਛੇ ਮੁੜੋ ਜਾਂ ਮੈਨੂੰ ਇਥੇ ਉਤਾਰੋ।” ਪਰ ਮੁੰਡੇ ਨੂੰ ਪਤਾ ਨਹੀਂ ਸੁਣਿਆ ਨਹੀਂ ਜਾਂ ਮਚਲਾ ਹੋ ਗਿਆ, ਉਸ ਨੇ ਮਾਂ ਨੂੰ ਹੋਰ ਖਿਝਾਉਣ ਲਈ ਕਾਰ ਦਾ ਸਟੇਅਰਿੰਗ ਤੇਜ਼ੀ ਨਾਲ ਏਧਰ ਉਧਰ ਘੁਮਾਇਆ। ਕਾਰ ਭੁਚਾਲ ਵਾਂਗ ਡੋਲ ਗਈ ਤੇ ਨਾਲ ਹੀ ਉਨ੍ਹਾਂ ਦੀ ਮਾਂ। ਉਹ ਉਚੀ ਉਚੀ ਰੋਣ ਲੱਗ ਪਈ, ਉਸ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਉਹ ਸੀਟ ‘ਤੇ ਢਹਿ ਪਈ। ਗੱਲ ਵਧ ਗਈ ਸੀ। ਪਤੀ ਨੂੰ ਆਪਣੀ ਮੂਰਖਤਾ ਦਾ ਅਹਿਸਾਸ ਹੋਇਆ। ਉਸ ਨੇ ਪੁੱਤਰ ਨੂੰ ਕਿਹਾ, “ਰੋਕੀਂ, ਰੋਕੀਂ, ਰੋਕੀਂ ਜ਼ਰਾ, ਦੇਖ ਤੇਰੀ ਮਾਂ ਨੂੰ ਕੀ ਹੋ ਗਿਆ। ਕਾਰ ਨੂੰ ਸ਼ੋਲਡਰ ‘ਤੇ ਲਾ ਦੇਹ। ਉਸ ਨੇ ਪਤਨੀ ਦਾ ਹੱਥ ਫੜ ਕੇ ਉਸ ਨੂੰ ਪਲੋਸਣ ਦਾ ਜਤਨ ਕੀਤਾ ਪਰ ਉਸ ਨੇ ਪਤੀ ਦਾ ਹੱਥ ਤੋੜ ਕੇ ਮਾਰਿਆ ਤੇ ਸਹਿਸਾ ਉਠ ਖੜੀ ਹੋਈ। ਉਨਮਾਦ ਵਿਚ ਆਈ ਨੇ ਪਿਛਿਓਂ ਮੁੰਡੇ ਦਾ ਹੱਥ ਫੜ ਲਿਆ ਤੇ ਉਸ ਨੂੰ ਝੰਜੋੜਦੀ ਹੋਈ ਆਖਣ ਲੱਗੀ, “ਜੇ ਕਾਰ ਏਸੇ ਤਰ੍ਹਾਂ ਚਲਾਈ ਰੱਖੀ ਤਾਂ ਮੈਂ ਚਲਦੀ ਕਾਰ ‘ਚੋਂ ਛਾਲ ਮਾਰ ਦੇਵਾਂਗੀ, ਹਾਂ ਮੈਂ ਇਹ ਕਰਕੇ ਦਿਖਾਊਂਗੀ।” ਉਸ ਨੇ ਪਿਛਲੀ ਡੋਰ ਦਾ ਹੈਂਡਲ ਫੜਿਆ ਹੋਇਆ ਸੀ ਮਾਨੋਂ ਹੁਣੇ ਖੋਲ੍ਹਣ ਲੱਗੀ ਹੋਵੇ। ਪਰ ਮੁੰਡਾ ਇਸ ਕਦਰ ਝੰਜੋੜਿਆ ਗਿਆ ਸੀ ਕਿ ਉਸ ਦੀ ਕਾਰ ਸਰਕ ਸਰਕ ਕੇ ਸੱਜੇ ਪਾਸੇ ਵਾਲੀ ਲੇਨ ‘ਤੇ ਚਲੇ ਗਈ। ਦੇਖਦੇ ਹੀ ਦੇਖਦੇ ਉਹ ਇਸ ਲੇਨ ਵਿਚ ਪਿਛਿਓਂ ਆ ਰਹੇ ਟਰੱਕ ਦੇ ਅਗਲੇ ਪਹੀਏ ਨਾਲ ਬੁਰੀ ਤਰਾਂ ਘਿਸੜ ਗਈ। ਕਾਰ ਦਾ ਸੱਜਾ ਪਹੀਆਂ ਬੁਰੀ ਤਰ੍ਹਾਂ ਮੁਚਕੜ ਗਿਆ। ਟਰੱਕ ਤੇ ਕਾਰ ਇਕ ਦਮ ਰੁਕ ਗਏ ਪਰ ਬਚਾਅ ਹੋਇਆ, ਕਿਸੇ ਦੇ ਝਰੀਟ ਵੀ ਨਹੀਂ ਸੀ ਆਈ। ਸਾਰੇ ਸਵਾਰ ਦੋਨੋਂ ਵਾਹਣਾਂ ‘ਚੋਂ ਉਤਰੇ ਹੀ ਸਨ ਕਿ ਚਿਲਕਾਰੇ ਮਾਰਦੀਆਂ ਪੁਲਿਸ ਦੀਆਂ ਗੱਡੀਆਂ ਨੇ ਉਨ੍ਹਾਂ ਨੂੰ ਚਾਰੇ ਪਾਸਿਓਂ ਘੇਰ ਲਿਆ।
Leave a Reply