ਘੂੰਆਂ ਜਿਹਾ

ਬਲਜੀਤ ਬਾਸੀ
ਫੋਨ: 734-259-9353
ਛੋਟੇ ਹੁੰਦੇ ਜਦ ਸਕੂਲ ਜਾਂ ਖੂਹ ਵੱਲ ਜਾਣਾ ਤਾਂ ਵਿਚ ਪੈਂਦੇ ਧੁੱਦਲ ਭਰੇ ਰਾਹ ਦੇ ਇੱਕ ਪਾਸੇ ਕਦੇ ਕਦਾਈਂ ਕੀਪ ਦੀ ਸ਼ਕਲ ਦੀ ਖੁੱਤੀ ਜਿਹੀ ਦਿਖਾਈ ਦੇਣੀ। ਬੱਸ ਫਿਰ ਕੀ ਸੀ, ਸਮਝੋ ਕੁਝ ਘੜੀਆਂ ਲਈ ਸ਼ੁਗਲ ਲੱਭ ਪੈਂਦਾ ਸੀ। ਸਕੂਲ ਜਾਂ ਖੂਹ `ਤੇ ਜਾਣ ਤੋਂ ਮੈਂ ਅਕਸਰ ਕਤਰਾਉਂਦਾ ਹੀ ਸਾਂ।

ਸਕੂਲ ਜਾਂਦਿਆਂ ਨਾਲ ਦਿਆਂ ਰਲ ਕੇ ਅਸੀਂ ਖੁੱਤੀ ਦੇ ਆਲੇ-ਦੁਆਲੇ ਝੁਰਮਟ ਪਾ ਲੈਣਾ। ਹੋਰ ਵੱਡੇ ਬੇਲੀਆਂ ਤੋਂ ਪਤਾ ਲੱਗ ਚੁੱਕਾ ਸੀ ਕਿ ਇਸ ਖੁੱਤੀ ਦੇ ਹੇਠਾਂ ਇੱਕ ਭੱਬੂ ਰਹਿੰਦਾ ਹੈ ਜੋ ਬੜਾ ਚਲਾਕ ਤੇ ਫੁਰਤੀਲਾ ਜੀਵ ਹੈ ਤੇ ਇਸ ਨਾਲ ਇੱਕ ਖੇਡ ਖੇਡੀ ਜਾ ਸਕਦੀ ਹੈ। ਅਸੀਂ ਇਧਰੋਂ-ਉਧਰੋਂ ਕੋਈ ਕੀੜੀ ਫੜ ਕੇ ਇਸ ਨੂੰ ਇਸ ਖੁੱਤੀ ਵਿਚ ਸੁੱਟ ਦੇਣਾ ਤੇ ਖੁੱਤੀ ਵੱਲ ਨੂੰ ਮੂੰਹ ਕਰ ਕੇ ਵਰਤੇ ਜਾਣ ਵਾਲੇ ਭਾਣੇ ਦੀ ਉਡੀਕ ਕਰਨ ਲੱਗ ਪੈਣਾ। ਵਿਚਾਰੀ ਕੀੜੀ ਖੁੱਤੀ ਦੇ ਅੰਦਰ ਆਲੇ-ਦੁਆਲੇ ਤਿਲਮਿਲਾਉਂਦੀ, ਭੁਆਂਟਣੀਆਂ ਖਾਂਦੀ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੀ। ਪਰ ਜਦ ਹੋਣੀ ਸਿਰ `ਤੇ ਮੰਡਲਾਵੇ…। ਬੱਸ ਦੇਖਦੇ ਹੀ ਦੇਖਦੇ ਖੁੱਤੀ ਦੇ ਐਨ ਹੇਠਾਂ ਘਾਤ ਲਾ ਕੇ ਬੈਠਾ ਉਹ ਨਿਕਚੂ ਜੀਵ ਫੁਰਤੀ ਨਾਲ ਨਿਕਲ ਕੇ ਕੀੜੀ `ਤੇ ਝਪੱਟਾ ਮਾਰ ਕੇ ਇਸ ਨੂੰ ਅੰਦਰ ਵੱਲ ਖਿੱਚ ਲਿਜਾਂਦਾ। ਉਂਝ ਕੀੜੀਆਂ ਖੁLਦ ਵੀ ਆਪਣੇ ਸ਼ਿਕਾਰ ਨਾਲ ਅਜਿਹਾ ਵਰਤਾਉ ਹੀ ਕਰਦੀਆਂ ਹਨ। ਇਹ ਨਜ਼ਾਰਾ ਤੱਕ ਅਸੀਂ ਤਾੜੀਆਂ ਮਾਰਨ ਲਗਦੇ, ਸਾਡਾ ਜੀਅ ਪਰਚਾਵਾ ਹੋ ਜਾਂਦਾ ਸੀ ਤੇ ਸਮਝਦੇ ਕਿ ਸਾਡਾ ਦਿਨ ਸਕਾਰਥੇ ਲੱਗ ਗਿਆ। ਅਸੀਂ ਲਾਗੇ ਕਿਸੇ ਦਰਖਤ ਹੇਠਾਂ ਬੈਠ ਕੇ ਡੱਬੇ ਖੋਲ੍ਹ ਕੇ ਚੂਰੀਆਂ, ਪਰੌਂਠੇ ਖਾਣ ਲਗਦੇ। ਇਸ ਚਲਾਕ ਚੀਂਟੀਮਾਰ ਜੀਵ ਨੂੰ ਘੂੰਆਂ ਕਿਹਾ ਜਾਂਦਾ ਹੈ। ਮੈਨੂੰ ਨਹੀਂ ਪਤਾ ਅੱਜ ਦੀ ਪੀੜ੍ਹੀ ਨੂੰ ਇਸ ਜਨੌਰ ਬਾਰੇ ਕੋਈ ਗਿਆਨ ਹੈ ਕਿਉਂਕਿ ਘੂੰਆਂ ਰੇਤਲੀ ਜਾਂ ਪੋਲੀ ਜ਼ਮੀਨ ਵਿਚ ਆਪਣਾ ਬਸੇਰਾ ਕਰਦਾ ਹੈ ਅਤੇ ਅੱਜ ਪਾਣੀ ਨਾਲ ਸਰਸ਼ਾਰ ਹੋਈ ਪੰਜਾਬ ਦੀ ਜ਼ਮੀਨ ਉਸ ਪ੍ਰਕਾਰ ਰੇਤਲੀ, ਧੁੱਦਲ ਭਰੀ ਜਾਂ ਪੋਲੀ ਨਹੀਂ ਰਹੀ।
ਅੱਜ ਦੀ ਪੀੜ੍ਹੀ ਨੂੰ ਜੇ ਪੁੱਛੋ ਕਿ ਘੂੰਆਂ ਕੀ ਹੁੰਦਾ ਹੈ ਤਾਂ ਉਹ ਸ਼ਾਇਦ ਦੱਸਣਗੇ ਕਿ ਇਹ ਵਿਸ਼ੇਸ਼ਣ ਚੁੱਪ-ਗੜੁੱਪ, ਮੀਸਣੇ ਬੰਦੇ `ਤੇ ਲਾਇਆ ਜਾਂਦਾ ਹੈ, ਜੋ ਆਪਣੇ ਚੰਗੇ ਮੰਦੇ ਭਾਵ ਆਪਣੇ ਅੰਦਰ ਹੀ ਰੱਖਦਾ ਹੈ। ਜੀ ਹਾਂ, ਘੂੰਆਂ ਸ਼ਬਦ ਦਾ ਇਹ ਅਰਥ ਘੂੰਆਂ ਜੀਵ ਦੇ ਉਸ ਵਤੀਰੇ ਤੋਂ ਹੀ ਵਿਸਤ੍ਰਿਤ ਹੋਇਆ ਜਿਸ ਅਨੁਸਾਰ ਉਹ ਖੁੱਤੀਨੁਮਾ ਡੁੱਡ ਦੇ ਅੰਦਰ ਹੀ ਅੰਦਰ ਘੇਸਲ ਮਾਰ ਕੇ ਰਹਿੰਦਾ ਆਪਣੇ ਸ਼ਿਕਾਰ ਨੂੰ ਅਚਾਨਕ ਫੁੰਡ ਲੈਂਦਾ ਹੈ। ਮੇਰਾ ਵਿਚਾਰ ਹੈ ਕਿ ਘੇਸਲ ਸ਼ਬਦ ਵੀ ਘੀਸ ਨਾਂ ਦੇ ਜੀਵ ਦੇ ਅਜਿਹੇ ਵਿਵਹਾਰ ਤੋਂ ਹੀ ਹੋਇਆ ਹੈ। ਘੂੰਆਂ ਜੀਵ ਦਰਅਸਲ ਰੁਪਾਂਤਰਣ (metamorphosis) ਵਰਤਾਰੇ ਕਾਰਨ ਚਾਰ ਅਵਸਥਾਵਾਂ `ਚੋਂ ਲੰਘਣ ਵਾਲਾ ਕੀਟ ਹੈ। ਇਹ ਚਾਰ ਅਵਸਥਾਵਾਂ ਜਾਂ ਰੁਪਾਂਤਰ ਹਨ, ਆਂਡਾ, ਲਾਰਵਾ, ਕੋਇਆ ਤੇ ਅੰਤ ਵਿਚ ਖੰਭਾਂ ਵਾਲਾ ਪਤੰਗਾ। ਖੁੱਤੀ ਦੇ ਐਨ ਹੇਠਾਂ ਰਹਿੰਦਾ ਘੂੰਆਂ ਅਸਲ ਵਿਚ ਇਸ ਜੀਵ ਦੀ ਲਾਰਵਾ ਅਵਸਥਾ ਹੈ ਜਿਸ ਲਈ ਮੈਨੂੰ ਸੁੰਡੀ ਜਾਂ ਭੂੰਡੀ ਸ਼ਬਦ ਸੁੱਝੇ ਹਨ। ਰੇਤਲੇ ਇਲਾਕਿਆਂ ਵਿਚ ਇਹ ਸੁੰਡੀ ਰੂਪੀ ਘੂੰਆਂ ਮੇਲ੍ਹਦਾ ਹੋਇਆ ਨੱਸਾ-ਭੱਜਾ ਫਿਰਦਾ ਇੱਕ ਤੋਂ ਬਾਅਦ ਦੂਜੀ ਖੁੱਤੀ ਬਣਾਉਂਦਾ ਰਹਿੰਦਾ ਹੈ ਤੇ ਇਸ ਤਰ੍ਹਾਂ ਪੈੜ ਵਜੋਂ ਧਰਾਤਲ ਤੇ ਡਾਂਡੇ ਮੀਂਡੇ ਕਾਂ-ਘਰੂੜੇ ਖਿੱਚਦਾ ਜਾਂਦਾ ਹੈ। ਇਨ੍ਹਾਂ ਕਾਂ-ਘਰੂੜਿਆਂ ਦੀ ਸ਼ਕਲ ਕਈ ਵਾਰੀ ਬੜੀ ਕਲਾਤਮਕ ਹੁੰਦੀ ਹੈ। ਇਸੇ ਲਈ ਅੰਗਰੇਜ਼ੀ ਵਿਚ ਇਸ ਘੂੰਏਂ ਲਈ ਇੱਕ ਸ਼ਬਦ doodlebug ਵੀ ਹੈ (doodle = ਕਾਂ-ਘਰੂੜੇ, ਬੁਗ = ਕੀਟ)। ਇਨ੍ਹਾਂ ਖੁੱਤੀਆਂ ਦੇ ਆਲੇ-ਦੁਆਲੇ ਫਿਰਦੀਆਂ ਅਣਭੋਲ ਕੀੜੀਆਂ ਜਾਂ ਹੋਰ ਕੀਟ ਅਚਿੰਤੇ ਇਨ੍ਹਾਂ ਖੁੱਤੀਆਂ ਵਿਚ ਜਾ ਪੈਂਦੀਆਂ ਹਨ ਤੇ ਚੁਕੰਨਾ ਹੋਇਆ ਘੂੰਆਂ ਹੇਠੋਂ ਮਿੱਟੀ ਉਪਰ ਨੂੰ ਉਛਾਲਣ ਲਗਦਾ ਹੈ। ਇਸ ਤਰ੍ਹਾਂ ਅਣਿਆਈ ਹੋਣੀ ਨਾਲ ਨਿਸਫ਼ਲ ਜੂਝਦਾ ਸ਼ਿਕਾਰ ਹੇਠਾਂ ਢਹਿ ਪੈਂਦਾ ਹੈ ਤੇ ਘੂੰਆਂ ਇਸ ਨੂੰ ਫੁਰਤੀ ਨਾਲ ਆਪਣੇ ਜਬਾੜਿਆਂ ਵਿਚ ਜਕੜ ਲੈਂਦਾ ਹੈ। ਬੱਸ ਫਿਰ ਕੀ ਹੈ, ਉਹ ਇਸਦਾ ਕਚੂਮਰ ਅੱਧਰਿੜਕੇ ਵਾਂਗ ਪੀਣ ਲਗਦਾ ਹੈ।
ਘੂੰੲਂੇ ਜੀਵ ਤੇ ਘੂੰਏਂ ਬੰਦਿਆਂ ਦਾ ਪਸਾਰਾ ਵਿਸ਼ਵ-ਵਿਆਪੀ ਹੈ। ਘੂੰਏਂ ਜੀਵ ਦੀਆਂ ਦੋ ਹਜ਼ਾਰ ਕਿਸਮਾਂ ਦੱਸੀਆਂ ਜਾਂਦੀਆ ਹਨ। ਅੰਗਰੇਜ਼ੀ ਵਿਚ ਇਸ ਨੂੰ antlion ਕਿਹਾ ਜਾਂਦਾ ਹੈ, ਸ਼ਾਇਦ ਇਸ ਲਈ ਕਿ ਇਹ ਕੀੜੀਆਂ ਲਈ ਸ਼ੇਰ ਦੇ ਨਿਆਈਂ ਹੀ ਹੈ। ਸੁੰਡੀ ਦੀ ਅਵਸਥਾ ਵਿਚ ਘੂੰਆਂ ਦੋ-ਤਿੰਨ ਸਾਲ ਵਿਚਰ ਕੇ ਆਪਣੇ ਆਲੇ-ਦੁਆਲੇ ਕੋਇਆ (cocoon) ਧਾਰਨ ਕਰ ਲੈਂਦਾ ਹੈ ਤੇ ਇਸ ਵਿਚ ਕੁਝ ਸਮਾਂ ਗੁਪਤ ਅਵਸਥਾ ਵਿਚ ਰਹਿੰਦਾ ਹੈ। ਅਚਾਨਕ ਇੱਕ ਦਿਨ ਇਸ ਦੇ ਖੰਭ ਨਿਕਲ ਆਉਂਦੇ ਹਨ ਤੇ ਇਹ ਪਤੰਗਾ ਬਣ ਕੇ ਫਟਾਫਟ ਉੱਡ ਜਾਂਦਾ ਹੈ। ਨਰ ਘੂੰਆਂ ਮਦੀਨ ਦੀ ਭਾਲ ਵਿਚ ਭਟਕਣ ਲਗਦਾ ਹੈ ਤੇ ਮਦੀਨ ਕਿਸੇ ਨਰ ਦੀ ਉਡੀਕ ਕਰਨ ਲਗਦੀ ਹੈ। ਮਦੀਨ ਗਰਭਵਤੀ ਹੋ ਕੇ ਡੁੱਡ ਵਿਚ ਆਂਡੇ ਦੇਣ ਲਗਦੀ ਹੈ। ਇਸ ਅਵਸਥਾ ਵਿਚ ਦੋਵੇਂ ਨਰ ਤੇ ਮਦੀਨ ਇੱਕ-ਦੋ ਮਹੀਨੇ ਹੀ ਰਹਿ ਕੇ ਪ੍ਰਲੋਕ ਸਿਧਾਰ ਜਾਂਦੇ ਹਨ।
ਪਰ ਸ਼ਬਦ ਘੂੰਆਂ ਇਕਲੌਤੀ ਸੰਤਾਨ ਨਹੀਂ ਹੈ, ਇਸ ਦੇ ਦੋ ਸਕੇ ਭਰਾ ਹੋਰ ਵੀ ਹਨ। ਪਹਿਲਾਂ ਪਹਿਲੇ ਦੀ ਯਾਨੀ ‘ਘੁੰਨੇ’ ਦੀ ਗੱਲ ਕਰਦੇ ਹਾਂ। ਸੁਭਾਅ ਪੱਖੋਂ ਘੁੰਨਾ ਬੰਦਾ ਵੀ ਘੱਟ ਨਹੀਂ, ਮਤਲਬ ਜਿਸ ਨੇ ਦੇਖ ਕੇ ਵੀ ਕੁਝ ਨਾ ਦੇਖਿਆ ਹੋਵੇ ਤੇ ਸੁਣ ਕੇ ਵੀ ਕੁਝ ਨਾ ਸੁਣਿਆ ਹੋਵੇ, ਅੱਖਾਂ ਬੰਦ, ਮੂੰਹ ਬੰਦ ਤੇ ਕੰਨ ਬੰਦ। ਪਰ ਇਸ ਸ਼ਬਦ ਵਿਚ ਇੱਕ ਘਾਟ ਹੈ ਕਿ ਇਹ ਕਿਸੇ ਜੀਵ ਦਾ ਨਾਂ ਨਹੀਂ ਪ੍ਰਗਟਾਉਂਦਾ, ਮੁੱਖ ਤੌਰ `ਤੇ ਕਿਸੇ ਬੰਦੇ ਦੀ ਘੂੰਏਂ ਜਿਹੀ ਤਾਰੀਫ਼ ਹੀ ਦਰਸਾਉਂਦਾ ਹੈ, ਪਰ ਬੜੇ ਬਲਪੂਰਬਕ। ਮਸਲਨ ਮਨਜੀਤ ਸਿੰਘ ਬੱਲ ਦੀ ਰਚਨਾ, ‘ਛ੍ਹਟਾਲੇ ਦੀ ਟਰਾਲੀ’ ਵਿਚ ਇਹ ਸੰਵਾਦ ਮਿਲਦਾ ਹੈ,‘ਰੁਲਦੂ ਗਾਲ ਕੱਢ ਕੇ ਬੋਲਿਆ, ”ਚੁੱਪ ਕਰ ਓਏ ਮੀਸਣਿਆਂ… ਮੈਨੂੰ ਸੱਭ ਪਤੈ ਤੂੰ ਕੀ ਕਰਦੈਂ, ਘੁੰਨਾਂ ਜਿਹਾ..“। ਬੋਲਚਾਲ ਵਿਚ ਵੀ ਤੇ ਸਾਹਿਤ ਵਿਚ ਵੀ, ਘੁੰਨਾ ਘੁੰਨਾ ਹੀ ਹੁੰਦੀ ਹੈ, ਘੂੰਆਂ ਘਟ ਹੀ ਪ੍ਰਗਟ ਹੁੰਦਾ ਹੈ। ਘੁੰਨੇ ਦੀ ਇੱਕ ਖਾਸੀਅਤ ਇਹ ਹੈ ਕਿ ਇਹ ਭਾਵੇਂ ਕਿਸੇ ਜੀਵ ਦਾ ਨਾਂ ਨਹੀਂ, ਵਿਅਕਤੀ ਨਾਂ ਵਜੋਂ ਬਥੇਰਾ ਮਿਲਦਾ ਹੈ। ਸ਼ਾਇਦ ਜਿਹੜਾ ਬੱਚਾ ਘੱਟ ਬੋਲਦਾ ਹੋਵੇ ਉਸ ਦਾ ਨਾਂ ਘੁੰਨਾ ਰੱਖਿਆ ਜਾਂਦਾ ਹੈ, ਜਾਂ ਫਿਰ ਚੁੱਪੂ, ਸਾਜ਼ਸ਼ੀ ਵਿਅਕਤੀ ਦੀ ਵੀ ਘੁੰਨਾ ਵਜੋਂ ਛੇੜ ਪਾ ਦਿੱਤੀ ਜਾਂਦੀ ਹੈ। ਮੈਂ ਬਹੁਤ ਸਾਰੀਆਂ ਪੰਜਾਬੀ ਲਿਖਤਾਂ ਵਿਚ ਘੁੰਨਾ ਸ਼ਬਦ ਦੀ ਵਰਤੋਂ ਦੇਖੀ ਹੈ, ਵਿਸ਼ੇਸ਼ਣ ਵਜੋਂ ਵੀ ਤੇ ਨਾਂ ਵਜੋਂ ਵੀ। ਮਿਸਾਲ ਵਜੋਂ ਬਲਵੰਤ ਗਾਰਗੀ ਦੇ ਨਾਟਕ ‘ਪੱਤਣ ਦੀ ਬੇੜੀ’, ਗੁਰਦਿਆਲ ਸਿੰਘ, ਪ੍ਰੇਮ ਪ੍ਰਕਾਸ਼, ਸੁਖਵੰਤ ਕੌਰ ਮਾਨ ਦੀਆਂ ਕਈ ਕਹਾਣੀਆਂ ਵਿਚ। ਗੁਰਦਿੱਤ ਸਿੰਘ ਦੀ ‘ਮੇਰਾ ਪਿੰਡ’ ਵਿਚ ਇਹ ਸੰਬੋਧਨ ਮਿਲਦਾ ਹੈ, ‘ਦੇਖੋ ਓਏ ਘੁੰਨਾਂ ਕਿਵੇਂ ਬਹੂ ਦੇ ਮੂਹਰੇ ਲਗ ਕੇ ਮੜਕ ਨਾਲ ਤੁਰਦੈ’। ਪ੍ਰੇਮ ਪ੍ਰਕਾਸ਼ ਨੇ ਤਾਂ ਕਿਤੇ ਕੁਲਵੰਤ ਸਿੰਘ ਵਿਰਕ ਨੂੰ ਘੁੰਨਾ ਹੀ ਗਰਦਾਨ ਦਿੱਤਾ, ਅਖੇ ਉਹ ਆਪਣੇ ਨਿੱਜੀ ਹਾਲਾਤ ਲੁਕੋ ਕੇ ਰੱਖਦਾ ਸੀ। ਨਾਨਕ ਸਿੰਘ ਨੇ ਆਪ ਇੰਕਸ਼ਾਫ਼ ਕੀਤਾ ਹੈ ਕਿ ਉਸਦੇ ਪਰਿਵਾਰ ਵਾਲੇ ਬਚਪਨ ਵਿਚ ਉਸ ਨੂੰ ‘ਲੋਲਾ ਘੁੰਨਾ’ ਹੀ ਸਮਝਦੇ ਸਨ ਕਿਉਂਕਿ ਉਹ ਆਪਣੀ ਦੁਨੀਆ ਵਿਚ ਹੀ ਰਹਿੰਦਾ ਸੀ। ਘੁੰਨੇ ਦੀ ਇੱਕ ਹੋਰ ਸਿਫ਼ਤ ਹੈ ਕਿ ਇਸ ਨੇ ਆਪਣੀ ਵਹੁਟੀ ਵੀ ਰੱਖੀ ਹੋੋਈ ਹੈ, ਮਤਲਬ ਨਾਂਵ ਵਜੋਂ ਘੁੰਨੋਂ ਅਤੇ ਵਿਸ਼ੇਸ਼ਣ ਵਜੋਂ ਘੁੰਨੀਂ। ਸ. ਸੋਜ਼ ਦੀ ਰਚਨਾ ‘ਬਾਤ ਇੱਕ ਬਿਰਖ ਦੀ’ ਵਿਚ ਘੁੰਨਾਂ ਇਸਤਰੀ ਪਾਤਰ ਹੈ, ‘ਅੱਠਵੀਂ ਚੜ੍ਹੀ ਘੁੰਨੋਂ ਸਕੂਲੋਂ ਆ ਗਈ ਹੈ, ਆਪਣਾ ਨੀਲੇ-ਰੰਗਾ ਬਸਤਾ ਉਸ ਆਪਣੀ ਮਾਂ ਨੂੰ ਪਕੜਾ ਦਿੱਤਾ ਹੈ।’ ਇਸ ਪੱਖੋਂ ਘੂੰਆਂ ਵਿਚਾਰਾ ਛੜਾ ਹੀ ਰਹਿ ਗਿਆ ਹੈ। ਕਦੇ ਸੁਣਿਆ ਹੈ ਘੂੰਈਂ? ਕੀ ਅਬਲਾਵਾਂ ਘੂੰਈਆਂ ਨਹੀਂ ਹੁੰਦੀਆਂ?
ਘੂੰਆਂ ਸ਼ਬਦ ਦਾ ਤੀਜਾ ਭਰਾ ‘ਘੁਣ’ ਹੈ, ਪਰ ਘੁੰਨਾ ਤੋਂ ਉਲਟ ਇਹ ਵਿਸ਼ੇਸ਼ਣਵਾਚਕ ਨਹੀਂ ਬਲਕਿ ਸੰਗਿਆਵਾਚਕ ਹੈ। ਕਹਿਣ ਦਾ ਭਾਵ ਘੁਣ ਕਿਸੇ ਵਿਅਕਤੀ ਦੇ ਗੁਣ ਗਾਉਣ ਲਈ ਨਹੀਂ ਵਰਤਿਆ ਜਾਂਦਾ ਬਲਕਿ ਮਨੁੱਖ ਦਾ ਨੁਕਸਾਨ ਪਹੁੰਚਾਉਣ ਵਾਲੇ ਇੱਕ ਹੋਰ ਕੀਟ ਦਾ ਨਾਂ ਹੈ ਜੋ ਲੱਕੜੀ ਜਾਂ ਅਨਾਜ ਨੂੰ ਖਾ ਕੇ ਇਸ ਨੂੰ ਖਰਾਬ ਕਰ ਦਿੰਦਾ ਹੈ। ਘੁਣ ਲੱਕੜੀ ਜਾਂ ਅਨਾਜ ਅੰਦਰ ਸੁਰਾਖ ਕਰ ਕੇ ਅੰਦਰ ਹੀ ਅੰਦਰ ਧਸਦਾ ਜਾਂਦਾ ਹੈ। ਲੱਕੜੀ ਜਾਂ ਕਿਤਾਬ ਵਿਚ ਲੱਗਾ ਘੁਣ ਕਈ ਵਾਰ ਅੱਖਰਾਂ ਦੀ ਸ਼ਕਲ ਦੇ ਪੱਛ ਲਾ ਦਿੰਦਾ ਹੈ ਇਸ ਕਰਕੇ ਇਸ ਨੂੰ ਸੰਸਕ੍ਰਿਤ ਵਿਚ ਘੁਣਅਕਸ਼ਰ ਕਿਹਾ ਜਾਂਦਾ ਹੈ, ਘੁਣ-ਜਰਜਰ ਦਾ ਮਤਲਬ ਘੁਣ-ਖਾਧਾ ਹੈ। ਕਿਸੇ ਕਿਹਾ ਹੈ, ‘ਢੱਠੀਆਂ ਕੰਧਾਂ, ਤਿੜਕੇ ਬਾਲੇ, ਘੁਣ ਘੁਣ ਖਰਦਾ ਦਰਵਾਜਾ; ਸੁਪਨੇ ਦੇ ਵਿਚ ਗਲ ਲੱਗ ਰੋਇਆ ਮੇਰੇ ਘਰ ਦਾ ਦਰਵਾਜਾ’। ਘੁਣ ਸਿਉਂਕ ਦੀਆਂ ਕੀੜੀਆਂ ਤੋਂ ਵੱਖਰਾ ਹੁੰਦਾ ਹੈ ਜੋ ਸਮੂਹਿਕ ਤੌਰ `ਤੇ ਲੱਕੜੀ `ਤੇ ਹੱਲਾ ਬੋਲਦੀਆਂ ਹਨ ਤੇ ਇਸ ਦਾ ਸਰਬਨਾਸ ਹੀ ਕਰ ਕੇ ਹਟਦੀਆਂ ਹਨ। ‘ਮਹਾਨ ਕੋਸ਼’ ਨੇ ਇਸ ਘੁਣ ਸ਼ਬਦ ਨੂੰ ਕਿਰਿਆਵਾਚੀ ਵੀ ਦੱਸਦਿਆਂ ਇਸ ਦਾ ਅਰਥ ‘ਘੁੰਮਣਾ, ਫਿਰਨਾ, ਲੌਟਣਾ’ ਕੀਤਾ ਹੈ। ਪੰਜਾਬੀ ਵਿਚ ਮੈਂ ਅਜਿਹੇ ਅਰਥਾਂ ਵਿਚ ਘੁਣ ਸ਼ਬਦ ਵਰਤੀਂਦਾ ਕਦੇ ਨਹੀਂ ਸਣਿਆ। ਘੁਣ ਸ਼ਬਦ ਉਪਮਾ ਅਤੇ ਰੂਪਕ ਅਲੰਕਾਰਾਂ ਵਜੋਂ ਖੂਬ ਵਰਤਿਆ ਜਾਂਦਾ ਹੈ। ਜਿਵੇਂ ਨਸ਼ੇ ਪੰਜਾਬ ਨੂੰ ਘੁਣ ਵਾਂਗ ਖਾ ਰਹੇ ਹਨ, ਉਸ ਨੂੰ ਗ਼ਮ ਦਾ ਘੁਣ ਲੱਗਾ ਹੋਇਆ ਹੈ, ਬਲੱਡਪਰੈਸ਼ਰ ਇੱਕ ਘੁਣ ਹੈ ਜਿਸ ਨਾਲ ਦਿਲ ਦੀਆਂ ਮਾਰੂ ਬੀਮਾਰੀਆਂ ਹੁੰਦੀਆਂ ਹਨ, ਕਰਜ਼ੇ ਕਿਸਾਨ ਨੂੰ ਘੁਣ ਵਾਂਗ ਖਾ ਜਾਂਦੇ ਹਨ, ਉਹ ਬੜਾ ਹੁਸ਼ਿਆਰ, ਚਲਾਕ ਹੈ, ਉਹ ਇੱਕ ਘੁਣ ਹੈ ਆਦਿ। ਘੁਣ ਸ਼ਬਦ ਕੁਝ ਇਕ ਮੁਹਾਵਰਿਆਂ ਅਤੇ ਅਖਾਣਾਂ ਵਿਚ ਵੀ ਵਰਤਿਆ ਜਾਂਦਾ ਹੈ ਜਿਵੇਂ ਘੁਣ ਲੱਗਣਾ; ਲੱਕੜੀ ਦੇ ਨਾਲ ਘੁਣ ਵੀ ਪਿਸ ਜਾਂਦਾ ਹੈ; ਜੱਟ ਕੀ ਜਾਣੇ ਗੁਣ ਨੂੰ, ਲੋਹਾ ਕੀ ਜਾਣੇ ਘੁਣ ਨੂੰ। ਲਹਿੰਦੀ ਦਾ ਅਖਾਣ ਹੈ, ‘ਜੀਕੂੰ ਚਣਿਆਂ ਕੂੰ ਢੋਰਾ ਤੇ ਗੰਦਮ ਕੂੰ ਘੁਣ, ਤਿਵੇਂ ਬੰਦੇ ਕੂੰ ਝੋਰਾ’। ਘੁਣ ਖਾਧਾ ਅਨਾਜ ਵੀ ਹੋ ਸਕਦਾ ਹੈ ਤੇ ਗ਼ਮਾਂ ਆਦਿ ਦਾ ਮਾਰਿਆ ਬੰਦਾ ਵੀ। ਹੋਰ ਸੁਣੋ, ‘ਬਾਪੂ ਮੇਰਾ ਸੱਤਰ ਸਾਲ ਦਾ ਘੁਣ ਖਾਧਾ ਮੁੱਢ ਪੁਰਾਣਾ’। ਜਨਾਨੀਆਂ ਤੋਂ ਤੌਬਾ ਕਰਦੇ ਜੋਗੀਆਂ ਦੇ ਬਚਨ ਹਨ,
ਮਾਉਂ ਕਹੇ ਪੁੱਤ ਵਿਆਹਿਆ
ਦਾਮ ਕਾਢ ਬਾਘਣ ਘਰ ਲੈ ਆਇਆ
ਗੀਲੀ ਲੱਕੜੀ ਘੁਣ ਲਗਾਇਆ।
ਹੁਣ ਇਨ੍ਹਾਂ ਤਿੰਨਾਂ ਸਕੇ ਭਰਾ ਲਗਦੇ ਸ਼ਬਦਾਂ ਦੇ ਜਨਮਦਾਤਾ ਧਾਤੂ ਦੀ ਗੱਲ ਕਰ ਲਈਏ। ਮੋਨੀਅਰ ਵਿਲੀਅਮ ਦੇ ਸੰਸਕ੍ਰਿਤ ਅੰਗਰੇਜ਼ੀ ਕੋਸ਼ ਅਨੁਸਾਰ ਇਸ ਦਾ ਧਾਤੂ ਵੀ *ਘੁਣ ਹੀ ਹੈ ਜਿਸ ਵਿਚ ਘੁੰਮਣਾ, ਭ੍ਰਮਣ ਕਰਨਾ ਦੇ ਭਾਵ ਹਨ। ਜਦ ‘ਮਹਾਨ ਕੋਸ਼’ ਘੁਣ ਸ਼ਬਦ ਦਾ ਅਰਥ ਘੁੰਮਣਾ, ਫਿਰਨਾ ਆਦਿ ਦਸਦਾ ਹੈ ਤਾਂ ਦਰਅਸਲ ਉਹ ਇਸ ਦਾ ਧਾਤੂ ਵਿਚਲੇ ਭਾਵ ਵੱਲ ਸੰਕੇਤ ਕਰ ਰਿਹਾ ਹੈ ਪਰ ਗਲਤ ਥਾਂ `ਤੇ। ਅਰਵਿੰਦ ਵਿਆਸ ਨੇ ਇਸ ਦੇ ਕਿਸੇ ਸੰਸਕ੍ਰਿਤ ਸ੍ਰੋਤ ਵਿਚ ਦਰਜ ਘੁਣ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਹੈ: ਘੁਣ ਅਥਵਾ ਘੁਨ ਲਕੜੀ ਜਾਂ ਅਨਾਜ ਵਿਚ ਲੱਗਣ ਵਾਲਾ ਇੱਕ ਕੀੜਾ ਹੈ ਜੋ ਕਿ ਭੀਤਰ ਘੁੰਮ-ਘੁੰਮ ਕੇ ਅਤੇ ਖਾ-ਖਾ ਕੇ ਇਨ੍ਹਾਂ ਨੂੰ ਜਰਜਰਾ ਕਰ ਦਿੰਦਾ ਹੈ। ਇਸ ਪ੍ਰਕਾਰ ਦਾ ਅੰਨ ਘੁਣਿਆਂ ਹੋਇਆ ਅੰਨ ਹੈ ਜਿਸ ਨੂੰ ਵਿਸ਼ੇਸ਼ਣ ਰੂਪ ਵਿਚ ਘੁੰਨਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਘੁੰਨੇ ਵਿਅਕਤੀ ਨੂੰ ਉਸ ਦੇ ਵਿਚਾਰ ਅਤੇ ਚਿੰਤਾਵਾਂ ਅੰਦਰ ਹੀ ਅੰਦਰ ਖਾ ਕੇ ਖੋਖਲਾ ਕਰ ਦਿੰਦੀਆਂ ਹਨ ਕਿਉਂਕਿ ਉਹ ਆਪਣੀਆਂ ਚਿੰਤਾਵਾਂ ਨੂੰ ਅਭਿਵਿਅਕਤ ਨਹੀਂ ਕਰ ਸਕਦੇ। ਘੁਣ ਦੀ ਤਰ੍ਹਾਂ ਉਸ ਦੇ ਵਿਚਾਰ ਘੁੰਮ ਘੁੰਮ ਕੇ ਉਸ ਨੂੰ ਖਾਂਦੇ ਰਹਿੰਦੇ ਹਨ।
ਲਿਲੀ ਟਰਨਰ ਨੇ ਆਪਣੇ ਭਾਰੋਪੀ ਭਾਸ਼ਾਵਾਂ ਦੇ ਕੋਸ਼ ਵਿਚ ਸੰਕੇਤ ਕੀਤਾ ਹੈ ਕਿ ਘੁਣ ਦਰਾਵੜੀ ਮੂਲ ਦਾ ਸ਼ਬਦ ਹੋ ਸਕਦਾ ਹੈ ਤੇ ਅੱਗੇ ਇਸ ਦੇ ਧਾਤੂ ਨੂੰ ਵੀ ਦਰਾਵੜੀ ਪਿਛੋਕੜ ਦਾ ਹੋਣ ਦੀ ਸ਼ੰਕਾ ਜ਼ਾਹਰ ਕੀਤੀ ਹੈ। ਇਹ ਲੰਬਾ ਚੌੜਾ ਵਿਸ਼ਾ ਹੈ, ਫਿਰ ਕਦੇ।