ਹਾਜ਼ਰ-ਗ਼ੈਰਹਾਜ਼ਰ

ਕੁਲਵਿੰਦਰ ਬਾਠ
ਫੋਨ:209 600 2897
ਅਨੇਕਾਂ ਮਿਆਰੀ ਪੁਸਤਕਾਂ ਦੇ ਰਚਣਹਾਰ ਲਖਵਿੰਦਰ ਸਿੰਘ ਜੌਹਲ ਦੁਆਰਾ ਰਚਿਤ ਅਤੇ ਕੁਝ ਸਮਾਂ ਪਹਿਲਾਂ ਛਪੀ ਪੁਸਤਕ ‘ਹਾਜ਼ਰ-ਗ਼ੈਰਹਾਜ਼ਰ’ ਨੂੰ ਪੜ੍ਹਨ ਦਾ ਮੌਕਾ ਮਿਲਿਆ। ਓਪਰੀ ਨਜ਼ਰੇ ਕੁਝ ਭੁਲੇਖਾ ਵੀ ਪਿਆ, ਇਹ ਸੋਚਦਿਆਂ ਕਿ ‘ਹਾਜ਼ਰ-ਗ਼ੈਰਹਾਜ਼ਰ’ ਅਤੇ ‘ਗ਼ੈਰਹਾਜ਼ਰ-ਹਾਜ਼ਰ’ ਕਿਵੇਂ ਹੋ ਸਕਦਾ ਹੈ? ਪਰ ਪੁਸਤਕ ਨੂੰ ਪੜ੍ਹਦਿਆਂ, ਜਾਣਦਿਆਂ ਅਤੇ ਮਾਣਦਿਆਂ ਮਨ ਦੇ ਭੁਲੇਖੇ ਵੀ ਨਿਕਲਦੇ ਗਏ…।
ਲਖਵਿੰਦਰ ਸਿੰਘ ਜੌਹਲ…

ਦੋ-ਆਬਾਂ ਦੀ ਧਰਤੀ ‘ਤੇ ਘੁੱਗ ਵੱਸਦੇ ਸ਼ਹਿਰਨੁਮਾ ਪਿੰਡ ਜੰਡਿਆਲਾ ਮੰਜਕੀ ਵਿਚ ਜਨਮਿਆ ਅਤੇ ਜਵਾਨ ਹੋਇਆ ਲਖਵਿੰਦਰ ਜੌਹਲ ਪੰਜਾਬੀ ਸਾਹਿਤ, ਕਲਾ ਅਤੇ ਸੱਭਿਆਚਾਰ ਦੇ ਖੇਤਰ ਦਾ ਉਹ ਨਾਂਅ ਹੈ ਜਿਸ ਦੀ ਜਾਣ-ਪਛਾਣ ਕਰਾਉਣ ਦੀ ਬਹੁਤੀ ਜ਼ਰੂਰਤ ਰਹਿ ਨਹੀਂ ਜਾਂਦੀ। ਤੇਰਾਂ ਕੁ ਕਾਵਿ ਸੰਗ੍ਰਹਿ ਅਤੇ ਬਹੁਤ ਸਾਰੀਆਂ ਹੋਰ ਖ਼ੂਬਸੂਰਤ ਪੰਜਾਬੀ ਰਚਨਾਵਾਂ ਦਾ ਇਹ ਰਚਣਹਾਰਾ, ਸਾਹਿਤ ਅਤੇ ਸੱਭਿਆਚਾਰ ਦੇ ਖੇਤਰ ਵਿਚ ਅੱਜ ਵੀ ਪੂਰੇ ਜੋਸ਼ ਨਾਲ ਸਰਗਰਮ ਹੈ। ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਵਜੋਂ ਵੀ ਆਪਣਾ ਬਣਦਾ ਯੋਗਦਾਨ ਪਾ ਚੁੱਕਾ ਹੈ। ਲਫ਼ਜ਼ਾਂ ਨਾਲ ਖੇਡਣ ਅਤੇ ਸ਼ਬਦਾਂ ਨੂੰ ਲਿਖਤਾਂ ਵਿਚ ਖ਼ੂਬਸੂਰਤੀ ਨਾਲ ਪ੍ਰੋਣ ਦੀ ਜਾਦੂਗਰੀ ਵਿਚ ਵੀ ਪੂਰਾ ਨਿਪੁੰਨ ਹੈ। ਇਸ ਦੀਆਂ ਸ਼ਬਦੀ-ਸਾਂਝਾਂ ਜ਼ਿੰਦਗੀ ਦੇ ਸਫ਼ਰ ‘ਤੇ ਪਾਠਕਾਂ ਦਾ ਮਾਰਗ ਦਰਸ਼ਨ ਵੀ ਕਰਦੀਆਂ ਹਨ। ਕਵਿਤਾ ਲਿਖਣ ਦੇ ਸੰਗ-ਸੰਗ ਕਵਿਤਾ ਨੂੰ ਜਿਉਂਦਾ ਵੀ ਹੈ। ਨਿਰਸੰਦੇਹ ਹੀ ਇਸ ਦੇ ਪਾਠਕਾਂ ਦਾ ਘੇਰਾ ਵੀ ਵਿਸ਼ਾਲ ਹੈ।
ਹਾਜ਼ਰ-ਗ਼ੈਰਹਾਜ਼ਰ…
ਜੀਵਨ ਦੇ ਪਲ ਪਲ ਬੀਤਦੇ ਪਲਾਂ ਦਰਮਿਆਨ ਜਦ ਕੱਲ੍ਹ ਦੇ ਕੁਝ ਕੁ ਹੁਸੀਨ ਪਲ ਅੱਜ ਦੀਆਂ ਖ਼ੂਬਸੂਰਤ ਯਾਦਾਂ ਬਣ ਜਾਣ ਤਾਂ ਭਲਾ ਕੌਣ ਉਨ੍ਹਾਂ ਨੂੰ ਜਾਨਣਾ ਜਾਂ ਮਾਣਨਾ ਨਹੀਂ ਚਾਹੇਗਾ? ਲਖਵਿੰਦਰ ਜੌਹਲ ਦੇ ਮਨ ਦੇ ਇਨ੍ਹਾਂ ਵਲਵਲਿਆਂ, ਅਹਿਸਾਸਾਂ ਅਤੇ ਖਿਆਲਾਂ ਨੇ ਇੱਕ ਖ਼ੂਬਸੂਰਤ ਅਤੇ ਸ਼ਾਹਕਾਰ ਰਚਨਾ ਬਣਦਿਆਂ ਸੁਹਿਰਦ ਪਾਠਕਾਂ ਦੇ ਦਰਵਾਜ਼ੇ ਤੇ ਆ ਦਸਤਕ ਦਿੱਤੀ। ਲਖਵਿੰਦਰ ਦੀ ਰੂਹ ਅਤੇ ਦਿਲ ਦੀਆਂ ਗੱਲਾਂ ਕਰਦੀ ਇਸ ਕਿਤਾਬ ਦੀਆਂ ਕਈ ਹੋਰ ਵਿਸ਼ੇਸ਼ਤਾਵਾਂ ਤੋਂ ਇਲਾਵਾ ‘ਸਿਮਰਤੀਆਂ ਵਿਚ ਸਮਾਏ ਹੋਏ ਸੱਚ’ ਨੂੰ ਰੂਹ ਨਾਲ ਲਫ਼ਜ਼ਾਂ ਵਿਚ ਪ੍ਰੋਣ ਦੀ ਪ੍ਰਕਿਰਿਆ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ- ਅਸਲੀ ਪਾਤਰਾਂ ਦੀਆਂ ਅਸਲੀ ਕਹਾਣੀਆਂ ਅਤੇ ਸ਼ਬਦ-ਚਿਤਰ!
ਦੋਸਤੋ,…ਭਰ ਚਾਨਣੀ ਰਾਤ ਵਿਚ ਖੁੱਲ੍ਹੇ ਅਸਮਾਨ ਵੱਲ ਨਿਗ੍ਹਾ ਮਾਰੀਏ ਤਾਂ ਕਦੇ-ਕਦੇ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਚੰਨ ਅਤੇ ਤਾਰਿਆਂ ਨਾਲ ਭਰੇ ਆਕਾਸ਼ ਦਾ ਚੰਦੋਆ ਪੂਰੀ ਕਾਇਨਾਤ ਨੂੰ ਲਿਸ਼ਕਦੇ ਮੋਤੀਆਂ ਨਾਲ ਸ਼ਿੰਗਾਰ ਰਿਹਾ ਹੋਵੇ। ਜ਼ਰਾ ਕੁ ਹੋਰ ਗਹੁ ਨਾਲ ਦੇਖੀਏ ਤਾਂ ਇਨ੍ਹਾਂ ਅਣਗਿਣਤ ਟਿਮ-ਟਿਮਾਉਂਦੇ ਤਾਰਿਆਂ ਦੇ ਝੁਰਮਟ ਦਰਮਿਆਨ ਕੁਝ ਸਿਤਾਰੇ ਕੁਝ ਕੁ ਅਲੱਗ ਅਤੇ ਨਿਵੇਕਲੀਆਂ ਰੌਸ਼ਨੀਆਂ ਬਖੇਰਦੇ ਨਜ਼ਰੀਂ ਪੈਂਦੇ ਹਨ। ਇੰਜ ਹੀ…ਆਪਣੇ ਜੀਵਨ ਵਿਚ ਪਿਛਲ-ਝਾਤ ਮਾਰਦਿਆਂ, ਲਖਵਿੰਦਰ ਸਿੰਘ ਜੌਹਲ ਨੇ ਸਮਾਜ ਦੇ ਮੋਤੀਆਂ ਵਿਚੋਂ ਚੌਦਾਂ ਕੁ ਨਗੀਨਿਆਂ ਨੂੰ ਚੁਣਿਆ ਅਤੇ ਬੜੀ ਰੂਹ ਨਾਲ ਇਸ ਪੁਸਤਕ ਵਿਚ ਖ਼ੂਬਸੂਰਤ ਲਫ਼ਜ਼ਾਂ ਨਾਲ ਪਰੋ ਦਿੱਤਾ। ਲੇਖਕ ਇਨ੍ਹਾਂ ‘ਹੀਰੇ ਸੱਜਣਾਂ’ ਦੇ ਅੰਗ-ਸੰਗ ਵਿਚਰਨ ਦਾ ਨਿੱਘ ਮਾਣਦਾ ਰਿਹਾ ਹੈ…ਜਿਸ ਦਾ ਉਸ ਦੀ ਖੁਦ ਦੀ ਸ਼ਖ਼ਸੀਅਤ ਉੱਪਰ ਗਹਿਰਾ ਅਸਰ ਪਿਆ। ਇਹ ਵਿਲੱਖਣ ਸ਼ਖ਼ਸੀਅਤਾਂ ਭਾਵੇਂ ਸਰੀਰਕ ਤੌਰ ‘ਤੇ ਤਾਂ ਅੱਗੜ-ਪਿੱਛੜ ਤੁਰ ਕੇ ‘ਗ਼ੈਰ-ਹਾਜ਼ਰ’ ਹੋ ਗਈਆਂ ਪਰ ਉਨ੍ਹਾਂ ਦੀ ਵਿਲੱਖਣਤਾ ਉਨਾਂ ਦੀ ਗ਼ੈਰ-ਹਾਜ਼ਰੀ ਨੂੰ ਅੱਜ ਵੀ ‘ਹਾਜ਼ਰ’ ਰੱਖ ਰਹੀ ਹੈ।
ਕੁਦਰਤ ਦੇ ਅਸੂਲ ਮੁਤਾਬਕ ਜੋ ਇਸ ਦੁਨੀਆਂ ਤੇ ਆਇਆ ਹੈ, ਉਹ ਇੱਕ ਦਿਨ ਜ਼ਰੂਰ ਚਲੇ ਵੀ ਜਾਵੇਗਾ। ਪਰ ਸੱਚ ਇਹ ਵੀ ਹੈ ਕਿ ਸੁਖ਼ਨਵਰ ਜਾ ਕੇ ਵੀ…ਕਦੇ ਨਹੀਂ ਜਾਂਦੇ। ਉਹ ਆਪਣੇ ਕੀਤੇ ਹੋਏ ਕੰਮਾਂ-ਕਾਜਾਂ, ਬੋਲਾਂ ਜਾਂ ਲਫ਼ਜ਼ਾਂ ਦੇ ਸੰਗ ਜਿਉਂਦੇ ਰਹਿੰਦੇ ਹਨ। ਲਖਵਿੰਦਰ ਜੌਹਲ ਦੀ ‘ਹਾਜ਼ਰ-ਗੈਰਹਾਜ਼ਰ’ ਪੁਸਤਕ ਉਨ੍ਹਾਂ ਮਹਾਨ ਸਪੂਤਾਂ ਦੇ ਮਨਾਂ ਵਿਚਲੀ ਮੁਹੱਬਤ ਅਤੇ ਉਨ੍ਹਾਂ ਦੀਆਂ ਰਮਣੀਕ ਅਤੇ ਸੰਦਲੀ ਪੈੜਾਂ ਨੂੰ ਸਲਾਮ ਵੀ ਹੈ! ਇਸ ਦਸਤਾਵੇਜ਼ੀ ਪੁਸਤਕ ਨੂੰ ਪੜ੍ਹਦਿਆਂ, ਪੰਜਾਬੀ ਕਵਿਤਾ ਦੇ ਹਸਤਾਖਰ ਅਤੇ ਵਿਲੱਖਣ ਸ਼ਖ਼ਸੀਅਤ ਸੁਰਜੀਤ ਪਾਤਰ ਦੀਆਂ ਸੁੰਦਰ ਲਾਈਨਾਂ ਯਾਦ ਆ ਗਈਆਂ…
ਜਦੋਂ ਤੱਕ ਲਫ਼ਜ਼ ਜਿਊਂਦੇ ਨੇ ਸੁਖਨਵਰ ਜਿਉਣ ਮਰ ਕੇ ਵੀ
ਉਹ ਕੇਵਲ ਜਿਸਮ ਹੁੰਦੇ ਨੇ ਜੇ ਸਿਵਿਆਂ ਵਿਚ ਸੁਆਹ ਬਣਦੇ
(ਸੁਰਜੀਤ ਪਾਤਰ)
ਪੁਸਤਕ ਦੀ ਸ਼ੁਰੂਆਤ ਪੰਜਾਬੀ ਸਾਹਿਤ ਦੇ ਬਹੁ-ਪੱਖੀ ਅਤੇ ਬਹੁ-ਵਿਧਾਵੀ ਲੇਖਕ, ਨਾਵਲ ਦੇ ਸਿਰਨਾਵੇਂ, ਅਤੇ ਦੂਰਅੰਦੇਸ਼ੀ ਸੋਚਣੀ ਦੇ ਮਾਲਕ ਜਸਵੰਤ ਸਿੰਘ ਕੰਵਲ ਨਾਲ ਕਰਦਿਆਂ ਲਖਵਿੰਦਰ ਜੌਹਲ ਨੇ ਲਿਖਿਆ, ‘ਉਸ ਨੂੰ ਮਿਲਦਿਆਂ ਇਹ ਅਹਿਸਾਸ ਕਦੇ ਨਹੀਂ ਸੀ ਹੁੰਦਾ ਕਿ ਅਸੀਂ ਇੱਕ ਯੁੱਗ ਪੁਰਸ਼ ਨੂੰ ਮਿਲ ਰਹੇ ਹਾਂ! ਜਮਾਤਾਂ ਦੇ ਨਜ਼ਰੀਏ ਤੋਂ ਘੱਟ ਪੜ੍ਹੇ-ਲਿਖੇ ਹੋਣ ਦੇ ਬਾਵਜੂਦ, ਅਜਿਹਾ ਦੂਰਅੰਦੇਸ਼ੀ ਵਾਲਾ ਅਕਾਦਮਿਕ ਅਮਲ ਜਸਵੰਤ ਸਿੰਘ ਕੰਵਲ ਦਾ ਉਹ ਹਾਸਲ ਹੈ, ਜਿਹੜਾ ਉਸ ਨੂੰ, ਉਨ੍ਹਾਂ ਪੰਜਾਬੀ ਲੇਖਕਾਂ ਨਾਲੋਂ ਨਿਖੇੜ ਦਿੰਦਾ ਹੈ, ਜਿਹੜੇ ਖੋਪੇ ਲੱਗੇ ਬਲਦ ਵਾਂਗੂੰ, ਸਾਊ ਬਣੇ ਹੋਏ, ਪਹਿਲੀਆਂ ਪੈੜਾਂ ਨੂੰ ਹੀ ਹੋਰ ਗੂੜ੍ਹਾ ਕਰੀ ਜਾਣ ਵਿਚ ਵਿਸ਼ਵਾਸ ਰੱਖਦੇ ਸਨ ਅਤੇ ਅਜਿਹਾ ਕਰਨ ਵਿਚ ਹੀ ਆਨੰਦ ਪ੍ਰਾਪਤ ਕਰਦੇ ਸਨ। ਪੰਜਾਬੀਅਤ ਦੀ ਰੂਹ ਜਸਵੰਤ ਸਿੰਘ ਕੰਵਲ ਦੀ ਰੂਹ ਵਿਚ ਇਸ ਕਦਰ ਰਮ ਚੁੱਕੀ ਸੀ ਕਿ ਦੋਹਾਂ ਨੂੰ ਇੱਕ ਦੂਸਰੇ ਤੋਂ ਵਿਛੁੰਨਣਾ ਮੁਸ਼ਕਲ ਸੀ। ਉਸ ਦੀ ਜੀਵਨ-ਕਥਾ, ਦੰਦ-ਕਥਾ, ਲੋਕ-ਕਥਾ ਅਤੇ ਅਸਧਾਰਨ ਲੋਹ-ਕਥਾ ਨੂੰ ਸੌ-ਸੌ ਸਲਾਮਾਂ।’
ਗੁਰੂ ਨਾਨਕ ਦੇ ਸਿੱਖ ਅਤੇ ਲੈਨਿਨ ਦੇ ਸਿਪਾਹੀ, ਸ. ਸੰਤੋਖ ਸਿੰਘ ਧੀਰ ਦਾ ਪੰਜਾਬੀ ਸਾਹਿਤ ਵਿਚ ਵਿਸ਼ੇਸ਼ ਸਥਾਨ ਹੈ। ਉੱਚਕੋਟੀ ਦਾ ਸ਼੍ਰੋਮਣੀ ਸਾਹਿਤਕਾਰ ਅਤੇ ਕਹਾਣੀਕਾਰ ਜਿਸਦੀਆਂ ਅਨੇਕਾਂ ਰਚਨਾਵਾਂ ਉਸ ਨੂੰ ਅਮਰ ਕਰ ਗਈਆਂ। ਉਹ ਸਾਹਿਤ, ਜ਼ਿੰਦਗੀ ਅਤੇ ਮਨੁੱਖਤਾ ਪ੍ਰਤੀ ਇੱਕੋ ਜਿੰਨਾ ਪ੍ਰਤੀਬੱਧ ਸੀ। ਉਸ ਦੇ ਜ਼ਿੰਦਗੀ ਨੂੰ ਜਿਉਣ ਦੇ ਆਪਣੇ ਅਸੂਲ ਸਨ ਜਿਨ੍ਹਾਂ ਨੂੰ ਨਿਭਾਉਣ ਲਈ ਉਹ ਜਨੂਨ ਦੀ ਹੱਦ ਤੱਕ ਲੜਾਈ ਲੜਦਾ ਸੀ। ਉਸ ਦੀ ਅਸੂਲਾਂ ਪ੍ਰਤੀ ਲੜਾਈ ਨੂੰ ਲਖਵਿੰਦਰ ਜੌਹਲ ਨੇ ਬਹੁਤ ਸੁੰਦਰ ਸ਼ਬਦਾਂ ਵਿਚ ਇੰਜ ਬਿਆਨਿਆ ਹੈ, ਜਾਗ੍ਰਿਤੀ ਰਸਾਲੇ ਉਤੇ ਉਸ ਨੇ ਆਪਣੀਆਂ ਰਚਨਾਵਾਂ ਨੂੰ ਤੋੜ-ਮਰੋੜ ਕੇ ਛਾਪਣ ਦਾ ਮੁਕੱਦਮਾ ਕਰ ਦਿੱਤਾ। ਪਹਿਲੀ ਵਾਰ ਹਾਰਨ ਬਾਅਦ ਉਸ ਨੇ ਫੇਰ ਸਿਰਫ ਇੱਕ ਰੁਪਏ ਦੇ ਹਰਜਾਨੇ ਲਈ ਮੁਕੱਦਮਾ ਕੀਤਾ। ਉਸ ਨੇ ਉਂਗਲੀ ਖੜ੍ਹੀ ਕਰਕੇ ਕਿਹਾ ‘ਗੱਲ ਪੈਸੇ ਦੀ ਨਹੀਂ ਅਸੂਲ ਦੀ ਹੈ। ਇਹ ਲੇਖਕ ਦੀ ਖ਼ੁਦਦਾਰੀ ਦਾ ਸਵਾਲ ਹੈ, ਮੈਂ ਪਿੱਛੇ ਨਹੀਂ ਹਟਾਂਗਾ।’ ਸਾਲਾਂ ਤੱਕ ਮੁਕੱਦਮਾ ਚੱਲਿਆ ਤੇ ਆਖ਼ਰ ਸਰਕਾਰ ਹਾਰ ਗਈ। ਧੀਰ ਸਾਹਿਬ ਜਿੱਤ ਗਏ। ਇਹ ਜਿੱਤ ਬੇਅਸੂਲੀ ਉੱਤੇ ਅਸੂਲ ਦੀ ਜਿੱਤ ਸੀ। ਸਾਹਿਤ ਦੇ ਸੰਤੋਖ ਸਿੰਘ ਧੀਰ ਅਤੇ ਜ਼ਿੰਦਗੀ ਦੇ ‘ਬੀਰੂ ਤਾਂਗੇ ਵਾਲੇ’, ‘ਸਵੇਰ ਹੋਣ ਤੱਕ’ ਮੁੜ-ਮੁੜ ਜੰਮਦੇ ਰਹਿਣਗੇ।’
ਸਖ਼ਤ ਸੁਭਾਅ ਵਾਲੇ ਨਰਮ ਦਿਲ ਇਨਸਾਨ ਜਗਜੀਤ ਸਿੰਘ ਆਨੰਦ ਤੋਂ ਭਲਾ ਕੌਣ ਵਾਕਿਫ ਨਹੀਂ? ਪੰਜਾਬੀ ਪੱਤਰਕਾਰੀ ਦਾ ਨਿਵੇਕਲਾ ਹਸਤਾਖ਼ਰ ਹੈ। ਉਸ ਦੇ ਗੁੱਸੇ ਬਾਰੇ ਕਾਮਰੇਡ ਸੋਹਣ ਸਿੰਘ ਜੋਸ਼ ਦੇ ਬੋਲਾਂ ਨੂੰ ਲਖਵਿੰਦਰ ਜੌਹਲ ਨੇ ਇੰਜ ਲਫ਼ਜ਼ਾਂ ਵਿਚ ਪ੍ਰੋਇਆ ਹੈ…’ਜੇਕਰ ਆਨੰਦ ਨੂੰ ਆਪਣੇ ਗੁੱਸੇ ਉੱਤੇ ਕਾਬੂ ਪਾ ਲੈਣ ਦੀ ਮੁਹਾਰਤ ਹੁੰਦੀ ਤਾਂ ਪੰਡਤ ਨਹਿਰੂ ਤੋਂ ਬਾਅਦ ਦੇਸ਼ ਦੀ ਸੱਭ ਤੋਂ ਵੱਡੀ ਰਾਜਨੀਤਕ ਸ਼ਖ਼ਸੀਅਤ ਹੁੰਦੀ ਅਤੇ ਇਸ ਦਾ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚਣਾ ਸੰਭਵ ਸੀ।’ ਕਾਮਰੇਡ ਆਨੰਦ ਦਾ ਲੇਖਕ ਦੀ ਸ਼ਖ਼ਸੀਅਤ ਦੇ ਵਿਕਾਸ ਅਤੇ ਨਿਖਾਰਨ ਵਿਚ ਵੱਡਾ ਯੋਗਦਾਨ ਸੀ ਜਿਸ ਬਾਰੇ ਲਖਵਿੰਦਰ ਨੇ ਲਿਖਿਆ ਕਿ ‘ਮੇਰੀ ਸ਼ਖ਼ਸੀਅਤ ਦੇ ਵਿਕਾਸ ਵਿਚ ਕਾਮਰੇਡ ਆਨੰਦ ਦੇ ਯੋਗਦਾਨ ਦਾ ਲੇਖਾ-ਜੋਖਾ ਕਰਨਾ ਹੋਵੇ ਤਾਂ ਮੇਰੀ ਵਿਚਰਨ ਕਲਾ ਅਤੇ ਲਿਖਣ ਕਲਾ, ਮੈਨੂੰ ਉਨ੍ਹਾਂ ਦੀ ਹੀ ਦੇਣ ਦਿਸਦਾ ਹੈ।’
ਸੁਰਜਨ ਸਿੰਘ ਜ਼ੀਰਵੀ ਨਾਲ ਬਿਤਾਏ ਪਲਾਂ ਨੂੰ ਲੇਖਕ ਨੇ ਖੁੱਲ੍ਹ ਕੇ ਅਤੇ ਬਾਖੂਬੀ ਨਾਲ ਬਿਆਨਿਆ ਹੈ- ਚਿਹਰੇ ‘ਤੇ ਮੁਸਕਾਨ, ਜ਼ੁਬਾਨ ਉੱਤੇ ਹਾਸੇ-ਮਜ਼ਾਕ ਨਾਲ ਭਰਪੂਰ ਚੁਟਕਲੇ, ਦਿਮਾਗ਼ ਵਿਚ ਦਗਦੇ ਵਿਚਾਰ ਅਤੇ ਦਿਲ ਵਿਚ ਦੇਸ਼, ਦੁਨੀਆ, ਦੋਸਤਾਂ ਦਾ ਦਰਦ। ਇਹੀ ਸੀ- ਸੁਰਜਨ ਜ਼ੀਰਵੀ…ਜੋ ਮਹਿਜ਼ ਮੁਸਕਰਾ ਕੇ ਹੀ ਜ਼ਿੰਦਗੀ ਦੇ ਗ਼ਮ ਨਿਖਾਰ ਲੈਂਦਾ ਸੀ।’
ਲਖਵਿੰਦਰ ਜੌਹਲ ਖੁਦ ਇੱਕ ਬਹੁਤ ਵਧੀਆ ਕਵੀ ਹੈ। ਉਸ ਦੀਆਂ ਰਚਨਾਵਾਂ ਵਿਚੋਂ ਆਸ ਅਤੇ ਸਾਕਰਾਤਮਕਤਾ ਗਾਇਬ ਨਹੀਂ ਹੁੰਦੀ। ਉਹ ਬਾਖੂਬੀ ਇਹ ਵੀ ਜਾਣਦਾ ਹੈ ਕਿ ਜੀਵਨ ਜਿਉਂਦਿਆਂ ਹਰ ਪਲ ਦਾ ਆਪਣਾ ਰੰਗ ਹੁੰਦਾ ਹੈ, ਜਿਸ ਨੂੰ ਮਾਣਨਾ ਹੀ ਜ਼ਿੰਦਗੀ ਦਾ ਜਸ਼ਨ ਹੁੰਦਾ ਹੈ। ‘ਕਾਮਰੇਡ ਕਵੀ ਬਾਰੇ ਮੇਰਾ ਹਲਫ਼ੀਆ ਬਿਆਨ’ ਦੇ ਲੇਖ ਵਿਚ ਉਹ ਉੱਘੇ ਕਵੀ ਹਰਭਜਨ ਸਿੰਘ ਹੁੰਦਲ ਨਾਲ ਬਿਤਾਏ ਕਈ ਪਲਾਂ ਵਿਚੋਂ ਇੱਕ ਪਲ ਨੂੰ ਇੰਜ ਬਿਆਨ ਕਰਦਾ ਹੈ, ‘ਮੇਰੀ ਕਵਿਤਾ ਦੀ ਨਵੀਂ ਕਿਤਾਬ ਛਪੀ…ਜਲੰਧਰ ਵਿਚ ਗੋਸ਼ਟੀ ਹੋਈ। ਹਰਭਜਨ ਸਿੰਘ ਹੁੰਦਲ ਨੇ ਇਸ ਗੋਸ਼ਟੀ ਵਿਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ, ‘ਜੌਹਲ ਦੀ ਕਵਿਤਾ ਮੇਰੇ ਮਨ ਨੂੰ ਧੂ ਪਾਉਣ ਵਾਲੀ ਕਵਿਤਾ ਨਹੀਂ ਹੈ।’ ਲਖਵਿੰਦਰ ਜੌਹਲ ਅੱਗੇ ਲਿਖਦੇ ਹਨ ਕਿ ‘ਉਸ ਦੇ ਇਸ ਬਿਆਨ ਉੱਤੇ ਮੈਂ ਉਦੋਂ ਵੀ ਕੋਈ ਟਿੱਪਣੀ ਨਾ ਕੀਤੀ, ਅਤੇ ਉਸ ਦੇ ਜਿਉਂਦੇ ਰਹਿਣ ਤੱਕ ਵੀ, ਮੈਂ ਉਸ ਦੇ ਮਨ ਨੂੰ ਧੂ ਪਾਉਣ ਵਾਲੀ ਆਪਣੀ ਕਿਸੇ ਕਵਿਤਾ ਦੀ ਨਿਸ਼ਾਨਦੇਹੀ ਨਹੀਂ ਕਰ ਸਕਿਆ…।’ ਇਹ ਲਖਵਿੰਦਰ ਜੌਹਲ ਦੇ ਵਿਸ਼ਾਲ਼ ਹਿਰਦੇ ਅਤੇ ਵਡੱਪਣ ਦਾ ਪ੍ਰਮਾਣ ਹੈ।
ਸੋਹਣ ਸਿੰਘ ਮੀਸ਼ੇ ਨੂੰ ਲਖਵਿੰਦਰ ਜੌਹਲ ਨੇ ਆਪਣਾ ਆਦਰਸ਼ ਐਲਾਨਿਆ। ਕਵਿਤਾ ਵਿਚ ਅਤੇ ਕਿੱਤੇ ਵਿਚ ਵੀ। ਉਸ ਬਾਰੇ ਲਿਖੇ ਇਹ ਸ਼ਬਦ ਖੁਦ ਬੋਲ ਰਹੇ ਨੇ: ਮੇਰੇ ਕੰਨਾਂ ਵਿਚ ਧੀਮਾ ਧੀਮਾ ਮੀਸ਼ਾ ਬੋਲੇ…
‘ਧੀਮੇ ਬੋਲਾਂ ਦਾ ਬੁਲੰਦ ਕਵੀ’ ਲੇਖ ਵਿਚ ਲਖਵਿੰਦਰ ਨੇ ਮੀਸ਼ੇ ਬਾਰੇ ਅਤੇ ਉਸ ਨਾਲ ਬਿਤਾਏ ਯਾਦਗਾਰੀ ਪਲਾਂ ਨੂੰ ਸੁਰਜੀਤ ਕੀਤਾ ਹੈ- ਬੜੀ ਰੂਹ ਅਤੇ ਖ਼ੂਬਸੂਰਤੀ ਨਾਲ! ਸਮੇਂ ਦਾ ਮਹਾਨ ਕਵੀ, ਬੇਸ਼ੁਮਾਰ ਕਾਵਿ-ਝੀਲਾਂ ਦਾ ਤਾਰੂ ਮੀਸ਼ਾ ਆਖਰ ਕਾਂਜਲੀ ਝੀਲ ਵਿਚ ਕਿਵੇਂ ਡੁੱਬ ਗਿਆ? ਇਹ ਸਵਾਲ ਲੇਖਕ ਦੇ ਕੋਮਲ ਮਨ ਨੂੰ ਅੱਜ ਵੀ ਹੈਰਾਨ ਤੇ ਪਰੇਸ਼ਾਨ ਕਰਦਾ ਹੈ!
ਆਪਣੇ ਪਿਤਾ ਦੇ ਕਰੀਬੀ ਦੋਸਤ, ਇਨਕਲਾਬੀ ਕਵੀ ਡਾ. ਜਗਤਾਰ ਬਾਰੇ ਲਖਵਿੰਦਰ ਜੌਹਲ ਲਿਖਦਾ ਹੈ ਕਿ ਉਸ ਦੀ ਸਮੁੱਚੀ ਦਿਖ ਇੱਕ ਖਿਝੇ ਹੋਏ ਆਦਮੀ ਵਰਗੀ ਸੀ। ਉਹ ਮੁਸਕਰਾਉਂਦਾ ਜਾਂ ਹੱਸਦਾ ਵੀ, ਆਪਣੇ ਚਿਹਰੇ ਤੋਂ ਗੰਭੀਰਤਾ ਨੂੰ ਉਰੇ ਪਰ੍ਹੇ ਨਹੀਂ ਸੀ ਹੋਣ ਦਿੰਦਾ। 32 ਤੋਂ ਵੱਧ ਕਿਤਾਬਾਂ ਦੇ ਰਚਨਹਾਰੇ ਡਾ. ਜਗਤਾਰ ਦੀ ਜ਼ਿੰਦਗੀ ਦੇ ਚੰਗੇ-ਮਾੜੇ ਅਤੇ ਰੰਗ-ਬਰੰਗੇ ਪਲਾਂ ਨੂੰ ਸੁੰਦਰ ਸ਼ਬਦਾਂ ਵਿਚ ਉਤਾਰਦਾ ਜਾਂਦਾ ਹੈ…ਜ਼ਿੰਦਗੀ ਦੇ ਸੱਚ ਨੂੰ ਲਿਖਣਾ ਅਤੇ ਅਜੇਹੀ ਲੇਖਣੀ ਦੀ ਪਰਚਮ ਹੱਥਾਂ ਵਿਚ ਲੈ ਕੇ ਅਡੋਲ ਖੜ੍ਹੇ ਹੋਣ ਤੇ ਮਾਣ ਮਹਿਸੂਸ ਕਰਨਾ, ਜਗਤਾਰ ਦਾ ਹਾਸਿਲ ਹੈ…।
ਰਸੂਲ ਹਮਜ਼ਾਤੋਵ ਦੁਆਰਾ ਅਵਾਰ ਬੋਲੀ ਵਿਚ ਲਿਖੀ ਸੰਸਾਰ ਪ੍ਰਸਿੱਧ ਕਿਤਾਬ ਮੇਰਾ ਦਾਗ਼ਿਸਤਾਨ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਵਾਲੀ ਵਿਲੱਖਣ ਸ਼ਖ਼ਸੀਅਤ ਗੁਰਬਖ਼ਸ਼ ਸਿੰਘ ਫਰੈਂਕ ਨਾਲ ਬਿਤਾਏ ਵਕਤ ਨੂੰ ‘ਸੁਹਜ, ਸਹਿਜ ਅਤੇ ਸਿਰੜ ਦੀ ਤ੍ਰਿਲੈਣੀ’ ਲੇਖ ਅੰਦਰ ਬਾਖੂਬੀ ਨਾਲ ਪਾਠਕਾਂ ਅੱਗੇ ਪਰੋਸਿਆ ਹੈ।
ਪੁਸਤਕ ਵਿਚ ਅੱਗੇ ਚੱਲਦਿਆਂ ਜਗਦੀਸ਼ ਸਿੰਘ ਵਰਿਆਮ, ਪ੍ਰਮਿੰਦਰਜੀਤ, ਅਮਿਤੋਜ, ਅਤੇ ਪ੍ਰੇਮ ਗੋਰਖੀ ਦੇ ਸ਼ਬਦ-ਚਿਤਰ ਉਲੀਕਦਿਆਂ ਇਨ੍ਹਾਂ ਖ਼ੂਬਸੂਰਤ ਰੂਹਾਂ ਨਾਲ ਬਿਤਾਏ ਪਲਾਂ ਨੂੰ ਮੁੜ ਚਿਤਵਣ ਦਾ ਬਹੁਤ ਚੰਗਾ ਉਪਰਾਲਾ ਕੀਤਾ ਹੈ, ਲਖਵਿੰਦਰ ਜੌਹਲ ਨੇ!
ਆਪਣੇ ਇਲਾਕੇ ਦੇ ਕਵੀ ਡਾ. ਰਣਧੀਰ ਸਿੰਘ ਚੰਦ ਨੂੰ ਯਾਦ ਕਰਦਿਆਂ ਲਖਵਿੰਦਰ ਜੌਹਲ ਲਿਖਦੇ ਹਨ ਕਿ ‘ਰਣਧੀਰ ਸਿੰਘ ਚੰਦ ਉਨਾਂ ਕਵੀਆਂ ਵਿਚੋਂ ਸੀ, ਜਿਨ੍ਹਾਂ ਦੇ ਮੈਂ ਆਪਣੀ ਚੜ੍ਹਦੀ ਉਮਰ ਵਿਚ ਹੀ, ਬਹੁਤ ਨੇੜੇ ਹੋ ਗਿਆ ਸਾਂ। ਇਹ ਇਲਾਕੇ ਦਾ ਮੋਹ ਸੀ? ਉਸ ਦੀ ਸ਼ਖ਼ਸੀਅਤ ਦਾ ਤਲਿਸਮ ਸੀ? ਜਾਂ ਉਸ ਦੀ ਗ਼ਜ਼ਲਗੋਈ ਦਾ ਕਮਾਲ? ਇਸ ਦਾ ਫ਼ੈਸਲਾ ਕਰਨਾ ਮੁਸ਼ਕਿਲ ਹੈ।’ ਅੱਗੇ ਚੱਲ ਕੇ ਲਿਖਦੇ ਨੇ ਕਿ ‘ਡਾ. ਚੰਦ ਨੂੰ ਦੋਸਤ ਅਤੇ ਦੁਸ਼ਮਣ ਬਣਾਉਣ ਦੀ ਇੱਕੋ ਜਿੰਨੀ ਮੁਹਾਰਤ ਹਾਸਲ ਸੀ। ਉਹ ਜਿਸ ਦੇ ਨੇੜੇ ਹੁੰਦਾ, ਪੂਰੀ ਤਰਾਂ ਹੁੰਦਾ, ਜਿਸ ਤੋਂ ਦੂਰ ਹੁੰਦਾ ਤਾਂ ਵੀ ਪੂਰੀ ਤਰ੍ਹਾਂ ਹੁੰਦਾ। ਫਿਰ ਵੀ ਸਾਡਾ ‘ਦਿਲ-ਦਰਿਆ’ ਰਣਧੀਰ ਸਿੰਘ ਚੰਦ ‘ਕਤਰੇ ਵਿਚ ਸਮੁੰਦਰ’ ਸੀ…।’
ਪਾਸ਼ ਨਾਲ ਬਿਤਾਏ ਕੁਝ ਪਲਾਂ ਦੀਆਂ ਯਾਦਾਂ ਨੂੰ ਬਹੁਤ ਭਾਵਪੂਰਤੀ ਨਾਲ ਇੰਜ ਬਿਆਨਿਆ: ‘ਪਾਸ਼ ਇੱਕ ਵਰਤਾਰੇ ਦਾ ਨਾਮ ਹੈ, ਜੋ ਪੰਜਾਬੀ ਕਵਿਤਾ ਵਿਚ ਵਾਵਰੋਲੇ ਵਾਂਗ ਆਇਆ ਅਤੇ ਆਪਣੇ ਪਿੱਛੇ ਬਹੁਤ ਕੁਝ ਅਜਿਹਾ ਛੱਡ ਗਿਆ, ਜਿਸ ਨੂੰ ਸਮਝਣਾ, ਉਸ ਦੇ ਵਿਛੜ ਜਾਣ ਤੋਂ ਏਨੇ ਸਾਲਾਂ ਬਾਅਦ ਵੀ ਇੱਕ ਰਹੱਸ ਬਣਿਆ ਹੋਇਆ ਹੈ। ਉਹ ਨਕਸਲੀ ਕਾਰਕੁਨ ਸੀ? ਕਵੀ ਸੀ? ਸਮਾਜ ਸੁਧਾਰਕ ਸੀ? ਇਨਕਲਾਬੀ ਯੋਧਾ ਸੀ? ਜਾਂ ਫਿਰ ਇੱਕ ਤਿੱਖਾ ਸ਼ਰਾਰਤੀ-ਸ਼ਿੱਦਰੀ ਨੌਜਵਾਨ ਸੀ, ਜੋ ਪੈਰ ਪੈਰ ਉੱਤੇ ਬਦਲਦਾ, ਪਲਾਇਨ ਕਰਦਾ ਅਤੇ ਆਪਣੇ ਆਸ਼ਿਆਂ ਵੱਲ ਅੱਗੇ ਵੱਧਦਾ ਜਾਂਦਾ ਸੀ? ਉਹ ਇੱਕੋ ਵੇਲੇ ਬੁਲੰਦ ਕਵੀ ਸੀ, ਅਤਿ ਦਰਜੇ ਦਾ ਗਹਿਰ ਗੰਭੀਰ ਚਿੰਤਕ ਸੀ ਤੇ ਬੇਹੱਦ ਲਚਕੀਲਾ ਅਤੇ ਚੁਲਬੁਲਾ ਵਿਅਕਤੀ ਵੀ ਸੀ। ਉਸ ਦੀ ਸ਼ਖ਼ਸੀਅਤ ਦੀ ਇਹੀ ਵਿਲੱਖਣਤਾ, ਬਹੁਤ ਸਾਰੀਆਂ ਵਿਰੋਧਤਾਈਆਂ ਦੇ ਬਾਵਜੂਦ, ਉਸ ਨੂੰ ਸਾਡਾ ਦੋਸਤ ਬਣਾਈ ਰੱਖਦੀ ਸੀ।’
ਦੋਸਤੋ, ਇਸ ਖ਼ੂਬਸੂਰਤ ਪੁਸਤਕ ਵਿਚ ਹੋਰ ਬਹੁਤ ਕੁਝ ਵੀ ਪੜ੍ਹ ਕੇ ਜਾਨਣ ਅਤੇ ਮਾਣਨ ਵਾਲਾ ਹੈ ਜੋ ਮੈਂ ਸਾਹਿਤ ਦੇ ਸੁਹਿਰਦ ਪਾਠਕਾਂ ਦੇ ਨਜ਼ਰੀਏ ਤੇ ਛੱਡਣਾ ਹੀ ਬਿਹਤਰ ਸਮਝਦਾ ਹਾਂ। ਮੈਨੂੰ ਉਮੀਦ ਹੀ ਨਹੀਂ ਬਲਕਿ ਪੂਰਾ ਯਕੀਨ ਵੀ ਹੈ ਕਿ ਪਾਠਕਾਂ ਨੂੰ ਇਹ ਵਿਲੱਖਣ ਅਤੇ ਸ਼ਾਹਕਾਰ ਰਚਨਾ ਜ਼ਰੂਰ ਪਸੰਦ ਆਵੇਗੀ। ਮੇਰੀ ਵੱਲੋਂ ਲਖਵਿੰਦਰ ਜੌਹਲ ਨੂੰ ਇਸ ਨਿਵੇਕਲੀ ਕੋਸ਼ਿਸ਼ ਅਤੇ ਕਾਮਯਾਬੀ ਲਈ ਢੇਰ ਸਾਰੀਆਂ ਮੁਬਾਰਕਾਂ ਅਤੇ ਅਗਲੇ ਸਾਹਿਤਿਕ ਸਫ਼ਰ ਲਈ ਸ਼ੁਭ ਕਾਮਨਾਵਾਂ ਵੀ!!
ਜ਼ਿੰਦਗੀ ਜ਼ਿੰਦਾਬਾਦ।