ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗਬੰਦੀ ਦਾ ਟਰੰਪ ਵਲੋਂ ਐਲਾਨ

ਤਹਿਰਾਨ:ਈਰਾਨ ‘ਤੇ ਹਮਲੇ ਦੇ ਗਿਆਰ੍ਹਵੇਂ ਅਤੇ ਬਾਰ੍ਹਵੇਂ ਦਿਨ ਇਜ਼ਰਾਈਲ ਨੇ ਈਰਾਨ ਦੇ ਹਵਾਈ ਅੱਡਿਆਂ, ਫ਼ੌਜੀ ਟਿਕਾਣਿਆਂ, ਤਹਿਰਾਨ ਦੀ ਏਵਿਨ ਜੇਲ੍ਹ ਅਤੇ ਘਰੇਲੂ ਮਾਮਲਿਆਂ ‘ਤੇ ਕਾਰਵਾਈ ਕਰਨ ਵਾਲੀ ਰੈਵੇਲਿਊਸ਼ਨਰੀ ਗਾਰਡ ਦੀ ਸ਼ਾਖਾ ਦੇ ਹੈੱਡਕੁਆਰਟਰ ਨੂੰ ਨਿਸ਼ਾਨ ਬਣਾਉਣ ਦੀਆਂ ਖਬਰਾਂ ਆਈਆਂ।

ਨਾਲ ਹੀ ਫੋਰਡੋ ਤੇ ਨਾਤਾਂਜ ਦੇ ਪਰਮਾਣੂ ਪਲਾਂਟਾਂ ‘ਤੇ ਵੀ ਬੰਬਾਰੀ ਕੀਤੀ ਗਈ। ਇਨ੍ਹਾਂ ਦੋਵੇਂ ਪਰਮਾਣੂ ਪਲਾਂਟਾਂ ‘ਤੇ ਅਮਰੀਕਾ ਨੇ 14 ਵਿਨਾਸ਼ਕਾਰੀ ਬੰਕਰ ਬਸਟਰ ਬੰਬ ਸੁੱਟੇ ਸਨ। ਕੌਮਾਂਤਰੀ ਪਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਦੇ ਪ੍ਰਮੁੱਖ ਰਫਾਏਲ ਗ੍ਰੋਸੀ ਨੇ ਦੋਵਾਂ ਹੀ ਪਰਮਾਣੂ ਪਲਾਂਟਾਂ ਨੂੰ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਜਾਹਰ ਕੀਤਾ ਹੈ। ਈਰਾਨ ‘ਤੇ ਅਮਰੀਕਾ ਦੇ ਹਮਲੇ ਅਤੇ ਈਰਾਨ ਦੇ ਸਟ੍ਰੇਟ ਆਫ ਹੋਰਮੁਜ ਬੰਦ ਕਰਨ ਦੇ ਸੰਕੇਤ ਤੋਂ ਬਾਅਦ ਸੋਮਵਾਰ ਨੂੰ ਕੱਚੇ ਤੇਲ ਦਾ ਮੁੱਲ ਉਛਲ ਕੇ 80 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ।
ਈਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਕਤਰ ਵਿੱਚਲੇ ਅਮਰੀਕੀ ਟਿਕਾਣਿਆਂ ਉਤੇ ਤਾਬੜਤੋੜ ਹਮਲੇ ਕੀਤੇ। ਇਸ ਗਹਿਗੱਚ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਦੋਵੇਂ ਦੇਸ਼ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਉਸ ਨੇ ਟਵੀਟ ਵਿੱਚ ਲਿਖਿਆ, “ਸਭ ਨੂੰ ਵਧਾਈਆਂ!ਇਸ ਗੱਲ ਤੇ ਪੂਰੀ ਤਰ੍ਹਾਂ ਸਹਿਮਤੀ ਹੋ ਚੁੱਕੀ ਹੈ ਕਿ ਇਜ਼ਰਾਈਲ ਅਤੇ ਈਰਾਨ ਦਰਮਿਆਨ ਇੱਕ ਪੂਰਾ ਅਤੇ ਸੰਪੂਰਨ ਸੀਜ਼ ਫਾਇਰ ਹੋਵੇਗਾ। ਇਸ ਪੋਸਟ ਤੋਂ ਲਗਭਗ ਛੇ ਘੰਟਿਆਂ ਬਾਅਦ ਜਦੋਂ ਇਜ਼ਰਾਈਲ ਅਤੇ ਇਰਾਨ ਆਪਣੇ ਚੱਲ ਰਹੇ ਮਿਸ਼ਨਾਂ ਨੂੰ ਖਤਮ ਕਰ ਲੈਣਗੇ, ਇਸ ਤੋਂ ਬਾਅਦ 12 ਘੰਟਿਆਂ ਲਈ ਲੜਾਈ ਰੁਕ ਜਾਵੇਗੀ ਅਤੇ ਇਹ ਯੁੱਧ ਸਮਾਪਤ ਮੰਨਿਆ ਜਾਵੇਗਾ। ਅਧਿਕਾਰਿਕ ਤੌਰ ਤੇ ਈਰਾਨ ਪਹਿਲਾਂ ਸੀਜ਼ ਫਾਇਰ ਦੀ ਸ਼ੁਰੂਆਤ ਕਰੇਗਾ ਅਤੇ 12 ਘੰਟਿਆਂ ਬਾਅਦ ਇਜ਼ਰਾਈਲ ਵੀ ਸੀਜ਼ ਫਾਇਰ ਸ਼ੁਰੂ ਕਰੇਗਾ। 24 ਘੰਟਿਆਂ ਵਿਚ ਇਸ ਯੁੱਧ ਦਾ ਅਧਿਕਾਰਤ ਅੰਤ ਹੋਵੇਗਾ। ਜਿਸ ਨੂੰ ਦੁਨੀਆਂ ਭਰ ਵਿੱਚ 12 ਦਿਨਾਂ ਦੇ ਯੁੱਧ ਦੇ ਤੌਰ ਤੇ ਯਾਦ ਕੀਤਾ ਜਾਵੇਗਾ। ਹਰ ਸੀਜ਼ ਫਾਇਰ ਦੌਰਾਨ ਦੂਜੀ ਪਾਰਟੀ ਸ਼ਾਂਤਮਈ ਸਤਿਕਾਰਯੋਗ ਵਿਵਹਾਰ ਕਰੇਗੀ। ਜੇਕਰ ਹਰ ਚੀਜ਼ ਯੋਜਨਾ ਅਨੁਸਾਰ ਚੱਲੀ ਜੋ ਕਿ ਚੱਲੇਗੀ, ਤਾਂ ਮੈਂ ਇਜ਼ਰਾਈਲ ਅਤੇ ਈਰਾਨ ਦੋਵਾਂ ਦੇਸ਼ਾਂ ਨੂੰ ਹੌਸਲੇ, ਹਿੰਮਤ ਅਤੇ ਅਕਲਮੰਦੀ ਲਈ ਵਧਾਈ ਦਿੰਦਾ ਹਾਂ, ਜਿਨਾਂ ਨੇ ਇਸ ਯੁੱਧ ਨੂੰ ਖਤਮ ਕੀਤਾ। ਇਹ ਇੱਕ ਅਜਿਹਾ ਯੁੱਧ ਸੀ, ਜੋ ਸਾਲਾਂ ਤੱਕ ਚੱਲ ਸਕਦਾ ਸੀ ਅਤੇ ਪੂਰੇ ਮਧ-ਪੂਰਬ ਨੂੰ ਤਬਾਹ ਕਰ ਸਕਦਾ ਸੀ। ਪਰ ਐਸਾ ਨਹੀਂ ਹੋਇਆ ਅਤੇ ਹੁਣ ਕਦੇ ਵੀ ਅਜਿਹਾ ਨਹੀਂ ਹੋਵੇਗਾ। ਖੁਦਾ ਇਜ਼ਰਾਈਲ ਨੂੰ ਅਸ਼ੀਰਵਾਦ ਦੇਵੇ, ਇਰਾਨ ਨੂੰ ਅਸ਼ੀਰਵਾਦ ਦੇਵੇ, ਮੱਧ ਪੂਰਬ ਨੂੰ ਅਸ਼ੀਰਵਾਦ ਦੇਵੇ, ਅਮਰੀਕਾ ਨੂੰ ਆਸ਼ੀਰਵਾਦ ਦੇਵੇ ਅਤੇ ਸਾਰੀ ਦੁਨੀਆਂ ਨੂੰ ਅਸ਼ੀਰਵਾਦ ਦੇਵੇ“। ਇਸ ਤੋਂ ਪਹਿਲਾਂ ਉਸਨੇ ਅਚਨਚੇਤ ਭਾਰਤ ਅਤੇ ਪਾਕਿਸਤਾਨ ਦੀ ਚਾਰ ਦਿਨਾਂ ਦੀ ਜੰਗ ਬਾਰੇ ਵੀ ਸੀਜ਼ ਫਾਇਰ ਐਲਾਨ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਦੋਵੇਂ ਦੇਸ਼ ਸਹਿਮਤ ਹੋ ਗਏ ਹਨ। ਇੱਥੇ ਵੀ ਉਹਨੇ ਇੱਕ ਰੈਫਰੀ ਦੀ ਭੂਮਿਕਾ ਵਾਂਗ ਵੀ ਦੋਵਾਂ ਦੇਸ਼ਾਂ ਦੇ ਯੁੱਧ ਸਮਾਪਤ ਹੋਣ ਦੀ ਘੋਸ਼ਣਾ ਕੀਤੀ ਹੈ। ਇਹਦੇ ਵਿੱਚ ਉਹਨੇ ਆਪਣਾ ਕੋਈ ਜ਼ਿਕਰ ਨਹੀਂ ਕੀਤਾ ਕਿ ਅਸੀਂ ਵੀ ਈਰਾਨ ਉਤੇ ਵੱਡੇ ਹਮਲੇ ਕੀਤੇ, ਦੁਨੀਆ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਬੰਬ ਈਰਾਨ ਉਤੇ ਸੁੱਟੇ । ਲੇਕਿਨ ਉਸ ਨੇ ਕਿਹਾ ਹੁਣ ਇਹ ਅੱਗੇ ਤੋਂ ਕਦੇ ਨਹੀਂ ਹੋਏਗਾ। ਉਹ ਇਹ ਵੀ ਐਲਾਨ ਕਰ ਰਿਹਾ ਕਿ ਅੱਗੇ ਤੋਂ ਹੁਣ ਇਹ ਯੁੱਧ ਨਹੀਂ ਹੋਵੇਗਾ।
ਇਸ ਐਲਾਨ ਤੋਂ ਪਹਿਲਾਂ ਦੇ ਘਟਨਾਕ੍ਰਮ ਅਨੁਸਾਰ
ਤਹਿਰਾਨ ਦੀ ਜਿਸ ਏਵਿਨ ਜੇਲ੍ਹ ਦੇ ਮੁੱਖ ਦੁਆਰ ‘ਤੇ ਇਜ਼ਰਾਈਲ ਨੇ ਹਵਾਈ ਹਮਲਾ ਕਰ ਕੇ ਉਸ ਨੂੰ ਨੁਕਸਾਨ ਪਹੁੰਚਾਇਆ ਹੈ ਉਹ ਸਰਕਾਰ ਵਿਰੋਧੀ ਅੰਦੋਲਨਕਾਰੀਆਂ ਨੂੰ ਕੈਦ ਕਰ ਕੇ, ਉਨ੍ਹਾਂ ‘ਤੇ ਤਸ਼ੱਦਦ ਲਈ ਬਦਨਾਮ ਹੈ। ਇਸ ਵਿਚ 1979 ਦੀ ਇਸਲਾਮਿਕ ਕ੍ਰਾਂਤੀ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਬਹੁਤ ਸਾਰੇ ਲੋਕਾਂ ਨੂੰ ਦਹਾਕਿਆਂ ਤੱਕ ਰੱਖਿਆ ਗਿਆ ਸੀ।
ਇਜ਼ਰਾਈਲੀ ਜਹਾਜ਼ਾਂ ਨੇ ਰੈਵੇਲਿਊਸ਼ਨਰੀ ਗਾਰਡ ਕਮਾਂਡ ਸੈਂਟਰ ਨੂੰ ਵੀ ਨਿਸ਼ਾਨਾ ਬਣਾਇਆ। ਇਹ ਸੈਂਟਰ ਈਰਾਨ ਦੀ ਅੰਦਰੂਨੀ ਸੁਰੱਖਿਆ ਲਈ ਜ਼ਿੰਮੇਦਾਰ ਬਲ ਦਾ ਪ੍ਰਮੁੱਖ ਟਿਕਾਣਾ ਹੈ। ਇਜ਼ਰਾਈਲ ਨੇ ਤਹਿਰਾਨ ਦੇ ਇਕ ਬਿਜਲੀ ਘਰ ਨੂੰ ਵੀ ਨਿਸ਼ਾਨਾ ਬਣਾਇਆ ਹੈ, ਜਿਸ ਵਜ੍ਹਾ ਨਾਲ ਈਰਾਨੀ ਰਾਜਧਾਨੀ ਦੇ ਕਈ ਇਲਾਕਿਆਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਫੋਰਡੋ ਨੂੰ ਕੋਮ ਨਾਲ ਜੋੜਨ ਵਾਲੀ ਮੁੱਖ ਸੜਕ ਅਤੇ ਕੁਝ ਹੋਰ ਮਾਰਗਾਂ ਨੂੰ ਇਜ਼ਰਾਈਲ ਨੇ ਹਮਲੇ ਨਾਲ ਤਬਾਹ ਕਰ ਦਿੱਤਾ ਹੈ। ਈਰਾਨ ‘ਤੇ ਇਹ ਹਮਲੇ 50 ਤੋਂ ਵੱਧ ਇਜ਼ਰਾਇਲੀ ਲੜਾਕੂ ਜਹਾਜ਼ਾਂ ਨੇ ਅੰਜਾਮ ਦਿੱਤੇ। ਇਜ਼ਰਾਈਲ ਦੇ ਰੱਖਿਆ ਮੰਤਰੀ ਇਜ਼ਰਾਈਲ ਕਾਟਜ ਨੇ ਕਿਹਾ ਹੈ ਕਿ ਫ਼ੌਜ ਹੁਣ ਈਰਾਨ ਦੀ ਉਸ ਸਰਕਾਰੀ ਮਸ਼ੀਨਰੀ ਨੂੰ ਨਿਸ਼ਾਨਾ ਬਣਾ ਰਹੀ ਹੈ, ਜੋ ਇਜ਼ਰਾਈਲ ਵਿਰੋਧੀ ਸਰਗਰਮੀਆਂ ਅਤੇ ਆਮ ਲੋਕਾਂ ਖ਼ਿਲਾਫ਼ ਕੰਮ ਕਰਦੀ ਹੈ। ਇਜ਼ਰਾਈਲ ‘ਤੇ ਈਰਾਨ ਦੇ ਹਮਲੇ ਵੀ ਜਾਰੀ ਹਨ। ਐਤਵਾਰ ਨੂੰ ਅਮਰੀਕਾ ਦੇ ਹਮਲੇ ਤੋਂ ਬਾਅਦ ਈਰਾਨ ਦੇ ਨਿਸ਼ਾਨੇ ‘ਤੇ ਇਜ਼ਰਾਈਲ ਦੀ ਰਾਜਧਾਨੀ ਤਲ ਅਵੀਵ, ਹਾਈਫਾ ਅਤੇ ਹੋਰ ਪ੍ਰਮੁੱਖ ਸ਼ਹਿਰ ਸਨ।
ਪੁਤਿਨ ਨੇ ਕਿਹਾ, “ਅਸੀਂ ਈਰਾਨ ਨਾਲ ਹਾਂ“
ਮਾਸਕੋ: ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਨੇ ਕਿਹਾ ਹੈ ਕਿ ਅਮਰੀਕਾ ਦੇ ਹਮਲੇ ਨੇ ਦੁਨੀਆ ਨੂੰ ਬਹੁਤ ਵੱਡੇ ਖ਼ਤਰੇ ਵੱਲ ਧੱਕ ਦਿੱਤਾ ਹੈ, 7 ਉਹ ਈਰਾਨੀ ਲੋਕਾਂ ਦੀ ਮਦਦ ਕਰਨਗੇ ਪਰ ਇਹ ਮਦਦ ਕਿਸ ਤਰ੍ਹਾਂ ਦੀ ਹੋਵੇਗੀ ਰੂਸੀ ਰਾਸ਼ਟਰਪਤੀ ਨੇ ਸਪਸ਼ਟ ਨਹੀਂ ਕੀਤਾ। ਚੇਤੇ ਰਹੇ ਕਿ ਐਤਵਾਰ ਨੂੰ ਅਮਰੀਕੀ ਹਮਲੇ ਤੋਂ ਬਾਅਦ ਰੂਸ ਦੇ ਸਾਬਕਾ ਰਾਸ਼ਟਰਪਤੀ ਤੇ ਪੁਤਿਨ ਦੇ ਖ਼ਾਸ ਦਮਿਤਰੀ ਮੇਦਵੇਦੇਵ ਨੇ ਕਿਹਾ ਸੀ ਕਿ ਦੁਨੀਆ ਦੇ ਕਈ ਦੇਸ਼ ਈਰਾਨ ਨੂੰ ਪਰਮਾਣੂ ਹਥਿਆਰ ਦੇਣ ਲਈ ਤਿਆਰ ਹਨ।