ਬਲਜੀਤ ਬਾਸੀ
ਫੋਨ: 734-259-9353
ਖੇਤੀ-ਪ੍ਰਧਾਨ ਪੰਜਾਂ ਪਾਣੀਆਂ ਦੇ ਦੇਸ ਪੰਜਾਬ ਵਿਚ ਪਾਣੀ ਦੀ ਮਹੱਤਤਾ ਹਮੇਸ਼ਾ ਬਣੀ ਰਹਿੰਦੀ ਹੈ। ਸਮਝੋ ਏਥੇ ਜਿੰਨਾ ਵੀ ਪਾਣੀ ਹੋਵੇ, ਓਨਾ ਹੀ ਥੋੜਾ ਹੈ। ਦਰਿਆਵਾਂ, ਛੱਪੜਾਂ ਤੇ ਧਰਤੀ ਹੇਠਲਾ ਪਾਣੀ ਮੀਂਹ ਨਾਲ ਹੀ ਭਰਪੂਰ ਹੁੰਦਾ ਹੈ। ਪਾਣੀ ਫਸਲਾਂ ਦੀ ਜ਼ਿੰਦਗਾਨੀ ਹੈ
ਜਿਸ ਤੇ ਪੰਜਾਬ ਦੀ ਆਰਥਿਕਤਾ ਖੜੀ ਹੈ। ਦਾਣੇ-ਫੱਕੇ ਤੇ ਚਾਰੇ ਬਿਨਾਂ ਕਾਲ ਪੈ ਜਾਂਦਾ ਹੈ। ਹਰੇ ਇਨਕਲਾਬ ਤੇ ਫਿਰ ਨਕਦੀ ਫਸਲ ਝੋਨੇ ਦੀ ਪੈਦਾਵਾਰ ਸ਼ੁਰੂ ਹੋਣ ਨਾਲ ਤਾਂ ਪਾਣੀ ਦੀ ਲੋੜ ਹੋਰ ਵੀ ਵਧਣ ਲੱਗੀ। ਪੰਜਾਬ ਦੀ ਰਾਜਨੀਤੀ ਵਿਚ ਪਾਣੀ ਦਾ ਅਕਸਰ ਨਿਰਣਾਇਕ ਰੋਲ ਰਿਹਾ ਹੈ। ਪਾਣੀ ਦੀ ਖਾਤਿਰ ਏਥੇ ਮੋਰਚੇ ਲਗਦੇ ਹਨ ਜੋ ਧਰਮ ਮੋਰਚੇ ਤੱਕ ਬਦਲ ਜਾਂਦੇ ਹਨ। ਪੰਜਾਬ ਦੇ ਲੋਕਯਾਨ ਵਿਚ ਵੀ ਪਾਣੀ ਦੀ ਮਹੱਤਤਾ ਖੂਬ ਮਹਿਸੂਸ ਕੀਤੀ ਗਈ ਹੈ,‘ਰੱਬਾ ਰੱਬਾ ਮੀਂਹ ਵ੍ਹਰਾ, ਸਾਡੀ ਕੋਠੀ ਦਾਣੇ ਪਾ।’ ਲੰਮਾ ਸਮਾਂ ਮੀਂਹ ਨਾ ਵਸਣ ਦੀ ਹਾਲਤ ਨੂੰ ਅੱਜ ਕੱਲ੍ਹ ਅਖਬਾਰੀ ਪੰਨਿਆਂ ਵਿਚ ਵਧੇਰੇ ਕਰਕੇ ਸੋਕਾ ਜਾਂ ਸੋਕੜਾ ਲਿਖਿਆ ਜਾਂਦਾ ਹੈ, ਅਜਿਹੇ ਲੇਖਕਾਂ ਨੂੰ ਪੰਜਾਬੀ ਦਾ ਠੇਠ ਸ਼ਬਦ ‘ਔੜ’ ਯਾਦ ਕਰਾਇਆ ਜਾਣਾ ਚਾਹੀਦਾ ਹੈ।
ਔੜ ਕਾਰਨ ਮਨੁੱਖ ਮਾਤਰ ਦੀ ਹਾਲਤ ਤਾਂ ਪਤਲੀ ਹੁੰਦੀ ਹੀ ਹੈ, ਧਰਤੀ ਤੋਂ ਹਰਿਆਵਲ ਗਾਇਬ ਹੋ ਜਾਣ ਕਾਰਨ ਭੂ-ਦ੍ਰਿਸ਼ ਵੀ ਰੁੱਖਾ-ਸੁੱਖਾ ਹੋ ਜਾਂਦਾ ਹੈ। ਭਾਈ ਗੁਰਦਾਸ ਦੇ ਸ਼ਬਦਾਂ ਵਿਚ,
ਹੰਸਾਂ ਨਾਲ ਟਟੀਹਰੀ,
ਕਿਉ ਪਹੁਚਹਿ ਦਉੜੀ
ਸਾਵਣ ਵਣ ਹਰਿਆਵਲੇ
ਅੱਕੁ ਜੰਮੈ ਅਉੜੀ
ਤੇ ਵਾਰਿਸ ਸ਼ਾਹ ਅਨੁਸਾਰ,
ਕਦੀ ਲਏ ਹੂਲਾਂ ਕਦੀ ਝੂਲਦਾ ਏ, ਕਦੀ ਰੋ ਪਿਆ ਕਦੀ ਹੱਸਿਆ ਈ ।
ਵਾਰਿਸ ਸ਼ਾਹ ਕਿਰਸਾਨ ਜਿਉਂ ਹਣ ਰਾਜ਼ੀ, ਮੀਂਹ ਔੜ ਦੇ ਦਿਹਾਂ ਤੇ ਵੱਸਿਆ ਈ ।
ਭੂਤਕਾਲ ਵਿਚ ਕਿਸੇ ਇਲਾਕੇ ਵਿਚ ਔੜ ਦੇ ਮਾਰੇ ਲੋਕ ਪਾਣੀਆਂ ਦੀ ਬਹੁਤਾਤ ਵਾਲੇ ਇਲਾਕਿਆਂ ਵੱਲ ਹਿਜਰਤ ਕਰਨ ਲਗਦੇ ਸਨ। ਜੱਟਾਂ ਦੇ ਇਤਿਹਾਸ ਦੇ ਕਰਤਾ ਨੇ ਲਿਖਿਆ ਹੈ ਕਿ ਚੌਧਵੀਂ ਸਦੀ ਦੇ ਸ਼ੁਰੂ ਵਿਚ ਸਖ਼ਤ ਔੜ ਕਾਰਨ ਦੁਆਬੇ ਵਿਚ ਵਸਦੇ ਘੁੰਮਣ ਗੋਤ ਦੇ ਜੱਟ ਗੁਰਦਾਸਪੁਰ ਵੱਲ ਜਾ ਵਸੇ ਤੇ ਉਥੇ ਉਨ੍ਹਾਂ ਘੁੰਮਣ ਨਾਮੀਂ ਪਿੰਡ ਵਸਾਇਆ। ਕਹਿੰਦੇ ਹਨ ਉਥੇ ਹਰਿਆਵਲ ਤੇ ਛਪੜੀ ਸੀ। ਕਿੰਨਾ ਚਿਰ ਮੀਂਹ ਨਾ ਪਵੇ ਤਾਂ ਗੁੱਡੀਆਂ ਫੂਕੀਆ ਜਾਂਦੀਆਂ ਹਨ, ਮੇਂਡਕ-ਮੇਂਡਕੀ ਦੇ ਵਿਆਹ ਰਚਾਏ ਜਾਂਦੇ ਹਨ। ਮਈਆ ਸਿੰਘ ਨੇ ਆਪਣੇ ਕੋਸ਼ ਵਿਚ ਔੜ ਨਾਲ ਨਜਿੱਠਣ ਲਈ ਇੱਕ ਰੀਤੀ ਦਾ ਜ਼ਿਕਰ ਕੀਤਾ ਹੈ ਜਿਸ ਵਿਚ ਮੀਂਹ ਵਰ੍ਹਾਉਣ ਖਾਤਿਰ ਲੋਕ ਇੱਕ ਦੂਜੇ ਤੇ ਗੋਹਾ ਸੁੱਟਿਆ ਕਰਦੇ ਸਨ। ਇਸ ਰਸਮ ਨੂੰ ‘ਗੋਹਿਆ ਰਾਲੀ ਖੇਡਣਾ’ ਕਿਹਾ ਜਾਂਦਾ ਹੈ। ਏਹੀ ਨਹੀਂ, ਹੋਰ ਗੰਭੀਰ ਉਪਾਅ ਵਜੋਂ ਇੰਦਰ ਦੇਵਤੇ ਨੂੰ ਰਿਝਾਉਣ ਲਈ ਚੌਲਾਂ ਦੀਆਂ ਦੇਗਾਂ ਉਬਾਲ ਕੇ ਜੱਗ (ਯੱਗ) ਕੀਤੇ ਜਾਂਦੇ ਹਨ ਤੇ ਢੋਲ ਵਜਾਏ ਜਾਂਦੇ ਹਨ। ਸਾਇੰਸਦਾਨਾਂ ਦਾ ਵਿਚਾਰ ਹੈ ਕਿ ਸਮੂਹਕ ਢੋਲ ਵਜਾਉਣ ਨਾਲ ਪੈਦਾ ਹੁੰਦੀਆਂ ਤਰੰਗਾਂ ਨਾਲ ਬੱਦਲਾਂ ਵਿਚ ਹਿਲਜੁਲ ਹੋ ਸਕਦੀ ਹੈ, ਜਿਸ ਕਾਰਨ ਉਹ ਆਪਾ ਛੰਡ ਕੇ ਮੀਂਹ ਵਰ੍ਹਾ ਸਕਦੇ ਹਨ । ਆਪਾਂ ਤਾਂ ਇਸ ਸਬੰਧੀ ਕੁਝ ਨਹੀਂ ਕਹਿਣਾ। ‘ਬਾਰਾਂ ਸਾਲ ਦੀ ਔੜ ਲੱਗ ਗਈ ਕਹਾਵਤ ਹੈ’ ਤੇ ਇਸ ਔੜ ਦੇ ਖਾਤਮੇ ਪਿੱਛੋਂ ਜ਼ਿੰਦਗੀ ਵਿਚ ਰੰਗੀਨੀ ਆਉਂਦੀ ਹੈ,
ਬਾਰਾਂ ਬਰਸ ਦੀ ਔੜ ਸੀ ਮੀਂਹ ਵੁਠਾ, ਲੱਗਾ ਰੰਗ ਫਿਰ ਖ਼ੁਸ਼ਕ ਬਗ਼ੀਚਿਆਂ ਨੂੰ ।
ਫ਼ੌਜਦਾਰ ਤਗੱਈਅਰ ਬਹਾਲ ਹੋਇਆ, ਝਾੜ ਤੰਬੂਆਂ ਅਤੇ ਗਲੀਚਿਆਂ ਨੂੰ ।
ਵੱਲਾਂ ਸੁੱਕੀਆਂ ਫੇਰ ਮੁੜ ਸਬਜ਼ ਹੋਈਆਂ, ਵੇਖ ਹੁਸਨ ਦੀ ਜ਼ਿਮੀਂ ਦੇ ਪੀਚਿਆਂ ਨੂੰ ।
ਵਾਰਿਸ ਵਾਂਗ ਕਿਸ਼ਤੀ ਪਰੇਸ਼ਾਨ ਸਾਂ ਮੈਂ, ਪਾਣੀ ਪਹੁੰਚਿਆ ਨੂਹ ਦਿਆਂ ਟੀਚਿਆਂ ਨੂੰ ।
ਪਰ ਬਹੁਤੇ ਮੀਂਹ ਯਾਨੀ ਹੜ ਜਾਂ ਪਰਲੋ ਤੋਂ ਜਨਤਾ ਹੋਰ ਵੀ ਵਧੇਰੇ ਸੰਕਟ ਵਿਚ ਹੁੰਦੀ ਹੈ, ਕੋਠੇ ਢਹਿ ਜਾਂਦੇ ਹਨ, ਫਸਲਾਂ ਉਜੜ ਜਾਂਦੀਆਂ ਹਨ, ਚਾਰੇ ਪਾਸੀ ਪਾਣੀ ਤੇ ਚਿੱਕੜ-ਚੁਭੜ ਕਾਰਨ ਜ਼ਿੰਦਗੀ ਦੀ ਚਾਲ ਰੁਕ ਜਾਂਦੀ ਹੈ। ਪੁਰਾਣੀਆਂ ਲਿਖਤਾਂ ਵਿਚ ਮੌਸਮਾਂ ਕਾਰਨ ਪੇਸ਼ ਹੁੰਦੀਆਂ ਛੇ ਬਿਪਤਾਵਾਂ ਜਿਨਾਂ ਨੂੰ ‘ਈਤਿ’ ਕਿਹਾ ਗਿਆ ਹੈ, ਦਾ ਜ਼ਿਕਰ ਮਿਲਦਾ ਹੈ ਤੇ ਉਹ ਹਨ: ਔੜ, ਹੜ੍ਹ, ਟਿੱਡੀ ਦੱਲ, ਚੂਹੇ, ਤੋਤੇ ਤੇ ਬਦੇਸ਼ੀ ਹਮਲੇ। ਕਹਿੰਦੇ ਹਨ ਮਨੁੱਖ ਬਾਰਾਂ ਸਾਲ ਦੀ ਔੜ ਮੰਗ ਲੈਂਦਾ ਹੈ ਮੀਂਹ ਨਹੀਂ। ਸਮਝਣ ਵਾਲੀ ਗੱਲ ਹੈ ਕਿ ਚਿਰਕਾਲ ਤੱਕ ਦੁਖਾਂ ਤਕਲੀਫਾਂ ਝਲਣ ਦੇ ਸਮੇਂ ਲਈ ਬਾਰਾਂ ਵਰਿਆਂ ਦੀ ਉਕਤੀ ਵਰਤੀ ਜਾਂਦੀ ਹੈ। ਮੀਂਹ ਸਬੰਧੀ ਇੱਕ ਵੈਦਿਕ ਕਥਾ ਹੈ। ਇੱਕ ਰਾਜੇ ਦੇ ਦੇਵਾਪਿ ਅਤੇ ਸ਼ਾਂਤਨੂ ਨਾਮੀਂ ਦੋ ਪੁੱਤਰ ਸਨ ਜਿਨ੍ਹਾਂ ਵਿਚੋ ਦੇਵਾਪਿ ਵੱਡਾ ਸੀ। ਐਪਰ ਰਾਜ ਮਿਲਿਆ ਸਾਂਤਨੂ ਨੂੰ, ਦੇਵਾਪਿ ਵਿਚਾਰਾ ਤਪੱਸਿਆ ਕਰਨ ਲਈ ਮਜਬੂਰ ਹੋਇਆ। ਸ਼ਾਂਤਨੂ ਦੇ ਰਾਜ ਵਿਚ ਬਾਰਾਂ ਵਰਿ੍ਹਆਂ ਦੀ ਔੜ ਲੱਗ ਗਈ। ਬ੍ਰਾਹਮਣਾਂ ਨੇ ਸ਼ਾਂਤਨੂ ਨੂੰ ਜਿਤਾਇਆ ਕਿ ਤੂੰ ਜੇਠੇ ਭਰਾ ਦੇ ਹੁੰਦਿਆਂ ਰਾਜ ਗੱਦੀ ਤੇ ਜੋ ਬੈਠ ਗਿਆ, ਦੇਵਤੇ ਇਸ ਗੱਲੋਂ ਨਰਾਜ਼ ਹੋ ਕੇ ਮੀਂਹ ਨਹੀਂ ਵਰਸਾ ਰਹੇ। ਇਸ ਤੇ ਸ਼ਾਂਤਨੂ ਨੇ ਦੇਵਾਪਿ ਨੂੰ ਰਾਜ ਗੱਦੀ ਤੇ ਬੈਠਾਇਆ। ਦੇਵਾਪਿ ਨੇ ਸ਼ਾਂਤਨੂ ਨੂੰ ਕਿਹਾ ਕਿ ਤੂੰ ਯੱਗ ਕਰਾ, ਮੈਂ ਤੇਰਾ ਪੁਰੋਹਿਤ ਹੋਵਾਂਗਾ। ਸ਼ਾਂਤਨੂ ਨੇ ਅਜਿਹਾ ਹੀ ਕੀਤਾ ਜਿਸ ਕਾਰਨ ਮੀਂਹ ਦੀ ਖੂਬ ਝੜੀ ਲੱਗੀ।
‘ਮਹਾਨ ਕੋਸ’L ਨੇ ਔੜ ਸ਼ਬਦ ਦੀ ਪਰਿਭਾਸ਼ਾ ਕਰਦਿਆਂ ਇਸ ਨੂੰ ‘ਵਰਖਾ ਦਾ ਅਭਾਵ’ ਬਿਆਨਿਆ ਹੈ ਜਦ ਕਿ ਪੰਜਾਬੀ ਕੋਸ਼ ਅਨੁਸਾਰ ਔੜ ‘ਮੀਂਹ ਨਾ ਵਸਣ ਦੀ ਹਾਲਤ, ਸੋਕਾ, ਖੁਸ਼ਕਸਾਲੀ’ ਹੈ। ਦੋਨਾਂ ਵਿਚ ਇਕੋ ਗੱਲ ਹੈ। ਔੜ ਤੋਂ ਔੜਨਾ ਕਿਰਿਆ ਬਣਦੀ ਹੈ ਜਿਸ ਦਾ ਮਤਲਬ ਸੋਕਾ ਲੱਗਣਾ ਤੇ ਔੜ ਕਾਰਨ ਚਰੀ ਦਾ ਜ਼ਹਿਰੀਲਾ ਹੋਣਾ ਹੈ। ਅਜਿਹੀ ਚਰੀ ਖਾਣ ਨਾਲ ਪਸ਼ੂਆਂ ਨੂੰ ਅਫਾਰਾ ਹੋ ਜਾਂਦਾ ਹੈ। ‘ਔੜ ਲੱਗਣਾ’ ਦਾ ਮਤਲਬ ਲੰਮਾ ਸਮਾਂ ਮੀਂਹ ਨਾ ਪੈਣਾ ਹੈ। ਔੜ ਸ਼ਬਦ ਵਿਚ ਪਾਣੀ ਦੀ ਕਮੀ ਦੇ ਭਾਵ ਕਾਰਨ ਇਸ ਤੋਂ ਥੁੜ, ਕਮੀ, ਕਿਲਤ ਦੇ ਅਰਥ ਵੀ ਵਿਕਸਿਤ ਹੋ ਗਏ ਹਨ, ‘ਡਰੋਲੀ ਦੀ ਸੰਗਤ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਗੁਰਸਿੱਖੀ ਦੀ ਡਾਢੀ ਔੜ ਹੈ’। ਕਾਵਿਕ ਭਾਸ਼ਾ ਵਿਚ ਔੜ ਸ਼ਬਦ ਇਨ੍ਹਾਂ ਅਰਥਾਂ ਵਿਚ ਕਾਫੀ ਵਰਤਿਆ ਮਿਲਦਾ ਹੈ। ਫੀਰੋਜ਼ ਦੀਨ ਸ਼ਰਫ ਲਿਖਦੇ ਹਨ,
ਔੜ ਏਦਾਂ ਹੀ ਜੇਕਰ ਇਹ ਜਾਰੀ ਰਹੀ,
ਰੂਹਾਂ ਤੇਹਾਂ ਦੇ ਮਸਲੇ ਹੀ ਮੁੱਕ ਜਾਣਗੇ।
ਪਹਿਲਾਂ ਨਦੀਆਂ ਦੀ ਚਿੰਤਾ ਸੀ ਹੁਣ ਜਾਪਦੈ,
ਇੱਥੇ ਨੈਣਾਂ ਦੇ ਪਾਣੀ ਵੀ ਸੁੱਕ ਜਾਣਗੇ।
ਅਸੀਂ ਔੜ ਦੀ ਸਥਿਤੀ ਵਿਚ ਵਰਖਾ ਦੀ ਅਣਹੋਂਦ ਜਾਣੀ ਹੈ ਪਰ ਗ਼ਜ਼ਬ ਹੈ ਕਿ ਔੜ ਸ਼ਬਦ ਵਿਚ ਵਰਖਾ ਦਾ ਵਜੂਦ ਹੈ। ਇਹ ਤੱਥ ਜਾਨਣ ਲਈ ਮੈਂ ‘ਮਹਾਨ ਕੋਸ਼’ ਦਾ ਰਿਣੀ ਹੈ। ਉਸ ਅਨੁਸਾਰ ਔੜ ਸ਼ਬਦ ਬਣਿਆ ਹੈ ‘ਅਵਿ੍ਰਸ਼ਟਿ’ ਤੋਂ। ਪਰ ਹੈਰਾਨੀ ਵਾਲੀ ਗੱਲ ਹੈ ਕਿ ਔੜ ਸ਼ਬਦ ਦੇ ਇਕ ਹੋਰ ਸ਼ਬਦ-ਜੋੜ ‘ਅਉੜ’ ਦੇ ਇੰਦਰਾਜ ਵਿਚ ‘ਮਹਾਨ ਕੋਸ਼’ ਨੇ ‘ਅਵਿ੍ਰਸ਼ਟਿ’ ਦੇ ਨਾਲ ‘ਅਨਾਵਿ੍ਰਸ਼ਟਿ’ ਸ਼ਬਦ ਵੀ ਜੋੜਿਆ ਗਿਆ ਹੈ। ਅਜਿਹੀਆਂ ਅਸੰਗਤੀਆਂ ‘ਮਹਾਨ ਕੋਸ਼’ ਵਿਚ ਆਮ ਹਨ। ਖੈਰ, ਅਵਿ੍ਰਸ਼ਟਿ ਹੋਵੇ ਜਾਂ ਅਨਾਵਿ੍ਰਸ਼ਟਿ, ਦੋਨਾਂ ਵਿਚ ਲਗਦੇ ਕ੍ਰਮਵਾਰ ਅਗੇਤਰ ‘ਅ’ ਜਾਂ ‘ਅਨਾ’ ਕਾਸੇ ਦਾ ਅਭਾਵ ਦਰਸਾਉਂਦੇ ਹਨ ਜਿਵੇਂ ਅਗਿਆਨ ਅਤੇ ਅਨਾਦਰ ਵਿਚ। ‘ਵਿ੍ਰਸ਼ਟਿ’ ਸ਼ਬਦ ਵਿਚ ਮੀਂਹ ਵਰਸਣ ਦੇ ਭਾਵ ਹਨ। ਪੰਜਾਬੀ ਲਈ ਅਨਾਵਿਸ੍ਰLਟਿ ਸ਼ਬਦ ਭਾਰੀ ਭਰਕਮ ਹੈ ਪਰ ਹੋਰ ਕੁਝ ਭਾਸ਼ਾਵਾਂ ਜਿਵੇਂ ਹਿੰਦੀ, ਮਰਾਠੀ, ਬੰਗਾਲੀ, ਉੜੀਆ ਆਦਿ ਵਿਚ ਇਹ ਸ਼ਬਦ ਘੱਟੋ ਘੱਟ ਲਿਖਤਾਂ ਵਿਚ ਜ਼ਰੂਰ ਮਿਲਦਾ ਹੈ। ਹਿੰਦੀ ਕਵੀ ਸੂਰਦਾਸ ਨੇ ਇਹ ਸ਼ਬਦ ਸੋਕੇ ਦੇ ਅਰਥਾਂ ਵਿਚ ਵਰਤਿਆ ਹੈ, ‘ਸਬ ਜਾਦੌ ਮਿਲਿ ਹਰਿ ਸੋਂਯਹ ਕਹਯੋ ਸੁਫਲਕ ਸੁਤ ਜਹਂ ਹੋਈ, ਅਨਾਵਿ੍ਰਸ਼ਟਿ ਅਤਿਵ੍ਰਸ਼ਟਿ ਹੋਤਿ ਨਹੀਂ ਯਹ ਜਾਨਤ ਸਬ ਕੋਈ’।
ਜਿਵੇਂ ਉਪਰ ਦੱਸਿਆ ਜਾ ਚੁੱਕਾ ਹੈ, ਵਿ੍ਰਸ਼ਟਿ ਸ਼ਬਦ ਵਿਚ ਮੀਂਹ ਵਰਸਣ ਦਾ ਭਾਵ ਹੈ। ਅਸਲ ਵਿਚ ਤਾਂ ਇਹ ਮੀਂਹ ਦੇ ਅਰਥਾਂ ਵਾਲੇ ਸੰਸਕ੍ਰਿਤ ਸ਼ਬਦ ਵਰਸ਼ਾ (ਪੰਜਾਬੀ ਵਰਖਾ ਜਾਂ ਬਰਖਾ, ਬਾਰਸ਼) ਨਾਲ ਸਬੰਧਤ ਹੈ। ਇਸ ਦਾ ਧਾਤੂ *ਵਰਸ਼ ਹੈ ਜਿਸ ਵਿਚ ਮੀਂਹ ਪੈਣ ਦੇ ਭਾਵ ਹਨ। ਇਸ ਤੋਂ ਹੀ ਵਰਸਣਾ ਤੇ ਫਿਰ ਰ ਧੁਨੀ ਦੇ ਅਲੋਪ ਹੋਣ ਨਾਲ ਵਸਣਾ ਸ਼ਬਦ ਬਣੇ। ਧਿਆਨ ਰਹੇ, ਵਸਣਾ ਸ਼ਬਦ ਦਾ ਇੱਕ ਅਰਥ ਰਹਿਣਾ, ਆਬਾਦ ਹੋਣਾ ਵੀ ਹੈ ਪਰ ਇਹ ਹੋਰ ਧਾਤੂ *ਵਸ (ਰਹਿਣਾ, ਵਸਣਾ) ਵਲੋਂ ਆਇਆ ਹੈ । ਭਾਸ਼ਾਵਾਂ ਵਿਚ ਅਕਸਰ ਅਜਿਹਾ ਹੁੰਦਾ ਹੈ। ਦੋ ਵੱਖਰੇ ਸ੍ਰੋਤਾਂ ਤੋਂ ਬਣੇ ਸ਼ਬਦ ਸਮਾਂ ਬਦਲਦੇ ਬਦਲਦੇ ਇੱਕਰੂਪ ਹੋ ਜਾਂਦੇ ਹਨ। ਅਜਿਹੇ ਸ਼ਬਦਾਂ ਨੂੰ ਅਸੀਂ ਹਮਨਾਮ/ਸਮਨਾਮ ਕਹਿੰਦੇ ਹਾਂ। *ਵਰਸ਼ ਧਾਤੂ ਤੋਂ ਹੀ ਪੰਜਾਬੀ ਵਰ੍ਹਨਾ, ਬਰਸਣਾ ਸ਼ਬਦ ਬਣੇ। ਵਰ੍ਹਨਾ ਤੇ ਬਰਸਣਾ ਸ਼ਬਦਾਂ ਦਾ ਹੋਰ ਅਰਥ ਵਿਸਤਾਰ ਹੋਇਆ ਤੇ ਇਨ੍ਹਾਂ ਵਿਚ ਮੀਂਹ ਦੀ ਤਰ੍ਹਾਂ ਉਪਰੋਂ ਡਿਗਣਾ ਜਾਂ ਬਹੁਤ ਅਧਿਕ ਮਾਤਰਾ ਵਿਚ ਕੋਈ ਚੀਜ਼ ਮਿਲਣਾ ਦੇ ਭਾਵ ਆਏ ਜਿਵੇਂ ਫੁੱਲ ਬਰਸਣਾ, ਧੰਨ ਵਰਸਣਾ। ਪੰਜਾਬੀ ਵਿਚ ਵਰ੍ਹਨਾ ਦਾ ਮਤਲਬ ਕਿਸੇ ਤੇ ਗਾਲਾਂ, ਝਿੜਕਿਆਂ ਜਾਂ ਕੁੱਟ ਨਾਲ ਟੁੱਟ ਪੈਣਾ ਹੋ ਗਿਆ ਹੈ। ਇਸੇ ਧਾਤੂ ਤੋਂ ਬਰਸਾਤ ਬਣਿਆ, ਸੰਸਕ੍ਰਿਤ ਵਰਸ਼+ਰਿਤੂ ਤੋਂ। ਰਿਤੂ ਪੰਜਾਬੀ ਵਿਚ ਰੁੱਤ ਬਣ ਗਈ ਹੈ। ਬਰਸਾਤ ਤੋਂ ਬਰਸਾਤੀ ਸ਼ਬਦ ਸ਼ਬਦ ਵਿਕਸਿਆ ਜਿਸ ਦੇ ਦੋ ਅਰਥ ਹਨ: ਮੀਂਹ ਵਿਚ ਪਾਉਣ ਵਾਲਾ ਮੋਮਜਾਮੇ ਆਦਿ ਦਾ ਕੋਟ ਅਤੇ ਮੀਂਹ ਤੋਂ ਬਚਣ ਲਈ ਉਪਰਲੀ ਛੱਤ ਤੇ ਬਣਾਇਆ ਛਤੜਾ। ਤੇਜ਼ ਹਵਾ ਚੱਲਣ ਨਾਲ ਤਿਰਛੀ ਤਰ੍ਹਾਂ ਮੀਂਹ ਵਰਸਣ ਲਈ ਵਰਤੇ ਜਾਂਦੇ ਸ਼ਬਦ ਵਾਛੜ, ਬਾਛੜ, ਬੁਛਾੜ ਵੀ ਏਥੋਂ ਹੀ ਆ ਰਹੇ ਹਨ। ਹੋਰ ਤਾਂ ਹੋਰ ਸਾਲ ਲਈ ਪ੍ਰਚੱਲਤ ਸ਼ਬਦ ਵਰ੍ਹਾ, ਵਰਸ਼ ਤੇ ਬਰਸ ਵੀ ਏਥੇ ਥਾਂ ਸਿਰ ਹਨ। ਦਰਅਸਲ ਮੁਢਲੇ ਤੌਰ ਤੇ ਵਰ੍ਹਾ ਤੋਂ ਮੁਰਾਦ ਇੱਕ ਬਰਸਾਤ ਦੀ ਰੁੱਤ ਤੋਂ ਦੂਜੇ ਬਰਸਾਤ ਦੀ ਰੁੱਤ ਤੱਕ ਦਾ ਅਰਸਾ ਹੈ। ਉਮਰ ਦੇ ਅਰਥਾਂ ਵਾਲੇ ਵਰੇਸ ਸ਼ਬਦ (ਜਿਵੇਂ ਬਾਲ-ਵਰੇਸ, ਬੁਢ-ਵਰੇਸ) ਵਿਚ ਉਮਰ ਦੇ ਸਾਲਾਂ ਦਾ ਭਾਵ ਸਮਾਇਆ ਹੋਇਆ ਹੈ। ਸਾਲ ਬਾਅਦ ਆਉਣ ਵਾਲੀ ਮਰਨੇ ਦੀ ਰਸਮ ਨੂੰ ਬਰਸੀ ਆਖਦੇ ਹਨ ਅਤੇ ਬਰਸੀ ਉਤੇ ਵਰਤਾਇਆ ਜਾਣ ਵਾਲਾ ਭੋਜਨ ਵਰ੍ਹੀਣਾ ਹੈ। ਏਥੇ ਗਿਣਾਏ ਸ਼ਬਦਾਂ ਨੂੰ ਉਦਾਹਰਣਾਂ ਸਹਿਤ ਹੋਰ ਵਿਸਥਾਰ ਨਾਲ ਬਿਆਨਣ ਤੋਂ ਸੰਕੋਚ ਕੀਤਾ ਗਿਆ ਹੈ, ਕਿਉਂਕਿ ਇਨ੍ਹਾਂ ਦੀ ਵਿਆਖਆ ਵਰਖਾL ਵਾਲੇ ਲੇਖ ਵਿਚ ਕੀਤੀ ਗਈ ਸੀ।
ਫਿਰ ਵੀ ਅਨਾਵਿ੍ਰਸ਼ਟਿ ਵਿਚ ਆਏ ਵਿ੍ਰਸ਼ਟ ਸ਼ਬਦ ਬਾਰੇ ਕੁਝ ਦੱਸਣਾ ਚਾਹਾਂਗੇ ਕਿਉਂਕਿ ਇਸ ਦਾ ਜ਼ਿਕਰ ਪਹਿਲਾਂ ਨਹੀਂ ਸੀ ਹੋ ਸਕਿਆ। *ਵਰਸ ਧਾਤੂ ਤੋਂ ਬਣੇ ਇਸ ਸ਼ਬਦ ਵਿਚ ਸਾਲ ਦੇ ਹੀ ਭਾਵ ਹਨ। ਅਨਾਵਿ੍ਰਸ਼ਟਿ ਤੋਂ ਪਾਲੀ ਤੇ ਪ੍ਰਾਕ੍ਰਿਤ ਵਿਚ ਅਣਾਵੁਠਿ/ ਅਣਾਵਿਠਿ ਸ਼ਬਦ ਬਣਿਆ ਜੋ ਸਿੰਧੀ ਵਿਚ ਸੁੰਗੜ ਕੇ ਅਣਾਠੀ ਬਣ ਗਿਆ। ਲਿਲੀ ਟਰਨਰ ਨੇ ਆਪਣੇ ਹਿੰਦ ਯੂਰਪੀ ਭਾਸ਼ਾਵਾਂ ਦੇ ਨਿਰੁਕਤ ਕੋਸ਼ ਵਿਚ ਅਤੇ ਮਈਆ ਸਿੰਘ ਨੇ ਆਪਣੇ ਪੰਜਾਬੀ ਕੋਸ਼ ਵਿਚ ਔੜ ਦੇ ਅਰਥਾਂ ਵਿਚ ‘ਅਨਾਈ’ ਸ਼ਬਦ ਦਰਜ ਕੀਤਾ ਹੈ ਜੋ ਏਥੇ ਢੁਕਦਾ ਹੈ। ਵਿ੍ਰਸ਼ਟਿ ਤੋਂ ਪਾਲੀ ਅਤੇ ਪ੍ਰਾਕ੍ਰਿਤ ਵਿਚ ਵੁਠੀ ਸ਼ਬਦ ਬਣਦਾ ਹੈ। ‘ਸ਼ਟ’ ਧੁਨੀ ‘ਠ’ ਵਿਚ ਬਦਲ ਜਾਂਦੀ ਹੈ ਜਿਵੇਂ ਸ੍ਰੇਸ਼ਟ ਤੋਂ ਸੇਠ। ਗੁਰਬਾਣੀ ਵਿਚ ਬਰਸਣ ਦੇ ਅਰਥਾਂ ਵਿਚ ਵੁਠੀ ਸ਼ਬਦ ਤੇ ਇਸ ਨਾਲ ਜੁੜਦੇ ਕਈ ਸ਼ਬਦ ਆਉਂਦੇ ਹਨ ਜਿਵੇਂ ਵੁਠੀ, ਵੁਠਾ, ਵੁਠਿਆ ਵੁਠੀਆ, ਵੁਠੇ, ਵੁਠੈ ਆਦਿ। ਕੁਝ ਮਿਸਾਲਾਂ ਪੇਸ਼ ਹਨ, ‘ਮੀਹ ਵੁਠਾ ਸਹਿਜ ਸੁਭਾਇ’- ਗੁਰੂ ਅੰਗਦ; ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ- ਗੁਰੂ ਨਾਨਕ। ਧਿਆਨ ਰਹੇ ਅਜਿਹੇ ਕੁਝ ਸ਼ਬਦਾਂ ਵਿਚ ਵਸਣ ਦੇ ਭਾਵ ਵੀ ਹਨ। ਅਨਾਵਿ੍ਰਸ਼ਟਿ ਤੋ ਔੜ ਸ਼ਬਦ ਬਣਨ ਦੀ ਯਾਤਰਾ ਗੁੰਝਲਦਾਰ ਹੈ। ਇਸ ਵਿਚ ਕੁਝ ਧੁਨੀਆਂ ਬਦਲੀਆਂ ਤੇ ਕੁਝ ਅਲੋਪ ਹੋਈਆਂ। ਮੁਖ ਤੌਰ ਤੇ ਰ ਧੁਨੀ ਅਲੋਪ ਹੋਈ ‘ਸ਼ਟ ਧੁਨੀ ੜ ਵਿਚ ਬਦਲੀ ਵ ਧੁਨੀ ਓ ਵਿਚ ਬਦਲੀ। ਕੁਝ ਇਸ ਤਰਾਂ ਅਨਾਵਿ੍ਰਸ਼ਟਿ > ਆਵਿਸ਼ਟ > ਆਵਿਠ। ਔਠ > ਔੜ।
ਵਿ੍ਰਸ਼ਟੀ ਸ਼ਬਦ ਨੂੰ ਭਾਰੋਪੀ ਵੀ ਕਲਪਿਆ ਗਿਆ ਹੈ ਜਿਸ ਦਾ **hewers, wers ਜਿਹੇ ਭਾਰੋਪੀ ਮੂਲ ਘੜੇ ਗਏ ਹਨ ਜਿਨ੍ਹਾਂ ਵਿਚ ਮੀਂਹ ਵਰਸਣ ਦੇ ਭਾਵ ਹੀ ਹਨ। ਇਨ੍ਹਾਂ ਵਿਚ ਕਈ ਪ੍ਰਾਚੀਨ ਭਾਸ਼ਾਵਾਂ ਦੇ ਸ਼ਬਦ ਦੱਸੇ ਗਏ ਹਨ ਜਿਵੇਂ ਪ੍ਰਾਚੀਨ ਗਰੀਕ, ਪ੍ਰਾਚੀਨ ਅਨਾਤੋਲੀਅਨ, ਪ੍ਰਾਚੀਨ ਕੈਲਟਿਕ। ਇਨ੍ਹਾਂ ਭਾਸ਼ਾਵਾਂ ਵਿਚ ਆਏ ਸ਼ਬਦਾਂ ਦਾ ਏਥੇ ਵੇਰਵਾ ਦੇਣ ਦਾ ਮੈਨੂੰ ਬਹੁਤਾ ਤੁਕ ਨਹੀਂ ਜਾਪਦਾ।
