ਚੰਡੀਗੜ੍ਹ: ਪੰਜਾਬ ਵਿਚ ਬਰੇਨ ਸਟਰੋਕ ਦੇ 70 ਫ਼ੀਸਦੀ ਮਰੀਜ਼ ਅੰਗਹੀਣ ਹੋ ਰਹੇ ਹਨ। ਇਨ੍ਹਾਂ ਵਿਚੋਂ ਬਹੁਤਿਆਂ ਦੀ ਦੇਖਣ ਤੇ ਸੁਣਨ ਦੀ ਸ਼ਕਤੀ ਗੁਆਚ ਰਹੀ ਹੈ। ਬਿਮਾਰੀ ਦਾ ਸੰਤਾਪ ਭੋਗਣ ਵਾਲਿਆਂ ਵਿਚ 15 ਫੀਸਦੀ 35 ਤੋਂ 40 ਸਾਲ ਦੇ ਮਰੀਜ਼ ਹਨ। ਪੀæਜੀæਆਈ ਦੇ ਇਕ ਤਾਜ਼ਾ ਅਧਿਐਨ ਮੁਤਾਬਕ ਪੰਜਾਬ ਵਿਚ ਚੰਡੀਗੜ੍ਹ, ਹਰਿਆਣਾ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਨਾਲੋਂ ਬਰੇਨ ਸਟਰਸੋਕ ਦੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੈ ਤੇ ਇਹ ਬੀਮਾਰੀ ਮੌਤ ਦਾ ਦੂਜਾ ਵੱਡਾ ਕਾਰਨ ਬਣ ਗਈ ਹੈ। ਪੀæਜੀæਆਈ ਦੀ ਐਮਰਜੰਸੀ ਵਿਚ ਇਸ ਬਿਮਾਰੀ ਦੇ ਹਰ ਰੋਜ਼ ਤਿੰਨ ਤੋਂ ਚਾਰ ਮਰੀਜ਼ ਆ ਰਹੇ ਹਨ। ਨਿਊਰੋਲੌਜੀ ਵਿਭਾਗ ਦੇ ਡਾਕਟਰਾਂ ਦਾ ਮੰਨਣਾ ਹੈ ਕਿ ਇਹ ਬਿਮਾਰੀ ਪੰਜਾਬ ਵਿਚ ਇਸੇ ਕਰਕੇ ਵੀ ਵੱਧ ਮਾਰੂ ਸਿੱਧ ਹੋ ਰਹੀ ਹੈ ਕਿਉਂਕਿ ਇਥੇ ਮੁਫ਼ਤ ਇਲਾਜ ਦੀ ਸਹੂਲਤ ਨਹੀਂ ਹੈ। ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਦਿੱਲੀ ਦੀਆਂ ਸਰਕਾਰਾਂ ਵੱਲੋਂ ਬਰੇਨ ਸਟਰੋਕ ਦਾ ਇਲਾਜ ਮੁਫ਼ਤ ਕੀਤਾ ਗਿਆ ਹੈ। ਵਿਭਾਗ ਦੇ ਡਾਕਟਰਾਂ ਨੇ ਸਾਂਝੇ ਤੌਰ ‘ਤੇ ਪੰਜਾਬ ਸਰਕਾਰ ਨੂੰ ਬਰੇਨ ਸਟਰੋਕ ਦਾ ਇਲਾਜ ਮੁਫ਼ਤ ਕਰਨ ਦੀ ਅਪੀਲ ਕੀਤੀ ਹੈ।
ਉਨ੍ਹਾਂ ਨੇ ਬਿਮਾਰੀ ਦੇ ਇਲਾਜ ਦਾ ਔਸਤਨ ਖ਼ਰਚ 60 ਹਜ਼ਾਰ ਰੁਪਏ ਦੱਸਿਆ ਹੈ। ਪੰਜਾਬ ਵਿਚ ਵੱਡੀ ਗਿਣਤੀ ਮਰੀਜ਼ ਇਲਾਜ ਦਾ ਖ਼ਰਚ ਅਦਾ ਨਾ ਕਰ ਸਕਣ ਕਾਰਨ ਹਸਪਤਾਲਾਂ ਵਿਚ ਦਾਖ਼ਲ ਹੋਣ ਤੋਂ ਟਾਲਾ ਵੱਟ ਰਹੇ ਹਨ। ਅਧਿਐਨ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਦਿਲ ਦਾ ਰੋਗ ਬਰੇਨ ਅਟੈਕ ਦਾ ਕਾਰਨ ਬਣਨ ਲੱਗਾ ਹੈ। ਬਰੇਨ ਸਟਰੋਕ ਦੇ 35 ਤੋਂ 40 ਫ਼ੀਸਦ ਮਰੀਜ਼ਾਂ ਨੂੰ ਦਿਲ ਦੀ ਬੀਮਾਰੀ ਨਿਕਲ ਰਹੀ ਹੈ। ਦਿਲ ਦੀਆਂ ਨਸਾਂ ਵਿਚ ਖ਼ੂਨ ਦੀ ਗਤੀ ਵਿਚ ਰੁਕਾਵਟ ਬਣਨ ਵਾਲੇ ਗਤਲੇ ਦਿਮਾਗ਼ ਤੱਕ ਵੀ ਪੁੱਜਣ ਲੱਗ ਪੈਂਦੇ ਹਨ। ਬਰੇਨ ਸਟਰੋਕ ਦੇ ਦੁਬਾਰਾ ਹੋਣ ਦੇ ਵੀ ਵਧੇਰੇ ਆਸਾਰ ਹੁੰਦੇ ਹਨ।
ਵਿਭਾਗ ਦੇ ਮੁਖੀ ਡਾਕਟਰ ਐਸ਼ ਪ੍ਰਭਾਕਰ ਦਾ ਕਹਿਣਾ ਹੈ ਕਿ ਬਰੇਨ ਸਟਰੋਕ ਬਿਮਾਰੀ ਦਾ ਇਲਾਜ 48 ਘੰਟਿਆਂ ਦੇ ਅੰਦਰ-ਅੰਦਰ ਹੋਣਾ ਜ਼ਰੂਰੀ ਹੈ। ਇਸ ਤੋਂ ਦੇਰ ਹੋਣ ਦੀ ਸੂਰਤ ਵਿਚ ਅੰਗਾਂ ਦੇ ਜਾਣ ਦੇ ਆਸਾਰ ਵਧ ਜਾਂਦੇ ਹਨ। ਬਿਮਾਰੀ ਦਾ ਹਮਲਾ ਹੋ ਜਾਣ ਤੋਂ ਬਾਅਦ ਹਰ ਇਕ ਮਿੰਟ ਵਿਚ ਦਿਮਾਗ਼ ਦੇ 19 ਲੱਖ ਸੈੱਲ ਖ਼ਤਮ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦਾ ਇਲਾਜ ਮੁਢਲੀ ਸਟੇਜ ‘ਤੇ ਦਵਾਈਆਂ ਨਾਲ ਸੰਭਵ ਹੈ ਤੇ ਉਸ ਤੋਂ ਬਾਅਦ ਅਪਰੇਸ਼ਨ ਦੀ ਨੌਬਤ ਆਉਂਦੀ ਹੈ। ਕਲੌਟ ਨੂੰ ਬਾਹਰ ਕੱਢਣ ਲਈ ਐਂਜੋਗ੍ਰਾਫੀ ਦੀ ਸਹੂਲਤ ਵੀ ਦਿੱਤੀ ਗਈ ਹੈ ਪਰ ਇਹ ਵਿਧੀ ਮਹਿੰਗੀ ਹੋਣ ਕਰਕੇ ਅਪਰੇਸ਼ਨ ਵਧਰੇ ਪ੍ਰਚਲਤ ਹੈ।
ਔਰਤਾਂ ਨਾਲੋਂ ਪੁਰਸ਼ਾਂ ਨੂੰ ਇਹ ਬਿਮਾਰੀ ਵਧੇਰੇ ਲੱਗ ਰਹੀ ਹੈ ਪਰ ਉਮਰ ਦੇ ਹਿਸਾਬ ਨਾਲ ਸਰੀਰ ਵਿਚ ਬਦਲਾਅ ਆਉਣ ਤੋਂ ਬਾਅਦ ਮਹਿਲਾਵਾਂ ਵੀ ਇਸ ਦਾ ਸ਼ਿਕਾਰ ਹੋਣ ਲੱਗਦੀਆਂ ਹਨ। ਪੰਜਾਬੀਆਂ ਦੀ ਬਦਲ ਰਹੀ ਜੀਵਨ ਸ਼ੈਲੀ ਬਰੇਨ ਸਟਰੋਕ ਦੇ ਵਧਣ ਦਾ ਕਾਰਨ ਬਣ ਰਿਹਾ ਹੈ।
Leave a Reply