ਡਾ: ਓਅੰਕਾਰ ਸਿੰਘ (ਫੀਨਿਕਸ)
‘ਪਾਵਨ ਸਰੂਪ ਦੀ ਛਪਾਈ ਵਿਚ ਵਾਰ-ਵਾਰ ਅਤੇ ਗੁਪਤੋ-ਗੁਪਤੀ ਪ੍ਰੈਸ-ਅਮਲੇ ਦੀ ਪੱਧਰ `ਤੇ ਕੀਤੀਆਂ ਜਾ ਰਹੀਆਂ ਪਾਠ-ਸੁਧਾਈਆਂ ਦਾ ਸਿਖ ਸੰਗਤਾਂ ਉਤੇ ਅਣਸੁਖਾਵਾਂ ਪ੍ਰਭਾਵ ਪੈਂਦਾ ਹੈ। ਇਸ ਸਮੱਸਿਆ ਦਾ ਪੰਥ-ਪ੍ਰਵਾਣਿਤ ਸਥਾਈ ਹੱਲ ਹੋਣਾ ਚਾਹੀਦਾ ਹੈ।
…
ਹੱਥ ਲਿਖਤ ਤਕਨੀਕ ਮਗਰੋਂ ਛਾਪੇ ਦੀ ਤਕਨੀਕ ਹੋਂਦ ਵਿਚ ਆਈ ਅਤੇ ਹੁਣ ਕੰਪਿਊਟਰ ਦੀ ਤਕਨੀਕ ਪ੍ਰਚਲਤ ਹੈ।
ਜੇਕਰ ਡਾਟਾ ਕੰਪਿਊਟਰ ਵਿਚ ਵੀ ਛਾਪੇ ਦੀਆਂ ਗਲਤੀਆਂ ਵਾਲਾ ਸ਼ਾਮਲ ਹੋ ਗਿਆ ਤਾਂ ਇਹ ਅਸ਼ੁੱਧੀਆਂ ਅੱਗੇ ਤੋਂ ਅੱਗੇ ਚਲਦੀਆਂ ਜਾਣਗੀਆਂ ਜਿਸ ਨਾਲ ਵੱਡੀ ਹਾਨੀ ਹੋਣ ਦੀ ਸੰਭਾਵਨਾ ਹੈ।’
ਇਹ ਸਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਹੀਂ ਗਠਿਤ ਕੀਤੀ ਗਈ ਕਮੇਟੀ ਦੀ 26 ਮਾਰਚ 1996 ਦੀ ਅੰਤ੍ਰਿੰਗ ਰਿਪੋਰਟ ਵਿਚ ਦਰਜ ਹਨ। ਇਹ ਛੇ-ਮੈਂਬਰੀ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਾਠ-ਭੇਦਾਂ ਦੀ ਨਿਸ਼ਾਨਦੇਹੀ ਵਾਸਤੇ ਬਣਾਈ ਗਈ ਸੀ, ਜਿਸ ਦੇ ਕਨਵੀਨਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਜੀ ਸਨ। ਸ਼੍ਰੋਮਣੀ ਕਮੇਟੀ ਨੇ ਹੁਣ ਤੱਕ ਕੋਈ ਕਾਰਵਾਈ ਕਿਉਂ ਨਾ ਕੀਤੀ? 1996 ਤੋਂ 2025 ਆ ਗਿਆ, ਕੰਪਿਊਟਰ ਤਕਨੀਕ ਤਾਂ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈ। ਹਥ-ਲਿਖਤ ਤੋਂ ਛਾਪੇ ਤੱਕ, ਛਾਪੇ ਤੋਂ ਕੰਪਿਊਟਰ ਅਤੇ ਹੁਣ ਉਸ ਤੋਂ ਵੀ ਅਗਾਂਹ ਏ.ਆਈ. ਦਾ ਦੌਰ ਆ ਗਿਆ। ਹੁਣ ਦੱਸੋ ਭਲਾ ਇਹ ਅਸ਼ੁੱਧੀਆਂ ਕਦੋਂ ਦੂਰ ਹੋਣਗੀਆਂ ਅਤੇ ਕੌਣ ਕਰੇਗਾ?
ਇੱਥੇ ਇਹ ਦੱਸਣਾ ਜ਼ਰੂਰੀ ਹੈ ਕੀ ਜਿਨ੍ਹਾਂ ਅਸ਼ੁੱਧੀਆਂ ਬਾਰੇ ਵਿਚਾਰ-ਚਰਚਾ ਹੋ ਰਹੀ ਹੈ ਉਹ ਸਾਡੇ ਵਰਗੇ ਸੰਸਾਰੀ ਮਨੁੱਖਾਂ ਵੱਲੋਂ ਉਤਾਰੇ ਕਰਨ ਲੱਗਿਆਂ ਜਾਂ ਬੀੜਾਂ ਨੂੰ ਛਾਪਣ ਲੱਗਿਆਂ ਜਾਣੇ-ਅਣਜਾਣੇ ਵਿਚ ਹੋਈਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਨੂੰ ਹਰ ਸਿੱਖ, ਜਾਗਤ-ਜੋਤ ਸਤਿਗੁਰੂ ਮੰਨਦਾ ਹੈ, ਉਸ ਬਾਰੇ ਬੀਤ ਚੁੱਕੇ ਸਮੇਂ ਵਿਚ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਨੇ ਕੀ ਰੋਲ ਨਿਭਾਇਆ ਹੈ, ਵਰਤਮਾਨ ਵਿਚ ਅਸੀਂ ਕਿੱਥੇ ਖੜ੍ਹੇ ਹਾਂ, ਅਤੇ ਭਵਿੱਖ ਵਿਚ ਸਾਨੂੰ ਕੀ ਕਰਨਾ ਚਾਹੀਦਾ ਹੈ, ਇਸ ਬਾਰੇ ਮਸਲੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਬਹੁਤ ਗਹਿਰ-ਗੰਭੀਰ ਅਤੇ ਨਾਜ਼ੁਕ ਵਿਸ਼ਾ ਹੈ, ਜਿਸ ਬਾਰੇ ਹਰ ਸਿੱਖ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਆਉ ਸੰਖੇਪ ਵਿਚ ਇਸ ਬਾਰੇ ਵਿਚਾਰ ਕਰੀਏ।
ਇਸ ਮਸਲੇ ਨੂੰ ਵਿਚਾਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਸਮੱਗਰੀ ਨੂੰ ਹੀ ਆਧਾਰ ਬਣਾਇਆ ਜਾ ਰਿਹਾ ਹੈ। ਬਾਹਰੋਂ ਕਿਸੇ ਸੰਸਥਾ, ਯੂਨੀਵਰਸਿਟੀ ਜਾਂ ਕਿਸੇ ਹੋਰ ਪੁਸਤਕ ਦਾ ਹਵਾਲਾ ਨਹੀਂ ਲਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਜਿਹੜੀਆਂ ਹੱਥ-ਲਿਖਤਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪੀ ਸਮੱਗਰੀ ਦੀ ਪ੍ਰੋੜ੍ਹਤਾ ਲਈ ਹੀ ਦਿੱਤਾ ਜਾ ਰਿਹਾ ਹੈ।
ਪੁਰਾਤਨ ਹੱਥ-ਲਿਖਤ ਬੀੜਾਂ ਦਾ ਹਵਾਲਾ ਅਤੇ ਇਤਿਹਾਸਕ ਪੱਖ
ਅਸੀਂ ਜਾਣਦੇ ਹਾਂ ਕੀ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਰਾਮਸਰ ਦੇ ਅਸਥਾਨ `ਤੇ ਸ੍ਰੀ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ। ਇਸ ਕਾਰਜ ਨੂੰ 1601 ਤੋਂ 1604 ਤੱਕ ਚਾਰ ਸਾਲ ਦਾ ਸਮਾਂ ਲੱਗਿਆ। ਭਾਦੋਂ ਸੁਦੀ 1 ਸੰਮਤ 1661 (ਸੰਨ 1604) ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪਣੇ ਸੀਸ `ਤੇ ਇਸ ਬੀੜ ਨੂੰ ਲਿਜਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤਾ। ਬਾਅਦ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਦੇ ਅਸਥਾਨ `ਤੇ ਥਾਂ ਪੁਰ ਥਾਂ ਦਰਜ ਕਰ ਦਿੱਤਾ। ਵੱਖ-ਵੱਖ ਵਿਦਵਾਨਾਂ ਨੇ ਇਸ ਦੇ ਹਵਾਲੇ ਦਿੱਤੇ ਹੋਏ ਹਨ। ਇਸੇ ਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 6 ਅਕਤੂਬਰ 1708 ਈ. ਨੂੰ ਆਪਣੇ ਜੋਤੀ ਜੋਤ ਸਮਾਉਣ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸੇ ਸਰੂਪ ਨੂੰ ਬਕਾਇਦਾ ਗੁਰਿਆਈ ਬਖਸ਼ ਦਿੱਤੀ। ਇਸ ਦਾ ਵਿਸਥਾਰ ਸਹਿਤ ਜ਼ਿਕਰ ਭੱਟ ਵਹੀ, ਤਲੰਡਾ ਪਰਗਨਾ ਜੀਂਦ ਨੇ ਆਪਣੀ ਵਹੀ ਵਿਚ ਕੀਤਾ ਹੈ। ਇਨ੍ਹਾਂ ਭੱਟ ਵਹੀਆਂ ਦੀ ਖੋਜ ਗਿਆਨੀ ਗਰਜਾ ਸਿੰਘ ਨੇ ਕੀਤੀ ਜੋ ਸਿੰਘ ਬਰਦਰਜ਼ ਵੱਲੋਂ ਛਾਪੀ ਗਈ ਹੈ।
ਬਦਕਿਸਮਤੀ ਨੂੰ ਹੁਣ ਸਾਡੇ ਕੋਲ਼ ਇਨ੍ਹਾਂ ਸਰੂਪਾਂ ਵਿਚੋਂ ਕੋਈ ਵੀ ਉਪਲੱਬਧ ਨਹੀਂ ਹੈ। ਇਸ ਬਾਰੇ ਅੱਗੇ ਜਾ ਕੇ ਪ੍ਰਮਾਣਾਂ ਸਹਿਤ ਵਿਸਥਾਰ ਨਾਲ ਵਿਚਾਰ ਕਰਾਂਗੇ।
ਗਿਆਨੀ ਕਿਰਪਾਲ ਸਿੰਘ ਅਨੁਸਾਰ ਪਹਿਲੋਂ ਪਹਿਲ ਤਾਂ ਗੁਰਸਿੱਖਾਂ ਨੂੰ ਗੁਰਬਾਣੀ ਦੀ ਲਿਖਾਈ, ਗੁਰਬਾਣੀ ਵਿਆਕਰਣ, ਅਤੇ ਸ਼ਬਦ-ਜੋੜਾਂ ਦਾ ਪੂਰਨ ਗਿਆਨ ਹੁੰਦਾ ਸੀ ਜਿਸ ਕਾਰਨ ਅਸ਼ੁੱਧੀਆਂ ਹੋਣ ਦੀ ਸੰਭਾਵਨਾ ਬਹੁਤ ਘੱਟ ਸੀ। ਉਸ ਦੀ ਪਰੂਫ਼ ਰੀਡਿੰਗ ਵੇਲੇ ਹਾਸ਼ੀਏ ਦੇ ਬਾਹਰ ਉਨ੍ਹਾਂ ਨੂੰ ਚਰਖੜੀ ਦਾ ਨਿਸ਼ਾਨ ਬਣਾ ਕੇ ਠੀਕ ਤਰ੍ਹਾਂ ਕਰ ਕੇ ਲਿਖ ਵੀ ਦਿੱਤਾ ਜਾਂਦਾ ਸੀ ਅਤੇ ਗਲਤੀ ਉੱਤੇ ਹੜਤਾਲ ਫੇਰ ਦਿੱਤੀ ਜਾਂਦੀ ਸੀ। ਪਰ ਸਮੇਂ ਨਾਲ ਜਿਉਂ ਜਿਉਂ ਬੀੜਾਂ ਦੀ ਮੰਗ ਵਧਣ ਲੱਗੀ ਤਾਂ ਬਹੁਤ ਸਾਰੇ ਲਿਖਾਰੀਆਂ ਨੇ ਇਸ ਨੂੰ ਆਪਣੀ ਰੋਜ਼ੀ-ਰੋਟੀ ਦਾ ਸਾਧਨ ਬਣਾ ਲਿਆ ਅਤੇ ਉਤਾਰੇ ਕਰਨ ਵੇਲੇ ਆਈਆਂ ਅਸ਼ੁੱਧੀਆਂ ਨੂੰ ਦੁਬਾਰਾ ਸੋਧਣ ਦੀ ਪਰੰਪਰਾ ਬਿਲਕੁਲ ਖ਼ਤਮ ਹੋ ਗਈ। ਇਸੇ ਕਾਰਨ ਪਾਠ-ਭੇਦਾਂ ਦੀ ਸੂਚੀ ਲੰਬੀ ਹੁੰਦੀ ਚਲੀ ਗਈ। ਵਪਾਰੀ ਬਿਰਤੀ ਕਾਰਨ ਬਹੁਤੇ ਲਿਖਾਰੀਆਂ ਵੱਲੋਂ ਸੁੰਦਰਤਾ ਵੱਲ ਵਧੇਰੇ ਧਿਆਨ ਦਿੱਤਾ ਜਾਣ ਲੱਗਾ, ਤੇ ਬਹੁਤ ਸਾਰੀਆਂ ਬੀੜਾਂ ਤਾਂ ਨਕਾਸ਼ਾਂ ਪਾਸੋਂ ਲਿਖਵਾਈਆਂ ਗਈਆਂ ਜਿਸ ਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ ਅਤੇ ਅਸੀਂ ਉਨ੍ਹਾਂ ਉੱਤੇ ਹੀ ਵਿਚਾਰ-ਚਰਚਾ ਕਰ ਰਹੇ ਹਾਂ।
ਸਮੇਂ ਸਮੇਂ ਹੱਥ ਨਾਲ ਲਿਖੀਆਂ ਗਈਆਂ ਇਨ੍ਹਾਂ ਬੀੜਾਂ ਦੇ ਹੀ ਅੱਗੋਂ ਬੇਅੰਤ ਉਤਾਰੇ ਹੁੰਦੇ ਰਹੇ, ਇਨ੍ਹਾਂ ਵਿਚ ਤਿੰਨ ਬੀੜਾਂ ਪ੍ਰਮੁੱਖ ਹਨ: ਕਰਤਾਰਪੁਰ ਸਾਹਿਬ ਵਾਲ਼ੀ ਬੀੜ, ਭਾਈ ਬੰਨੋ ਜੀ ਵਾਲ਼ੀ ਬੀੜ, ਜਿਸ ਨੂੰ ਖ਼ਾਰੀ ਬੀੜ ਵੀ ਕਿਹਾ ਜਾਂਦਾ ਹੈ, ਅਤੇ ਦਮਦਮੀ ਬੀੜ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਬਖਸ਼ੀ। ਇਨ੍ਹਾਂ ਵਿਚੋਂ ਕਰਤਾਰਪੁਰ ਸਾਹਿਬ ਵਾਲ਼ੀ ਮੰਨੀ ਜਾਂਦੀ ਬੀੜ ਨੂੰ ਬਹੁਤ ਲਿਖਤਾਂ ਵਿਚ ਅਧਾਰ ਬਣਾਇਆ ਗਿਆ ਅਤੇ ਉਸ ਦੇ ਬਹੁਤ ਉਤਾਰੇ ਹੋਏ। ਇਸ ਬੀੜ ਦੀ ਮੌਲਿਕਤਾ ਅਥਵਾ ਅਸਲੀਅਤ ਨੂੰ ਸਮਝਣਾ ਜ਼ਰੂਰੀ ਹੈ।
ਇਹ ਗੱਲ ਪ੍ਰਤੱਖ ਹੈ ਕਿ ਕਰਤਾਰਪੁਰੀ ਬੀੜ ਓਹ ਅਸਲ ਬੀੜ ਨਹੀਂ ਹੈ ਜਿਹੜੀ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਕੋਲ਼ੋਂ ਲਿਖਵਾਈ ਸੀ। ਇਸ ਬਾਰੇ ਡਾ. ਪਿਆਰ ਸਿੰਘ ਨੇ ਆਪਣੀ ਪੁਸਤਕ ‘ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਵਿਚ ਵਿਸਥਾਰ ਸਹਿਤ ਜ਼ਿਕਰ ਕੀਤਾ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਦਾ ਇੱਕ ਪੱਤਰ ਵੀ, ਇਸ ਪੁਸਤਕ ਵਿਚ ਅੰਤਿਕਾ ਦੇ ਤੌਰ `ਤੇ ਦਿੱਤਾ ਹੋਇਆ ਹੈ। ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਜਾਚਕ ਅਤੇ ਜੀ.ਬੀ. ਸਿੰਘ ਆਦਿਕ ਹੋਰ ਵਿਦਵਾਨਾਂ ਨੇ ਵੀ ਆਪਣੀਆਂ ਪੁਸਤਕਾਂ ਵਿਚ ਇਸ ਬਾਰੇ ਜ਼ਿਕਰ ਕੀਤਾ ਹੈ। ਇਸ ਬੀੜ ਦੀਆਂ ਕੁੱਝ ਤਸਵੀਰਾਂ ਨਾਲ ਉਕਾਈਆਂ ਸਪੱਸ਼ਟ ਹੋ ਜਾਣਗੀਆਂ। ਸਭ ਤੋਂ ਪਹਿਲਾਂ ਪਰੰਪਰਾ ਅਨੁਸਾਰ ਮੰਨੀ ਜਾਂਦੀ ਕਰਤਾਰਪੁਰੀ ਬੀੜ ਦੇ ਤਤਕਰੇ ਦੀ ਤਸਵੀਰ ਵੇਖੋ: ਹਾਸ਼ੀਏ ਦੇ ਸੱਜੇ ਪਾਸੇ ਇੱਕ ਇੰਦਰਾਜ ਦਿੱਤਾ ਹੋਇਆ ਹੈ ਜਿਸ ਵਿਚ ਸ਼ਿਵਨਾਭ ਰਾਜੇ ਕੀ ਬਿਧਿ ਦਾ ਜ਼ਿਕਰ ਹੈ। ਥੱਲੇ ਇੱਕ ਹੋਰ ਇੰਦਰਾਜ ਹੈ ਜਿਸ ਵਿਚ ਰਾਗਮਾਲਾ ਤਥਾ ਸਿੰਘਲਦੀਪ ਦਾ ਜ਼ਿਕਰ ਹੈ।
ਕਿਸੇ ਵੀ ਗ੍ਰੰਥ ਦਾ ਤਤਕਰਾ ਹਮੇਸ਼ਾਂ ਬਾਅਦ ਵਿਚ ਲਿਖਿਆ ਜਾਂਦਾ ਹੈ। ਇੱਥੇ ਤਤਕਰੇ ਵਿਚ ਲਿਖੀ ਬਾਣੀ ਮੂਲ ਗ੍ਰੰਥ ਵਿਚ ਨਹੀਂ ਹੈ। ਇਵੇਂ ਹੀ ਰਵਿਦਾਸ ਜੀ ਦੇ ਸ਼ਬਦ ਤੋਂ ਬਾਦ ਮੀਰਾਂ ਬਾਈ ਦਾ ਭਜਨ ਅੰਕਿਤ ਹੈ ਜੋ ਗੁਰਬਾਣੀ ਨਹੀਂ ਹੈ।
ਆਓ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਕੀਤੇ ਗਏ ਸਵੈ-ਵਿਰੋਧੀ ਫੈਸਲਿਆਂ ਬਾਰੇ ਵਿਚਾਰ ਕਰੀਏ। ਕਰਤਾਰਪੁਰੀ ਬੀੜ ਨੂੰ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਆਧਾਰ ਮੰਨਿਆ ਸੀ। ਫਿਰ ਕਮੇਟੀ ਵਿਚ ਇਹ ਮਤਾ ਕਿਵੇਂ ਪਾਸ ਹੋ ਸਕਦਾ ਹੈ ਕਿ 1952 ਵਾਲ਼ੀ ਬੀੜ ਦੀ ਛਪਾਈ ਵੇਲੇ ਕਰਤਾਰਪੁਰੀ ਬੀੜ ਵਿਚਲੇ ਹੇਠ ਲਿਖੇ ਸ਼ਬਦਾਂ ਨੂੰ ਸੋਧ ਕੇ ਛਾਪਿਆ ਜਾਏ? ਕੀ ਗੁਰੂ ਅਰਜਨ ਪਾਤਸ਼ਾਹ ਜੀ ਅਤੇ ਭਾਈ ਗੁਰਦਾਸ ਜੀ ਨੇ ਇਨ੍ਹਾਂ ਸ਼ਬਦਾਂ ਦੀ ਸੁਧਾਈ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ? ਹੁਣ ਜ਼ਰਾ ਇਹ ਵੀ ਸਮਝਾਓ ਕਿ ਸ਼੍ਰੋਮਣੀ ਕਮੇਟੀ ਨੇ ਕਿਹੜੀ ਬੀੜ ਨੂੰ ਆਧਾਰ ਬਣਾ ਕੇ ਗ਼ਲਤੀਆਂ ਦਰੁਸਤ ਕੀਤੀਆਂ ਸਨ?
ਸੋ ਇਨ੍ਹਾਂ ਗੱਲਾਂ ਨੂੰ ਮੁੱਖ ਰੱਖਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਸੈਂਚਾ ਤਿਆਰ ਕਰਨ ਲਈ ਵਿਦਵਾਨਾ ਵੱਲੋਂ ਚੋਣਵੀਆਂ ਭਰੋਸੇਯੋਗ ਅਤੇ ਪ੍ਰਮਾਣੀਕ 31 ਹੱਥ-ਲਿਖਤ ਬੀੜਾਂ ਨੂੰ ਆਧਾਰ ਬਣਾਇਆ ਗਿਆ ਹੈ। ਇਨ੍ਹਾਂ ਵਿਚੋਂ ਦੋ ਬਹੁਤ ਹੀ ਪ੍ਰਮਾਣੀਕ ਬੀੜਾਂ ਦੇ ਕੁੱਝ ਕੁ ਚਿੱਤਰ ਪਾਠਕਾਂ ਦੀ ਗਿਆਤ ਲਈ ਹੇਠਾਂ ਦਿੱਤੇ ਜਾ ਰਹੇ ਹਨ।
ਇਨ੍ਹਾਂ ਚਿੱਤਰਾਂ ਵਿਚ ਕੁੱਝ ਗੱਲਾਂ ਧਿਆਨ ਦੇਣ ਯੋਗ ਹਨ। ਰਾਮ ਰਾਏ ਜੀ ਵਾਲੀ ਬੀੜ ਦੇ ਤਤਕਰੇ ਦੇ ਆਰੰਭ ਵਿਚ ਸਾਲ ਦਾ ਸੰਕੇਤ, ਸੰਮਤ 1752 ਜਿਸ ਦਾ ਈਸਵੀ ਸੰਨ 1695 ਬਣਦਾ ਹੈ ਬਹੁਤ ਸਾਫ਼ ਅਤੇ ਸਪੱਸ਼ਟ ਦਿੱਤਾ ਹੋਇਆ ਹੈ। ਦੂਸਰਾ ਬਹੁਤ ਹੀ ਜ਼ਰੂਰੀ ਸੰਕੇਤ ਕਿ ਜਪੁ ਸ੍ਰੀ ਸਤਿਗੁਰੂ ਰਾਮਦਾਸ ਜੀਉ ਕਿਆ ਦਸਤਖਤਾ ਕਾ ਨਕਲ ਜਿਸ ਦਾ ਅਰਥ ਹੈ ਕਿ ਇਹ ਬੀੜ ਭਾਈ ਗੁਰਦਾਸ ਜੀ ਵਾਲ਼ੀ ਬੀੜ ਦਾ ਉਤਾਰਾ ਹੈ। ਤੀਸਰੀ ਵੱਡੀ ਗੱਲ ਇਸ ਵਿਚ ਸੰਪੂਰਨ ਮੂਲ ਮੰਤਰ ਨੂੰ ਪੂਰੀ ਤਰ੍ਹਾਂ ਸੱਜੇ ਹੱਥ ਰੱਖ ਕੇ ਲਿਖਿਆ ਗਿਆ ਹੈ ਅਤੇ ਲੰਬੀਆਂ ਲਕੀਰਾਂ ਖਿੱਚ ਕੇ ਹਾਸ਼ੀਏ ਨਾਲ ਜੋੜ ਦਿੱਤਾ ਗਿਆ ਹੈ। ਜਪੁ ਸਿਰਲੇਖ ਨੂੰ ਦੋ ਦੋ ਡੰਡੀਆਂ ਦੇ ਵਿਕਾਰ ਰੱਖ ਕੇ ਖੱਬੇ ਹੱਥ ਲਿਖਿਆ ਗਿਆ ਹੈ। ਤੀਜੀ ਤਸਵੀਰ ਵਿਚ ਮੰਗਲਾਚਰਨ ਅਤੇ ਬਾਣੀ ਦੇ ਸਿਰਲੇਖਾਂ ਦੀ ਤਰਤੀਬ ਵੇਖੀ ਜਾ ਸਕਦੀ ਹੈ। ਛੋਟਾ ਮੰਗਲਾਚਰਣ ਸੱਜੇ ਹੱਥ ਲਿਖ ਕੇ ਬਹੁਤ ਹੀ ਬਾਕਮਾਲ ਤਰੀਕੇ ਨਾਲ ਹੈਡਿੰਗ ਦਿੱਤਾ ਗਿਆ ਹੈ।
ਪਹਿਲਾਂ ਰਾਗ ਦਾ ਨਾਮ: ਰਾਗ ਆਸਾ
ਫਿਰ ਉਚਾਰਣ ਵਾਲ਼ੀ ਪਾਤਸ਼ਾਹੀ: ਮਹਲਾ 1,
ਫਿਰ ਬਾਣੀ ਦਾ ਨਾਮ: ॥ਸੋਦਰੁ॥
ਇਹੋ ਤਰਤੀਬ ਇਸ ਸਾਰੀ ਬੀੜ ਵਿਚ ਦਿੱਤੀ ਹੋਈ ਹੈ। ਇਸ ਸਮੁੱਚੀ ਬੀੜ ਵਿਚ ਕੇਵਲ ਦੋ ਹੀ ਮੰਗਲ ਦਿੱਤੇ ਗਏ ਹਨ: ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਿ ਅਤੇ ਫਿਰ ਰਾਗਾਂ ਦੇ ਆਰੰਭ ਵਿਚ ਸੰਪੂਰਨ ਮੰਗਲ ਅਤੇ ਬਾਕੀ ਸਭ ਸਥਾਨਾਂ ਤੇ ‘ੴ ਸਤਿਗੁਰਪ੍ਰਸਾਦਿ’ ਦਾ ਮੰਗਲ ਹੈ। ਇਸ ਬੀੜ ਵਿਚ ਇੱਕ ਹੋਰ ਬਹੁਤ ਹੀ ਮਹੱਤਵਪੂਰਣ ਸੰਕੇਤ ਵੀ ਦਿੱਤਾ ਹੋਇਆ ਹੈ: ‘ਤੇਰਾ ਕੀਤਾ ਜਾਤੋ ਨਾਹੀਂ’ ਸ਼ਬਦ ਤੋਂ ਬਾਅਦ ਅਤੇ ਰਾਗਮਾਲ਼ਾ ਦੇ ਇੰਦਰਾਜ ਤੋਂ ਪਹਿਲਾਂ ਲਿਖਿਆ ਹੈ ਕਿ: ‘ਏਹੁ ਭੋਗੁ ਸ੍ਰੀ ਆਦ ਗਿਰਂਥ ਜੀ ਹੈ’ ਅਤੇ ਮੁਖ ਤਤਕਰੇ ਦੇ ਵਿਚ ਵੀ ਰਾਗਮਾਲਾ ਦਾ ਕੋਈ ਜ਼ਿਕਰ ਨਹੀਂ। ਇਹ ਸੰਕੇਤ ਸਾਡੇ ਰਾਗਮਾਲ਼ਾ ਵਾਲ਼ੇ ਝਗੜੇ ਨੂੰ ਨਿਬੇੜਨ ਵਿਚ ਅਤਿਅੰਤ ਸਹਾਈ ਹੋ ਸਕਦਾ ਹੈ।
ਹੁਣ ਭਾਈ ਬਿਧੀ ਚੰਦ ਜੀ ਦੇ ਅਸਥਾਨ `ਤੇ ਪਈ ਬੀੜ ਜੋ ਬਾਬਾ ਬਿੱਧੀ ਚੰਦ ਜੀ ਵੱਲੋਂ ਲਿਖੀ ਹੋਈ ਮੰਨੀ ਜਾਂਦੀ ਹੈ, ਬਾਰੇ ਗੱਲ ਕਰਾਂਗੇ। ਇਸ ਵਿਚ ਵੀ ਜਪੁਜੀ ਸਾਹਿਬ ਦੇ ਆਰੰਭ ਵਿਚ ਮੰਗਲਾਚਰਨ ਨੂੰ ਹਾਸ਼ੀਏ ਦੇ ਸੱਜੇ ਹੱਥ ਲਿਖਿਆ ਗਿਆ ਹੈ ਅਤੇ ਬਚੀ ਹੋਈ ਜਗ੍ਹਾ ਨੂੰ ਲੰਬੀ ਲਕੀਰ ਰਾਹੀਂ ਹਾਸ਼ੀਏ ਨਾਲ ਜੋੜ ਦਿੱਤਾ ਗਿਆ ਹੈ। ਇਹ ਤਰਤੀਬ ਵੀ ਭਾਈ ਰਾਮ ਰਾਇ ਜੀ ਦੀ ਬੀੜ ਵਾਲ਼ੀ ਹੀ ਹੈ। ਇਸ ਦੇ ਤਤਕਰੇ ਵਿਚ ਵੀ ਲਿਖਿਆ ਹੈ ਕਿ ਇਹ ਬੀੜ ‘ਜਪੁ ਸ੍ਰੀ ਸਤਿਗੁਰੂ ਰਾਮਦਾਸ ਜੀ ਕੇ ਦਸਖ਼ਤਾ ਕਾ ਨਕਲੁ ਹੈ’ ਭਾਵ ਇਹ ਵੀ ਮੂਲ ਬੀੜ ਦਾ ਉਤਾਰਾ ਹੈ। ਇਸ ਦੇ ਨਾਲ ਹੀ ਭਾਈ ਰਾਮਰਾਇ ਜੀ ਵਾਲ਼ੀ ਬੀੜ ਵਾਂਗ ਹੀ ਇਸ ਵਿਚ ਵੀ ਛੋਟੇ ਮੰਗਲਚਾਰਣ ਤੋਂ ਬਾਅਦ ਪਹਿਲਾਂ ਰਾਗ ਦਾ ਨਾਮ, ਫਿਰ ਪਾਤਸ਼ਾਹੀ ਦਾ ਨਾਮ ਅਤੇ ਫਿਰ ਬਾਣੀ ਦਾ ਸਿਰਲੇਖ ‘ਸੋਦਰੁ॥’ ਦਿੱਤਾ ਗਿਆ ਹੈ। ਇਵੇਂ ਹੀ ਹੋਰ ਬਹੁਤ ਸਾਰੀਆਂ ਬੀੜਾਂ ਨੂੰ ਵੀ ਘੋਖਿਆ-ਵਿਚਾਰਿਆ ਜਾ ਸਕਦਾ ਹੈ।
ਪ੍ਰਿੰਟਿੰਗ ਤਕਨੀਕ ਦੇ ਵਿਕਾਸ ਉਪਰੰਤ ਛਪਾਈ ਵਿਚ ਆਏ ਪਾਠ-ਭੇਦ
ਲਗਭਗ 1864 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੱਥ-ਲਿਖਤੀ ਹੀ ਰਿਹਾ। ਜਦੋਂ ਪੱਥਰ ਦੇ ਛਾਪੇਖ਼ਾਨੇ ਦਾ ਆਰੰਭ ਹੋਇਆ ਤਾਂ 1864 ਦੇ ਕਰੀਬ ਲਾਹੌਰ ਦੇ ਪ੍ਰਕਾਸ਼ਕ ਲਾਲਾ ਹਰਿਸੁਖ ਰਾਇ ਵੱਲੋਂ ਪਹਿਲੀ ਬੀੜ ਛਾਪੀ ਗਈ। ਫਿਰ 1885 ਵਿਚ ਯੰਤ੍ਰ ਗਣੇਸ਼ ਪ੍ਰਕਾਸ਼ ਲਾਹੌਰ ਵੱਲੋਂ ਪੱਥਰ ਦੇ ਛਾਪੇ ਦੀ ਬੀੜ ਛਾਪੀ ਗਈ। ਉਪਰੰਤ 1893 `ਚ ਵਿੱਦਿਆ ਪ੍ਰਕਾਸ਼ ਪ੍ਰੈਸ ਲਾਹੌਰ ਦੇ ਮਾਲਿਕ ਵਪਾਰੀ ਮੁਨਸ਼ੀ ਹਰੀ ਚੰਦ ਨੇ 1430 ਪੰਨਿਆਂ ਵਾਲ਼ੀ ਪੱਥਰ ਦੇ ਛਾਪੇ ਦੀ ਬੀੜ ਛਾਪੀ। ਇਸ ਤੋਂ ਬਾਅਦ ਭਾਈ ਚਰਨ ਸਿੰਘ ਜੀ ਸ਼ਹੀਦ ਜੋ ਹਾਸ-ਰਸ ਦੇ ਬਹੁਤ ਵੱਡੇ ਕਵੀ ਵੀ ਹੋਏ ਹਨ ਨੇ ਬੜੀ ਮਿਹਨਤ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਛਾਪਿਆ ਅਤੇ ਮਗਰੋਂ ਹੋਰ ਵੀ ਯਤਨ ਹੋਏ। 1875 ਦੇ ਲਗਭਗ ਮਾਈ ਸੇਵਾਂ ਬਜ਼ਾਰ, ਅੰਮ੍ਰਿਤਸਰ ਦੇ ਛਾਪਕਾਂ, ਭਾਈ ਚਤਰ ਸਿੰਘ – ਜੀਵਨ ਸਿੰਘ (1875), ਅਤੇ ਬਾਅਦ ਵਿਚ ਭਾਈ ਜਵਾਹਰ ਸਿੰਘ – ਕਿਰਪਾਲ ਸਿੰਘ (1920) ਵੱਲੋਂ ਇਸ ਦਾ ਵਪਾਰੀਕਰਣ ਸ਼ੁਰੂ ਹੋਇਆ। ਲਿਥੋਪ੍ਰਿੰਟਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਅਤੇ ਗੁਰਬਾਣੀ ਗੁਟਕਿਆਂ ਦੇ ਲਿਥੋਗ੍ਰਾਫਿਕ ਖੰਡ ਪ੍ਰਕਾਸ਼ਿਤ ਕੀਤੇ। ਸਮੇਂ ਦੇ ਬਦਲਾਅ ਨਾਲ ਟਾਈਪ ਪ੍ਰਿੰਟਿੰਗ ਵਿਚ ਛਾਪਣਾ ਸ਼ੁਰੂ ਕੀਤਾ ਗਿਆ। ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਆਪਣੀ ਪੁਸਤਕ, ਪਾਠ-ਭੇਦ ਗਾਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 145 ਉੱਪਰ ਜ਼ਿਕਰ ਕੀਤਾ ਹੈ ਕਿ ਗੁਰਬਾਣੀ ਨੂੰ ਪਦ-ਛੇਦ ਕਰ ਕੇ ਪਦ-ਅਰਥ ਕਰਨ ਦਾ ਪਹਿਲਾ ਉਪਰਾਲਾ ਸ਼ਬਦਾਰਥੀ ਵਿਦਵਾਨਾਂ ਵੱਲੋਂ 28 ਮਈ 1936 ਵਿਚ ਆਰੰਭ ਕਰ ਕੇ 15 ਸਤੰਬਰ 1941 ਵਿਚ ਸੰਪੂਰਨ ਕੀਤਾ ਗਿਆ। ਇਹ ਪਹਿਲਾ ਅਕਾਦਮਿਕ ਉਪਰਾਲਾ ਸੀ। ਇਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਘਰ-ਘਰ ਪਹੁੰਚਾਉਣ ਵਿਚ ਮਦਦ ਤਾਂ ਮਿਲੀ ਪਰ ਗੁਰਬਾਣੀ ਦੀ ਸ਼ੁੱਧਤਾ ਲਈ ਕੋਈ ਮਾਪਦੰਡ ਨਹੀਂ ਵਰਤੇ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਰਕਿਆਂ ਦੀ ਬੇਅਦਬੀ ਅਤੇ ਗੈਰ-ਜ਼ਿੰਮੇਦਾਰ ਤਰੀਕੇ ਨਾਲ ਵੇਚਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ। ਪ੍ਰਾਈਵੇਟ ਛਾਪਕਾਂ ਵੱਲੋਂ 2006 ਵਿਚ ਅਕਾਲ ਤਖ਼ਤ ਦੇ ਹੁਕਮਨਾਮੇ ਅਤੇ ਪੰਜਾਬ ਅਸੈਂਬਲੀ ਦੇ ਮਤੇ ਮਗਰੋਂ ਇਹ ਸਿਲਸਿਲਾ ਬੰਦ ਹੋਇਆ।
ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਹੋਂਦ ਵਿਚ ਆਈ ਤਾਂ ਪ੍ਰਾਈਵੇਟ ਛਾਪਕਾਂ ਦੇ ਵਪਾਰੀਕਰਣ ਅਤੇ ਅਸ਼ੁੱਧ ਛਪਾਈ `ਤੇ ਰੋਕ ਲਗਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁੱਧ ਛਪਾਈ ਦਾ ਕਾਰਜ ਉਨ੍ਹਾਂ ਵੱਲੋਂ ਖ਼ੁਦ ਆਰੰਭ ਕਰਨ ਦਾ ਫੈਸਲਾ ਕੀਤਾ ਗਿਆ। ਇਸ ਲਈ ਉਨ੍ਹਾਂ ਨੇ ਉਸ ਸਮੇਂ ਦੇ ਸਥਾਪਿਤ ਵਿਦਵਾਨਾਂ ਦੀਆਂ ਕਮੇਟੀਆਂ ਬਣਾਈਆਂ ਜਿਨ੍ਹਾਂ ਨੇ ਕਰਤਾਰਪੁਰੀ ਬੀੜ ਅਤੇ ਦਮਦਮੀ ਬੀੜ ਨੂੰ ਆਧਾਰ ਬਣਾ ਕੇ ਇੱਕ ਤਰਤੀਬ ਤਿਆਰ ਕੀਤੀ। ਕਿਉਂਕਿ ਉਸ ਸਮੇਂ ਕੰਪਿਊਟਰ ਦੀ ਕਾਢ ਅਜੇ ਆਰੰਭ ਨਹੀਂ ਸੀ ਹੋਈ, ਜਿਸ ਕਰਕੇ ਸਮੇਂ ਅਨੁਸਾਰ ਲੱਖਾਂ ਰੁਪਏ ਖਰਚ ਕੇ ਇਸ ਦੇ ਸੁੰਦਰ ਬਲਾਕ ਬਣਵਾਏ ਗਏ ਅਤੇ ਸੰਨ 1950 ਦੇ ਕਰੀਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਦਾ ਕਾਰਜ ਆਰੰਭ ਕੀਤਾ ਗਿਆ ਜੋ 1952 ਵਿਚ ਸੰਪੂਰਨ ਹੋ ਗਿਆ। ਬਹੁਤ ਹੀ ਸੁੰਦਰ ਛਪਾਈ ਕਰਵਾਈ ਗਈ। ਇਸ ਦੀ ਭੇਟਾ ਵੀ ਲਾਗਤ ਮਾਤਰ ਹੀ ਰੱਖੀ ਗਈ। ਸ਼ਬਦਾਰਥ ਦੀਆਂ ਜੋ ਸੈਂਚੀਆਂ ਛਪਦੀਆਂ ਸਨ ਉਨ੍ਹਾਂ ਵਿਚ ਵੀ ਸਾਰੇ ਮੰਗਲਾਂ ਦੀ ਤਰਤੀਬ ਬਾਣੀ ਦੇ ਸਿਰਲੇਖਾਂ ਤੋਂ ਪਹਿਲਾਂ ਲਿਖ ਕੇ ਇਕਸਾਰ ਕਰ ਦਿੱਤੀ ਗਈ। 1952 ਵਾਲ਼ੀ ਇਹ ਬੀੜ ਅਤੇ ਸ਼ਬਦਾਰਥ ਸੈਂਚੀਆਂ ਮੂਲ ਰੂਪ ਵਿਚ ਦਾਸ ਕੋਲ਼ ਸੁਰੱਖਿਅਤ ਹਨ। 1952 ਵਾਲ਼ੀ ਬੀੜ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 25/02/1959 ਵਿਚ ਛਾਪੇ ਕਿਤਾਬਚੇ ਅੰਦਰ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਵੱਲੋਂ ਬਹੁਤ ਸਾਰੇ ਹਵਾਲੇ ਦਿੱਤੇ ਗਏ ਹਨ। ਇਸੇ ਕਿਤਾਬਚੇ ਵਿਚ ਜ਼ਿਕਰ ਕੀਤਾ ਹੋਇਆ ਹੈ ਕਿ ਜਦੋਂ ਵਿਦਵਾਨਾਂ ਦੀ ਕਮੇਟੀ ਨੇ ਪੁਰਾਤਨ ਹੱਥ-ਲਿਖਤ ਬੀੜਾਂ ਨੂੰ ਆਧਾਰ ਬਣਾ ਕੇ ਨਵੀਂ ਬੀੜ ਨੂੰ ਛਾਪਣ ਦਾ ਮਨ ਬਣਾਇਆ ਤਾਂ ਲਗਭਗ 700 ਪਾਠ-ਅੰਤਰ ਉਨ੍ਹਾਂ ਦੇ ਸਾਹਮਣੇ ਆਏ ਜੋ ਉਨ੍ਹਾਂ ਠੀਕ ਕਰਕੇ ਹੀ ਨਵੀਂ ਬੀੜ ਦੀ ਛਪਾਈ ਕੀਤੀ ਸੀ।
ਬਾਅਦ ਵਿਚ ਵਪਾਰੀ ਬਿਰਤੀ ਵਾਲ਼ੇ ਪ੍ਰਾਈਵੇਟ ਛਾਪਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਚੀਫ਼-ਖਾਲਸਾ ਦੀਵਾਨ ਅਤੇ ਹੋਰਨਾਂ ਡੇਰੇਦਾਰਾਂ ਨੂੰ ਵੀ ਇਸ ਵਿਚ ਪਾਰਟੀ ਬਣਾ ਲਿਆ ਗਿਆ ਕਿ ਸ਼੍ਰੋਮਣੀ ਕਮੇਟੀ ਨੇ ਤਾਂ ਬਾਣੀ ਹੀ ਬਦਲ ਦਿੱਤੀ ਹੈ ਅਤੇ ਕਿਹਾ ਗਿਆ ਕਿ ਇਹ ਤਰਤੀਬ ਕਰਤਾਰਪੁਰੀ ਬੀੜ ਅਨੁਸਾਰ ਨਹੀਂ ਹੈ। ਇਸ ਗੰਭੀਰ ਮਸਲੇ ਬਾਰੇ ਬਾਰੰਬਾਰ ਵਿਦਵਾਨਾਂ ਦੀਆਂ ਮੀਟਿੰਗਾਂ ਅਤੇ ਵਿਚਾਰਾਂ ਹੁੰਦੀਆਂ ਰਹੀਆਂ। ਇਸ ਵਿਚ ਬਾਵਾ ਹਰਕਿਸ਼ਨ ਸਿੰਘ, ਪ੍ਰੋਫੈਸਰ ਸਾਹਿਬ ਸਿੰਘ, ਸ. ਹਰਨਾਮ ਸਿੰਘ ਜੱਜ ਹਾਈਕੋਰਟ, ਡਾ. ਗੰਡਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਅਤੇ ਹੋਰ ਬਹੁਤ ਸਾਰੇ ਵਿਦਵਾਨ ਸਮੇਂ ਸਮੇਂ ਭਾਗ ਲੈਂਦੇ ਰਹੇ। ਆਖਰ 1964 ਵਿਚ ਜਦੋਂ ਸੰਤ ਫਤਿਹ ਸਿੰਘ ਅਤੇ ਸੰਤ ਚੰਨਣ ਸਿੰਘ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਹੋਏ ਤਾਂ ਉਨ੍ਹਾਂ ਨੇ ਡੇਰੇਦਾਰਾਂ ਅਤੇ ਵਪਾਰੀਆਂ ਦੇ ਕਹਿਣ `ਤੇ ਉਹ ਸਾਰੇ ਕੀਮਤੀ ਬਲਾਕ ਤੁੜਵਾ ਦਿੱਤੇ ਅਤੇ ਮੁੜ ਬੇਤਰਤੀਬੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਵਾਈ ਆਰੰਭ ਕਰਵਾ ਦਿੱਤੀ। ਸ਼ਬਦਾਰਥ ਦੀਆਂ ਸੈਂਚੀਆਂ ਅਤੇ ਗੁਟਕੇ ਆਦਿ ਵੀ ਫਿਰ ਤੋਂ ਬੇਤਰਤੀਬੀ ਅਨੁਸਾਰ ਛਾਪਣੇ ਆਰੰਭ ਕਰਵਾ ਦਿੱਤੇ ਗਏ।
ਸੋ ਤੱਤ-ਨਿਚੋੜ ਇਹ ਨਿਕਲਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 1952 ਵਿਚ ਵਿਦਵਾਨਾਂ ਦੀ ਨਿਗਰਾਨੀ ਹੇਠ ਛਪਾਈ ਗਈ ਬੀੜ ਅਤੇ ਫਿਰ 1964 ਵਿਚ ਡੇਰੇਦਾਰਾਂ ਦੇ ਦਬਾਅ ਅਧੀਨ ਛਪਾਈ ਗਈ ਬੀੜ ਵਿਚ ਭਾਰੀ ਅੰਤਰ ਹੈ। ਇਹ ਅੰਤਰ ਸ਼੍ਰੋਮਣੀ ਕਮੇਟੀ ਵੱਲੋਂ ਕਿਸ ਅਧਾਰ `ਤੇ ਪਾਇਆ ਗਿਆ, ਇਸ ਬਾਰੇ ਕਿਤੇ ਕੋਈ ਰਿਕਾਰਡ ਜਾਂ ਜਾਣਕਾਰੀ ਮੌਜੂਦ ਨਹੀਂ ਹੈ। ਇਸ ਨਾਲ ਪ੍ਰਸ਼ਨ ਉੱਭਰ ਕੇ ਸਾਹਮਣੇ ਆਉਂਦਾ ਹੈ ਕਿ ਇਸ ਅਤਿਅੰਤ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਕਾਰਜ ਬਾਰੇ ਪੰਥਕ ਵਿਦਵਾਨਾਂ ਨਾਲ ਉਸ ਸਮੇਂ ਕੋਈ ਵਿਚਾਰ ਵਟਾਂਦਰਾ ਕਿਉਂ ਨਹੀਂ ਕੀਤਾ ਗਿਆ? 1964 ਤੋਂ ਬਾਅਦ ਵੀ ‘ਬਾਰ-ਬਾਰ ਅਤੇ ਗੁਪਤੋ-ਗੁਪਤੀ’ ਪਾਠ-ਸੁਧਾਈਆਂ ਹੋਈਆਂ ਹਨ। ਇਸੇ ਕਰਕੇ ਇਸ ਗੰਭੀਰ ਉਕਾਈ ਦੇ ਨਤੀਜੇ ਅੱਜ ਸਾਨੂੰ ਭੁਗਤਣੇ ਪੈ ਰਹੇ ਹਨ।
ਪਾਠ-ਭੇਦਾਂ ਬਾਰੇ ਚਰਚਾ
ਸਮੇਂ ਸਮੇਂ ਬਹੁਤ ਸਾਰੇ ਪੰਥ ਦਰਦੀਆਂ ਅਤੇ ਸਥਾਪਿਤ ਵਿਦਵਾਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਪਾਠ-ਭੇਦਾਂ ਦੀਆਂ ਅਸ਼ੁੱਧੀਆਂ ਬਾਰੇ ਆਗਾਹ ਕੀਤਾ। ਦਮਦਮੀ ਟਕਸਾਲ ਨੇ ਵੀ ਆਪਣੀ ਇੱਕ ਪੁਸਤਕ ‘ਗੁਰਬਾਣੀ ਪਾਠ ਦਰਪਣ’ ਵਿਚ ਕਰਤਾਰਪੁਰੀ ਬੀੜ ਨਾਲੋਂ ਤਕਰੀਬਨ ਪੰਦਰਾਂ ਸੌ ਪਾਠ ਭੇਦਾਂ ਦਾ ਜ਼ਿਕਰ ਕੀਤਾ ਹੋਇਆ ਹੈ।
ਸ਼੍ਰੋਮਣੀ ਕਮੇਟੀ ਵੱਲੋਂ ਉੱਦਮ ਕਰ ਕੇ 1975 ਵਿਚ ਸ. ਰਣਧੀਰ ਸਿੰਘ ਰਿਸਰਚ ਸਕਾਲਰ, ਗਿਆਨੀ ਕੁੰਦਨ ਸਿੰਘ ਅਤੇ ਭਾਈ ਗਿਆਨ ਸਿੰਘ ਜੀ ਨਿਹੰਗ ਦੀ ਇੱਕ ਕਮੇਟੀ ਬਣਾਈ ਗਈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਹੱਥ-ਲਿਖਤ ਬੀੜਾਂ ਨੂੰ ਆਧਾਰ ਬਣਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਪਾਠ-ਭੇਦਾਂ ਦੀ ਇੱਕ ਸੂਚੀ ਤਿਆਰ ਕੀਤੀ ਜਾਵੇ ਤਾਂ ਕਿ ਇਸ ਅਨੁਸਾਰ ਸ਼ੁੱਧ ਛਪਾਈ ਲਈ ਲੋੜੀਂਦੀਆਂ ਸੋਧਾਂ ਕੀਤੀਆਂ ਜਾ ਸਕਣ। ਇਸ ਕਮੇਟੀ ਨੇ ਬਹੁਤ ਮਿਹਨਤ ਨਾਲ 5000 ਤੋਂ ਵੱਧ ਪਾਠ-ਭੇਦਾਂ ਦੀ ਇੱਕ ਸੂਚੀ ਤਿਆਰ ਕੀਤੀ ਜਿਸ ਦੀ ਭੂਮਿਕਾ ਉਸ ਵੇਲੇ ਦੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਭਾਈ ਸਾਹਿਬ ਕ੍ਰਿਪਾਲ ਸਿੰਘ ਜੀ, ਜੋ ਬਾਅਦ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਬਣੇ, ਨੇ ਲਿਖੀ। ਇਸ ਵੱਡ ਆਕਾਰੀ ਪੁਸਤਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਵਾਇਆ ਗਿਆ। ਲੇਕਿਨ ਅਫ਼ਸੋਸ! ਡੇਰਾਵਾਦ ਦੇ ਪ੍ਰਭਾਵ ਥੱਲੇ ਇਸ ਰਿਪੋਰਟ ਦੀਆਂ ਕਾਪੀਆਂ ਸਾੜ ਦਿੱਤੀਆਂ ਗਈਆਂ। ਗੋਇੰਦਵਾਲ ਦੇ ਅਸਥਾਨ `ਤੇ ਜਦੋਂ ਇਹ ਕਾਪੀਆਂ ਸਾੜੀਆਂ ਜਾ ਰਹੀਆਂ ਸਨ ਤਾਂ ਕੁੱਝ ਪੰਥ ਦਰਦੀ ਉੱਥੇ ਮੌਜੂਦ ਸਨ, ਜਿਨ੍ਹਾਂ ਨੇ ਕੁੱਝ ਕਾਪੀਆਂ ਸੇਵਾਦਾਰਾਂ ਤੋਂ ਲੈ ਲਈਆਂ। ਜੋ ਹੁਣ ਵੀ ਕੁੱਝ ਪੰਥ ਦਰਦੀਆਂ ਕੋਲ਼ ਸਾਂਭੀਆਂ ਪਈਆਂ ਹਨ। ਇਸ ਪਾਠ-ਭੇਦ ਸੂਚੀ ਦੀ ਇੱਕ ਮੂਲ ਕਾਪੀ ਦਾਸ ਦੀ ਲਾਇਬ੍ਰੇਰੀ ਵਿਚ ਵੀ ਮੌਜੂਦ ਹੈ। ਸ਼੍ਰੋਮਣੀ ਕਮੇਟੀ ਨੇ ਕਦੀ ਵੀ ਇਨ੍ਹਾਂ ਪਾਠ-ਭੇਦਾਂ ਨੂੰ ਦਰੁਸਤ ਕਰਨ ਦਾ ਕੋਈ ਉੱਦਮ ਉਪਰਾਲਾ ਨਹੀਂ ਕੀਤਾ। ਇਹ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਸੰਸਥਾ ਨੇ ਆਪ ਹੀ ਕਮੇਟੀ ਬਣਾਈ ਹੋਵੇ, ਪਾਠ-ਭੇਦਾਂ ਦੀ ਸੂਚੀ ਤਿਆਰ ਕੀਤੀ ਹੋਵੇ, ਲੇਕਿਨ ਉਨ੍ਹਾਂ ਨੂੰ ਦਰੁਸਤ ਨਾ ਕੀਤਾ ਗਿਆ ਹੋਵੇ। ਇਹ ਸਿੱਖ ਸੰਸਥਾਵਾਂ ਵਿਚ ਬਾਹਰੀ ਦਖ਼ਲਅੰਦਾਜ਼ੀ ਦਾ ਪਰਤੱਖ ਪ੍ਰਮਾਣ ਹੈ।
1995 ਵਿਚ ਪ੍ਰੋ. ਮਨਜੀਤ ਸਿੰਘ ਜੀ, ਜੋ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ, ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਗੁਰਚਰਨ ਸਿੰਘ ਟੌਹੜਾ ਦੇ ਧਿਆਨ ਵਿਚ ਲਿਆਂਦਾ ਕਿ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਜਾਂਦੀਆਂ ਬੀੜਾਂ, ਸ਼ਬਦਾਰਥ ਸੈਂਚੀਆਂ ਅਤੇ ਗੁਟਕਿਆਂ ਵਿਚ ਛਾਪੇ ਦੀਆਂ ਬਹੁਤ ਸਾਰੀਆਂ ਉਕਾਈਆਂ ਹਨ। ਜਥੇਦਾਰ ਸਾਹਿਬ ਦੇ ਜ਼ੋਰ ਦੇਣ `ਤੇ ਸ. ਟੌਹੜਾ ਨੇ ਦੁਬਾਰਾ 7 ਮੈਂਬਰੀ ਕਮੇਟੀ ਬਣਾਈ ਜਿਸ ਦੇ ਕਨਵੀਨਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਨ। ਇਸੇ ਦੇ ਜ਼ਿਕਰ ਤੋਂ ਇਸ ਲੇਖ ਦਾ ਆਰੰਭ ਕੀਤਾ ਗਿਆ ਹੈ। ਇਸ ਕਮੇਟੀ ਨੇ ਬਹੁਤ ਮਿਹਨਤ ਨਾਲ ਇਸ ਸੰਬੰਧੀ ਰਿਪੋਰਟ ਤਿਆਰ ਕਰਨ ਦਾ ਉਪਰਾਲਾ ਕੀਤਾ। ਲੇਕਿਨ ਫਿਰ ਡੇਰਾਵਾਦ ਦੇ ਪ੍ਰਭਾਵ ਥੱਲੇ ਸ਼੍ਰੋਮਣੀ ਕਮੇਟੀ `ਤੇ ਜ਼ੋਰ ਪਾਇਆ ਗਿਆ ਅਤੇ ਇਹ ਕਮੇਟੀ ਆਪਣੀ ਰਿਪੋਰਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1100 ਪੰਨਿਆਂ ਤੱਕ ਹੀ ਤਿਆਰ ਕਰ ਸਕੀ ਅਤੇ ਇਹ ਅਧੂਰੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ 1996 ਵਿਚ ਸੌਂਪ ਦਿੱਤੀ। ਇਸ ਰਿਪੋਰਟ ਵੱਲ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਅਤੇ ਇਹ ਸਮੇਂ ਦੀ ਧੂੜ ਹੇਠ ਦੱਬ ਕੇ ਰਹਿ ਗਈ।
ਸ. ਜੋਗਿੰਦਰ ਸਿੰਘ ਜੀ ਤਲਵਾੜਾ ਅਤੇ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤਾਂ ਕੂਕਦੇ ਕੂਕਦੇ ਹੀ ਇਸ ਸੰਸਾਰ ਤੋਂ ਤੁਰ ਗਏ ਲੇਕਿਨ ਸ਼੍ਰੋਮਣੀ ਕਮੇਟੀ ਨੇ ਇਸ ਪਾਸੇ ਕਦੀ ਕੋਈ ਧਿਆਨ ਦੇਣ ਦਾ ਯਤਨ ਨਹੀਂ ਕੀਤਾ। ਸ. ਜੋਗਿੰਦਰ ਸਿੰਘ ਤਲਵਾੜਾ ਵੱਲੋਂ ਕੀਤਾ ਹੋਇਆ ਲੰਬਾ ਕਾਰਜ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਅਜੇ ਵੀ ਸਾਂਭਿਆ ਪਿਆ ਹੈ ਜਿਸ ਦੀ ਕਾਪੀ ਦਾਸ ਕੋਲ਼ ਵੀ ਮੌਜੂਦ ਹੈ।
ਬਲਿਊ ਸਟਾਰ ਉਪਰੇਸ਼ਨ ਤੋਂ ਬਾਅਦ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਜਿਹੜੀਆਂ ਅਤਿ ਕੀਮਤੀ ਹੱਥ ਲਿਖਤ ਬੀੜਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਪਈਆਂ ਸਨ, ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤੀਆਂ ਗਈਆਂ। ਪਰ ਅਫ਼ਸੋਸ ਇਨ੍ਹਾਂ ਵਿਚੋਂ ਅਨੇਕਾਂ ਅਤਿ ਕੀਮਤੀ ਬੀੜਾਂ ਨੂੰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਵੱਡੀ ਰਕਮ ਲੈ ਕੇ ਵਿਦੇਸ਼ਾਂ `ਚ ਵੇਚਣ ਦੇ ਆਰੋਪ ਲਗਦੇ ਰਹਿੰਦੇ ਹਨ। ਇਸ ਦੇ ਬਾਵਜੂਦ ਪ੍ਰੋ. ਸਾਹਿਬ ਸਿੰਘ ਟਰੱਸਟ ਜਿਸ ਦੇ ਚੇਅਰਮੈਨ ਪ੍ਰੋ. ਮਨਜੀਤ ਸਿੰਘ ਜੀ ਸਾਬਕਾ ਜਥੇਦਾਰ ਹਨ, ਦੇ ਸੁਹਿਰਦ ਯਤਨਾਂ ਸਦਕਾ ਸਾਰੇ ਹਿੰਦੁਸਤਾਨ ਵਿਚੋਂ ਪੁਰਾਤਨ ਬੀੜਾਂ ਦਾ ਕੀਮਤੀ ਖਜ਼ਾਨਾ ਲਗਭਗ 18 ਸਾਲ ਦਾ ਸਮਾਂ ਲਗਾ ਕੇ ਇਕੱਤਰ ਕੀਤਾ ਗਿਆ। ਸ. ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਵੀ ਇਸ ਪਾਸੇ ਯਤਨ ਕੀਤੇ ਗਏ ਸਨ। ਇਨ੍ਹਾਂ ਕੀਮਤੀ ਬੀੜਾਂ ਅਤੇ ਪੋਥੀਆਂ ਦਾ ਖਜ਼ਾਨਾ ਜੋ ਲਗਭਗ 600 ਦੇ ਕਰੀਬ ਹੈ, ਦਾਸ ਕੋਲ ਸਾਂਭਿਆ ਹੋਇਆ ਹੈ ਅਤੇ ਅਸੀਂ ਜਲਦ ਇਹ ਸਾਰਾ ਖ਼ਜ਼ਾਨਾ ਵੈਬਸਾਈਟ (ਗੁਰੁਗਰਅਨਟਹਸਅਹਿਬ.ਸਟੁਦੇ) `ਤੇ ਪਾ ਕੇ ਸਿੱਖ ਸੰਗਤਾਂ ਨਾਲ ਸਾਂਝਾ ਕਰਾਂਗੇ।
ਬੀੜਾਂ ਦੀ ਛਪਾਈ ਸੰਬੰਧੀ ਅਸਲ ਸਮੱਸਿਆ ਤੋਂ ਬੇ-ਖ਼ਬਰ ਕੁੱਝ ਵੀਰ ਗਲਤ-ਫਹਿਮੀ ਦਾ ਸ਼ਿਕਾਰ ਹੋ ਕੇ ਬੀੜਾਂ ਵਿਚਲੀਆਂ ਛਾਪੇ ਦੀਆਂ ਗਲਤੀਆਂ ਦੀ ਚਰਚਾ ਕਰਨ ਵਾਲ਼ੇ ਵਿਅਕਤੀਆਂ ਉੱਤੇ ਕੁਫ਼ਰ ਦਾ ਦੋਸ਼ ਥੋਪਣ ਤਕ ਜਾਂਦੇ ਹਨ। ਜੇ ਅਜਿਹੇ ਵੀਰ ਆਪਣੀ ਹਠ-ਧਰਮੀ ਛੱਡ ਕੇ ਧੀਰਜ-ਤਹੱਮਲ ਨਾਲ ਵਿਚਾਰ-ਖੇਤਰ ਵਿਚ ਆਉਣ ਦੀ ਖੇਚਲ ਕਰਨ ਤਾਂ ਉਨ੍ਹਾਂ ਨੂੰ ਬੀੜਾਂ ਦੀ ਛਪਾਈ ਵਿਚ ਛਾਪੇ ਦੀਆਂ ਗ਼ਲਤੀਆਂ ਦੀ ਹੋਂਦ ਦਾ ਅਹਿਸਾਸ ਹੋ ਸਕਦਾ ਹੈ। ਸਵਾਲ ਇਹ ਹੈ ਕਿ ਕੀ ਇਸ ਅਸਲੀਅਤ ਨੂੰ ਅਸੀਂ ਹਮੇਸ਼ਾਂ ਨਜ਼ਰ-ਅੰਦਾਜ਼ ਹੀ ਕਰਦੇ ਜਾਵਾਂਗੇ ਜਾਂ ਪੰਥਕ ਪੱਧਰ `ਤੇ ਇਸ ਦੇ ਸਥਾਈ ਹੱਲ ਲੱਭਣ ਲਈ ਕਦੀ ਯਤਨਸ਼ੀਲ ਹੋਵਾਂਗੇ।
ਅਪੀਲ
ਹੋਰ ਧਰਮਾਂ ਵਾiਲ਼ਆਂ ਨੇ ਤਾਂ ਆਪੋ ਆਪਣੇ ਧਰਮ-ਗ੍ਰੰਥਾਂ ਵਿਚੋਂ ਛਾਪੇ ਦੀਆਂ ਉਕਾਈਆਂ ਦੂਰ ਕਰ ਕੇ ਉਨ੍ਹਾਂ ਦਾ ਪ੍ਰਮਾਣੀਕ ਸਰੂਪ ਸਥਾਪਤ ਕਰ ਲਿਆ ਹੋਇਆ ਹੈ। ਇਹ ਦੱਸਣਾ ਯੋਗ ਹੋਵੇਗਾ ਕਿ ਸੰਸਾਰ ਭਰ ਦੇ ਧਰਮ-ਗ੍ਰੰਥਾਂ ਦੇ ਉਤਾਰਿਆਂ ਵੇਲੇ ਵੀ ਪਾਠ-ਭੇਦਾਂ ਦੀ ਸਮੱਸਿਆ ਆਉਂਦੀ ਰਹੀ ਹੈ। ਬਾਈਬਲ ਦੇ ਅਨੁਵਾਦ ਅਤੇ ਪਾਠ ਸੁਧਾਈ ਵੇਲੇ ਵੀ ਇਹ ਸਮੱਸਿਆ ਆਈ। ਬਾਈਬਲ ਦੀ ਪਹਿਲੀ ਮਿਆਰੀਕਰਨ ਪ੍ਰਕਿਰਿਆ ਲਗਭਗ 325 ਈਸਵੀ ਵਿਚ ਕਾਂਸਟਾਂਟੀਨ ਦੇ ਸ਼ਾਸਨ ਦੌਰਾਨ ਸ਼ੁਰੂ ਹੋਈ ਸੀ, ਜਿਸ ਵਿਚ ਸ਼ੁਰੂਆਤੀ ਗਿਰਜਾ ਕੌਂਸਲਾਂ ਅਤੇ ਜਰੋਮ ਵਰਗੇ ਵਿਦਵਾਨਾਂ ਨੇ ਕੰਮ ਕੀਤਾ ਸੀ। ਇਸੇ ਤਰ੍ਹਾਂ ਇਸਲਾਮ ਦੇ ਤੀਜੇ ਖ਼ਲੀਫੇ ਹਜ਼ਰਤ ਉਸਮਾਨ ਬਿਨ ਅੱਫ਼ਾਨ ਦੇ ਧਿਆਨ ਵਿਚ ਆਇਆ ਕਿ ਕੁਰਾਨ ਦੀਆਂ ਹੱਥ ਲਿਖਤਾਂ ਵਿਚ ਕਈ ਪਾਠ-ਭੇਦ ਹਨ ਤਾਂ ਉਨ੍ਹਾਂ ਨੇ ਪੈਗੰਬਰ ਮੁਹੰਮਦ ਦੀ ਮੌਤ ਤੋਂ ਤਕਰੀਬਨ 20 ਸਾਲ ਬਾਅਦ (632 ਈ.) ਵਿਚ ਇੱਕ ਪ੍ਰਮਾਣੀਕ ਲਿਖਤ ਨੂੰ ਰੱਖ ਕੇ ਬਾਕੀ ਸਭ ਨੂੰ ਅਗਨ ਭੇਟ ਕਰ ਦਿੱਤਾ ਸੀ।
ਸਰਬੱਤ ਖ਼ਾਲਸਾ ਅੱਗੇ ਅਪੀਲ ਹੈ ਕਿ ਜੇ ਹੋਰਨਾਂ ਕੌਮਾਂ ਦੇ ਵਿਦਵਾਨ, ਇਕੱਤਰ ਹੋ ਕੇ ਅਜਿਹੇ ਮਸਲੇ ਹੱਲ ਕਰ ਲਿਆ ਕਰਦੇ ਹਨ ਤਾਂ ਅਸੀਂ ਅਵੇਸਲੇ ਹੋਏ ਬੈਠੇ ਹਾਂ, ਆਖਰ ਕਿਉਂ? ਬਾਕੀਆਂ ਦੇ ਤਾਂ ਸਿਰਫ਼ ਧਰਮ-ਗ੍ਰੰਥ ਹਨ, ਸਾਡਾ ਧਰਮ-ਗ੍ਰੰਥ ਤਾਂ ਸਤਿਗੁਰੂ ਹੈ। ਇਸ ਲਈ ਸਾਡੀ ਜ਼ਿੰਮੇਵਾਰੀ ਤਾਂ ਕਿਤੇ ਵੱਧ ਹੈ।
ਇੱਥੇ ਪਾਠਕਾਂ ਨਾਲ ਇੱਕ ਹੋਰ ਤੱਥ ਸਾਂਝਾ ਕਰਨਾ ਜ਼ਰੂਰੀ ਹੋਵੇਗਾ ਕਿ ਬਾਕੀ ਧਰਮ-ਗ੍ਰੰਥਾਂ ਦੇ ਮੁਕਾਬਲੇ ਸਤਿਗੁਰੂ ਸਾਹਿਬ ਨੇ ਆਪ ਧੁਰ ਕੀ ਬਾਣੀ ਨੂੰ ਆਪਣੇ ਕਰ-ਕਮਲਾਂ ਨਾਲ ਲਿਖਿਆ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਉਸ ਸਾਰੀ ਬਾਣੀ ਨੂੰ ਆਪਣੀ ਮੌਜੂਦਗੀ ਵਿਚ ਹੀ ਸੰਪਾਦਿਤ ਕੀਤਾ। ਇਸ ਦੀ ਮੂਲ ਕਾਪੀ ਸਾਡੇ ਕੋਲ ਮੌਜੂਦ ਨਾ ਹੋਣ ਦੇ ਬਾਵਜੂਦ ਬਹੁਤ ਸਾਰੇ ਹੱਥ-ਲਿਖਤ ਉਤਾਰੇ ਸਾਡੇ ਕੋਲ ਸਾਂਭੇ ਹੋਏ ਹਨ। ਵਿਦਵਾਨਾਂ ਵੱਲੋਂ ਹੁਣ ਇਨ੍ਹਾਂ ਨੂੰ ਆਧਾਰ ਬਣਾ ਕੇ ਅਗਲਾ ਕਾਰਜ ਨੇਪਰੇ ਚਾੜ੍ਹਨਾ ਚਾਹੀਦਾ ਹੈ। ਗ਼ਲਤੀਆਂ ਕੇਵਲ ਛਪਾਈ ਦੀਆਂ ਹਨ, ਜੋ ਸਾਡੇ ਵੱਲੋਂ ਹੀ ਹੋਈਆਂ ਹਨ, ਅਤੇ ਸਾਡੇ ਵੱਲੋਂ ਹੀ ਤੁਰੰਤ ਇਨ੍ਹਾਂ ਨੂੰ ਠੀਕ ਕਰਨਾ ਵੀ ਬਣਦਾ ਹੈ। ਦੇਰੀ ਕਰਨ ਨਾਲ ਇਹ ਸਮੱਸਿਆ ਹੋਰ ਗੰਭੀਰ ਹੋਣ ਅਤੇ ਉਲਝਣ ਦੀ ਸੰਭਾਵਨਾ ਬਣੀ ਰਹੇਗੀ। ਖ਼ਾਲਸਾ ਜੀ, ਸੁਚੇਤ ਹੋਈਏ! ਸਾਵਧਾਨ ਹੋਈਏ!
