ਦੁਨੀਆ ਦੇ ਦਸ ਅਮੀਰਾਂ `ਚੋਂ ਨੌਂ ਹਨ ਅਮਰੀਕੀ

ਐਸ ਅਸ਼ੋਕ ਭੌਰਾ
ਫੋਨ: 510-415-3315
ਦੱਖਣੀ ਅਫਰੀਕਾ ਦੇ ਪ੍ਰੀਟੋਰੀਆ ‘ਚ 1971 ਨੂੰ ਜਨਮੇ ਮਸਕ ਦਾ ਬਚਪਨ ਦਰਮਿਆਨੇ ਬੱਚਿਆਂ ਵਰਗਾ ਹੀ ਸੀ ਪਰ ਉਸ ਨੇ 12 ਸਾਲ ਦੀ ਉਮਰ ਵਿਚ ਪਹਿਲਾ ਕੰਪਿਊਟਰ ਗੇਮ ਵਿਕਸਿਤ ਕਰ ਕੇ ਕਮਾਲ ਕਰ ਦਿੱਤਾ ਸੀ। ਹਾਲੇ ਕੱਲ੍ਹ ਦੀ ਗੱਲ ਹੈ ਕਿ ਦੁਨੀਆਂ ਦਾ ਇਹ ਅਮੀਰ ਵਿਅਕਤੀ ਪੈਨਸਲਵੇਨੀਆ ਤੋਂ 1997 ‘ਚ ਅਰਥ-ਸ਼ਾਸਤਰ ਤੇ ਭੌਤਿਕ ਵਿਗਿਆਨ ਦੀ ਡਿਗਰੀ ਲੈ ਕੇ ਫਿਰ ਸਟੈਨਫੋਰਟ ਪੜ੍ਹਿਆ। ਅਸਲ ‘ਚ ਅਮੀਰ ਲੋਕਾਂ ਦੀਆਂ ਕਈ ਗੱਲਾਂ ਸਾਂਝੀਆਂ ਤੇ ਦਿਲਚਸਪ ਵੀ ਹਨ।

ਇਨ੍ਹਾਂ ਅਰਬਪਤੀਆਂ ਨੇ ਸਖਤ ਮਿਹਨਤ, ਚੰਗੇ ਵਿਚਾਰਾਂ, ਨਿਮਰਤਾ, ਸਹਿਜਤਾ, ਸਿਆਣੇ ਵਿੱਤੀ ਸਲਾਹਕਾਰਾਂ ਨਾਲ ਮਿਲ ਕੇ ਤੇ ਸੁਚੇਤ ਹੋ ਕੇ ਯੋਜਨਾਬੰਦੀ ਕਰ ਕੇ ਹੀ ਉੱਚੀਆਂ ਪ੍ਰਾਪਤੀਆਂ ਕੀਤੀਆਂ ਹਨ।
ਐਲਨ ਮਸਕ ਕੋਲ ਇਸ ਵੇਲੇ 437 ਬਿਲੀਅਨ ਅਮਰੀਕੀ ਡਾਲਰ (ਇੱਕ ਬਿਲੀਅਨ ਡਾਲਰ ‘ਚ ਕਰੀਬ 8400 ਕਰੋੜ ਰੁਪਏ ਹੁੰਦੇ ਹਨ) ਦੀ ਜਾਇਦਾਦ ਹੈ। ਇਹ ਰਕਮ ਉਂਝ ਬੈਂਕਾਂ ‘ਚ ਨਹੀਂ ਪਈ ਹੁੰਦੀ। ਮੁੱਖ ਤੌਰ ‘ਤੇ ਨਿਵੇਸ਼ ਹੁੰਦੇ ਹਨ ਆਮ ਤੌਰ ‘ਤੇ ਸਭ ਵੱਡੀਆਂ ਵਪਾਰ ਕਰਨ ਵਾਲੀਆਂ ਕੰਪਨੀਆਂ ਦੇ, ਜਿਨ੍ਹਾਂ ਵਿਚ ਆਮ ਲੋਕ ਵੀ ਨਿਵੇਸ਼ ਕਰ ਸਕਦੇ ਹਨ। ਇਹ ਵੀ ਸੱਚ ਹੈ ਕਿ ਐਲਨ ਮਸਕ ਦੁਨੀਆਂ ਦੀਆਂ ਸਭ ਤੋਂ ਵਿਵਾਦਪੂਰਨ ਕਾਰੋਬਾਰੀ ਸ਼ਖ਼ਸੀਅਤਾਂ ‘ਚੋਂ ਇੱਕ ਹੈ ਪਰ ਵਿਵਾਦ ਦੇ ਘੇਰੇ ਵਿਚ ਉਸ ਦੀ ਦੌਲਤ ਕਦੇ ਨਹੀਂ ਆਈ। ਉਸ ਨੇ ‘ਟੇਸਲਾ’ ਨੂੰ ਇਲੈਕਟ੍ਰਾਨਿਕ ਵਾਹਨਾਂ ਵਿਚੋਂ ਬਾਜ਼ਾਰ ਵਿਚ ਮੋਹਰੀ ਬਣਾ ਦਿੱਤਾ ਹੈ ਤੇ 2002 ਵਿਚ ਸ਼ੁਰੂ ਕੀਤੀ ਸਪੇਸ-ਐਕਸ ਨਾਲ ਪੁਲਾੜ ਯਾਤਰਾ ਨੂੰ ਅੱਗੇ ਲਿਜਾ ਰਿਹਾ ਹੈ। ਰਾਜਨੀਤਕ ਤੌਰ `ਤੇ ਸਰਗਰਮ ਮਸਕ ਨੇ ਦਿਮਾਗੀ ਚਿੱਪ ਦਾ ਵਿਕਾਸ ਆਰੰਭਿਆ ਹੈ ਤੇ ਟਵਿੱਟਰ ਨੂੰ ਖਰੀਦ ਕੇ ਇਸ ਦਾ ਨਾਂ ਐਕਸ ਰੱਖਿਆ ਜੋ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵੱਡਾ ਤੇ ਭਰੋਸੇਯੋਗ ਨਾਂ ਬਣ ਗਿਆ ਹੈ। ਮਸਕ ਦੇ ਦੋ ਵਿਆਹ ਨੇ ਤੀਜੀ ਕੈਨੇਡੀਅਨ ਸੰਗੀਤਕਾਰ ਮਿੱਤਰ ਹੈ ਤੇ ਤਿੰਨ ਹੀ ਬੱਚੇ ਨੇ ਦੋ ਬੇਟੇ, ਇੱਕ ਬੇਟੀ।
ਦੁਨੀਆਂ ਦਾ ਦੂਜਾ ਅਮੀਰ ਆਦਮੀ ਜੈਫ ਬੇਜੋਸ ਹੈ ਜੋ ਦੁਨੀਆ ਭਰ ਵਿਚ ਵੱਡਾ ਕਾਰੋਬਾਰ ਕਰਨ ਵਾਲੀ ਐਮਾਜਾਨ ਕੰਪਨੀ ਦਾ ਮਾਲਕ ਤੇ ਸੰਸਥਾਪਕ ਹੈ। ਉਸ ਕੋਲ 243 ਬਿਲੀਅਨ ਡਾਲਰ ਦੀ ਜਾਇਦਾਦ ਹੈ। ਸਾਲ 2008-09 ’ਚ ਵਿਤੀ ਸੰਕਟ ਨਾਲ ਜੂਝਣ ਵਾਲਾ ਜੈਫ ਹੁਣ ਅਮੀਰਾਂ ‘ਚ ਦਾਖਲ ਹੈ ਤੇ ਐਮਾਜਾਨ ਨੇ ਵੈੱਬ ਸੇਵਾਵਾਂ ਲੋਜਿਸਟਿਕ ਤੇ ਸ਼ਿਪਿੰਗ ਦੇ ਨਾਲ ਹੋਰ ਵੱਡਾ ਵਿਸਥਾਰ ਕੀਤਾ ਹੈ। ਸਾਲ 2013 ਵਿਚ ਉਸਨੇ ਪ੍ਰਿੰਟ ਮੀਡੀਆ ‘ਚ ਸਥਾਪਿਤ ਨਾਂ ‘ਵਾਸ਼ਿੰਗਟਨ ਪੋਸਟ’ ਨੂੰ 250 ਮਿਲੀਅਨ ਡਾਲਰ ‘ਚ ਖਰੀਦਿਆ ਸੀ। ਉਹਦੀ ਇੱਕ ਕੰਪਨੀ ਏਰੋਸਪੇਸ ਹੈ ਜੋ ਪੁਲਾੜ ਵਾਹਨ ਯਾਤਰਾ ਦਾ ਵਪਾਰੀਕਰਨ ਕਰ ਰਹੀ ਹੈ। ਬੇਜੋਸ ਦਾਨੀ ਵੀ ਵੱਡਾ ਹੈ, ਸਾਲ 2020 ਵਿਚ ਉਸਨੇ 10 ਬਿਲੀਅਨ ਡਾਲਰ ਦਾਨ ਨਾਲ ਬੇਜੋਸ ਅਰਥ ਫੰਡ ਦੀ ਸਥਾਪਨਾ ਕਰਦਿਆਂ ਕਿਹਾ ਸੀ ਕਿ ਉਹ ਆਪਣੀ ਬਾਕੀ ਜਾਇਦਾਦ ਵੀ ਦਾਨ ਕਰ ਦੇਵੇਗਾ। 1964 ‘ਚ ਜਨਮੇ ਬੋਜੇਸ ਦੀ ਪਤਨੀ ਦਾ ਨਾਂ ਮਕੈਂਜੀ ਸਕਾਟ ਹੈ ਪਰ ਪਹਿਲੀ ਪਤਨੀ ਤੋਂ ਉਸਦੇ ਤਿੰਨ ਬੇਟੇ ਹਨ ਤੇ ਚੀਨੀ ਮੂਲ ਦੀ ਇੱਕ ਬੱਚੀ ਨੂੰ ਉਸਨੇ ਗੋਦ ਲਿਆ ਹੈ। ਅਮਰੀਕਾ ਦੇ ਚਾਰ ਸ਼ਹਿਰਾਂ ਵਿਚ ਉਸਦੇ ਨਿਵਾਸ ਹਨ।
214 ਬਿਲੀਅਨ ਡਾਲਰ ਜਾਇਦਾਦ ਨਾਲ ਮਾਰਕ ਜ਼ੁਕਰਬਰਗ ਦੁਨੀਆਂ ਦਾ ਤੀਜਾ ਅਮੀਰ ਵਿਅਕਤੀ ਹੈ। ਉਹ ਮੇਟਾ ਪਲੇਟਫਾਰਮ ਦਾ ਸੰਸਥਾਪਕ ਹੈ ਜਿਸ ਨੂੰ ਪਹਿਲਾਂ ‘ਫੇਸ ਬੁੱਕ’ ਵਜੋਂ ਜਾਣਿਆ ਜਾਂਦਾ ਸੀ। ਇਸ ਦਾ ਹੈੱਡ ਕੁਆਰਟਰ ਮੈਨਲੋ ਪਾਰਕ ਕੈਲੀਫੋਰਨੀਆ ’ਚ ਹੈ। ਜ਼ੁਕਰਬਰਗ ਨੇ ਫੇਸਬੁਕ ਦੀ ਸ਼ੁਰੂਆਤ ਹਾਅਵਰਡ ਵਿਖੇ ਆਪਣੇ ਡੋਰਮ ਰੂਮ ਤੋਂ ਕੁਝ ਮਿੱਤਰਾਂ ਦੋਸਤਾਂ ਨਾਲ ਇੱਕ ਸੁੱਖ-ਸੁਨੇਹੇ ਭੇਜਣ ਵਜੋਂ ਕੀਤੀ ਸੀ ਤੇ ਫਿਰ ਮਿਹਨਤ ਨਾਲ ਇਸ ਨੂੰ ਫੈਲਾਇਆ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਫੇਸ ਬੁੱਕ ਦੁਨੀਆ ਭਰ ਵਿਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਸਰੋਤ ਹੈ। ਮਈ 1984 ਵਿਚ ਨਿਊਯਾਰਕ ਜਨਮੇ ਜ਼ੁਕਰਬਰਗ ਦੇ ਤਿੰਨ ਬੱਚੇ ਹਨ ਤੇ ਉਸਦੀ ਪ੍ਰਿਸਕੀਲਾ ਚਨ ਪਤਨੀ ਹੈ। ਆਮ ਤੌਰ `ਤੇ ‘ਜ਼ੁੱਕ’ ਨਾਲ ਜਾਣਿਆ ਜਾਂਦਾ ਜ਼ੁਕਰਬਰਗ ਕੈਲੀਫੋਰਨੀਆ ਦੇ ਬੇ-ਏਰੀਏ `ਚ ਪੈਂਦੇ ਸ਼ਹਿਰ ਪਾਲੋ ਅਲਟੋ ‘ਚ ਵੱਸਦਾ ਹੈ।
ਸਾਫਟਵੇਅਰ ਕੰਪਨੀ ਓਰੇਕਿਲ ਦੇ ਸਹਿ-ਸੰਸਥਾਪਕ ਰਹੇ ਤੇ ਇੱਥੇ ਹੀ ਤਕਨਾਲੌਜੀ ਅਧਿਕਾਰੀ ਫਿਰ ਕਾਰਜਕਾਰੀ ਚੇਅਰਮੈਨ ਬਣ ਕੇ ਦਹਾਕਿਆਂ ਤੱਕ ਇਸ ਨੂੰ ਚਲਾਉਣ ਵਾਲਾ ਚੌਥਾ ਅਮੀਰ ਲੈਰੀ ਐਲੀਸਨ ਦੁਨੀਆ ਦੀ ਮਸ਼ਹੂਰ ਅਮਰੀਕੀ ਸੈਰਗਾਹ ਹਵਾਈ ਦੇ ਕਰੀਬ ਸਾਰੇ ਟਾਪੂਆਂ ਦਾ ਮਾਲਕ ਹੈ। ਉਸ ਕੋਲ 192 ਬਿਲੀਅਨ ਡਾਲਰ ਦੀ ਇਸ ਵੇਲੇ ਜਾਇਦਾਦ ਹੈ। ਕਰੀਬ 81 ਵਰਿ੍ਹਆਂ ਦਾ ਲੈਰੀ ਨਿਊਯਾਰਕ ਜਨਮਿਆ, ਸ਼ਿਕਾਗੋ ਪੜ੍ਹਿਆ ਤੇ ਉਸਨੇ ਚਾਰ ਵਿਆਹ ਕਰਵਾਏ ਪਰ ਸਿਰੇ ਕੋਈ ਵੀ ਨਹੀਂ ਚੜ੍ਹਿਆ।
52 ਸਾਲਾ ਲੈਰੀ ਪੇਜ ਲਾਂਸਿੰਗ, ਮਿਸ਼ੀਗਨ ‘ਚ ਜਨਮਿਆ ਤੇ ਇਸ ਵਕਤ 170 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਅਮੀਰਾਂ ‘ਚੋਂ ਪੰਜਵੇਂ ਨੰਬਰ ‘ਤੇ ਹੈ। ਉਹ ਗੂਗਲ ਦਾ ਸਹਿ-ਸੰਸਥਾਪਕ ਹੈ ਜਿਸ ਦਾ ਨਾਂ ਬਾਅਦ ਵਿਚ ਬਦਲ ਕੇ ਅਲਫਾਬੇਟ ਰੱਖਿਆ ਗਿਆ। ਲੈਰੀ ਨੇ 1997 ਤੋਂ 2001 ਅਤੇ 2011 ਤੋਂ 2019 ਤੱਕ ਕੰਪਨੀ ਦੀ ਅਗਵਾਈ ਕੀਤੀ। ਉਸ ਨੂੰ ਕੰਪਿਊਟਰ ਇੰਜੀਨੀਅਰ ਤੇ ਵਿਗਿਆਨੀ ਕਰ ਕੇ ਵੀ ਜਾਣਿਆ ਜਾਂਦਾ ਹੈ। ਯੂਨੀਵਰਸਿਟੀ ਆਫ ਮਿਸ਼ੀਗਨ ਤੋਂ ਪੜ੍ਹੇ ਲੈਰੀ ਪੇਜ ਦੇ ਦੋ ਬੱਚੇ ਹਨ ਤੇ ਲੁਸੀਂਡਾ ਸਾਊਥ ਵਰਥ ਉਸ ਦੀ ਪਤਨੀ ਹੈ।
ਫਰਾਂਸ ਦੀ ਲੂਇਸ ਵਿਟਨ ਮੋਇਟ ਹੈਂਸੀ (ਐਲ ਵੀ ਐਮ ਐਚ) ਮਲਟੀ ਨੈਸ਼ਨਲ ਲਗਜ਼ਰੀ ਗੁਡ ਕੰਪਨੀ ਹੈ ਤੇ ਇਸ ਦੇ ਲੱਖਾਂ ਲੋਕ ਦਿਵਾਨੇ ਹਨ। ਇਸ ਕੰਪਨੀ ਨੇ ਕ੍ਰਿਸਚੀਅਨ ਡਾਇਰ, ਲੂਈਸ, ਵਿਟਨ ਤੇ ਹੈਂਸੀ ਵਰਗੇ ਕਈ ਫ੍ਰੈਂਚ ਫੈਸ਼ਨ ਬਰਾਂਡ ਨੂੰ ਹਾਸਲ ਕੀਤਾ ਹੈ। ਦੁਨੀਆਂ ਦੇ ਅਮੀਰਾਂ ‘ਚ 181 ਬਿਲੀਅਨ ਡਾਲਰ ਜਾਇਦਾਦ ਦੇ ਮਾਲਕ ਬਰਨਾਡ ਅਰਨੋਲਟ ਇਸ ਕੰਪਨੀ ਦਾ ਜਨਮ ਦਾਤਾ ਹੈ। ਇਸ ਲਗਜ਼ਰੀ ਸਮੂਹ ਨੇ ਹਾਲ ਹੀ ਵਿਚ ਟਿਫਨੀ ਨੂੰ ਹਾਸਲ ਕੀਤਾ ਹੈ ਤੇ ਮਾਰਕੀਟ ਪੂੰਜੀਕਰਨ ਦੇ ਮਾਮਲੇ ਵਿਚ ਇਹ ਯੂਰਪ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ‘ਚੋਂ ਇੱਕ ਹੈ। ਦੁਨੀਆਂ ਦਾ 76 ਵਰਿ੍ਹਆਂ ਦਾ ਇਹ ਅਮੀਰ ਪੈਰਿਸ ਵੱਸਦਾ ਹੈ।
ਕੈਲੀਫੋਰਨੀਆ ਦੀ ਸਿਲੀਕਾਨ ਵੈਲੀ ਦੇ ਇੱਕ ਗਿਰਾਜ ਵਿਚ ਗੂਗਲ ਨੂੰ ਵਿਕਸਿਤ ਕਰਨ ਵਾਲਿਆਂ ਵਿਚ ਸ਼ਾਮਿਲ ਸੀ ਸਰਗੇਈ ਬ੍ਰਿਨ ਜੋ ਇਸ ਵੇਲੇ 160 ਬਿਲੀਅਨ ਡਾਲਰ ਅਮਰੀਕੀ ਡਾਲਰ ਦੀ ਜਾਇਦਾਦ ਦਾ ਮਾਲਕ ਹੈ, ਦੁਨੀਆਂ ਦੇ ਅਮੀਰਾਂ ‘ਚੋਂ 7ਵੇਂ ਨੰਬਰ ‘ਤੇ ਹੈ। ਬ੍ਰਿਨ ਤੇ ਲੈਰੀ ਪੇਜ ਸ਼ਾਬਦਿਕ ਤੌਰ ‘ਤੇ ਗੂਗਲ ਨੂੰ ਵਿਕਸਿਤ ਕਰਨ ਵਾਲੇ ਪਹਿਲਿਆਂ ‘ਚੋਂ ਦੋ ਖਾਸ ਨਾਂ ਹਨ। ਕਰੀਬ 51 ਵਰਿ੍ਹਆਂ ਦਾ ਬ੍ਰਿਨ ਮਾਸਕੋ ‘ਚ ਜੰਮਿਆ ਤੇ ਉਸਨੇ ਸਟੈਨਫੋਰਟ ਤੇ ਮੈਰੀਲੈਂਡ ਯੂਨੀਵਰਸਿਟੀ ਤੋਂ ਸਿੱਖਿਆ ਪ੍ਰਾਪਤ ਕੀਤੀ ਤੇ ਇਸ ਵੇਲੇ ਉਸ ਕੋਲ ਅਮਰੀਕਾ ਤੇ ਰੂਸ ਦੀ ਦੋਹਰੀ ਨਾਗਰਿਕਤਾ ਹੈ।
ਨੰਬਰ ਭਾਵੇਂ ਅੱਗੇ ਪਿੱਛੇ ਹੁੰਦੇ ਰਹੇ ਹੋਣ ਪਰ ਮਾਈਕਰੋਸਾਫਟ ਦਾ ਬਾਨੀ ਬਿਲ ਗੇਟਸ ਰਿਹਾ ਹਮੇਸ਼ਾ ਦੁਨੀਆਂ ਦੇ ਅਮੀਰਾਂ ਦੀ ਗਿਣਤੀ ‘ਚ ਹੈ। ਇਸ ਸਮੇਂ ਭਾਵੇਂ ਉਹ ਅੱਠਵੇਂ ਸਥਾਨ `ਤੇ ਚਲੇ ਗਿਆ ਹੈ ਪਰ 70 ਵਰਿ੍ਹਆਂ ਦੇ ਬਿਲ ਗੇਟਸ ਦੀ ਸੋਫਟਵੇਅਰ ਕੰਪਨੀ ਦਾ ਵਿਕਾਸ ਲਗਾਤਾਰ ਫੈਲਦਾ ਰਿਹਾ ਹੈ। 158 ਬਿਲੀਅਨ ਡਾਲਰ ਜਾਇਦਾਦ ਦੇ ਮਾਲਕ ਗੇਟਸ ਆਪਣੇ ਪਰਉਪਕਾਰੀ ਸੁਭਾਅ ਕਰਕੇ ਵੀ ਜਾਣੇ ਜਾਂਦੇ ਹਨ ‘ਬਿਲ ਐਂਡ ਮੈਲਿੰਡਾ ਗੇਟਸ’ ਫਾਊਂਡੇਸ਼ਨ ਅਧੀਨ ਉਸ ਨੇ ਬਹੁਤ ਚੈਰੀਟੇਬਲ ਕਾਰਜ ਕੀਤੇ ਹਨ।
ਦੁਨੀਆਂ ਦੇ ਅਮੀਰਾਂ ‘ਚੋਂ ਨੌਵਾਂ ਸਥਾਨ ਹੈ ਸਟੀਵ ਬਾਲਮਰ ਦਾ, ਜਿਸ ਕੋਲ 147 ਬਿਲੀਅਨ ਡਾਲਰ ਦੀ ਜਾਇਦਾਦ ਤੇ ਕਿਸਮਤ ਹੈ। ਇਹ ਮਾਈਕਰੋਸਾਫਟ ਰਾਹੀਂ ਹੀ ਬਣਾਈ ਹੈ ਤੇ ਸਟੀਵ ਨੇ 2000 ਤੋਂ 2014 ਤੱਕ ਕੰਪਨੀ ਦੀ ਅਗਵਾਈ ਕੀਤੀ। ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੀ ਇੱਕ ਪ੍ਰੋ ਬਾਸਕਟਬਾਲ ਫਰੈਂਚਆਈਜ਼ ਲਾਸ ਏਂਜਲਸ ਕਲਿਪਰ ਨੂੰ ਖਰੀਦਣ ਵਾਲਿਆਂ ‘ਚੋਂ ਮੁੱਖ ਸਹਿਯੋਗੀ ਸਟੀਵ ਬਾਲਮ ਰਹੀ ਸੀ। ਡੈਟਰੋਇਟ,ਮਿਸ਼ੀਗਨ ਵਸਦਾ ਬਾਲਮਰ ਭਾਵੇਂ ਅਮੀਰਾਂ ਦੀ ਗਿਣਤੀ ‘ਚ ਨੌਵੇਂ ਸਥਾਨ ‘ਤੇ ਹੋਵੇ ਪਰ ਆਪਣੇ ਸਾਢੇ ਛੇ ਫੁੱਟ ਲੰਬੇ ਕੱਦ ਨਾਲ ਇਨ੍ਹਾਂ ‘ਚੋਂ ਨੰਬਰ ਇੱਕ ‘ਤੇ ਵੀ ਹੈ।
ਵਾਰਨ ਬਫਿਟ ਦਾ ਦੁਨੀਆਂ ਦੇ ਅਮੀਰਾਂ ‘ਚ ਦਸਵਾਂ ਸਥਾਨ ਹੈ। ਵਾਰਨ ਆਪਣੀ ਭਵਿੱਖਬਾਣੀ ਨਿਵੇਸ਼ ਸੂਝ-ਬੂਝ ਲਈ ਲੰਬੇ ਅਰਸੇ ਤੋਂ ਉਮਾਹਾ ਤੇ ਓਰੀਕਲ ਵਜੋਂ ਜਾਣਿਆ ਜਾਂਦਾ ਹੈ। 142 ਬਿਲੀਅਨ ਡਾਲਰ ਜਾਇਦਾਦ ਦਾ ਮਾਲਕ ਪਿਛਲੇ 60 ਸਾਲਾਂ ਤੋਂ ਬਰਕਸ਼ਾਇਰ ਹੈਥਵੇਅ, ਉਸ ਨਿਵੇਸ਼ ਸਮੂਹ ਦਾ ਮੁਖੀ ਹੈ, ਜਿਸ ਦੀ ਅਨੇਕਾਂ ਅਮਰੀਕਨ ਕਾਰੋਬਾਰਾਂ ’ਚ ਵੱਡੀ ਹਿੱਸੇਦਾਰੀ ਹੈ ਤੇ ਇਹਦੇ ‘ਚ ਐਪਲ, ਕੋਕਾ-ਕੋਲਾ ਸਮੇਤ ਅਨੇਕਾਂ ਸ਼ਾਮਿਲ ਹਨ। ਵਾਰਨ ਦੀ ਕੰਪਨੀ ਬਰਕਸ਼ਾਇਰ ਦੀ ਸਾਲਾਨਾ ਮੀਟਿੰਗ ਹਜ਼ਾਰਾਂ ਨਿਵੇਸ਼ਕਾਂ ਨੂੰ ਆਪਣੇ ਵੱਲ ਖਿੱਚਦੀ ਹੈ ਜਿਸ ਨੂੰ ਪੂੰਜੀਵਾਦ ਦੀ ਵੁੱਡ-ਸਟਾਕ ਵੀ ਕਿਹਾ ਜਾਂਦਾ ਹੈ। ਕੋਲੰਬੀਆ, ਲਿੰਕਨ ਯੂਨੀਵਰਸਿਟੀ ਤੋਂ ਪੜ੍ਹੇ ਵਾਰਨ ਅਮਰੀਕਾ ਦੇ ਦਸਵੇਂ ਸਥਾਨ ‘ਤੇ ਹਨ ਪਰ 94 ਸਾਲਾਂ ਦੀ ਉਮਰ ‘ਚ ਸਭ ਤੋਂ ਅੱਵਲ।
ਕਮਾਲ ਦੇਖੋ ਕਿ ਦੁਨੀਆਂ ‘ਚ ਦਸ ਅਮੀਰਾਂ ‘ਚੋਂ ਨੌਂ ਅਮਰੀਕਾ ਨਾਲ ਹੀ ਸੰਬੰਧਿਤ ਹਨ ਤੇ ਅਮਰੀਕਾ ਨੂੰ ਮਹਾਂ ਸ਼ਕਤੀ ਕਹਿਣਾ ਹੋਰ ਵੀ ਸਾਰਥਕ ਹੋ ਜਾਂਦਾ ਹੈ।