ਗ਼ਦਰੀ ਬਾਬੇ ਕੌਣ ਸਨ?-3
ਭਾਰਤੀ ਆਜ਼ਾਦੀ ਦੇ ਇਤਿਹਾਸ ਦੇ ਮਿਸਾਲੀ ਘੋਲ ‘ਗਦਰ ਲਹਿਰ’ ਦਾ ਸ਼ਤਾਬਦੀ ਵਰ੍ਹਾ ਚੱਲ ਰਿਹਾ ਹੈ। 20ਵੀਂ ਸਦੀ ਦੇ ਅਰੰਭ ਵਿਚ ਇਨ੍ਹਾਂ ਗਦਰੀਆਂ ਨੇ ਬਰਤਾਨਵੀ ਹਕੂਮਤ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਇਨ੍ਹਾਂ ਗਦਰੀਆਂ ਦੀ ਚਰਚਾ ਗਾਹੇ-ਬਗਾਹੇ ਹੁੰਦੀ ਰਹੀ ਹੈ ਅਤੇ ਸੰਜੀਦਾ ਜੁਝਾਰੂ ਲੋਕ ਉਨ੍ਹਾਂ ਦੀ ਵਿਰਾਸਤ ਨੂੰ ਅਗਾਂਹ ਤੋਰਨ ਦੇ ਆਹਰ ਵਿਚ ਵੀ ਲੱਗੇ ਰਹੇ ਹਨ। ਹੁਣ ਸ਼ਤਾਬਦੀ ਮੌਕੇ ਗਦਰੀਆਂ ਵੱਲੋਂ ਕੌਮੀ ਕਾਜ ਵਿਚ ਪਾਏ ਯੋਗਦਾਨ ਬਾਰੇ ਚਰਚਾ ਇਕ ਵਾਰ ਫਿਰ ਭਰਪੂਰ ਰੂਪ ਵਿਚ ਛਿੜੀ ਹੈ ਪਰ ਕੁਝ ਵਿਦਵਾਨ ਗਦਰ ਲਹਿਰ ਨੂੰ ਮਹਿਜ਼ ਸਿੱਖਾਂ ਤੱਕ ਸੀਮਤ ਕਰ ਰਹੇ ਹਨ। ਇਸ ਨੁਕਤਾ-ਨਿਗ੍ਹਾ ਤੋਂ ਕਹਾਣੀਕਾਰ ਵਰਿਆਮ ਸਿੰਘ ਸੰਧੂ ਦਾ ਲੰਮਾ ਲੇਖ ਪਹਿਲਾਂ ਪਾਠਕਾਂ ਦੀ ਨਜ਼ਰ ਕੀਤਾ ਜਾ ਚੁੱਕਾ ਹੈ। ਹੁਣ ਅਸੀਂ ਡਾæ ਸਰਬਜੀਤ ਸਿੰਘ ਦੀ ਲੇਖ ਲੜੀ ਛਾਪ ਰਹੇ ਹਾਂ। ਪਿਛਲੀਆਂ ਲੜੀਆਂ ਵਿਚ ਉਨ੍ਹਾਂ ਨੇ ਗ਼ਦਰੀਆਂ ਦੇ ਸਿਰੜ ਤੇ ਸਿਦਕ ਦੀਆਂ ਜੜ੍ਹਾਂ ਬਾਰੇ ਗੱਲਾਂ ਕੀਤੀਆਂ ਸਨ। ਐਤਕੀਂ ਧਰਮ ਬਾਰੇ ਪੱਖ ਛੋਹੇ ਹਨ। ਇਸ ਬਾਰੇ ਆਏ ਵਿਚਾਰਾਂ ਨੂੰ ਪਰਚੇ ਵਿਚ ਬਣਦੀ ਥਾਂ ਦਿੱਤੀ ਜਾਵੇਗੀ। -ਸੰਪਾਦਕ
ਡਾæ ਸਰਬਜੀਤ ਸਿੰਘ
ਫੋਨ: 91-98155-74144
ਸੁਆਲ ਉਠਦਾ ਹੈ ਕਿ ਲੇਖਕ ਅਜਮੇਰ ਸਿੰਘ ਸਾਧਾਰਨ ਪਾਠਕ ਲਈ ਲਿਖੀ ਗਈ ਆਪਣੀ ਇਸ ਪੁਸਤਕ (ਗਦਰੀ ਬਾਬੇ ਕੌਣ ਸਨ) ਵਿਚ ਹਿੰਦੂ-ਸਿੱਖ ਦੀ ਵੰਡ ਕਿਉਂ ਖੜ੍ਹੀ ਕਰਦਾ ਹੈ? ਇਸ ਦਾ ਵਿਸਥਾਰ ਸਹਿਤ ਜਵਾਬ ਉਸ ਦੀਆਂ ਪਹਿਲੀਆਂ ਤਿੰਨ ਪੁਸਤਕਾਂ ਵਿਚ ਸ਼ਾਮਲ ਹੈ। ਇਨ੍ਹਾਂ ਤਿੰਨਾਂ ਪੁਸਤਕਾਂ ਬਾਰੇ ਲੰਮਾ-ਚੌੜਾ ਸੰਵਾਦ ਅਖਬਾਰ ਪੰਜਾਬ ਟਾਈਮਜ਼ ਵਿਚ ਛਪ ਚੁਕਾ ਹੈ (ਇਹ ਸਾਰਾ ਸੰਵਾਦ ਅਮੋਲਕ ਸਿੰਘ ਅਤੇ ਗੁਰਦਿਆਲ ਬੱਲ ਦੁਆਰਾ ਸੰਪਾਦਤ ਪੁਸਤਕ ‘ਸਿੱਖ ਕੌਮ: ਹਸਤੀ ਤੇ ਹੋਣੀ’ ਵਿਚ ਦਰਜ ਹੈ)। ਉਸ ਸਾਰੇ ਸੰਵਾਦ ਵਿਚੋਂ ਲੇਖਕ (ਅਜਮੇਰ ਸਿੰਘ) ਗ਼ੈਰ-ਹਾਜ਼ਿਰ ਰਹਿੰਦਾ ਹੈ। ਕਿਧਰੇ ਵੀ ਉਸ ਨੇ ਆਪਣੇ ਕੀਤੇ ਸਿੱਖ ਵਿਸ਼ਲੇਸ਼ਣ ਦਾ ਨਾ ਤਾਂ ਜਵਾਬ ਦਿੱਤਾ ਹੈ ਅਤੇ ਨਾ ਹੀ ਸਪਸ਼ਟੀਕਰਨ। ਪੰਜਾਬ ਟਾਈਮਜ਼ ਵਿਚ ਚੱਲੇ ਇਸ ਸੰਵਾਦ ਦੌਰਾਨ ਅਜਮੇਰ ਸਿੰਘ ਨੂੰ ਥਾਂ-ਪੁਰ-ਥਾਂ ਅਨੇਕ ਸੁਆਲ ਕੀਤੇ ਗਏ ਪਰ ਉਸ ਨੇ ਕਿਧਰੇ ਵੀ ਸੰਵਾਦ ਨਹੀਂ ਰਚਾਇਆ। ਇਹ ਆਪਣੇ ਆਪ ਵਿਚ ਹੀ ਬਹੁਤ ਵੱਡਾ ਸੁਆਲ ਹੈ ਕਿ ਲੇਖਕ ਦੀ ਲਿਖਤ ਬਾਰੇ ਸੁਆਲ ਉਠਣ ਤੇ ਉਹ ਮੌਨ ਧਾਰ ਲਵੇ ਤੇ ਕੋਈ ਜਵਾਬ ਹੀ ਨਾ ਦੇਵੇ। ਇਥੋਂ ਲੇਖਕ ਦੀ ਸ਼ਖ਼ਸੀਅਤ ਬਾਰੇ ਅਨੇਕਾਂ ਸੰਦੇਹ ਪੈਦਾ ਹੋ ਜਾਂਦੇ ਹਨ।
ਉਸ ਸੰਵਾਦ ਵਿਚ ਸ਼ਾਮਲ ਸਿੱਖ ਵਿਦਵਾਨ ਡਾæ ਬਲਕਾਰ ਸਿੰਘ ਨੇ ਲੇਖਕ ਨੂੰ ਸੁਆਲ ਕੀਤਾ ਸੀ। ਉਹ ਸੁਆਲ ਅਜਮੇਰ ਸਿੰਘ ਦੀ ਇਸ ਪੁਸਤਕ ‘ਗ਼ਦਰੀ ਬਾਬੇ ਕੌਣ ਸਨ?’ ਬਾਰੇ ਵੀ ਸਾਰਥਕ ਹੈ। ਸਵਾਲ ਸੀ; “ਜੇ ਅਜਮੇਰ ਸਿੰਘ ਸਿੱਖਾਂ ਵਾਸਤੇ ਲਿਖ ਰਿਹਾ ਹੈ ਤਾਂ ਇਹ ਤਾਂ ਦੱਸਣਾ ਹੀ ਪਵੇਗਾ ਕਿ ਕਿਹੜੇ ਸਿੱਖਾਂ ਵਾਸਤੇ ਕੀ ਲਿਖ ਰਿਹਾ ਹੈ? ਜਿਹੜੀ ਨਫ਼ਰਤ ਲੇਖਕ ਬੀਜ ਰਿਹਾ ਹੈ, ਇਸ ਨੂੰ ਪਾਲਣਾ ਕਿਸ ਨੇ ਹੈ, ਵੱਢਣਾ ਕਿਸ ਨੇ ਹੈ ਅਤੇ ਵੇਚਣਾ ਕਿਸ ਨੂੰ ਹੈ? ਲੇਖਕ ਦੀਆਂ ਪੁਸਤਕਾਂ ਜਿਹੋ ਜਿਹੇ ਸਵਾਲ ਪੈਦਾ ਕਰਦੀਆਂ ਹਨ, ਉਨ੍ਹਾਂ ਦੇ ਉਤਰ ਪੁਸਤਕਾਂ ਵਿਚੋਂ ਨਹੀਂ ਮਿਲਦੇ। ਬਸ ਇਕ ਹੀ ਨਿਰਦੇਸ਼ ਮਿਲਦਾ ਹੈ ਕਿ ਮਰੋ ਜਾਂ ਮਾਰ ਦਿਉ? ਇਸ ਯੁੱਗ ਵਿਚ ਤਾਂ ਕੀ, ਕਿਸੇ ਵੀ ਸਮੇਂ ਇਹੋ ਜਿਹੀ ਉਲਾਰ ਸੋਚ ਦਾ ਸਿੱਖ ਧਰਮ ਨੇ ਸਮਰਥਨ ਨਹੀਂ ਕੀਤਾ।” (ਅਮੋਲਕ ਸਿੰਘ ਤੇ ਗੁਰਦਿਆਲ ਬੱਲ ਦੀ ਸੰਪਾਦਤ ਪੁਸਤਕ ‘ਸਿੱਖ ਕੌਮ: ਹਸਤੀ ਤੇ ਹੋਣੀ’, ਸਫਾ 335)। ਇਉਂ ਅਜਮੇਰ ਸਿੰਘ ਦੀ ਉਲਾਰ ਸੋਚ ਗ਼ਦਰ ਲਹਿਰ ਬਾਰੇ ਹੀ ਨਹੀਂ ਸਗੋਂ ਸਿੱਖੀ ਸਬੰਧੀ ਜਿਹੜੀਆਂ ਤਿੰਨ ਪੁਸਤਕਾਂ ਲਿਖੀਆਂ ਹਨ, ਉਨ੍ਹਾਂ ਵਿਚ ਵੀ ਉਹ ਉਲਾਰ, ਤੱਥ ਰਹਿਤ ਅਤੇ ਪ੍ਰਸੰਗ ਵਿਹੂਣੇ ਪ੍ਰਵਚਨ ਵਿਚ ਮਗਨ ਹੈ। ਸਿੱਖ ਸਿਧਾਂਤਾਂ ਸਬੰਧੀ ਕੱਟੜ ਸੂਝ ਵਾਲੇ ਨਹੀਂ ਸਗੋਂ ਵਿਵੇਕੀ ਸੂਝ ਰੱਖਣ ਵਾਲੇ ਹਲਕਿਆਂ ਨੇ ਉਸ ਨੂੰ ਰੱਦ ਕੀਤਾ ਹੈ। ਗ਼ਦਰ ਲਹਿਰ ਬਾਰੇ ਕੀਤਾ ਗਿਆ ਵਿਸ਼ਲੇਸ਼ਣ ਵੀ ਦੋਸ਼ ਮੁਕਤ ਨਹੀਂ ਹੈ।
ਲੇਖਕ ਆਪਣੀ ਪੁਸਤਕ ਵਿਚ ਗ਼ਦਰੀ ਬਾਬਿਆਂ ਦੇ ਧਾਰਮਿਕ ਵਿਸ਼ਵਾਸਾਂ ਦੀ ਲੰਮੀ-ਚੌੜੀ ਵਿਆਖਿਆ ਕਰਦਾ ਹੈ। ਬਾਬਾ ਸੋਹਣ ਸਿੰਘ ਭਕਨਾ ਦੀ ਸਵੈ-ਜੀਵਨੀ ‘ਮੇਰੀ ਰਾਮ ਕਹਾਣੀ’ ਨੂੰ ਜਿਵੇਂ ਪ੍ਰਸੰਗ ਵਿਹੂਣਾ ਵਰਤਿਆ ਗਿਆ ਹੈ, ਉਹ ਬੌਧਿਕ ਅਨਾਚਾਰ ਹੈ। ਲੇਖਕ ਬਾਬਾ ਭਕਨੇ ਦੇ ਹਵਾਲੇ ਨਾਲ ਕਹਿੰਦਾ ਹੈ, “ਅੰਮ੍ਰਿਤਸਰ ਸਟੇਸ਼ਨ ਪੁਰ ਅਮਰੀਕਾ ਨੂੰ ਜਾਣ ਵਾਲੇ ਅਸੀਂ ਪੰਜ ਸਿੰਘ ਵੱਖਰੇ-ਵੱਖਰੇ ਪਿੰਡਾਂ ਤੋਂ ਆ ਕੇ ਇਕੱਠੇ ਹੋਏ ਤਾਂ ਇਸ ਤੋਂ ਪਤਾ ਚੱਲਦਾ ਹੈ ਕਿ ਉਨ੍ਹਾਂ ਅੰਦਰ ਆਪਣੀ ਸਿੱਖ ਪਛਾਣ ਦਾ ਅਹਿਸਾਸ ਕਿੰਨਾ ਕੁਦਰਤੀ ਤੇ ਡੂੰਘਾ ਸੀ। ਇਹ ਸੱਚਾਈ ਸਾਰੇ ਬਾਬਿਆਂ ਦੀਆਂ ਲਿਖਤਾਂ ‘ਚੋਂ ਪ੍ਰਗਟ ਹੁੰਦੀ ਹੈ।” (ਅਜਮੇਰ ਸਿੰਘ, ਗ਼ਦਰੀ ਬਾਬੇ ਕੌਣ ਸਨ? ਸਫਾ 117) ਬਾਬਾ ਭਕਨਾ ਦੀ ਸਹਿਜ ਭਾ ਕਹੀ ਗੱਲ ਕੁਦਰਤੀ ਅਤੇ ਡੂੰਘੇ ਅਹਿਸਾਸ ਵਾਲੀ ਹੋ ਗਈ ਪਰ ਜਿਨ੍ਹਾਂ ਉਦੇਸ਼ਾਂ ਦੀ ਖ਼ਾਤਰ ਆਪਣੀਆਂ ਜ਼ਿੰਦਗੀਆਂ ਕਾਲੇ ਪਾਣੀਆਂ ਵਿਚ ਰੋਲ ਦਿੱਤੀਆਂ, ਉਨ੍ਹਾਂ ਪ੍ਰਤੀ ਦ੍ਰਿਸ਼ਟੀ ‘ਘੋਖਵੀਂ ਅਤੇ ਸੋਘਵੀਂ’ ਹੋਵੇ! ਕਿਉਂ? ਕਿਉਂ ਹੋਵੇ? ਇਸ ਲਈ ਕਿਉਂਕਿ ਉਨ੍ਹਾਂ ਉਦੇਸ਼ਾਂ ਕਰ ਕੇ ਗ਼ਦਰੀ ਬਾਬੇ ਸਿੱਖ ਨਹੀਂ ਬਣਦੇ। ਇਥੇ ਮਹੱਤਵਪੂਰਨ ਮਸਲਾ ਸਿੱਖ ਅਕੀਦੇ ਅਤੇ ਸਿੱਖ ਦ੍ਰਿਸ਼ਟੀ ਦਾ ਹੈ। ਸਿੱਖ ਅਕੀਦਾ ਅਧਿਆਤਮਕ ਖੇਤਰ ਨਾਲ ਸਬੰਧਤ ਹੈ ਅਤੇ ਸਿੱਖ ਦ੍ਰਿਸ਼ਟੀ ਜੀਵਨ ਵਿਹਾਰ ਨਾਲ। ਕੁਝ ਗ਼ਦਰੀ (ਸਾਰੇ ਨਹੀਂ) ਨਿਰਸੰਦੇਹ ਸਿੱਖ ਅਕੀਦੇ ਵਾਲੇ ਸਨ ਪਰ ਸਿੱਖ ਅਕੀਦੇ ਕਰ ਕੇ ਉਨ੍ਹਾਂ ਨੂੰ ਇਸ ਮਸਲੇ ਨਾਲ ਸਬੰਧਤ ਕਰ ਦੇਣਾ ਕਿ ਉਨ੍ਹਾਂ ਗ਼ਦਰ ਲਹਿਰ ਅੰਦਰ ਸਿੱਖੀ ਦੀ ਲੜਾਈ ਲੜੀ ਹੋਵੇ, ਅਜਿਹਾ ਕੋਈ ਪ੍ਰਮਾਣ ਨਹੀਂ ਮਿਲਦਾ। ਜੇਲ੍ਹਾਂ ਅੰਦਰ ਵੀ ਇਹ ਸਿੱਖ ਅਕੀਦਾ ਉਨ੍ਹਾਂ ਦਾ ਨਿੱਜੀ ਮਸਲਾ ਰਹਿੰਦਾ ਹੈ। ਇਸ ਸਬੰਧੀ ਬਾਬਾ ਭਕਨਾ ਦਾ ਆਪਣਾ ਬਿਆਨ ਪੜ੍ਹੋ, “ਉਸ ਸਮੇਂ ਤੱਕ ਸਰਕਾਰ ਨੇ ਕੈਦੀਆਂ ਦੇ ਧਾਰਮਿਕ ਹੱਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਲੈ ਲਈ ਸੀ ਅਤੇ ਸਿੱਖਾਂ ਨੂੰ ਪਗੜੀਆਂ ਤੇ ਕੱਛੇ ਮਿਲ ਗਏ ਸਨ, ਪਰ ਬੰਬਈ ਸੂਬੇ ਵਿਚ ਸਿੱਖਾਂ ਦੀ ਧਾਰਮਿਕ ਰਹਿਤ ਬਾਰੇ ਜੇਲ੍ਹ ਅਧਿਕਾਰੀਆਂ ਨੂੰ ਕੋਈ ਇਲਮ ਨਹੀਂ ਸੀ। ਉਹ ਸਿੱਖਾਂ ਨੂੰ ਵੀ ਟੋਪੀਆਂ ਹੀ ਦਿੰਦੇ ਸਨ। ਜਦੋਂ ਅਸੀਂ ਜੇਲ੍ਹ ਵਿਚ ਪਹੁੰਚੇ ਤਾਂ ਸਾਡੀਆਂ ਪੱਗਾਂ ਤੇ ਕੱਛੇ ਜ਼ਬਰਦਸਤੀ ਉਤਰਵਾ ਦਿੱਤੇ। ਮੈਂ ਜੇਲ੍ਹ ਸੁਪਰਡੈਂਟ ਕੋਲ ਸ਼ਿਕਾਇਤ ਕੀਤੀ। ਉਸ ਨੇ ਜਵਾਬ ਦਿੱਤਾ ਕਿ ਸਾਨੂੰ ਸਰਕਾਰ ਵੱਲੋਂ ਅਜਿਹਾ ਕੋਈ ਹੁਕਮ ਨਹੀਂ ਹੈ ਕਿ ਤੁਹਾਨੂੰ ਟੋਪੀਆਂ ਤੇ ਜੇਲ੍ਹ ਦੇ ਹੋਰ ਕੱਪੜੇ ਪਹਿਨਣ ਤੋਂ ਛੋਟ ਹੈ। ਮੈਂ ਉਸ ਨੂੰ ਕਿਹਾ ਕਿ ਇਸ ਦਾ ਨਤੀਜਾ ਭੁੱਖ ਹੜਤਾਲ ‘ਚ ਨਿਕਲੇਗਾ। ਉਸ ਨੇ ਕਿਹਾ ਕਿ ਮੈਂ ਆਈæਜੀæ ਨੂੰ ਪੁੱਛ ਲੈਂਦਾ ਹਾਂ। ਬਾਅਦ ‘ਚ ਉਸ ਨੇ ਕਿਹਾ ਕਿ ਆਈæਜੀæ ਕਹਿੰਦੇ ਹਨ ਕਿ ਤੁਹਾਨੂੰ ਟੋਪੀਆਂ ਦਿੱਤੀਆਂ ਜਾਣ। ਸੋ ਮੈਂ ਆਪਣੇ ਧਾਰਮਿਕ ਹੱਕ ਲਈ ਹੜਤਾਲ ਕਰ ਦਿੱਤੀ। ਮੇਰੇ ਤੋਂ ਬਾਅਦ ਵੀ ਜਿਹੜੇ ਲੋਕ ਆਏ, ਉਨ੍ਹਾਂ ਨਾਲ ਵੀ ਇਹੀ ਸਲੂਕ ਕੀਤਾ ਗਿਆ ਅਤੇ ਉਹ ਵੀ ਭੁੱਖ ਹੜਤਾਲ ਵਿਚ ਸ਼ਾਮਲ ਹੁੰਦੇ ਗਏ। ਅਸੀਂ ਕੁੱਲ ਮਿਲਾ ਕੇ 15 ਆਦਮੀ ਹੋ ਗਏ ਜਿਨ੍ਹਾਂ ਵਿਚ ਪਰਮਾਨੰਦ ਝਾਂਸੀ ਅਤੇ ਹਿਰਦੇ ਰਾਮ ਵੀ ਸ਼ਾਮਲ ਸੀ। ਅਸੀਂ ਉਨ੍ਹਾਂ ਨੂੰ ਬਥੇਰਾ ਕਿਹਾ ਕਿ ਇਹ ਸਾਡਾ ਮਜ਼ਹਬੀ ਮਾਮਲਾ ਹੈ, ਤੁਸੀਂ ਤਕਲੀਫ਼ ਨਾ ਕਰੋ ਪਰ ਦੇਸ਼ ਭਗਤਾਂ ਨੇ ਪਿੱਛੇ ਰਹਿਣਾ ਗਵਾਰਾ ਨਾ ਕੀਤਾ।” (ਗ਼ਦਰ ਲਹਿਰ ਦੀ ਕਹਾਣੀ: ਗ਼ਦਰੀ ਬਾਬਿਆਂ ਦੀ ਜ਼ੁਬਾਨੀ, ਸਫਾ 45-46)
ਇਥੇ ਇਹ ਯਾਦ ਰਹਿਣਾ ਚਾਹੀਦਾ ਹੈ ਕਿ 1922 ਵਿਚ ਜਦ ਸੁੰਦਰ ਸਿੰਘ ਮਜੀਠੀਆ ਪੰਜਾਬ ਦੇ ਮਾਲ ਮੰਤਰੀ ਬਣੇ ਤਾਂ ਉਹ ਜੇਲ੍ਹਾਂ ਦੇ ਇੰਚਾਰਜ ਵੀ ਸਨ। ਉਨ੍ਹਾਂ ਨੇ ਸਿੱਖਾਂ ਨੂੰ ਜੇਲ੍ਹਾਂ ਵਿਚ ਟੋਪੀਆਂ ਦੀ ਥਾਵੇਂ ਪੱਗਾਂ ਦੇਣ ਦਾ ਹੁਕਮ ਦੇ ਕੇ ਇਸ ਮਸਲੇ ਦਾ ਹੱਲ ਕੀਤਾ ਸੀ। ਗ਼ਦਰੀ ਬਾਬਿਆਂ ਨੇ ਇਸ ਹੱਕ ਅਧੀਨ ਹੀ ਦਸਤਾਰਾਂ ਅਤੇ ਕਛਹਿਰਿਆਂ ਦੀ ਲੜਾਈ ਲੜੀ ਸੀ ਪਰ ਇਸ ਲੜਾਈ ਨਾਲ ਗ਼ਦਰ ਲਹਿਰ, ਸਿੱਖ ਲਹਿਰ ਨਹੀਂ ਬਣ ਜਾਂਦੀ ਜਿਵੇਂ ਬਾਬਾ ਭਕਨਾ ਭਾਈ ਪਰਮਾਨੰਦ ਝਾਂਸੀ ਅਤੇ ਹਿਰਦੇ ਰਾਮ ਨੂੰ ਸਪਸ਼ਟ ਕਹਿੰਦੇ ਹਨ ਕਿ ‘ਇਹ ਸਾਡਾ ਮਜ਼ਹਬੀ ਮਾਮਲਾ ਹੈ।’ ਇਉਂ ਮਜ਼ਹਬੀ ਮਾਮਲਾ ਜੇਲ੍ਹਾਂ ਅੰਦਰ ਵੀ ਗ਼ਦਰ ਲਹਿਰ ਦੇ ਵਿਧਾਨ ਅਨੁਸਾਰ ਨਿੱਜੀ ਮਸਲਾ ਹੀ ਰਹਿੰਦਾ ਹੈ। ਭਾਈ ਪਰਮਾਨੰਦ ਝਾਂਸੀ ਅਤੇ ਹਿਰਦੇ ਰਾਮ ਜਿਸ ਭਾਵਨਾ ਨਾਲ ਭੁੱਖ ਹੜਤਾਲ ਵਿਚ ਸ਼ਾਮਲ ਹੁੰਦੇ ਹਨ, ਉਨ੍ਹਾਂ ਦਾ ਮਕਸਦ ਸਪਸ਼ਟ ਦਿਖਾਈ ਦਿੰਦਾ ਹੈ ਜਦੋਂ ਕਿ ਲੇਖਕ ਅਨੁਸਾਰ ਇਹ ਦੋਵੇਂ ਹਿੰਦੂ ਹਨ। ਇਸ ਤੱਥ ਨੂੰ ਹੀ ਬਾਬਾ ਸੋਹਣ ਸਿੰਘ ਭਕਨਾ ਆਪਣੀ ਸਵੈ ਜੀਵਨੀ ‘ਜੀਵਨ ਸੰਗਰਾਮ’ ਵਿਚ ਸਪਸ਼ਟ ਕਰਦਿਆਂ ਕਹਿੰਦੇ ਹਨ, “ਉਹ ਧਾਰਮਿਕ ਸਵਾਲ ਨੂੰ ਵੀ ਏਕਤਾ ਦੇ ਪੱਖ ਤੋਂ ਵੇਖਦੇ ਸਨ, ਫਿਰਕਾਪ੍ਰਸਤੀ ਦੀ ਨਿਗ੍ਹਾ ਨਾਲ ਨਹੀਂ।” ਸੋ, ਉਪਰੋਕਤ ਚਰਚਾ ਤੋਂ ਕਿਸੇ ਕਿਸਮ ਦਾ ਭੁਲੇਖਾ ਨਹੀਂ ਰਹਿੰਦਾ ਕਿ ਗ਼ਦਰੀ ਬਾਬਿਆਂ ਦੇ ਸਿੱਖ ਅਕੀਦੇ ਗ਼ਦਰ ਲਹਿਰ ਵਿਚ ਨਾ ਤਾਂ ਰੁਕਾਵਟ ਬਣਦੇ ਹਨ ਅਤੇ ਨਾ ਹੀ ਗ਼ਦਰੀ ਬਾਬੇ ਇਨ੍ਹਾਂ ਸਿੱਖ ਅਕੀਦਿਆਂ ਨੂੰ ਗ਼ਦਰ ਲਹਿਰ ਦੀ ਵਿਚਾਰਧਾਰਕ ਦ੍ਰਿਸ਼ਟੀ ਬਣਨ ਦਿੰਦੇ ਹਨ।
ਲੇਖਕ ਦਾ ਵਾਰ-ਵਾਰ ਜ਼ੋਰ ਬਾਬਾ ਸੋਹਣ ਸਿੰਘ ਭਕਨਾ ਨੂੰ ਇਹ ਸਿੱਧ ਕਰਨ ਦਾ ਹੈ ਕਿ ਉਸ ਦਾ ਸਿੱਖ ਧਰਮ ਵਿਚ ਅਟੁੱਟ ਵਿਸ਼ਵਾਸ ਸੀ ਅਤੇ ਇਸੇ ਕਰ ਕੇ ਗ਼ਦਰ ਲਹਿਰ ਨੂੰ ਸਿੱਖੀ ਵਿਸ਼ਵਾਸ ਤੋਂ ਮੁਕਤ ਕਰ ਕੇ ਨਹੀਂ ਪੜ੍ਹਿਆ ਜਾ ਸਕਦਾ ਪਰ ਤੱਥ ਵਾਰ-ਵਾਰ ਲੇਖਕ ਦੀਆਂ ਇਨ੍ਹਾਂ ਧਾਰਨਾਵਾਂ ਦਾ ਨਿਖੇਧ ਕਰਦੇ ਹਨ। ਡਾæ ਸ਼ਿਵ ਕੁਮਾਰ ਗੁਪਤਾ ਆਪਣੀ ਪੁਸਤਕ ‘ਬਾਬਾ ਸੋਹਣ ਸਿੰਘ ਭਕਨਾ: ਜੀਵਨ ਤੇ ਵਿਚਾਰਧਾਰਾ’ ਵਿਚ ਲਿਖਦੇ ਹਨ , “ਜਦ ਬਾਬਾ ਜੀ ਦੀ ਪਤਨੀ ਸਵਰਗਵਾਸ ਹੋਏ, ਉਨ੍ਹਾਂ ਨੇ ਆਪਣੇ ਅਕੀਦੇ ਅਨੁਸਾਰ ਉਨ੍ਹਾਂ ਦੀ ਦੇਹ ਠਿਕਾਣੇ ਲਾਈ। ਬਾਬਾ ਜੀ ਦਾ ਅਕੀਦਾ ਸੀ ਕਿ ‘ਮ੍ਰਿਤਕ ਸਰੀਰ ਨੂੰ ਪਰਲੋਕ ਵਿਚ ਕੁਝ ਵੀ ਨਹੀਂ ਪਹੁੰਚ ਸਕਦਾ।’ ਇਸ ਲਈ ਉਨ੍ਹਾਂ ਨੇ ਆਪਣੀ ਪਤਨੀ ਦਾ ‘ਅੰਗੀਠਾ ਪਾਣੀ ਵਿਚ ਪਰਵਾਹ ਦਿੱਤਾ ਅਤੇ ਕੋਈ ਪਾਠ, ਭੋਗ, ਕਿਰਿਆ-ਕਰਮ ਕੁਝ ਨਹੀਂ ਕੀਤਾ।’ ਬਾਬਾ ਜੀ ਨੇ ਆਪਣੇ ਸ਼ਰਧਾਲੂਆਂ ਨੂੰ ਕਿਹਾ ਕਿ, ‘ਮੇਰੇ ਫੁੱਲ ਵੀ ਕਿਧਰੇ ਤੀਰਥਾਂ-ਸ਼ੀਰਥਾਂ ‘ਤੇ ਲੈ ਕੇ ਨਾ ਤੁਰੇ ਰਹਿਣਾ। ਜਿੱਥੇ ਮੈਨੂੰ ਸਾੜੋ, ਉਥੇ ਹੀ ਦੱਬ ਦੇਣਾ।’ ਇਹੋ ਖ਼ਾਹਿਸ਼ ਉਨ੍ਹਾਂ ਦੀ ਵਸੀਅਤ ਵਿਚ ਸੀ। ਉਨ੍ਹਾਂ ਦੇ ਸ਼ਰਧਾਲੂਆਂ ਨੇ ਵੀ ਇਵੇਂ ਕੀਤਾ। ਉਨ੍ਹਾਂ ਦਾ ਸਸਕਾਰ ਗ਼ਦਰ ਪਾਰਟੀ ਦੀ ਯਾਦਗਾਰ ਅੱਗੇ ਹੋਇਆ। ਉਥੇ ਹੀ ਫੁੱਲ ਦੱਬ ਦਿਤੇ।” (ਡਾæ ਸ਼ਿਵ ਕੁਮਾਰ ਗੁਪਤਾ, ਬਾਬਾ ਸੋਹਣ ਸਿੰਘ ਭਕਨਾ: ਜੀਵਨ ਤੇ ਵਿਚਾਰਧਾਰਾ, ਸਫਾ 134)
ਸਵਾਲ ਕੀਤਾ ਜਾ ਸਕਦਾ ਹੈ ਕਿ ਜਿਸ ਸ਼ਖਸੀਅਤ ਦੀ ਦ੍ਰਿਸ਼ਟੀ ਸਿੱਖੀ ਦੇ ਅਟੁੱਟ ਵਿਸ਼ਵਾਸ ਨਾਲ ਬੱਝੀ ਹੋਵੇ, ਕੀ ਉਹ ਆਪਣੀ ਅੰਤਮ ਕਿਰਿਆ ਅਜਿਹੇ ਨਾਸਤਿਕ ਵਿਹਾਰ ਨਾਲ ਕਰਦਾ ਹੈ? ਇਸ ਤੱਥ ਤੋਂ ਸਪਸ਼ਟ ਹੈ ਕਿ ਗ਼ਦਰੀ ਬਾਬੇ ਧਰਮ ਨੂੰ ਨਿੱਜ ਦਾ ਮਸਲਾ ਸਵੀਕਾਰ ਕਰਦੇ ਸਨ। ਲੇਖਕ ਜਿਸ ਤੱਥ ‘ਸਿੰਘ ਹੋਣ ਦਾ ਅਹਿਸਾਸ ਕੁਦਰਤੀ ਅਤੇ ਡੂੰਘਾ’ ਦੱਸਦਾ ਹੈ, ਉਸ ਤੱਥ ਦੀ ਇਨ੍ਹਾਂ ਤੱਥਾਂ ਸਾਹਮਣੇ ਫਿਰ ਕੀ ਅਹਿਮੀਅਤ ਰਹਿ ਜਾਂਦੀ ਹੈ?
ਬਾਬਾ ਭਕਨਾ ਦੀ ਦ੍ਰਿਸ਼ਟੀ ਕੀ ਹੈ? ਬਾਬਾ ਭਕਨਾ ਦੀ ਧਰਮ ਬਾਰੇ ਦ੍ਰਿਸ਼ਟੀ ਕੀ ਹੈ? ਇਨ੍ਹਾਂ ਪਹਿਲੂਆਂ ਬਾਰੇ ਵਿਸਥਾਰ ਸਹਿਤ ਜਾਣਕਾਰੀ ‘ਮੇਰੀ ਰਾਮ ਕਹਾਣੀ’ ਵਿਚ ਤਾਂ ਹੈ ਹੀ ਪਰ ਬਾਬਾ ਭਕਨਾ ਦੁਆਰਾ ਰਚਿਤ ਪੈਂਫਲਿਟ ਦੁੱਖ, ਗਰੀਬੀ ਅਤੇ ਜੀਵਨ ਕਰਤਵ ਵਿਸ਼ੇਸ਼ ਤੌਰ ‘ਤੇ ਪੜ੍ਹਨ ਵਾਲੇ ਹਨ। ਬਾਬਾ ਭਕਨਾ ਲਈ ਧਰਮ ਕੀ ਹੈ? ਇਸ ਬਾਰੇ ਚਰਚਾ ਕਰਨ ਦੀ ਜ਼ਰੂਰਤ ਤਾਂ ਹੈ, ਕਿਉਂਕਿ ਲੇਖਕ ਬਾਬਾ ਭਕਨਾ ਦੀਆਂ ਟੂਕਾਂ ਨੂੰ ਪ੍ਰਸੰਗ ਵਿਹੂਣੀਆਂ ਵਰਤ ਕੇ ਜ਼ਿਦ ਕਰਦਾ ਹੈ ਕਿ ਬਾਬਾ ਭਕਨਾ (ਬਾਕੀ ਗ਼ਦਰੀ ਵੀ) ਸ਼ੁੱਧ ਰੂਪ ਵਿਚ ਸਜਿਆ-ਧਜਿਆ ਧਾਰਮਿਕ ਮਰਜੀਵੜਾ ਸੀ। ਬਾਬਾ ਭਕਨਾ ਆਪਣੀ ਸਵੈ-ਜੀਵਨੀ ‘ਮੇਰੀ ਰਾਮ ਕਹਾਣੀ’ ਵਿਚ ਕਹਿੰਦੇ ਹਨ (ਜਿਸ ਨੂੰ ਤੋੜ-ਮਰੋੜ ਕੇ ਰਾਜਵਿੰਦਰ ਸਿੰਘ ਰਾਹੀ ਨੇ ਇਸੇ ਪੁਸਤਕ ਦੀ ਸੰਪਾਦਕੀ ਵਿਚ ਵੀ ਵਰਤਿਆ ਹੈ- ਸੋਹਣ ਸਿੰਘ ਭਕਨਾ, ਮੇਰੀ ਰਾਮ ਕਹਾਣੀ, ਸਫਾ 16): “ਪਾਠਕਾਂ ਨੂੰ ਇਹ ਗੱਲ ਦੱਸ ਦੇਣੀ ਵੀ ਮੇਰੀ ਜਾਚੇ ਜ਼ਰੂਰੀ ਹੈ ਕਿ ਮੈਨੂੰ ਕਿਸੇ ਖ਼ਾਸ ਫਿਰਕੇ ਜਾਂ ਮਜ਼ਹਬ ਦਾ ਕੋਈ ਖ਼ਾਸ ਲਿਹਾਜ਼ ਨਹੀਂ। ਮੈਂ ਖਾਲਸ ਹਿੰਦੁਸਤਾਨੀ ਤੇ ਹਿੰਦੀ ਕੌਮ ਦਾ ਸੇਵਕ ਹਾਂ ਅਤੇ ਸਾਰੀਆਂ ਮਜ਼ਹਬੀ ਧੜੇਬੰਦੀਆਂ ਤੋਂ ਨਿਰਲੇਪ ਹਾਂ। ਮੇਰੇ ਇਸ ਕਥਨ ਦਾ ਇਹ ਭਾਵ ਨਹੀਂ ਹੈ ਕਿ ਮੈਨੂੰ ਧਰਮ ਨਾਲ ਕੋਈ ਪਿਆਰ ਨਹੀਂ ਹੈ। ਮੈਂ ਸੱਚੇ ਧਰਮ ਨੂੰ ਮੰਨਦਾ ਹਾਂ ਜੋ ਦੁਨੀਆ ਦੇ ਹਰ ਮਨੁੱਖ (ਇਸਤਰੀ-ਮਰਦ) ਲਈ ਜ਼ਰੂਰੀ ਹੈ। ਮੈਂ ਧਰਮ ਦੇ ਅਰਥ ਸਦਾਚਾਰ ਵਿਚ ਲੈਂਦਾ ਹਾਂ ਜੋ ਮਨੁੱਖ ਨੂੰ ਆਜ਼ਾਦੀ ਤੇ ਬਰਾਬਰੀ ਸਿਖਾਉਂਦਾ ਹੈ। ਧਰਮੀ ਜਾਂ ਸਦਾਚਾਰੀ ਮਨੁੱਖ ਦੀ ਇਹੋ ਪਛਾਣ ਹੈ ਕਿ ਉਹ ਸਾਰੀ ਮਨੁੱਖ ਜਾਤੀ ਨੂੰ ਆਜ਼ਾਦ ਤੇ ਸਮਾਨ ਦੇਖਣਾ ਚਾਹੁੰਦਾ ਹੈ ਅਤੇ ਸਾਰੀ ਖ਼ਲਕਤ ਨਾਲ ਸੱਚਾ ਪਰੇਮ ਕਰਦਾ ਏ। æææ ਸੱਚਾ ਧਰਮੀ ਤੇ ਨੀਤੀਵੇਤਾ ਸਦਾ ਫਿਰਕੇਬੰਦੀਆਂ ਤੋਂ ਉਚਾ ਹੁੰਦਾ ਏ। ਉਹ ਸਾਰੀ ਮਨੁੱਖ ਜਾਤੀ ਨੂੰ ਇਕੋ ਭਾਈਚਾਰੇ ਦੀ ਲੜੀ ਵਿਚ ਪਰੋਣਾ ਚਾਹੁੰਦਾ ਹੈ ਜਿਸ ਤੋਂ ਸੰਸਾਰ ਵਿਚ ਅਨੰਦ ਤੇ ਸ਼ਾਂਤੀ ਦਾ ਰਾਜ ਹੋਵੇ। ਜਿਹੜੇ ਬੇਲੀ ਧਰਮੀ ਜਾਂ ਨੀਤੀਗਯ ਅਖਵਾ ਕੇ ਵੀ ਫਿਰਕੇਬੰਦੀਆਂ ਤੇ ਧੜੇਬੰਦੀਆਂ ਦੇ ਹਾਮੀ ਹਨ, ਅਸਲ ਵਿਚ ਨਾ ਉਹ ਸੱਚੇ ਧਰਮੀ ਹਨ ਤੇ ਨਾ ਹੀ ਰਾਜਨੀਤੀਵੇਤਾ। ਅਜਿਹੇ ਲੋਕਾਂ ਨੂੰ ਧਰਮੀ ਜਾਂ ਨੀਤੀਵੇਤਾ ਕਹਿਣਾ ਹੀ ਗਲਤ ਹੈ। ਅਸਲ ਵਿਚ ਇਹ ਲੋਕ ਗੁਲਾਮੀ ਦੇ ਹਾਮੀ ਹੁੰਦੇ ਹਨ ਜੋ ਆਪਣੇ ਪਸ਼ੂ ਬਲ ਨਾਲ ਹੋਰਨਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ। ਇਨ੍ਹਾਂ ਲੋਕਾਂ ਦੀ ਕਿਰਪਾ ਨਾਲ ਹੀ ਮਨੁੱਖ ਜਾਤੀ ਦਾ ਬਹੁਤ ਵੱਡਾ ਹਿੱਸਾ ਗੁਲਾਮੀ ਤੇ ਕੁੰਭੀ ਨਰਕ ਵਿਚ ਸੜ ਰਿਹਾ ਹੈ।” (ਸੋਹਣ ਸਿੰਘ ਭਕਨਾ, ਮੇਰੀ ਰਾਮ ਕਹਾਣੀ, ਸਫਾ 24)
ਬਾਬਾ ਭਕਨਾ ਦਾ ਥੀਸਿਜ਼ ਧਰਮ ਬਾਰੇ ਇਹ ਹੈ ਕਿ ਉਹ ਧਰਮ ਨੂੰ ਸਦਾਚਾਰ ਨਾਲ ਸਬੰਧਤ ਕਰਦਾ ਹੈ ਅਤੇ ਕਿਧਰੇ ਵੀ ਇਹ ਨਹੀਂ ਕਹਿੰਦਾ ਕਿ ਇਹ ਸਿੱਖ ਧਰਮ ਸਿਖਾਉਂਦਾ ਹੈ। ਇਹੀ ਤਾਂ ਸਿੱਖ ਧਰਮ ਅਤੇ ਸਿਧਾਂਤ ਦੀ ਵਡਿਆਈ ਹੈ ਕਿ ਉਸ ਵਿਚ ‘ਸਰਬੱਤ ਦੇ ਭਲੇ’ ਦਾ ਸੰਕਲਪ ਹੈ ਪਰ ਲੇਖਕ ਸਰਬੱਤ ਦੇ ਭਲੇ ਦੇ ਸੰਕਲਪ ਨੂੰ ਘਟਾ ਕੇ ‘ਸਿੱਖਾਂ ਦੇ ਭਲੇ’ ਤੱਕ ਘਟਾ ਦਿੰਦਾ ਹੈ ਜਿਹੜਾ ਗੁਰਮਤਿ ਸਿਧਾਂਤਾਂ ਦਾ ਹੀ ਵਿਰੋਧੀ ਹੈ। ਬਾਬਾ ਭਕਨਾ ਦਾ ਧਰਮ ਦਾ ਸੰਕਲਪ ਕਿਸੇ ਵਿਸ਼ੇਸ਼ ਜਾਤੀ ਸਮੂਹ ਦੇ ਧਰਮ ਦਾ ਸੰਕਲਪ ਨਹੀਂ ਹੈ, ਸਗੋਂ ਉਸ ਲਈ ਧਰਮ ਸਦਾਚਾਰਕ ਗੁਣਾਂ ਵਾਲਾ ਸਦਵਿਹਾਰੀ ਦ੍ਰਿਸ਼ਟੀਕੋਣ ਹੈ। ਇਸ ਦ੍ਰਿਸ਼ਟੀਕੋਣ ਦੀ ਖਿੱਚ-ਧੂਹ ਕਰ ਕੇ ਇਸ ਨੂੰ ਸ਼ੁੱਧ ਰੂਪ ਵਿਚ ਗੁਰਬਾਣੀ ਜਾਂ ਸਿੱਖ ਸਿਧਾਂਤ ਨਾਲ ਨੱਥੀ ਕਰਨਾ ਸਰਾਸਰ ਬਾਬਾ ਭਕਨਾ ਨਾਲ ਜ਼ਿਆਦਤੀ ਹੈ। ਧਰਮ ਦੇ ਉਦੈ ਹੋਣ ਤੋਂ ਪਹਿਲਾਂ ਮਨੁੱਖ ਲਈ ਹਰ ਸਰਗਰਮੀ ਹੀ ਧਾਰਮਿਕ ਸੀ, ਧਾਰਮਿਕ ਵਿਸ਼ਵਾਸ ਦਾ ਮਸਲਾ ਤਾਂ ਬਹੁਤ ਬਾਅਦ ਦੀ ਗੱਲ ਹੈ।
“ਉਘੇ ਵਿਗਿਆਨੀ ਚਾਰਲਸ ਡਾਰਬਨ ਦਾ ਮੱਤ ਹੈ ਕਿ ਜਦੋਂ ਸਾਧਨਾ ‘ਤੇ ਕਾਬਜ਼, ਨਿਗੂਣੀ ਜਿਹੀ ਘੱਟ-ਗਿਣਤੀ ਦੇ ਹਿੱਤਾਂ ਦੀ ਰਾਖੀ ਲਈ ਕਾਨੂੰਨ ਅਤੇ ਰਾਜਨੀਤੀ ਹੋਂਦ ਵਿਚ ਆਏ, ਤਾਂ ਧਰਮ ਹੋਂਦ ਵਿਚ ਆਇਆ; ਭਾਵ ਧਰਮ ਆਪਣੀ ਖ਼ਸਲਤ ਤੋਂ ਹੀ ਕਾਨੂੰਨ ਅਤੇ ਰਾਜਨੀਤੀ ਦਾ ਪ੍ਰਤੀਕਰਮ ਹੈ। ਕੁਝ ਹੋਰ ਵਿਦਵਾਨ ਇਸ ਨੂੰ ਉਨ੍ਹਾਂ ਸਮਿਆਂ ਤੱਕ ਪਿੱਛੇ ਲਿਜਾਉਂਦੇ ਹਨ, ਜਦੋਂ ਮਾਨਵ ਸਿਰਫ਼ ਕੁਦਰਤ ਨਾਲ ਜੂਝ ਰਿਹਾ ਸੀ ਅਤੇ ਧਰਮ ਨੇ ਉਸ ਦੀ ਅਗਵਾਈ ਕੀਤੀ। ਸਭਿਅਤਾਵਾਂ ਦੇ ਪ੍ਰਸਿੱਧ ਖੋਜੀ ਆਰਨਲਡ ਟੋਇਨਬੀ ਦਾ ਨਿਰਣਾ ਹੈ ਕਿ ਆਦਿ ਕਾਲ ਵਿਚ ਮਾਨਵ ਦੇ ਸਮਾਜਕ ਜੀਵਨ ਦੀਆਂ ਸਾਰੀਆਂ ਸਰਗਰਮੀਆਂ ਸਮਾਜਕ, ਆਰਥਿਕ ਅਤੇ ਸਭਿਆਚਾਰਕ, ਜੰਗੀ ਅਤੇ ਰਾਜਨੀਤਕ ਆਦਿ ਸਭ ਕਾਰਵਾਈਆਂ ਧਾਰਮਿਕ ਕਾਰਵਾਈਆਂ ਹੀ ਹੁੰਦੀਆਂ ਸਨ ਪਰ ਧਾਰਮਿਕ ਵਿਸ਼ਵਾਸਾਂ ਵਰਗੀ ਕਿਸੇ ਚੀਜ਼ ਦੀ ਹੋਂਦ ਨਹੀਂ ਸੀ, ਸਿਰਫ਼ ਸਰਗਰਮੀਆਂ ਹੀ ਧਰਮ ਸਨ। ਇਨਸਾਨ ਜੇ ਅਨਾਜ ਨਾ ਉਗਾਉਣ ਨੂੰ ਧਾਰਮਿਕ ਕਾਰਵਾਈ ਵਜੋਂ ਨਾ ਲੈਂਦਾ ਤਾਂ ਅਨਾਜ ਪੈਦਾ ਕਰਨ ਦੀ ਕ੍ਰਾਂਤੀ ਕਦੇ ਨਾ ਆਉਂਦੀ। ਨਤੀਜੇ ਵਜੋਂ ਸਭਿਆਚਾਰ ਕਦੇ ਵੀ ਸਭਿਅਤਾ ਦਾ ਰੂਪ ਧਾਰਨ ਨਾ ਕਰਦਾ।” (ਸਤਨਾਮ ਚਾਨਾ, ਸਿੱਖ ਫ਼ਲਸਫ਼ੇ ਦਾ ਰਾਜਨੀਤਕ ਏਜੰਡਾ ਤੇ ਪੰਜਾਬ ਕਮਿਊਨ, ਸਫਾ 28)
ਸੋ, ਬਾਬਾ ਭਕਨਾ ਲਈ ਧਰਮ ਦੇ ਅਰਥ ਅਜਿਹੀ ਸਦਾਚਾਰਕ ਸਰਗਰਮੀ ਦੇ ਹਨ। ਇਸੇ ਕਰ ਕੇ ਉਹ ਕਿਧਰੇ ਵੀ ਕਿਸੇ ਵੀ ਵਿਸ਼ੇਸ਼ ਦਿੱਖ ਵਾਲੇ ਧਰਮ ਦਾ ਨਾ ਜ਼ਿਕਰ ਕਰਦਾ ਹੈ ਅਤੇ ਨਾ ਹੀ ਉਸ ਦੀ ਵਿਆਖਿਆ ਵਿਚ ਪੈਂਦਾ ਹੈ। ਇਸ ਕਰ ਕੇ ਬਾਬਾ ਭਕਨਾ ਦੇ ਲਫ਼ਜ਼ਾਂ ਨੂੰ ਆਪਣੀ ਜੱਦ ਵਿਚ ਕਰਨ ਤੋਂ ਪਹਿਲਾਂ ਉਸ ਦੇ ਸਮੁੱਚੇ ਭਾਵ-ਅਰਥ, ਦ੍ਰਿਸ਼ਟੀ, ਜੀਵਨ ਵਿਹਾਰ, ਜੀਵਨ ਸੰਘਰਸ਼ ਦਾ ਸਮੁਚਾ ਗਿਆਨ ਬਹੁਤ ਜ਼ਰੂਰੀ ਹੈ। ਪ੍ਰਸੰਗ ਵਿਹੂਣੇ ਕਥਨਾਂ ਅਤੇ ਟੂਕਾਂ ਦੀ ਮਨ ਭਾਵੀ ਵਿਆਖਿਆ ਨਾ ਤਾਂ ਬਾਬਾ ਭਕਨਾ ਨੂੰ ਹੀ ਅਤੇ ਨਾ ਹੀ ਗ਼ਦਰੀਆਂ ਨੂੰ ਉਨ੍ਹਾਂ ਦੇ ਵਿਚਾਰਧਾਰਕ ਸੰਕਲਪ ਧਰਮ ਨਿਰਪੱਖਤਾ ਤੋਂ ਤੋੜ ਸਕਦੀ ਹੈ। ਬਾਬਾ ਭਕਨਾ ਜੋ ਜ਼ਿੰਦਗੀ ਭਰ ਕ੍ਰਾਂਤੀਕਾਰੀ ਰਿਹਾ, ਜੇ ਉਹ ਧਰਮ ਨਿਰਪੱਖ ਵਿਚਾਰਧਾਰਾ ਦਾ ਨਾ ਹੁੰਦਾ ਤਾਂ ਉਹ ਆਪਣੀ ਮ੍ਰਿਤੂ (20 ਦਸੰਬਰ 1968) ਤੋਂ ਪਹਿਲਾਂ 27 ਨਵੰਬਰ, 1968 ਨੂੰ ਅਜਿਹਾ ਬਿਆਨ ਕਦੇ ਨਾ ਦਿੰਦਾ; ਇਹ ਬਿਆਨ ਬਹੁਤ ਧਿਆਨ ਦੀ ਮੰਗ ਕਰਦਾ ਹੈ, “ਮੈਂ ਦੇਸ਼, ਕੌਮ ਤੇ ਮਨੁੱਖ ਜਾਤੀ ਦਾ ਧੰਨਵਾਦੀ ਹਾਂ। ਮੇਰਾ ਸਾਰਾ ਜੀਵਨ ਉਨ੍ਹਾਂ ਦੀ ਸੇਵਾ ਵਿਚ ਲੰਘਿਆ ਹੈ। ਅਰੰਭ ਵਿਚ ਮੈਂ ਕੌਮੀ ਜਜ਼ਬੇ ਤੋਂ ਸਰਸ਼ਾਰ ਹੋ ਕੇ ਦੇਸ਼ ਦੀ ਆਜ਼ਾਦੀ ਲਈ ਜੁਟਿਆ ਸਾਂ। ਇਸ ਦੇ ਲਈ ਮੈਨੂੰ ਨਾਮਧਾਰੀ ਤਹਿਰੀਕ ਤੇ ਕਾਂਗਰਸ ਤੋਂ ਬੜੀ ਪ੍ਰੇਰਨਾ ਮਿਲੀ ਸੀ। ਉਮਰ ਕੈਦ ਹੋਣ ਉਤੇ ਮੈਂ ਜੇਲ੍ਹ ਦੇ ਅੰਦਰ ਹੀ ਰੂਸੀ ਇਨਕਲਾਬ ਬਾਰੇ ਜਾਣਕਾਰੀ ਹਾਸਲ ਕੀਤੀ। ਸੋਵੀਅਤ ਇਨਕਲਾਬ ਨੇ ਮੇਰੇ ਉਤੇ ਡੂੰਘਾ ਪ੍ਰਭਾਵ ਪਾਇਆ ਤੇ ਮੇਰੇ ਖਿਆਲਾਂ ਵਿਚ ਅਹਿਮ ਤਬਦੀਲੀ ਲਿਆਂਦੀ। ਰੂਸੀ ਇਨਕਲਾਬ ਦੇ ਪ੍ਰਭਾਵ ਹੇਠਾਂ ਮੈਂ ਪੂਰਨ ਤੌਰ ‘ਤੇ ਕੌਮਾਂਤਰੀ ਵਿਚਾਰਧਾਰਾ ਅਪਨਾ ਲਈ। ਇਸ ਦੇ ਲਈ ਮੈਂ ਉਨ੍ਹਾਂ ਸਾਥੀਆਂ ਦਾ ਬਹੁਤ ਮਸ਼ਕੂਰ ਹਾਂ ਜਿਨ੍ਹਾਂ ਨੇ ਸਟੱਡੀ ਸਰਕਲਾਂ ਤੇ ਬਹਿਸ ਮੁਬਾਹਸਿਆਂ ਰਾਹੀਂ ਮੈਨੂੰ ਮਾਰਕਸਵਾਦ ਤੋਂ ਜਾਣੂ ਕਰਵਾਇਆ ਤੇ ਇਸ ਨਾਲ ਲੈਸ ਕਰਨ ਦੀ ਕੋਸ਼ਿਸ਼ ਕੀਤੀ। ਮੈਨੂੰ ਗਾਂਧੀਵਾਦ ਨਾਲ ਸਖ਼ਤ ਵਿਰੋਧ ਹੈ ਕਿਉਂਕਿ ਇਹ ਦੇਸ਼ ਦੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਿਆ ਹੈ।æææ ਇਸ ਸਾਰੇ ਕੰਮ ਵਿਚ ਮੈਨੂੰ ਕਮਿਊਨਿਸਟ ਪਾਰਟੀ ਤੋਂ ਬੜੀ ਮੱਦਦ ਮਿਲੀ ਤੇ ਮੈਂ ਹਮੇਸ਼ਾ ਇਸ ਨੂੰ ਇੱਜ਼ਤ ਦੀ ਨਿਗ੍ਹਾ ਨਾਲ ਦੇਖਿਆ ਹੈ। ਮੈਨੂੰ ਦੁੱਖ ਹੈ ਕਿ ਅੱਜ ਕੌਮਾਂਤਰੀ ਕਮਿਊਨਿਸਟ ਲਹਿਰ ਵਿਚ ਇਖਤਲਾਫ਼ਾਤ ਹਨ। ਮੇਰੀ ਖ਼ਾਹਸ਼ ਹੈ ਕਿ ਇਹ ਵਿਰੋਧ ਖ਼ਤਮ ਹੋਣ ਤਾਂ ਜੋ ਸਰਮਾਏਦਾਰੀ ਦਾ ਖਾਤਮਾ ਬੜਾ ਨੇੜੇ ਹੋ ਸਕੇ। ਕਮਿਊਨਿਸਟ ਤਹਿਰੀਕ ਦੇ ਅੰਦਰੂਨੀ ਵਿਰੋਧਾਂ ਨੇ ਸਰਮਾਏਦਾਰੀ ਦੀ ਉਮਰ ਨੂੰ ਕੁਝ ਚਿਰ ਹੋਰ ਵਧਾ ਦਿੱਤਾ ਹੈ।” (ਸੋਹਣ ਸਿੰਘ ਜੋਸ਼, ਇਕ ਇਨਕਲਾਬ ਇਕ ਜੀਵਨੀ, ਸਫਾ 75-76)
ਜੇ ਲੇਖਕ ਅਜਮੇਰ ਸਿੰਘ ਇਸ ਬਿਆਨ ਨੂੰ ਧਿਆਨ ਨਾਲ ਪੜ੍ਹੇ ਤਾਂ ਉਹ ਬਾਬਾ ਭਕਨਾ ਨੂੰ ਨਾਮਧਾਰੀ ਲਹਿਰ ਤੋਂ ਪ੍ਰਭਾਵਿਤ ਅਤੇ ਪ੍ਰੇਰਿਤ ਹੋਇਆ ਕਹੇ ਤਾਂ ਵੀ ਗੱਲ ਸਮਝ ਆ ਸਕਦੀ ਹੈ। ਉਪਰੋਕਤ ਬਿਆਨ ਦੇ ਤੱਥਾਂ ਤੋਂ ਬਾਬਾ ਭਕਨਾ ਦੀ ਸ਼ਖ਼ਸੀਅਤ ਅਤੇ ਵਿਚਾਰਧਾਰਾ ਦਾ ਜੋ ਪਤਾ ਲਗਦਾ ਹੈ, ਉਸ ਵਿਚ ਕਿਤੇ ਵੀ ਸਿੱਖ ਹੋਣ ਦੀ ਰੈਲ ਦਿਖਾਈ ਨਹੀਂ ਦਿੰਦੀ।
ਤੱਥਾਂ ਨੂੰ ਪ੍ਰਸੰਗ ਨਾਲੋਂ ਤੋੜਨ ਕਰ ਕੇ ਹੀ ਬਾਬਾ ਭਕਨਾ ਦੀ ਤਲਖੀ ਜੋ ਭਾਈ ਪਰਮਾਨੰਦ ਲਾਹੌਰ ਵੱਲ ਹੈ, ਉਸ ਦੇ ਵੀ ਲੇਖਕ ਨੇ ਅਨਰਥ ਕਰ ਦਿੱਤੇ ਹਨ। ਬਾਬਾ ਭਕਨਾ ਭਾਈ ਪਰਮਾਨੰਦ ਲਾਹੌਰ ਦੀ ਪੁਸਤਕ ‘ਕੌਮੀ ਸੰਘਟਨ’ ਦੇ ਆਧਾਰ ਉਤੇ ਟਿੱਪਣੀ ਕਰਦੇ ਹਨ। ਉਂਜ ਭਾਈ ਪਰਮਾਨੰਦ ਗ਼ਦਰੀ ਨਹੀਂ ਸੀ, ਲਾਲਾ ਹਰਦਿਆਲ ਦੇ ਨੇੜੇ ਸੀ ਤੇ ਗ਼ਦਰੀਆਂ ਦਾ ਹਮਦਰਦ ਸੀ। ਉਸ ਦੀ ਸਵੈ-ਜੀਵਨੀ ‘ਆਪ ਬੀਤੀ’ ਵਿਚੋਂ ਕਰਤਾਰ ਸਿੰਘ ਸਰਾਭੇ ਬਾਰੇ ਕਈ ਦਿਲਚਸਪ ਟਿੱਪਣੀਆਂ ਜ਼ਰੂਰ ਮਿਲਦੀਆਂ ਹਨ। ਭਾਈ ਪਰਮਾਨੰਦ ਦੀ ਜੋ ਟਿੱਪਣੀ ਸੀ, ਉਸ ਉਪਰ ਤਲਖ ਹੋ ਕੇ ਗ਼ਦਰ ਲਹਿਰ ‘ਚ ਸ਼ਾਮਲ ਹਿੰਦੂ, ਸਿੱਖਾਂ, ਮੁਸਲਮਾਨਾਂ ਉਪਰ ਭਾਈ ਪਰਮਾਨੰਦ ਨੂੰ ਜੋ ਜਵਾਬ ਦਿੰਦੇ ਹਨ, ਉਹ ਕਿਸੇ ਵੀ ਤਰ੍ਹਾਂ ਨਾ ਤਾਂ ਧਰਮ ਨੂੰ ਉਚਿਆਉਣ ਲਈ ਹੈ ਅਤੇ ਨਾ ਹੀ ਕਿਸੇ ਧਰਮ ਨੂੰ ਨੀਵਾਂ ਦਿਖਾਉਣ ਲਈ ਹੈ। ਉਹ ਤਲਖੀ ਭਾਈ ਪਰਮਾਨੰਦ ਦੇ ਫਿਰਕਾਪ੍ਰਸਤ ਵਿਚਾਰਾਂ ਨੂੰ ਰੱਦ ਕਰਨ ਵਾਲੀ ਹੈ। ਉਸ ਟਿੱਪਣੀ ਵਿਚ ਹੀ ਬਾਬਾ ਭਕਨਾ ਤੱਤ ਸਾਰ ਰੂਪ ਵਿਚ ਆਪਣੀ ਦ੍ਰਿਸ਼ਟੀ ਪੇਸ਼ ਕਰਦੇ ਹਨ, “ਅਫ਼ਸੋਸ ਹੈ, ਐਹੋ ਜਿਹੇ ਆਦਮੀਆਂ ਦੇ ਅੰਤਸ਼ਕਰਨ ਪੁਰ ਜੋ ਗਦਾਰਾਂ ਦੇ ਮਸਲੇ ਨੂੰ ਲੈ ਕੇ ਆਪਣਾ ਉਲੂ ਸਿੱਧਾ ਕਰਨ ਲਈ ਦੇਸ਼ ਭਗਤਾਂ ਵਿਚ ਫੁੱਟ ਦਾ ਵਿਹੁਲਾ ਬੀਜ ਬੀਜਦੇ ਨੇ। ਅਸੀਂ ਕਹਿੰਦੇ ਹਾਂ: ਗੱਦਾਰ ਨਾ ਹਿੰਦੂ ਹੈ ਨਾ ਮੁਸਲਮਾਨ, ਉਹ ਨਾ ਸਿੱਖ ਹੈ ਤੇ ਨਾ ਈਸਾਈ ਨਾ ਮਨੁੱਖ। ਉਹ ਗੱਦਾਰ ਹੈ ਜੋ ਕੁੱਤੇ ਨਾਲੋਂ ਵੀ ਭੈੜਾ ਤੇ ਮਨੁੱਖਪੁਣੇ ਤੋਂ ਹਜ਼ਾਰਾਂ ਕੋਹਾਂ ਦੂਰ ਹੈ। ਐਹੋ ਜਿਹੇ ਲੋਕਾਂ ਨੂੰ ਠੁੰਮਣੇ ਬਣਾ ਕੇ ਕਿਸੇ ਕੌਮ ਨੂੰ ਬਦਨਾਮ ਕਰਨਾ ਜਾਂ ਕਿਸੇ ਕੌਮ ਦੀ ਸਲਾਹੁਤਾ ਕਰਨੀ, ਇਹ ਦੋਵੇਂ ਹੀ ਇਨਸਾਨੀਅਤ ਤੋਂ ਸੱਖਣੇ ਜਤਨ ਹਨ।” (ਸੋਹਨ ਸਿੰਘ ਭਕਨਾ, ਮੇਰੀ ਰਾਮ ਕਹਾਣੀ, ਪੰਨਾ-143)
ਇਸ ਟਿੱਪਣੀ ਵਿਚ ਵੀ ਬਾਬਾ ਭਕਨਾ ਕਿਹੜੀ ਸਿੱਖੀ ਦੇ ਸਿਧਾਂਤਾ ਉਪਰ ਖੜ੍ਹਾ ਧਰਮ ਯੁੱਧ ਕਰ ਰਿਹਾ ਹੈ? ਲੇਖਕ ਜਿੱਥੇ ਵੀ ਸਿੱਖ, ਕੌਮ, ਗੁਰੂ ਸਾਹਿਬਾਨ ਜਾਂ ਸਿੱਖ ਧਰਮ ਨਾਲ ਸਬੰਧਤ ਸ਼ਬਦ ਆ ਜਾਂਦਾ ਹੈ, ਉਸ ਸ਼ਬਦ ਦੇ ਪ੍ਰਸੰਗ ਨੂੰ ਵਿਛੁੰਨ ਕੇ ਉਸ ਨੂੰ ਸਿੱਖ ਹੋਣ ਦੇ ਸੰਕਲਪ ਨਾਲ ਨਰੜ ਦਿੰਦਾ ਹੈ। ਜੇ ਗ਼ਦਰ ਲਹਿਰ ਦਾ ਅਜਿਹਾ ਪ੍ਰਸੰਗ ਵਿਹੂਣਾ ਵਿਸ਼ਲੇਸ਼ਣ ਕਰਨਾ ਹੈ ਤਾਂ ਗ਼ਦਰ ਲਹਿਰ ਵਿਚੋਂ ਇਕ ਨਹੀਂ ਅਨੇਕਾਂ ਵੇਰਵੇ ਅਜਿਹੇ ਮਿਲਦੇ ਹਨ ਜਿਹੜੇ ਕਮਿਊਨਿਸਟ ਵਿਚਾਰਧਾਰਾ ਦੇ ਬਹੁਤ ਨੇੜੇ ਹਨ। ਉਨ੍ਹਾਂ ਨੂੰ ਪ੍ਰਸੰਗ ਤੋਂ ਤੋੜ ਕੇ ਗ਼ਦਰ ਲਹਿਰ ਨੂੰ 1913-14 ਤੋਂ ਹੀ ਕਮਿਊਨਿਸਟ ਲਹਿਰ ਵਜੋਂ ਸਥਾਪਤ ਕੀਤਾ ਜਾ ਸਕਦਾ ਹੈ ਪਰ ਇਹ ਗ਼ਦਰ ਲਹਿਰ ਨਾਲ ਇਤਿਹਾਸਕ ਨਿਆਂ ਨਹੀਂ ਹੋਵੇਗਾ।
ਮਿਸਾਲ ਵਜੋਂ ਇਕ ਹਵਾਲੇ ਵਿਚੋਂ ਗੁਜ਼ਰਦੇ ਹਾਂ। ਕੈਨੇਡਾ ਵਿਚ ਸੇਠ ਹੁਸੈਨ ਰਹੀਮ (ਛਗਨ ਖਰਾਜ ਵਰਮਾ) ਹੁਰਾਂ ਦੀ ਬਣਾਈ ਯੂਨਾਈਟਿਡ ਲੀਗ ਦੇ ਸਬੰਧ ਵਿਚ ਸੋਹਣ ਸਿੰਘ ਪੂਨੀ ਚਰਚਾ ਕਰਦਾ ਹੈ, “ਖਾਲਸਾ ਦੀਵਾਨ ਸੁਸਾਇਟੀ ਅਤੇ ਯੂਨਾਈਟਿਡ ਲੀਗ ਦੇ ਬਹੁਤ ਸਾਰੇ ਜਲਸੇ ਇਕੱਠੇ ਹੁੰਦੇ ਸਨ। ਇਨ੍ਹਾਂ ਜਲਸਿਆਂ ਵਿਚ ਗੋਰੇ ਸੋਸ਼ਲਿਸਟ ਵੀ ਆ ਕੇ ਬੋਲਦੇ ਸਨ। ਇਨ੍ਹਾਂ ਜਲਸਿਆਂ ਵਿਚ ਲਾਲ ਝੰਡਾ ਝੁਲਾਇਆ ਜਾਂਦਾ ਸੀ।” (ਸੋਹਣ ਸਿੰਘ ਪੂਨੀ, ਕੈਨੇਡਾ ਦੇ ਗ਼ਦਰੀ ਯੋਧੇ, ਸਫਾ 62)
ਲਾਲ ਝੰਡਾ ਰਾਜਨੀਤਕ ਤੌਰ ‘ਤੇ ਕਮਿਊਨਿਸਟ ਪਾਰਟੀ ਦਾ ਝੰਡਾ ਹੈ। ਬਿਨਾਂ ਸ਼ੱਕ ਯੂਨਾਈਟਿਡ ਲੀਗ ਦੀਆਂ ਇਕੱਤਰਤਾਵਾਂ ਵਿਚ ਕੈਨੇਡੀਅਨ ਸੋਸ਼ਲਿਸਟਾਂ ਦਾ ਯੋਗਦਾਨ ਸੀ। ਇਨ੍ਹਾਂ ਸੋਸ਼ਲਿਸਟਾਂ ਦੇ ਕਰ ਕੇ ਹੀ ਕਾਮਾਗਾਟਾ ਮਾਰੂ ਜਹਾਜ਼ ਦਾ ਕੇਸ ਲੜਨ ਵਾਲਾ ਗੋਰਾ ਵਕੀਲ ਐਡਵਰਡ ਬਰਡ ਸੀ ਜਿਸ ਨੇ ਨਸਲਵਾਦੀਆਂ ਦੀਆਂ ਧਮਕੀਆਂ ਦੇ ਵਿਰੁੱਧ ਜਾ ਕੇ ਕੇਸ ਲੜਿਆ ਸੀ। ਇਹ ਗੋਰਾ ਬਾਅਦ ਵਿਚ ਕਮਿਊਨਿਸਟ ਪਾਰਟੀ ਦਾ ਸਰਕਰਦਾ ਮੈਂਬਰ ਬਣਿਆ। ਜੇ ਅਜਿਹੇ ਹਵਾਲਿਆਂ ਨੂੰ ਲੈ ਕੇ ਕੋਈ ਕਮਿਊਨਿਸਟ ਇਹ ਜ਼ਿਦ ਕਰੇ ਕਿ ਯੂਨਾਈਟਿਡ ਲੀਗ, ਕਮਿਊਨਿਸਟ ਲਹਿਰ ਦਾ ਆਗਾਜ਼ ਸੀ, ਇਹ ਇਤਿਹਾਸਕ ਅਨਿਆਂ ਹੈ। ਅਜਿਹੇ ਤੱਥ ਅਤੇ ਤੱਤ ਕਿਸੇ ਲਹਿਰ ਦਾ ਅੰਤਿਮ ਨਿਰਣਾ ਕਰਨ ਵਾਲੇ ਫ਼ੈਸਲਾਕੁਨ ਤੱਥ ਅਤੇ ਤੱਤ ਨਹੀਂ ਹੁੰਦੇ। ਇਤਿਹਾਸ, ਇਤਿਹਾਸਕਾਰ ਕੋਲੋਂ ਮੰਗ ਕਰਦਾ ਹੈ ਕਿ ਤੱਥਾਂ ਅਤੇ ਤੱਤਾਂ ਨੂੰ ਠੀਕ ਪ੍ਰਸੰਗ ਵਿਚ ਰੱਖ ਕੇ ਉਨ੍ਹਾਂ ਦੀ ਵਿਆਖਿਆ ਕਰੇ। ਇਹੋ ਬੌਧਿਕ ਇਮਾਨਦਾਰੀ ਹੈ।
ਜੇ ਬਾਹਰਮੁਖੀ ਰੂਪ ਵਿਚ ‘ਧਰਮ’ ਨੂੰ ਗ਼ਦਰ ਲਹਿਰ ਦੇ ਵਿਚੋਂ ਤਲਾਸ਼ਣਾ ਹੈ ਤਾਂ ਨਿਰਸੰਦੇਹ ਕੁਝ ਅਜਿਹੇ ਗ਼ਦਰੀ ਹਨ ਜਿਨ੍ਹਾਂ ਦੀ ਦ੍ਰਿਸ਼ਟੀ ਸਿੱਖ ਦ੍ਰਿਸ਼ਟੀ ਹੈ ਪਰ ਇਹ ਸਿੱਖ ਵੀ ਗ਼ਦਰ ਲਹਿਰ ਦੀ ਕਾਰਵਾਈ ਦੌਰਾਨ ਕਿਧਰੇ ਵੀ ਗ਼ਦਰ ਲਹਿਰ ਨੂੰ ਆਪਣੇ ਅਧੀਨ ਕਰਦੇ ਦਿਖਾਈ ਨਹੀਂ ਦਿੰਦੇ ਸਗੋਂ ਗ਼ਦਰ ਲਹਿਰ ਦੇ ਕਾਰਜ ਵਿਚ ਸਰਗਰਮ ਹੁੰਦੇ ਹਨ। ਇਨ੍ਹਾਂ ਸਿੱਖਾਂ ਵਿਚ ਸਭ ਨਾਲੋਂ ਮਹੱਤਵਪੂਰਨ ਅਤੇ ਗੌਲਣਯੋਗ ਸਿੱਖ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਤੇ ਉਨ੍ਹਾਂ ਦਾ ਜਥਾ ਹੈ। ਭਾਈ ਰਣਧੀਰ ਸਿੰਘ ਸਿੱਖੀ ਦੇ ਰੰਗ ਵਿਚ ਰੰਗੇ ਇਕੱਲੇ ‘ਬਿਬੇਕੀ ਸਿੱਖ’ ਹਨ ਜੋ ਆਪਣੀ ਸਿੱਖੀ ਨੂੰ ਜੇਲ੍ਹ ਦੌਰਾਨ ਵੀ ਕਾਇਮ ਰੱਖਦੇ ਹਨ। ਜੇਲ੍ਹ ਦੌਰਾਨ ਕਿੰਨੀਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਨੂੰ ਉਹ ਸਿਰੜ ਨਾਲ ਝੱਲਦੇ ਹਨ ਪਰ ਉਹ ਕਿਸੇ ਕਿਸਮ ਦਾ ਸਮਝੌਤਾ ਨਹੀਂ ਕਰਦੇ। ਜੇਲ੍ਹ ਦੌਰਾਨ ਉਹ ਹਰ ਦੁੱਖ-ਸੁੱਖ ਨੂੰ ਸਮ ਕਰ ਜਾਨਣ ਵਾਲੇ, ਪਰਮਾਤਮਾ ਦੀ ਰਜ਼ਾ ਵਿਚ ਰਹਿਣ ਵਾਲੇ ਸਿੱਖ ਹਨ। ਉਹ ਸਰਬ ਲੋਹੀਏ ਸਿੱਖ ਹਨ ਜੋ ਆਪਣਾ ਪ੍ਰਸ਼ਾਦਾ ਵੀ ਆਪ ਸਜਾਉਂਦੇ ਹਨ। ਉਹ ਆਪਣੀ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦੇ ਹਨ ਪਰ ਆਪਣੇ ਸਿੱਖ ਸਿਧਾਂਤ ਸਿਦਕ ਨਾਲ ਨਿਭਾਉਂਦੇ ਹਨ। ਉਨ੍ਹਾਂ ਦੀ ਜੇਲ੍ਹ ਅਨੁਭਵਾਂ ਨਾਲ ਸਬੰਧਤ ਪੁਸਤਕ ‘ਜੇਲ੍ਹ ਚਿੱਠੀਆਂ’ ਵਿਚੋਂ ਸਮੁੱਚਾ ਬਿਰਤਾਂਤ ਇਹੋ ਦੱਸ ਪਾਉਂਦਾ ਹੈ ਕਿ ਭਾਈ ਰਣਧੀਰ ਸਿੰਘ ਸਿੱਖ ਦ੍ਰਿਸ਼ਟੀ ਵਾਲੀ ਸ਼ਖ਼ਸੀਅਤ ਹੈ। ਭਾਈ ਰਣਧੀਰ ਸਿੰਘ 4 ਅਕਤੂਬਰ 1930 ਨੂੰ ਲਾਹੌਰ ਸੈਂਟਰਲ ਜੇਲ੍ਹ ਤੋਂ ਰਿਹਾ ਹੋਣ ਤੋਂ ਲੈ ਕੇ 16 ਅਪਰੈਲ 1961 ਤੱਕ ਆਪਣਾ ਸਮੁੱਚਾ ਜੀਵਨ ਸਿੱਖ ਦ੍ਰਿਸ਼ਟੀ ਅਨੁਸਾਰ ਹੀ ਬਤੀਤ ਕਰਦੇ ਹਨ। ਉਹ ਸਿੱਖ ਧਰਮ ਦੀ ਬਹੁਤ ਸਨਮਾਨਿਤ ਸ਼ਖ਼ਸੀਅਤ ਹਨ।
ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਉਨ੍ਹਾਂ ਦਾ ਜਥਾ ਗ਼ਦਰ ਵਿਚ ਹਿੱਸਾ ਕਿਉਂ ਲੈਂਦਾ ਹੈ? ਇਸ ਤੱਥ ਦੀ ਜਾਣਕਾਰੀ ਬਹੁਤ ਜ਼ਰੂਰੀ ਹੈ। ਭਾਈ ਰਣਧੀਰ ਸਿੰਘ ਗ਼ਦਰ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਅੰਗਰੇਜ਼ਾਂ ਵੱਲੋਂ ਦਿੱਲੀ ਵਿਖੇ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਹੁਣ ਤੋਂ ਬਹੁਤ ਆਹਤ ਸਨ। ਹੋਰ ਸਿੱਖ ਸੰਗਤ ਅੰਦਰ ਵੀ ਇਸ ਬਾਰੇ ਬਹੁਤ ਗੁੱਸਾ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਪਿੰਡਾਂ ਵਿਚ ਕੀਰਤਨ ਕਰਦੇ ਅਤੇ ਬਾਅਦ ਵਿਚ ਗੁਰਦੁਆਰਾ ਰਕਾਬਗੰਜ ਦੀ ਢਾਹੀ ਹੋਈ ਦੀਵਾਰ ਵਿਰੁੱਧ ਮਤਾ ਪਾਸ ਕਰਵਾ ਕੇ ਸਰਕਾਰ ਨੂੰ ਭੇਜਦੇ ਸਨ। ਇਉਂ ਭਾਈ ਰਣਧੀਰ ਸਿੰਘ ਅਤੇ ਉਨ੍ਹਾਂ ਦਾ ਜਥਾ ਇਸ ਧਾਰਮਿਕ ਕ੍ਰੋਧ ਨਾਲ ਭਰੇ ਹੋਏ ਸਨ। ਇਸ ਤੱਥ ਸਬੰਧੀ ਭਾਈ ਰਣਧੀਰ ਸਿੰਘ ਦੇ ਕਰੀਬੀ ਅਤੇ ਸ਼ਰਧਾਲੂ ਸਿੱਖ ਜੋ ਆਪ ਵੀ ਜਥੇ ਵਿਚ ਸ਼ਾਮਲ ਸਨ ਤੇ ਜੇਲ੍ਹ ਕੱਟ ਕੇ ਆਏ ਸਨ, ਬਾਬਾ ਹਰਭਜਨ ਸਿੰਘ ਚਮਿੰਡਾ ਆਪਣੀ ਪੁਸਤਕ ‘ਲਹੂ ਭਿੰਨੀਆਂ ਯਾਦਾਂ ਅਤੇ ਸਵੈ-ਜੀਵਨੀ’ ਵਿਚ ਦੱਸਦੇ ਹਨ, “17 ਫਰਵਰੀ ਨੂੰ ਭੋਗ ਤੋਂ ਬਾਅਦ ਗੁਪਤ ਮੀਟਿੰਗ ਹੋਈ ਜਿਸ ਵਿਚ ਫਿਰੋਜ਼ਪੁਰ ਜਾਣ ਦਾ ਗੁਰਮਤਾ ਪੇਸ਼ ਹੋਇਆ ਤਾਂ ਭਾਈ ਸੁਰਜਨ ਸਿੰਘ ਨੇ ਮੁਖਾਲਫ਼ਤ ਕੀਤੀ ਤੇ ਕਿਹਾ ਕਿ ਖਾਲਸੇ ਨੂੰ ਰਾਜ ਕਾਜ ਨਾਲ ਕੀ, ਤੇ ਜਥਾ ਫਿਰੋਜ਼ਪੁਰ ਨਾ ਜਾਵੇ ਪਰ ਭਾਈ ਸਾਹਿਬ ਨੇ ਕਿਹਾ ਕਿ ਅਸੀਂ ਉਥੇ ਰਾਜ ਸਾਂਭਣ ਲਈ ਨਹੀਂ, ਸਗੋਂ ਜ਼ੁਲਮੀ ਰਾਜ ਨੂੰ ਉਲਟਾਉਣ ਤੇ ਗੋਰੇਸ਼ਾਹੀ ਨੂੰ ਖ਼ਤਮ ਕਰਨ ਲਈ ਜਾਣਾ ਹੈ ਜਿਸ ਨੇ ਕਿ ਸਾਡੇ ਗੁਰਧਾਮ ਰਕਾਬਗੰਜ ਦੀ ਕੰਧ ਢਾਹੀ ਹੈ। ਫਿਰ ਕੀ ਸੀ। ਕਿਸੇ ਨੇ ਵੀ ਵਿਰੋਧ ਨਾ ਕੀਤਾ ਤੇ ਫਿਰੋਜ਼ਪੁਰ ਜਾਣ ਦਾ ਮਤਾ ਪਾਸ ਹੋ ਗਿਆ ਤੇ ਸਭ ਸੱਜਣਾਂ ਨੂੰ 19 ਤਰੀਕ ਨੂੰ ਨਾਰੰਗਵਾਲ ਜਾਣ ਦੀ ਹਦਾਇਤ ਹੋ ਗਈ।” (ਮਲਵਿੰਦਰਜੀਤ ਸਿੰਘ ਵੜੈਚ (ਸੰਪਾਦਕ), ਹਰਭਜਨ ਸਿੰਘ ਚਮਿੰਡਾ ਦੀ ਲਹੂ ਭਿੰਨੀਆਂ ਯਾਦਾਂ ਅਤੇ ਸਵੈ-ਜੀਵਨੀ, ਸਫਾ 99) ਇਸ ਤੱਥ ਤੋਂ ਨਾ ਇਤਿਹਾਸ ਇਨਕਾਰੀ ਹੈ ਅਤੇ ਨਾ ਹੀ ਗ਼ਦਰ ਲਹਿਰ ਪਰ ਇਸ ਤੱਥ ਵਿਚ ਸਮਝਣ ਵਾਲੀ ਮਹੱਤਵਪੂਰਨ ਗੱਲ ‘ਗੁਰਧਾਮ ਦੀ ਕੰਧ ਢਾਹੁਣਾ’ ਹੈ ਜਿਸ ਉਤੇ ਸਾਰਾ ਜਥਾ ਇਕਮੱਤ ਹੋ ਗਿਆ। ਇਸ ਜਥੇ ਤੋਂ ਬਿਨਾਂ ਗ਼ਦਰ ਲਹਿਰ ਵਿਚ ਕਿਧਰੇ ਵੀ ਵੇਰਵਾ ਨਹੀਂ ਮਿਲਦਾ ਜਿਹੜਾ ਗ਼ਦਰ ਲਹਿਰ ਨੂੰ ਧਰਮ ਦੀ ਲਹਿਰ ਬਣਾਉਂਦਾ ਹੋਵੇ। ਇਹ ਵੇਰਵਾ ਵੀ ਭਾਈ ਸਾਹਿਬ ਦਾ ਆਪਣਾ ਅਤੇ ਉਨ੍ਹਾਂ ਦੇ ਜਥੇ ਦਾ ਹੈ। ਗ਼ਦਰ ਲਹਿਰ ਵਿਚ ਇਹ ਵੇਰਵਾ ਨਹੀਂ ਹੈ ਕਿ ਇਸ ਕਰ ਕੇ ਗ਼ਦਰ ਕਰਨਾ ਹੈ ਕਿ ਰਕਾਬਗੰਜ ਦੀ ਕੰਧ ਢਾਹੀ ਗਈ ਹੈ।
ਡਾæ ਹਰੀਸ਼ ਕੇæ ਪੁਰੀ ਨੇ ਵੀ ਭਾਈ ਰਣਧੀਰ ਸਿੰਘ ਵੱਲ ਸੰਕੇਤ ਕੀਤਾ ਹੈ, “ਰਣਧੀਰ ਸਿੰਘ ਨਾਰੰਗਵਾਲ ਜਿਸ ਨੇ ਗੁਰਦੁਆਰਾ ਰਕਾਬਗੰਜ ਦੇ ਮਸਲੇ ਉਤੇ ਅੰਦੋਲਨ ਦੀ ਅਗਵਾਈ ਕੀਤੀ ਸੀ, ਗ਼ਦਰ ਦੇ ਵਿਚਾਰ ਗ੍ਰਹਿਣ ਕਰਨ ਵਾਲਾ ਪੰਜਾਬ ਦੇ ਪੰਜਾਬੀਆਂ ਵਿਚੋਂ ਇਕੋ ਇਕ ਮਹੱਤਵਪੂਰਨ ਵਿਅਕਤੀ ਸੀ।” (ਹਰੀਸ਼ ਕੇ ਪੁਰੀ, ਗ਼ਦਰ ਲਹਿਰ: ਵਿਚਾਰਧਾਰਾ, ਜਥੇਬੰਦੀ, ਰਣਨੀਤੀ ਸਫਾ 144)
ਗ਼ਦਰ ਲਹਿਰ ਸਿਧਾਂਤਕ ਅਤੇ ਵਿਹਾਰਕ ਤੌਰ ‘ਤੇ ਭਾਰਤ ਤੋਂ ਬਾਹਰ ਵੀ ਜਥੇਬੰਦ ਹੋਈ ਸੀ। ਪੰਜਾਬ ਅੰਦਰੋਂ ਜਿਹੜੇ ਲੋਕ ਸਰਗਰਮ ਹੋਏ, ਉਨ੍ਹਾਂ ਵਿਚ ਢੁੱਡੀਕੇ ਸੈਂਟਰ, ਸੰਘਵਾਲ ਸੈਂਟਰ, ਸੁਰ ਸਿੰਘ ਵਾਲਾ ਅਤੇ ਕੁਝ ਹੋਰ ਮੁੱਖ ਥਾਂਵਾਂ ਸ਼ਾਮਲ ਹਨ। ਉਹ ਗ਼ਦਰ ਲਹਿਰ ਦੇ ਸਿਧਾਂਤਾਂ ਵਿਚ ਕਿੰਨੇ ਪਰਪੱਕ ਸਨ, ਉਨ੍ਹਾਂ ਦੇ ਕਿੰਨੇ ਕੁ ਗਿਆਤਾ ਸਨ, ਉਨ੍ਹਾਂ ਦਾ ਸੁਤੰਤਰ ਅਧਿਐਨ ਜ਼ਰੂਰ ਦਿਲਚਸਪ ਹੋਵੇਗਾ ਪਰ ਅਮਰੀਕਾ-ਕੈਨੇਡਾ ਤੇ ਹੋਰ ਥਾਂਵਾਂ ਉਤੇ ਸਰਗਰਮ ਗ਼ਦਰੀਏ ਗ਼ਦਰ ਪਾਰਟੀ ਦੇ ਸਿਧਾਂਤ, ਉਦੇਸ਼ਾਂ, ਨੀਤੀਆਂ ਅਤੇ ਕਾਰਜਵਿਧੀ ਤੋਂ ਕਾਫ਼ੀ ਸੁਚੇਤ ਸਨ। ਇਸ ਕਰ ਕੇ ਗ਼ਦਰ ਲਹਿਰ ਬਾਰੇ ਪ੍ਰਤੱਖ ਪ੍ਰਮਾਣ ਉਨ੍ਹਾਂ ਗ਼ਦਰੀਆਂ ਵਿਚੋਂ ਵਧੇਰੇ ਸਪੱਸ਼ਟ ਦਿਖਾਈ ਦਿੰਦੇ ਹਨ। ਇਨ੍ਹਾਂ ਪ੍ਰਮਾਣਾਂ ਵਿਚੋਂ ਧਰਮ-ਨਿਰਪੱਖ ਮਸਲੇ ਬਾਰੇ ਉਹ ਬਹੁਤ ਸੁਚੇਤ ਸਨ। ਬਾਬਾ ਸੋਹਣ ਸਿੰਘ ਭਕਨਾ ‘ਮੇਰੀ ਰਾਮ ਕਹਾਣੀ’ ਵਿਚ ਭਾਈ ਨਿਧਾਨ ਸਿੰਘ ਚੁੱਘਾ ਬਾਰੇ ਇਕ ਘਟਨਾ ਦਰਜ ਕਰਦੇ ਹਨ। “ਦੇਸ਼ ਭਗਤੀ ਦਾ ਚਾਓ ਸਿਰਫ਼ ਗੱਭਰੂਆਂ ਤੱਕ ਹੀ ਬਸ ਨਹੀਂ ਸੀ, ਸਗੋਂ ਬੁੱਢੇ ਗੱਭਰੂਆਂ ਨਾਲੋਂ ਵੀ ਵੱਧ ਚਾਓ ਨਾਲ ਕਰਦੇ ਰਹੇ ਸਨ। ਇਥੇ ਮੈਂ ਇਕ ਬੁੱਢੇ ਦੀ ਨਜ਼ੀਰ ਪੇਸ਼ ਕਰਦਾ ਹਾਂ ਜਿਨ੍ਹਾਂ ਦਾ ਨਾਂ ਨਿਧਾਨ ਸਿੰਘ (ਚੁੱਘਾ) ਸੀ। ਉਨ੍ਹਾਂ ਨੂੰ ਸਟਾਕਟਨ ਗੁਰਦੁਆਰਾ ਕਮੇਟੀ ਨੇ ਆਪਣਾ ਪ੍ਰਧਾਨ ਚੁਣਿਆ। ਇਹ ਅਹੁਦਾ ਧਾਰਮਿਕ ਖਿਆਲ ਨਾਲ ਸਿੱਖਾਂ ਵਿਚ ਬੜੇ ਉਚ ਪਾਏ ਦਾ ਗਿਣਿਆ ਜਾਂਦਾ ਹੈ ਪਰ ਉਸ ਬੁੱਢੇ ਦੇਸ਼ ਭਗਤ ਨੂੰ ਇਥੋਂ ਤੱਕ ਦੇਸ਼ ਪਰੇਮ ਦਾ ਨਸ਼ਾ ਸੀ ਕਿ ਉਸ ਨੇ ਇਹ ਕਹਿ ਕੇ ਪ੍ਰਧਾਨ ਬਣਨ ਤੋਂ ਸਿਰ ਫੇਰ ਦਿੱਤਾ ਕਿ ‘ਭਾਈ ਮੈਂ ਤਾਂ ਦੇਸ਼ ਦੀ ਆਜ਼ਾਦੀ ਲਈ ਕੰਮ ਕਰਨਾ ਹੈ, ਇਸ ਲਈ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਰ ਕੇ ਗੁਰਦੁਆਰਾ ਕਮੇਟੀ ਨੂੰ ਕੋਈ ਧੱਕਾ ਲੱਗੇ।” (ਸੋਹਣ ਸਿੰਘ ਭਕਨਾ, ਮੇਰੀ ਰਾਮ ਕਹਾਣੀ, ਸਫਾ 113)
ਭਾਈ ਨਿਧਾਨ ਸਿੰਘ ਚੁੱਘਾ ਨੂੰ ਅਜਮੇਰ ਸਿੰਘ ਬਹੁਤ ਸ਼ਰਧਾਵਾਨ ਸਿੱਖ ਦੇ ਰੂਪ ਵਿਚ ਪੇਸ਼ ਕਰਦਾ ਹੈ ਪਰ ਇਹ ਤੱਥ ਕੁਝ ਹੋਰ ਦਰਸਾ ਰਿਹਾ ਹੈ ਕਿ ਉਹ ਦੇਸ਼ ਦੀ ਆਜ਼ਾਦੀ ਨੂੰ ਪਹਿਲ ਦਿੰਦਾ ਹੈ ਅਤੇ ਗੁਰਦੁਆਰਾ ਕਮੇਟੀ ਦੀ ਪ੍ਰਧਾਨਗੀ ਨੂੰ ਅਸਵੀਕਾਰ ਕਰਦਾ ਹੈ। ਜੇ ਭਾਈ ਨਿਧਾਨ ਸਿੰਘ ਗ਼ਦਰ ਨੂੰ ਧਰਮ ਯੁੱਧ ਮੰਨ ਰਿਹਾ ਹੋਵੇ ਤਾਂ ਉਹ ਦੇਸ਼ ਦੀ ਆਜ਼ਾਦੀ ਅਤੇ ਗੁਰਦੁਆਰੇ ਦੇ ਕੰਮ ਨੂੰ ਇਕੋ ਜਿਹਾ ਸਮਝੇ। ਉਸ ਦਾ ਇਹ ਨਾ ਸਵੀਕਾਰਨਾ ਹੀ ਉਸ ਦੇ ਵਿਚਾਰਾਂ ਅਤੇ ਦ੍ਰਿਸ਼ਟੀ ਦਾ ਨਿਖੇੜਾ ਕਰਦਾ ਹੈ।
(ਚਲਦਾ)
Leave a Reply