ਹਰਜਿੰਦਰ ਸਿੰਘ ਲਾਲ
ਫੋਨ : 92168-60000
ਹਾਂ ਹਮੇਂ ਇਸ ਗਰਦਿਸ਼-ਏ-ਆਯਾਮ ਸੇ ਕੁਛ ਡਰ ਨਹੀਂ
ਪਰ ਹਮੇਂ ਇਸ ਇਸ਼ਕ ਕੇ ਅੰਜਾਮ ਸੇ ਡਰ ਲਗਤਾ ਹੈ।
ਬਿਲਕੁਲ ਕੁਦਰਤ ਦੇ ਕਾਲ ਚੱਕਰ (ਗਰਦਿਸ਼-ਏ-ਆਯਾਮ) ਤੋਂ ਕੋਈ ਗੁਰੂ ਨਾਨਕ ਨਾਮ ਲੇਵਾ ਨਹੀਂ ਡਰਦਾ ਤੇ ਨਾ ਹੀ ਉਸ ਨੂੰ ਡਰਨਾ ਚਾਹੀਦਾ ਹੈ। ਪਰ ਇਹ ਸੱਚ ਹੈ ਕਿ ਸਾਨੂੰ ਵਕਤ ਤੇ ਹਾਲਾਤ ਵਿਚਾਰ ਕੇ ਹੀ ਕਦਮ ਪੁੱਟਣੇ ਚਾਹੀਦੇ ਹਨ, ਨਹੀਂ ਤਾਂ ਜੋ ਸੋਚ ਲੈ ਕੇ ਅਸੀਂ ਤੁਰਦੇ ਹਾਂ ਉਸ ਦਾ ਅੰਜਾਮ (ਨਤੀਜਾ) ਸੱਚਮੁੱਚ ਹੀ ਬਹੁਤ ਡਰਾਉਣਾ ਹੋ ਸਕਦਾ ਹੈ। ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੈ ਕਿ
ਵਖਤੁ ਵੀਚਾਰੇ ਸੁ ਬੰਦਾ ਹੋਇ॥
(ਸਿਰੀ ਰਾਗੁ ਮਾ 1, ਅੰਗ: 83)
ਅਤੇ ਫਰੀਦ ਜੀ ਦੀ ਬਾਣੀ ਹੈ:
ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ॥
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ॥
(ਸੂਹੀ ਲਲਿਤ, ਅੰਗ: 794)
ਭਾਵ ਜੋ ਸਮੇਂ ਤੇ ਹਾਲਾਤ ਨੂੰ ਵਿਚਾਰਦਾ ਹੈ, ਉਹ ਹੀ ਅਸਲ ਬੰਦਾ ਹੈ, ਇਨਸਾਨ ਹੈ। ਫਰੀਦ ਜੀ ਅਨੁਸਾਰ ਜੇਕਰ ਸਮੇਂ ਸਿਰ ਬੇੜਾ ਨਾ ਬਣਾਇਆ ਜਾ ਸਕੇ ਤਾਂ ਪਾਣੀ ਭਰ ਜਾਣ ‘ਤੇ ਉਛਲਦੇ ਸਰਵਰ ਨੂੰ ਪਾਰ ਕਰਨਾ ਔਖਾ ਹੋ ਜਾਂਦਾ ਹੈ। ਬੇਸ਼ੱਕ ਕੁਝ ਲੋਕ ਧਾਰਮਿਕ ਨਜ਼ਰੀਏ ਤੋਂ ਇਨ੍ਹਾਂ ਅਰਥਾਂ ਨਾਲ ਸਹਿਮਤ ਨਹੀਂ ਹੋਣਗੇ। ਪਰ ਗੁਰਬਾਣੀ ਸਿਰਫ਼ ਧਾਰਮਿਕ ਸੂਝ ਹੀ ਨਹੀਂ ਦਿੰਦੀ ਸਗੋਂ ਇਹ ਸੰਪੂਰਨ ਜੀਵਨ ਜਾਚ ਵੀ ਸਿਖਾਉਂਦੀ ਹੈ, ਸੋ ਇਨ੍ਹਾਂ ਤੁਕਾਂ ਦੇ ਦੁਨਿਆਵੀ ਤੇ ਅੱਖਰੀ ਅਰਥ ਤਾਂ ਇਹੀ ਲਏ ਜਾ ਸਕਦੇ ਹਨ।
ਖ਼ੈਰ ਅੱਜ ਦੇ ਇਸ ਲੇਖ ਵਿਚ ਗੁਰਬਾਣੀ ਦੀਆਂ ਇਨ੍ਹਾਂ ਤੁਕਾਂ ਦਾ ਜ਼ਿਕਰ ਇਸ ਲਈ ਕਰਨਾ ਪਿਆ ਕਿਉਂਕਿ ਇਸ ਵੇਲੇ ਭਾਰਤ ਅਤੇ ਦੁਨੀਆ ਦੇ ਹਾਲਾਤ ਵਿਚ ਸਿੱਖ ਕੌਮ ਦਾ ਪ੍ਰਸੰਗਹੀਣ ਹੁੰਦੇ ਜਾਣਾ ਫਿਕਰ ਦੀ ਗੱਲ ਹੈ। ਅਸੀਂ ਵਕਤ ਵੀ ਨਹੀਂ ਵਿਚਾਰ ਰਹੇ ਤੇ ਆਉਣ ਵਾਲੇ ਤੂਫ਼ਾਨਾਂ ਜਾਂ ਹੜ੍ਹ ਲਈ ਕਿਸੇ ਸੋਚ ਵਿਚਾਰ ਦਾ ਬੇੜਾ ਵੀ ਨਹੀਂ ਬੰਨ੍ਹ ਰਹੇ।
ਇਸ ਤਰ੍ਹਾਂ ਜਾਪਦਾ ਹੈ ਜਿਵੇਂ ਸਿੱਖ ਕੌਮ ਸਿਰਫ਼ ਅਗਵਾਈਹੀਣ ਹੀ ਨਹੀਂ, ਸਗੋਂ ਬੌਧਿਕ ਕੰਗਾਲੀ ਦਾ ਸ਼ਿਕਾਰ ਵੀ ਹੋ ਗਈ ਹੋਵੇ। ਹਾਲਾਂਕਿ ਸਾਡੇ ਲੋਕਾਂ ਨੂੰ ਗੁਰਬਾਣੀ ਹਰ ਵਕਤ, ਹਰ ਮੁਸ਼ਕਿਲ ਵਿਚ ਸੇਧ ਦੇਣ ਦੇ ਸਮਰੱਥ ਹੈ। ਪਰ ਅਸੀਂ ਆਪਣੀ ਹਉਮੈ ਤੇ ਲਾਲਚ ਵਿਚ ਸਿੱਖੀ ਅਸੂਲਾਂ ਨੂੰ ਜਾਂ ਤਾਂ ਤਿਲਾਂਜਲੀ ਦੇ ਰਹੇ ਹਾਂ ਜਾਂ ਫਿਰ ਸਾਨੂੰ ਵਿਸ਼ਵ ਵਰਤਾਰੇ ਦੀ ਸਮਝ ਨਹੀਂ ਹੈ।
ਕੈਨੇਡਾ ਵਿਚ ਸਿੱਖਾਂ ਦੀ ਸ਼ਾਨ ਆਰਥਿਕ ਤੇ ਸਿਆਸੀ ਤੌਰ ‘ਤੇ ਭਾਰਤ ਨਾਲੋਂ ਵੀ ਜ਼ਿਆਦਾ ਹੈ। ਉਹ ਆਪਣੀ ਗਿਣਤੀ ਤੋਂ ਕਿਤੇ ਵੱਧ ਪਾਰਲੀਮੈਂਟ ਮੈਂਬਰ ਬਣਦੇ ਹਨ ਪਰ ਕੈਨੇਡਾ ਵਿਚ ਵੀ ਸਮਾਂ ਬਦਲ ਚੁੱਕਾ ਹੈ। ਭਾਵੇਂ ਜਸਟਿਨ ਟਰੂਡੋ ਤੇ ਮਾਰਕ ਕਾਰਨੀ ਇਕ ਹੀ ਪਾਰਟੀ ਦੇ ਹਨ, ਪਰ ਉਨ੍ਹਾਂ ਦੀ ਸੋਚ ਵੱਖਰੀ ਹੈ। ਖੁਦ ਹੀ ਵੇਖੋ ਟਰੂਡੋ ਮੰਤਰੀ ਮੰਡਲ ਵਿਚ ਕਿੰਨੇ ਸਿੱਖ ਵਜ਼ੀਰ ਸਨ ਤੇ ਉਨ੍ਹਾਂ ਕੋਲ ਕਿਹੜੇ ਮੰਤਰਾਲੇ ਸਨ ਤੇ ਹੁਣ ਭਾਵੇਂ ਤਿੰਨ ਸਿੱਖ ਵਜ਼ੀਰ ਹਨ ਪਰ ਉਨ੍ਹਾਂ ਨੂੰ ਮਿਲੇ ਮੰਤਰਾਲਿਆਂ ਦੀ ਮਹੱਤਤਾ ਕੀ ਹੈ? ਯਾਦ ਰੱਖੋ ਸਿੱਖਾਂ ਦੀ ਅਮਰੀਕਾ, ਕੈਨੇਡਾ, ਯੂ.ਕੇ. ਜਾਂ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਚੜ੍ਹਤ ਉਨ੍ਹਾਂ ਦੀ ਗਿਣਤੀ ਕਰਕੇ ਨਹੀਂ, ਸਗੋਂ ਉਨ੍ਹਾਂ ਦੀ ਸਖ਼ਤ ਮਿਹਨਤ, ਸਰਬੱਤ ਦੇ ਭਲੇ ਦੀ ਸੋਚ ਤੇ ਕੰਮਾਂ ਅਤੇ ਉਨ੍ਹਾਂ ਵਲੋਂ ਸ਼ਾਂਤੀ ਨਾਲ ਉਨ੍ਹਾਂ ਦੇਸ਼ਾਂ ਦੇ ਵਿਕਾਸ ‘ਚ ਪਾਏ ਯੋਗਦਾਨ ਕਰਕੇ ਹੁੰਦੀ ਹੈ ਅਤੇ ਸਭ ਤੋਂ ਵੱਡੀ ਗੱਲ ਕਿ ਬਾਹਰਲੇ ਦੇਸ਼ਾਂ ਵਿਚ ਆਮ ਤੌਰ ‘ਤੇ ਹਿੰਦੂ ਭਾਈਚਾਰਾ ਤੇ ਖਾਸ ਤੌਰ ‘ਤੇ ਪੰਜਾਬੀ ਭਾਈਚਾਰਾ, ਜਿਸ ਵਿਚ ਪਾਕਿਸਤਾਨੀ ਪੰਜਾਬੀ ਵੀ ਸ਼ਾਮਿਲ ਹੁੰਦੇ ਹਨ, ਦੀ ਉਨ੍ਹਾਂ ਨੂੰ ਮਿਲੀ ਹਮਾਇਤ ਦੇ ਨਾਲ-ਨਾਲ ਸਰਬੱਤ ਦੇ ਭਲੇ ਲਈ ਕੀਤੀ ਜਾ ਰਹੀ ਸਮਾਜ ਸੇਵਾ ਕਾਰਨ ਸਥਾਨਕ ਗ਼ੈਰ-ਸਿੱਖ ਤੇ ਹੋਰ ਧਰਮਾਂ ਦੇ ਲੋਕ ਵੀ ਉਨ੍ਹਾਂ ਵੱਲ ਆਕਰਸ਼ਿਤ ਹੁੰਦੇ ਹਨ। ਨਹੀਂ ਤਾਂ ਯਾਦ ਰੱਖੋ ਕੈਨੇਡਾ ਵਿਚ ਸਿੱਖ ਆਬਾਦੀ 2021 ਦੀ ਮਰਦਮ ਸ਼ੁਮਾਰੀ ਅਨੁਸਾਰ 2.1 ਫ਼ੀਸਦੀ ਹੈ ਤੇ ਹਿੰਦੂ ਵਸੋਂ 2.3 ਫ਼ੀਸਦੀ ਜਦੋਂ ਕਿ ਮੁਸਲਿਮ ਵਸੋਂ 4.9 ਫ਼ੀਸਦੀ ਹੈ। ਇਸੇ ਤਰ੍ਹਾਂ ਅਮਰੀਕਾ ਵਿਚ ਮੁਸਲਮਾਨ 44 ਲੱਖ, ਹਿੰਦੂ ਕਰੀਬ 30 ਲੱਖ ਤੇ ਸਿੱਖ ਵਸੋਂ ਕਰੀਬ 9 ਜਾਂ 10 ਲੱਖ ਹੈ। ਯੂ.ਕੇ. ਵਿਚ ਵੀ ਮੁਸਲਿਮ ਆਬਾਦੀ 41 ਲੱਖ, ਹਿੰਦੂ ਸਾਢੇ 11 ਲੱਖ ਤੇ ਸਿੱਖ ਵਸੋਂ ਕਰੀਬ ਸਾਢੇ 6 ਲੱਖ ਦੇ ਆਸ-ਪਾਸ ਹੈ। ਸੋ ਸਪੱਸ਼ਟ ਹੈ ਕਿ ਜੇਕਰ ਸਿੱਖ ਡਾਇਆਸਪੋਰਾ ਇਨ੍ਹਾਂ ਦੇਸ਼ਾਂ ਵਿਚ ਆਪਣੇ-ਆਪ ਨੂੰ ਹਿੰਦੂਆਂ, ਖਾਸ ਕਰ ਪੰਜਾਬੀ ਹਿੰਦੂਆਂ ਤੋਂ ਵੱਖਰਾ ਕਰ ਲਵੇਗਾ ਤਾਂ ਉਸ ਦੀ ਸ਼ਾਨ ਨੂੰ ਢਾਹ ਲੱਗ ਸਕਦੀ ਹੈ।
ਹਾਲਾਤ ਤੇਜ਼ੀ ਨਾਲ ਬਦਲ ਰਹੇ ਹਨ। ਭਾਵੇਂ ਵਿਸ਼ਵ ਭਰ ਵਿਚ ਕਈ ਦੇਸ਼ਾਂ ਵਿਚ ਜੰਗ ਜਾਰੀ ਹੈ ਪਰ ਇਹ ਸਪੱਸ਼ਟ ਹੈ ਕਿ ਜਿਹੜੇ ਦੇਸ਼ਾਂ ਜਾਂ ਕੌਮਾਂ ਦੀ ਆਰਥਿਕਤਾ ਮਜ਼ਬੂਤ ਹੈ, ਉਹ ਹੀ ਸਫਲ ਹਨ, ਉਨ੍ਹਾਂ ਅੱਗੇ ਦੁਨੀਆ ਝੁਕਦੀ ਹੈ। ਹੁਣ ਜੀ-7 ਸੰਮੇਲਨ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਦੁਵੱਲੀ ਗੱਲਬਾਤ ਵਿਚ ਭਾਰਤ-ਕੈਨੇਡਾ ਰਿਸ਼ਤੇ ਤੇਜ਼ੀ ਨਾਲ ਸੁਧਾਰਨ ਸੰਬੰਧੀ ਹੋਏ ਫ਼ੈਸਲੇ ਦਾ ਹਰ ਭਾਰਤੀ, ਜਿਨ੍ਹਾਂ ਵਿਚ ਪੰਜਾਬੀ ਤੇ ਸਿੱਖਾਂ ਦੀ ਬਹੁਗਿਣਤੀ ਵੀ ਸ਼ਾਮਿਲ ਹੈ, ਵਲੋਂ ਸਵਾਗਤ ਕੀਤਾ ਜਾ ਰਿਹਾ ਹੈ ਤੇ ਇਹ ਕਰਨਾ ਬਣਦਾ ਵੀ ਹੈ।
ਬੇਸ਼ੱਕ ਸ਼ਾਂਤਮਈ ਮੁਜ਼ਾਹਰੇ ਕਰਨੇ ਜਾਂ ਰੋਸ ਦਾ ਪ੍ਰਗਟਾਵਾ ਲੋਕਰਾਜ਼ੀ ਹੱਕ ਹੈ ਪਰ ਹਰ ਵਾਰ ਮੁਜ਼ਾਹਰੇ ਕਰਕੇ ਤੇ ਉਨ੍ਹਾਂ ਵਿਚੋਂ ਆਪਣੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸੰਬੰਧੀ ਹੱਤਕ-ਆਮੇਜ਼ ਤਰੀਕੇ ਵਰਤਣੇ ਕਿਸੇ ਮਜ਼੍ਹਬ ਕੌਮ ਨੂੰ ਸ਼ੋਭਾ ਨਹੀਂ ਦਿੰਦੇ। ਚੰਗੀ ਗੱਲ ਹੋਵੇਗੀ ਕਿ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਤੇ ਪੰਜਾਬੀ ਇਕ ਸਮੂਹਿਕ ਲੀਡਰ ਉਸਾਰਨ। ਅਸੀਂ ਬਿਲਕੁਲ ਸਾਫ਼-ਸਾਫ਼ ਤੇ ਸਪੱਸ਼ਟ ਕਹਿਣ ਤੋਂ ਨਹੀਂ ਝਿਜਕਦੇ ਕਿ ਭਾਰਤ ਵਿਚ ਸਿੱਖਾਂ ਲਈ ਮੌਕੇ ਘਟਦੇ ਜਾ ਰਹੇ ਹਨ, ਸਿੱਖ ਨੇਤਾਵਾਂ ਵਿਚ ਸ਼ਾਇਦ ਇਕ ਸਹਿਮ ਜਿਹੇ ਦਾ ਮਾਹੌਲ ਵੀ ਜਾਪਦਾ ਹੈ, ਕਿਉਂਕਿ ਕਈ ਵਾਰ ਉਹ ਧੱਕੇ ਦੇ ਖਿਲਾਫ਼ ਬੋਲਣ ਤੋਂ ਹਿਚਕਚਾਉਣ ਵੀ ਲਗਦੇ ਹਨ। ਇਹ ਵੀ ਠੀਕ ਹੈ ਕਿ ਸਿੱਖਾਂ ਨਾਲ ਕਈ ਧੱਕੇ ਹੋਏ ਹਨ ਤੇ ਹੋ ਵੀ ਰਹੇ ਹਨ। ਕਈ ਵਾਰ ਅਜਿਹਾ ਵੀ ਜਾਪਦਾ ਹੈ ਕਿ ਪੰਜਾਬ ਨਾਲ ਨਾਇਨਸਾਫੀ ਵੀ ਪੰਜਾਬ ਵਿਚਲੀ ਸਿੱਖਾਂ ਦੀ ਬਹੁਗਿਣਤੀ ਨੂੰ ਕਮਜ਼ੋਰ ਕਰਨ ਲਈ ਹੀ ਕੀਤੀ ਜਾਂਦੀ ਹੈ। ਪਰ ਕਦੇ-ਕਦੇ ਸਰਕਾਰ ਸਿੱਖਾਂ ਨੂੰ ਖ਼ੁਸ਼ ਕਰਨ ਵਾਲੇ ਕੰਮ ਵੀ ਕਰਦੀ ਹੈ। ਪਰ ਅਸੀਂ ਸਮਝਦੇ ਹਾਂ ਕਿ ਇਸ ਵਿਚ ਸਿਰਫ਼ ਸਰਕਾਰ ਦਾ ਹੀ ਕਸੂਰ ਨਹੀਂ ਸਗੋਂ, ਸਾਡੀ ਕੌਮ ਦਾ ਵੀ ਕਸੂਰ ਹੈ। ਇਕ ਤਾਂ ਇਸ ਵੇਲੇ ਅਸੀਂ ਕਰੀਬ ਕਰੀਬ ਢੁਕਵੀਂ ਅਗਵਾਈ ਤੋਂ ਸੱਖਣੇ ਹਾਂ। ਅਸੀਂ ਧਾਰਮਿਕ ਤੇ ਰਾਜਨੀਤਕ ਖੇਤਰ ਵਿਚ ਹੀ ਪਿੱਛੇ ਨਹੀਂ ਗਏ ਸਗੋਂ ਵਿੱਦਿਅਕ, ਸੱਭਿਆਚਾਰਕ, ਸਮਾਜਿਕ ਤੇ ਆਰਥਿਕ ਖੇਤਰਾਂ ਵਿਚ ਵੀ ਢਹਿੰਦੀ ਕਲਾ ਵਿਚ ਜਾ ਰਹੇ ਹਾਂ। ਸਾਡੀ ਚੜ੍ਹਦੀ ਕਲਾ ਦੀ ਅਰਦਾਸ ਸਿਰਫ਼ ਲਫ਼ਜ਼ਾਂ ਵਿਚ ਹੈ, ਅਸਲ ਵਿਚ ਅਸੀਂ ਚੜ੍ਹਦੀ ਕਲਾ ਵਿਚ ਰਹਿ ਕੇ ਨਹੀਂ ਵਿਚਰ ਰਹੇ। ਹੁਣ ਅਸੀਂ ਆਈ.ਏ.ਐਸ., ਪੀ.ਸੀ.ਐਸ. ਤੇ ਹੋਰ ਮੁਕਾਬਲੇ ਦੇ ਇਮਤਿਹਾਨਾਂ ਵਿਚ ਬਹੁਤ ਪਿੱਛੇ ਹਾਂ। ਤਾਜ਼ਾ ਉਦਾਹਰਨ ਡਾਕਟਰੀ ਲਈ ਹੋਈ ਨੀਟ (ਯੂ.ਜੀ.) ਪ੍ਰੀਖਿਆ ਦੀ ਹੈ। ਪਹਿਲੇ 100 ਵਿਦਿਆਰਥੀਆਂ ਵਿਚ 9 ਪੰਜਾਬੀ ਹਨ, ਖੁਸ਼ੀ ਦੀ ਗੱਲ ਹੈ ਕਿ 2 ਫ਼ੀਸਦੀ ਪੰਜਾਬੀਆਂ ਨੇ 9 ਫ਼ੀਸਦੀ ਜਗ੍ਹਾ ਹਾਸਲ ਕੀਤੀ ਹੈ ਪਰ ਦੇਖੋ ਇਨ੍ਹਾਂ ਵਿਚੋਂ ਇਕ ਵੀ ਸਿੱਖ ਨਹੀਂ ਹੈ।
ਪਹਿਲੀ ਗੱਲ ਤੇ ਇਹ ਕਿ ਅਸੀਂ ਵਿਦੇਸ਼ੀ ਧਰਤੀ ‘ਤੇ ਬੈਠ ਕੇ ਖਾਲਿਸਤਾਨ ਦੀ ਗੱਲ ਕਰਦੇ ਹਾਂ, ਪਹਿਲਾਂ ਪੂਰੀ ਕੌਮ ਜਾਂ ਸਿੱਖ ਬਹੁਗਿਣਤੀ ਨੂੰ ਤਾਂ ਪੁੱਛ ਲਵੋ ਕਿ, ਉਹ ਕੀ ਚਾਹੁੰਦੀ ਹੈ? ਕੀ ਖਾਲਿਸਤਾਨ ਬਹੁਗਿਣਤੀ ਸਿੱਖਾਂ ਦੀ ਮੰਗ ਹੈ ਜਾਂ ਕਿ ਇਹ ਸਰਕਾਰਾਂ ਨੂੰ ਸਿੱਖਾਂ ਖਿਲਾਫ਼ ਜਬਰ ਕਰਨ ਦਾ ਇਕ ਬਹਾਨਾ ਬਣ ਕੇ ਰਹਿ ਗਈ ਹੈ? ਕੀ ਖਾਲਿਸਤਾਨ ਲਈ ਦਿੱਤੀਆਂ ਜਾ ਰਹੀਆਂ ਕੁਰਬਾਨੀਆਂ ਦਾ ਕੋਈ ਮੁੱਲ ਪਵੇਗਾ? ਕੀ ਅੱਜ ਦੇ ਵਿਸ਼ਵ ਦੇ ਹਾਲਾਤ ‘ਚ ਇਹ ਸੰਭਵ ਵੀ ਹੈ? ਕੀ ਕੋਈ ਵੱਖਰਾ ਦੇਸ਼ ਜੇ ਬਣ ਵੀ ਜਾਵੇ ਤਾਂ ਉਹ ਸਿੱਖਾਂ ਨੂੰ ਆਪਸੀ ਵੰਡ ਵੱਲ ਤਾਂ ਨਹੀਂ ਵਧਾਏਗਾ? ਇਕ ਹੋਰ ਵਿਚਾਰਨ ਵਾਲੀ ਗੱਲ ਇਹ ਵੀ ਹੈ ਕਿ ਕੀ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਅਧੀਨ ਹੋਰ ਸਿੱਖ ਸਲਤਨਤਾਂ ਨੇ ਸਿੱਖੀ ਦਾ ਕੁਝ ਸਵਾਰਿਆ ਸੀ? ਕੀ ਵਿਸ਼ਵ ਵਿਚ ਧਰਮ ਆਧਾਰਿਤ ਰਾਜ, ਚਾਹੇ ਉਹ ਮੁਸਲਮਾਨਾਂ ਦੇ ਹਨ ਜਾਂ ਇਸਾਈਆਂ ਦੇ ਜਾਂ ਅੱਜ ਦੇ ਯੁੱਗ ਵਿਚ ਹਿੰਦੂ ਧਰਮ ਦਾ ਇਕੋ ਇਕ ਰਾਜ ਰਿਹਾ ਨਿਪਾਲ ਜਾਂ ਫਿਰ ਯਾਹੂਦੀ ਧਰਮ ‘ਤੇ ਆਧਾਰਿਤ ਇਸਰਾਈਲ, ਆਪਣੇ ਧਰਮ ਅਤੇ ਕੌਮ ਦਾ ਕੁਝ ਸੰਵਾਰ ਰਹੇ ਹਨ ਜਾਂ ਉਨ੍ਹਾਂ ਨੂੰ ਨਵੀਆਂ ਮੁਸ਼ਕਿਲਾਂ ਵਿਚ ਧੱਕ ਰਹੇ ਹਨ? ਕੀ ਖਾਲਿਸਤਾਨ ਦਾ ਸੰਕਲਪ ਗੁਰਬਾਣੀ ਦੇ ਵਿਸ਼ਵ ਵਿਆਪੀ ਧਰਮ ਤੇ ਸਰਬੱਤ ਦੇ ਭਲੇ ਦੇ ਸੰਕਲਪ ਨਾਲ ਮੇਲ ਖਾਂਦਾ ਹੈ?
ਕਿਤੇ ਇਹ ਤਾਂ ਨਹੀਂ ਕਿ ਅਸੀਂ ਆਪਣੀ ਕੌਮ ਨੂੰ ਨਿੱਜੀ ਫਾਇਦਿਆਂ ਲਈ ਬਲਦੀ ਦੇ ਬੁਥੇ ਵੱਲ ਧੱਕ ਰਹੇ ਹਾਂ? ਬੇਸ਼ੱਕ ਡਰਨਾ ਸਿੱਖ ਦਾ ਕਰਮ ਨਹੀਂ। ਪਰ ਇਤਿਹਾਸ ਤੋਂ ਸਬਕ ਲੈਣਾ ਤੇ ਸਮਾਂ ਵਿਚਾਰਨਾ ਤਾਂ ਸਿੱਖਾਂ ਦਾ ਕਰਮ ਹੈ। ਇਸ ਲਈ ਇਕ ਬਿਨ ਮੰਗੀ ਸਲਾਹ ਜ਼ਰੂਰ ਦੇਣਾ ਜ਼ਰੂਰੀ ਸਮਝਦਾ ਹਾਂ ਕਿ ਬਜਾਏ ਫੋਕੀ ਮਾਅਰਕੇਬਾਜ਼ੀ ਤੇ ਨਾਅਰੇਬਾਜ਼ੀ ਦੇ ਆਪੋ-ਆਪਣੇ ਦੇਸ਼ਾਂ ਵਿਚ ਆਪੋ-ਆਪਣੀ ਇਕ ਸਮੂਹਿਕ ਲੀਡਰਸ਼ਿਪ ਉਸਾਰਨਾ, ਇਹ ਔਖਾ ਕੰਮ ਨਹੀਂ ਹੈ, ਸੰਬੰਧਿਤ ਦੇਸ਼ਾਂ ਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਤੇ ਉਨ੍ਹਾਂ ਦੇਸ਼ਾਂ ਵਿਚ ਵਸਦੇ ਪ੍ਰਭਾਵਸ਼ਾਲੀ ਸਿੱਖ ਇਕੱਠੇ ਹੋ ਕੇ ਅਜਿਹਾ ਕਰ ਸਕਦੇ ਹਨ। ਅਜਿਹਾ ਕਰਨ ਤੋਂ ਬਾਅਦ ਇਹ ਲੀਡਰਸ਼ਿਪ ਜਦੋਂ ਵੀ ਕੋਈ ਭਾਰਤੀ ਪ੍ਰਧਾਨ ਮੰਤਰੀ ਜਾਂ ਵੱਡਾ ਮੰਤਰੀ ਉਨ੍ਹਾਂ ਦੇ ਦੇਸ਼ ਵਿਚ ਆਵੇ ਤਾਂ ਉਸ ਦਾ ਤ੍ਰਿਸਕਾਰ ਕਰਨ ਅਤੇ ਉਸ ਦੇ ਖਿਲਾਫ ਮੁਜ਼ਾਹਰਾ ਕਰਨ ਦੀ ਥਾਂ ਉਸ ਕੋਲੋਂ ਉਸ ਦੇ ਆਉਣ ਤੋਂ ਪਹਿਲਾਂ ਹੀ ਸਮਾਂ ਲੈ ਕੇ ਸਿਰਫ਼ 5 ਮੈਂਬਰੀ ਕਮੇਟੀ ਉਸ ਨੂੰ ਮਿਲ ਕੇ ਸਿੱਖਾਂ ਅਤੇ ਪੰਜਾਬ ਦੀਆਂ ਮੰਗਾਂ ਬਾਰੇ ਗੱਲਬਾਤ ਕਰਨ ਅਤੇ ਲਿਖਤੀ ਮੰਗ ਪੱਤਰ ਜੇ ਲੋੜ ਹੋਵੇ ਤਾਂ ਰੋਸ-ਪੱਤਰ ਵੀ ਦੇਣ। ਜੇਕਰ ਸਿੱਖ ਆਪੋ-ਆਪਣੇ ਦੇਸ਼ ਵਿਚ ਸਮੂਹਿਕ ਲੀਡਰਸ਼ਿਪ ਉਸਾਰ ਲੈਣ ਤਾਂ ਫਿਰ ਇਹ ਲੀਡਰਸ਼ਿਪ ਆਪਸੀ ਸਹਿਮਤੀ ਨਾਲ ਵਿਸ਼ਵ ਪੱਧਰ ਦੀ ਲੀਡਰਸ਼ਿਪ ਵੀ ਬਣਾ ਸਕੇਗੀ। ਪਰ ਇਸ ਲਈ ਸਭ ਤੋਂ ਵੱਧ ਜ਼ਰੂਰਤ ਤਾਂ ਪੰਜਾਬ ਅਤੇ ਭਾਰਤ ਵਿਚ ਸਿੱਖ ਲੀਡਰਸ਼ਿਪ ਦੁਬਾਰਾ ਉਸਾਰਨ ਦੀ ਹੈ। ਜੇਕਰ ਸਿੱਖਾਂ ਦੀ ਕੋਈ ਵਿਸ਼ਵ ਪੱਧਰੀ ਸਮੂਹਿਕ ਲੀਡਰਸ਼ਿਪ ਬਣ ਜਾਵੇ ਤਾਂ ਸਿੱਖਾਂ ਦੀ ਹਾਲਤ ਵਿਸ਼ਵ ਪੱਧਰ ‘ਤੇ ਫਿਰ ਚੜ੍ਹਦੀ ਕਲਾ ਵੱਲ ਜਾ ਸਕਦੀ ਹੈ। ਉਂਜ ਤੇਜ਼ੀ ਨਾਲ ਬਦਲਦਾ ਵਿਸ਼ਵ ਆਰਡਰ ਕੱਲ੍ਹ ਨੂੰ ਕੀ ਕਰਦਾ ਹੈ, ਇਸ ਦਾ ਕੁਝ ਪਤਾ ਨਹੀਂ। ਜੇਕਰ ਤੀਸਰਾ ਵਿਸ਼ਵ ਯੁੱਧ ਲਗਦਾ ਹੈ ਤਾਂ ਉਸ ਦੇ ਕੀ ਨਤੀਜੇ ਹੋਣਗੇ ਇਹ ਵੀ ਸਿੱਖ ਕੌਮ ਲਈ ਵਿਚਾਰਨਯੋਗ ਮਸਲਾ ਹੈ। ਪਰ ਇਹ ਤਦ ਹੀ ਸੰਭਵ ਹੈ, ਜੇ ਸਿੱਖਾਂ ਦੀ ਕੋਈ ਪ੍ਰਵਾਨਿਤ ਤੇ ਸੂਝਵਾਨ ਲੀਡਰਸ਼ਿਪ ਉੱਭਰ ਸਕੇ। ਨਹੀਂ ਤਾਂ ਸਿਰਫ਼ ਮਾਅਰਕੇਬਾਜ਼ੀ ਤੇ ਖਰੂਦੀ ਨਾਅਰੇਬਾਜ਼ੀ ਕੌਮ ਦਾ ਕੁਝ ਸੰਵਾਰਦੀ ਨਹੀਂ, ਸਗੋਂ ਪੂਰੀ ਕੌਮ ਨੂੰ ਹੋਰ ਡੂੰਘੀ ਹਕੂਮਤੀ ਨਫ਼ਰਤ ਦਾ ਸ਼ਿਕਾਰ ਹੀ ਬਣਾਉਂਦੀ ਹੈ।
ਉਂਜ ਸੋਚਣ ਵਾਲੀ ਗੱਲ ਤਾਂ ਇਹ ਵੀ ਹੈ ਕਿ ਪੰਜਾਬ ਜਿਥੇ ਸਿੱਖ ਕੌਮ ਬਹੁਗਿਣਤੀ ਵਿਚ ਹੈ ਤਾਂ ਭਾਰਤ ਜਿਥੇ ਸਿੱਖ ਕੌਮ ਦਾ ਵੱਡਾ ਅਸਰ ਹੈ, ਵਿਚ ਸਿੱਖਾਂ ਵਿਚ ਇਸਾਈ ਬਣਨ ਦਾ ਰੁਝਾਨ ਸਾਡੀ ਲੀਡਰਸ਼ਿਪ ਦੇ ਸਭ ਤੋਂ ਵੱਡੇ ਨਿਘਾਰ ਦਾ ਪ੍ਰਤੀਕ ਨਹੀਂ ਤਾਂ ਹੋਰ ਕੀ ਹੈ, ਜਦੋਂ ਕਿ ਵਿਦੇਸ਼ੀ ਧਰਤੀਆਂ ਜਿਥੇ ਈਸਾਈ ਤੇ ਮੁਸਲਿਮ ਧਾਰਮਿਕ ਰਾਜ ਵੀ ਹਨ ਤੇ ਸਿੱਖਾਂ ਕੋਲ ਜ਼ਿਆਦਾ ਤਾਕਤ ਵੀ ਨਹੀਂ ਹੈ, ਵਿਚ ਸ਼ਾਇਦ ਹੀ ਕੋਈ ਸਿੱਖ ਧਰਮ ਦਾ ਪਰਿਵਰਤਨ ਕਰ ਕੇ ਇਸਾਈ ਜਾਂ ਮੁਸਲਮਾਨ ਬਣਦਾ ਹੋਵੇ।
ਯਾਦ ਰੱਖੋ ਕੋਈ ਵੀ ਮੁਹਿੰਮ ਸਿਰਫ਼ ਜੋਸ਼ ਨਾਲ ਨਹੀਂ ਜਿੱਤੀ ਜਾ ਸਕਦੀ, ਪਰ ਸਫਲਤਾ ਜੋਸ਼ ਦੇ ਨਾਲ-ਨਾਲ ਹੋਸ਼ ਨੂੰ ਕਾਇਮ ਰੱਖ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਜੋਸ਼-ਏ-ਕੁਰਬਾਨੀ ਸੇ ਹੀ ਦੁਨੀਆ ਸੇ ਕਬ ਜੀਤਾ ਹੈ ਕੋਈ,
ਹੋਸ਼ ਭੀ ਲਾਜ਼ਿਮ ਹੈ ਮੰਜ਼ਿਲ ਤੱਕ ਰਸਾਈ ਕੇ ਲੀਏ।
(ਲਾਲ ਫਿਰੋਜ਼ਪੁਰੀ)
