ਜਦੋਂ ਜਬਰ ਜ਼ੁਲਮ ਸਿਖ਼ਰ ‘ਤੇ ਪਹੁੰਚ ਗਿਆ ਸੀ
ਰਵਿੰਦਰ ਸਹਿਰਾਅ (ਯੂ.ਐਸ.ਏ.)
25 ਜੂਨ 1975 ਦਾ ਦਿਨ ਹਿੰਦੁਸਤਾਨ ਦੀ ਤਹਿਰੀਕ ਵਿਚ ਕਾਲੇ ਅੱਖਰਾਂ ਨਾਲ ਲਿਖਿਆ ਜਾਣ ਵਾਲਾ ਦਿਨ ਹੈ। ਇਸ ਦਿਨ ਨਾਗਰਿਕ ਆਜ਼ਾਦੀਆਂ ਦਾ ਘਾਣ ਕਰ ਦਿੱਤਾ ਗਿਆ ਸੀ। ਬੋਲਣ ਲਿਖਣ ਦੀ ਆਜ਼ਾਦੀ ਚੌਰਾਹੇ ਵਿਚ ਦਫ਼ਨ ਕਰ ਦਿੱਤੀ ਗਈ ਸੀ।
ਮੈਂ ਉਸ ਦਿਨ ਜਲੰਧਰ ਸ਼ਹਿਰ ਵਿਚ ਹੀ ਸੀ ਤੇ ਸਿਵਲ ਹਸਪਤਾਲ ਵਿਚ ਜ਼ਖ਼ਮੀ ਕਾਮਰੇਡ ਦਰਸ਼ਨ ਦੁਸਾਂਝ ਦੀ ਖ਼ਬਰ ਲੈਣ ਜਾਣਾ ਸੀ। ਸ਼ਹਿਰ ਵਿਚ ਅਖਬਾਰਾਂ ਵੇਚਣ ਤੇ ਵੰਡਣ ਵਾਲੇ ਛੋਟੇ-ਛੋਟੇ ਪੈਂਫਲਿਟ ਲੋਕਾਂ ਵਿਚ ਵੰਡ ਰਹੇ ਸੀ ਜਿਨ੍ਹਾਂ ਵਿਚ ਐਮਰਜੈਂਸੀ ਲੱਗਣ ਦੀ ਗੱਲ ਕਹੀ ਗਈ ਸੀ। ਉਸੇ ਰਾਤ ਹੀ ਸਾਰੇ ਅਖ਼ਬਾਰਾਂ ‘ਤੇ ਸੈਂਸਰਸ਼ਿਪ ਵੀ ਲਗਾ ਦਿੱਤੀ ਗਈ। ਵਿਰੋਧੀ ਆਗੂ ਧੜਾਧੜ ਫੜ ਕੇ ਜ਼ੇਲ੍ਹਾਂ ਵਿਚ ਡੱਕ ਦਿੱਤੇ ਗਏ। ਖਾਸ ਕਰ ਕੇ ਜਨਸੰਘੀਆਂ ਉਪਰ ਜਿæਆਦਾ ਹੀ ਸਖ਼ਤਾਈ ਕੀਤੀ ਗਈ ਕਿਉਂਕਿ ਉਹ ਜੈ ਪ੍ਰਕਾਸ਼ ਨਰਾਇਣ ਦੀ ਹਮਾਇਤ ਕਰ ਰਹੇ ਸਨ। ਡੀ.ਆਈ.ਆਰ. ਜਿਹਾ ਕਾਲਾ ਕਾਨੂੰਨ ਹਰ ਵਿਰੋਧੀ ਉਪਰ ਮੜਿਆ ਗਿਆ।
ਕੋਈ ਮਹੀਨਾ ਕੁ ਪਹਿਲਾਂ ਸ਼ਾਇਦ 22 ਮਈ 1975 ਨੂੰ ਜਲੰਧਰ ਨੇੜੇ ਸੂਰਾ ਨੁਸੀ ਲਾਗੇ ਕਾਮਰੇਡ ਦਰਸ਼ਨ ਦੁਸਾਂਝ ਅਤੇ ਕਾਮਰੇਡ ਜਿੰਦ (ਕਾਲਾ ਸੰਘਿਆਂ) ਦਾ ਮੁਕਾਬਲਾ ਬਣਾ ਦਿੱਤਾ ਗਿਆ ਸੀ। ਕਾਮਰੇਡ ਜਿੰਦ ਤਾਂ ਮੌਕੇ ‘ਤੇ ਹੀ ਸ਼ਹੀਦ ਹੋ ਗਿਆ ਪਰ ਦਰਸ਼ਨ ਦੁਸਾਂਝ ਦੇ ਲੱਤਾਂ ਵਿਚ ਗੋਲੀਆਂ ਲੱਗੀਆਂ। ਲੋਕ ਇਕੱਠੇ ਹੋ ਗਏ। ਟਾਊਟ ਤ੍ਰਿਲੋਕਾ ਤੇ ਸਾਦੇ ਕੱਪੜਿਆਂ ਵਿਚ ਪੁਲਸ ਵਾਲੇ ਘਬਰਾ ਗਏ ਤੇ ਕਾਮਰੇਡ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ। ਮੇਰਾ ਪਿੰਡ ਨੇੜੇ ਹੋਣ ਕਰ ਕੇ ਗੁਪਤਵਾਸ ਆਗੂਆਂ ਵਲੋਂ ਮੇਰੀ ਡਿਊਟੀ ਲਗਾਈ ਗਈ ਸੀ ਕਿ ਹਸਪਤਾਲ ਵਿਚ ਜਾ ਕੇ ਖ਼ਬਰਸਾਰ ਲੈਂਦਾ ਰਵਾਂ ਤੇ ਲੋੜ ਅਨੁਸਾਰ ਕੋਈ ਚੀਜ਼ ਵਸਤੂ ਵੀ ਪਹੁੰਚਦੀ ਕਰਦਾ ਰਹਾਂ।
ਪਰ ਹੁਣ ਮੁਸ਼ਕਿਲ ਬਣ ਗਈ ਕਿ ਹਸਪਤਾਲ ਵਿਚ ਕਿਵੇਂ ਜਾਇਆ ਜਾਵੇ? ਸਾਡੇ ਗੁਆਂਢੀ ਪਿੰਡ ਰਾਏਪਰ ਦਾ ਜਸਵੀਰ ਸਿੰਘ (ਜੋ ਸਾਡੇ ਤੋਂ ਦੋ ਕੁ ਸਾਲ ਅੱਗੇ ਪੜ੍ਹਦਾ ਸੀ) ਜਲੰਧਰ ਵਕੀਲ ਸੀ ਜੋ ਬਾਅਦ ਵਿਚ ਹਾਈਕੋਰਟ ਦਾ ਜੱਜ ਰਿਟਾਇਰ ਹੋਇਆ। ਉਸ ਦੀ ਵੱਡੀ ਭੈਣ ਦਾ ਪ੍ਰਾਹੁਣਾ ਜਲੰਧਰ ਹਸਪਤਾਲ ਵਿਚ ਐਸ.ਐਮ.ਓ. ਲੱਗਿਆ ਹੋਇਆ ਸੀ। ਮੈਂ ਉਹਦੇ ਨਾਲ ਸੰਪਰਕ ਕੀਤਾ ਤਾਂ ਜਸਵੀਰ ਸਿੰਘ ਕਹਿੰਦਾ ਕਿ ਗੱਲ ਤਾਂ ਖ਼ਤਰੇ ਵਾਲੀ ਹੈ ਪਰ ਮੈਂ ਗੱਲ ਕਰ ਕੇ ਦੇਖਦਾਂ। ਖੈਰ ਉਨ੍ਹਾਂ ਮੇਰੀ ਦੋ ਤਿੰਨ ਮਿੰਟ ਦੀ ਮੁਲਾਕਾਤ ਕਰਵਾ ਦਿੱਤੀ ਇਹ ਕਹਿ ਕੇ ਮੈਂ ਵੀ ਹਸਪਤਾਲ ਦਾ ਮੁਲਾਜ਼ਮ ਹੀ ਹਾਂ। ਬੱਸ ਮੈਂ ਕਾਮਰੇਡ ਦਰਸ਼ਨ ਦੁਸਾਂਝ ਨੂੰ ਏਨਾ ਹੀ ਕਹਿ ਸਕਿਆ ਕਿ ਐਮਰਜੈਂਸੀ ਕਾਰਣ ਹੁਣ ਮਿਲਿਆ ਨਹੀਂ ਜਾ ਸਕਣਾ। ਕਾਮਰੇਡ ਨੇ ਅੱਖਾਂ ਵਿਚ ਹੀ ਇਸ਼ਾਰੇ ਨਾਲ ਗੱਲ ਸਮਝ ਲਈ ਤੇ ਸਮਝਾ ਦਿੱਤੀ।
ਪਹਿਲਾਂ ਤੋਂ ਹੀ ਗੁਪਤਵਾਸ ਸਾਥੀ ਹੋਰ ਵੀ ਚੌਕਸ ਹੋ ਗਏ। ਪੰਜਾਬ ਸਟੂਡੈਂਟਸ ਯੂਨੀਅਨ ਅਤੇ ਹੋਰ ਕ੍ਰਾਂਤੀਕਾਰੀ ਜਥੇਬੰਦੀਆਂ ਵੀ ਖੁਲ੍ਹੇਆਮ ਕੰਮ ਨਹੀਂ ਕਰ ਸਕਦੀਆਂ ਸਨ। ਵਿਰੋਧੀ ਪਾਰਟੀਆਂ ਵਿਚ ਹਾਏਪਾਰਾ ਹੋ ਗਈ। ਸਿਆਸੀ ਵਿਰੋਧੀਆਂ ਦੇ ਨਾਮ ‘ਤੇ ਮਾੜੇ ਮੋਟੇ ਨਸ਼ੇ ਕਰਨ ਵਾਲੇ ਤੇ ਸਮਗਲਰਾਂ ਨੂੰ ਜ੍ਹੇਲੀਂ ਡੱਕ ਦਿੱਤਾ ਗਿਆ। ਪੰਜਾਬ ਵਿਚ ਅਕਾਲੀ ਦਲ ਨੂੰ ਭਾਵੇਂ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ ਪਰ ਉਨ੍ਹਾਂ ਐਮਰਜੈਂਸੀ ਦਾ ਡਟਵਾਂ ਵਿਰੋਧ ਕੀਤਾ। ਉਨ੍ਹਾਂ ਜਥੇ ਬਣਾ ਕੇ ਜੇਲ੍ਹਾਂ ਭਰਨ ਦਾ ਪ੍ਰੋਗਰਾਮ ਬਣਾਇਆ। ਜੋ ਬੜੀ ਕਾਮਯਾਬੀ ਨਾਲ ਚਲਦਾ ਰਿਹਾ। ਇੰਦਰਾ ਗਾਂਧੀ ਨੇ ਭਰਪੂਰ ਸਿੰਘ ਬਲਬੀਰ ਵਰਗੇ ਦੋਗਲੇ ਬੰਦਿਆਂ ਰਾਹੀਂ ਅਕਾਲੀਆਂ ਨਾਲ ਸੁਲਾਹ ਕਰਨ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਪਰ ਅਕਾਲੀ ਡਟੇ ਰਹੇ। ਭਰਪੂਰ ਸਿੰਘ ਬਲਬੀਰ ਵਾਲੀ ਗੱਲ ਦਾ ਵੀ ਪਤਾ ਸਾਨੂੰ ਕਪੂਰਥਲਾ ਜੇਲ੍ਹ ਵਿਚ ਲੱਗਾ, ਜਦੋਂ ਉਸਨੇ ਸਾਡੇ ਨਾਲ ਬੰਦ ਮਰਹੂਮ ਸੁਖਜਿੰਦਰ ਸਿੰਘ ਨੂੰ ਇਕ ਚਿੱਠੀ ਲਿਖੀ ਤੇ ਉਹ ਸਾਡੇ ਹੱਥ ਲੱਗ ਗਈ।
ਐਮਰਜੈਂਸੀ ਕਿਉਂ ਲਾਈ ਗਈ?
ਲੋਕ ਸਭਾ ਦੀਆਂ ਚੋਣਾਂ ਵਿਚ ਬਰੇਲੀ ਤੋਂ ਕਾਂਗਰਸ ਦੀ ਉਮੀਦਵਾਰ ਇੰਦਰਾ ਗਾਂਧੀ ਦੀ ਚੋਣ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਸੀ। ਅਦਾਲਤ ਨੇ ਫ਼ੈਸਲਾ ਉਸ ਦੇ ਵਿਰੋਧ ਵਿਚ ਦਿੱਤਾ। ਪਰ ਇੰਦਰਾ ਗਾਂਧੀ ਮੰਨਣ ਨੂੰ ਤਿਆਰ ਨਹੀਂ ਸੀ। ਉਧਰ ਜੈ ਪ੍ਰਕਾਸ਼ ਨਰਾਇਣ ਨੇ ਕਾਂਗਰਸ ਵਿਰੁੱਧ ਇਕ ਵੱਡੀ ਲਾਮਬੰਦੀ ਕਰ ਕੇ ਹਰ ਸੂਬੇ ਦੇ ਲੱਖਾਂ ਲੋਕਾਂ ਨੂੰ ਆਪਣੇ ਨਾਲ ਜੋੜ ਲਿਆ। ਮਨੁਖੀ ਹੱਕਾਂ ਦੀ ਪਹਿਰੇਦਾਰੀ ਕਰਨ ਵਾਲੇ ਵੀ ਉਸ ਨਾਲ ਸਹਿਮਤ ਸਨ। ਲੋਕਾਂ ਦੀ ਚੜ੍ਹਤ ਦੇਖ ਕੇ ਜੈ ਪ੍ਰਕਾਸ਼ ਨਰਾਇਣ ਨੇ ਫੌਜ ਨੂੰ ਵੀ ਬਗਾਵਤ ਕਰਨ ਦਾ ਸੱਦਾ ਦੇ ਦਿੱਤਾ। ਸੀ.ਪੀ.ਆਈ. ਤੇ ਉਸਦੇ ਆਕਾ ਰੂਸ ਦੀ ਖੁਫ਼ੀਆ ਏਜੰਸੀ ਕੇ.ਜੀ.ਬੀ. ਸਾਰੇ ਹਾਲਾਤ ਉਪਰ ਬਰਾਬਰ ਨਜ਼ਰ ਰੱਖ ਰਹੀ ਸੀ। ਦੱਸਦੇ ਨੇ ਕਿ ਇੰਦਰਾ ਗਾਂਧੀ ਨੇ ਰੂਸ ਦੀ ਸਲਾਹ ਤੇ ਹਮਾਇਤ ਨਾਲ ਹੀ ਦੇਸ਼ ਨੂੰ ਐਮਰਜੈਂਸੀ ਵੱਲ ਧੱਕ ਦਿੱਤਾ ਸੀ।
ਉਧਰ ਇੰਦਰਾ ਦੇ ਲਾਡਲੇ ਪੁਤ ਸੰਜੇ ਗਾਂਧੀ ਨੇ ਵੀ ਆਪ ਹੁਦਰੀਆਂ ਦੀ ਇੰਤਹਾ ਕਰ ਦਿੱਤੀ। ਉਹ ਲੋਕ ਸਭਾ ਵਿਚ ਵਿਰੋਧੀਆਂ ਨੂੰ ਗਾਲ੍ਹਾਂ ਕੱਢਣ ਤੇ ਜ਼ਬਰਦਸਤੀ ਬਾਹਰ ਕੱਢਣ ਤੱਕ ਜਾਂਦਾ ਰਿਹਾ। ਗੁੰਡਿਆਂ ਦਾ ਇਕ ਵੱਡਾ ਗਰੁਪ ਹਮੇਸ਼ਾਂ ਉਹਦੀ ਹਮਾਇਤ ਵਿਚ ਖੜ੍ਹਦਾ। ਜਬਰੀ ਨਸਬੰਦੀ ਵੀ ਸ਼ੁਰੂ ਕਰ ਦਿੱਤੀ ਗਈ। ਅਖੇ ਜਨ ਸੰਖਿਆ ਉਪਰ ਕਾਬੂ ਪਾਉਣਾ ਹੈ। ਹੇਠਲੇ ਪੱਧਰ ‘ਤੇ ਅਫ਼ਸਰਾਂ ਨੂੰ ਤਰੱਕੀਆਂ ਦਾ ਲਾਲਚ ਦੇ ਕੇ ਵੱਧ ਤੋਂ ਵੱਧ ਕੇਸ ਲਿਆਉਣ ਦੀ ਸਖ਼ਤ ਹਦਾਇਤ ਕਰ ਦਿੱਤੀ ਗਈ। ਨਤੀਜਾ ਇਹ ਹੋਇਆ ਕਿ ਲੱਖਾਂ ਬੁੱਢਿਆਂ, ਛੜਿਆਂ ਤੇ ਨੌਜਵਾਨਾਂ ਨੂੰ ਜਬਰੀ ਫੜ ਕੇ ਨਸਬੰਦੀ ਕਰ ਦਿੱਤੀ ਗਈ। ਲੋਕਾਂ ਵਿਚ ਹਾਹਾਕਾਰ ਮਚ ਗਈ। ਇੰਦਰਾ ਨੇ ਵੀਹ ਨੁਕਾਤੀ ਪ੍ਰੋਗਰਾਮ ਲਾਗੂ ਕੀਤਾ। ਜਿਸਦਾ ਮੁਖ ਉਦੇਸ਼ ਉਸਨੇ ‘ਗਰੀਬੀ ਹਟਾਓ’ ਦੱਸਿਆ ਪਰ ਅਸਲ ਵਿਚ ਇਹ ‘ਗਰੀਬ ਹਟਾਓ’ ਬਣ ਕੇ ਰਹਿ ਗਿਆ।
ਲੋਕ ਕਵੀ ਜੁਗਿੰਦਰ ਮਤਵਾਲੇ ਨੇ ਗਾਣਾ ਬਣਾ ਦਿੱਤਾ:
‘ਵੀਹ ਨੁਕਤੇ ਅੰਮਾਂ ਦੇ, ਨੁਕਤੇ ਪੁੱਤਰ ਪੰਜ ਬਣਾਏ
ਬਾਕੀ ਉਡ ਗਏ ਨੁਕਤੇ, ਨੁਕਤਾ ਇਕੋ ਭੜਥੂ ਪਾਏ।’
ਇਹ ਗੀਤ ਬੜਾ ਮਕਬੂਲ ਹੋਇਆ। ਪਿੰਡਾਂ, ਸ਼ਹਿਰਾਂ ਦੇ ਲੋਕਾਂ ਦੀ ਜੁLਬਾਨ ਉਪਰ ਇਹ ਗੀਤ ਗੂੰਜਣ ਲਗ ਗਿਆ।
ਕਿਉਂਕਿ ਪੰਜਾਬ ਸਟੂਡੈਂਟਸ ਯੂਨੀਅਨ ਨੇ ਵੀ ਐਮਰਜੈਂਸੀ ਦੀ ਸਖ਼ਤ ਵਿਰੋਧਤਾ ਕੀਤੀ ਸੀ; ਇਸ ਲਈ ਕਿੰਨੇ ਹੀ ਜਾਣੇ ਜਾਂਦੇ ਤੇ ਲੰਮੇ ਸਮੇਂ ਤੋਂ ਕੰਮ ਕਰਦੇ ਆਗੂਆਂ ਦੇ ਵਾਰੰਟ ਕੱਢੇ ਗਏ ਅਤੇ ਕਈਆਂ ਨੇ ਇਹਤਿਆਤ ਵਜੋਂ ਆਪਣੀਆਂ ਸਰਗਰਮੀਆਂ ਗੁਪਤ ਅਤੇ ਅਰਧ ਗੁਪਤ ਕਰ ਦਿੱਤੀਆਂ। ਉਹ ਪਿੰਡਾਂ, ਸ਼ਹਿਰਾਂ ਤੇ ਕਾਲਜਾਂ ਵਿਚ ਲੁਕਵੇਂ ਢੰਗ ਨਾਲ ਮੀਟਿੰਗਾਂ ਕਰਾਉਂਦੇ ਤੇ ਹੋਰਾਂ ਨੂੰ ਇਸ ਲਈ ਤਿਆਰ ਕਰਦੇ। ਰਾਤਾਂ ਨੂੰ ਐਮਰਜੈਂਸੀ ਦਾ ਵਿਰੋਧ ਕਰਦੇ ਇਸ਼ਤਿਹਾਰ ਲਗਾਉਂਦੇ ਅਤੇ ਸਕੂਲਾਂ ਕਾਲਜਾਂ ਦੀਆਂ ਕੰਧਾਂ ਕਾਲੇ ਤੇ ਲਾਲ ਰੰਗ ਦੇ ਰੰਗਾਂ ਨਾਲ ਨਾਹਰੇ ਲਿਖ ਕੇ ਭਰ ਦਿੰਦੇ। ਲੇਖਕਾਂ ਅਤੇ ਕਵੀਆਂ ‘ਚੋਂ ਵੀ ਬਹੁਤ ਸਾਰੇ ਜਾਂ ਤਾਂ ਫੜ ਲਏ ਗਏ ਅਤੇ ਜਾਂ ਉਨ੍ਹਾਂ ਦੇ ਘਰਾਂ ਵਿਚ ਛਾਪੇ ਮਾਰੇ ਜਾਂਦੇ ਸਨ।
ਬੱਸਾਂ ਵਿਚ ਸਫ਼ਰ ਕਰਨ ਸਮੇਂ ਵੀ ਅਸੀਂ ਬਹੁਤ ਹੀ ਚੌਕਸੀ ਤੋਂ ਕੰਮ ਲੈਂਦੇ। ਜਿਵੇਂ ਵੱਡੇ ਸ਼ਹਿਰ ਦੇ ਅੱਡੇ ਤੋਂ ਚੜ੍ਹਨ ਦੀ ਬਜਾਇ ਉਸ ਦੇ ਨਾਲ ਲਗਦੇ ਪਿੰਡ ਤੋਂ ਚੜ੍ਹਿਆ ਜਾਂਦਾ ਜਾਂ ਜਿæਆਦਾਤਰ ਥੋੜ੍ਹੇ ਸਫ਼ਰ ਲਈ ਸਾਈਕਲ ਦੀ ਵਰਤੋਂ ਹੀ ਠੀਕ ਸਮਝਦੇ। ਯੂਨੀਅਨ ਦੇ ਆਗੂਆਂ ਦੇ ਕਾਲਜਾਂ- ਯੂਨੀਵਰਸਿਟੀਆਂ ਵਿਚ ਦਾਖ਼ਲੇ ‘ਤੇ ਪਾਬੰਦੀ ਲਾ ਦਿੱਤੀ ਗਈ ਸੀ। ਇਨ੍ਹਾਂ ਦਿਨਾਂ ਵਿਚ ਯੂਨੀਅਨ ਤੇ ਹੋਰ ਸਭਾਵਾਂ ਦੇ ਵਰਕਰ ਮੋਢੇ ‘ਤੇ ਲੰਮੀ ਬੱਧਰੀ ਵਾਲਾ ਝੋਲਾ ਪਾਉਂਦੇ ਆਮ ਹੀ ਦੇਖੇ ਜਾਂਦੇ ਸਨ। ਜਿਸ ਵਿਚ ਰਾਤ ਕੱਟਣ ਲਈ ਕੁੜਤਾ ਪਜਾਮਾ ਤੇ ਜਾਂ ਕੋਈ ਮੈਗਜ਼ੀਨ ਕਿਤਾਬ ਹੁੰਦੀ ਸੀ। ਫਿਰ ਵੀ ਆਮ ਤੌਰ ‘ਤੇ ਅਣਗਹਿਲੀ ਵਰਤੀ ਜਾਂਦੀ ਸੀ। ਸਾਡੇ ਨਾਲ ਹੀ ਇਕ ਘਟਨਾ ਅਜਿਹੀ ਵਾਪਰੀ। ਮਾਣੂਕੇ ਪਿੰਡ ਵਿਚ ਖੇਤਾਂ ਵਿਚ ਵੱਸਦੇ ਇਕ ਡੇਰੇ ‘ਤੇ ਸਾਡੀ ਸਕੂਲਿੰਗ ਸੀ। ਸਵੇਰੇ ਅਸੀਂ ਨਾਲ ਦੇ ਪਿੰਡ ਤੋਂ ਚੜ੍ਹ ਕੇ ਬਾਘੇ ਪੁਰਾਣੇ ਆਉਣਾ ਸੀ ਤੇ ਉਥੋਂ ਲੁਧਿਆਣੇ ਵੱਲ ਦੀ ਬੱਸ ਲੈ ਕੇ ਜਲੰਧਰ ਪਹੁੰਚਣਾ ਸੀ। ਇਕ ਬੰਦਾ ਸਾਨੂੰ ਬੜੀ ਗਹਿਰੀ ਨਜ਼ਰ ਨਾਲ ਦੇਖ ਰਿਹਾ ਸੀ। ਸਾਡੇ ਨਾਲ ਹੀ ਉਹ ਵੀ ਬਸ ਚੜ੍ਹ ਗਿਆ। ਮੇਰੇ ਨਾਲ ਕਮਲਜੀਤ ਵਿਰਕ ਸੀ ਜੋ ਉਸ ਸਮੇਂ ਸੂਬਾ ਕਮੇਟੀ ਮੈਂਬਰ ਵੀ ਸੀ। ਸਾਡੇ ਗਲਾਂ ਵਿਚ ਵੀ ਲੰਮੀ ਬਧਰੀ ਵਾਲੇ ਝੋਲੇ ਪਾਏ ਹੋਏ ਸਨ। ਸਾਡੇ ਕੱਪੜੇ ਵੀ ਮਾਲਵੇ ‘ਚ ਪਹਿਨੇ ਜਾਂਦੇ (ਕੁੜਤਾ ਪਜਾਮਾ ਆਦਿ) ਕੱਪੜਿਆਂ ਵਰਗੇ ਨਹੀਂ ਸਨ। ਅਸੀਂ ਤਾਂ ਪੈਂਟ-ਸ਼ਰਟ ਪਾਈ ਹੋਈ ਸੀ। ਉਸ ਨੂੰ ਸ਼ੱਕ ਹੋ ਗਿਆ। ਅਸੀਂ ਆਪਣੀ ਅਣਗਹਿਲੀ ਨੂੰ ਕੋਸ ਰਹੇ ਸੀ। ਬਾਘੇ ਪੁਰਾਣੇ ਬੱਸ ਅੱਡੇ ਦੇ ਨਾਲ ਹੀ ਪੁਲਸ ਥਾਣਾ ਹੁੰਦਾ ਸੀ। ਉਹ ਬੰਦਾ ਕਾਹਲੀ ਨਾਲ ਥਾਣੇ ਜਾ ਵੜ੍ਹਿਆ। ਸਾਡਾ ਸ਼ੱਕ ਪੱਕਾ ਹੋ ਗਿਆ। ਉਨ੍ਹਾਂ ਦਿਨਾਂ ਵਿਚ ਸੈਲੁਅਰ ਫੋਨ ਤਾਂ ਹੁੰਦੇ ਨਹੀਂ ਸਨ। ਨਹੀਂ ਤਾਂ ਉਸ ਨੇ ਫੋਨ ਕਰ ਕੇ ਹੀ ਇਤਲਾਹ ਦੇ ਦੇਣੀ ਸੀ। ਅੱਡੇ ਵਿਚ ਲੁਧਿਆਣਾ ਅਤੇ ਫ਼ਰੀਦਕੋਟ ਵਾਲੀਆਂ ਬੱਸਾਂ ਵੀ ਤਿਆਰ ਖੜ੍ਹੀਆਂ ਸਨ। ਅਸੀਂ ਫਰੀਦਕੋਟ ਵਾਲੀ ਬੱਸ ਵਿਚ ਚੜ੍ਹ ਗਏ ਜੋ ਸਾਡੇ ਚੜ੍ਹਦਿਆਂ ਹੀ ਤੁਰ ਪਈ। ਸਾਡਾ ਸਾਹ ਵਿਚ ਸਾਹ ਆਇਆ ਤੇ ਬਚਾਅ ਹੋ ਗਿਆ। ਉਸ ਤੋਂ ਬਾਅਦ ਮਾਲਵੇ ਵਾਲੇ ਸਾਥੀ ਪੈਂਟ ਕਮੀਜ਼ ਪਾ ਕੇ ਆਉਂਦੇ ਤੇ ਦੁਆਬੇ ਵਾਲੇ ਮਾਲਵੇ ਜਾਂ ਮਾਝੇ ਜਾਣ ਲਈ ਆਮ ਤੌਰ ‘ਤੇ ਕੁੜਤਾ ਪਜਾਮਾ ਤੇ ਪਰਨਾ ਜ਼ਰੂਰ ਲੈ ਕੇ ਜਾਂਦੇ। ਮਾਲਵੇ ਵਿਚ ਉਨ੍ਹੀਂ ਦਿਨੀਂ ਪਰਨੇ ਜਾਂ ਸਾਫ਼ੇ ਨੂੰ ‘ਸਮੋਸਾ’ ਕਹਿੰਦੇ ਹੁੰਦੇ ਸਨ। ਸਾਨੂੰ ਬੜਾ ਹਾਸਾ ਆਉਣਾ।
ਸਾਈਕਲ ਉਪਰ ਹੀ ਤੀਹ-ਚਾਲੀ ਕਿਲੋਮੀਟਰ ਦਾ ਸਫ਼ਰ ਕਰਨਾ ਆਮ ਜਹੀ ਗੱਲ ਹੁੰਦੀ ਸੀ। ਬਹੁਤੇ ਸਾਥੀ ਇਸ ਦੀ ਹੀ ਵਰਤੋਂ ਕਰਦੇ ਸਨ। ਸਿਰਫ਼ ਜ਼ਿਆਦਾ ਦੂਰ ਜਾਣ ਸਮੇਂ ਹੀ ਬੱਸ ਜਾਂ ਰੇਲ ਦੀ ਸਵਾਰੀ ਕਰਦੇ। ਕਈ ਵਾਰ ਚੌਕਸੀ ਵਰਤੀ ਵੀ ਕੰਮ ਨਹੀਂ ਆਉਂਦੀ। ਇਸੇ ਤਰ੍ਹਾਂ ਸਾਡੀ ਗ੍ਰਿਫ਼ਤਾਰੀ ਵੇਲੇ ਹੋਇਆ। ਅਸੀਂ (ਮੈਂ ਅਤੇ ਕਮਲਜੀਤ ਵਿਰਕ ਜੋ ਦੁਆਬੇ ਦੀ ਅਗਵਾਈ ਕਰਦਾ ਸੀ) ਫਗਵਾੜੇ ਤੋਂ ਜਲੰਧਰ ਜਾਣਾ ਸੀ। ਉਸ ਰਾਤ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਸੀ ਪਰ ਸਾਡੇ ਤੋਂ ਬਗੈਰ ਕਿਸੇ ਨੂੰ ਪਤਾ ਨਹੀਂ ਸੀ ਕਿ ਮੀਟਿੰਗ ਦੀ ਥਾਂ ਕਿਹੜੀ ਹੈ। ਬੱਸ ਅੱਡੇ ਦੇ ਨਾਲ ਨਰਿੰਦਰ ਸਿਨਮੇ ‘ਤੇ ਅਸੀਂ ਸਭ ਨੂੰ ਮਿਲਣਾ ਸੀ। ਸੋ ਅਸੀਂ ਫਗਵਾੜੇ ਦੇ ਮੁੱਖ ਅੱਡੇ ਤੋਂ ਚੜ੍ਹਨ ਦੀ ਬਜਾਏ ਦੋ ਕੁ ਮੀਲ ਹਟਵੇਂ ਚੱਕ ਹਕੀਮ ਦੇ ਅੱਡੇ ਤੋਂ ਬੱਸ ਫੜ ਕੇ ਜਲੰਧਰ ਪਹੁੰਚੇ। ਥੋੜ੍ਹੇ ਸਮੇਂ ਵਿਚ ਜਦੋਂ ਫਰੀਦਕੋਟ, ਅੰਮ੍ਰਿਤਸਰ ਤੇ ਬਠਿੰਡਾ, ਸੰਗਰੂਰ ਵਾਲੇ ਸਾਥੀ ਪਹੁੰਚ ਗਏ ਤਾਂ ਅਚਾਨਕ ਸਿਵਲ ਕੱਪੜਿਆਂ ਵਿਚ ਹੱਟੇ-ਕੱਟੇ ਚੁਸਤ ਚਲਾਕ ਕੁਝ ਆਦਮੀਆਂ ਵਲੋਂ ਸਾਡੇ ਇਕ ਸਾਥੀ ਨੂੰ ਜੱਫਾ ਮਾਰ ਲਿਆ ਗਿਆ। ਸਾਡੇ ਖਾਨਿਉਂ ਗਈ ਕਿ ਇਹ ਕੀ ਭਾਣਾ ਵਰਤ ਗਿਆ। ਲੋਕਾਂ ਦੇ ਪੁਛਣ ‘ਤੇ ਉਨ੍ਹਾਂ ਕਿਹਾ ਕਿ ਇਹ ਜੇਬ ਕਤਰੇ ਹਨ। ਅਸੀਂ ਭੱਜ ਨਿਕਲੇ। ਉਦੋਂ ਨਰਿੰਦਰ ਸਿਨਮੇ ਅਤੇ ਬੱਸ ਅੱਡੇ ਵਿਚਕਾਰ ਕੋਈ ਇਮਾਰਤ ਨਹੀਂ ਸੀ। ਇਹ ਫਰਵਰੀ ਦੇ ਪਹਿਲੇ ਹਫ਼ਤੇ 1976 ਦੀ ਗੱਲ ਹੈ। ਬੱਸ ਫਿਰ ਕੀ ਸੀ। ਪਹਿਲਾਂ ਤੋਂ ਹੀ ਉਡੀਕ ਕਰਦੀ ਇਹ ਚਿੱਟ ਕੱਪੜਿਆਂ ਵਾਲੀ ਪੁਲਿਸ ਟੋਲੀ ਸੀ। ਸਾਡੇ ਵਿਚੋਂ ਹੀ ਇਕ ਨੇ ਇਸ ਮੀਟਿੰਗ ਦੀ ਸੂਹ ਦਿੱਤੀ ਸੀ ਪਰ ਉਸਨੂੰ ਇਹ ਨਹੀਂ ਸੀ ਪਤਾ ਕਿ ਅਸੀਂ ਸਾਡੇ ਪਿੰਡ ਹਰਦੋ ਫਰਾਲਾ (ਨੇੜੇ ਜਲੰਧਰ ਛਾਉਣੀ) ਦੀ ਅਖ਼ੀਰਲੀ ਬੱਸ ਫੜ ਕੇ ਪਿੰਡ ਜਾਣਾ ਸੀ। ਨਹੀਂ ਤਾਂ ਉਨ੍ਹਾਂ ਬੜੇ ਅਰਾਮ ਨਾਲ ਸਾਨੂੰ ਸਾਡੇ ਪਿੰਡ ਤੋਂ ਹੀ ਗ੍ਰਿਫ਼ਤਾਰ ਕਰ ਲੈਣਾ ਸੀ ਅਤੇ ਇਲਜ਼ਾਮ ਵੀ ਮੇਰੇ ਸਿਰ ਹੀ ਆ ਜਾਣਾ ਸੀ।
ਉਸੇ ਰਾਤ ਸਾਨੂੰ ਅਲੱਗ-ਅਲੱਗ ਕਰ ਕੇ ਆਪੋ ਆਪਣੇ ਜ਼ਿਲਿ੍ਹਆਂ ਵਿਚ ਲਿਜਾਇਆ ਗਿਆ। ਫੜਨ ਸਮੇਂ ਚੰਗੀ ਗੱਲ ਇਹ ਹੋਈ ਕਿ ਸਾਡਾ ਇਕ ਵਰਕਰ ਜੰਡਿਆਲਾ (ਮੰਜਕੀ) ਤੋਂ ਫਿਲਮ ਦੇਖਣ ਆਇਆ ਹੋਇਆ ਸੀ। ਉਸ ਨੇ ਜਾ ਕੇ ਅਜੀਤ ਵਿਚ ਖ਼ਬਰ ਲੁਆ ਦਿੱਤੀ ਕਿ ਸਾਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਥਾਣੇ ਵਾਲੇ ਵੀ ਹੈਰਾਨ ਕਿ ਇਹ ਕਿਵੇਂ ਹੋ ਗਿਆ। ਸਾਡੇ ਬਚਾਅ ਲਈ ਇਹ ਬੜਾ ਸਹਾਈ ਹੋਇਆ। ਇਕ ਰਾਤ ਸੀ.ਆਈ.ਏ. ਸਟਾਫ਼ ਵਿਚ ਰਾਤ ਕੱਟਣ ਤੇ ਤਫਤੀਸ਼ ਕਰਨ ਤੋਂ ਬਾਅਦ ਸਾਡਾ ਇਕ ਹਫ਼ਤੇ ਦਾ ਰਿਮਾਂਡ ਇੰਟੈਰੋਗੇਸ਼ਨ ਸੈਂਟਰ ਅੰਮ੍ਰਿਤਸਰ ਦਾ ਲੈ ਲਿਆ ਗਿਆ। ਬਾਅਦ ਵਿਚ ਜੇਲ੍ਹਾਂ, ਡੀ.ਆਈ.ਆਰ ਤੇ ਮੀਸਾ ਵਰਗੇ ਕਾਨੂੰਨਾਂ ਤਹਿਤ ਅਸੀਂ ਸਾਰੀ ਐਮਰਜੈਂਸੀ ਬੰਦ ਰਹੇ। ਸਗੋਂ ਉਸ ਤੋਂ ਵੀ ਬਾਅਦ ਜਨਤਾ ਸਰਕਾਰ ਬਣਨ ਸਮੇਂ ਹੀ ਰਿਹਾਅ ਹੋਏ।
ਫੋਨ- +1 219-900-1115
ਓੰੳੀL : ੍ਰੳੜੀSੳ੍ਹ੍ਰੳ@ੰੳੀL.ਛੌੰ
