ਨਹੀਂ ਠਲ੍ਹ ਰਿਹਾ ਕਾਂਗਰਸ ਦਾ ਕਾਟੋ-ਕਲੇਸ਼

ਚੰਡੀਗੜ੍ਹ:ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ‘ਚ ਹੋਈ ਜ਼ਿਮਨੀ ਚੋਣ ਨੇ ਪੰਜਾਬ ਦੀ ਸਿਆਸਤ ਦੀਆਂ ਕਈ ਪਰਤਾਂ ਖੋਲ੍ਹ ਕੇ ਰੱਖ ਦਿੱਤੀਆਂ ਹਨ। ਇਸ ਚੋਣ ‘ਚ ਕਾਂਗਰਸ ਨੂੰ ਨਾ ਸਿਰਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸਗੋਂ ਪਾਰਟੀ ਦੀ ਅੰਦਰੂਨੀ ਧੜੇਬੰਦੀ ਤੇ ਆਗੂਆਂ ਦੇ ਅਸਤੀਫ਼ੇ ਵੀ ਸੁਰਖੀਆਂ ਬਟੋਰ ਰਹੇ ਹਨ।

ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਹੁਣ ਉਪ ਪ੍ਰਧਾਨ ਪਰਗਟ ਸਿੰਘ ਤੇ ਕੁਸ਼ਲਦੀਪ ਸਿੰਘ ਢਿੱਲੋਂ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਨੂੰ ਲੈ ਕੇ ਪਾਰਟੀ ਵਿਚ ਪਹਿਲਾਂ ਤੋਂ ਚੱਲ ਰਿਹਾ ਕਾਟੋ-ਕਲੇਸ਼ ਹੋਰ ਤਿੱਖਾ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਇਸ ਦੌਰਾਨ ਇਕ-ਦੂਜੇ ‘ਤੇ ਤੋਹਮਤਾਂ ਲਾਉਣ ਦਾ ਸਿਲਸਿਲਾ ਵੀ ਚੱਲ ਰਿਹਾ ਹੈ। ਅਸਲ ਵਿਚ ਇਸ ਜ਼ਿਮਨੀ ਚੋਣ ਨੇ ਕਾਂਗਰਸ ਦੇ ਜਥੇਬੰਦਕ ਢਾਂਚੇ ਦੀਆਂ ਕਮਜ਼ੋਰੀਆਂ ਨੂੰ ਉਘਾੜ ਕੇ ਰੱਖ ਦਿੱਤਾ ਹੈ। ਕਾਂਗਰਸ ਨੇ ਇਸ ਸੀਟ ‘ਤੇ ਆਪਣੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ‘ਚ ਉਤਾਰਿਆ ਸੀ ਜੋ ਕਿ ‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਤੋਂ ਹਾਰ ਗਏ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਪਾਰਟੀ ਦਾ ਅੰਦਰੂਨੀ ਕਲੇਸ਼ ਹੀ ਰਿਹਾ ਹੈ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਨੂੰ ਲੈ ਕੇ ਪਾਰਟੀ ਦੇ ਕਈ ਸੀਨੀਅਰ ਆਗੂਆਂ ‘ਚ ਪਹਿਲਾਂ ਤੋਂ ਨਾਰਾਜ਼ਗੀ ਚੱਲ ਰਹੀ ਸੀ। ਚੋਣ ਪ੍ਰਚਾਰ ਦੌਰਾਨ ਵੜਿੰਗ ਦੀ ਘੱਟ ਸਰਗਰਮੀ ਨੇ ਵੀ ਧਿਆਨ ਖਿੱਚਿਆ। ਨਾਲ ਦੀ ਨਾਲ, ਪਾਰਟੀ ਦੇ ਕਈ ਸੀਨੀਅਰ ਆਗੂਆਂ ਜਿਵੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਰਗੇ ਆਗੂਆਂ ਦੀ ਪ੍ਰਚਾਰ ‘ਚ ਸ਼ਮੂਲੀਅਤ ਦੀ ਘਾਟ ਨੇ ਵੀ ਕਈ ਸਵਾਲ ਖੜ੍ਹੇ ਕੀਤੇ। ਵੜਿੰਗ ‘ਤੇ ਸਥਾਨਕ ਆਗੂਆਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਪਾਰਟੀ ਦੇ ਸੀਨੀਅਰ ਤੇ ਤਜਰਬੇਕਾਰ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਜਿਸ ਨੇ ਪਾਰਟੀ ਦੀ ਏਕਤਾ ਨੂੰ ਨੁਕਸਾਨ ਪਹੁੰਚਾਇਆ। ਕਾਂਗਰਸ ਦੀ ਪ੍ਰਚਾਰ ਰਣਨੀਤੀ ‘ਚ ਵੀ ਕਈ ਘਾਟਾਂ ਰਹੀਆਂ ਅਤੇ ਸਥਾਨਕ ਆਗੂਆਂ ਵਿਚਕਾਰ ਵੀ ਤਾਲਮੇਲ ਦੀ ਘਾਟ ਸਪਸ਼ਟ ਦੇਖੀ ਗਈ। ਪਹਿਲਾਂ ਚੋਣਾਂ ਵੇਲੇ ਅਤੇ ਫਿਰ ਹਾਰ ਤੋਂ ਬਾਅਦ ਕਾਂਗਰਸ ਨੂੰ ਝਟਕਾ ਆਗੂਆਂ ਦੇ ਅਸਤੀਫ਼ਿਆਂ ‘’ ਤੇ ਪਾਰਟੀ ਛੱਡਣ ਦੇ ਸਿਲਸਿਲੇ ਨੇ ਦਿੱਤਾ। ਕਈ ਆਗੂਆਂ ਨੇ ਕਾਂਗਰਸ ਛੱਡ ਕੇ ‘ਆਪ’ ਦਾ ਪੱਲਾ ਫੜ ਲਿਆ। ਇਸ ਦਾ ਮੁੱਖ ਕਾਰਨ ਪਾਰਟੀ ‘ਚ ਅੰਦਰੂਨੀ ਅਨੁਸ਼ਾਸਨ ਤੇ ਸੰਗਠਨ ‘ਚ ਸੁਧਾਰਾਂ ਦੀ ਘਾਟ ਮੰਨਿਆ ਜਾ ਰਿਹਾ ਹੈ। ਚੋਣ ਹਾਰਨ ਮਗਰੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਹਾਰ ਦੀ ਜ਼ਿੰਮੇਵਾਰੀ ਲਈ। ਉਨ੍ਹਾਂ ਇਕ ਬਿਆਨ ‘ਚ ਕਿਹਾ, ‘ਅਸੀਂ ਬਹੁਤ ਵਧੀਆ ਕਰ ਸਕਦੇ ਸੀ। ਪਾਰਟੀ ਦੀਆਂ ਕਮਜ਼ੋਰੀਆਂ ਤੇ ਰਣਨੀਤੀ ‘ਚ ਕਮੀਆਂ ਕਾਰਨ ਸਾਨੂੰ ਹਾਰ ਦਾ ਮੂੰਹ ਦੇਖਣਾ . ਪਿਆ।’ ਵੜਿੰਗ ਦਾ ਇਹ ਬਿਆਨ ਪਾਰਟੀ ‘ਚ ਅੰਦਰੂਨੀ ਪੜਚੋਲ ਦੀ ਜ਼ਰੂਰਤ ਨੂੰ ਦਰਸਾਉਂਦਾ ਹੈ। ਲੁਧਿਆਣਾ ਜ਼ਿਮਨੀ ਚੋਣ ਨੇ ਕਾਂਗਰਸ ਦੀਆਂ ਕਮਜ਼ੋਰੀਆਂ ਨੂੰ ਉਘਾੜ ਦਿੱਤਾ ਹੈ। ਅੰਦਰੂਨੀ ਕਲੇਸ਼, ਕਮਜ਼ੋਰ ਪ੍ਰਚਾਰ ਅਤੇ ਆਗੂਆਂ ਦੇ ਅਸਤੀਫਿਆਂ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ। ਜੇ ਕਾਂਗਰਸ ਨੇ ਇਨ੍ਹਾਂ ਮੁੱਦਿਆਂ ‘ਤੇ ਸਮੇਂ ਸਿਰ ਧਿਆਨ ਨਾ ਦਿੱਤਾ ਤਾਂ ਪੰਜਾਬ ‘ਚ ਉਸ ਦੀ ਸਿਆਸੀ ਸਥਿਤੀ ਹੋਰ ਕਮਜ਼ੋਰ ਹੋ ਸਕਦੀ ਹੈ। ਇਸ ਹਾਰ ਨੇ ਪਾਰਟੀ ਨੂੰ ਇਕ ਮੌਕਾ ਦਿੱਤਾ ਹੈ। ਕਿ ਉਹ ਆਪਣੀਆਂ ਕਮੀਆਂ-ਪੇਸ਼ੀਆਂ ਨੂੰ ਸੁਧਾਰੇ ਅਤੇ ਨਵੀਂ ਰਣਨੀਤੀ ਅਪਣਾ ਕੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਸ਼ਿੱਦਤ ਨਾਲ ਲੜੇ।