ਚੰਡੀਗੜ੍ਹ: ਦੋ ਪੰਜਾਬੀ ਨੌਜਵਾਨ ਕਈ ਮਹੀਨਿਆਂ ਤੋਂ ਨਾਇਜੀਰੀਆ ਦੀ ਜੇਲ੍ਹ ਵਿਚ ਰੁਲ ਰਹੇ ਹਨ। ਇਹ ਨੌਜਵਾਨ ਉਸ ਜਹਾਜ਼ ‘ਤੇ ਕੰਮ ਕਰਦੇ ਸਨ ਜਿਸ ਨੂੰ ਬੇਲਸਾ ਰਾਜ ਵਿਚ ਗੈਰ-ਕਾਨੂੰਨੀ ਤੌਰ ‘ਤੇ ਬੰਕਰ ਵਿਚ ਤੇਲ ਭਰਨ ਦੇ ਦੋਸ਼ ਵਿਚ ਨਾਇਜੀਰੀਆ ਦੀ ਜਲ ਸੈਨਾ ਨੇ ਕਬਜ਼ੇ ਵਿਚ ਲਿਆ ਸੀ। ਦੋ ਪੰਜਾਬੀਆਂ ਸਣੇ ਜਹਾਜ਼ ਦੇ ਅਮਲੇ ਦੇ 10 ਭਾਰਤੀਆਂ ਨੂੰ ਇਸ ਸਾਲ ਜਨਵਰੀ ਵਿਚ ਗ੍ਰਿਫਤਾਰ ਕਰਨ ਮਗਰੋਂ ਦੁਬਈ ਆਧਾਰਤ ਜਹਾਜ਼ਰਾਨੀ ਕੰਪਨੀ ਦੇ ਜਹਾਜ਼ ਐਮæਟੀæ ਅਕਸ਼ੈ ਨੂੰ ਕਬਜ਼ੇ ਵਿਚ ਲੈ ਲਿਆ ਗਿਆ।
ਇਨ੍ਹਾਂ ਗ੍ਰਿਫ਼ਤਾਰ ਨੌਜਵਾਨਾਂ ਵਿਚੋਂ ਗਗਨ ਸਿੰਘ ਵੱਲੋਂ ਆਪਣੇ ਪਿਤਾ ਨੂੰ ਹੁਸ਼ਿਆਰਪੁਰ ਵਿਚ ਫੋਨ ਕਰਨ ਤੋਂ ਪਹਿਲਾਂ ਤੱਕ ਇਨ੍ਹਾਂ ਪਰਿਵਾਰਾਂ ਨੂੰ ਆਪਣੇ ਪੁੱਤਾਂ ਦਾ ਕੋਈ ਥਹੁ-ਪਤਾ ਨਹੀਂ ਸੀ। ਇਸ ਫੋਨ ਕਾਲ ਮਗਰੋਂ ਪਤਾ ਚੱਲਿਆ ਕਿ 10 ਭਾਰਤੀ ਬਿਨਾਂ ਕਿਸੇ ਕਾਨੂੰਨੀ ਮਦਦ ਤੋਂ ਜੇਲ੍ਹ ਵਿਚ ਬੰਦ ਹਨ। ਹੁਣ ਭਾਜਪਾ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਪ੍ਰਧਾਨ ਮੰਤਰੀ ਤੇ ਵਿਦੇਸ਼ ਰਾਜ ਮੰਤਰੀ ਸਲਮਾਨ ਖੁਰਸ਼ੀਦ ਨੂੰ ਮਿਲ ਕੇ ਇਹ ਮਾਮਲਾ ਚੁੱਕਿਆ। ਸ੍ਰੀ ਖੰਨਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਨੌਜਵਾਨਾਂ ਦੀ ਰਿਹਾਈ ਲਈ ਫੌਰੀ ਦਖ਼ਲ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਗਗਨ ਸਿੰਘ ਵੱਲੋਂ ਫੋਨ ਕਰਨ ਤੋਂ ਪਹਿਲਾਂ ਤੱਕ ਕਿਸੇ ਨੂੰ ਵੀ ਇਨ੍ਹਾਂ ਨੌਜਵਾਨਾਂ ਬਾਰੇ ਪਤਾ ਨਹੀਂ ਸੀ। ਉਨ੍ਹਾਂ ਇਹ ਮਾਮਲਾ ਉੱਚ ਪੱਧਰ ‘ਤੇ ਚੁੱਕਣ ਦੀ ਮੰਗ ਕੀਤੀ। ਇਸ ਦੌਰਾਨ ਗਗਨ ਸਿੰਘ ਦੇ ਪਿਤਾ ਬਚਨ ਦਾਸ (60) ਨੇ ਕਿਹਾ ਕਿ ਜਦੋਂ ਪਿਛਲੇ ਸਾਲ ਉਹ ਦੱਖਣੀ ਅਫਰੀਕਾ ਗਿਆ ਸੀ ਤਾਂ ਪਰਿਵਾਰ ਲਈ ਇਹ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਸੀ। ਲੰਮੇ ਸਮੇਂ ਤੋਂ ਮੰਜੇ ‘ਤੇ ਪਏ ਬਚਨ ਦਾਸ ਢਾਬਾ ਚਲਾਉਂਦੇ ਹਨ ਪਰ ਉਹ ਮੁਸ਼ਕਲ ਨਾਲ ਹੀ ਪਰਿਵਾਰ ਦਾ ਗੁਜ਼ਾਰਾ ਤੋਰਦੇ ਹਨ।
ਗਗਨ ਸਿੰਘ ਫੜੇ ਗਏ ਜਹਾਜ਼ ‘ਤੇ ਖਾਨਸਾਮੇ ਦਾ ਕੰਮ ਕਰਦਾ ਸੀ। ਉਸ ਦੇ ਵੱਡੇ ਭਰਾ ਗੌਰਵ ਦਾਸ ਨੇ ਦੱਸਿਆ ਕਿ ਅੱਠ ਮਹੀਨਿਆਂ ਤੱਕ ਤਾਂ ਉਨ੍ਹਾਂ ਨੂੰ ਗਗਨ ਬਾਰੇ ਕੁਝ ਵੀ ਪਤਾ ਨਹੀਂ ਚੱਲਿਆ ਤੇ ਉਹ ਦਰ-ਦਰ ਦੀਆਂ ਠੋਕਰਾਂ ਖਾਂਦੇ ਰਹੇ। ਪਿਛਲੇ ਦਿਨੀਂ ਉਸ ਨੇ ਫੋਨ ਕਰ ਕੇ ਦੱਸਿਆ ਕਿ ਉਹ ਤੇ ਉਸ ਦਾ ਗੁਰਦਾਸਪੁਰ ਦਾ ਦੋਸਤ ਸਰਬਜੋਤ ਸਿੰਘ ਨਾਇਜੀਰੀਆ ਦੀ ਜੇਲ੍ਹ ਵਿਚ ਹਨ। ਗਗਨ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਕੋਲ ਇਕ ਲੜਕੀ ਹੈ। ਸਰਬਜੋਤ ਸਿੰਘ ਦੇ ਪਰਿਵਾਰ ਨੇ ਵੀ ਸ੍ਰੀ ਖੰਨਾ ਨੂੰ ਉਸ ਦੀ ਹੋਣੀ ਬਾਰੇ ਦੱਸਿਆ।
ਨਾਇਜੀਰੀਆ ਦੀ ਜਲ ਸੈਨਾ ਦੇ ਜਹਾਜ਼ ਐਨæਐਨæਐਸ਼ ਪ੍ਰੈਡੇਟਰ ਨੇ ਤੇਲ ਦੀ ਭਰਮਾਰ ਵਾਲੇ ਸੰਗਨਾ ਨਦੀ ਖੇਤਰ ਵਿਚ ਐਮæਟੀæਅਕਸ਼ੈ ਨੂੰ ਰੋਕਿਆ ਸੀ ਤੇ ਜਹਾਜ਼ ਦੇ ਅਮਲੇ ਉੱਤੇ ਕੱਚੇ ਤੇਲ ਦੀ ਚੋਰੀ ਦਾ ਸ਼ੱਕ ਜਤਾਇਆ ਸੀ। ਜਲ ਸੈਨਾ ਨੇ ਅਮਲੇ ਦੇ ਸਾਰੇ 23 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਵਿਚ ਭਾਰਤ ਦੇ 10, ਘਾਨਾ ਦੇ ਦੇ ਤੇ ਨਾਈਜੀਰੀਆ ਦੇ 11 ਨਾਗਰਕ ਸ਼ਾਮਲ ਹਨ।
Leave a Reply