ਸਰਬਜੀਤ ਧਾਲੀਵਾਲ
ਸਮਾਗਮ ਅਲਗ ਅਲਗ ਦਿਨ ਤੇ ਅਲਗ ਥਾਵਾਂ ‘ਤੇ ਹੋਏ ਪਰ ਹਾਲ ਦੋਨਾਂ ਥਾਵਾਂ `ਤੇ ਹੀ ਪੂਰੀ ਤਰ੍ਹਾਂ ਭਰੇ ਹੋਏ ਸੀ। ਪ੍ਰੈਸ ਕਲੱਬ ਦੇ ਹਾਲ ਵਿਚ ਪੰਜਾਬੀ ਜਗਤ ਦੇ ਜਾਣੇ-ਪਛਾਣੇ ਨਾਮੀ ਚਿਹਰੇ ਹਾਜ਼ਰ ਸਨ। ਸਟੇਜ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਵੀਰ ਸਿੰਘ, ਸਾਬਕਾ ਡੀ.ਜੀ.ਪੀ. ਐਮ.ਪੀ. ਐਸ ਔਲਖ, ਪੱਤਰਕਾਰ ਤੇ ਇਤਹਿਾਸਕਾਰ ਜਗਤਾਰ ਸਿੰਘ, ਰੁਪਿੰਦਰ ਸਿੰਘ ਤੇ ਕੁਝ ਹੋਰ ਸੱਜਣ ਸਜੇ ਹੋਏ ਸੀ। ਮਾਈਕ ਦੇ ਨਜ਼ਦੀਕ ਵਾਲੀ ਕੁਰਸੀ `ਤੇ ਗੁਰਦਰਸ਼ਨ ਸਿੰਘ ਬਾਹੀਆ ਬੈਠੇ ਸੀ, ਕਿਉਂਕਿ ਉਨ੍ਹਾਂ ਸਿਰ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸੀ।
ਦੂਸਰਾ ਹਾਲ ਸ੍ਰੀ ਕੇਂਦਰੀ ਸਿੰਘ ਸਭਾ ਦਾ ਸੀ। ਇਥੇ ਵੀ ਬਹੁਤ ਵੱਡੇ ਚਿੰਤਕ ਤੇ ਵਿਦਵਾਨ ਸੱਜਣ ਪਹੁੰਚੇ ਹੋਏ ਸੀ। ਇਨ੍ਹਾਂ `ਚ ਅਜਮੇਰ ਸਿੰਘ, ਕਰਮਜੀਤ ਸਿੰਘ, ਡਾ. ਪਿਆਰੇ ਲਾਲ ਗਰਗ, ਗੁਰਤੇਜ ਸਿੰਘ (ੀੳS), ਖੁਸ਼ਹਾਲ ਸਿੰਘ, ਮਾਲਵਿੰਦਰ ਸਿੰਘ ਮਾਲੀ, ਗਿਆਨੀ ਕੇਵਲ ਸਿੰਘ, ਦਿਲਮੇਘ ਸਿੰਘ, ਕਰਨੈਲ ਸਿੰਘ ਪਿੰਜੌਲੀ ਤੇ ਹੋਰ ਕਈ ਸੱਜਣ ਸ਼ਾਮਿਲ ਸਨ।
ਪਹਿਲੀ ਵਾਰ ਦੇਖਿਆ ਕਿ ਕਿਤਾਬਾਂ ਦੀ ਘੁੰਡ ਚੁਕਾਈ `ਤੇ ਏਨੇ ਲੋਕ ਪਹੁੰਚੇ ਹੋਣ। ਯਕੀਨਨ ਇਹ ਪੰਜਾਬ ਤੇ ਪੰਜਾਬੀ ਲਈ ਸ਼ੁਭ ਸ਼ਗਨ ਹੈ। ਪ੍ਰੈਸ ਕਲੱਬ ‘ਚ ਜਿਸ ਕਿਤਾਬ ਦੀ ਘੁੰਡ ਚੁਕਾਈ ਹੋਈ ਉਹ ਪੰਜਾਬ ਬਾਰੇ ਹੈ, ਇਸ ਦੇ ਇਤਿਹਾਸ ਨਾਲ ਸੰਬੰਧਿਤ ਹੈ। ਅਸਲ ਵਿਚ ਇਸ ਕਿਤਾਬ ਦੀ ਅਹਿਮੀਅਤ ਏਨੀ ਵਸੀਹ ਹੈ ਕਿ ਇਥੇ ਅਹਿਮ ਲੋਕਾਂ ਦਾ ਹਾਜ਼ਰ ਹੋਣਾ ਬਣਦਾ ਹੀ ਸੀ। ਸਭ ਤੋਂ ਵੱਡਾ ਪੰਜਾਬ ਦਾ ਦੁਖਾਂਤ ਹੀ ਇਹ ਹੈ ਕਿ ਇਸ ਧਰਤੀ `ਤੇ ਇਤਿਹਾਸ ਲਿਖਣ ਨੂੰ ਬਹੁਤ ਘੱਟ ਤਰਜੀਹ ਦਿਤੀ ਗਈ ਹੈ। ਗੁਰੂ ਕਾਲ ਤੋਂ ਪਹਿਲਾਂ, ਗੁਰੂ ਸਾਹਿਬਾਨ ਦੇ ਸਮੇਂ ਤੇ ਬਾਅਦ ਵਿਚ ਪੰਜਾਬ ‘ਚ ਏਨਾ ਕੁਝ ਵਾਪਰਿਆ ਹੈ ਕਿ ਇਸ ਸੰਬੰਧ ਵਿਚ ਇਤਿਹਾਸ ਦੇ ਗਰੰਥ ਲਿਖੇ ਜਾ ਸਕਦੇ ਸਨ। ਪਰ ਅਜਿਹਾ ਨਹੀਂ ਹੋਇਆ। ਜਿੰਨਾ ਕੁ ਹੋਇਆ ਉਸ ਨਾਲ ਗੱਲ ਨਹੀਂ ਬਣਦੀ। ਗੁਰੂ ਕਾਲ ਤੋਂ ਪਹਿਲਾਂ ਤੇ ਉਨ੍ਹਾਂ ਦੇ ਸਮੇਂ ਦੇ ਇਤਹਾਸ ਨੂੰ ਜਾਨਣ ਲਈ ਸਾਖੀਆਂ ਤੇ ਹੋਰ ਅਜਿਹੇ ਸਰੋਤਾਂ `ਤੇ ਨਿਰਭਰ ਕਰਨਾ ਪੈਂਦਾ ਹੈ। ਆਜ਼ਾਦੀ ਦੀ ਤਹਿਰੀਕ, ਉਸ ਨਾਲ ਸੰਬੰਧਿਤ ਵਿਸ਼ੇਸ਼ ਘਟਨਾਵਾਂ, ਦੇਸ਼ ਦੀ ਵੰਡ ਨਾਲ ਸੰਬੰਧਿਤ ਕਾਫ਼ੀ ਠੋਸ ਸਮੱਗਰੀ ਹੁਣ ਕਿਤਾਬਾਂ ਦੇ ਰੂਪ ਵਿਚ ਆ ਗਈ ਹੈ। ਇਨ੍ਹਾਂ ਕਿਤਾਬਾਂ ਵਿਚ ਪੰਜਾਬ ਬਾਰੇ ਕਾਫੀ ਕੁਝ ਮਿਲਦਾ ਹੈ। ਪਰ ਆਜ਼ਾਦੀ ਤੋਂ ਬਾਅਦ ਖ਼ਾਸ ਕਰਕੇ 1950 ਤੋਂ ਬਾਅਦ ਦੇ ਪੰਜਾਬ ਬਾਰੇ ਬਹੁਤ ਘੱਟ ਕੰਮ ਹੋਇਆ ਹੈ। ਹੁਣ ਹੋਣ ਲੱਗਿਆ ਹੈ, ਇਹ ਸਵਾਗਤ ਯੋਗ ਵਰਤਾਰਾ ਹੈ।
ਪਿਛਲੇ 75 ਸਾਲਾਂ `ਤੇ ਜੇਕਰ ਨਜ਼ਰ ਮਾਰੀਏ ਤਾਂ ਇਸ ਵਿਚ ਕਈ ਸ਼ਖ਼ਸੀਅਤਾਂ ਦੀ ਬਹੁਤ ਅਹਿਮ ਭੂਮਿਕਾ ਰਹੀ ਹੈ, ਪਰ ਇਨ੍ਹਾਂ ਨੇ ਆਪਣੀਆਂ ਸਵੈ-ਜੀਵਨੀਆਂ ਨਹੀਂ ਲਿਖੀਆਂ ਤੇ ਨਾ ਹੀ ਜੀਵਨੀਆਂ ਲਿਖਵਾਈਆਂ ਹਨ। ਇਸ ਕਰਕੇ ਇਤਿਹਾਸ ਲਿਖਣ ਵਾਲਿਆਂ ਨੂੰ ਸੈਕੰਡਰੀ ਸਰੋਤਾਂ ‘ਤੇ ਨਿਰਭਰ ਕਰਨਾ ਪੈਂਦਾ ਹੈ। ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਲੰਬਾ ਸਮਾਂ ਮੁਖ ਮੰਤਰੀ ਰਹੇ। ਉਨ੍ਹਾਂ ਦੇ ਸਮੇਂ ਪੰਜਾਬ ‘ਚ ਬੜੀ ਉਥਲ-ਪੁਥਲ ਹੋਈ। ਪੰਜਾਬੀ ਸੂਬੇ ਦੇ ਸੰਬੰਧ ਵਿਚ ਜ਼ਿਆਦਾ ਕੁਝ ਉਨ੍ਹਾਂ ਸਮੇਂ ਵਾਪਰਿਆ। ਉਹ ਦਿੱਲੀ ਤੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਖਾਸਿਮ-ਖਾਸ ਸਨ। ਪਰਦੇ ਪਿੱਛੇ ਕੀ ਵਾਪਰਦਾ ਸੀ। ਕਿਉਂ ਨਹਿਰੂ ਨੇ ਪੰਜਾਬੀ ਸੂਬੇ ਦੇ ਰਾਹ ਵਿਚ ਅੜਿੱਕੇ ਖੜ੍ਹੇ ਕੀਤੇ। ਦਿੱਲੀ ਕਿਉਂ ਇੰਨਾ ਚਿਰ ਅੜੀ ਰਹੀ, ਇਸ ਬਾਰੇ ਸਭ ਤੋਂ ਵੱਧ ਕੈਰੋਂ ਨੂੰ ਹੀ ਪਤਾ ਸੀ। ਪਰ ਉਸਨੇ ਕੁਝ ਨਹੀਂ ਲਿਖਿਆ ਤੇ ਨਾ ਹੀ ਲਿਖਵਾਇਆ। ਉਸ ਕੋਲ ਸਮਾਂ ਤੇ ਸਾਧਨ ਸਨ। ਉਹ ਇਸ ਦੁਨੀਆਂ ਤੋਂ ਅਚਾਨਕ ਚਲਿਆ ਗਿਆ। ਉਹ ਬਹੁਤ ਕੁਝ ਆਪਣੇ ਨਾਲ ਹੀ ਲੈ ਗਿਆ।
1960 ਤੋਂ ਸ਼ੁਰੂ ਕਰਕੇ ਪਿਛਲੇ ਕੁਝ ਸਾਲਾਂ ਤਕ ਪੰਜਾਬ ਦੀ ਸਿਆਸਤ ਵਿਚ ਪ੍ਰਕਾਸ਼ ਸਿੰਘ ਬਾਦਲ, ਸੁਰਜੀਤ ਸਿੰਘ ਬਰਨਾਲਾ, ਗੁਰਚਰਨ ਸਿੰਘ ਟੌਹੜਾ ਦੀ ਮੁਖ ਭੂਮਿਕਾ ਹੈ। ਉਨ੍ਹਾਂ ਦੇ ਸਮੇਂ ਪੰਜਾਬ ਵਿਚ ਬਹੁਤ ਕੁਝ ਵਾਪਰਿਆ ਪਰ ਇਹ ਤਿੰਨੇ ਆਗੂ ਪੰਜਾਬ ਦੇ ਇਸ ਕਾਲ ਦੇ ਬਹੁਤ ਵੱਡੇ ਭੇਦ ਆਪਣੇ ਨਾਲ ਹੀ ਲੈ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਨੇ। ਇਨ੍ਹਾਂ ਕੋਲ ਦੱਸਣ ਨੂੰ ਬਹੁਤ ਕੁਝ ਸੀ। ਪਰ ਉਹ ਬਹੁਤ ਕੁਝ ਅਣਦੱਸਿਆ ਤੇ ਅਣਕਿਹਾ ਛੱਡ ਗਏ। ਬਾਦਲ ਸਾਹਿਬ ਤਾਂ ਛੇਤੀ-ਛੇਤੀ ਗੱਲ ਦੱਸਦੇ ਹੀ ਨਹੀਂ ਸੀ। ਉਨ੍ਹਾਂ ਦਾ ਕਿਤਾਬਾਂ ਨਾਲ ਬਹੁਤ ਦੂਰ ਦਾ ਰਿਸ਼ਤਾ ਰਿਹਾ ਹੈ। ਕਹਿ ਲਵੋ ਕਿ ਸਿਰਫ ਵਰਕੇ ਉਲਟਾਉਣ ਤਕ ਦਾ। ਬਾਦਲ ਸਾਹਿਬ ਨੂੰ ਕੁਰਦੇਨ ਦੀ ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਪਰ ਸਫਲਤਾ ਹਾਸਿਲ ਨਹੀਂ ਹੋਈ। ਬਰਨਾਲਾ ਸਾਹਿਬ ਬੜੇ ਪੜ੍ਹੇ-ਲਿਖੇ ਸਨ। ਉਸ ਸਮੇਂ ਮੁਖ ਮੰਤਰੀ ਬਣੇ ਸਨ, ਜਦੋਂ ਪੰਜਾਬ ਤੱਤੇ ਤੇਲ ਦੇ ਕੜਾਹੇ ਵਾਂਗ ਉਬਲ ਰਿਹਾ ਸੀ। ਪੰਜਾਬ ‘ਚ ਅਨੰਦਪੁਰ ਸਾਹਿਬ ਦੇ ਮਤੇ ਅਤੇ ਧਰਮ ਯੁੱਧ ਮੋਰਚੇ ਦੇ ਸੰਬੰਧ ਵਿਚ ਕੇਂਦਰ ਨਾਲ ਹੋਈਆਂ ਬਹੁਤ ਸਾਰੀਆਂ ਮੀਟਿੰਗਾਂ ਵਿਚ ਉਹ ਸ਼ਾਮਿਲ ਹੁੰਦੇ ਸੀ ਪਰ ਉਨ੍ਹਾਂ ਨੇ ‘ਸੱਚੋ-ਸੱਚ’ ਦੱਸਣ ਦਾ ਕੋਈ ਉਪਰਾਲਾ ਨਹੀਂ ਕੀਤਾ। ਟੌਹੜਾ ਸਾਹਿਬ ਨੇ ਕੋਸ਼ਿਸ਼ ਕੀਤੀ ਸੀ ਪਰ ਉਹ ਅਧੂਰੀ ਰਹਿ ਗਈ ਹੈ।
ਇਤਿਹਾਸ ਦੇ ਅਣ-ਲਿਖੇ ਵਰਕੇ ਲਿਖਣ ਅਤੇ ਇਸ ਨਾਲ ਸੰਬੰਧਿਤ ਦਸਤਾਵੇਜ ਸਾਂਭਣ ਦਾ ਯਤਨ ਸ਼ੁਰੂ ਹੋਇਆ ਹੈ। ਇਸ ਸੰਬੰਧ ਵਿਚ ਜਗਤਾਰ ਸਿੰਘ ਨੇ ਬਹੁਤ ਨਿੱਘਰ ਕੰਮ ਕੀਤਾ ਹੈ। ਪੇਸ਼ੇ ਵਜੋਂ ਉਹ ਪੱਤਰਕਾਰ ਹੈ ਤੇ ਲੰਬਾ ਸਮਾਂ ਅੰਗਰੇਜ਼ੀ ਅਖਬਾਰ The Indian Express’ ‘ਚ ਕੰਮ ਕੀਤਾ ਹੈ। ਉਹ ਅਖਬਾਰਾਂ ਵਿਚ ਲੇਖ ਵੀ ਲਿਖਦਾ ਹੈ ਪਰ ਕਿਤੇ-ਕਿਤੇ। ਉਸਨੇ ਜ਼ਿਆਦਾ ਬਿਰਤੀ ਸਮਕਾਲੀ ਇਤਿਹਾਸ ਨੂੰ ਲਿਖਣ ‘ਚ ਹੀ ਲਾਈ ਹੋਈ ਹੈ. Indian Express’ ਵਿਚ ਉਹ ਅੰਮ੍ਰਿਤਸਰ ਵਿਖੇ ਉਸ ਸਮੇਂ ਪੱਤਰਕਾਰ ਸੀ ਜਦੋਂ ਦੁਨੀਆਂ ਭਰ ਦੇ ਪੱਤਰਕਾਰਾਂ ਲਈ ਸਿਖਾਂ ਦਾ ਇਹ ਸ਼ਿਰੋਮਣੀ ਸਥਾਨ ਖਿੱਚ ਦਾ ਕੇਂਦਰ ਬਣਿਆ ਹੋਇਆ ਸੀ। ਅੰਮ੍ਰਿਤਸਰ ਤੋਂ ਨਿੱਕਲੀ ਰਾਜਨੀਤਕ ਆਵਾਜ਼ ਦੀ ਧਮਕ ਦਿੱਲੀ ਤੇ ਉਸ ਤੋਂ ਅਗੇ ਤਕ ਪੈਂਦੀ ਸੀ। ਇਸ ਲਈ ਜਗਤਾਰ ਸਿੰਘ ਨੇ ਬਹੁਤ ਕੁਝ ਆਪਣੇ ਅੱਖੀਂ ਵਾਪਰਦੇ ਵੇਖਿਆ ਹੈ। ਉਹ ਪੰਜਾਬ ਦੀ 70ਵਿਆਂ ਤੋਂ ਬਾਅਦ ਦੀ ਰਾਜਨੀਤੀ ਦੇ ਅਹਿਮ ਖਿਡਾਰੀਆਂ ਨੂੰ ਮਿਲਦਾ ਰਿਹਾ ਹੈ। ਉਨ੍ਹਾਂ ਨਾਲ ਲੰਬੇ ਵਾਰਤਾਲਾਪ ਖਬਰਾਂ ਦੇ ਸੰਬੰਧ ਵਿਚ ਕਰਦਾ ਰਿਹਾ ਹੈ। ਉਸ ਦੀ ਸਭ ਤੋਂ ਵਧੀਆ ਆਦਤ ਦਸਤਾਵੇਜਾਂ ਨੂੰ ਸਾਂਭ ਕੇ ਰੱਖਣ ਦੀ ਹੈ। ਇਹ ਆਦਤ ਉਸ ਲਈ ਹੁਣ ਵਰਦਾਨ ਸਾਬਿਤ ਹੋ ਰਹੀ ਹੈ। ਪਿਛਲੇ ਕੁਝ ਸਾਲਾਂ `ਚ ਉਹ ਪੰਜਾਬ ਨੂੰ ਕਈ ਅਹਿਮ ਕਿਤਾਬਾਂ ਦੇ ਚੁੱਕਿਆ ਹੈ। ਇਨ੍ਹਾਂ `ਚ Khalistan struggle: A Non-movement’ ਤੇ Punjab Rivers on Fire ਜ਼ਿਕਰ ਯੋਗ ਹਨ।
ਜਿਸ ਕਿਤਾਬ ਕਰਕੇ ਹਾਲ ਭਰਿਆ ਸੀ ਉਸ ਦਾ ਟਾਈਟਲ ਹੈ: Sikh Struggle Documents 1920-2022’ ਇਹ ਜਗਤਾਰ ਸਿੰਘ ਦੀ ਬਹੁਤ ਮਿਹਨਤ ਨਾਲ ਲਿਖੀ ਕਿਤਾਬ ਹੈ। ਇਸ ਵਿਚ ਪੰਜਾਬ ਨਾਲ, ਸਿੱਖ ਧਾਰਮਿਕ ਮਾਮਲਿਆਂ, ਸਿੱਖ ਸਿਆਸਤ, ਅਕਾਲੀ ਆਗੂਆਂ ਨਾਲ, ਪੰਥਕ ਮਸਲਿਆਂ ਨਾਲ ਜੁੜੇ ਬਹੁਤ ਹੀ ਅਹਿਮ ਦਸਤਾਵੇਜ ਸ਼ਾਮਿਲ ਕੀਤੇ ਗਏ ਹਨ। ਸੌ ਸਾਲ ਤੋਂ ਵੱਧ ਸਮੇਂ ਦੇ ਅਹਿਮ ਦਸਤਾਵੇਜਾਂ ਨੂੰ ਕਿਤਾਬ ਦਾ ਰੂਪ ਦੇਣਾ ਜਗਤਾਰ ਸਿੰਘ ਲਈ ਬਹੁਤ ਵੱਡੀ ਚੁਣੌਤੀ ਸੀ। ਇਸ ਤੋਂ ਵੀ ਵੱਡੀ ਗੱਲ ਸੀ ਕਿ ਇਹ ਦਸਤਾਵੇਜ ਪੰਜਾਬੀ ‘ਚ ਸਨ। ਇਨ੍ਹਾਂ ਨੂੰ English ਵਿਚ ਟਰਾਂਸਲੇਟ ਕਰਕੇ ਜਗਤਾਰ ਸਿੰਘ ਨੇ ਕਿਤਾਬ ਤਿਆਰ ਕੀਤੀ ਹੈ। ਪੰਜਾਬੀ ‘ਚ ਵੀ ਜਲਦੀ ਇਹ ਕਿਤਾਬ ਆ ਰਹੀ ਹੈ।
ਇਹ ਕਿਤਾਬ ਕਿੰਨੀਆਂ ਹੋਰ ਕਿਤਾਬਾਂ ਲਿਖਣ ‘ਚ ਸਹਾਈ ਹੋਵੇਗੀ ਤੇ ਇਤਿਹਾਸਕਾਰਾਂ ਲਈ ਮੂਲ ਸਰੋਤ ਬਣੇਗੀ, ਇਸ ਦਾ ਅੰਦਾਜ਼ਾ ਲਾਉਣਾ ਅਜੇ ਮੁਸ਼ਕਲ ਹੈ, ਪਰ ਇਹ ਦਾਅਵੇ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਕਿਤਾਬ ‘ਚ ਕਈ ਅਜਿਹੇ ਮਹੱਤਵਪੂਰਨ ਦਸਤਾਵੇਜ ਸ਼ਾਮਿਲ ਹਨ, ਜਿਨ੍ਹਾਂ ਨੂੰ ਧੁਰਾ ਬਣਾ ਕੇ ਕਈ ਕਿਤਾਬਾਂ ਲਿਖੀਆਂ ਜਾਣਗੀਆਂ। ਦੂਸਰੀ ਵੱਡੀ ਗੱਲ ਇਹ ਹੈ ਕਿ ਕਿਤਾਬਾਂ ਲਿਖਣ ਵਾਲੇ ਇਤਿਹਾਸ ਨਾਲ ਖਿਲਵਾੜ ਵੀ ਨਹੀਂ ਕਰ ਸਕਣਗੇ ਕਿਉਂਕਿ ਦਸਤਾਵੇਜ ਉਨ੍ਹਾਂ ਦੇ ਅਜਿਹੇ ਵਰਤਾਰੇ ਨੂੰ ਝੁਠਲਾਉਣ ਲਈ ਮੌਕੇ ਦੇ ਗਵਾਹ ਵਰਗਾ ਰੋਲ ਨਿਭਾਉਣਗੇ। ਕਿਤਾਬ ਦੇ ਪਹਿਲੇ ਭਾਗ ਵਿਚ ਪੰਜਾਬ ਦੇ ਇਤਿਹਾਸ ਬਾਰੇ, ਬ੍ਰਿਟਿਸ਼ ਰਾਜ ਬਾਰੇ, 1947 ਤੋਂ ਪਹਿਲਾਂ ਸਿੱਖ ਆਗੂਆਂ ਵੱਲੋਂ ਅੰਗਰੇਜ਼ਾਂ ਤੇ ਨਹਿਰੂ-ਗਾਂਧੀ ਨਾਲ ਕੀਤੀਆਂ ਮੀਟਿੰਗਾਂ ਬਾਰੇ ਕਾਫੀ ਵਿਸਥਾਰ ਨਾਲ ਜ਼ਿਕਰ ਹੈ। ਕਿਤਾਬ ਦੇ ਦੂਜੇ ਭਾਗ ਵਿਚ ਦਸਤਾਵੇਜ ਹਨ। ਦਸਤਾਵੇਜਾਂ ਦਾ ਅੰਗਰੇਜ਼ੀ ‘ਚ ਉਲਥਾ ਬਹੁਤ ਹੀ ਵਧੀਆ ਹੈ। ਪੜ੍ਹ ਕੇ ਮਹਿਸੂਸ ਨਹੀਂ ਹੁੰਦਾ ਕਿ ਇਹ ਪੰਜਾਬੀ ਤੋਂ ਅੰਗਰੇਜ਼ੀ ਉਲਥਾ ਕੀਤਾ ਗਿਆ ਹੈ। ਦਸਤਾਵੇਜ ਮੂਲ ਰੂਪ ‘ਚ ਹੀ ਅੰਗਰੇਜ਼ੀ `ਚ ਹੋਣ ਦਾ ਹੀ ਭੁਲੇਖਾ ਪਾਉਂਦੇ ਨੇ। ਜਗਤਾਰ ਦੀ ਸਿੱਖ ਰਾਜਨੀਤੀ, ਸਿੱਖ ਮੁਹਾਵਰੇ ਅਤੇ ਧਾਰਮਿਕ ਸ਼ੈਲੀ `ਤੇ ਗਹਿਰੀ ਪਕੜ ਹੈ। ਇਸਦਾ ਸਪਸ਼ਟ ਪ੍ਰਗਟਾ ਉਸ ਦੀਆਂ ਹੁਣ ਤਕ ਲਿਖੀਆਂ ਕਿਤਾਬਾਂ ਤੋਂ ਹੁੰਦਾ ਹੈ।
ਕੁਝ ਦਸਤਾਵੇਜਾਂ ਦਾ ਇਥੇ ਜ਼ਿਕਰ ਕਰਨਾ ਬਣਦਾ ਹੈ। ਮਾਰਚ 31, 1979 ਨੇ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਗੁਰਚਰਨ ਸਿੱਖ ਟੌਹੜਾ ਦੀ ਪ੍ਰਧਾਨਗੀ ਹੇਠ ਅਹਿਮ ਪੰਜ ਪੁਆਇੰਟ ਪ੍ਰੋਗਰਾਮ ਪਾਸ ਕੀਤਾ। ਇਨ੍ਹਾਂ ਪੰਜਾਬ ਪੁਆਇੰਟਾਂ ਵਿਚautonomy ਦਾ ਪੁਆਇੰਟ ਵੀ ਸ਼ਾਮਿਲ ਹੈ। ਦੂਸਰਾ ਦਸਤਾਵੇਜ਼ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ 1983 ਵਿਚ ਸਾਰੇ ਪਾਰਲੀਮੈਂਟ ਦੇ ਮੈਂਬਰਾਂ ਨੂੰ ਲਿਖਿਆ ਪੱਤਰ ਹੈ। 1983 ‘ਚ ਧਰਮ ਯੁੱਧ ਮੋਰਚਾ ਸਿਖਰ `ਤੇ ਸੀ। ਸਾਰੇ ਦੇਸ਼ ਦਾ ਧਿਆਨ ਇਸ `ਤੇ ਕੇਂਦਰਤ ਸੀ। ਸੰਤ ਹਰਚੰਦ ਸਿੰਘ ਮੋਰਚਾ ਡਿਕਟੇਟਰ ਸਨ। ਇਸ ਪੱਤਰ ਵਿਚ ਆਜ਼ਾਦੀ ਤੋਂ ਪਹਿਲਾਂ ਸਿਖਾਂ ਨਾਲ ਨਹਿਰੂ ਤੇ ਗਾਂਧੀ ਵਲੋਂ ਕੀਤੇ ਲਿਖਤੀ ਤੇ ਜ਼ਬਾਨੀ ਵਾਅਦਿਆਂ ਦਾ ਜ਼ਿਕਰ ਹੈ। ਮਾਰਚ 19, 1931 ਦੇYoung India ਵਿਚ ਗਾਂਧੀ ਨੇ ਕੀ ਲਿਖਿਆ। ਕਲਕੱਤੇ ‘ਚ ਕੀਤੀ ਪ੍ਰੈਸ ਕਾਨਫਰੰਸ ਵਿਚ ਨਹਿਰੂ ਨੇ 6 ਜੁਲਾਈ 1946 ਨੂੰ ਸਿੱਖਾਂ ਬਾਰੇ ਕੀ ਕਿਹਾ। ਇਹ ਉਸ ਸਮੇਂ ਦੇ ਪ੍ਰਸਿੱਧ ਅਖਬਾਰ The Statesman ਨ ਨੇ ਕੋਲਕਾਤਾ ਤੋਂ 7 ਜੁਲਾਈ 1946 ਨੂੰ ਰਿਪੋਰਟ ਕੀਤਾ ਸੀ। 1929 ਦੇ ਆਪਣੇ ਲਾਹੌਰ ਸੈਸ਼ਨ ਵਿਚ ਕਾਂਗਰਸ ਨੇ ਪਹਿਲੀ ਵਾਰ ਸਿੱਖਾਂ ਨਾਲ ਕੀ ਵਾਅਦਾ ਕੀਤਾ? ਇਹ ਵੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਪੱਤਰ ‘ਚ ਹੈ। ਇਹ ਬਹੁਤ ਹੀ ਅਹਿਮ ਦਸਤਾਵੇਜ ਹੈ। ਸੰਤ ਹਰਚੰਦ ਸਿੰਘ ਨੇ ਪੱਤਰ ‘ਚ ਸਿੱਖ ਕੀ ਚਾਹੁੰਦੇ ਨੇ ਦਾ ਵਿਸਥਾਰ ਵਿਚ ਜ਼ਿਕਰ ਕੀਤਾ ਹੈ। ਇਹ ਉਹ ਸਮਾਂ ਸੀ, ਜਦੋ ਕੇਂਦਰ ਸਰਕਾਰ ਉਸ ਸਮਂੇ ਦੇ ‘ਗੋਦੀ ਮੀਡੀਆ’ ਦੇ ਸਹਾਰੇ ਧਰਮ ਯੁੱਧ ਮੋਰਚੇ, ਅਕਾਲੀ ਆਗੂਆਂ ਅਤੇ ਅਨੰਦਪੁਰ ਸਾਹਿਬ ਦੇ ਮਤੇ ਬਾਰੇ ਬਹੁਤ ਕੁਫ਼ਰ ਤੋਲ ਤੇ ਫੈਲਾ ਰਹੀ ਸੀ।
ਇਸ ਕਿਤਾਬ ਵਿਚ ਅਨੰਦਪੁਰ ਸਾਹਿਬ ਦਾ ਮਤਾ ਤੇ ਅਕਾਲੀ ਆਗੂਆਂ ਵਲੋਂ ਪਾਸ ਕੀਤੇ ‘Self Determination qy Autonomy ਸੰਬੰਧੀ ਮਤੇ ਵੀ ਸ਼ਾਮਿਲ ਨੇ। 1921 ਵਿਚ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਪ੍ਰਿੰਸ ਆਫ ਵੇਲਜ਼ ਦੇ ਬਾਈਕਾਟ ਦਾ ਸੱਦਾ ਕਿਉਂ ਤੇ ਕਿਵੇਂ ਦਿੱਤਾ। ਇਹ ਦਸਤਾਵੇਜ ਇਸ ਵਿਚ ਸ਼ਾਮਿਲ ਹੈ। 1937 ਵਿਚ 10 ਅਕਤੂਬਰ ਨੂੰ ਅਕਾਲੀ ਦਲ ਨੇ ਮਤਾ ਪਾਸ ਕਰਕੇ ਪੰਜਾਬ ਵਿਧਾਨ ਸਭਾ `ਚ ਕਾਂਗਰਸ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਸੀ। ਸਾਲ 1943 ਵਿਚ 27 ਫਰਵਰੀ ਨੂੰ SGPC ਨੇ ਦੇਸ਼ ਅੰਦਰ ਸਿੱਖ ਸਟੇਟ ਸਥਾਪਤ ਕਰਨ ਦਾ ਮਤਾ ਪਾਸ ਕੀਤਾ। ਅਕਾਲੀ ਦਲ ਦਾ ਸੰਵਿਧਾਨ, ਅਕਾਲੀ ਕਾਨਫਰੰਸਾਂ `ਚ ਪਾਸ ਕੀਤੇ ਮਤੇ, ਅਕਾਲੀ ਦਲ ਦੇ ਚੋਣਾਂ ਸਮੇਂ ਲੋਕਾਂ ਨਾਲ ਕੀਤੇ ਵਾਅਦੇ, ਰਾਜੀਵ ਲੌਂਗੋਵਾਲ ਸਮਝੌਤਾ ਤੇ ਬਹੁਤ ਅਹਿਮ ਦਸਤਾਵੇਜ ਇਸ ਕਿਤਾਬ ਦਾ ਹਿੱਸਾ ਹਨ।
ਜਿਹੜੀ ਦੂਸਰੀ ਕਿਤਾਬ ਦਾ ਜ਼ਿਕਰ ਕਰਨਾ ਬਣਦਾ ਹੈ ਉਹ ਹੈ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਕਿਤਾਬ। ਇਸ ਵਿਚ ਕੋਈ ਸੰਦੇਹ ਹੀ ਨਹੀਂ ਕਿ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਪੰਜਾਬ ਰਾਜਨੀਤੀ ਦੀ ਵਿਸ਼ੇਸ਼ ਸ਼ਖ਼ਸੀਅਤ ਰਹੇ ਹਨ। ਉਹ ਕਈ ਦਹਾਕੇ ਪੰਜਾਬ ਦੇ ਪੰਥਕ ਤੇ ਅਕਾਲੀ ਰਾਜਨੀਤੀ ਦੇ ਥੰਮ੍ਹ ਰਹੇ। ਹਾਲੇ ਵੀ ਉਹ ਇਸ ਵਿਚੋਂ ਮਨਫ਼ੀ ਨਹੀਂ ਹੋਏ ਹਾਲਾਂਕਿ ਉਨ੍ਹਾਂ ਨੂੰ ਇਹ ਦੁਨੀਆ ਛੱਡੇ ਨੂੰ ਦੋ ਦਹਾਕੇ ਹੋ ਗਏ ਨੇ। ਇਸ ਕਿਤਾਬ ਦਾ ਨਾਮ ਹੈ: ‘ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸਾਬਤ ਕਦਮੀ, ਨੰਗੇ ਪੈਰੀਂ ਸਿਦਕੀ ਸਫਰ’। ਇਹ ਕਿਤਾਬ ਉਨ੍ਹਾਂ ਦਾ ਲੰਬਾ ਸਮਾਂ ਸਾਥੀ ਰਹੇ ਮਾਲਵਿੰਦਰ ਸਿੰਘ ਮਾਲੀ ਨੇ ਸੰਪਾਦਿਤ ਕੀਤੀ ਹੈ ਤੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਚੰਡੀਗੜ੍ਹ ਨੇ ਛਪਵਾਈ ਹੈ।
ਕਿਤਾਬ ਜਥੇਦਾਰ ਟੌਹੜਾ ਵਲੋਂ ਸੀਨੀਅਰ ਪੱਤਰਕਾਰ ਤੇ ਸਾਹਿਤਕਾਰ ਪਿਆਰਾ ਸਿੰਘ ਭੋਗਲ ਨਾਲ ਉਨ੍ਹਾਂ ਦੀ ਲੰਬੀ ਰਿਕਾਰਡ ਕੀਤੀ ਹੋਈ ਗੱਲ-ਬਾਤ ‘ਤੇ ਅਧਾਰਤ ਹੈ। ਇਸ ਨੂੰ ਛਪਾਉਣ ‘ਚ ਲਗਭਗ ਇਕ ਸਾਲ ਲੱਗ ਗਿਆ। ਗੱਲਬਾਤ ਵੀਡੀਓ ਕੈਸੇਟ ਵਿਚ ਰਿਕਾਰਡ ਕੀਤੀ ਗਈ ਸੀ। ਪਰ ਉਨ੍ਹਾਂ ਦੀ ਕੁਆਲਟੀ ਖ਼ਰਾਬ ਹੋ ਗਈ ਸੀ। ਤਕਨੀਕੀ ਮਾਹਿਰਾਂ ਦੀ ਮਦਦ ਨਾਲ ਪਹਿਲਾਂ ਇਹ ਵੀਡੀਓਜ਼ ਦੀ ਰਿਕਾਰਡਿੰਗ ਕੰਪੈਟ ਡਿਸਕਾਂ (ਸੀ ਡੀਜ਼) `ਤੇ ਉਤਾਰੀ ਤੇ ਫਿਰ ਇਨ੍ਹਾਂ ਨੂੰ ਸੁਣ ਕੇ ਵਾਰਤਾ ‘ਚ ਬਦਲਿਆ। ਕਿਤਾਬ ‘ਚ ਬਹੁਤ ਦਿਲਚਸਪ ਜਾਣਕਾਰੀ ਹੈ। ਮਾਲੀ ਦਾ ਕਹਿਣਾ ਹੈ ‘ਜਥੇਦਾਰ ਦੇ ਜ਼ਿੰਦਗੀਨਾਮੇ ਤੇ ਸਵੈ-ਕਥਨ `ਤੇ ਅਧਾਰਿਤ ਇਹ ਕਿਤਾਬ ‘ਪਾਠਕਾਂ ਤੇ ਜਗਿਆਸੂਆਂ ਦੇ ਬਹੁਤ ਭਰਮ-ਭੁਲੇਖੇ ਦੂਰ ਕਰਦੀ ਹੈ, ਜੋ ਧਰਮ ਅਤੇ ਸਿਆਸਤ ਤੋਂ ਇਲਾਵਾ ਧਾਰਮਿਕ ਅਦਾਰਿਆਂ ਦੇ ਪ੍ਰਬੰਧ ਅਤੇ ਸਿਆਸਤ ਬਾਰੇ ਪਾਏ ਹੋਏ ਨੇ।’ ਉਸਦਾ ਕਹਿਣਾ ਹੈ ਕਿ ਕਿਤਾਬ 1947 ਦੇ ਆਜ਼ਾਦੀ ਅਤੇ ਪੰਜਾਬ ਦੀ ਤਕਸੀਮ ਤੋਂ ਬਾਅਦ ਕੇਂਦਰ ਦੀ ਸਿੱਖ ਪੰਥ, ਅਕਾਲੀ ਦਲ ਅਤੇ ਪੰਜਾਬ ਬਾਰੇ ਪਹੁੰਚ ਅਤੇ ਅਕਾਲੀ ਲੀਡਰਸ਼ਿਪ ਦੇ ਨਿਜ ਅਤੇ ਸਵਾਰਥ ਦੇ ਬਖੀਏ ਉਧੇੜਦੀ ਹੈ।
ਟੌਹੜਾ ਸਾਹਿਬ ਨੇ ਕਿਤਾਬ ਵਿਚ ਪੰਜਾਬ ਅਤੇ ਕੇਂਦਰ ਦੀ ਰਾਜਨੀਤੀ ਤੇ ਕੇਂਦਰੀ ਰਾਜਨੀਤਕ ਆਗੂਆਂ ਬਾਰੇ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਬਾਦਲ, ਸੰਤ ਹਰਚੰਦ ਸਿੰਘ ਲੌਂਗੋਵਾਲ, ਸੰਤ ਜਰਨੈਲ ਸਿੰਘ, ਗਿਆਨੀ ਜ਼ੈਲ ਸਿੰਘ ਬਾਰੇ ਵੀ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ ਹਨ। ਉਨ੍ਹਾਂ ਦੀ ਕਿਸ ਨਾਲ ਕਿਹੋ ਜਿਹੀ ਸਾਂਝ ਰਹੀ, ਇਸ `ਤੇ ਵੀ ਇਹ ਕਿਤਾਬ ਝਾਤ ਪਵਾਉਂਦੀ ਹੈ। ਵੱਡੇ ਸਰਦਾਰਾਂ ਦੀ ਅਕਾਲੀ ਰਾਜਨੀਤੀ ਵਿਚ ਸ਼ਮੂਲੀਅਤ ਬਾਰੇ ਟੌਹੜਾ ਸਾਹਿਬ ਦੇ ਵਿਚਾਰ ਸਖਤ ਹਨ। ਉਨ੍ਹਾਂ ਦਾ ਵਿਚਾਰ ਸੀ ਕਿ ਇਨ੍ਹਾਂ ਸਰਦਾਰਾਂ ਵਿਚੋਂ ਜ਼ਿਆਦਾ ਮੌਕਾ ਪ੍ਰਸਤ ਹੀ ਸਨ। ਪਰ ਬਾਦਲ ਬਾਰੇ ਉਹ ਕਹਿੰਦੇ ਨੇ, ‘ਬਾਦਲ ਇਕ ਧੁਨ `ਤੇ ਹੀ ਚਲਦਾ ਰਿਹਾ। ਦਿੱਲੀ ਇਸਨੂੰ ਖਰੀਦ ਨਹੀਂ ਸਕੀ। ਹੋਰਾਂ ਨੂੰ ਦਿੱਲੀ ਖਰੀਦਦੀ ਰਹੀ।’ ਇਹਦੀ ਵੀ ਹੋ ਸਕਦੀ ਸੀ। ਪਰ ਉਨ੍ਹਾਂ ਦੀ ਖਰੀਦੋ-ਫਰੋਖਤ ਵਿਚ ਬਾਦਲ ਨਹੀਂ ਆਇਆ। ਇਹਨੇ ਪੰਥਕ ਸੋਚ ਨੂੰ ਤਿਲਾਂਜਲੀ ਨਹੀਂ ਦਿੱਤੀ। ਵੱਡੇ ਸਰਦਾਰਾਂ ਵਿਚ ਮੈਂ ਕੇਵਲ ਇਹ ਆਦਮੀ ਦੇਖਿਆ ਐ ਜੋ ਆਪਣੇ ਰਾਜਨੀਤਕ ਜੀਵਨ ਦੇ ਵਿਚ ਇਕ ਰਾਹ `ਤੇ ਚਲਦਾ ਰਿਹਾ, ਨਹੀਂ ਹੋਰ ਸਾਰੇ ਜਦੋਂ ਮੁੱਲ ਪਿਆ ਇਧਰ-ਓਧਰ ਤੁਰ ਜਾਂਦੇ ਰਹੇ।
ਟੌਹੜਾ ਦੀ ਮੁਰਾਰ ਜੀ ਦੇਸਾਈ ਨਾਲ ਪਹਿਲੀ ਮੁਲਾਕਾਤ ਸਮੇਂ ਹੀ ਖੜਕ ਗਈ ਸੀ। 1977 `ਚ ਜਨਤਾ ਪਾਰਟੀ ਚੋਣਾਂ ਜਿੱਤ ਗਈ ਸੀ। ਇਸ ਦੀ ਕੇਂਦਰ `ਚ ਸਰਕਾਰ ਬਣਨੀ ਸੀ।
ਬਾਦਲ ਨੇ ਕਿਹਾ ਕਿ ਮੁਰਾਰ ਜੀ ਨੂੰ ਮਿਲ ਕੇ ਆਈਏ। ਮੈਂ, ਜਗਦੇਵ ਸਿੰਘ ਤਲਵੰਡੀ, ਬਾਦਲ ਤੇ ਕਰਨਲ ਪ੍ਰਤਾਪ ਸਿੰਘ ਗਿੱਲ ਮਿਲਣ ਚਲੇ ਗਏ। ਕੁਝ ਗੱਲਾਂ ਹੋਈਆਂ। ਫਿਰ ਕਰਨਲ ਗਿੱਲ ਨੇ ਗੱਲ ਤੋਰ ਲਈ। ਮੁਰਾਰ ਜੀ ਨੂੰ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਬਣ ਜਾਣੈ ਤੇ ਫਿਰ ਪੰਜਾਬ ਦੀਆਂ ਸਾਰੀਆਂ ਮੰਗਾ ਮੰਨ ਲੈਣੀਆਂ। ਫੌਜ ਵਿਚ ਭਰਤੀ, ਜਿੰਨੀ ਅੰਗਰੇਜ਼ਾਂ ਸਮੇ ਪੰਜਾਬ ‘ਚੋਂ ਹੁੰਦੀ ਸੀ, ਉਹ ਬਹਾਲ ਕਰ ਦੇਣੀ। ਕੁਝ ਹੋਰ ਮੰਗਾਂ ਦਾ ਜ਼ਿਕਰ ਕੀਤਾ। ਮੁਰਾਰ ਜੀ ਭਰਤੀ ਵਾਲੀ ਮੰਗ ਨਾਲ ਸਹਿਮਤ ਨਾ ਹੋਏ। ਇਹ ਸਿਰਫ ਅਬਾਦੀ ਦੇ ਲਿਹਾਜ਼ ਨਾਲ ਹੋਣੀ ਚਾਹੀਦੀ ਹੈ। ਹੋਰ ਰਾਜ ਵੀ ਹਨ, ਪੰਜਾਬ ਇਕੱਲਾ ਤਾਂ ਨਹੀਂ।
ਟੌਹੜਾ ਸਾਹਿਬ ਨੇ ਕਿਹਾ ਕਿ ਫਿਰ ਦਾਣੇ ਵੀ ਅਬਾਦੀ ਦੇ ਹਿਸਾਬ ਨਾਲ ਲੈ ਲਿਆ ਕਰੋ। ਫਿਰ ਮੁਰਾਰ ਜੀ ਚੁੱਪ ਕਰ ਗਿਆ। ਕਰਨਲ ਗਿੱਲ ਕਹਿਣ ਲੱਗਿਆ ਕਿ ‘ਜਿਥੇ ਸਾਡੀ ਗੱਲ ਆਉਂਦੀ ਉਥੇ ਅਬਾਦੀ ਵਿਚ ਲੈ ਆਉਂਦੇ ਹੋ। ਅਸੀਂ ਸਾਰੇ ਦੇਸ਼ ਦਾ ਢਿੱਡ ਭਰਦੇ ਹਾਂ। ਫਿਰ ਗੁਜਰਾਤ ਤੋਂ ਲੈ ਲਿਆ ਕਰੋ ਦਾਣੇ। ਕਾਫੀ ਗਰਮਾ-ਗਰਮੀ ਹੋ ਗਈ ਮੇਰੀ ਤੇ ਮੁਰਾਰ ਜੀ ਦੀ। ਹੋਰ ਕੋਈ ਨਹੀਂ ਬੋਲਿਆ। ਸਾਰੇ ਸੁੰਨ ਬੈਠੇ ਰਹੇ। ਫਿਰ ਟਕਰਾ ਕੇਂਦਰੀ ਵਜ਼ਾਰਤ ਵਿਚ ਮੰਤਰੀ ਬਣਾਉਣ ‘ਤੇ ਹੋਇਆ। ਮੈਂ ਸਾਹਿਬ ਬਸੰਤ ਸਿੰਘ ਖਾਲਸਾ ਨੂੰ ਮੰਤਰੀ ਬਣਾਉਣਾ ਚਾਹੁੰਦਾ ਸਾਂ। ਮੁਰਾਰ ਜੀ ਨੇ ਮੈਨੂੰ ਕਿਹਾ ‘ਜਿਸ ਕੋ ਆਪ ਕਹਿ ਰਹੇ ਹੋ ਉਸਕੋ ਨਹੀਂ ਲੂੰਗਾ। ਧੰਨਾ ਸਿੰਘ ਗੁਲਸ਼ਨ ਕੋ ਮੰਤਰੀ ਲੂੰਗਾ।’ ਫਿਰ ਪਾਣੀਆਂ ਦੇ ਮੁਦੇ `ਤੇ ਕਸ਼ਮਕਸ਼ ਹੋਈ, ਮੁਰਾਰ ਜੀ ਨੇ ਕੋਈ ਹੁੰਗਾਰਾ ਨਾ ਭਰਿਆ ਤੇ ਕਿਹਾ ‘ਅੱਛਾ ਸੋਚੇਂਗੇ’
ਅਗਲਾ ਟਕਰਾਅ ਦਿੱਲੀ ਗੁਰਦਵਾਰਾ ਕਮੇਟੀ ਲਈ ਕੋਤਵਾਲੀ ਮੰਗਣ ‘ਤੇ ਹੋਇਆ। ਦਿੱਲੀ ਕਮੇਟੀ ਨੇ ਮੁਰਾਰ ਜੀ ਤੋਂ ਸਮਾਂ ਲਿਆ ਹੋਇਆ ਸੀ। ਉਹ ਟੌਹੜਾ ਸਾਹਿਬ ਨੂੰ ਵੀ ਨਾਲ ਲੈ ਗਏ। ਜਦੋਂ ਵਫ਼ਦ ਅੰਦਰ ਵੜਿਆ ਤਾਂ ਮੁਰਾਰ ਜੀ ਨੇ ਨਾ ਬੈਠਣ ਨੂੰ ਕਿਹਾ। ਕਹਿਣ ਲੱਗਿਆ ‘ਆਪ ਇਨਕੇ ਸਾਥ ਕੈਸੇ ਆ ਗਏ।’ ਮੈਂ ਕਿਹਾ ਪਹਿਲੇ ਤੋ ਆਪ ਕੋ ਹਮੇਂ ਬੈਠਨੇ ਕੇ ਲੀਏ ਕਹਿਣਾ ਚਾਹੀਏ ਥਾ। ਫਿਰ ਸਵਾਲ ਕਰਤੇ। ਯੇ ਕੋਈ ਨੈਤਿਕਤਾ ਨਹੀਂ ਹੈ। ਕਹਿੰਦਾ ਅੱਛਾ-ਅੱਛਾ ਬੈਠੀਏ। ਬੈਠ ਗਏ ਜੀ। ਬੈਠ ਕੇ ਮੈਂ ਕਿਹਾ ਮੈਂ ਦੱਸਦਾਂ ਬਈ ਕਿਵੇਂ ਆ ਗਏ। ਇਕ ਤਾਂ ਜਿਸ ਕੰਮ ਲਈ ਇਹ ਆਏ ਨੇ, ਉਹ ਕੰਮ ਸਾਰੇ ਸਿੱਖਾਂ ਦਾ ਸਾਂਝਾ ਕੰਮ ਹੈ। ਦੂਜਾ ਇਹ ਦਿੱਲੀ ਗੁਰਦੁਆਰਾ ਕਮੇਟੀ ਦਾ ਡੈਪੁਟੇਸ਼ਨ ਐ। ਮੈਂ ਵੀ ਦਿੱਲੀ ਕਮੇਟੀ ਦਾ ਮੈਂਬਰ ਆਂ। ਅੱਛਾ-ਅੱਛਾ, ਬਾਤ ਕਰੀਏ। ਬਾਤ, ਇਹ ਕਰੇਂਗੇ ਪਹਿਲਾਂ। ਫਿਰ ਜਿਵੇਂ ਕੋਛੜ ਵਿਚਾਰਾ ਵਪਾਰੀ ਜਿਹਾ ਆਦਮੀ ਸੀ, ਉਹ ਫਿਰ ਕਹਿਣ ਲੱਗਿਆ, ਮੁਰਾਰ ਜੀ ਭਾਈ ਬੜੀ ਸੋਭਾ ਹੋ ਰਹੀ ਹੈ, ਬੜੀ ਫਲਾਣਾ ਹੋ ਰਹੀ ਐ। ਸਾਨੂੰ ਕੋਤਵਾਲੀ ਦੇ ਦੋ। ਮੁਰਾਰ ਜੀ ਕਹਿੰਦਾ ਅਗਰ ਮੈਂ ਸੰਤ ਤੇਗ ਬਹਾਦਰ ਕੋ ਕੋਤਵਾਲੀ ਦੇ ਦੂੰ ਤੋ ਦਿੱਲੀ ਮੇਂ ਤੋ ਬਹੁਤ ਸੰਤ ਫਕੀਰ ਹੈਂ। ਫਿਰ ਤੋ ਬਹੁਤ ਕੁਛ ਦੇਨਾ ਪੜੇਗਾ।’
ਮੈਂ ਕਿਹਾ ਮੋਰਾਰ ਜੀ ਭਾਈ ਮੈਂ ਦਖਲ ਨਹੀਂ ਸੀ ਦੇਣਾ ਚਾਹੁੰਦਾ, ਪਰ ਪਹਿਲਾਂ ਤਾਂ ਆਪਣਾ ਬੋਲਣਾ ਠੀਕ ਕਰੋ। ਗੁਰੂ ਤੇਗ ਬਹਾਦਰ ਜੀ ਸੰਤ ਨਹੀਂ, ਉਨ੍ਹਾਂ ਨੂੰ ‘ਗੁਰੂ ਤੇਗ ਬਹਾਦਰ, ਹਿੰਦ ਦੀ ਚਾਦਰ’ ਕਹਿੰਦੇ ਨੇ ਲੋਕ। ਤਿਲਕ ਜੰਜੂ ਦਾ ਰਾਖਾ ਐ ਉਹ। ਗੁਰੂ ਤੇਗ ਬਹਾਦਰ ਕਹੋ। ਮੇਰੇ ਵੱਲ ਟੀਰਾ ਜਿਹਾ ਦੇਖ ਕੇ ਕਹਿੰਦਾ ਅੱਛਾ-ਅੱਛਾ ਗੁਰੂ ਤੇਗ ਬਹਾਦਰ। ਫਿਰ ਕਹਿੰਦਾ ਮੈਂ ਨਹੀਂ ਦੇਤਾ। ਉਹ ਕਹਿੰਦੇ ਦਿਉ ਜੀ। ਨਾਂਹ ਨਾ ਕਰੋ। ਮੈਨੇ ਬੋਲ ਦੀਆ ਹੈ, ਮੇਰਾ ਤੋ ਡਿਪਾਰਟਮੈਂਟ ਹੀ ਨਹੀਂ। ਜਾਓ, ਆਪ ਚੌਧਰੀ ਚਰਨ ਸਿੰਘ ਸੇ ਮਿਲ ਲੋ। ਓਦੋਂ ਸਾਡੀ ਨੋਕ-ਝੋਕ ਆਹ ਹੋਈ।’ ਇਹ ਖੁਲਾਸਾ ਆਪਣੀ ਮੂੰਹ ਬੋਲੀ ਜੀਵਨ ਕਥਾ ‘ਚ ਟੌਹੜਾ ਨੇ ਕੀਤਾ ਹੈ।
ਟੌਹੜਾ ਅਗੇ ਦੱਸਦੇ ਨੇ ‘ਫੇਰ ਇਕ ਮੌਕਾ ਆਇਆ ਜੀ। ਉਸ ਦਿਨ ਬਹੁਤ ਜੰਗ ਹੋਈ। ਉਹ ਮੌਕਾ ਸੀ ਜਦੋਂ ਕਾਨ੍ਹਪੁਰ ਵਿਚ ਨਿਰੰਕਾਰੀਆਂ ਨੇ ਸਿੱਖ ਮਾਰ ਦਿੱਤੇ। ਮੈਂ ਅਤੇ ਜਗਦੇਵ ਸਿੰਘ ਤਲਵੰਡੀ ਉਨ੍ਹਾਂ ਦਾ ਸਸਕਾਰ ਕਰਾ ਕੇ ਆਏ ਸੀ। ਸਾਡੇ ਜਾਂਦਿਆਂ ਨੂੰ ਬਾਦਲ ਸਾਹਿਬ ਤਲਬ ਕੀਤੇ ਹੋਏ ਸੀ ਦਿੱਲੀ। ਇਨ੍ਹਾਂ ਨੇ ਨੀ ਦੱਸਿਆ ਬਈ ਸਾਨੂੰ ਤਲਬ ਕੀਤਾ ਗਿਆ। ਮੈਂ ਤੇ ਤਲਵੰਡੀ ਸਾਹਿਬ ਉਥੇ ਆਏ। ਅਜੇ ਆਏ ਈ ਆਂ। ਇਨ੍ਹਾਂ ਨੂੰ ਪਤਾ ਸੀ ਸਾਡੇ ਪ੍ਰੋਗਰਾਮ ਦਾ। ਇਹ ਕਹਿੰਦੇ ਆਪਾਂ ਪ੍ਰਧਾਨ ਮੰਤਰੀ ਨੂੰ ਮਿਲਣਾ। ਮੈਂ ਕਿਹਾ ਦੇਖੋ, ਮੇਰੇ ਬਾਰ-ਬਾਰ ਲੜਨ ਦਾ ਕੋਈ ਲਾਭ ਨਹੀਂ। ਕੱਬਾ ਬੋਲਣੋਂ ਉਹ ਨਹੀਂ ਹਟਦਾ, ਜਵਾਬ ਦਿੱਤੇ ਬਿਨਾਂ ਮੈਥੋਂ ਰਹਿ ਨੀ ਹੁੰਦਾ। ਤੁਸੀਂ ਦੋਨੋਂ ਜਾ ਆਓ। ਨਹੀਂ ਜੀ, ਕਹਿੰਦੇ ਤੁਸੀਂ ਨਾਲ ਚੱਲੋ। ਮੈਂ ਬਿਲਕੁਲ ਇਨਕਾਰੀ ਹੋ ਗਿਆ। ਬਾਦਲ ਕਹਿੰਦਾ ਨਹੀਂ ਜੀ ਨਹੀਂ, ਚਲੋ ਤਿੰਨੇ ਜਣੇ ਇਕੱਠੇ ਚੱਲਦੇ ਐਂ। ਬਾਦਲ ਸਾਹਿਬ ਨੇ ਸੈਂਸਰ ਲਾਤਾ ਸੀ ਐਧਰ ਪੰਜਾਬ ‘ਚ ‘ਹਿੰਦ ਸਮਾਚਾਰ’ `ਤੇ। ਉਸਨੇ 1978 ਦੇ ਕਾਂਡ ਤੋਂ ਬਾਅਦ ਨਿਰੰਕਾਰੀ ਬਾਬੇ ਉਤੇ ਪਾਬੰਦੀ ਲਾ’ਤੀ ਸੀ ਪੰਜਾਬ ਵੜਨ `ਤੇ। ਇਹਦੇ ਲਈ ਬਾਦਲ ਨੂੰ ਤਲਬ ਕੀਤਾ ਸੀ, ਬਈ ਤੂੰ ਪਾਬੰਦੀ ਲਾਈ ਐ ਬਾਬੇ `ਤੇ ਸੈਂਸਰ ਲਾਇਆ।
ਬਾਦਲ ਉਦੋਂ ਕੇਂਦਰੀ ਖੇਤੀਬਾੜੀ ਮੰਤਰੀ ਹੁੰਦਿਆਂ ਵਜਾਰਤ ਛੱਡ ਕੇ ਆਇਆ ਸੀ। ਉਥੇ ਫੇਰ ਬਰਨਾਲਾ ਮੰਤਰੀ ਬਣ ਗਿਆ। ਇਹ ਮੁੜ ਕੇ ਪੰਜਾਬ ਦਾ ਚੀਫ ਮਨਿਸਟਰ ਬਣ ਗਿਆ ਸੀ। ਅਸੀਂ ਮੁਰਾਰ ਜੀ ਦੇ ਸਾਊਥ ਬਲਾਕ ‘ਚ ਦਫਤਰ ਗਏ। ਦਰਵਾਜ਼ਾ ਖੋਲਿ੍ਹਆ ਸੇਵਾਦਾਰ ਨੇ। ਪਤਾ ਸੀ ਉਹਨੂੰ ਟਾਈਮ ਦਾ। ਦੇਸਾਈ ਨੇ ਨਾ ਕੋਈ ਗੱਲ ਨਾ ਬਾਤ, ਬੈਠਣ ਨੂੰ ਵੀ ਨਹੀਂ ਕਿਹਾ। ਪੈਂਦਾ ਈ ਬਾਦਲ ਨੂੰ ਮੁਖਾਤਬ ਹੋ ਕੇ ਕਹਿੰਦਾ, ਸਰਦਾਰ ਸਾਹਿਬ ਐਸੇ ਕੈਸੇ ਕਾਮ ਚਲੇਗਾ? ਐਸੇ ਨਹੀਂ ਕਾਮ ਚਲੇਗਾ, ਜੈਸੇ ਆਪ ਚਲਾਨਾ ਚਾਹਤੇ ਹੋ। ਆਪ ਨੇ ਵਹਾਂ ਸੈਂਸਰਸ਼ਿਪ ਲਗਾ ਦੀ ਅਖਬਾਰੋਂ ਕੇ ਊਪਰ। ਵਹਾਂ ਆਪ ਨੇ ਬਾਬਾ ਨਿਰੰਕਾਰੀ ਕੇ ਉਪਰ ਪਾਬੰਦੀ ਲਗਾ ਦੀ। ਆਪ ਨਹਿਰ ਨਹੀਂ ਖੋਦਨੇ ਦੇਤੇ ਹਰਿਆਣਾ ਕੀ। ਆਪ ਕੇ ਸਟੂਡੈਂਟਸ ਨੇ ਯਹਾਂ ਬਸੇਂ ਤੋੜ ਦੀਂ। ਇਹ ਦੋਨੋਂ ਚੁੱਪ, ਜਿਵੇਂ ਜਾਨ ਈ ਨਹੀਂ ਹੁੰਦੀ, ਬੁੱਤ ਖੜ੍ਹੇ ਹੁੰਨੇ ਐਂ। ਮੈਂ ਕਿਹਾ ਮੋਰਾਰ ਜੀ ਭਾਈ ਮੈਂਨੇ ਪਹਿਲੇ ਭੀ ਕਹਾ ਹੈ ਕਿ ਨੈਤਿਕਤਾ ਇਹ ਹੈ ਕਿ ਪਹਿਲੇ ਆਪ ਹਮੇਂ ਬੈਠਾਈਏ, ਫਿਰ ਬਾਤ ਕੀਜੀਏ। ਹਮ ਅਪਨੀ ਬਾਤ ਸੁਨਾਨੇ ਆਏ ਹੈਂ, ਆਪ ਨੇ ਆਪਣਾ ਲੈਕਚਰ ਸ਼ੁਰੂ ਕਰ ਲਿਆ। ਫਿਰ ਉਹ ਐਨਕਾਂ ਥਾਈਂ ਦੇਖ ਕੇ ਕਹਿੰਦਾ ਅੱਛਾ ਬੈਠੀਏ।
‘ਸੁਨਾਈਏ, ਕਿਆ ਸੁਨਾਨਾ ਚਾਹਤੇ ਹੋ।’ ਮੈਂ ਕਿਹਾ ਬਈ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਅਸੀਂ ਥੋਨੂੰ ਕਾਨ੍ਹਪੁਰ ਦੀ ਓ ਈ ਦੱਸਣਾ ਚਾਹੁੰਨੇ ਐਂ। ਜੇ ਤੁਸੀਂ ਉਸ ਬੰਦੇ ਦੀ ਗਤੀਵਿਧੀ ਬੰਦ ਰਖੋ, ਤਾਂ ਫਸਾਦ ਨਹੀਂ ਹੋਣਗੇ। ਉਹ ਆਦਮੀ 18 ਬੰਦਿਆਂ ਦਾ ਕਾਤਲ ਐ, ਜਿੱਥੇ ਜਾਂਦਾ ਐ ਤੇ ਸਿੱਖਾਂ ਨੂੰ ਚਿੜ੍ਹਾੳਂੁਦਾ ਹੈ ਤੇ ਸਿੱਖਾਂ ਦੇ ਚਿੜ੍ਹਨ ਨਾਲ ਉਥੇ ਫੇਰ ਮੁਜ਼ਾਹਰੇ ਹੁੰਦੇ, ਝਗੜੇ ਹੁੰਦੇ ਨੇ। ਉਹ ਗੋਲੀ ਚਲਾ ਦਿੰਦਾ ਐ। ਬਈ ਉਹਨੂੰ ਕੋਈ ਪੁੱਛਦਾ ਨਹੀਂ। ਅਸੀਂ ਕਾਨ੍ਹਪੁਰ ਤੋਂ ਆਏ ਹਾਂ। ਅਲਾਹਾਬਾਦ ਦੇ ਡਿਪਟੀ ਕਮਿਸ਼ਨਰ ਨੇ ਸਿੱਖ ਆਗੂਆਂ ਨੂੰ ਮੀਟਿੰਗ ਦੀ ਆਗਿਆ ਨਹੀਂ ਦਿੱਤੀ, ਕਹਿੰਦਾ ਮੈਂ ਨਹੀਂ ਮਿਲਣਾ।
ਤੇ ਫਿਰ ਨਿਰੰਕਾਰੀ ਬਾਬਾ ਕਾਨ੍ਹਪੁਰ ਗਿਆ। ਕਾਨ੍ਹਪੁਰ ਦੇ ਡੀ. ਸੀ. ਨੇ ਵੀ ਦਫਾ 144 ਲਾ’ਤੀ ਤਾਂ ਕਿ ਸਿੱਖ ਪ੍ਰਦਰਸ਼ਨ ਨਾ ਕਰ ਸਕਣ। ਉਨ੍ਹਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਲਾਠੀਚਾਰਜ ਕਰਦੇ ਨੇ। ਇਸ ਆਦਮੀ ਦੇ ਜਾਣ ਨਾਲ ਸਿੱਖ ਭੜਕਦੇ ਐ, ਇਹ ਐਨੇ ਬੰਦਿਆਂ ਦਾ ਕਾਤਲ ਐ। ਤੁਸੀਂ ਉਹਨੂੰ ਨੀ ਕਹਿ ਸਕਦੇ 4 ਦਿਨ ਘਰ ਬੈਠ ਤੂੰ। ਮੈਨੂੰ ਕਹਿੰਦਾ ਆਪ ਦਫਾ 44 ਕੇ ਮਾਇਨੇ ਸਮਝਾਨੇ ਆਏ ਹੈਂ। ਮੈਂ ਨਹੀਂ ਸਮਝਾਉਣ ਆਇਆ। ਮੈਨੂੰ ਪਤੈ ਕਿ ਤੁਸੀਂ ਆਪਣੀ ਜ਼ਿੰਦਗੀ ਬਤੌਰ-ਏ-ਮੈਜਿਸਟਰੇਟ ਆਰੰਭ ਕੀਤੀ ਐ। ਤੁਹਾਨੂੰ ਦਫਾ 44 ਦੀ ਖੂਬ ਸਮਝ ਹੈ। ਉਹ ਬੜਾ ਚਿੜ੍ਹਿਆ। ਮੈਂ ਤੁਹਾਨੂੰ ਪਹਿਲਾਂ ਵੀ 10 ਵਾਰੀ ਦੱਸਿਆ ਬਈ ਤੁਸੀਂ ਦਾਤੇ ਨਾ ਬਣ ਕੇ ਬੈਠੋ, ਅਸੀਂ ਭਿਖਾਰੀ ਬਣਨ ਨੂੰ ਤਿਆਰ ਨਹੀਂ।
ਅਸੀਂ ਤੁਹਾਨੂੰ ਸਹੀ ਗੱਲ ਦੱਸਦੇ ਹਾਂ। ਤੁਸੀਂ ਸਾਡੇ ਮੁੱਖ ਮੰਤਰੀ ਨੂੰ ਡਾਂਟਦੇ ਓ। ਇਹ ਕਿਉਂ ਨਾ ਪਾਬੰਦੀ ਲਾਵੇ। ਹੋਰ ਦੱਸੋ ਇਹ ਫਸਾਦ ਕਰਾਵੇ ਪੰਜਾਬ ਵਿਚ। ਕਹਿੰਦਾ, ਉਹ ਸਟੂਡੈਂਟਸ ਨੇ ਬਸੇਂ ਤੋੜ ਦੀ। ਬਾਦਲ ਸਾਹਬ ਕਹਿੰਦੇ ਉਸ ਕਾ ਪ੍ਰਬੰਧਕ ਤੋ ਜਥੇਦਾਰ ਸੰਤੋਖ ਸਿੰਘ ਹੈ। ਕਹਿੰਦਾ ਸੰਤੋਖ ਸਿੰਘ ਵੀ ਅਕਾਲੀ ਹੈ। ਕਹਿੰਦੇ ਜੀ ਉਹ ਤਾਂ ਕਾਂਗਰਸ ਨਾਲ ਐ। ਕਹਿੰਦਾ ਨਹੀਂ-ਨਹੀਂ, ਜੋ ਕਾਲੀ ਪਗੜੀ ਬਾਂਧਤਾ ਹੈ, ਬਰਾਬਰ ਅਕਾਲੀ ਹੋਤਾ ਹੈ। ਤਾਂ ਉਹਦੇ ਨਾਲ ਜੀ ਮੇਰੀ ਬਹੁਤ ਖੜਕੀ। ਮੈਨੂੰ ਕਹਿੰਦਾ ਬਈ ਹਮਾਰੇ ਯਹਾਂ ਰਜਨੀਸ਼ ਬੈਠਾ ਹੈ, ਵੋਹ ਭਗਵਾਨ ਕਹਿਤਾ ਹੈ। ਮਖਾਂ ਆਪ ਬੁਜ਼ਦਿਲ ਹੈਂ, ਕਾਇਰ ਹੈਂ। ਐਸੇ ਭਗਵਾਨ ਕੋ ਪਹੁੰਚਾ ਦੀਜੀਏ ਧਰਮਰਾਜ ਕੇ ਪਾਸ। ਹਮ ਨੇ ਕਿਆ ਲੇਨਾ। ਹਮਾਰਾ ਝਗੜਾ ਉਸ ਸੇ ਕੋਈ ਨਹੀਂ ਹੈ।
ਬਰਨਾਲਾ ਤੇ ਗੁਲਸ਼ਨ ਦਾ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ
ਇਸਦੇ ਬਾਅਦ ਸਾਡੀ ਮੀਟਿੰਗ ਹੋਈ ਵਰਕਿੰਗ ਕਮੇਟੀ ਦੀ। ਅਸੀਂ ਸੁਰਜੀਤ ਸਿੰਘ ਬਰਨਾਲੇ ਅਰ ਧੰਨਾ ਸਿੰਘ ਗੁਲਸ਼ਨ ਨੂੰ ਅਸਤੀਫੇ ਦੇਣ ਲਈ ਕਹਿ ਦਿੱਤਾ। ਛੱਡ ਦੋ ਇਹ ਗੌਰਮਿੰਟ। ਇਨ੍ਹਾਂ ਨੇ ਅਸਤੀਫੇ ਦੇ ਦਿੱਤੇ। ਸਾਡੀ ਫੇਰ ਮੀਟਿੰਗ ਹੋਈ, ਉਥੇ ਬੁਲਾਏ ਦਿੱਲੀ। ਮੁਰਾਰ ਜੀ ਗੱਲ ਕਰਨੀ ਸੀ। ਪਹਿਲਾਂ ਬੁਲਾਏ ਅਟਲ ਬਿਹਾਰੀ ਵਾਜਪਾਈ ਨੇ, ਫਿਰ ਅਡਵਾਨੀ ਨੇ। ਬਲਰਾਮ ਜੀ ਦਾਸ ਟੰਡਨ, ਬਲਵੰਤ ਸਿੰਘ, ਬਰਨਾਲਾ ਔਰ ਸਰਦਾਰ ਬਾਦਲ, ਇਹ ਸਾਰੇ ਗਏ। ਮੈਂ ਕਿਹਾ ਬਈ ਉਹ ਅਵਤਾਰ ਬਾਣੀ ‘ਚ ਜਿਹੜਾ ਸਾਡੇ ਵਿਰੁੱਧ ਲਿਖਿਆ ਉਹ ਕੱਢ ਦੇਣ। ਗੌਰਮਿੰਟ ਉਹਦੀ ਢਾਲ ਨਾ ਬਣੇ, ਫੇਰ ਅਸੀਂ ਵਿਚਾਰ ਕਰ ਲਾਂਗੇ, ਅਸਤੀਫੇ ਵਾਪਸ ਲੈ ਲਾਂਗੇ। ਉਹ ਕਹਿੰਦੇ ਹੋ ਜਾਏਗਾ, ਅਸੀਂ ਐਲਾਨ ਕੱਲ੍ਹ ਨੂੰ ਕਰਾ ਦਿੰਨੇ ਐਂ। ਮੁਰਾਰ ਜੀ ਤੋਂ ਕਰਵਾਉਂਨੇ ਐਂ, ਅਟਲ ਬਿਹਾਰੀ ਜੀ ਕਹਿੰਦੇ। ਉਹ ਫੇਰ ਗੱਲ ਇੱਥੇ ਅੜ ਗਈ ਬਈ ਮੁਰਾਰ ਜੀ ਕੋਲ ਚੱਲੋ। ਮੈਂ ਕਿਹਾ ਜੀ ਮੈਂ ਨਹੀਂ ਜਾਣਾ, ਕਿਉਂਕਿ ਮੇਰੀ ਫਿਰ ਲੜਾਈ ਹੋਣੀ ਐ। ਤੁਸੀਂ ਜੇ ਕਰਵਾ ਸਕਦੇ ਓ, ਸਾਡੇ ਬੰਦਿਆਂ ਦੀ, ਸਾਡੀ ਵਰਕਿੰਗ ਕਮੇਟੀ ਦੀ ਤਸੱਲੀ ਕਰਵਾ ਦੋ, ਸਾਨੂੰ ਕੋਈ ਇਤਰਾਜ਼ ਨਹੀਂ।
ਬਾਦਲ ਸਾਹਿਬ ਨੇ ਕਿਹਾ ਬਈ ਤੇਰੇ ਬਿਨਾਂ ਅਸੀਂ ਜਾਣਾ ਈ ਨਹੀਂ। ਉਹ ਸਾਰੇ ਮੇਰੀਆਂ ਮਿੰਨਤਾਂ ਕਰਨ ਲੱਗ ਗਏ। ਮਖਾਂ ਚੰਗਾ ਮੇਰੀ ਇਕ ਸ਼ਰਤ ਐ ਬਈ ਮੈਂ ਨਹੀਂ ਬੋਲਣਾ ਕੁੱਛ ਵੀ। ਫਿਰ ਜੀ ਉਹਦੇ ਕੋਲ ਅਸੀਂ ਗਏ। ਉਹਨੇ ਪਹਿਲੀ ਦਫਾ ਸਾਨੂੰ ਉਥੇ ਚਾਹ ਵੀ ਪਿਲਾਈ ਤੇ ਪਕੋੜੇ-ਪਕੂੜੇ ਵੀ, ਬਰਫੀ ਵੀ ਖਵਾਈ। ਇਹ ਤਿੰਨ ਸੀਟਰ ਸੋਫਾ ਸੀ। ਮੈਂ ਬੈਠਾ ਸੀ, ਬਾਦਲ ਸਾਹਬ ਬੈਠੇ ਸੀ। ਹੋਰ ਵੀ ਸਾਰੇ ਵਾਜਪਾਈ ਵੀ ਸਭ ਬੈਠੇ ਸੀ। ਉਹ ਆਇਆ ਤੇ ਆ ਕੇ ਜਿਹੜਾ ਬਾਦਲ ਸਾਹਬ ਦੇ ਬਰਾਬਰ ਥਾਂ ਖਾਲੀ ਸੀ, ਉਥੇ ਬੈਠ ਗਿਆ। ਬੈਠਣ ਤੋਂ ਬਾਅਦ ਸਾਰਿਆਂ ਨੂੰ ਪਲੇਟਾਂ ਫੜਾਈਆਂ। ਬਰਫੀ ਆ ਗਈ, ਮੈਂ ਪਲੇਟ ਈ ਨਹੀਂ ਫੜੀ। ਫਿਰ ਉਹ ਦੇਖ ਕੇ ਕਹਿੰਦਾ ਆਪ ਨਹੀਂ ਖਾਤੇ, ਮੇਰੇ ਸੇ ਨਰਾਜ਼ ਹੋ ਕਿਆ? ਮੈਂ ਅਜੇ ਜਵਾਬ ਦੇਣਾ ਈ ਸੀ, ਬਾਦਲ ਝੱਟ ਬੋਲ ਪਿਆ। ਨਹੀਂ ਜੀ, ਇਨ੍ਹਾਂ ਨੂੰ ਗਾਲ ਬਲੈਡਰ ਦੀ ਤਕਲੀਫ ਹੈ। ਸਟੋਨ-ਸਟੂਨ ਐ। ਇਹ ਖਾਂਦੇ ਨਹੀਂ ਐਹੀ ਜੀ ਚੀਜ਼। ਤੇ ਉਹ ਫੇਰ ਮੈਨੂੰ ਕਹਿੰਦਾ ਅੱਛਾ, ਫਿਰ ਤੋ ਗਾਲ ਬਲੈਡਰ ਨਿਕਲਵਾ ਦੇਨਾ ਚਾਹੀਏ। ਓਪਰੇਸ਼ਨ ਕਰਵਾ ਦਿਓ। ਇਸ ਕਾ ਕੋਈ ਫਾਇਦਾ ਨਹੀਂ।
ਮੈਂ ਜੀ ਉਹਨੂੰ ਹਾਂ ਜਾਂ ਨਾਂਹ, ਕੁਛ ਵੀ ਨਹੀਂ ਕਿਹਾ ਤੇ ਚਾਹ ਪੀ ਕੇ ਆ’ਗੇ। ਇਹ ਕਹਿੰਦੇ ਤੁਸੀਂ ਚਾਹ ਨਹੀਂ ਪੀਤੀ। ਮੈਂ ਕਿਹਾ ਮੈਂ ਐਹਦਾ ਕੁੱਛ ਨਹੀਂ ਪੀਣਾ। ਉਹਨੇ ਅਨਾਊਂਸਮੈਂਟ ਕਰ’ਤੀ ਬਈ ਅਵਤਾਰ ਬਾਣੀ ‘ਚ ਜਿਹੜੀਆਂ ਇਤਰਾਜ਼ਯੋਗ ਗੱਲਾਂ ਅਕਾਲੀ ਲਿਖ ਕੇ ਦੇਣਗੇ ਸਾਨੂੰ, ਜਾਂ ਸਾਡੇ ਨੋਟਿਸ ਵਿਚ ਆਉਣਗੀਆਂ, ਉਹ ਅਸੀਂ ਕਢਾਵਾਂਗੇ। ਮਨਿਸਟਰ ਫੇਰ ਰਹਿ ਗਏ। ਮੇਰਾ ਭਾਵ ਇਹ ਹੈ ਕਿ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਇੰਨਾ ਕੱਟੜ ਨਹੀਂ ਹੋਣਾ ਚਾਹੀਦਾ।
ਬਾਦਲ ਬਰਨਾਲਾ ਪ੍ਰਧਾਨ ਮੰਤਰੀ ਮੂਹਰੇ ਕੁਸਕਦੇ ਵੀ ਨਹੀਂ ਸਨ
ਬਾਦਲ ਸਾਹਿਬ ਮੁਰਾਰ ਜੀ ਤੋਂ ਬਹੁਤ ਡਰਦੇ ਸੀ। ਇਹ ਜਵਾਬ ਦੇਣ ਲਈ ਉਨੇ ਚੁਸਤ ਵੀ ਨਹੀਂ ਸੀ। ਜਦੋਂ ਅਸੀਂ ਵਾਪਸ ਆਏ ਜੀ, ਮੇਰੇ ਫਲੈਟ `ਤੇ ਆ ਗਏ। ਬਾਦਲ ਸਾਹਬ ਕਹਿੰਦੇ ਜੀ ਕਪੂਰਥਲਾ ਹਾਊਸ ਚੱਲੋ। ਮੈਂ ਕਿਹਾ ਜੀ ਮੈਂ ਨਹੀਂ ਜਾਣਾ। ਕਹਿੰਦੇ ਨਹੀਂ ਜੀ ਚੱਲੋ ਜੀ ਉਥੇ ਚਾਹ ਪੀ ਕੇ ਤੁਸੀਂ ਆ ਜਿਓ ਜੀ। ਮੈਂ ਕਿਹਾ ਬਈ ਮੈਂ ਬਿਲਕੁਲ ਨਹੀਂ ਜਾਣਾ। ਮੈਨੂੰ ਅਸਲ ਵਿਚ ਓਦੋਂ ਰੋਣ ਆਇਆ, ਇਨ੍ਹਾਂ ਦੇ ਸਾਹਮਣੇ। ਮੈਂ ਕਿਹਾ ਬਈ ਜਿਨ੍ਹਾਂ ਦੇ ਤੁਹਾਡੇ ਵਰਗੇ ਦੋਸਤ ਹੋਣ, ਉਨ੍ਹਾਂ ਨੂੰ ਦੁਸ਼ਮਣਾਂ ਦੀ ਕੋਈ ਲੋੜ ਨਹੀਂ। ਤੁਸੀਂ ਤਮਾਸ਼ਾ ਈ ਵੇਖੀ ਗਏ, ਤੁਸੀਂ ਪ੍ਰੋਟੈਸਟ ਕਰਦੇ, ਤੁਸੀਂ ਉਠ ਕੇ ਤੁਰਦੇ। ਜੇ ਮੈਂ ਇਕੱਲਾ ਤੁਰਦਾ, ਤੁਸੀਂ ਮੇਰੇ ਨਾਲ ਨਾ ਤੁਰਦੇ ਤੇ ਫੇਰ ਵੀ ਗੱਲ ਖਰਾਬ ਹੋਣੀ ਸੀ। ਮੈਂ ਕਿਹਾ ਆਪਾਂ ਉਹਦਾ ਸਹੁਰੇ ਦਾ ਦਿੱਤਾ ਖਾਂਦੇ ਆਂ।
ਮੈਂ ਤਾਂ ਇਕ ਵੱਡੀ ਮੁਰਾਰ ਜੀ ਵਾਲੀ ਘਟਨਾ ਦਾ ਜ਼ਿਕਰ ਕੀਤਾ ਹੈ। ਇਸ ਕਿਤਾਬ ‘ਚ ਹੋਰ ਬਹੁਤ ਕੁਝ ਦਿਲਚਸਪ ਹੈ। ਮੈਂ ਨਹੀਂ ਚਾਹੁੰਦਾ ਕਿ ਮੈਂ ਸਾਰਾ ਕੁਝ ਇਥੇ ਲਿਖ ਕੇ ਤੁਹਾਡੀ ਕਿਤਾਬ ਪੜ੍ਹਨ ਦੀ ਰੌਚਕਤਾ ਨੂੰ ਪ੍ਰਭਾਵਤ ਕਰਾਂ। ਪੜ੍ਹਨ ਵਾਲੀ ਕਿਤਾਬ ਹੈ ਇਹ। ਇਸ ਤੋਂ ਬਹੁਤ ਜਾਣਕਾਰੀ ਹਾਸਿਲ ਹੋਵੇਗੀ।
ਫੋਨ: 98141-23338
