ਅਮਰੀਕਾ `ਚ ਜਸਵੰਤ ਸਿੰਘ ਖਾਲੜਾ ਦੇ ਨਾਂਅ `ਤੇ ਰੱਖਿਆ ਸਕੂਲ ਦਾ ਨਾਂਅ

ਸਾਨ ਫਰਾਂਸਿਸਕੋ:ਪੰਜਾਬ ਅੰਦਰ ਖਾੜਕੂ ਲਹਿਰ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰੇ ਗਏ ਨੌਜਵਾਨਾਂ ਲਈ ਆਵਾਜ਼ ਉਠਾਉਣ ਵਾਲੇ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਂਅ ‘ਤੇ ਉਸਾਰਿਆ ਗਿਆ

ਸ. ਜਸਵੰਤ ਸਿੰਘ ਖਾਲੜਾ ਐਲੀਮੈਂਟਰੀ ਸਕੂਲ ਸਾਲ 2025-26 ਦੇ ਅਕਾਦਮਿਕ ਵਰ੍ਹੇ ਲਈ ਖੋਲ੍ਹ ਦਿੱਤਾ ਗਿਆ । ਕੈਲੀਫੋਰਨੀਆਂ ਦੇ ਬਹੁ-ਗਿਣਤੀ ਪੰਜਾਬੀ ਭਾਈਚਾਰੇ ਵਾਲੇ ਸ਼ਹਿਰ ਫਰਿਜਨੋ ਦੇ ਵੈਸਟ ਫਾਊਂਟਨ ਵੇਅ ਐਵੀਨਿਊ ‘ਤੇ ਉਸਾਰੇ ਗਏ ਇਸ ਸਕੂਲ ਦਾ ਉਦਘਾਟਨ ਸ਼ਹੀਦ ਭਾਈ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕਰ ਖਾਲੜਾ ਨੇ ਕੀਤਾ ਤੇ ਉਨ੍ਹਾਂ ਦੇ ਨਾਲ ਖਾਲੜਾ ਦੀ ਬੇਟੀ ਨਵਕਿਰਨ ਕੌਰ ਖਾਲੜਾ ਤੇ ਕੈਲੀਫੋਰਨੀਆਂ ਦੀਆਂ ਨਾਮੀ ਸਿੱਖ ਸਖਸ਼ੀਅਤਾਂ ਵੀ ਹਾਜ਼ਰ ਸਨ । ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰਾਂ ਵਿਚ ਕਿਹਾ ਕਿ ਇਹ ਸਕੂਲ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਨੂੰ ਹੀ ਨਹੀਂ ਸਗੋਂ ਹਰ ਸਿੱਖ ਨੂੰ ਉਨ੍ਹਾਂ ਦੀ ਮਨੁੱਖੀ ਹੱਕਾਂ ਲਈ ਕੀਤੀ ਕੁਰਬਾਨੀ ਦੀ ਯਾਦ ਦੁਆਉਂਦਾ ਰਹੇਗਾ । ਸਕੂਲ ਬੋਰਡ ਦੇ ਡਾਇਰੈਕਟਰ ਨੈਨਦੀਪ ਸਿੰਘ ਦੇ ਯਤਨਾਂ ਦੀ ਵੀ ਭਰਪੂਰ ਪ੍ਰਸੰਸਾ ਹੁੰਦੀ ਹੋਈ। ਵਿਦੇਸ਼ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਸਿੱਖ ਦੀ ਸ਼ਹਾਦਤ ਨੂੰ ਸਮਰਪਿਤ ਕਿਸੇ ਸਕੂਲ ਦਾ ਨਾਂਅ ਰੱਖਿਆ ਗਿਆ ਹੋਵੇ।ਇਸ ਮੌਕੇ ਬੱਚਿਆਂ ਨੇ ਸਿੱਖਿਅਕ ਤੇ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ । ਸਮਾਗਮ ਦੌਰਾਨ ਉਹ ਪਲ ਬੜੇ ਭਾਵੁਕ ਸਨ ਜਦੋਂ ਭਾਈ ਖਾਲੜਾ ਦੇ ਨਾਂਅ ‘ਤੇ ਉਸਾਰੇ ਗਏ ਯਾਦਗਾਰੀ ਸਕੂਲ ਦੀ ਚਾਬੀ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਭੇਟ ਕੀਤੀ ਵੱਖ ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਵੀ ਇਸ ਯਤਨ ਦੀ ਖੁੱਲ ਕੇ ਸਰਾਹਣਾ ਕੀਤੀ ਗਈ ਤੇ ਉਮੀਦ ਜਤਾਈ ਕਿ ਇਹ ਸਕੂਲ ਭਵਿੱਖ ਦੀ ਪੀੜੀ ਲਈ ਇਕ ਮਿਸਾਲ ਬਣੇਗਾ।