ਦੁਨੀਆ ਭਰ ਵਿਚ ਨਾਨਕ-ਪ੍ਰਸਤ ਕਦ ਬੋਲਣਗੇ!

ਅਮਰੀਕਾ ਇਤਿਹਾਸਕ ਪਾਗਲਪਨ ਦੇ ਦੌਰ ਵਿਚ..!
ਸਵਰਾਜਬੀਰ
ਇਹ ਸਮਾਂ ਯੂਨਾਨੀ ਨਾਟਕਕਾਰਾਂ ਐਸਕਲਸ ਤੇ ਸੋਫਕਲੀਜ਼ ਤੋਂ ਲੈ ਕੇ ਸ਼ੇਕਸਪੀਅਰ, ਵਾਲਟ ਵਿਟਮੈਨ, ਲਿਓ ਟਾਲਸਟਾਏ, ਬਰਤੋਲਤ ਬਰੈਖ਼ਤ ਤੇ ਹੋਰਨਾਂ ਨੂੰ ਯਾਦ ਕਰਨ ਦਾ ਹੈ; ਉਨ੍ਹਾਂ ਸਭ ਨੂੰ ਜਿਨ੍ਹਾਂ ਨੇ ਜੰਗ ਤੇ ਅਮਨ ਬਾਰੇ ਲਿਖਿਆ, ਮਨੁੱਖਤਾ ਤੇ ਅਮਨ ਦੇ ਹੱਕ ਵਿਚ, ਜੰਗ ਦੇ ਵਿਰੁੱਧ।

ਇਨ੍ਹਾਂ ਸਮਿਆਂ ਵਿਚ ਹੀ ਇੰਗਲੈਂਡ ਦੇ ਨਾਵਲਕਾਰ ਜੌਹਨ ਲੇ ਕੈਰੇ (John Le Carre) ਦੀ ਯਾਦ ਆਉਂਦੀ ਹੈ ਜਿਸ ਨੇ ਇੰਗਲੈਂਡ ਦੀਆਂ ਖ਼ੁਫ਼ੀਆ ਏਜੰਸੀਆਂ ਐੱਮ.ਆਈ. ਫਾਈਵ, ਐੱਮ.ਆਈ. ਸਿਕਸ, ਅਮਰੀਕੀ ਖ਼ੁਫ਼ੀਆ ਏਜੰਸੀ ਸੀ.ਆਈ.ਏ, ਰੂਸੀ ਖ਼ੁਫ਼ੀਆ ਏਜੰਸੀ ਕੇ.ਜੀ.ਬੀ. ਅਤੇ ਦੁਨੀਆ ਦੇ ਸਮੁੱਚੀ ਖ਼ੁਫ਼ੀਆ ਤੰਤਰ ਬਾਰੇ ਨਾਵਲ ਲਿਖੇ। ਨਾਵਲ ਦੇ ਖੇਤਰ ਵਿਚ ਇਹ ਕਿਹਾ ਜਾਂਦਾ ਹੈ ਕਿ ਵੱਡਾ ਨਾਵਲਕਾਰ ਉਹ ਹੁੰਦਾ ਹੈ ਜੋ ਨਾਵਲਕਾਰੀ ਤੇ ਗਿਆਨ ਦੇ ਕਿਸੇ ਹੋਰ ਖੇਤਰ ਵਿਚਕਾਰਲੀ ਹੱਦਬੰਦੀ ਨੂੰ ਤੋੜਦਾ ਹੈ, ਜਿਵੇਂ ਟਾਲਸਟਾਏ ਨੇ ਨਾਵਲਕਾਰੀ ਤੇ ਇਤਿਹਾਸ ਵਿਚਕਾਰਲੀ ਹੱਦਬੰਦੀ ਨੂੰ ਤੋੜਿਆ, ਦਾਸਤੋਵਸਕੀ ਨੇ ਮਨੋਵਿਗਿਆਨ ਤੇ ਨਾਵਲਕਾਰੀ, ਯਾਂ ਪਾਲ ਸਾਰਤਰ ਨੇ ਫਲਸਫ਼ੇ ਤੇ ਨਾਵਲਕਾਰੀ, ਕੁਰਤ ਵੋਨਰਗੈਟ ਨੇ ਸਾਇੰਸ ਫਿਕਸ਼ਨ ਤੇ ਨਾਵਲਕਾਰੀ ਵਿਚਕਾਰਲੀਆਂ ਹੱਦਬੰਦੀਆਂ ਨੂੰ ਤੋੜਿਆ; ਗੁੰਟਰ ਗਰਾਸ ਤੇ ਗੈਬਰੀਅਲ ਗਾਰਸ਼ੀਆ ਮਾਰਖੇਜ਼ ਨੇ ਯਥਾਰਥ ਦੀਆਂ ਹੱਦਾਂ ਨੂੰ ਤੋੜਿਆ ਤੇ ਇਸ ਤਰ੍ਹਾਂ ਇਨ੍ਹਾਂ ਨਾਵਲਕਾਰਾਂ ਨੇ ਮਹਾਨ ਸਾਹਿਤ ਰਚਿਆ। ਜੌਹਨ ਲੇ ਕੈਰੇ ਨੇ ਖ਼ੁਫ਼ੀਆ ਨਾਵਲਕਾਰੀ ਤੇ ਸਾਹਿਤਕ ਨਾਵਲਕਾਰੀ ਵਿਚਲੀਆਂ ਹੱਦਾਂ ਨੂੰ ਤੋੜਿਆ। ਉਹ ਖ਼ੁਦ ਇੰਗਲੈਂਡ ਦੀਆਂ ਖ਼ੁਫ਼ੀਆ ਏਜੰਸੀਆਂ ਐੱਮ.ਆਈ. ਫਾਈਵ ਤੇ ਐੱਮ.ਆਈ. ਸਿਕਸ ਵਿਚ ਕੰਮ ਕਰਦਾ ਰਿਹਾ ਸੀ ਤੇ ਉਸ ਨੇ ‘ਏ ਪਰਫੈਕਟ ਸਪਾਈ’, ‘ਰਸ਼ੀਆ ਹਾਊਸ’, ‘ਦਿ ਸੀਕਰੇਟ ਪਿਲਗਰਿਮੇਜ’, ‘ਦਿ ਸਪਾਈ ਹੂ ਕੇਮ ਇਨ ਫਰੌਮ ਦਿ ਕੋਲਡ’ ਜਿਹੇ ਸ਼ਾਹਕਾਰ ਨਾਵਲ ਲਿਖੇ।
ਇਨ੍ਹਾਂ ਸਮਿਆਂ ਵਿਚ ਜੌਹਨ ਲੇ ਕੈਰੇ ਦੀ ਯਾਦ ਇਸ ਲਈ ਆ ਰਹੀ ਹੈ ਕਿ ਉਹ ਚੁੱਪ ਰਹਿਣ ਵਾਲਾ ਸਾਹਿਤਕਾਰ ਨਹੀਂ ਸੀ। ਉਹ ਦੁਨੀਆ ਵਿਚ ਤਾਕਤ ਦੇ ਸੰਤੁਲਨ ਦੇ ਸਿਧਾਂਤਾਂ, ਸਿਆਸੀ ਨੈਤਿਕਤਾ, ਰਾਜਨੀਤਕ ਅਮਲ ਦੀਆਂ ਸੀਮਾਵਾਂ, ਫ਼ੌਜੀ ਤਾਕਤ ਦੀ ਵਰਤੋਂ ਦੇ ਸਿੱਟਿਆਂ ਅਤੇ ਇਨ੍ਹਾਂ ਵਿਚਲੇ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ। ਅਮਰੀਕਾ ਦੇ ਇਰਾਕ ’ਤੇ ਕੀਤੇ ਹਮਲੇ ਬਾਰੇ ਉਸ ਦੇ 2003 ਵਿਚ ਲਿਖੇ ਸ਼ਬਦ ਇਲਹਾਮੀ ਹੋ ਨਿੱਬੜੇ ਹਨ। ਉਸ ਨੇ ਆਪਣੇ ਲੇਖ ‘ਅਮਰੀਕਾ ਪਾਗਲ ਹੋ ਗਿਆ ਹੈ (United States of America Has Gone Mad)’ ਵਿਚ ਲਿਖਿਆ, ‘ਅਮਰੀਕਾ ਇਤਿਹਾਸਕ ਪਾਗਲਪਣ ਦੇ ਦੌਰ ਵਿਚ ਦਾਖ਼ਲ ਹੋ ਗਿਆ ਹੈ… ਇਹ ਮੈਕਾਰਥੀਇਜ਼ਮ ਦੇ ਦੌਰ (ਜਦੋਂ ਅਮਰੀਕਾ ਵਿਚ ਖੱਬੇ ਪੱਖੀਆਂ ਨੂੰ ਨਿਸ਼ਾਨਾ ਬਣਾਇਆ ਗਿਆ) ਤੋਂ ਕਿਤੇ ਖ਼ਤਰਨਾਕ ਹੈ, ਤੇ ਕਿਤੇ ਖ਼ਤਰਨਾਕ ਹੈ ‘ਬੇਅ ਆਫ ਪਿਗਜ਼’ (ਜਦੋਂ ਅਮਰੀਕਾ ਨੇ 1961 ਵਿਚ ਕਿਊਬਾ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ) ਵਾਲੀ ਘਟਨਾ ਤੋਂ। ਲੰਮੇ ਸਮੇਂ ਦੇ ਦ੍ਰਿਸ਼ਟੀਕੋਣ ਤੋਂ ਦੇਖੀਏ ਤਾਂ ਇਹ ਦੌਰ ਵੀਅਤਨਾਮ ਜੰਗ ਨਾਲੋਂ ਕਿਤੇ ਜ਼ਿਆਦਾ ਬਿਪਤਾਜਨਕ ਹੋਣ ਦੀ ਸੰਭਾਵਨਾ ਰੱਖਦਾ ਹੈ।’
2003 ਵਿਚ ਅਮਰੀਕਾ, ਇੰਗਲੈਂਡ ਤੇ ਉਨ੍ਹਾਂ ਦੇ ਸਹਿਯੋਗੀ ਦੇਸ਼ਾਂ ਨੇ ਇਰਾਕ ’ਤੇ ਹਮਲਾ ਇਹ ਕਹਿੰਦਿਆਂ ਕੀਤਾ ਸੀ ਕਿ ਇਰਾਕ ਕੋਲ ਵੱਡੇ ਪੱਧਰ ’ਤੇ ਸਮੂਹਿਕ ਤਬਾਹੀ ਕਰਨ ਵਾਲੇ ਹਥਿਆਰ ਹਨ। ਅਮਰੀਕੀ ਫ਼ੌਜਾਂ ਨੇ ਇਰਾਕ ਨੂੰ ਤਬਾਹ ਕਰ ਦਿੱਤਾ, ਇਮਾਰਤਾਂ, ਹਸਪਤਾਲ, ਸਕੂਲ ਸਭ ਮਿੱਟੀ ਵਿਚ ਮਿਲਾ ਦਿੱਤੇ ਪਰ ਉਨ੍ਹਾਂ ਨੂੰ ਸਮੂਹਿਕ ਤਬਾਹੀ ਕਰਨ ਵਾਲੇ ਹਥਿਆਰ ਨਾ ਲੱਭੇ ਕਿਉਂਕਿ ਇਰਾਕ ਕੋਲ ਅਜਿਹੇ ਹਥਿਆਰ ਹੈ ਹੀ ਨਹੀਂ ਸਨ। ਵੱਖ ਵੱਖ ਅੰਦਾਜ਼ਿਆਂ ਅਨੁਸਾਰ 2003 ਤੋਂ 2011 ਤਕ ਚੱਲੀ ਇਸ ਜੰਗ ਵਿਚ 1.5 ਲੱਖ ਤੋਂ 6.5 ਲੱਖ ਲੋਕ ਮਾਰੇ ਗਏ, ਇਰਾਕ ਦਾ ਸਿਆਸੀ ਤੇ ਸਮਾਜਿਕ ਤਾਣਾ-ਬਾਣਾ/ਸ਼ੀਰਾਜ਼ਾ ਬਿਖਰ ਗਿਆ; ਸਿਆਸਤ ਦੇ ਨਕਸ਼ ਵਿਗੜ ਗਏ; ਮੁਲਕ ਤਬਾਹ ਹੋ ਗਿਆ। ਅਮਰੀਕਾ ਨੇ ਇਹੀ ਕਹਾਣੀ ਲਿਬੀਆ ਤੇ ਸੀਰੀਆ ਵਿਚ ਦੁਹਰਾਈ; ਚੰਗੇ ਭਲੇ ਵੱਸਦੇ ਦੇਸ਼ਾਂ ਦੀ ਸਿਆਸੀ ਤੋਰ ਲੀਹੋਂ ਲੱਥ ਗਈ, ਦੇਸ਼ ਖਾਨਾਜੰਗੀ ਦਾ ਸ਼ਿਕਾਰ ਹੋਏ, ਵੱਡੇ ਪੱਧਰ ’ਤੇ ਤਬਾਹੀ ਹੋਈ, ਹਜ਼ਾਰਾਂ ਜਾਨਾਂ ਗਈਆਂ। 2003 ਤੋਂ ਸ਼ੁਰੂ ਹੋਇਆ ਇਹ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ 2025 ਵਿਚ ਇਸ ਜਬਰ ਨੇ ਨਵੀਆਂ ਸਿਖ਼ਰਾਂ ਛੂਹੀਆਂ ਹਨ। ਗਾਜ਼ਾ ਵਿਚ 2023 ਤੋਂ ਹੋ ਰਹੀ ਨਸਲਕੁਸ਼ੀ ਅਤੇ ਹੁਣ ਅਮਰੀਕਾ ਤੇ ਇਜ਼ਰਾਈਲ ਦੇ ਇਰਾਨ ’ਤੇ ਹਮਲਿਆਂ ਨੇ ਕੌਮਾਂਤਰੀ ਕਾਨੂੰਨ ਤੇ ਨੈਤਿਕ ਵਿਧੀ-ਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।
ਜਦੋਂ ਜਬਰ ਹੋ ਰਿਹਾ ਹੋਵੇ ਤਾਂ ਉਸ ਦਾ ਵਿਰੋਧ ਹੁੰਦਾ ਹੈ। ਦੂਜੀ ਆਲਮੀ ਜੰਗ ਤੋਂ ਬਾਅਦ ਦੁਨੀਆ ਭਰ ਵਿਚ ਅਮਨ ਲਹਿਰ ਚੱਲੀ ਜਿਸ ਦੀ ਗੂੰਜ ਸਾਰੇ ਦੇਸ਼ ਤੇ ਪੰਜਾਬ ਵਿਚ ਵੀ ਸੁਣਾਈ ਦਿੱਤੀ। ਪੰਜਾਬ ਵਿਚ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਨੇ ਇਸ ਲਹਿਰ ਨੂੰ ਸਥਾਨਕ ਸਭਿਆਚਾਰਕ ਨਕਸ਼ ਦਿੱਤੇ। ਤੇਰਾ ਸਿੰਘ ਚੰਨ ਦੇ ਇਹ ਬੋਲ ‘ਕਾਗ ਸਮੇਂ ਦਾ ਬੋਲਿਆ ਅਮਨਾਂ ਦੀ ਬੋਲੀ’ ਪੰਜਾਬ ਵਿਚ ਅਮਨ ਲਹਿਰ ਦਾ ਪਛਾਣ-ਬੋਲ ਬਣ ਗਿਆ। ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ, ਜੋਗਿੰਦਰ ਬਾਹਰਲਾ, ਅਮਰਜੀਤ ਗੁਰਦਾਸਪੁਰੀ, ਸੁਰਿੰਦਰ ਕੌਰ, ਮੱਲ੍ਹ ਸਿੰਘ ਰਾਮਪੁਰੀ, ਹੁਕਮ ਚੰਦ ਖਲੀਲੀ, ਬਲਰਾਜ ਸਾਹਨੀ, ਨਿਰੰਜਨ ਸਿੰਘ ਮਾਨ, ਪ੍ਰੀਤ ਮਾਨ ਤੇ ਪੰਜਾਬ ਦੇ ਉੱਘੇ ਲੇਖਕ (ਜਿਵੇਂ ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ ਆਦਿ) ਤੇ ਕਲਾਕਾਰ ਅਮਨ ਲਹਿਰ ਦੇ ਬੁਲਾਰੇ ਬਣ ਕੇ ਉੱਭਰੇ। ਵੀਅਤਨਾਮ ਜੰਗ ਦੌਰਾਨ ਪੰਜਾਬ ਇਕਸੁਰ ਹੋ ਕੇ ਅਮਰੀਕਾ ਦੀਆਂ ਸਾਮਰਾਜੀ ਨੀਤੀਆਂ ਵਿਰੁੱਧ ਬੋਲਿਆ ਤੇ ‘ਤੇਰਾ ਨਾਮ, ਮੇਰਾ ਨਾਮ ਵੀਅਤਨਾਮ’ ਪੰਜਾਬ ਦੇ ਸਾਮਰਾਜ-ਵਿਰੋਧ ਦੇ ਪਛਾਣ-ਬੋਲ ਬਣੇ। ਇਹ ਉਹੀ ਸਮੇਂ ਸਨ ਜਦੋਂ ਅਮਰੀਕਾ ਕੋਰੀਆ, ਵੀਅਤਨਾਮ ਤੇ ਕਈ ਹੋਰ ਦੇਸ਼ਾਂ ਵਿਚ ਸਿੱਧਾ ਦਖ਼ਲ ਦੇ ਕੇ ਜੰਗਾਂ ਕਰਵਾ ਰਿਹਾ ਸੀ।
ਦੁਨੀਆ ਵਿਚ ਅਮਰੀਕਾ ਦੀਆਂ ਇਨ੍ਹਾਂ ਕਾਰਵਾਈਆਂ ਦੇ ਵਿਰੁੱਧ ਅਮਨ ਲਹਿਰ ਤਾਂ ਚੱਲੀ ਹੀ ਪਰ ਇੱਥੇ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਦੇਸ਼ ਸਮੂਹਿਕ ਰੂਪ ਵਿਚ ਕੀ ਸਟੈਂਡ ਲੈਂਦਾ ਹੈ। ਭਾਰਤ ਇੱਕ ਨਵਾਂ ਆਜ਼ਾਦ ਹੋਇਆ ਦੇਸ਼ ਸੀ, ਗ਼ਰੀਬੀ ਤੇ ਪੱਛੜੇਪਣ ਨਾਲ ਜੂਝਦਾ ਹੋਇਆ। ਇਸ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੀ ਜੋ ਬਹੁਤ ਸਾਰੇ ਖੱਬੇ ਪੱਖੀਆਂ ਦੀਆਂ ਨਜ਼ਰਾਂ ਵਿਚ ਭਾਰਤ ਦੀ ਬੁਰਜੁਆਈ ਦਾ ਪ੍ਰਤੀਨਿਧ ਤੇ ਉਨ੍ਹਾਂ ਦੀ ਸੇਵਾ ਕਰਨ ਵਾਲਾ ਸੀ ਅਤੇ ਸੱਜੇ ਪੱਖੀਆਂ ਦੀਆਂ ਨਜ਼ਰਾਂ ਵਿਚ ਭਾਰਤ ਨੂੰ ਸਮਾਜਵਾਦੀ ਰਾਹ-ਰਸਤੇ ’ਤੇ ਤੋਰਨ ਵਾਲਾ। ਨਹਿਰੂ ਨੇ ਦੁਨੀਆ ਵਿਚਲੇ ਤਾਕਤ ਦੇ ਤਵਾਜ਼ਨ ਨੂੰ ਦੇਖਦੇ ਹੋਏ ਉਸ ਸਮੇਂ ਦੀਆਂ ਵਿਸ਼ਵ ਸ਼ਕਤੀਆਂ ਅਮਰੀਕਾ ਤੇ ਸੋਵੀਅਤ ਯੂਨੀਅਨ ਤੋਂ ਬਰਾਬਰ ਦੂਰੀ ਰੱਖਣ ਦਾ ਰਸਤਾ ਅਪਣਾਇਆ ਤੇ ਦੁਨੀਆ ਵਿਚ ਗੁੱਟ-ਨਿਰਲੇਪ (Non-aligned) ਲਹਿਰ ਦਾ ਬਾਨੀ ਬਣਿਆ। ਇਸ ਲਹਿਰ ਦੇ ਹੋਰ ਪ੍ਰਮੁੱਖ ਆਗੂਆਂ ਵਿਚ ਘਾਨਾ ਦਾ ਰਾਸ਼ਟਰਪਤੀ ਕਵਾਮੇ ਅੰਕਰੂਮਾਹ (Kwome Nkrumah), ਯੂਗੋਸਲਾਵੀਆ ਦਾ ਰਾਸ਼ਟਰਪਤੀ ਜੋਸਿਫ ਟੀਟੋ ਤੇ ਮਿਸਰ ਦਾ ਰਾਸ਼ਟਰਪਤੀ ਜਮਾਲ ਅਬਦਲ ਨਾਸਿਰ ਸ਼ਾਮਿਲ ਸਨ। ਇਹ ਲਹਿਰ ਸਾਮਰਾਜਵਾਦ ਤੇ ਬਸਤੀਵਾਦ ਦਾ ਵਿਰੋਧ ਕਰਨ ਵਾਲੀ ਪ੍ਰਮੁੱਖ ਲਹਿਰ ਬਣੀ।
ਗੁੱਟ-ਨਿਰਲੇਪ ਲਹਿਰ ਦਾ ਆਗਾਜ਼ 1961 ਵਿਚ ਹੋਇਆ ਸੀ ਪਰ ਇਸ ਤੋਂ ਪਹਿਲਾਂ ਨਹਿਰੂ ਨੇ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਿਚਕਾਰ ਜੰਗ ਅਤੇ ਅਮਰੀਕਾ ਦੇ ਦਖ਼ਲ ਵਿਰੁੱਧ ਸਟੈਂਡ ਲਿਆ।
ਇਸ ਸਬੰਧ ਵਿਚ ਨਹਿਰੂ ਤੇ ਸੋਵੀਅਤ ਯੂਨੀਅਨ ਦੇ ਆਗੂ ਜੋਸੇਫ ਸਟਾਲਿਨ ਵਿਚਕਾਰ ਹੋਈ ਖ਼ਤੋ-ਕਿਤਾਬਤ ਮਹੱਤਵਪੂਰਨ ਹੈ। ਇਕ ਖ਼ਤ ਵਿਚ ਨਹਿਰੂ ਨੇ ਸਟਾਲਿਨ ਨੂੰ ਲਿਖਿਆ, ‘ਮੈਨੂੰ ਅਮਨ ਕਾਇਮ ਕਰਨ ਲਈ ਤੁਹਾਡੇ ਦ੍ਰਿੜ੍ਹ ਇਰਾਦੇ ’ਤੇ ਵਿਸ਼ਵਾਸ ਹੈ ਤੇ ਮੈਂ ਤੁਹਾਨੂੰ ਇਹ ਨਿੱਜੀ ਅਪੀਲ ਕਰਨ ਦਾ ਸਾਹਸ ਕਰਦਾ ਹਾਂ ਕਿ ਤੁਸੀਂ ਉਸ ਸਾਂਝੇ ਨਿਸ਼ਾਨੇ ਤੱਕ ਪਹੁੰਚਣ ਲਈ ਆਪਣੇ ਅਖਤਿਆਰਾਂ ਤੇ ਪ੍ਰਭਾਵ ਦਾ ਇਸਤੇਮਾਲ ਕਰੋ ਜਿਸ ’ਤੇ ਮਨੁੱਖਤਾ ਦਾ ਕਲਿਆਣ ਨਿਰਭਰ ਹੈ।’ ਸਟਾਲਿਨ ਨੇ ਜਵਾਬ ਦਿੱਤਾ, ‘ਮੈਂ ਅਮਨ ਲਈ ਤੁਹਾਡੀ ਪਹਿਲਕਦਮੀ ਦਾ ਸਵਾਗਤ ਕਰਦਾ ਹਾਂ। ਮੈਂ ਤੁਹਾਡੇ ਇਸ ਵਿਚਾਰ ਨਾਲ ਸਹਿਮਤ ਹਾਂ ਕਿ ਕੋਰੀਆ ਦੇ ਮਸਲੇ ਦਾ ਹੱਲ ਸੁਰੱਖਿਆ ਕੌਂਸਲ ਰਾਹੀਂ ਹੋਣਾ ਚਾਹੀਦਾ ਹੈ ਤੇ ਇਸ ਵਿਚ ਪੰਜੇ ਤਾਕਤਾਂ, ਜਿਨ੍ਹਾਂ ਵਿਚ ਪੀਪਲਜ਼ ਗੌਰਮਿੰਟ ਆਫ ਚਾਈਨਾ ਵੀ ਸ਼ਾਮਿਲ ਹੋਵੇ, ਨੂੰ ਇਸ ਕਾਰਜ ਵਿਚ ਸਹਾਈ ਹੋਣਾ ਚਾਹੀਦਾ ਹੈ।’ ਨਹਿਰੂ ਨੇ ਇਸ ਖ਼ਤ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਉਹ ਦੂਸਰੇ ਦੇਸ਼ਾਂ ਨਾਲ ਗੱਲਬਾਤ ਸ਼ੁਰੂ ਕਰ ਰਿਹਾ ਹੈ।
ਨਹਿਰੂ ਨੇ ਅਮਰੀਕਾ, ਚੀਨ, ਇੰਗਲੈਂਡ, ਕੈਨੇਡਾ ਤੇ ਹੋਰ ਦੇਸ਼ਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਤੇ ਭਾਰਤ ਦੇ ਸੰਯੁਕਤ ਰਾਸ਼ਟਰ ਤੇ ਸੰਯੁਕਤ ਰਾਸ਼ਟਰ ਤੋਂ ਬਾਹਰ ਕੀਤੇ ਗਏ ਯਤਨਾਂ ਨਾਲ ਇਸ ਜੰਗ ਵਿਚ 1953 ਵਿਚ ਜੰਗਬੰਦੀ ਕਰਾਉਣੀ ਸੰਭਵ ਹੋਈ। ਜੰਗ ਤੋਂ ਬਾਅਦ ਵੱਡਾ ਮਸਲਾ ਜੰਗੀ ਕੈਦੀਆਂ ਦਾ ਸੀ; ਭਾਰਤ ਨੂੰ ਉਸ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਜਿਸ ਨੇ ਜੰਗੀ ਕੈਦੀਆਂ ਨੂੰ ਆਪੋ-ਆਪਣੇ ਦੇਸ਼ ਪਹੁੰਚਾਉਣਾ ਸੀ; ਇਸ ਲਈ ਭਾਰਤ ਨੇ 6000 ਫ਼ੌਜੀ ਵੀ ਤਾਇਨਾਤ ਕੀਤੇ।
ਅਮਰੀਕਾ ਇਸ ਜੰਗ ਵਿਚ ਨਹਿਰੂ ਦੀ ਭੂਮਿਕਾ ਤੋਂ ਕਾਫ਼ੀ ਨਾਰਾਜ਼ ਸੀ। ਅਮਰੀਕੀ ਰਾਸ਼ਟਰਪਤੀ ਹੈਰੀ ਟਰੂਮੈਨ ਨੇ ਕਿਹਾ, ‘ਕੋਰੀਆ ਵਿਚ ਸਾਡਾ ਜੰਗ ਵਿਚ ਹਾਰਨ ਦਾ ਕਾਰਨ ਉਸ (ਨਹਿਰੂ) ਦਾ ਰਵੱਈਆ ਹੈ।’ ਇਸ ਦੇ ਬਾਵਜੂਦ ਅਮਰੀਕਾ ਨੇ ਕਈ ਵਾਰ ਭਾਰਤ ਨੂੰ ਵਿਚੋਲਗੀ ਕਰਨ ਲਈ ਕਿਹਾ। ਇਸ ਕਾਰਜ ਵਿਚ ਇੰਗਲੈਂਡ ਤੇ ਕੈਨੇਡਾ ਕਈ ਮੌਕਿਆਂ ’ਤੇ ਭਾਰਤ ਦੀਆਂ ਤਜਵੀਜ਼ਾਂ ਦੇ ਹੱਕ ਵਿਚ ਅਮਰੀਕਾ ਵਿਰੁੱਧ ਭੁਗਤੇ।
ਉਪਰੋਕਤ ਬਹਿਸ ਦਾ ਮੰਤਵ ਇਹ ਦਰਸਾਉਣਾ ਹੈ ਕਿ ਕੌਮਾਂਤਰੀ ਕਾਨੂੰਨ ਤੇ ਨੈਤਿਕਤਾ ਦੀ ਪੈਰਵੀ ਕਰਦੇ ਹੋਏ ਕੋਈ ਵੀ ਦੇਸ਼ ਦੁਨੀਆ ਵਿਚ ਹੋ ਰਹੀਆਂ ਜੰਗਾਂ ਸਮੇਂ ਜੰਗਬੰਦੀ ਤੇ ਅਮਨ ਕਾਇਮ ਕਰਾਉਣ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਜੋ ਨਹਿਰੂ ਦੀ ਕਿਆਦਤ ਵਿਚ ਭਾਰਤ ਨੇ 1950-1953 ਵਿਚ ਕੋਰੀਆ ਦੀ ਜੰਗ ਵਿਚ ਨਿਭਾਈ। ਇਸ ਤੋਂ ਬਾਅਦ ਵੀ ਭਾਰਤ ਕੌਮਾਂਤਰੀ ਮੰਚ ’ਤੇ ਵੀਅਤਨਾਮ, ਦੱਖਣੀ ਅਫਰੀਕਾ, ਫਲਸਤੀਨ ਤੇ ਬਸਤੀਵਾਦ ਤੇ ਸਾਮਰਾਜਵਾਦ ਦੁਆਰਾ ਲਿਤਾੜੇ ਜਾਂਦੇ ਦੇਸ਼ਾਂ ਦੇ ਹੱਕ ਵਿਚ ਖੜ੍ਹਦਾ ਰਿਹਾ। ਸਾਡੇ ਲਈ ਆਪਣੇ ਆਪ ਤੋਂ ਪੁੱਛਣ ਵਾਲਾ ਸਵਾਲ ਇਹ ਹੈ ਕਿ ਭਾਰਤ ਦੀ ਉਸ ਵਿਦੇਸ਼ ਨੀਤੀ ਦੇ ਨੈਤਿਕ ਪੱਧਰ ਤੇ ਰੁਤਬੇ ਦੀ ਅੱਜ ਕੀ ਸਥਿਤੀ ਹੈ।
ਅਫ਼ਸੋਸਨਾਕ ਤੱਥ ਇਹ ਹੈ ਕਿ ਭਾਰਤ ਨੇ ਕੌਮਾਂਤਰੀ ਮਸਲਿਆਂ ਵਿਚ ਨੈਤਿਕ ਪੈਂਤੜੇ ਲੈਣੇ ਛੱਡ ਦਿੱਤੇ ਹਨ। ਵੀਹਵੀਂ ਸਦੀ ’ਚ ਫ਼ਲਸਤੀਨ ਦੀ ਵੱਡੀ ਹਮਾਇਤ ਕਰਨ ਵਾਲੇ ਭਾਰਤ ਨੇ ਇਜ਼ਰਾਈਲ ਦੁਆਰਾ ਗਾਜ਼ਾ ਵਿਚ ਕੀਤੀ ਜਾ ਰਹੀ ਨਸਲਕੁਸ਼ੀ ਦਾ ਡਟ ਕੇ ਵਿਰੋਧ ਨਹੀਂ ਕੀਤਾ। ਭਾਰਤ ਦੀ ਪ੍ਰਮੁੱਖ ਸਿਆਸੀ ਪਾਰਟੀ ਭਾਰਤੀ ਜਨਤਾ ਪਾਰਟੀ ਇਸ ਸਬੰਧ ਵਿਚ ਖ਼ਾਮੋਸ਼ ਰਹੀ ਹੈ। ਹਕੀਕਤ ਇਹ ਹੈ ਕਿ ਭਾਰਤ ਇਜ਼ਰਾਈਲ ਦੀ ਜਾਬਰਾਨਾ ਹਕੂਮਤ ਦਾ ਨਜ਼ਦੀਕੀ ਅਤੇ ਹਮਾਇਤੀ ਹੈ। ਇਹ ਹੀ ਨਹੀਂ, ਭਾਰਤ ਨੇ ਅਮਰੀਕਾ ਦੇ ਇਰਾਨ, ਸੀਰੀਆ, ਲਿਬੀਆ ਤੇ ਹੋਰ ਦੇਸ਼ਾਂ ਵਿਚ ਕੀਤੇ ਗਏ ਅਣਮਨੁੱਖੀ ਕਾਰਿਆਂ ਦਾ ਵੀ ਡਟ ਕੇ ਵਿਰੋਧ ਨਹੀਂ ਕੀਤਾ। ਇਸ ਸਭ ਨੇ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਦੇ ਨਾਲ ਨਾਲ ਦੇਸ਼ ਦੇ ਲੋਕਾਂ ਦੀ ਵੱਡੀ ਗਿਣਤੀ ਨੂੰ ਮੁਸਲਿਮ-ਵਿਰੋਧ ਦੀ ਜ਼ਹਿਰੀਲੀ ਚਾਸ਼ਨੀ ਪਿਲਾ ਕੇ ਇੱਕ ਅਨੈਤਿਕ ਦਲਦਲ ਵਿਚ ਧੱਕ ਦਿੱਤਾ ਗਿਆ ਹੈ। ਭਾਰਤ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਾਉਣ ਦੇ ਦਾਅਵੇ ਕਰਦਾ ਹੈ। ਅਜਿਹੇ ਦਾਅਵੇ ਕਰਨ ਵਾਲੇ ਦੇਸ਼ ਨੂੰ ਵਿਸ਼ਵ ਮੰਚ ’ਤੇ ਉਹ ਨੈਤਿਕ ਪੈਂਤੜੇ ਲੈਣੇ ਚਾਹੀਦੇ ਹਨ ਜੋ ਮਨੁੱਖਤਾ ਦੇ ਹੱਕ ਵਿਚ ਤੇ ਜਬਰ-ਜ਼ੁਲਮ ਦੇ ਵਿਰੁੱਧ ਹੋਣ ਪਰ ਇਸ ਤਰ੍ਹਾਂ ਨਹੀਂ ਹੋ ਰਿਹਾ।
ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਵਿਸ਼ਵ ਦੇ ਸਿਆਸੀ ਮੰਚ ’ਤੇ ਭਾਰਤ ਏਨਾ ਬੇਵੱਸ, ਏਨਾ ਨਿਤਾਣਾ ਤੇ ਨੈਤਿਕਤਾ ਤੋਂ ਹੀਣਾ ਕਦੇ ਨਹੀਂ ਸੀ ਹੋਇਆ ਜਿੰਨਾ ਹੁਣ ਹੈ। ਇਸ ਖੋਖ਼ਲੇਪਣ ਤੇ ਬੇਵੱਸੀ ਨੂੰ ਛੁਪਾਉਣ ਲਈ ਕੇਂਦਰ ਵਿਚ ਸੱਤਾਧਾਰੀ ਪਾਰਟੀ ਦੇ ਆਗੂ ਸ਼ਬਦਾਂ ਦੀ ਮਾਇਆ-ਨਗਰੀ ਉਸਾਰਦੇ ਤੇ ਅੰਧ-ਰਾਸ਼ਟਰਵਾਦ ਦੇ ਵੱਡੇ-ਵੱਡੇ ਫੋਕੇ ਦਾਅਵੇ ਕਰਦੇ ਹਨ। ਇਕ ਹੋਰ ਇਤਫ਼ਾਕ ਇਹ ਹੈ ਕਿ ਇਸ ਸਮੇਂ ਦੇ ਦੁਨੀਆ ਦੇ ਪ੍ਰਮੁੱਖ ਆਗੂਆਂ ਡੋਨਲਡ ਟਰੰਪ, ਵਲਾਦੀਮੀਰ ਪੂਤਿਨ, ਨਰਿੰਦਰ ਮੋਦੀ, ਬੈਜਾਂਮਿਨ ਨੇਤਨਯਾਹੂ, ਜ਼ੈਲਿੰਸਕੀ ਆਦਿ ਦੇ ਸੋਚ-ਸੰਸਾਰ ਅਜੀਬ ਤਰ੍ਹਾਂ ਨਾਲ ਮਿਲਦੇ ਜੁਲਦੇ ਹਨ। 2017 ਵਿਚ ਜੌਹਨ ਲੇ ਕੈਰੇ ਨੇ ਕਿਹਾ ਸੀ ਕਿ ਅਮਰੀਕਾ ਵਿਚ ਡੋਨਲਡ ਟਰੰਪ ਦੀ ਚੜ੍ਹਤ ਤੇ 1930ਵਿਆਂ ਵਿਚ ਯੂਰੋਪ ਵਿਚ ਆਏ ਫਾਸ਼ੀਵਾਦੀ ਉਭਾਰ ਵਿਚ ਜ਼ਹਿਰੀਲੀ ਤਰ੍ਹਾਂ ਦੀ ਸਮਾਨਤਾ ਹੈ; ਨਸਲੀ ਨਫ਼ਰਤ ਨੂੰ ਉਭਾਰਨਾ, ਤੱਥਾਂ ਨੂੰ ਝੂਠੀਆਂ ਖ਼ਬਰਾਂ (ਫ਼ੇਕ ਨਿਊਜ਼) ਕਹਿਣਾ, ਸੰਵਿਧਾਨ ਤੇ ਕਾਨੂੰਨ ਦੀ ਪਰਵਾਹ ਨਾ ਕਰਨਾ, ਜੌਹਨ ਲੇ ਕੈਰੇ ਅਨੁਸਾਰ ਫਾਸ਼ੀਵਾਦ ਦੇ ਉਭਾਰ ਦੀਆਂ ਨਿਸ਼ਾਨੀਆਂ ਹਨ ਤੇ ਇਹ ਸਭ ਦੇਸ਼ਾਂ ਵਿਚ ਵਾਪਰ ਰਿਹਾ ਹੈ ਅਮਰੀਕਾ, ਇਜ਼ਰਾਈਲ, ਪੋਲੈਂਡ, ਹੰਗਰੀ, ਭਾਰਤ ਸਭ ਵਿਚ।
ਪੰਜਾਬ ਵਿਚ ਇਜ਼ਰਾਈਲ ਦੇ ਗਾਜ਼ਾ ’ਤੇ ਅਣਮਨੁੱਖੀ ਹਮਲਿਆਂ ਤੇ ਅਮਰੀਕਾ ਤੇ ਇਜ਼ਰਾਈਲ ਦੇ ਇਰਾਨ ’ਤੇ ਹਮਲਿਆਂ ਵਿਰੁੱਧ ਆਵਾਜ਼ਾਂ ਉੱਠੀਆਂ ਹਨ, ਖ਼ਾਸਕਰ ਖੱਬੇ ਪੱਖੀ ਧਿਰਾਂ ਵੱਲੋਂ; ਸਪੱਸ਼ਟ ਹੈ ਕਿ ਇਹ ਧਿਰਾਂ ਹੁਣ ਕਮਜ਼ੋਰ ਹਨ ਤੇ ਇਸ ਲਈ ਇਹ ਆਵਾਜ਼ਾਂ ਵੀ ਕਮਜ਼ੋਰ ਹਨ ਪਰ ਇਨ੍ਹਾਂ ਆਵਾਜ਼ਾਂ ਦੀ ਮਨੁੱਖੀ ਤੇ ਨੈਤਿਕ ਅਹਿਮੀਅਤ ਬਹੁਤ ਜ਼ਿਆਦਾ ਹੈ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਪੰਜਾਬ, ਜੋ ਨਾਨਕ-ਪ੍ਰਸਤਾਂ ਦੀ ਭੂਮੀ ਹੈ, ਤੋਂ ਇਨ੍ਹਾਂ ਜਾਬਰਾਨਾ ਹਮਲਿਆਂ ਵਿਰੁੱਧ ਇਕੱਠੀ ਤੇ ਸਮੂਹਿਕ ਆਵਾਜ਼ ਕਿਉਂ ਨਹੀਂ ਉੱਠੀ। ਕੀ ਨਾਨਕ-ਪ੍ਰਸਤ ਨਹੀਂ ਜਾਣਦੇ ਕਿ ਜੋ ਇਜ਼ਰਾਈਲ ਗਾਜ਼ਾ ਵਿਚ ਕਰ ਰਿਹਾ ਹੈ ਉਹ ਮਨੁੱਖਤਾ ਦਾ ਘਾਣ ਹੈ; ਗਾਜ਼ਾ ਵਿਚ ਹੋ ਰਿਹਾ ਜ਼ੁਲਮ ਬਾਬਰ ਦੇ ਹਿੰਦੋਸਤਾਨ ’ਤੇ ਕੀਤੇ ਜ਼ੁਲਮਾਂ ਤੋਂ ਕਿਤੇ ਜ਼ਿਆਦਾ ਹੈ; ਬਾਬਰ ਦੇ ਹਮਲੇ ਵਿਰੁੱਧ ਲਿਖਦਿਆਂ ਬਾਬਾ ਨਾਨਕ ਜੀ ਨੇ ਕਿਹਾ ਸੀ, ‘ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥’
ਹੁਣ ਤਾਂ ਮਾਰ ਪੈਣ ਦੀਆਂ ਹੱਦਾਂ ਹੀ ਟੁੱਟ ਗਈਆਂ ਹਨ। ਬੱਚੇ, ਔਰਤਾਂ, ਬੁੱਢੇ, ਜਵਾਨ, ਸਕੂਲ, ਹਸਪਤਾਲ, ਆਸਰਾ ਘਰ, ਸਭ ਇਜ਼ਰਾਈਲ ਦੇ ਹਮਲਿਆਂ ਦਾ ਸ਼ਿਕਾਰ ਹੋਏ ਹਨ; ਇਹ ਨਸਲਕੁਸ਼ੀ ਹੈ ਤੇ ਪੰਜਾਬ ਵਿਚ ਇਸ ਵਿਰੁੱਧ ਸਮੂਹਿਕ ਆਵਾਜ਼ ਦਾ ਨਾ ਹੋਣਾ, ਪੰਜਾਬ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ- ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ – ਦਾ ਅਜਿਹੀ ਨਸਲਕੁਸ਼ੀ ਦੇ ਵਿਰੁੱਧ ਨਾ ਬੋਲਣਾ ਪੰਜਾਬ ਦੀ ਲੋਕਾਈ ਦੀ ਸਮੂਹਿਕ ਖ਼ਾਮੋਸ਼ੀ ਦਾ ਪ੍ਰਤੀਕ ਹੈ। ਇਸ ਵਿਚ ਕਸੂਰ ਲੋਕਾਈ ਦਾ ਨਹੀਂ, ਸਾਡੇ ਸਿਆਸੀ ਆਗੂਆਂ ਤੇ ਦਾਨਿਸ਼ਵਰਾਂ ਦਾ ਹੈ।
ਇਹ ਸਾਡੀ ਸਮੂਹਿਕ ਅਸੰਵੇਦਨਸ਼ੀਲਤਾ ਦਾ ਪ੍ਰਤੀਕ ਵੀ ਹੈ ਅਤੇ ਸਮਾਜ ਵਿਚ ਪਸਰ ਰਹੀ ਅਨੈਤਿਕ ਦਲਦਲ ਦਾ ਵੀ। ਜ਼ਰੂਰਤ ਹੈ ਕਿ ਪੰਜਾਬ ਦੇ ਲੋਕ ਸਿਰਫ਼ ਆਪਣੇ ਆਪ ਤੱਕ ਮਹਿਦੂਦ ਨਾ ਰਹਿਣ ਸਗੋਂ ਦੁਨੀਆ ਵਿਚ ਹਰ ਥਾਂ ’ਤੇ ਹੋ ਰਹੇ ਅਨਿਆਂ ਵਿਰੁੱਧ ਆਵਾਜ਼ ਉਠਾਉਣ ਭਾਵੇਂ ਉਹ ਪੰਜਾਬ ਵਿਚ ਹੋਵੇ, ਮਨੀਪੁਰ ਜਾਂ ਗਾਜ਼ਾ ਵਿਚ। ਅਨਿਆਂ ਵਿਰੁੱਧ ਆਵਾਜ਼ ਉਠਾਉਣ ਨਾਲ ਹੀ ਕਿਸੇ ਕੌਮ ਦਾ ਸੱਚ ਤੇ ਸਿਦਕ ਕਾਇਮ ਹੁੰਦੇ ਹਨ। ਜੇ ਪੰਜਾਬੀ ਕੌਮ ਨੇ ਆਪਣੀ ਨਾਨਕ-ਵਿਰਾਸਤ ਨੂੰ ਕਾਇਮ ਰੱਖਣਾ ਹੈ ਤਾਂ ਉਸ ਨੂੰ ਪੰਜਾਬ ਤੇ ਪੰਜਾਬ ਤੋਂ ਬਾਹਰ ਹੋ ਰਹੇ ਹਰ ਅਨਿਆਂ ਵਿਰੁੱਧ ਪੈਂਤੜੇ ਲੈਣ ਦੀ ਜ਼ਰੂਰਤ ਹੈ। ਜ਼ਰੂਰਤ ਹੈ ਕਿ ਪੰਜਾਬ ਦੇ ਦਾਨਿਸ਼ਵਰ, ਸਿਆਸੀ ਆਗੂ, ਜਨਤਕ ਜਥੇਬੰਦੀਆਂ, ਕਿਰਤੀ ਤੇ ਹੋਰ ਵਰਗਾਂ ਦੇ ਲੋਕ ਅਮਰੀਕਾ ਤੇ ਉਸ ਦੇ ਹਮਾਇਤੀਆਂ ਵੱਲੋਂ ਕਾਰਪੋਰੇਟੀ ਨਿਜ਼ਾਮ ਹੇਠਾਂ ਬਣ-ਉਸਰ ਰਹੇ ਅਨੈਤਿਕ ਖਲਾਅ ਵਿਰੁੱਧ ਲਾਮਬੰਦ ਹੋਣ ਤੇ ਇਕੱਠੇ ਹੋ ਕੇ ਆਵਾਜ਼ ਉਠਾਉਣ। ਅਮਰੀਕਾ ਤੇ ਕਾਰਪੋਰੇਟ ਸੰਸਾਰ ਦੇ ‘ਇਤਿਹਾਸਕ ਪਾਗਲਪਣ’ ਦਾ ਵਿਰੋਧ ਕਰਨ ਲਈ ਸਭ ਲੋਕ-ਪੱਖੀ ਤਾਕਤਾਂ ਦਾ ਏਕਾ ਜ਼ਰੂਰੀ ਹੈ। ਭਾਵੇਂ ਇਰਾਨ ਤੇ ਇਜ਼ਰਾਈਲ ਵਿਚਕਾਰ ਜੰਗਬੰਦੀ ਹੋ ਗਈ ਹੈ ਪਰ ਇਹ ਖ਼ਤਰਨਾਕ ਦੌਰ ਦੀ ਤੋਰ ਦੀ ਤੇਜ਼ੀ ਵਿਚ ਅਜੇ ਕਮੀ ਨਹੀਂ ਆਈ।

ਐਮਰਜੈਂਸੀ ਵਿਰੋਧੀ ਅਕਾਲੀ ਮੋਰਚੇ ਦੀ ਅਸਲ ਕਹਾਣੀ
ਗੁਰਦਰਸ਼ਨ ਸਿੰਘ ਬਾਹੀਆ
ਐੱਸ.ਜੀ.ਪੀ.ਸੀ. ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮੁਲਕ ਵਿਚ ਐਮਰਜੈਂਸੀ ਲਾਏ ਜਾਣ ਦੀ ਖ਼ਬਰ 26 ਜੂਨ 1975 ਦੀ ਸਵੇਰ ਨੂੰ ਉਸ ਵੇਲੇ ਮਿਲੀ ਜਦੋਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰਿੰਸੀਪਲ ਭਰਪੂਰ ਸਿੰਘ ਦੇ ਘਰ ਨਾਸ਼ਤਾ ਕਰ ਰਹੇ ਸਨ। ਉਨ੍ਹਾਂ ਦੇ ਨਿੱਜੀ ਸਹਾਇਕ ਅਬਿਨਾਸ਼ੀ ਸਿੰਘ ਨੇ ਟੈਲੀਫੋਨ ਉੱਤੇ ਇਹ ਖ਼ਬਰ ਦਿੰਦਿਆਂ ਦੱਸਿਆ ਕਿ ਮੁਲਕ ਭਰ ਵਿਚ ਵਿਰੋਧੀ ਪਾਰਟੀਆਂ ਦੇ ਆਗੂਆਂ ਦੀਆਂ ਧੜਾ-ਧੜ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ, ਇਸ ਲਈ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਆ ਜਾਣਾ ਚਾਹੀਦਾ ਹੈ।
ਜਥੇਦਾਰ ਟੌਹੜਾ ਨਾਸ਼ਤਾ ਕਰ ਕੇ ਤੁਰੰਤ ਸ੍ਰੀ ਦਰਬਾਰ ਸਾਹਿਬ ਨੂੰ ਤੁਰ ਪਏ। ਜਦੋਂ ਉਹ ਭੰਡਾਰੀ ਪੁਲ ਉੱਤੋਂ ਦੀ ਲੰਘ ਰਹੇ ਸਨ ਤਾਂ ਪੀ.ਟੀ.ਆਈ. ਦੇ ਪੱਤਰਕਾਰ ਜੇ.ਐਨ. ਸ਼ਰਮਾ ਨੇ ਇਸ਼ਾਰਾ ਕਰ ਕੇ ਉਨ੍ਹਾਂ ਦੀ ਗੱਡੀ ਰੁਕਵਾ ਲਈ। ਐਮਰਜੈਂਸੀ ਉੱਤੇ ਆਪਣਾ ਪ੍ਰਤੀਕਰਮ ਦੇਣ ਲਈ ਪੁੱਛਣ ਉੱਤੇ, ਜਥੇਦਾਰ ਟੌਹੜਾ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਇਲਾਹਾਬਾਦ ਹਾਈ ਕੋਰਟ ਦਾ ਫ਼ੈਸਲਾ ਕਾਇਮ ਰੱਖੇ ਜਾਣ ਤੋਂ ਤੁਰੰਤ ਬਾਅਦ ਇੰਦਰਾ ਗਾਂਧੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ ਪਰ ਉਸ ਨੇ ਅਸਤੀਫ਼ਾ ਦੇਣ ਦੀ ਬਜਾਇ ਐਮਰਜੈਂਸੀ ਲਾ ਕੇ ਤਾਨਾਸ਼ਾਹਾਂ ਵਾਲਾ ਕੰਮ ਕੀਤਾ ਹੈ, ਇਸ ਦੇ ਨਤੀਜੇ ਬਹੁਤ ਬੁਰੇ ਹੋਣਗੇ, ਇਸ ਮੁਲਕ ਲਈ ਵੀ ਤੇ ਇੰਦਰਾ ਗਾਂਧੀ ਲਈ ਵੀ। ਦੂਜੇ ਦਿਨ ਅਖ਼ਬਾਰਾਂ ਵਿਚ ਅਕਾਲੀ ਆਗੂਆਂ ਵਿਚੋਂ ਸਿਰਫ਼ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਹੀ ਐਮਰਜੈਂਸੀ ਵਿਰੋਧੀ ਬਿਆਨ ਛਪਿਆ ਸੀ।
ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਜਥੇਦਾਰ ਟੌਹੜਾ ਨੇ ਆਪਣੇ ਸਟਾਫ਼ ਨਾਲ ਸਲਾਹ ਕਰ ਕੇ ਫ਼ੈਸਲਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਤਤਕਾਲੀਨ ਮੀਟਿੰਗ ਬੁਲਾਈ ਜਾਣੀ ਚਾਹੀਦੀ ਹੈ। ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਗਏ ਤਾਂ ਉੱਥੇ ਜਿੰਦਰਾ ਲੱਗਿਆ ਹੋਇਆ ਸੀ। ਜਿੰਦਰਾ ਤੋੜ ਕੇ ਵਰਕਿੰਗ ਕਮੇਟੀ ਮੈਂਬਰਾਂ ਦੇ ਨਾਂ-ਪਤੇ ਕੱਢੇ ਗਏ ਅਤੇ ਜਥੇਦਾਰ ਟੌਹੜਾ ਨੇ ਆਪਣੇ ਵੱਲੋਂ ਤਾਰਾਂ ਦੇ ਕੇ 29 ਜੂਨ ਨੂੰ ਐਮਰਜੈਂਸੀ ਨਾਲ ਉਤਪੰਨ ਹੋਈ ਸਥਿਤੀ ਉੱਤੇ ਵਿਚਾਰ ਕਰਨ ਲਈ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਲਈ।
29 ਜੂਨ ਦੀ ਇਹ ਮੀਟਿੰਗ ਬਹੁਤ ਭਰਵੀਂ ਹੋਈ। ਮੀਟਿੰਗ ਵਿਚ ਤਕਰੀਬਨ ਸਾਰੇ ਹੀ ਵਿਅਕਤੀਆਂ ਦਾ ਇਹੋ ਕਹਿਣਾ ਸੀ ਕਿ ਅਕਾਲੀ ਦਲ ਨੂੰ ਮੋਰਚਾ ਨਹੀਂ ਲਾਉਣਾ ਚਾਹੀਦਾ। ਭੁਪਿੰਦਰ ਸਿੰਘ ਮਾਨ ਨੇ ਤਾਂ ਇੱਥੋਂ ਤੱਕ ਕਿਹਾ, ‘ਸਾਡੀ ਦਸ਼ਾ ਤਾਂ ਇਹ ਐ ਬਈ ਅਸੀਂ ਖੂਹ ’ਚ ਛਾਲ ਮਾਰਨੀ ਐ। ਮਾਰਨੀ ਵੀ ਸਭ ਤੋਂ ਪਹਿਲਾਂ ਅਰ ਮਾਰਨੀ ਵੀ ਉਸ ਖੂਹ ’ਚ ਹੈ ਜਿਹੜਾ ਸਭ ਤੋਂ ਪਹਿਲਾਂ ਆਵੇ।’ ਉਨ੍ਹਾਂ ਕਿਹਾ ਕਿ ਜਦੋਂ ਕਿਸੇ ਅਕਾਲੀ ਆਗੂ ਨੂੰ ਗ੍ਰਿਫ਼ਤਾਰ ਹੀ ਨਹੀਂ ਕੀਤਾ ਗਿਆ ਤਾਂ ਅਕਾਲੀਆਂ ਨੂੰ ਕੀ ਲੋੜ ਹੈ ਮੋਰਚਾ ਲਾਉਣ ਦੀ। ਸਭ ਨੇ ਕਿਹਾ ਕਿ ਬਿਲਕੁਲ ਮੋਰਚੇ ਦੀ ਗੱਲ ਨਹੀਂ ਕਰਨੀ, ਹਾਂ ਜੇ ਗ੍ਰਿਫ਼ਤਾਰੀਆਂ ਹੁੰਦੀਆਂ ਹਨ ਤਾਂ ਕੋਈ ਉਜ਼ਰ ਨਹੀਂ ਕਰਨਾ। ਇਸ ਮੀਟਿੰਗ ਵਿਚ ਜਨ ਸੰਘ ਦੇ ਆਗੂ ਯੱਗ ਦੱਤ ਦੀ ਜਥੇਦਾਰ ਟੌਹੜਾ ਨੂੰ ਲਿਖੀ ਗਈ ਉਹ ਚਿੱਠੀ ਵੀ ਪੜ੍ਹ ਕੇ ਸੁਣਾਈ ਗਈ ਜਿਸ ਵਿਚ ਉਸ ਨੇ ਬੜੇ ਜਜ਼ਬਾਤੀ ਰੌਂਅ ਵਿਚ ਅਕਾਲੀਆਂ ਨੂੰ ਮੋਰਚਾ ਲਾਉਣ ਲਈ ਕਿਹਾ ਸੀ।
ਮੀਟਿੰਗ ਵਿਚ ਆਪੋ-ਆਪਣੀਆਂ ਸਲਾਹਾਂ ਦੇਣ ਤੋਂ ਬਾਅਦ ਸਾਰਿਆਂ ਨੇ ਅਕਾਲੀ ਦਲ ਦੇ ਪ੍ਰਧਾਨ ਮੋਹਨ ਸਿੰਘ ਤੁੜ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਅੰਤਿਮ ਫ਼ੈਸਲਾ ਕਰਨ ਦੇ ਅਧਿਕਾਰ ਦੇ ਦਿੱਤੇ। ਉਸੇ ਰਾਤ ਹੋਈ ਮੀਟਿੰਗ ਵਿਚ ਜਥੇਦਾਰ ਟੌਹੜਾ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਜਗਦੇਵ ਸਿੰਘ ਤਲਵੰਡੀ ਨੂੰ ਵੀ ਨਾਲ ਲੈ ਗਏ। ਮੀਟਿੰਗ ਵਿਚ ਸਭ ਤੋਂ ਪਹਿਲਾਂ ਜਦੋਂ ਜਥੇਦਾਰ ਟੌਹੜਾ ਦੀ ਰਾਇ ਪੁੱਛੀ ਗਈ ਤਾਂ ਉਨ੍ਹਾਂ ਕਿਹਾ, ‘ਮੈਂ ਤਾਂ ਸਿਰਫ਼ ਏਨਾ ਹੀ ਫ਼ਰਜ਼ ਨਿਭਾਇਆ ਹੈ ਕਿ ਤੁਹਾਡੀ ਗ਼ੈਰਹਾਜ਼ਰੀ ਵਿਚ ਪਾਰਟੀ ਵਰਕਿੰਗ ਕਮੇਟੀ ਦੀ ਮੀਟਿੰਗ ਬੁਲਾ ਦਿੱਤੀ ਹੈ। ਹੁਣ ਫ਼ੈਸਲਾ ਅਕਾਲੀ ਦਲ ਨੇ ਕਰਨਾ ਹੈ, ਮੈਂ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਉਸ ਦੀ ਪ੍ਰੋੜ੍ਹਤਾ ਕਰਨੀ ਹੈ। ਉਹ ਮੈਂ ਕਰਾਂਗਾ, ਜਿਹੜਾ ਵੀ ਫ਼ੈਸਲਾ ਤੁਸੀਂ ਕਰੋਗੇ।’ ਪਰ ਤਿੰਨੇ ਅਕਾਲੀ ਆਗੂ ਹੀ ਕਹਿਣ ਲੱਗੇ ਕਿ ਤੁਸੀਂ ਆਪਣੀ ਰਾਇ ਤਾਂ ਦਿਓ। ਜਥੇਦਾਰ ਟੌਹੜਾ ਨੇ ਪੁੱਛਿਆ ਕਿ ਤੁਸੀਂ ਮੋਰਚਾ ਲਾਉਣਾ ਚਾਹੁੰਦੇ ਹੋ? ਬਾਕੀਆਂ ਵੱਲੋਂ ਹਾਂ ਕਹਿਣ ਉੱਤੇ ਜਥੇਦਾਰ ਟੌਹੜਾ ਨੇ ਕਿਹਾ ਕਿ ਇਸ ਵਿਚ ਆਮ ਵਰਕਰਾਂ ਅਤੇ ਲੋਕਾਂ ਦੀ ਥਾਂ ਸਿਰਫ਼ 500-1000 ਚੋਣਵੇਂ ਆਗੂ ਹੀ ਗ੍ਰਿਫ਼ਤਾਰੀਆਂ ਦੇਣ ਕਿਉਂਕਿ ਐਮਰਜੈਂਸੀ ਲੰਮੀ ਵੀ ਚੱਲ ਸਕਦੀ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਅਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਆਪਾਂ ਨੂੰ ਜਨਤਕ ਮੋਰਚਾ ਲਾਉਣਾ ਚਾਹੀਦਾ ਹੈ।
ਜਨਤਕ ਮੋਰਚਾ ਲਾਉਣ ਦੇ ਫ਼ੈਸਲੇ ਤੋਂ ਬਾਅਦ ਪਹਿਲਾ ਜਥਾ ਲੈ ਕੇ ਜਾਣ ਬਾਰੇ ਚਰਚਾ ਦੌਰਾਨ ਜਥੇਦਾਰ ਟੌਹੜਾ ਨੇ ਬੀਰਦਵਿੰਦਰ ਸਿੰਘ ਦਾ ਨਾਂ ਸੁਝਾਇਆ ਪਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਜਥੇਦਾਰ ਜਗਦੇਵ ਸਿੰਘ ਤਲਵੰਡੀ ਤੋਂ ਬਿਨਾਂ ਆਪਾਂ ਤਿੰਨਾਂ ਨੂੰ ਹੀ ਪਹਿਲੇ ਜਥੇ ਵਿਚ ਜਾਣਾ ਚਾਹੀਦਾ ਹੈ। ਜਥੇਦਾਰ ਟੌਹੜਾ ਨੇ ਤਾਂ ਇਸ ਤਜਵੀਜ਼ ਦੀ ਹਾਮੀ ਭਰ ਦਿੱਤੀ ਪਰ ਜਥੇਦਾਰ ਤਲਵੰਡੀ ਕਹਿਣ ਲੱਗੇ ਕਿ ਉਹ ਇਕੱਲੇ ਬਾਹਰ ਰਹਿ ਕੇ ਮੋਰਚਾ ਨਹੀਂ ਚਲਾ ਸਕਣਗੇ। ਉਨ੍ਹਾਂ ਸ਼ਰਤ ਲਾ ਦਿੱਤੀ ਕਿ ਜੇ ਉਨ੍ਹਾਂ ਨੂੰ ਮੋਰਚਾ ਚਲਾਉਣ ਦੀ ਜ਼ਿੰਮੇਵਾਰੀ ਦੇਣੀ ਹੈ ਤਾਂ ਜਥੇਦਾਰ ਟੌਹੜਾ ਉਨ੍ਹਾਂ ਦੀ ਸਹਾਇਤਾ ਲਈ ਬਾਹਰ ਰਹਿਣ। ਆਖ਼ਰ ਇਹ ਫ਼ੈਸਲਾ ਹੋਇਆ ਕਿ 9 ਜੁਲਾਈ ਨੂੰ ਮੋਹਨ ਸਿੰਘ ਤੁੜ ਅਤੇ ਪ੍ਰਕਾਸ਼ ਸਿੰਘ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾ ਜਥਾ ਲੈ ਕੇ ਜਾਣਗੇ।
ਅਕਾਲੀ ਵਰਕਰਾਂ ਨੂੰ ਮੋਰਚੇ ਲਈ ਲਾਮਬੰਦ ਕਰਨ ਲਈ ਮੋਹਨ ਸਿੰਘ ਤੁੜ ਨੂੰ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਦਿੱਤੇ ਗਏ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਕਿਹਾ ਗਿਆ ਕਿ ਉਹ ਜਲੰਧਰ, ਲੁਧਿਆਣਾ, ਰੋਪੜ, ਪਟਿਆਲਾ ਅਤੇ ਸੰਗਰੂਰ ਦੇ ਵਰਕਰਾਂ ਨੂੰ ਪ੍ਰੇਰਿਤ ਕਰਨਗੇ। ਕਪੂਰਥਲਾ, ਫ਼ਰੀਦਕੋਟ, ਮੁਕਤਸਰ ਅਤੇ ਬਠਿੰਡਾ ਜ਼ਿ੍ਹਲਿਆਂ ਦੀ ਜ਼ਿੰਮੇਵਾਰੀ ਪ੍ਰਕਾਸ਼ ਸਿੰਘ ਬਾਦਲ ਨੇ ਲੈ ਲਈ। ਛੇ ਜੁਲਾਈ ਨੂੰ ਅਗਲੀ ਮੀਟਿੰਗ ਰੱਖ ਕੇ ਇਹ ਅਕਾਲੀ ਆਗੂ ਆਪੋ-ਆਪਣੇ ਇਲਾਕਿਆਂ ਨੂੰ ਤੁਰ ਗਏ।
ਜਥੇਦਾਰ ਗੁਰਚਰਨ ਸਿੰਘ ਟੌਹੜਾ ਜਦੋਂ 6 ਜੁਲਾਈ ਨੂੰ ਵਾਪਸ ਅੰਮ੍ਰਿਤਸਰ ਪਹੁੰਚੇ ਤਾਂ ਉਨ੍ਹਾਂ ਨੇ ਉੱਥੋਂ ਦੀਆਂ ਅਕਾਲੀ ਸਫ਼ਾਂ ਵਿਚ ਆਪਣੇ ਵਿਰੁੱਧ ਕੀਤਾ ਜਾ ਰਿਹਾ ਇਹ ਪ੍ਰਚਾਰ ਸੁਣਿਆ ਕਿ ਉਨ੍ਹਾਂ ਦਾ ਅੰਦਰ-ਖਾਤੇ ਇੰਦਰਾ ਗਾਂਧੀ ਨਾਲ ਕੋਈ ਸੌਦਾ ਹੋਇਆ ਹੈ, ਇਸੇ ਲਈ ਐਮਰਜੈਂਸੀ ਵਿਰੁੱਧ ਮੋਰਚਾ ਨਹੀਂ ਸੀ ਲੱਗਣ ਦੇਣਾ ਚਾਹੁੰਦਾ। ਜਥੇਦਾਰ ਟੌਹੜਾ ਵਿਰੁੱਧ ਇਹ ਪ੍ਰਚਾਰ ਮੋਹਨ ਸਿੰਘ ਤੁੜ ਅਤੇ ਪ੍ਰਕਾਸ਼ ਸਿੰਘ ਬਾਦਲ ਨਾਲ ਸਬੰਧਿਤ ਵਿਅਕਤੀ ਕਰ ਰਹੇ ਸਨ।
ਛੇ ਜੁਲਾਈ ਦੀ ਮੀਟਿੰਗ ਵਿਚ ਪ੍ਰਕਾਸ਼ ਸਿੰਘ ਬਾਦਲ ਤਾਂ ਆਏ ਹੀ ਨਹੀਂ। ਮੋਹਨ ਸਿੰਘ ਤੁੜ ਨੂੰ ਜਥੇਦਾਰ ਟੌਹੜਾ ਨੇ ਆਪਣੇ ਖ਼ਿਲਾਫ਼ ਕੀਤੇ ਜਾ ਰਹੇ ਭੰਡੀ ਪ੍ਰਚਾਰ ਸਬੰਧੀ ਬੜੇ ਸਖ਼ਤ ਲਹਿਜੇ ਵਿਚ ਪੁੱਛਿਆ ਤਾਂ ਪਹਿਲਾਂ ਤਾਂ ਉਹ ਮੁੱਕਰ ਹੀ ਗਏ। ਜਦੋਂ ਜਥੇਦਾਰ ਟੌਹੜਾ ਨੇ ਇੱਕ ਖ਼ਾਸ ਵਿਅਕਤੀ ਦਾ ਨਾਂ ਲੈ ਕੇ ਕਿਹਾ ਕਿ ਤੁਸੀਂ ਖ਼ੁਦ ਇਸ ਬੰਦੇ ਨੂੰ ਇਹ ਗੱਲਾਂ ਕਹੀਆਂ ਹਨ ਤਾਂ ਛਿੱਥੇ ਪੈ ਕੇ ਕਹਿਣ ਲੱਗੇ, ‘ਚੱਲੋ ਛੱਡੋ ਗੁੱਸੇ ਨੂੰ। ਮੈਂ ਅੱਜ ਆਪਣੇ ਅਕਾਲ ਤਖ਼ਤ ਸਾਹਿਬ ’ਤੇ ਜਿਹੜਾ ਦੀਵਾਨ ਲੱਗੂ, ਉਹਦੇ ’ਚ ਸਾਰੀ ਪੁਜ਼ੀਸ਼ਨ ਸਾਫ਼ ਕਰ ਦੇਣੀ ਐ।’ ਜਥੇਦਾਰ ਟੌਹੜਾ ਨੇ ਕਿਹਾ ਕਿ ਹੁਣ ਤਾਂ ਇਹ ਭੰਡੀ ਪ੍ਰਚਾਰ ਪੰਜ-ਦਸ ਬੰਦਿਆਂ ਤੱਕ ਹੀ ਸੀਮਤ ਹੈ, ਭਰੇ ਦੀਵਾਨ ਵਿਚ ਇਹ ਮਾਮਲਾ ਕੈ ਜਾਣ ਦਾ ਮਤਲਬ ਹੈ ਕਿ ਇਹ ਭੰਡੀ ਪ੍ਰਚਾਰ ਹਰ ਅਕਾਲੀ ਵਰਕਰ ਦੇ ਕੰਨਾਂ ਵਿਚ ਪਵੇ।
ਜਥੇਦਾਰ ਟੌਹੜਾ ਨੇ ਇਸ ਭੰਡੀ ਪ੍ਰਚਾਰ ਤੋਂ ਖ਼ਫ਼ਾ ਹੋ ਕੇ ਜਥੇਦਾਰ ਮੋਹਨ ਸਿੰਘ ਤੁੜ ਨੂੰ ਕਿਹਾ ਕਿ ਉਹ ਹੁਣ ਬਾਹਰ ਰਹਿਣ ਦੀ ਥਾਂ ਮੋਰਚੇ ਦੇ ਪਹਿਲੇ ਦਿਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬਜਾਇ ਪਟਿਆਲਾ ਕਚਹਿਰੀਆਂ ਵਿਚ ਆਪਣੇ ਜਥੇ ਸਮੇਤ ਗ੍ਰਿਫ਼ਤਾਰੀ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਮੋਰਚਾ ਧਾਰਮਿਕ ਮਾਮਲੇ ਦੀ ਥਾਂ ਨਿਰੋਲ ਰਾਜਸੀ ਮੁੱਦੇ ਉੱਤੇ ਲੱਗ ਰਿਹਾ ਹੈ, ਇਸ ਲਈ ਇਹ ਲਾਜ਼ਮੀ ਨਹੀਂ ਕਿ ਗ੍ਰਿਫ਼ਤਾਰੀ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਤੁਰਿਆ ਜਾਵੇ। ਜਥੇਦਾਰ ਟੌਹੜਾ ਨੇ ਇਹ ਵੀ ਕਿਹਾ ਕਿ ਜਿੰਨੇ ਵਰਕਰ ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਤੁੜ ਦੇ ਜਥਿਆਂ ਵਿਚ ਹੋਣਗੇ ਉਸ ਤੋਂ ਵੱਧ ਉਹ ਨਹੀਂ ਲੈ ਕੇ ਜਾਣਗੇ ਤਾਂ ਕਿ ਇਨ੍ਹਾਂ ਆਗੂਆਂ ਦੀ ਹੇਠੀ ਨਾ ਹੋਵੇ।
ਤੁੜ ਨੇ ਜਥੇਦਾਰ ਟੌਹੜਾ ਨੂੰ ਕਿਹਾ, ‘ਨਹੀਂ ਨਹੀਂ, ਤੂੰ ਠਹਿਰ। ਤੂੰ ਗੁੱਸਾ ਕਰ ਗਿਐ।’ ਉਨ੍ਹਾਂ ਕਿਹਾ, ‘ਗੁੱਸਾ ਤਾਂ ਕੁਦਰਤੀ ਐ। ਇਹ ਇਲਜ਼ਾਮ ਬੇਹੂਦਾ ਨੇ, ਜਿਸਦਾ ਕੋਈ ਮੂੰਹ-ਸਿਰ ਨਹੀਂ। ਜਿੰਦਰੇ ਤੋੜ ਕੇ ਮੀਟਿੰਗ ਤਾਂ ਮੈਂ ਬੁਲਾਈ ਐ। ਐਮਰਜੈਂਸੀ ਖ਼ਿਲਾਫ਼ ਬਿਆਨ ਥੋਡਾ ਕਿਸੇ ਦਾ ਅੱਜ ਤਾਈਂ ਨ੍ਹੀਂ ਆਇਆ। ਮੇਰੇ ’ਕੱਲੇ ਦਾ ਪ੍ਰਤੀਕਰਮ ਆਇਆ। ਤੁਸੀਂ ਪ੍ਰਚਾਰ ਇਹ ਕਰੋ ਕਿ ਮੈਂ ਇੰਦਰਾ ਨਾਲ ਰਲਿਆ ਹੋਇਆਂ। ਮੈਨੂੰ ਬੜਾ ਅਫ਼ਸੋਸ ਐ।’ ਜਥੇਦਾਰ ਟੌਹੜਾ ਜਦੋਂ ਆਪਣਾ ਇਹ ਫ਼ੈਸਲਾ ਸੁਣਾ ਕੇ ਪਟਿਆਲੇ ਨੂੰ ਤੁਰ ਆਏ ਤਾਂ ਉਸ ਪਿੱਛੋਂ ਪ੍ਰਕਾਸ਼ ਸਿੰਘ ਬਾਦਲ ਵੀ ਅੰਮ੍ਰਿਤਸਰ ਪਹੁੰਚ ਗਏ।
ਜਥੇਦਾਰ ਟੌਹੜਾ ਨੇ ਪਟਿਆਲੇ ਆ ਕੇ ਆਪਣੇ ਜਥੇ ਸਮੇਤ ਗ੍ਰਿਫ਼ਤਾਰੀ ਦੇਣ ਲਈ ਤਿਆਰੀ ਵਿੱਢ ਦਿੱਤੀ। ਜਥੇਦਾਰ ਤੁੜ ਅਤੇ ਜਗਦੇਵ ਸਿੰਘ ਤਲਵੰਡੀ ਦੇ ਦਸਤਖ਼ਤ ਹੇਠ ਜਥੇਦਾਰ ਟੌਹੜਾ ਨੂੰ ਲਿਖੀ ਗਈ ਚਿੱਠੀ 8 ਜੁਲਾਈ ਨੂੰ ਸਵੇਰੇ 5 ਵਜੇ ਹੀ ਇੱਕ ਖ਼ਾਸ ਏਲਚੀ ਰਾਹੀਂ ਉਨ੍ਹਾਂ ਨੂੰ ਦਿੱਤੀ ਗਈ। ਚਿੱਠੀ ਵਿਚ ਦੋਹਾਂ ਅਕਾਲੀ ਆਗੂਆਂ ਨੇ ਜਥੇਦਾਰ ਟੌਹੜਾ ਨੂੰ ਵੱਡਾ ਭਰਾ ਕਹਿੰਦਿਆਂ ਨਿਮਰਤਾ ਨਾਲ ਬੇਨਤੀ ਕੀਤੀ ਕਿ ਉਹ ਇੱਕ ਵਾਰੀ ਅੰਮ੍ਰਿਤਸਰ ਆ ਕੇ ਉਨ੍ਹਾਂ ਨੂੰ ਜ਼ਰੂਰ ਮਿਲਣ, ਫਿਰ ਭਾਵੇਂ ਗ੍ਰਿਫ਼ਤਾਰੀ ਪਟਿਆਲੇ ਤੋਂ ਹੀ ਦੇ ਦੇਣ। ਜਥੇਦਾਰ ਟੌਹੜਾ ਇਹ ਸੋਚ ਕੇ ਅੰਮ੍ਰਿਤਸਰ ਪਹੁੰਚ ਗਏ ਕਿ ਬਖੇੜਾ ਨਹੀਂ ਵਧਾਉਣਾ ਚਾਹੀਦਾ।
ਅਕਾਲੀ ਆਗੂਆਂ ਦੀ ਫਿਰ ਹੋਈ ਮੀਟਿੰਗ ਵਿਚ ਜਥੇਦਾਰ ਟੌਹੜਾ ਨੂੰ ਨਿਮਰਤਾ ਨਾਲ ਕਿਹਾ ਗਿਆ ਕਿ ਉਹ ਪਿਛਲੀਆਂ ਗੱਲਾਂ ਭੁੱਲ ਜਾਣ ਤੇ ਪਾਰਟੀ ਆਗੂਆਂ ਨਾਲ ਹੀ ਗ੍ਰਿਫ਼ਤਾਰੀ ਦੇਣ। ਉਨ੍ਹਾਂ ਇਹ ਗੱਲ ਮੰਨ ਲਈ। ਜਥੇਦਾਰ ਟੌਹੜਾ ਪੁੱਛਣ ਲੱਗੇ ਕਿ ਇਹ ਦੱਸੋ ਕਿ ਲੋਕਾਂ ਵਿਚ ਕਿੰਨਾ ਕੁ ਉਤਸ਼ਾਹ ਹੈ ਮੋਰਚੇ ਲਈ। ਸਾਰਿਆਂ ਨੇ ਹੀ ਕਿਹਾ ਕਿ ਉਤਸ਼ਾਹ ਤਾਂ ਕੋਈ ਹੈ ਨਹੀਂ। ਆਤਮਾ ਸਿੰਘ ਅਤੇ ਕਿਰਪਾਲ ਸਿੰਘ ਚੱਕ ਸ਼ੇਰੇਵਾਲਾ ਸਮੇਤ ਕਈ ਸੀਨੀਅਰ ਅਕਾਲੀ ਆਗੂ ਇਸ ਮੀਟਿੰਗ ਵਿਚ ਇਹ ਕਹਿਣ ਲਈ ਹੀ ਉਚੇਚੇ ਤੌਰ ਉੱਤੇ ਆਏ ਕਿ ਮੋਰਚਾ ਨਾ ਲਾਇਆ ਜਾਵੇ ਪਰ ਫ਼ੈਸਲਾ ਮੋਰਚਾ ਲਾਉਣ ਦਾ ਹੋ ਗਿਆ। ਫਿਰ ਵਿਚਾਰ ਹੋਣ ਲੱਗਿਆ ਕਿ ਪਹਿਲੇ ਜਥੇ ਵਿਚ ਕੌਣ-ਕੌਣ ਜਾਵੇ। ਪ੍ਰਕਾਸ਼ ਸਿੰਘ ਬਾਦਲ ਕਹਿਣ ਲੱਗੇ ਕਿ ਇੱਕ ਤਾਂ ਉਹ ਖ਼ੁਦ ਜਾਣਗੇ, ਦੂਜੇ ਜਥੇਦਾਰ ਗੁਰਚਰਨ ਸਿੰਘ ਟੌਹੜਾ, ਤੀਜੇ ਜਗਦੇਵ ਸਿੰਘ ਤਲਵੰਡੀ, ਚੌਥੇ ਆਤਮਾ ਸਿੰਘ ਤੇ ਜਦੋਂ ਉਹ ਪੰਜਵੇਂ ਦਾ ਨਾਂ ਲੈਣ ਲੱਗੇ ਤਾਂ ਜਥੇਦਾਰ ਟੌਹੜਾ ਕਹਿਣ ਲੱਗੇ, ‘ਚਾਰ ਨਾਂ ਤੁਸੀਂ ਦੇ ਦਿੱਤੇ ਹਨ, ਹੁਣ ਪੰਜਵਾਂ ਮੈਂ ਦੇਵਾਂਗਾ। ਉਹ ਹੈ ਬਸੰਤ ਸਿੰਘ ਖ਼ਾਲਸਾ ਕਿਉਂਕਿ ਕੋਈ ਦਲਿਤ ਸ਼੍ਰੇਣੀ ਵਿਚੋਂ ਵੀ ਚਾਹੀਦਾ ਹੈ।’ ਇਸ ਉੱਤੇ ਜਸਵਿੰਦਰ ਸਿੰਘ ਬਰਾੜ ਨੇ ਬਹੁਤ ਰੌਲਾ ਪਾਇਆ ਕਿ ਜਨਰਲ ਸਕੱਤਰ ਹੋਣ ਨਾਤੇ ਉਸ ਨੂੰ ਵੀ ਪਹਿਲੇ ਜਥੇ ਵਿਚ ਸ਼ਾਮਲ ਕੀਤਾ ਜਾਵੇ।
ਅਖੀਰ 9 ਜੁਲਾਈ 1975 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਐਮਰਜੈਂਸੀ ਵਿਰੋਧੀ ਮੋਰਚਾ ਸ਼ੁਰੂ ਹੋਇਆ। ਪਹਿਲੇ ਦਿਨ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੀਨੀਅਰ ਅਕਾਲੀ ਆਗੂ ਜਗਦੇਵ ਸਿੰਘ ਤਲਵੰਡੀ, ਆਤਮਾ ਸਿੰਘ ਅਤੇ ਬਸੰਤ ਸਿੰਘ ਖ਼ਾਲਸਾ ਨੇ ਗ੍ਰਿਫ਼ਤਾਰੀ ਦਿੱਤੀ। ਉਸੇ ਦਿਨ ਹੀ ਪ੍ਰੇਮ ਸਿੰਘ ਲਾਲਪੁਰਾ ਨੇ ਤਰਨ ਤਾਰਨ ਤੋਂ ਗ੍ਰਿਫ਼ਤਾਰੀ ਦਿੱਤੀ।
ਪੰਜਾਬੀ ਖ਼ਾਸ ਕਰ ਕੇ ਸਿੱਖ ਹਲਕਿਆਂ ਵਿਚ ਇਹ ਬਹਿਸ ਹਮੇਸ਼ਾ ਚੱਲਦੀ ਰਹੀ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਐਮਰਜੈਂਸੀ ਵਿਰੁੱਧ ਮੋਰਚਾ ਲਾਉਣਾ ਚਾਹੀਦਾ ਸੀ ਜਾਂ ਨਹੀਂ। ਕੇਂਦਰ ਸਰਕਾਰ ਖ਼ਾਸ ਕਰ ਕੇ ਸ੍ਰੀਮਤੀ ਇੰਦਰਾ ਗਾਂਧੀ ਨਾਲ ਟਕਰਾਅ ਦਾ ਅਸਲ ਮੁੱਢ ਇਸ ਮੋਰਚੇ ਨਾਲ ਹੀ ਬੱਝਿਆ ਸਮਝਿਆ ਜਾਂਦਾ ਹੈ, ਜਿਸ ਵਿਚੋਂ ਹੀ ਸ੍ਰੀ ਦਰਬਾਰ ਸਾਹਿਬ ਉੱਤੇ ਹੋਈ ਫ਼ੌਜੀ ਕਾਰਵਾਈ ਨਿਕਲੀ।
(ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਆਡੀਓ ਰਿਕਾਰਡਿੰਗ ਉੱਤੇ ਆਧਾਰਿਤ)

ਸੰਪਰਕ: 98789-50565