ਭਾਰਤ-ਚੀਨ ਜੰਗ ਬਨਾਮ ਅੰਦਰੂਨੀ ਜਦੋ-ਜਹਿਦ

ਛਾਤੀ ਅੰਦਰਲੇ ਥੇਹ (9)
ਗੁਰਦਿਆਲ ਦਲਾਲ ਬੁਨਿਆਦੀ ਰੂਪ ਵਿਚ ਗਲਪਕਾਰ ਹੈ। ਹੁਣੇ-ਹੁਣੇ ਉਨ੍ਹਾਂ ਦਾ ਵੱਡ-ਆਕਾਰੀ ਨਾਵਲ ‘ਪੈੜਾਂ’ ਛਪਿਆ ਹੈ। ‘ਛਾਤੀ ਅੰਦਰਲੇ ਥੇਹ’ ਲੇਖ-ਲੜੀ ਵਿਚ ਉਨ੍ਹਾਂ ਆਪਣੇ ਜੀਵਨ ਅਤੇ ਤਜਰਬੇ ਨੂੰ ਆਧਾਰ ਬਣਾ ਕੇ ਕੁਝ ਗੱਲਾਂ ਵੱਖਰੇ ਢੰਗ ਨਾਲ ਕੀਤੀਆਂ ਹਨ ਜਿਹੜੀਆਂ ਅਸੀਂ ਆਪਣੇ ਪਾਠਕਾਂ ਨਾਲ ਸਾਂਝੀਆਂ ਕਰ ਰਹੇ ਹਾਂ। ਇਨ੍ਹਾਂ ਗੱਲਾਂ ਦੀਆਂ ਤੰਦਾਂ, ਬੰਦੇ ਦੇ ਬੰਦਾ ਹੋਣ ਨਾਲ ਗਹਿਰੀਆਂ ਜੁੜੀਆਂ ਹੋਈਆਂ ਹਨ। ਆਸ ਹੈ, ਧੜਕਦੇ ਦਿਲ ਨਾਲ ਕੀਤੀਆਂ ਇਹ ਗੱਲਾਂ ਪਾਠਕਾਂ ਨੂੰ ਆਪਣੀਆਂ ਹੀ ਗੱਲਾਂ ਲੱਗਣਗੀਆਂ। -ਸੰਪਾਦਕ
ਗੁਰਦਿਆਲ ਦਲਾਲ
ਫੋਨ: 91-98141-85363
ਸੰਨ 1962 ਵਿਚ ਜਦੋਂ ਭਾਰਤ ਚੀਨ ਦੀ ਜੰਗ ਲੱਗੀ, ਮੈਂ ਚਮਕੌਰ ਸਾਹਿਬ ਦੇ ਖ਼ਾਲਸਾ ਸਕੂਲ ਵਿਚ ਦਸਵੀਂ ਦਾ ਵਿਦਿਆਰਥੀ ਸਾਂ। ਉਦੋਂ ਸਕੂਲ ਟਾਵੇਂ-ਟਾਵੇਂ ਹੋਣ ਕਰ ਕੇ ਦਸ-ਦਸ ਮੀਲ ਦੂਰੋਂ ਪਿੰਡਾਂ ਦੇ ਮੁੰਡੇ ਇਸੇ ਸਕੂਲ ਵਿਚ ਆਪਣੇ ਸਾਇਕਲਾਂ ‘ਤੇ ਪੜ੍ਹਨ ਆਉਂਦੇ ਸਨ। ਵਿਦਿਆਰਥੀਆਂ ਦੀ ਗਿਣਤੀ ਬਾਰਾਂ-ਤੇਰਾਂ ਸੌ ਹੁੰਦੀ ਸੀ। ਨਿੱਤ ਸਕੂਲ ਪਹੁੰਚਦਿਆਂ ਹੀ ਕਿਸੇ ਨਾ ਕਿਸੇ ਪਿੰਡ ਦੀ ਖ਼ਬਰ ਉਡੀ ਹੁੰਦੀ ਕਿ ਉਥੋਂ ਦਾ ਵਸਨੀਕ ਕੋਈ ਫੌਜੀ ਲੜਾਈ ਵਿਚ ਸ਼ਹੀਦ ਹੋ ਗਿਆ ਹੈ। ਮੁੰਡੇ ਮਰਨ ਵਾਲੇ ਫੌਜੀ ਦੀਆਂ ਗੱਲਾਂ ਕਰਦੇ। ਉਹ ਕਿਵੇਂ ਬਹਾਦਰੀ ਅਤੇ ਨਿਡਰਤਾ ਨਾਲ ਲੜਿਆ। ਕਿਵੇਂ ਦੁਸ਼ਮਣ ਦੀ ਫੌਜ ਦੇ ਅਨੇਕ ਸੈਨਿਕ ਮਾਰੇ। ਇਕ ਮੂੰਹ ਤੋਂ ਦੂਜੇ ਮੂੰਹ ਤੱਕ ਪਹੁੰਚਦੀ ਖ਼ਬਰ ਆਪਣਾ ਰੂਪ ਵਟਾਉਂਦੀ ਰਹਿੰਦੀ ਤੇ ਸ਼ਹੀਦ ਬਾਰੇ ਅਨੇਕਾਂ ਕਲਪਿਤ ਕਹਾਣੀਆਂ ਜੁੜਦੀਆਂ ਜਾਂਦੀਆਂ। ਅਧਿਆਪਕ ਵੀ ਪੜ੍ਹਾਈ ਦੀ ਥਾਂ ਲੜਾਈ ਨਾਲ ਜੁੜੀਆਂ ਗੱਲਾਂ ਹੀ ਦੱਸਦੇ। ਦੇਸ਼ ਪ੍ਰੇਮ ਦੀਆਂ ਅਨੇਕਾਂ ਕਹਾਣੀਆਂ ਸੁਣਾਉਂਦੇ ਕਿ ਕਿਵੇਂ ਕਿਸੇ ਇਕੱਠ ਵਿਚ ਤੀਵੀਆਂ ਨੇ ਆਪਣੇ ਗਹਿਣਿਆਂ ਨਾਲ ਪੰਡਤ ਨਹਿਰੂ ਨੂੰ ਤੋਲ ਦਿੱਤਾ। ਕਿਵੇਂ ਰੇਲਵੇ ਸਟੇਸ਼ਨਾਂ ਉਤੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਜੰਗ ਵਿਚ ਜਾਣ ਵਾਲੇ ਫੌਜੀਆਂ ਲਈ ਲੰਗਰ ਲਾਏ, ਕੀਮਤੀ ਤੋਹਫ਼ੇ ਦਿੱਤੇ ਅਤੇ ਸਕੂਲਾਂ ਕਾਲਜਾਂ ਦੀਆਂ ਕੁੜੀਆਂ ਨੇ ਫੌਜੀਆਂ ਦੇ ਰੱਖੜੀਆਂ ਬੰਨ੍ਹੀਆਂ। ਸਾਡੇ ਪਿੰਡ ਦੇ ਬਰੋਟੇ ਹੇਠ ਬੈਠੀ ਢਾਣੀ ਵਿਚ ਵੀ ਲੜਾਈ ਦੀਆਂ ਗੱਲਾਂ ਹੀ ਚਲਦੀਆਂ। ਇਕ ਦਿਨ ਬੜੇ ਜੋਸ਼ ਵਿਚ ਆ ਕੇ ਗੋਬਰ ਛੜਾ ਕਹਿਣ ਲੱਗਾ, “ਤੁਸੀਂ ਮੈਨੂੰ ਬਰਛਾ ਫੜਾਓ, ਜੇ ਦਸ-ਦਸ ਚੀਨੀਆਂ ਨੂੰ ਇਕੱਠੇ ਨਾ ਪਰੁੰਨ ਦਿਆਂ ਤਾਂ ਮੇਰਾ ਨਾਉਂ ਬਦਲ ਦਿਓ।”
ਅਜਿਹੀਆਂ ਗੱਲਾਂ ‘ਤੇ ਖੂਬ ਹਾਸਾ ਮਚਦਾ ਪਰ ਮੈਨੂੰ ਇਹ ਗੱਲਾਂ ਬੜੀਆਂ ਭਿਆਨਕ ਲੱਗਦੀਆਂ ਕਿਉਂਕਿ ਮੇਰਾ ਵੱਡਾ ਭਰਾ ਜਸਵੰਤ ਸਿੰਘ ਭਾਰਤੀ ਫੌਜ ਵਿਚ ਲਾਂਸ ਨੈਕ ਸੀ। ਕੋਈ ਦਹਿਸ਼ਤ ਮੇਰੇ ‘ਤੇ ਛਾਈ ਰਹਿੰਦੀ। ਮੈਂ ਪਰੇਸ਼ਾਨ ਰਹਿੰਦਾ। ਨਾ ਪੜ੍ਹਾਈ ਵਿਚ ਮਨ ਖੁਭਦਾ ਤੇ ਨਾ ਹੀ ਨੀਂਦ ਆਉਂਦੀ। ਲੋਕਾਂ ਦੀਆਂ ਗੱਲਾਂ-ਬਾਤਾਂ ਤੋਂ ਹੀ ਪਤਾ ਲੱਗਦਾ ਕਿ ਜਦੋਂ ਕੋਈ ਫੌਜੀ ਸ਼ਹੀਦ ਹੁੰਦਾ ਸੀ ਤਾਂ ਉਸ ਦੇ ਘਰ ਪਹਿਲਾਂ ਡਾਕੀਆ ਤਾਰ ਲੈ ਕੇ ਆਉਂਦਾ ਸੀ ਤੇ ਮਗਰੋਂ ਫੌਜੀ ਦਾ ਬਿਸਤਰਾ ਅਤੇ ਸਾਮਾਨ ਵੀ ਘਰ ਪਹੁੰਚ ਜਾਂਦੇ ਸਨ। ਕਿੰਨਾ ਭਿਆਨਕ ਹੋਵੇਗਾ ਇਹ ਸਭ ਕੁਝ! ਇਸ ਲਈ ਡਾਕੀਏ ਨੂੰ ਦੇਖ ਮੈਂ ਬਹੁਤ ਘਬਰਾ ਜਾਂਦਾ। ਉਹ ਮੈਨੂੰ ਜਮਦੂਤ ਲਗਦਾ।
ਇਕ ਦਿਨ ਡਾਕੀਆ ਸਾਡੇ ਘਰ ਖਤ ਲੈ ਕੇ ਆਇਆ। ਖਤ ਜਸਵੰਤ ਦਾ ਸੀ ਜੋ ਕਾਹਲ਼ੀ-ਕਾਹਲ਼ੀ ਝਰੀਟਿਆ ਹੋਇਆ ਸੀ। ਉਨ੍ਹਾਂ ਦੀ ਯੂਨਿਟ ਲੜਾਈ ਵਿਚ ਸ਼ਾਮਿਲ ਹੋਣ ਲਈ ਫਰੰਟ ‘ਤੇ ਜਾ ਰਹੀ ਸੀ ਤੇ ਇਹ ਖਤ ਉਸ ਨੇ ਰਸਤੇ ਵਿਚ ਹੀ ਕਿਸੇ ਥਾਂ ਤੋਂ ਡਾਕ ਵਿਚ ਪਾਇਆ ਸੀ। ਉਹ ਬਹੁਤ ਚੜ੍ਹਦੀ ਕਲਾ ਅਤੇ ਹੌਸਲੇ ਵਿਚ ਸੀ ਤੇ ਆਪਣਾ ਲੜਾਈ ਵਿਚ ਨੰਬਰ ਲੱਗਣ ਕਰ ਕੇ ਬਹੁਤ ਖ਼ੁਸ਼ ਸੀ। ਜਿੱਥੇ ਸਾਨੂੰ ਮੌਤ ਦਿਖਾਈ ਦਿੰਦੀ ਸੀ, ਉਥੇ ਉਹ ਆਪਣੇ ਦੇਸ਼ ਲਈ ਲੜਨ ਵਿਚ ਖੁਸ਼ਕਿਸਮਤੀ ਸਮਝਦਾ ਸੀ। ਉਸ ਨੇ ਲੜਾਈ ਮਗਰੋਂ ਆਪਣੀ ਤਰੱਕੀ ਹੋਣ ਬਾਰੇ ਵੀ ਲਿਖਿਆ ਸੀ। ਉਸ ਨੇ ਬੇਬੇ ਨੂੰ ਵਿਸ਼ੇਸ਼ ਤੌਰ ‘ਤੇ ਕਿਹਾ ਸੀ ਕਿ ਉਹ ਚਿੰਤਾ ਨਾ ਕਰੇ, ਦੇਸ਼ ਲਈ ਕੁਰਬਾਨੀ ਦੇਣੀ ਕਿਸੇ-ਕਿਸੇ ਦੀ ਕਿਸਮਤ ਵਿਚ ਹੁੰਦੀ ਹੈ। ਜੇ ਇਕ ਚਲਾ ਵੀ ਗਿਆ, ਤੇਰੇ ਤਿੰਨ ਪੁੱਤ ਹੋਰ ਹੈਗੇ। ਚਿੱਠੀ ਸੁਣ ਕੇ ਬੇਬੇ, ਨਾਨੀ, ਮਾਮਾ, ਮਾਮੀ, ਸਭ ਰੋਣ ਲੱਗ ਪਏ। ਫਿਰ ਸਾਰੇ ਗੁੰਮ-ਸੁੰਮ ਹੋ ਗਏ। ਮੈਂ ਡੰਗਰਾਂ ਵਾਲੇ ਕੋਠੇ ਅੰਦਰ ਜਾ ਕੇ ਬਹੁਤ ਰੋਇਆ ਤੇ ਰੋਂਦਾ-ਰੋਂਦਾ ਹੀ ਸੌਂ ਗਿਆ। ਜਦੋਂ ਜਾਗ ਖੁੱਲ੍ਹੀ ਤਾਂ ਹਨੇਰਾ ਹੋ ਗਿਆ ਸੀ। ਮੈਨੂੰ ਇਹ ਵੀ ਪਤਾ ਨਾ ਲੱਗੇ ਕਿ ਦਿਨ ਚੜ੍ਹ ਰਿਹਾ ਸੀ ਜਾਂ ਰਾਤ ਪੈ ਰਹੀ ਸੀ। ਅਗਲੇ ਦਿਨ ਪਿੰਡ ਵਿਚ ਹਰ ਜ਼ੁਬਾਨ ‘ਤੇ ਬੰਤੇ (ਜਸਵੰਤ) ਦੀ ਚਰਚਾ ਸੀ ਜਿਸ ਨੇ ਫੌਜ ਵਿਚ ਜਾ ਕੇ ਬੜੀ ਗਲਤੀ ਕੀਤੀ ਸੀ।
ਪਿੰਡ ਦੇ ਸਾਰੇ ਮੁੰਡੇ ਸ਼ਾਮ ਵੇਲੇ ਫੁਟਬਾਲ ਜਾਂ ਸਟਿੱਕ (ਹਾਕੀ) ਖੇਡਿਆ ਕਰਦੇ ਸਨ। ਉਸ ਦਿਨ ਤੋਂ ਮੈਂ ਖੇਡਣ ਜਾਣਾ ਬੰਦ ਕਰ ਦਿੱਤਾ ਤੇ ਨਿੱਤ ਹੀ ਗੁਰਦੁਆਰੇ ਜਾ ਕੇ ਪਾਠ ਕਰਨ ਲੱਗ ਪਿਆ। ਸ਼ਾਮ ਵੇਲੇ ਲਾਊਡ ਸਪੀਕਰ ਲਾ ਕੇ ਰਹਿਰਾਸ ਤੇ ਕੀਰਤਨ ਸੋਹਿਲੇ ਦੇ ਪਾਠ ਕਰਦਾ ਅਤੇ ਸਵੇਰੇ ਜਪੁਜੀ ਸਾਹਿਬ ਤੇ ਸੁਖਮਨੀ ਸਾਹਿਬ ਦੇ। ਛੇਤੀ ਹੀ ਮੈਨੂੰ ਸਾਰੇ ਪਾਠ ਕੰਠ ਹੋ ਗਏ। ਸਟੀਕਾਂ ਦੀ ਮਦਦ ਨਾਲ ਮੈਂ ਕਾਫ਼ੀ ਅਰਥ ਵੀ ਸਮਝਣ ਲੱਗ ਪਿਆ। ਮੈਂ ਆਪਣੇ ਭਰਾ ਦੀ ਜ਼ਿੰਦਗੀ ਲਈ ਅਰਦਾਸਾਂ ਕਰਦਾ ਰਹਿੰਦਾ। ਹੌਲੀ-ਹੌਲੀ ਮੈਨੂੰ ਲੱਗਣ ਲੱਗ ਪਿਆ ਕਿ ਉਸ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਇੰਦਰ ਸਿੰਘ ਪਾਠੀ ਜਿਸ ਨੂੰ ਪਿੰਡ ਵਿਚ ਫ਼ਕੀਰੀਆ ਕਹਿੰਦੇ ਸਨ, ਨੇ ਮੈਨੂੰ ਸ਼ੁਧ ਪਾਠ ਕਰਨਾ ਸਿਖਾਇਆ। ਉਹ ਮੈਨੂੰ ਚਮਕੌਰ ਦੇ ਦਮਦਮਾ ਸਾਹਿਬ ਗੁਰਦੁਆਰੇ ਲੈ ਜਾਂਦਾ ਜਿਥੇ ਅਖੰਡ ਪਾਠਾਂ ਦੀਆਂ ਲੜੀਆਂ ਵਿਚ ਮੈਂ ਰੌਲ ਲਾਉਣ ਲੱਗ ਪਿਆ ਪਰ ਇਸ ਨਵੀਂ ਲੀਹ ‘ਤੇ ਚੜ੍ਹਨ ਕਰ ਕੇ ਮੈਂ ਪੜ੍ਹਾਈ ਵਿਚ ਕਾਫ਼ੀ ਪਛੜ ਗਿਆ।
ਲੜਾਈ ਮੁੱਕੀ ਤਾਂ ਅਸੀਂ ਕਈ ਦਿਨ ਤਕ ਘਬਰਾਹਟ ਅਤੇ ਪਰੇਸ਼ਾਨੀ ਵਿਚ ਜਸਵੰਤ ਦਾ ਖਤ ਉਡੀਕਦੇ ਰਹੇ। ਅਜੇ ਵੀ ਲੋਕਾਂ ਦੇ ਘਰਾਂ ਵਿਚ ਮਰਨ ਵਾਲੇ ਜਾਂ ਗੁੰਮ ਹੋਏ ਫੌਜੀਆਂ ਦੀਆਂ ਤਾਰਾਂ ਆ ਰਹੀਆਂ ਸਨ। ਨਾਨੀ ਪੰਡਤ ਜੀ ਕੋਲੋਂ ਪੁੱਛਿਆ ਪਵਾ ਕੇ ਆਈ ਤਾਂ ਪਤਾ ਲੱਗਾ ਕਿ ਜਸਵੰਤ ਨੂੰ ਚੀਨੀ ਫੌਜੀਆਂ ਨੇ ਕੈਦ ਕਰ ਲਿਆ ਸੀ। ਫਿਰ ਰੋਣ-ਧੋਣ ਸ਼ੁਰੂ ਹੋ ਗਿਆ ਪਰ ਕੁਝ ਦਿਨਾਂ ਮਗਰੋਂ ਹੀ ਇਕ ਦਿਨ ਜਦੋਂ ਮੈਂ ਸਕੂਲੋਂ ਘਰ ਪੁੱਜਾ ਤਾਂ ਮਾਮੇ ਦੀ ਟੇਲਰਿੰਗ ਦੀ ਹੱਟੀ ਵਿਚ ਡਹੇ ਮੰਜੇ ‘ਤੇ ਨਵੀਂ ਦਰੀ ਅਤੇ ਚਾਦਰ ਵਿਛੀ ਹੋਈ ਸੀ। ਉਪਰ ਬੈਠਾ ਡਾਕੀਆ ਬਿਸਕੁਟਾਂ ਨਾਲ ਚਾਹ ਦੀ ਘੁੱਟਾ-ਬਾਟੀ ਕਰ ਰਿਹਾ ਸੀ ਤੇ ਮਾਮਾ ਦੇਹਲੀ ਉਤੇ ਬੈਠਾ, ਫੱਟੇ ਵਾਲੇ ਪੱਖੇ ਦੀ ਰੱਸੀ ਖਿੱਚਦਾ ਉਸ ਨੂੰ ਝੱਲ ਮਾਰ ਰਿਹਾ ਸੀ ਤੇ ਮਹਾਂਭਾਰਤ ਵਿਚੋਂ ਕੋਈ ਕਾਂਡ ਵੀ ਸੁਣਾ ਰਿਹਾ ਸੀ। ਜਦੋਂ ਮੈਨੂੰ ਜਸਵੰਤ ਦੀ ਚਿੱਠੀ ਦਾ ਪਤਾ ਲੱਗਾ ਤਾਂ ਮੈਂ ਕਿਲਕਾਰੀ ਮਾਰ ਕੇ ਆਪਣਾ ਬਸਤਾ ਖੱਲ ਵਿਚ ਵਗਾਹ ਮਾਰਿਆ ਤੇ ਚਿੱਠੀ ਪੜ੍ਹਨ ਲੱਗਾ। ਕੈਦ-ਕੂਦ ਵਾਲੀ ਕੋਈ ਗੱਲ ਨਹੀਂ ਸੀ। ਉਸ ਨੇ ਛੇਤੀ ਘਰ ਆਉਣ ਬਾਰੇ ਲਿਖਿਆ ਸੀ। ਉਸ ਨੇ ਚੀਨੀਆਂ ਦੀ ਤੁਲਨਾ ਜਗੀਰ ਹੋਣਾ ਦੇ ਗੱਠਿਆਂ (ਪਿਆਜਾਂ) ਨਾਲ ਕੀਤੀ ਸੀ ਜਿਹੜੇ ਰੁੜ੍ਹਦੇ-ਰੁੜ੍ਹਦੇ ਉਨ੍ਹਾਂ ਦੇ ਪੈਰਾਂ ਵਿਚ ਆ ਵੜਦੇ ਸਨ ਤੇ ਸੰਗੀਨ ਛਾਤੀ ‘ਤੇ ਧਰ ਦਿੰਦੇ ਸਨ। ਉਸ ਨੇ ਆਪਣੇ ਕੰਪਨੀ ਕਮਾਂਡਰ ਬਿੱਛੂ ਸਾਹਿਬ ਦੀ ਵੀ ਖੂਬ ਤਾਰੀਫ ਕੀਤੀ ਸੀ ਜਿਹੜਾ ਚਾਹ ਦੇ ਮੱਘ ਵਿਚ ਬਿਸਕੁਟਾਂ ਦਾ ਪੂਰਾ ਡੱਬਾ ਘੋਲ ਕੇ ਚਮਚੇ ਨਾਲ ਤਿੰਨੋਂ ਟਾਈਮ ਖਾਂਦਾ ਸੀ ਤੇ ਲੰਗਰ ਵਿਚ ਉਹਦੇ ਲਈ ਭੇਡੂ ਦਾ ਸਾਬਤਾ ਲੈਗ-ਪੀਸ ਅਲੱਗ ਬਣਦਾ ਸੀ।
ਮੈਂ ਵਾਪਸ ਆਇਆ ਤਾਂ ਹੋਰ ਹੀ ਰੱਟਾ ਪਿਆ ਹੋਇਆ ਸੀ। ਮਾਮੀ ਗਰਮ ਪਾਣੀ ਅਤੇ ਰੇਹੀ (ਸ਼ੋਰੇ ਵਾਲੀ ਮਿੱਟੀ) ਵਿਚ ਉਹੀ ਨਵੀਂ ਦਰੀ ਅਤੇ ਚਾਦਰ ਡਬੋਈ ਬੈਠੀ ਸੀ ਜਿਸ ਉਤੇ ਡਾਕੀਆ ਬੈਠਾ ਸੀ। ਗੱਲਾਂ-ਗੱਲਾਂ ਵਿਚ ਹੀ ਮਾਮੇ ਨੇ ਡਾਕੀਏ ਨੂੰ ਪੁੱਛ ਲਿਆ ਸੀ, ਕਿ ‘ਕੌਣ ਹੁੰਦੇ ਹੋ?’ ਰੱਬ ਦੇ ਉਸ ਬੰਦੇ ਨੇ ਵੀ ਸੱਚ ਦੱਸ ਦਿੱਤਾ ਤਾਂ ਮਾਮਾ ਦੁਖੀ ਅਤੇ ਪਰੇਸ਼ਾਨ ਹੋ ਗਿਆ ਕਿ ਨੀਵੀਂ ਜਾਤ ਦੇ ਡਾਕੀਏ ਨੇ ਉਸ ਦਾ ਮੰਜਾ ਬਿਸਤਰਾ ਭਿੱਟ ਦਿੱਤੇ ਸਨ। ਇਹ ਭਿੱਟ ਹੁਣ ਉਹ ਕੱਪੜੇ ਧੁਆ ਕੇ ਅਤੇ ਗੰਗਾ ਜਲ ਛਿੜਕ ਕੇ ਦੂਰ ਕਰ ਰਿਹਾ ਸੀ। ਮੈਥੋਂ ਕਿਹਾ ਗਿਆ ਕਿ ‘ਮਾਮਾ ਤੂੰ ਭਿੱਟੀ ਚਾਦਰ ਨੂੰ ਵੀ ਤਾਂ ਹੱਥ ਲਾਇਆ ਏ, ਫਿਰ ਤੂੰ ਵੀ ਭਿੱਟਿਆ ਗਿਆ। ਹੁਣ ਮਾਮੀ ਦੀ ਮੋਗਰੀ ਹੇਠ ਹੋ ਜਾ ਤੇ ਗੰਗਾ ਜਲ ‘ਚ ਨਹਾ ਲੈ।’ ਉਸ ਨੇ ਸਟਿੱਕ ਚੁੱਕੀ ਤੇ ਸਾਰਾ ਗੁੱਸਾ ਮੇਰੇ ‘ਤੇ ਹੀ ਲਾਹ ਦਿੱਤਾ।
ਕੁਝ ਦਿਨਾਂ ਮਗਰੋਂ ਜਸਵੰਤ ਦੇ ਘਰ ਆਉਣ ਦੀ ਚਿੱਠੀ ਵੀ ਆ ਗਈ। ਅਸੀਂ ਘਰ ਦੇ ਜੀਅ ਅਤੇ ਦੋਸਤ-ਮਿੱਤਰ ਉਸ ਨੂੰ ਲੈਣ ਸਵੇਰੇ ਹੀ ਮੋਰਿੰਡੇ ਦੇ ਰੇਲਵੇ ਸਟੇਸ਼ਨ ‘ਤੇ ਪਹੁੰਚ ਗਏ। ਗੱਡੀ ਆਈ, ਉਹ ਦੂਰੋਂ ਹੀ ਹੱਥ ਹਿਲਾਉਂਦਾ ਆ ਰਿਹਾ ਸੀ। ਉਹ ਗੱਡੀ ਤੋਂ ਉਤਰਿਆ। ਸਭ ਨੇ ਉਹ ਦੇ ਗਲ਼ੇ ਵਿਚ ਗੇਂਦੇ ਦੇ ਫੁੱਲਾਂ ਦੇ ਹਾਰ ਪਾਏ। ਉਹ ਪੂਰੀ ਵਰਦੀ ਵਿਚ ਸੀ। ਉਸ ਦੀ ਬਾਂਹ ਉਤੇ ਦੋ ਫੀਤੀਆਂ ਲੱਗੀਆਂ ਹੋਈਆਂ ਸਨ। ਉਸ ਨੇ ਟੋਪੀ ਲਾਹ ਕੇ ਬੇਬੇ, ਨਾਨੀ, ਮਾਮੇ ਅਤੇ ਮਾਮੀ ਦੇ ਪੈਰਾਂ ‘ਚ ਮੱਥਾ ਟੇਕਿਆ। ਬੇਬੇ ਉਸ ਨੂੰ ਲਿਪਟ ਕੇ ਰੋਣ ਲੱਗ ਪਈ। ਮੈਨੂੰ ਉਹ ਦਿਨ ਯਾਦ ਆਏ ਜਦੋਂ ਉਹ ਭਰਤੀ ਹੋਣ ਤੋਂ ਪਹਿਲਾਂ, ਮੋਟੇ ਖੱਦਰ ਦਾ ਕਮੀਜ਼-ਪਜਾਮਾ ਪਾਈ, ਨੰਗੇ ਪੈਰੀਂ ਬਰੋਟੇ ਹੇਠ ਬੈਠਾ ਰਹਿੰਦਾ ਸੀ। ਪੜ੍ਹਾਈ ਉਹਨੇ ਛੱਡ ਦਿੱਤੀ ਸੀ। ਘਰ ਵਾਲਿਆਂ ਨੂੰ ਇਹੋ ਚਿੰਤਾ ਵੱਢ-ਵੱਢ ਖਾ ਰਹੀ ਸੀ ਕਿ ਇਸ ਮੁੰਡੇ ਦਾ ਕੀ ਬਣੇਗਾ ਜਿਹੜਾ ਨਾ ਕਿਧਰੇ ਦਿਹਾੜੀ ਜਾਣ ਲਈ ਮੰਨਦਾ ਸੀ, ਨਾ ਹੀ ਡੰਗਰ ਚਾਰਨ ਲਈ ਜਾਂ ਫਸਲਾਂ ਦਾ ਰਾਖਾ ਬਣਨ ਲਈ। ਮਗਰੋਂ ਉਹ 1998 ਵਿਚ 38 ਸਾਲ ਦੀ ਨੌਕਰੀ ਕਰ ਕੇ ਅਤੇ ਆਨਰੇਰੀ ਕੈਪਟਨ ਰਿਟਾਇਰ ਹੋ ਕੇ ਘਰ ਆਇਆ।

Be the first to comment

Leave a Reply

Your email address will not be published.