ਬਿੱਲੀ ਦੀ ਪੂਛ

ਭਾਰਤ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਜੁਝਾਰੂ ਗਦਰੀਆਂ ਬਾਰੇ ਛਾਪੀ ਜਾ ਰਹੀ ਲੇਖ ਲੜੀ ‘ਗਦਰੀ ਬਾਬੇ ਕੌਣ ਸਨ?’ ਪੜ੍ਹ ਕੇ ਅਵਤਾਰ ਗੋਂਦਾਰਾ ਨੇ ਆਪਣੀ ਇਹ ਲੰਮੀ ਟਿੱਪਣੀ ‘ਪੰਜਾਬ ਟਾਈਮਜ਼’ ਵਿਚ ਛਪਣ ਲਈ ਘੱਲੀ ਹੈ। ਇਹ ਟਿੱਪਣੀ ਕਈ ਪੱਖਾਂ ਤੋਂ ਬੜੀ ਦਿਲਚਸਪ ਹੈ। ਇਸ ਟਿੱਪਣੀ ਵਿਚ ਉਨ੍ਹਾਂ ਕਿਸੇ ਦਾ ਵੀ ਲਿਹਾਜ਼ ਨਹੀਂ ਕੀਤਾ ਅਤੇ ਉਨ੍ਹਾਂ ਨੇ ਪੰਜਾਬ ਦੀ ਸਿਆਸਤ ਨਾਲ ਸਬੰਧਤ ਕੁਝ ਪ੍ਰਸੰਗ ਸਾਂਝੇ ਕੀਤੇ ਹਨ। ਇਸ ਲਿਖਤ ਵਿਚ ਉਨ੍ਹਾਂ ਨੇ ਗਦਰੀਆਂ ਬਾਰੇ ਤਾਂ ਭਾਵੇਂ ਸਿੱਧੀਆਂ ਟਿੱਪਣੀਆਂ ਨਹੀਂ ਕੀਤੀਆਂ ਪਰ ਗਦਰੀਆਂ ਦੇ ਵਾਰਿਸ ਹੋਣ ਦਾ ਦਾਅਵਾ ਕਰਨ ਵਾਲੇ ਕਾਮਰੇਡਾਂ ਅਤੇ ਸਿੱਖਾਂ ਦੀ ਸਿਆਸਤ ਦੀਆਂ ਕੁਝ ਕੁ ਪਰਤਾਂ ਜ਼ਰੂਰ ਫਰੋਲੀਆਂ ਹਨ। ਇਨ੍ਹਾਂ ਪਰਤਾਂ ਵਿਚੋਂ ਕਾਮਰੇਡਾਂ ਅਤੇ ਸਿੱਖਾਂ ਦੀ ਸਿਆਸਤ ਦਾ ਕਿਰਦਾਰ ਝਾਤੀਆਂ ਮਾਰਦਾ ਪ੍ਰਤੀਤ ਹੁੰਦਾ ਹੈ। -ਸੰਪਾਦਕ

ਅਵਤਾਰ ਗੋਂਦਾਰਾ
eਮਅਲਿ: ਗੋਨਦਅਰਅਸਅ@ੇਅਹੋ।ਚੋਮ

ਦੁਨੀਆਂ ਦੇ ਸਾਰੇ ਯੁਗ-ਪੁਰਸ਼ਾਂ ਜਾਂ ਗੁਰੂਆਂ ਦੀ ਇਕ ਗੱਲ ਸਾਂਝੀ ਹੈ। ਉਨ੍ਹਾਂ ਨੇ ਆਪਣੀ ਆਸਥਾ ਜਾਂ ਵਿਚਾਰਧਾਰਾ ਨਹੀਂ ਬਦਲੀ। ਨਾ ਇਸ ਵਿਚ ਝੋਲ ਆਉਣ ਦਿੱਤੀ, ਨਾ ਅੱਧੀ ਉਮਰ ਵਿਹਾਜ ਕੇ ਪੈਂਤੜਾ ਬਦਲਿਆ। ਆਮ ਬੰਦਾ ਇਉਂ ਨਹੀਂ ਕਰਦਾ। ਉਮਰ ਦੇ ਵਧਣ ਨਾਲ ਕਈ ਰੰਗ ਬਦਲਦਾ ਹੈ, ਬਲਕਿ ਇਕੋ ਵੇਲੇ ਹੀ ਉਹ ਕਈ ਜ਼ਿੰਦਗੀਆਂ ਭੋਗਦਾ ਹੈ। ਮੈਨੂੰ ਇਕ ਸੁਣਿਆ-ਸੁਣਾਇਆ ਟੋਟਕਾ ਯਾਦ ਆਉਂਦਾ ਹੈ। ਕਹਿੰਦੇ ਨੇ- ਬੰਦਾ ਜਦੋਂ ਜਵਾਨ ਹੁੰਦਾ ਹੈ, ਉਹ ਰਵਾਇਤਨ ਬਾਗੀ ਹੁੰਦਾ ਹੈ ਤੇ ਕਾਮਰੇਡਾਂ ਨਾਲ ਜਾ ਰਲਦਾ ਹੈ; ਫਿਰ ਜਦੋਂ ਵਿਆਹਿਆ ਜਾਂਦਾ ਹੈ, ਅਕਾਲੀ, ਕਾਂਗਰਸੀ ਜਾਂ ਮੁੱਖ ਧਾਰਾ ਦੀ ਕਿਸੇ ਪਾਰਟੀ ਨਾਲ ਜਾ ਖੜ੍ਹਦਾ ਹੈ; ਜੁਆਕ ਜਦੋਂ ਆਖਾ ਮੰਨਣੋਂ ਹਟ ਜਾਣ ਤਾਂ ਉਹ ਅਧਿਆਤਮ ਵੱਲ ਮੂੰਹ ਕਰ ਲੈਂਦਾ ਹੈ। ਆਪਣੀ ਮੌਕਾਪ੍ਰਸਤੀ ਉਸ ਨੂੰ ‘ਵਿਗਾਸ’ ਲਗਦੀ ਹੈ।
ਦੁਨੀਆਂਦਾਰੀ ਵਿਚ ਵਿਚਰਦਿਆਂ ਕਈ ਰੰਗਾਂ ਦੇ ਆਗੂਆਂ ਨਾਲ ਵਾਹ ਪਿਆ- ਅਕਾਲੀ, ਕਾਂਗਰਸੀ, ਜਨਤਾ ਦਲੀਏ, ਦਲਿਤਾਂ ਦੇ ਮਸੀਹਾ ਤੇ ਬਹੁਤੇ ਕਮਿਊਨਿਸਟ। Aਾਪੋ-ਆਪਣੇ ਪੈਰੋਕਾਰਾਂ ਨੂੰ ਸੁਫਨੇ ਵੇਚਣ ਦੇ ਮਾਹਰ। ਕਦੇ ਉਨ੍ਹਾਂ ਦਾ ਆਪਸੀ ਜਾਬਾਂ ਦਾ ਭੇੜ ਵੀ ਹੁੰਦਾ। ਮੈਂ ਵੀ ਵਿਚ ਰਲ ਜਾਂਦਾ। ਪੈਂਤੜੇ ਬਦਲਣ ਵਿਚ ਪੰਜਾਬ ਵਿਚਲੇ ਬਹੁਤੇ ਕਾਮਰੇਡਾਂ ਨੇ ਬਾਜ਼ੀਗਰਾਂ ਨੂੰ ਵੀ ਮਾਤ ਪਾਇਆ ਹੈ। ਬਹੁਤੇ ਸਿੱਖ ਘਰਾਂ ਦੇ ਜੰਮਪਲ ਸਨ। ਉਨ੍ਹਾਂ ਵਿਚ ਨਿਹੰਗਪੁਣਾ ਵੀ ਹੈ। ਉਹ ਗੱਲ ਸਮਝਾਉਣ ਦੀ ਬਜਾਏ, ਮਨਾਉਣ ‘ਚ ਜ਼ਿਆਦਾ ਯਕੀਨ ਕਰਦੇ ਹਨ। ਸ਼ਾਇਦ ਕਦੇ ਕੋਈ, ਇਸ ਬਾਰੇ ਖੋਜ-ਨਿਬੰਧ ਲਿਖੇ ਕਿ ਪੰਜਾਬੀ ਕਾਮਰੇਡ ਕਿਰਤੀ/ਕਿਰਤ ਦੀ ਮੁਕਤੀ ਦਾ ਔਖਾ ਰਾਹ ਛੱਡ ਕੇ ‘ਆਤਮਿਕ ਮੁਕਤੀ’ ਲਈ ਇਧਰ-ਉਧਰ ਦੀਆਂ ਪਾਰਟੀਆਂ, ਸ਼ੋਬਿਆਂ ਦੇ ਬਣੇ-ਬਣਾਏ ਗਾਡੀ ਰਾਹਾਂ ‘ਤੇ ਕਿਉਂ ਚੜ੍ਹ ਗਏ?
ਇਕ ਦਿਨ ਮੇਰੇ ਕਚਹਿਰੀ ਵਾਲੇ ਚੈਂਬਰ ‘ਤੇ ਬਹਿਸ ਹੋ ਰਹੀ ਸੀ। ਇਕ ਪਾਸੇ ਫਰੀਦਕੋਟ ਏਰੀਏ ਦਾ ਇਕ ਕਾਮਰੇਡ, ਦੂਜੇ ਪਾਸੇ ਕਮਿਊਨਿਸਟਾਂ ਨਾਲੋਂ ਵਿਚਾਰਧਾਰਕ ਤੋੜ-ਵਿਛੋੜਾ ਕਰ ਚੁੱਕੇ ਆਗੂ ਸਰਾਫ (ਆਰæਪੀæ ਸਰਾਫ) ਦੇ ਪੈਰੋਕਾਰ। ਮੁੱਦਾ ਸੀ, ਰੂਸੀ ਫੌਜ ਦੀ ਅਫਗਾਨਿਸਤਾਨ ਵਿਚ ਮੌਜੂਦਗੀ। ਸਰਾਫ ਦੇ ਸਮਰਥਕ ਕਹਿ ਰਹੇ ਸਨ ਕਿ ਫੌਜ ਦਾ ਉਥੇ ਹੋਣਾ ਗਲਤ ਹੈ। ਇਹ ਇਕ ਮੁਲਕ ਦੀ ਦੂਜੇ ਮੁਲਕ ਵਿਚ ਦਖਲਅੰਦਾਜ਼ੀ ਹੈ। ਰੂਸ ਵੀ ਅਮਰੀਕਾ ਨਾਲੋਂ ਘੱਟ ਧਕੜ ਨਹੀਂ, ਰੂਸ ਸੋਸ਼ਲ ਇੰਪਰੀਏਲਿਸਟ ਹੈ। ਬਹਿਸ ਲੰਮਾ ਸਮਾਂ ਚੱਲੀ। ਇਸ ਦੌਰਾਨ ਕਈ ਵਾਰ ਚਾਹ ਮੰਗਵਾਉਣੀ ਪਈ। ਕੁੜਿਤਣ ਵਧਦੀ ਦੇਖ ਕੇ ਮੈਂ ਦੋਹਾਂ ਧਿਰਾਂ ਨੂੰ ਗੱਲ ਨਿਬੇੜਨ ਲਈ ਕਿਹਾ ਪਰ ਸਰਾਫ ਵਾਲੀ ਧਿਰ ਕਾਮਰੇਡ ਨੂੰ ਹਰਾਉਣ ਲਈ ਬਜ਼ਿਦ ਸੀ। ਗੱਲ ਸਿਰੇ ਨਾ ਲਗਦੀ ਵੇਖ ਕੇ ਕਾਮਰੇਡ ਕਹਿਣ ਲੱਗਾ- ‘ਯਾਰ ਰੂਸੀ ਫੌਜਾਂ ਤਾਂ ਉਥੇ ਹੀ ਰਹਿਣਗੀਆਂ, ਤੁਸੀਂ ਜਿਹੜੀ ਪੂਛ ਪੱਟਣੀ ਹੈ ਪੱਟ ਲਵੋ!’ ਗੱਲ ਹਾਸੇ ‘ਚ ਪੈ ਗਈ। ਬਹਿਸ ਯਕ ਦਮ ਖਤਮ ਹੋ ਗਈ। ਝੋਲੇ ਚੁੱਕ ਕੇ ਸਾਰੇ ਆਪੋ-ਆਪਣੀਆਂ ਦਿਸ਼ਾਵਾਂ ਵੱਲ ਚਲੇ ਗਏ।
ਮੇਰਾ ਇਕ ਕੁਲੀਗ ਕਰਮਜੀਤ ਧਾਲੀਵਾਲ ਕਾਮਰੇਡਾਂ ਦਾ ਪੱਖ ਬਾਖੂਬੀ ਪੂਰ ਸਕਦਾ ਹੈ। ਇਕ ਦਿਨ ਉਸ ਨੂੰ ਇਕ ਕਾਂਗਰਸੀ ਕਹਿੰਦਾ- ‘ਥੋਡੀ ਪਾਰਟੀ ਨੂੰ ਇਕ ਸਦੀ ਹੋਗੀ ਕੰਮ ਕਰਦਿਆਂ; ਇਨਕਲਾਬ ਤਾਂ ਕੀ, ਉਸ ਦਾ ਦੂਰ ਕਿਧਰੇ ਧੂੰਆਂ ਵੀ ਨਹੀਂ ਦਿਸਦਾ। ਕੀ ਫਾਇਦਾ ਅਜਿਹੀ ਪਾਰਟੀ ਦਾ?’ ਉਹ ਉਸ ਨੂੰ ਕਾਂਗਰਸ ਵਿਚ ਰਲਣ ਲਈ ਮਨਾ ਰਿਹਾ ਸੀ। ਉਸ ਗੱਲ ਨੂੰ ਹਾਸੇ ‘ਚ ਟਾਲਦਿਆਂ ਕਿਹਾ- ‘ਸਾਡੇ ਸਾਹਮਣੇ ਕੋਈ ਪਾਰਟੀ ਨ੍ਹੀਂ ਬੋਲ ਸਕਦੀ, ਤੁਸੀਂ ਵੀ ਨਹੀਂ। ਸਾਰੀਆਂ ਪਾਰਟੀਆਂ ਕਮਿਊਨਿਸਟਾਂ ਦੀਆਂ ਦੇਣਦਾਰ ਹਨ। ਉਹ ਇਕ-ਇਕ ਕਰ ਕੇ ਮਿਸਾਲਾਂ ਦੇਣ ਲੱਗਾ: ਦੇਖੋæææ ਪੰਜਾਬ ਦੇ ਪਹਿਲੇ ਮੁੱਖ ਮੰਤਰੀਆਂ ‘ਚੋਂ ਭੀਮ ਚੰਦ ਸੱਚਰ, ਕਾਮਰੇਡ ਜੈ ਕਿਸ਼ਨ, ਪੈਪਸੂ ਦਾ ਕਾਮਰੇਡ ਬ੍ਰਿਸ਼ਭਾਨ, ਕਾਮਰੇਡਾਂ ਦੀ ਸਥਾਪਤੀ ਨੂੰ ਦੇਣ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਰੂਪ ‘ਚ ਸਿੱਖਾਂ ਨੂੰ ਇਕ ਮਹਾਨ ਲੀਡਰ ਦਿੱਤਾ ਤੇ ਫਿਰ ਉਸ ਦੇ ਦੋ ਸਲਾਹਕਾਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਾਲਵਿੰਦਰ ਮਾਲੀ ਸਾਡੇ ‘ਚੋਂ ਗਏ। ਇਕ ਵਾਰ ਵਿਧਾਇਕ ਤੇ ਇਕ ਵਾਰ ਐਮæਪੀæ ਦੀ ਚੋਣ ਲੜਿਆ ਕਾਮਰੇਡ ਮੱਖਣ ਸਿੰਘ, ਅਸੀਂ ਪਹਿਲਾਂ ਅਕਾਲੀਆਂ ਨੂੰ ਦਿੱਤਾ, ਫਿਰ ਉਸ ਨੂੰ ਕਾਂਗਰਸੀਆਂ ਨੇ ਸਾਂਭ ਲਿਆ। ਬਲਦੇਵ ਬਲਮਗੜ੍ਹ ਤੇ ਪ੍ਰੋæ ਬਲਵੰਤ ਸਿੰਘ ਬਾਰੇ ਤੈਨੂੰ ਪਤਾ ਈ ਐ। ਇਹ ਤਾਂ ਪੰਜਾਬ ਦੇ ਨੇ, ਬਾਕੀ ਸੂਬਿਆਂ ‘ਚ ਵੀ ਸਾਰੀਆਂ ਪਾਰਟੀਆਂ ‘ਚ ਸਾਡੇ ਬੰਦੇ ਨੇ।’ ਸਿਆਸੀ ਪ੍ਰਾਪਤੀਆਂ ਦਾ ਇਹ ਅਜੀਬ ਤਰਕ ਸੀ। ਇਨ੍ਹਾਂ ਦੇ ਕਿੱਸੇ ਦਿਲਚਸਪ ਹਨ।
ਸਾਦਕ ਵੱਲ ਦਾ ਇਕ ਕਾਮਰੇਡ ਮੇਰੇ ਕੋਲ ਆਉਂਦਾ ਸੀ। ਉਹ ਹਮੇਸ਼ਾ ਚਿੱਟੇ ਕੱਪੜੇ ਪਾਉਂਦਾ। ਉਸ ਦੇ ਚੂੜੀਦਾਰ ਪਜਾਮਾ ਹੁੰਦਾ, ਹੱਥ ਵਿਚ ਸੋਟੀ। ਉਹ ਕਿਸਾਨ ਫਰੰਟ ‘ਤੇ ਕੰਮ ਕਰਦਾ ਸੀ। ਸਾਹਿਬੇ-ਜਾਇਦਾਦ ਸੀ। ਉਸ ਨਾਲ ਇਕ ਬੰਦਾ ਮਜ਼ਦੂਰ ਫਰੰਟ ਵਾਲਾ ਜ਼ਰੂਰ ਹੁੰਦਾ ਜਿਸ ਨੇ ਉਸ ਦਾ ਝੋਲਾ ਚੁੱਕਿਆ ਹੁੰਦਾ। ਇਕ ਦਿਨ ਉਸ ਦੇ ਰਿਸ਼ਤੇਦਾਰ ਤੇ ਉਸ ਦਰਮਿਆਨ ਹੁੰਦੀ ਗੱਲਬਾਤ ਸੁਣੀ। ਰਿਸ਼ਤੇਦਾਰ ਕਹਿੰਦਾ- ‘ਤੂੰ ਇਨ੍ਹਾਂ ਨੰਗਾਂ ਦੀ ਪਾਰਟੀ ਦਾ ਖਹਿੜਾ ਕਿਉਂ ਨ੍ਹੀਂ ਛੱਡਦਾ। ਮੈਂ ਤਾਂ ਬੜਾ ਬਚਿਆਂ। ਅਕਾਲੀ ਪਾਰਟੀ ‘ਚ ਚਲਾ ਗਿਆ ਤੇ ਪਿੰਡ ਦਾ ਸਰਪੰਚ ਹਾਂ। ਪੂਰੀ ਟੌਹਰ ਹੈ। ਤੇਰੇ ਮਗਰ ਲੱਗ ਕੇ ਮੈਂ ਐਵੇਂ ਵਿਹੜਿਆਂ ਦੀ ਧੂੜ ਛਾਣਦਾ ਰਿਹਾ।’ ਪਹਿਲਾਂ ਉਹ ਵੀ ਕਾਮਰੇਡ ਸੀ; ਫਿਰ ਕਹਿਣ ਲੱਗਾ- ‘ਪੰਜਾਬ ਵਿਚ ਮਜ਼ਦੂਰ ਹੈ ਹੀ ਕਿਹੜੇ? ਬਾਹਲੇ ਪੂਰਬੀਏ ਆ। ਉਹ ਥੋਡੇ ਮਗਰ ਨਹੀਂ ਲੱਗਣੇ। ਪਿੰਡਾਂ ਦੇ ਵਿਹੜੇ ਵਾਲਿਆਂ ਦੀਆਂ ਆਪਣੀਆਂ ਪਾਰਟੀਆਂ ਹਨ, ਉਹ ਜੱਟ ਕਾਮਰੇਡਾਂ ‘ਤੇ ਊਂ ਹੀ ਵਿਸਾਹ ਨ੍ਹੀਂ ਖਾਂਦੇ। ਲੈ-ਦੇ ਕੇ ਜ਼ਿੰਮੀਦਾਰ ਹੀ ਰਹਿ ਗਏ। ਉਹ ਕਾਮਰੇਡਾਂ ਮਗਰ ਨ੍ਹੀਂ ਲਗਦੇ। ਮੁਜਾਰਾ ਲਹਿਰ ਹੀ ਦੇਖ ਲੈ। ਜਦੋਂ ਜ਼ਮੀਨਾਂ ਮਿਲ ਗਈਆਂ, ਕਾਮਰੇਡਾਂ ਦਾ ਖਹਿੜਾ ਛੱਡ ਗਏ; ਕੋਈ ਅਕਾਲੀਆਂ ਨਾਲ ਜਾ ਰਲਿਆ, ਕੋਈ ਕਾਂਗਰਸੀ ਬਣ ਗਿਆ। ਇਹ ਥੋਡੇ ‘ਕਿਰਤ ਦੀ ਮੁਕਤੀ’ ਦੇ ਸਿਧਾਂਤ ਨਾਲ ਕੱਠੇ ਨ੍ਹੀਂ ਹੁੰਦੇ। ਕੁਝ ਆਵਦੀ ਕਰ ਕੇ ਖਾਂਦੇ ਜਾਂ ਕੁਝ ਵਿਹੜੇ ਵਾਲਿਆਂ ਜਾਂ ਭਈਆਂ ਦੇ ਸਿਰ ‘ਤੇ ਐਸ਼ ਕਰਦੇ ਆ। ਇਨ੍ਹਾਂ ਨੂੰ ਕਿਰਤ ਦੀ ਲੁੱਟ ਦਾ ਹੇਰਵਾ ਨਹੀਂ। ਇਹ ‘ਮੁੱਛ’ ਜਾਂ ‘ਪਛਾਣ’ ਪਿੱਛੇ ਮਰ ਸਕਦੇ ਆ। ਇਸ ਦੇ ਖੁੱਸਣ ਦਾ ਡਰ ਦਿਖਾ ਕੇ ਜਿਵੇਂ ਮਰਜ਼ੀ ਮਗਰ ਲਾ ਲੋ। ਇਹੀ ਹੈ ਪੰਜਾਬ ਦੀ ਰਣਨੀਤੀ।’ ਗੱਲ ਨੂੰ ਵਿਸਥਾਰ ਦਿੰਦਿਆਂ ਕਹਿਣ ਲੱਗਾ- ‘ਬਾਈ, ਨਾਲੇ ਖੇਤਰੀ ਸਿਆਸਤ ਕਰਨ ਵਾਲੇ ਕੇਂਦਰ ਵਾਲਿਆਂ ਨੂੰ ਵੀ ਬੜੇ ਰਾਸ ਆਉਂਦੇ ਹਨ। ਜਿੰਨੇ ਮਰਜ਼ੀ ਮਿਲੀਟੈਂਟ ਬਣ ਜਾਣ। ‘ਕੱਲਿਆਂ-‘ਕੱਲਿਆਂ ਨੂੰ ਕੁੱਟਣਾ ਸੌਖਾ ਹੈ; ਅਸਾਮੀ ਹੋਣ ਭਾਵੇਂ ਬੋਡੋ, ਤੇ ਭਾਵੇਂ ਨਾਗੇ ਜਾਂ ਖਾਲਸਤਾਨੀ! ਤੇ ਦੇਖ ਲੈ, ਹਿੰਦੂ ਰਾਸ਼ਟਰਵਾਦੀਆਂ ਨੇ ਸਾਨੂੰ (ਅਕਾਲੀਆਂ ਨੂੰ) ਕਿਵੇਂ ਗਲ ਲਾ ਕੇ ਰੱਖਿਆ ਹੋਇਐ।
ਦੂਜੇ ਬੰਨੇ, ਕਾਮਰੇਡ ਵੀ ਹਥਿਆਰ ਸੁੱਟਣ ਵਾਲਾ ਨਹੀਂ ਸੀ। ਕਹਿੰਦਾ- ‘ਤੇਰੀਆਂ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ। ਮੈਂ ਮੂਰਖ ਨ੍ਹੀਂ। ਤੈਨੂੰ ਕੀ ਲਗਦੈ, ਮੈਂ ਕਿਰਤ ਦੀ ਮੁਕਤੀ ਲਈ ਪਾਰਟੀ ਮੈਂਬਰ ਬਣਿਆਂ। ਸਾਲ ‘ਚ ਪੰਜ-ਚਾਰ ਸੌ ਫੰਡ ਦੇ ਦਈਦਾ ਹੈ। ਵਾੜੇ ਦੀ ਬੈਠਕ ‘ਚ ਕਾਮਰੇਡ ਮੀਟਿੰਗ ਕਰ ਲੈਂਦੇ ਆ। ਚਾਹ ਪਿਆ ਦਈਦੀ ਹੈ। ਦੱਸ ਮੇਰਾ ਇਸ ਵਿਚ ਕੀ ਗੁਆਚਦੈ? ਨਾਲੇ ਅਕਾਲੀਆਂ-ਕਾਂਗਰਸੀਆਂ ‘ਚ ਲੀਡਰਾਂ ਦੇ ਪਹਿਲਾਂ ਹੀ ਵੱਗ ਫਿਰਦੇ ਆ। ਦੇਖ, ਸੁੱਖ ਨਾਲ ਆਪਣੇ ਕੋਲ ਚੰਗੀ ਜ਼ਮੀਨ ਆ। ਦਿਹਾੜੀਆਂ ਦਾ ਬੜਾ ਤੋੜਾ ਐ ਸਾਡੇ ਪਿੰਡਾਂ ਵਿਚ। ਝੋਨਾ ਲਾਉਣ ਵੇਲੇ ਬੰਦਾ ਨ੍ਹੀਂ ਮਿਲਦਾ। ਜਦੋਂ ਕਦੇ ਲੋੜ ਹੁੰਦੀ ਆ, ਖੇਤ ਮਜ਼ਦੂਰ ਸਭਾ ਦੇ ਅਹੁਦੇਦਾਰ ਨੂੰ ਕਹਿ ਦਈਦਾ ਹੈ ਕਿ ਐਨੇ ਦਿਹਾੜੀਏ ਚਾਹੀਦੇ ਹਨ। ਲੱਤਾਂ ਨ੍ਹੀਂ ਕਢਾਉਣੀਆਂ ਪੈਂਦੀਆਂ। ਦੂਜਿਆਂ ਨਾਲੋਂ ਸਸਤੇ ਤੇ ‘ਕੱਠੇ ਬਾਰ ‘ਚ ਆ ਖੜ੍ਹਦੇ
ਆ। ਕੀ ਮਾੜਾ ਸੌਦਾ ਹੈ? ਨਾਲੇ ਥਾਣੇ-ਕਚਹਿਰੀਆਂ ਵਿਚ ਵੀ ਪੁੱਛ-ਦੱਸ ਹੈ, ਬਈ ਕਾਮਰੇਡ ਆਇਐ।’ ਕਾਮਰੇਡ ਨੇ ਭੇਤ ਸਾਂਝਾ ਕਰਦਿਆਂ ਗੱਲ ਮੁਕਾਈ।
ਕਮਿਊਨਿਸਟ ਸਾਥ ਦੇ ‘ਕੱਠੇ ਕੀਤੇ ਅਨੁਭਵ ਦਾ ਲਾਹਾ ਲੈਣ ਵਾਲਿਆਂ ਦੀ ਸੂਚੀ ਲੰਮੀ ਹੈ। ਇਨ੍ਹਾਂ ‘ਚੋਂ ਦੋ ਸਮਕਾਲੀ ਹਨ। ਇਕ ਕਾਮਰੇਡ ਮੱਖਣ ਸਿੰਘ ਸਰਾਵਾਂ ਤੇ ਦੂਜਾ ਅਜਮੇਰ ਸਿੰਘ। ਦੋਨੋਂ ਲਗਭਗ ਅੱਧੀ ਸਦੀ ਕਾਮਰੇਡਾਂ ਨਾਲ ਫਿਰਦੇ ਰਹੇ। ਫਿਰ ਅਚਾਨਕ ਸੋਝੀ ਆਈ ਤੇ ਯੂ ਕੱਟ ਮਾਰਿਆ। ਇਕ ਬੈਂਕਰ ਬਣ ਗਿਆ; ਦੂਜਾ ਸਿੱਖ ਚਿੰਤਕ, ਪ੍ਰਚਾਰਕ ਅਤੇ ਇਤਿਹਾਸਕਾਰ।
ਛੇਵੇਂ ਦਹਾਕੇ ‘ਚ ਮੱਖਣ ਸਰਾਵਾਂ ਨੂੰ ਮੈਂ ਝੱਗੇ-ਪਜਾਮੇ ‘ਚ ਫਿਰਦੇ ਦੇਖਿਆ ਸੀ। ਉਦੋਂ ਮੈਂ ਕਾਲਜ ‘ਚ ਪੜ੍ਹਦਾ ਸਾਂ। ਦੁਵਰਕੀਆਂ ਤੇ ਰਸਾਲਿਆਂ ਦਾ ਝੋਲਾ ਭਰੀ, ਉਹ ਨਕਸਲੀ ਪਾਰਟੀ ਲਈ ਕੰਮ ਕਰਦਾ ਸੀ। ਉਹ ਜਿਸ ਘਰੇ ਵੀ ਜਾਂਦਾ, ਉਸ ਦਾ ਘਰ ਦੇ ਜੀਆਂ ਵਰਗਾ ਮਾਣ-ਸਤਿਕਾਰ ਹੁੰਦਾ। ਉਸ ਦਾ ਜੀਵਨ ਤਿਆਗੀਆਂ ਵਾਲਾ ਸੀ। ਸ਼ਾਇਦ ਹੀ ਕਦੇ ਉਸ ਨੇ ਪੈਂਟ-ਕੋਟ ਪਾਇਆ ਹੋਵੇ। ਰੱਜ ਕੇ ਰੋਟੀ ਖਾਧੀ ਹੋਵੇ ਤੇ ਕਾਰ ਦਾ ਹੂਟਾ ਲਿਆ ਹੋਵੇ, ਇਹ ਵੀ ਪੱਕਾ ਨਹੀਂ। ਉਸ ਨੇ ਕਾਮਰੇਡੀ ਛੱਡ ਦਿੱਤੀ, ਉਸ ਦੀ ਤਾਂ ਕਾਇਆ ਕਲਪ ਹੋ ਗਈ। ਉਸ ਨੇ ਫਾਈਨੈਂਸ ਦਾ ਕੰਮ ਵਿੱਢ ਲਿਆ। ਬਹੁਤੇ ਵਿਆਜ ਦਾ ਲਾਲਚ ਦੇ ਕੇ ਪੰਜਾਬ ਦੇ ਸਾਰੇ ਖੱਬੇਪੱਖੀ ਜਾਣੂੰਆਂ ਦੀ ਜੋੜੀ ਹੋਈ ਮਾਇਆ ਆਵਦੇ ਹੱਥਾਂ ਵਿਚ ਕਰ ਲਈ। ਕਈਆਂ ਵਾਂਗ ਮੈਂ ਵੀ ਮਾਰ ਖਾਧੀ। ਕੁਝ ਸਾਲ ਜੁਗਾੜ ਚਲਦਾ ਰਿਹਾ। ਉਸ ਨੇ ਜ਼ੈੱਨ ਕਾਰ ਲੈ ਲਈ। ਡਰਾਈਵਰ ਰੱਖ ਲਿਆ। ਕੋਟ ਪੈਂਟ ਪਾਉਣਾ ਸ਼ੁਰੂ ਕੀਤਾ। ਵਿਆਹ ਵੀ ਕਰਾਏ। ਜਦੋਂ ਕੋਈ ਉਸ ਦੀ ਬਦਲੀ ਤਰਜ਼-ਏ-ਜ਼ਿੰਦਗੀ ਬਾਰੇ ਉਜ਼ਰ ਕਰਦਾ, ਉਸ ਦਾ ਜੁਆਬ ਹੁੰਦਾæææ ਉਹ ਹੁਣ ਵੀ ਅੜਿਆਂ-ਥੁੜ੍ਹਿਆਂ ਲਈ ਹੀ ਕੰਮ ਕਰਦਾ ਹੈ ਜਿਨ੍ਹਾਂ ਨੂੰ ਬੈਂਕ ਥੜ੍ਹੇ ਨ੍ਹੀਂ ਚੜ੍ਹਨ ਦਿੰਦੇ। ਉਹ ਰਿਕਸ਼ੇ ਵਾਲਿਆਂ, ਰੇੜ੍ਹੀ ਵਾਲਿਆਂ ਨੂੰ ਰੁਜ਼ਗਾਰ ਲਈ ਬਿਨਾਂ ਜ਼ਮਾਨਤ ਲਿਆਂ ਵਿਆਜੂ ਪੈਸੇ ਦਿੰਦਾ ਹੈ। ਪੈਸੇ ਵਾਲਿਆਂ ਨੂੰ ਚੌਵੀ ਪ੍ਰਤੀਸ਼ਤ ਵਿਆਜ। ਏਦੂੰ ਲੋਕ ਭਲਾਈ ਕਿਹੜੀ ਹੋਊ? ਉਹ ਮੋੜਵਾਂ ਸੁਆਲ ਕਰਦਾ। ਫਿਰ ‘ਕੱਠਾ ਕੀਤਾ ਕਰੋੜਾਂ ਰੁਪਿਆ ਲੈ ਕੇ ਲੋਪ ਹੋ ਗਿਆ। ਜਿਹੜਾ ਖੁਦ ਮੁਜ਼ਾਹਰੇ ਵਿਚ ਝੰਡਾ ਲੈ ਕੇ ਤੁਰਦਾ ਸੀ, ਉਸ ਖਿਲਾਫ ਰੈਲੀਆਂ ਹੋਣ ਲੱਗੀਆਂ। ਪੁਲਿਸ ਨੇ ਪਰਚਾ ਤਾਂ ਦਰਜ ਕਰ ਲਿਆ ਪਰ ਕਾਰਵਾਈ ਨਾ ਕੀਤੀ। ਉਹ ‘ਕਿਰਤੀਆਂ ਦੀ ਮੁਕਤੀ’ ਵਿਚ ਯੋਗਦਾਨ ਤਾਂ ਨਾ ਪਾ ਸਕਿਆ, ਪਰ ‘ਨਿਜੀ ਮੁਕਤੀ’ ਵਿਚ ਉਸ ਨੇ ਰਿਕਾਰਡ ਸਥਾਪਤ ਕਰ ਦਿੱਤੇ। ਸੁਣਿਐਂ, ਉਹ ਅੱਜਕੱਲ੍ਹ ਕੈਨੇਡਾ ਵਿਚ ਸੈਟਲਡ ਹੈ।
ਸਿੱਖ ਚਿੰਤਕ-ਇਤਿਹਾਸਕਾਰ ਵਜੋਂ ਹੁਣੇ-ਹੁਣੇ ਪ੍ਰਸਿੱਧ ਹੋਏ ਅਜਮੇਰ ਸਿੰਘ ਨਾਲ ਨਾਟਕੀ ਮੇਲ ਬਹੁਤ ਵਰ੍ਹੇ ਪਹਿਲਾਂ ਹੋਇਆ ਸੀ। ਅਗਿਆਤ ਗੁਪਤਵਾਸ ‘ਚ ਰਹਿੰਦੇ ਕੁਲਵਕਤੀ ਤੋਂ, ਉਸ ਨੇ ਕੌਮਾਂਤਰੀ ਪਛਾਣ ਦਾ ਔਝੜ ਸਫਰ ਤੈਅ ਕੀਤਾ ਹੈ। ਉਨ੍ਹਾਂ ਦਿਨਾਂ ਵਿਚ ਉਹ ਇਕ ਨਕਸਲਾਈਟ ਜਥੇਬੰਦੀ ਦੀ ਆਗੂ ਕਮੇਟੀ ਦਾ ਮੈਂਬਰ ਸੀ। ਉਹ ਮੇਰੇ ਰਾਹੀਂ ਕੋਟਕਪੂਰਾ ਵਿਚ ਕਮਰਾ ਕਿਰਾਏ ‘ਤੇ ਲੈਣ ਲਈ ਆਇਆ ਸੀ। ਮੇਰੇ ਵਾਂਗ ਸਹਿਜਧਾਰੀ ਸੀ। ਅਸੀਂ ਕਮਰਾ ਲੈ ਲਿਆ ਤੇ ਉਹ ਦੋ ਬਿਸਤਰੇ ਦੇ ਗਿਆ। ਕੁਝ ਮਹੀਨਿਆਂ ਬਾਅਦ ਕਮਰਾ ਛੱਡ ਦਿੱਤਾ ਤੇ ਕੁਝ ਜਣਿਆਂ ਨੂੰ ਲੈ ਕੇ ਉਹ ਪ੍ਰੋæ ਹਰਭਜਨ ਸੋਹੀ ਨਾਲੋਂ ਅਲੱਗ ਹੋ ਗਿਆ। ਅਸੀਂ ਉਸ ਵੱਲ ਉਲਰ ਗਏ। ਅਸਲ ਵਿਚ ਸਫਾਂ ਟਰਾਲੀ ਵਾਂਗ ਹੁੰਦੀਆਂ ਹਨ। ਜਿਹਨੂੰ ਮਗਰ ਜੋੜਨਾ ਆਉਂਦੈ, ਉਹ ਆਵਦੇ ਸਿਧਾਂਤ ਦੇ ਟਰੈਕਟਰ ਨਾਲ ਟੋਚਨ ਕਰ ਕੇ ਲੈ ਜਾਂਦਾ ਹੈ। ਭਾਰਤ ਵਿਚ ਸਫਾਂ ਨੂੰ ‘ਸੋਚਣਾ’ ਨਹੀਂ, ‘ਮੰਨਣਾ’ ਸਿਖਾਇਆ ਜਾਂਦਾ ਹੈ; ਜਿਵੇਂ ‘ਸਿਧਾਂਤ’ ਕੋਈ ‘ਭਾਣੇ’ ਵਰਗੀ ਚੀਜ਼ ਹੋਵੇ। ਖਾਲਿਸਤਾਨੀ ਉਭਾਰ ਸਮੇਂ ਕਈ ਸਿੱਖ ਕਾਮਰੇਡ ਕੁਲਵਕਤੀਆਂ ਨੇ ਕਾਮਰੇਡੀ ਝੱਗਾ ਲਾਹ ਕੇ ਕੇਸਰੀ ਬਾਣਾ ਪਾ ਲਿਆ।
ਬੱਸ, ਯੁਗ-ਪੁਰਸ਼ਾਂ ਤੇ ਮਹਾਤੜਾਂ ‘ਚ ਇਹੀ ਫਰਕ ਹੈ। ਯੁਗ-ਪੁਰਸ਼ਾਂ ਦਾ ਨਜ਼ਰੀਆ ਉਨ੍ਹਾਂ ਦੀ ਕਾਇਆ ਦਾ ਹਿੱਸਾ ਬਣ ਜਾਂਦਾ ਹੈ। ਉਹ ਉਮਰ ਭਰ ਅੰਦਰੋਂ-ਬਾਹਰੋਂ ਇਕ ਰੰਗ ‘ਚ ਰੰਗੇ ਰਹਿੰਦੇ ਹਨ। ਉਹ ਲਹਿਰ ਪੈਦਾ ਕਰਦੇ ਹਨ। ਆਮ ਲੇਖਕਾਂ/ਆਗੂਆਂ ਵਾਂਗ ਨਹੀਂ ਜੋ ਉਠੇ ਹੋਏ ਉਭਾਰਾਂ ‘ਤੇ ਸਵਾਰ ਹੁੰਦੇ ਹਨ। ਹੁਣ ਸੋਚਦਾ ਹਾਂ, ਪਹਿਲਾਂ ਅਸੀਂ ਪ੍ਰੋæ ਸੋਹੀ ਦੀ ਅਗਵਾਈ ‘ਚ ਕੰਮ ਕਰਦੀ ਜਥੇਬੰਦੀ ਵਿਚ ਕੰਮ ਕਰਦੇ ਰਹੇ; ਫਿਰ ਅਜਮੇਰ ਸਿੰਘ ਤੇ ਪ੍ਰੋæ ਮੇਘ ਨਾਲ ਜੁੜ ਗਏ? ਭਲਾ ਸਫਾਂ ‘ਮੰਨਣਾ’ ਛੱਡ ਕੇ ‘ਸੋਚਣਾ’ ਕਦੋਂ ਸ਼ੁਰੂ ਕਰਨਗੀਆਂ? ਕੋਈ ਦੱਸੇ ਭਲਾ!
ਸੰਸਾਰ ਪੱਧਰ ‘ਤੇ ਆਏ ਇਨਕਲਾਬ ਕੁਰਾਹੇ ਪੈ ਗਏ। ਭਾਰਤੀ ਇਨਕਲਾਬ ਜੰਗਲਾਂ ‘ਚੋਂ ਬਾਹਰ ਨ੍ਹੀਂ ਆ ਰਿਹਾ। ਕੁਲਵਕਤੀ ਵਜੋਂ ਕੰਮ ਕਰਦੇ ਕਈ ਸਿਆਣੇ ਕਾਮਰੇਡਾਂ ਨੇ ਨੌਕਰੀਆਂ ਲੈ ਲਈਆਂ, ਕਈਆਂ ਨੇ ਦੁਕਾਨਾਂ ਪਾ ਲਈਆਂ। ਕਈ ਟਿਊਸ਼ਨ ਦੇ ਆਹਰ ‘ਚ ਲੱਗ ਗਏ। ਜੇ ਇਨਕਲਾਬ ਆਵਦੀ ਜ਼ਿੰਦਗੀ ‘ਚ ਨਹੀਂ ਆਉਣਾ ਤਾਂ ਫਿਰ ਭੱਠ ਝੋਕਣ ਦਾ ਕੀ ਫਾਇਦਾ? ਸ਼ਾਇਦ ਅਜਿਹੀ ਸੋਝੀ ਅਚਾਨਕ ਅਜਮੇਰ ਸਿੰਘ ਨੂੰ ਆਈ ਹੋਵੇ। ਉਸ ਨੇ ਪਹਿਲਾਂ ਪਾਰਟੀ ਛੱਡੀ, ਫਿਰ ਮਾਰਕਸਵਾਦ। ਅਖੇ ਇਹ ਪੱਛਮੀ, ਓਪਰਾ ਤੇ ਰਵਾਇਤੀ ਹੈ। ਦੂਜਿਆਂ ਦਾ ਮੂੰਹ ਬੰਦ ਕਰਨ ਲਈ ਉਸ ਨੇ ਮਤੰਡਾ ਵਿਧੀ (ਅਗਲੇ ਦੀ ਡਾਂਗ ਫੜ ਕੇ, ਅਗਲੇ ਦੇ ਸਿਰ ਮਾਰਨੀ) ਵਰਤਣੀ ਸ਼ੁਰੂ ਕਰ ਦਿੱਤੀ ਹੈ। ਮੈਨੂੰ ਇਕ ਵਾਕਿਆ ਯਾਦ ਆ ਰਿਹਾ ਹੈ। ਮੈਂ ਕੋਟਕਪੂਰੇ ਆਪਣੇ ਅਜ਼ੀਜ਼ ਦੁਕਾਨਦਾਰ ਰਾਜ ਕੁਮਾਰ ਦੀ ਤੇਲ ਦੀ ਦੁਕਾਨ ‘ਤੇ ਬੈਠਾ ਸਾਂ। ਮੜਾਸੇ ਨਾਲ ਸਿਰ ਵਲੇਟੀ ਜਾਂਦੇ ਇਕ ਕਰਜ਼ਾਈ ਜ਼ਿੰਮੀਦਾਰ ਨੂੰ ਉਸ ਨੇ ਆਵਾਜ਼ ਮਾਰੀ- ‘ਫਲਾਣਾ ਸਿਆਂ, ਕਿਵੇਂ ਮੂੰਹ-ਸਿਰ ਲੁਕੋ ਕੇ ਤੁਰਿਆ ਜਾਨੈਂ, ਕਦੇ ਦਰਸ਼ਨ ਨਹੀਂ ਦਿੱਤੇ?’
ਉਹ ਮਲਕੜੇ ਜਿਹੇ ਦੁਕਾਨ ‘ਚ ਆਇਆ ਤੇ ਸਹਿਜ ਭਾਅ ਬੋਲਿਆ, ‘ਸੇਠਾ ਮੂੰਹ ਹੀ ਲੁਕੋਣੈæææ ਦੇਖ ਲੈਂਦਾ ਤਾਂ ਪੈਸੇ ਹੀ ਮੰਗਣੇ ਸੀ।’ ਜ਼ਿੰਮੀਦਾਰ ਨੂੰ ਕੱਚਾ ਕਰਨ ਦੀ ਬਜਾਏ, ਰਾਜ ਕੁਮਾਰ ਖੁਦ ਹੀ ਕੱਚਾ ਹੋ ਗਿਆ। ਕਹਿੰਦਾ, ‘ਛੱਡ ਯਾਰ ਪੈਸੇ ਚੰਗੇ ਆ ਤੇਰੇ ਨਾਲੋਂ, ਪਾਣੀ-ਧਾਣੀ ਪੀ।’ ਇਸ ਤੋਂ ਪਹਿਲਾਂ ਕਿ ਕੋਈ ਉਸ ‘ਤੇ ਸੁਆਲ ਕਰੇ ਸ਼ ਅਜਮੇਰ ਸਿੰਘ ਨੇ ਖੁਦ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਸ਼ੁਰੂ ਵਿਚ ਸੰਤਾਂ ਦਾ ਵਿਰੋਧੀ ਸੀ। ਅੱਧੀ ਸਦੀ ਕਾਮਰੇਡਾਂ ਨਾਲ ਖਰਾਬ ਕਰ ਕੇ, ਅਚਾਨਕ, ਉਸ ਨੂੰ ਸਿੱਖ ਧਰਮ ਦੇ ਮਾਨਵਵਾਦੀ ਪੈਂਤੜੇ ਦੀ ਸਮਝ ਪਈ ਹੈ। ਪਹਿਲਾਂ ਉਹ ਹਨੇਰੇ ‘ਚ ਹੀ ਰਿਹਾ। ਕਿਸੇ ਸਿਧਾਂਤ ਨੂੰ ਸਮਝਣ ਲਈ ਕਿੰਨਾ ਸਮਾਂ ਦਰਕਾਰ ਹੈ, ਇਹ ਵੀ ਖੋਜ ਦਾ ਵਿਸ਼ਾ ਹੈ। ਜੇ ਕਿਸੇ ਆਗੂ-ਨੁਮਾ ਬੰਦੇ ਨੂੰ ਗੱਲ ਸਮਝਣ ਲਈ ਕਈ ਦਹਾਕੇ ਲੱਗ ਸਕਦੇ ਹਨ ਤਾਂ ਸਫਾਂ ਦੀ ਸਮਝਣ-ਯੋਗਤਾ ‘ਤੇ ਤਾਂ ਤਰਸ ਹੀ ਕੀਤਾ ਜਾ ਸਕਦਾ ਹੈ!
ਕਾਮਰੇਡੀ ਛੱਡ ਕੇ ਅਕਾਲੀਆਂ ‘ਚ ਰਲੇ ਇਕ ਹੋਰ ਸਾਥੀ ਦਾ ਕਹਿਣਾ ਹੈ- ‘ਜਾਤਾਂ, ਨਸਲਾਂ ਤੇ ਬੋਲੀਆਂ ‘ਚ ਵੰਡੇ ਕਿਰਤੀਆਂ ਨੂੰ ਕਿਹੜਾ ਲਾਮਬੰਦ ਕਰਦਾ ਫਿਰੇ? ਕੌਮੀ ਭਾਈਚਾਰਕ ਪੈਂਤੜੇ ਦੇ ਬੜੇ ਫਾਇਦੇ ਹਨ। ਇਹ ਕਾਇਨਾਤੀ ਕਿਸਮ ਦੀ ਵਸਤ ਹੈ। ਇਸ ਵਿਚ ਬਾਦਲ ਵੀ ਨਾਰਾਜ਼ ਨਹੀਂæææ ਉਸ ਦਾ ਸਿੱਖ ਰਸੋਈਆ ਤੇ ਸਿੱਖ ਕਾਮਾ ਵੀ ਖੁਸ਼!’
ਕਈ ਬੰਦੇ ਇਸ ਨੁਕਤਾ-ਨਿਗ੍ਹਾ ‘ਤੇ ਇਤਰਾਜ਼ ਕਰਦੇ ਹਨ ਕਿ ਅਜੋਕੇ ਆਗੂ ਰੰਗ ਬਹੁਤ ਬਦਲਦੇ ਹਨ। ਤਬਦੀਲੀ ਕੁਦਰਤ ਦਾ ਅਸੂਲ ਹੈ। ਮੇਰਾ ਇਕ ਛੜਾ ਤਾਇਆ ਕਹਿੰਦਾ ਹੁੰਦਾ ਸੀ- ‘ਬੰਦੇ ਨੂੰ ਇੱਕੋ ਜ਼ਿੰਦਗੀ ਮਿਲੀ ਹੈ ਤੇ ਉਸ ਨੂੰ ਇਸ ਵਿਚ ਸਾਰੇ ਰੰਗ ਤੇ ਸੁਆਦ ਮਾਣ ਲੈਣੇ ਚਾਹੀਦੇ ਹਨ।’ ਬੱਸ! ਕਾਮਰੇਡ ਬਣ ਕੇ ਬਾਗੀ ਵੀ ਅਖਵਾ ਲਵੋ, ਵਿਆਹ ਕਰਵਾ ਕੇ ਗ੍ਰਹਿਸਥ ਵੀ ਮਾਣੋ, ਫਿਰ ਸਾਰਾ ਕੁਝ ਛੱਡ-ਛੁਡਾਅ ਕੇ ‘ਰੱਬ’ ਵੀ ਖੁਸ਼ ਕਰ ਲਵੋ। ਅਜਿਹੇ ਨੁਕਤਾਚੀਨਾਂ ਲਈ ਸਤਿਕਾਰਯੋਗ ਸੰਤ ਮੱਖਣ ਸਿੰਘ ਦਾ ਪ੍ਰਸੰਗ ਸਾਂਝਾ ਕਰਨਾ ਕੁਥਾਂ ਨਹੀਂ ਹੋਵੇਗਾ। ਉਹ ਜੁਆਨੀ ਵਿਚ ਕਾਮਰੇਡ ਸੀ। ਫਿਰ ਸੋਝੀ ਆਈ, ਉਹ ਦੁਨੀਆਂਦਾਰੀ ਤਿਆਗ ਕੇ ਸੰਤ ਬਣ ਗਏ। ਇਕ ਵਾਰ ਸਾਡੇ ਪਿੰਡ ਸਤਿਸੰਗ ਕਰਨ ਆਏ। ਉਨ੍ਹਾਂ ਨੇ ਸੰਗਤ ਨੂੰ ਮਾੜੇ ਕੰਮ ਛੱਡ ਕੇ ਚੰਗੇ ਕਰਨ, ਸਾਦਗੀ, ਸਹਿਜ, ਸੰਜਮ ਰੱਖਣ ਦੀ ਨਸੀਹਤ ਦਿੱਤੀ, ਸਾਰੀਆਂ ਬਿਮਾਰੀਆਂ ਦਾ ਇਲਾਜ ਇਸੇ ਜੀਵਨ ਜਾਚ ਵਿਚ ਹੈ। ਉਸ ਨੇ ਕਿਹਾ ਕਿ ਧਰਮ ਦੇ ਰਾਹ ‘ਤੇ ਕਿਸੇ ਵੀ ਦਿਨ, ਕਿਸੇ ਵੀ ਵੇਲੇ ਪਿਆ ਜਾ ਸਕਦਾ ਹੈ। ਨਿੰਦਕਾਂ ਨੂੰ ਚੁੱਪ ਕਰਾਉਣ ਲਈ ਉਸ ਨੇ ਆਪਣੀ ਉਦਾਹਰਣ ਦਿੱਤੀ। ਕਹਿੰਦਾ, ‘ਮੈਨੂੰ ਕਈ ਕਹਿਣਗੇæææ ਪਹਿਲਾਂ ਨਾਸਤਕ ਹੁੰਦਾ ਸੀ, ਹੁਣ ਧਰਮੀ ਬਣਿਆ ਫਿਰਦੈ। ਅਖੇ, ਬਿੱਲੀ ਸੌ ਚੂਹਾ ਖਾ ਕੇ ਹੱਜ ਨੂੰ ਚੱਲੀ। ਮੈਂ ਭਲੇਮਾਣਸਾਂ ਨੂੰ ਪੁੱਛਨਾਂ ਕਿ ਜੇ ਬਿੱਲੀ ਹੁਣ ਵੀ ਹੱਜ ਨੂੰ ਨਾ ਜਾਵੇ ਤਾਂ ਦੱਸੋ ਤੁਸੀਂ ਬਿੱਲੀ ਦੀ ਕੀ ਪੂਛ ਪੱਟ ਲਓਂਗੇ।

Be the first to comment

Leave a Reply

Your email address will not be published.