ਜ਼ਿੰਦਗੀ ਦਾ ਪਰਛਾਵਾਂ

ਡਾ ਗੁਰਬਖ਼ਸ਼ ਸਿੰਘ ਭੰਡਾਲ
ਜ਼ਿੰਦਗੀ ਦਾ ਪਰਛਾਵਾਂ, ਬੀਤੀ ਜ਼ਿੰਦਗੀ ਦਾ ਲੇਖਾ-ਜੋਖਾ। ਪ੍ਰਾਪਤੀਆਂ ਅਤੇ ਅਸਫਲ਼ਤਾਵਾਂ ਦਾ ਤਾਣਾ-ਬਾਣਾ। ਸੁਖਨ ਅਤੇ ਤੰਗਦਿਲੀ ਦਾ ਸੰਗਮ। ਦੁੱਖਾਂ ਅਤੇ ਸੁੱਖਾਂ ਦਾ ਖ਼ਜ਼ਾਨਾ। ਸਾਂਝਾਂ ਅਤੇ ਤਿੜਕੀਆਂ ਦੋਸਤੀਆਂ ਦਾ ਦਸਤਾਵੇਜ਼।

ਜ਼ਿੰਦਗੀ ਦਾ ਪਰਛਾਵਾਂ ਹਰ ਪਲ ਬੰਦੇ ਦੇ ਨਾਲ-ਨਾਲ। ਕਦੇ ਇਹ ਛੋਟਾ ਅਤੇ ਕਦੇ ਵੱਡਾ। ਹਨੇਰਾ ਹੋਣ `ਤੇ ਪਰਛਾਵਾਂ ਤੁਹਾਡਾ ਸਾਥ ਵੀ ਛੱਡ ਦਿੰਦਾ।
ਜ਼ਿੰਦਗੀ ਦਾ ਪਰਛਾਵਾਂ ਬੰਦੇ ਦੀ ਔਕਾਤ ਦਾ ਸ਼ੀਸ਼ਾ। ਵਿਅਕਤੀਤਵ ਦਾ ਬਿੰਬ। ਸ਼ਖਸੀ ਪਛਾਣ ਦਾ ਪ੍ਰਮਾਣ। ਅਸੀਂ ਕੀ ਸੀ, ਕੀ ਹਾਂ, ਕਿਹੜੀਆਂ ਨਵੀਆਂ ਪਿਰਤਾਂ ਪਾਈਆਂ, ਕਿਹੜੀਆਂ ਤੋੜੀਆਂ, ਕਿਹੜੇ ਰਾਹਾਂ ਵਿਚੋਂ ਆਪਣਾ ਰਾਹ ਵੱਖਰਾਇਆ ਅਤੇ ਕਿਹੜੇ ਰਾਹਾਂ ਨੂੰ ਨਵੀਆਂ ਪੈੜਾਂ ਅਤੇ ਸਿਰਨਾਵਿਆਂ ਨਾਲ ਨਿਵਾਜਿਆ? ਕਿਹੜੀਆਂ ਥਾਂਵਾਂ ਤੁਹਾਡੀ ਪਛਾਣ ਬਣੀਆਂ ਅਤੇ ਕਿਹੜੀਆਂ ਥਾਂਵਾਂ ਤੁਹਾਡੀ ਹਾਜ਼ਰੀ ਵਿਚ ਖ਼ੁਦ ਤੋਂ ਹੀ ਮੁਨਕਰ ਹੋ ਗਈਆਂ?
ਜ਼ਿੰਦਗੀ ਦਾ ਪਰਛਾਵਾਂ, ਇਹ ਵੀ ਪ੍ਰਗਟਾਉਂਦਾ ਕਿ ਤੁਸੀਂ ਕਿਹੜੀ ਧਰਾਤਲ ਵਿਚੋਂ ਉਪਜੇ? ਕਿਸ ਚੌਗਿਰਦੇ ਨੇ ਤੁਹਾਡਾ ਸਰਬ-ਗੁਣੀ ਵਿਕਾਸ ਜਾਂ ਵਿਨਾਸ਼ ਕੀਤਾ? ਕਿਹੜੇ ਸੰਗੀ ਸਾਥੀਆਂ ਨੇ ਤੁਹਾਡੀ ਸੁਹਬਤ ਵਿਚ ਵਾਧਾ ਕੀਤਾ ਅਤੇ ਕਿਹੜਿਆਂ ਦੇ ਸਾਥ ਵਿਚ ਤੁਹਾਨੂੰ ਨਮੋਸ਼ੀ ਮਿਲੀ?
ਜ਼ਿੰਦਗੀ ਦੇ ਨਾਲ-ਨਾਲ ਚੱਲਦਾ ਪਰਛਾਵਾਂ ਇਹ ਸਪੱਸ਼ਟ ਕਰਨ ਲਈ ਕਾਫ਼ੀ ਕਿ ਤੁਸੀਂ ਕਿਹੜੀ ਦਿਲਦਾਰੀ ਦਾ ਮਾਣ ਬਣੇ? ਕਿਸ ਮੋਹ ਵਿਚ ਪਿਘਲੇ? ਕਿਹੜੀ ਮੁਹੱਬਤ ਵਿਚ ਕੀਲੇ ਗਏ? ਕਿਹੜੀ ਮਮਤਾਈ ਗਲਵਕੜੀ `ਚੋਂ ਤੁਹਾਨੂੰ ਨਿੱਘ ਮਿਲਿਆ? ਬਾਪ ਦੀ ਕਿਹੜੀ ਦੀਦਾ-ਦਲੇਰੀ ਨੇ ਤੁਹਾਡੇ ਵਿਚ ਹਰ ਮੁਸ਼ਕਲ ਦਾ ਸਾਹਮਣਾ ਕਰਨ ਅਤੇ ਆਪਣੀਆਂ ਰਾਹਾਂ ਖੁਦ ਸਿਰਜਣ ਦੇ ਸਮਰੱਥ ਬਣਾਇਆ।
ਜ਼ਿੰਦਗੀ ਦਾ ਪਰਛਾਵਾਂ ਇਹ ਗੱਲ ਬੜੀ ਖੂਬਸੂਰਤੀ ਨਾਲ ਪ੍ਰਗਟਾਉਂਦਾ ਕਿ ਤੁਹਾਡੇ ਵਿਚ ਕਿਹੜੇ ਨਕਸ਼ ਮਾਂ ਅਤੇ ਕਿਹੜੇ ਬਾਪ ਦੇ ਹਨ? ਕਿਹੜੀਆਂ ਆਦਤਾਂ ਮਾਂ ਵਲੋਂ ਮਿਲੀਆਂ ਅਤੇ ਕਿਹੜੀਆਂ ਬਾਪ ਦੀ ਵਿਰਾਸਤ ਦਾ ਹਿੱਸਾ ਹਨ?
ਜ਼ਿੰਦਗੀ ਦਾ ਪਰਛਾਵਾਂ ਹਰੇਕ ਦੇ ਅੰਗ-ਸੰਗ ਰਹਿੰਦਾ ਪਰ ਕਈਆਂ ਨੂੰ ਇਹ ਨਜ਼ਰ ਹੀ ਨਹੀਂ ਆਉਂਦਾ ਜਾਂ ਉਹ ਜਾਣਬੁਝ ਕੇ ਇਸ ਤੋਂ ਅਵੇਸਲੇ ਹੋਣ ਦਾ ਭਰਮ ਪਾਲਦੇ। ਯਾਦ ਰੱਖਣਾ! ਜ਼ਿLੰਦਗੀ ਦਾ ਪਰਛਾਵਾਂ ਜਿਹੜਾ ਰੌਸ਼ਨ ਰਾਹਾਂ ਵਿਚ ਤੁਹਾਡਾ ਸਾਥੀ ਹੈ, ਇਹ ਤਾਂ ਤੁਹਾਡੀ ਹੀ ਸਿਰਜਣਾ ਹੈ। ਤੁਸੀਂ ਕੀ ਸੀ ਅਤੇ ਕੀ ਬਣੇ? ਕੀ ਸੋਚਦੇ ਅਤੇ ਕੀ ਕਰਦੇ ਹੋ? ਤੁਹਾਡੇ ਕਿਰਦਾਰ ਅਤੇ ਕਹਿਣੀ-ਕਰਨੀ ਵਿਚ ਕੀ ਅੰਤਰ ਹੈ? ਤੁਹਾਡੇ ਕਰਮ ਧਰਮ ਵਿਚਲਾ ਕਿੰਨਾ ਪਾੜਾ ਹੈ? ਤੁਹਾਡੀ ਦੇਖਣੀ ਅਤੇ ਸਮਝਣੀ ਵਿਚ ਕੀ ਫ਼ਰਕ ਹੈ ਜਾਂ ਤੁਹਾਡੀਆਂ ਆਸ਼ਾਵਾਂ ਦੀ ਪੂਰਨਤਾ ਅਤੇ ਅਪੂਰਨਤਾ ਵਿਚ ਕਿੰਨਾ ਕੁ ਫਾਸਲਾ ਹੈ?
ਦਿਨ ਚੜ੍ਹਦਾ ਤਾਂ ਇਹ ਪਰਛਾਵਾਂ ਵੱਡਾ ਹੁੰਦਾ ਜਿਹੜਾ ਤੁਹਾਡੇ ਭਵਿੱਖੀ ਸੁਪਨਿਆਂ ਅਤੇ ਇਨ੍ਹਾਂ ਦੀ ਫੁਰਤੀ ਵਿਚਲੇ ਫਾਸਲੇ ਨੂੰ ਦਰਸਾਉਂਦਾ। ਅਸੀਂ ਵੱਡੇ ਹੁੰਦੇ, ਪਰਛਾਵਾਂ ਛੋਟਾ ਹੋ ਜਾਂਦਾ ਹੁੰਦਾ ਅਤੇ ਸਿਖਰ ਦੁਪਹਿਰੇ ਇਕ ਬਿੰਦੂ `ਤੇ ਸਿਮਟ ਜਾਂਦਾ। ਢਲਦੀਆਂ ਸ਼ਾਮਾਂ ਵਿਚ ਪ੍ਰਛਾਵੇਂ ਲੰਮੇਰੇ ਹੋਣੇ ਸ਼ੁਰੂ ਹੋ ਜਾਂਦੇ ਅਤੇ ਜੀਵਨ-ਸਫ਼ਰ ਆਪਣੇ ਅੰਤਮ ਪੜਾਅ ਵੱਲ ਤਿਲਕਣਾ ਸ਼ੁਰੂ ਹੋ ਜਾਂਦਾ। ਪ੍ਰਛਾਵੇਂ ਦਾ ਸਿਮਟ ਜਾਣਾ ਜਾਂ ਮਿਟ ਜਾਣਾ ਦਰਅਸਲ ਬੰਦੇ ਦਾ ਆਪਣੇ ਪ੍ਰਛਾਵੇਂ ਨਾਲ ਅਭੇਦ ਹੋਣਾ ਹੁੰਦਾ। ਅਸੀਂ ਆਪਣੇ ਪ੍ਰਛਾਵੇਂ ਨਾਲ ਕਿੰਨੇ ਕੁ ਅਭੇਦ ਜਾਂ ਕਿੰਨਾ ਕੁ ਵੱਖਰੇਵਾਂ, ਇਹ ਤਾਂ ਬੰਦ ਖੁਦ ਹੀ ਜਾਣਦਾ ਹੁੰਦਾ। ਸਿਰਫ਼ ਬੰਦੇ ਨੂੰ ਆਪਣੇ ਅੰਦਰ ਉਤਰਨ ਅਤੇ ਆਪਣੇ ਪ੍ਰਛਾਵੇਂ ਵਿਚੋਂ ਖੁਦ ਨੂੰ ਨਿਹਾਰਨ ਦੀ ਜਾਚ ਹੋਣੀ ਚਾਹੀਦੀ ਹੈ।
ਜ਼ਿੰਦਗੀ ਦੇ ਪ੍ਰਛਾਵੇਂ ਨਾਲ ਗੁਫ਼ਤਗੂ, ਸਭ ਤੋਂ ਅਹਿਮ ਸੰਵਾਦ। ਕਦੇ ਕਦਾਈਂ ਜਾਂ ਵੇਲੇ-ਕੁਵੇਲੇ ਮਿਲੇ ਬੰਦਾ ਆਪਣੇ ਪ੍ਰਛਾਵੇਂ ਨਾਲ। ਸੁਖ-ਸੁਵੀਲੀ ਅਤੇ ਹਮਦਰਦੀ ਕਰ ਆਪਣੇ ਪ੍ਰਛਾਵੇਂ ਨਾਲ। ਦਿਲ ਦੀਆਂ ਗੰਢਾਂ ਖੋਲ੍ਹ ਲੈ ਆਪਣੇ ਹੀ ਪ੍ਰਛਾਵੇਂ ਨਾਲ। ਆਪਣੀਆਂ ਕੀਰਤੀਆਂ ਤੇ ਕੁਤਾਹੀਆਂ ਕਰ ਸਾਂਝੀਆਂ ਪ੍ਰਛਾਵੇਂ ਨਾਲ। ਮਨ ਦੀ ਉਦਾਸੀ ਤੇ ਰੂਹ ਦਾ ਰੋਸਾ ਕਰ ਸਾਂਝਾ ਪ੍ਰਛਾਵੇਂ ਨਾਲ। ਤਕਦੀਰਾਂ ਤੇ ਤਦਬੀਰਾਂ ਦਾ ਝਗੜਾ ਬੰਦ ਕਰ ਪ੍ਰਛਾਵੇਂ ਨਾਲ। ਆਪਣੇ ਦਿਲ ਦੀ ਗੱਲ ਸੁਣਾ ਅਤੇ ਉਸਦੀ ਕਰ ਪ੍ਰਛਾਵੇਂ ਨਾਲ। ਆਪਣਾ ਖਾਲੀਪਣ ਅਤੇ ਵਿੱਥਾਂ-ਵਿਰਲਾਂ ਭਰ ਆਪਣੇ ਪ੍ਰਛਾਵੇਂ ਨਾਲ। ਮੰਜ਼ਲ, ਰਾਹਾਂ ਤੇ ਸਿਰਨਾਵਿਆਂ ਦੀ ਗੱਲ ਕਰ ਪ੍ਰਛਾਵੇਂ ਨਾਲ। ਆਪਣੇ ਸੁਪਨੇ ਤੇ ਸੰਪੂਰਨਤਾ ਦਾ ਕਾਹਦਾ ਓਹਲਾ ਪ੍ਰਛਾਵੇਂ ਨਾਲ।
ਕੁਝ ਲੋਕ ਆਪਣੇ ਹੀ ਪ੍ਰਛਾਵੇਂ ਤੋਂ ਤ੍ਰਿਹੰਦੇ। ਕੁਝ ਪਿਆਰ ਕਰਦੇ ਤੇ ਕੁਝ ਤ੍ਰਿਸਕਾਰ ਕਰਦੇ। ਕੁਝ ਇਸ ਦੀਆਂ ਬਲਾਵਾਂ ਉਤਾਰਦੇ ਅਤੇ ਕੁਝ ਆਪਣੀ ਜ਼ਹਿਨੀਅਤ, ਜਜ਼ਬੇ, ਜਜ਼ਬਾਤ ਅਤੇ ਜ਼ਿੰਦਾਦਿਲੀ ਦਾ ਸਬਕ ਲੈਂਦੇ। ਇਹ ਤਾਂ ਖੁਦ `ਤੇ ਮੁਨੱਸਰ ਕਰਦਾ ਕਿ ਕਿਸੇ ਨੇ ਪ੍ਰਛਾਵੇਂ ਵਰਗੀ ਪਛਾਣ ਬਣਨਾ ਜਾਂ ਪ੍ਰਛਾਵੇਂ ਨੂੰ ਨਵੀਂ ਨਿਵੇਕਲੀ ਪਛਾਣ ਦੇਣੀ ਹੈ?
ਜ਼ਿੰਦਗੀ ਦਾ ਪਰਛਾਵਾਂ ਕੁਝ ਕੁ ਵਿਰਲਿਆਂ ਦਾ ਹੀ ਨਸੀਬ ਜਿਹੜੇ ਚਾਨਣ ਰਾਹਾਂ ਦੇ ਪਾਂਧੀ। ਹਨੇਰਿਆਂ ਵਿਚ ਤੁਰਨ ਵਾਲਿਆਂ ਦਾ ਨਾ ਤਾਂ ਕੋਈ ਪਰਛਾਵਾਂ ਹੁੰਦਾ ਅਤੇ ਨਾ ਹੀ ਉਨ੍ਹਾਂ ਨੂੰ ਰਾਹਾਂ, ਥਾਵਾਂ ਜਾਂ ਸਿਰਨਾਵਿਆਂ ਦੀ ਕੋਈ ਸਾਰ ਹੁੰਦੀ। ਉਹ ਤਾਂ ਬਿਨ-ਪ੍ਰਛਾਵੇਂ ਆਉਧ ਵਿਹਾ, ਖਾਲੀ ਹੱਥ ਜੱਗ ਤੋਂ ਤੁਰ ਜਾਂਦੇ। ਕਿਸੇ ਜਿਊਣ ਜੋਗੇ ਲਈ ਥਾਂ ਖਾਲੀ ਕਰ ਜਾਂਦੇ ਅਤੇ ਸੁLੱਭ-ਕਰਮਨ ਕਰਨ ਵਾਲਿਆਂ ਲਈ ਨਵੀਆਂ ਸੰਭਾਵਨਾਵਾਂ ਦਾ ਰਾਹ ਮੋਕਲਾ ਕਰ ਜਾਂਦੇ।
ਮੈਂ ਅਕਸਰ ਹੀ ਆਪਣੇ ਪ੍ਰਛਾਵੇਂ ਨੂੰ ਮਿਲਦਾ।
ਕਦੇ ਸਵੇਰੇ, ਕਦੇ ਦੁਪਹਿਰੇ ਅਤੇ ਕਦੇ ਢਲਦੀ ਸ਼ਾਮੇਂ
ਉਸਦੀ ਤਾਮੀਰਦਾਰੀ `ਚੋਂ ਸੁਖਨ ਭਾਲਦਾ
ਤੇ ਹਸਾਸ ਪਲਾਂ ਦਾ ਨਿਉਂਦਾ
ਆਪਣੀ ਸੱਖਣੀ ਤਲੀ `ਤੇ ਧਰਦਾ।
ਵਿਸਮਾਦੀ ਸਾਹ ਖੁਦ ਦੇ ਨਾਵੇਂ ਕਰਦਾ।
ਕਦੇ ਕਦਾਈਂ ਇਹ ਪਰਛਾਵਾਂ
ਮੈਨੂੰ ਹਲੂਣਦਾ ਤੇ ਸੁਚੇਤ ਕਰਦਾ
ਥਿੜਕਦੇ ਪੈਰੀਂ ਹਨੇਰੇ ਰਾਹਾਂ ਤੋਂ ਹਟਕੇ
ਮੇਰੇ ਰਾਹੀਂ ਰੌਸ਼ਨੀ ਪਸਾਰਦਾ
ਨਵੀਆਂ ਮੰਜ਼ਲੀ ਰਾਹਾਂ ਦਾ ਹਮਸਫ਼ਰ ਬਣ
ਖੁਦ ਅਤੇ ਮੈਨੂੰ ਕਿਸੇ ਪ੍ਰਾਪਤੀ ਨਾਲ ਵਰ ਦਾ।
ਪਤਾ ਲੱਗਦਾ ਕਿ
ਪਰਛਾਵਾਂ ਤੁਹਾਡਾ ਕਿੰਨਾ ਹਿਤੈਸ਼ੀ
ਹਰਦਮ ਤੁਹਾਡੀਆਂ ਖੈਰਾਂ ਲੋਚੇ
ਤੇ ਤੁਹਾਡੀ ਹੋਂਦ `ਚੋਂ ਸਾਹ-ਬੰਦਗੀ ਦਾ ਦਾਨ ਮੰਗੇ।
ਜ਼ਿੰਦਗੀ ਦਾ ਪਰਛਾਵਾਂ ਸਭ ਤੋਂ ਵੱਡੀ ਅਮਾਨਤ ਅਤੇ ਇਨਾਇਤ। ਕਦੇ ਬਿਰਖ਼ ਨੂੰ ਪੁੱਛਣਾ ਜਦ ਉਸਦਾ ਪਰਛਾਵਾਂ ਕਾਲੀ ਘਟਾ ਦੀ ਭੇਟ ਚੜ੍ਹਦਾ ਜਾਂ ਢਲਦੇ ਦਿਨ ਨਾਲ ਲੰLਮੇਰਾ ਹੋ ਉਸਦਾ ਪਰਛਾਵਾਂ ਆਖ਼ਰ ਨੂੰ ਪੱਲਾ ਹੀ ਛੁਡਾ ਜਾਂਦਾ। ਬਿਰਖ ਆਪਣੇ ਪ੍ਰਛਾਵੇਂ ਨੂੰ ਬਹੁਤ ਤਰਸ ਜਾਂਦਾ ਜਦ ਉਹ ਰੁੰਡ-ਮਰੁੰਡ ਹੋਇਆ, ਆਪਣੇ ਪੱਤਿਆਂ, ਲੱਗਰਾਂ, ਟਾਹਣਾਂ ਤੇ ਫੁੱਲਾਂ ਤੋਂ ਮਰਹੂਮ ਹੋਇਆ, ਪ੍ਰਛਾਵੇਂ ਦੀ ਭੀਖ ਮੰਗਦਿਆਂ ਖੁਦ ਹੀ ਬਲਦਾ ਸਿਵਾ ਬਣ ਜਾਂਦਾ।
ਕਦੇ ਉਸ ਪਰਿੰਦੇ ਦੀ ਦਰਦ ਕਹਾਣੀ ਸੁਣਨ ਦੀ ਵਿਹਲ ਕੱਢਣਾ ਜਿਹੜਾ ਉਚੇ ਅੰਬਰ ਨੂੰ ਹੱਥ ਲਾਉਣ ਦੇ ਭਰਮ ਵਿਚ ਧਰਤੀ ਨਾਲੋਂ ਵੀ ਦੂਰ ਚਲੇ ਜਾਂਦਾ ਅਤੇ ਉਸਦਾ ਪਰਛਾਵਾਂ ਦੂਰੀ ਦੀ ਫਿਜ਼ਾ ਹੀ ਹਜ਼ਮ ਜਾਂਦੀ।
ਜ਼ਿੰਦਗੀ ਦੇ ਪ੍ਰਛਾਵੇਂ ਦੀ ਔਕਾਤ ਜਾਨਣ ਲਈ ਕਦੇ ਆਪਣੀਆਂ ਜੜ੍ਹਾਂ, ਘਰਾਂ, ਗਰਾਂ ਅਤੇ ਦਰਾਂ ਤੋਂ ਦੂਰ ਚਲੇ ਗਏ ਪਰਵਾਸੀਆਂ ਨਾਲ ਕੁਝ ਪਲ ਮਿਲ ਬੈਠਣ ਦੀ ਵਿਹਲ ਕੱਢਣਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਪਰਛਾਵਾਂ ਦਿਨ ਵਿਚ ਕਿੰਨੀ ਵਾਰ ਮਰਦਾ, ਜਿਉਂਦਾ, ਸਿਸਕਦਾ, ਹਉਕੇ ਭਰਦਾ, ਹਾਵਿਆਂ `ਚ ਸਾਹਾਂ ਨੂੰ ਸਿਊਂਦਾ ਅਤੇ ਮੌਤ ਵਿਚੋਂ ਵੀ ਜਿਉਣ ਦਾ ਭਰਮ ਪਾਲਦਾ। ਬਹੁਤ ਔਖਾ ਹੁੰਦਾ ਹੈ ਜ਼ਿੰਦਗੀ ਦੇ ਪ੍ਰਛਾਵੇਂ ਦਾ ਪਲ ਪਲ ਮਰਨਾ ਅਤੇ ਫਿਰ ਇਸ ਮੌਤ ਵਿਚੋਂ ਜਿਊਣ ਦਾ ਆਹਰ ਕਰਨਾ।
ਯਾਦ ਰਹੇ ਕਿ ਤੁਹਾਡੀ ਜ਼ਿੰਦਗੀ ਦਾ ਪਰਛਾਵਾਂ ਤੁਹਾਡਾ ਆਪਣਾ ਹੋਵੇ ਕਿਉਂਕਿ ਕਿਸੇ ਦਾ ਪਰਛਾਵਾਂ ਬਣ ਕੇ ਬੰਦਾ ਖੁਦ ਆਪਣੀ ਹਸਤੀ ਤੇ ਹੋਂਦ ਖਤਮ ਕਰ ਬਹਿੰਦਾ। ਕਿਸੇ ਦੇ ਪ੍ਰਛਾਵੇਂ ਹੇਠ ਮੌਲਣਾ, ਵਿਗਸਣਾ, ਪੁੰਗਰਨਾ ਅਤੇ ਆਪਣੀ ਵਿਲੱਖਣਤਾ ਤੇ ਵਿਸ਼ੇਸ਼ਤਾ ਨੂੰ ਸਿਰਜਣਾ ਅਸੰਭਵ।
ਜ਼ਿੰਦਗੀ ਦੇ ਪ੍ਰਛਾਵੇਂ ਦੇ ਕਈ ਰੰਗ। ਕਦੇ ਪਲੱਤਣਾਂ ਦਾ ਹਾਮੀ, ਕਦੇ ਸੰਧੂਰੀ ਰੰਗਤ। ਕਦੇ ਪਹਿਨਦਾ ਹਰਾ ਲਿਬਾਸ ਅਤੇ ਕਦੇ ਕਦਾਈਂ ਕੇਸਰੀ ਰੰਗਤ। ਕਦੇ ਕਾਲੀ ਰਾਤ ਦਾ ਪਰਤੋਅ, ਕਦੇ ਚੜ੍ਹਦੇ ਦੀ ਲਾਲੀ। ਕਦੇ ਤਿੱਖੜ ਦੁਪਹਿਰ ਦੀ ਤਪਸ਼, ਕਦੇ ਢਲਦੇ ਦਿਨ ਦੀ ਠੰਡਕ। ਕਦੇ ਪੱਤਝੜ ਤੇ ਕਦੇ ਬਹਾਰ। ਕਦੇ ਤੱਤੀ ਲੂਅ ਤੇ ਕਦੇ ਕਣੀਆਂ ਦੀ ਕਿਣ-ਮਿਣ। ਕਦੇ ਪੰਛੀਆਂ ਦਾ ਗੀਤ ਅਤੇ ਕਦੇ ਪੱਤਿਆਂ ਦਾ ਸੰਗੀਤ। ਕਦੇ ਕੋਇਲ ਦੀ ਕੂਕ ਤੇ ਕਦੇ ਕੂੰਜ ਦੀ ਹੂਕ। ਕਦੇ ਕੋਚਰੀ ਦਾ ਰੋਣਾ ਤੇ ਕਦੇ ਆਲ੍ਹਣੇ ਦਾ ਵਿਰਦ। ਜ਼ਿੰਦਗੀ ਦੇ ਪ੍ਰਛਾਵੇਂ ਨੂੰ ਕਿਸ ਰੰਗ ਵਿਚ ਰੰਗਣਾ ਤੇ ਕਿਹੜੇ ਰੰਗ ਨੂੰ ਰੂਹ ਦਾ ਹਾਣੀ ਬਣਾਉਣਾ, ਇਹ ਮਨੁੱਖ ਦੇ ਆਪਣੇ ਹੱਥ-ਵੱਸ।
ਜ਼ਿੰਦਗੀ ਦੇ ਪਰਛਾਵੇਂ ਦੀ ਤਾਸੀਰ ਤੁਹਾਡੀ ਸੰਗਤ, ਅਦਬੀ ਰੰਗਤ, ਸੋਚ, ਸੰਵੇਦਨਾ, ਸੁਹਜ, ਸਮਰਪਿਤਾ, ਸਕੂਨ, ਸ਼ੁਕਰ, ਸੰਤੋਖ, ਸਬਰ, ਜੀਵਨੀ ਸੂਝ, ਦਿੱਬ-ਦ੍ਰਿਸ਼ਟੀ ਅਤੇ ਦਰਿਆ-ਦਿਲੀ, ਦਰਵੇਸ਼ੀ, ਦਿਲਦਾਰੀ ਅਤੇ ਦਿਲਗੀਰੀ `ਤੇ ਨਿਰਭਰ।
ਕਿਸੇ ਦੀ ਜ਼ਿੰਦਗੀ ਦੇ ਪਰਛਾਵੇਂ ਦੀਆਂ ਪਰਤਾਂ ਫਰੋਲਣਾ ਹੋਵੇ ਤਾਂ ਉਸਨੂੰ ਨਿੱਠ ਕੇ ਮਿਲਣਾ, ਉਸਦੇ ਬੋਲਾਂ, ਸ਼ਬਦਾਂ, ਇਸ਼ਾਰਿਆਂ, ਸਰੀਰਕ ਹਰਕਤਾਂ ਜਿਵੇਂ ਦੇਖਣਾ, ਤੁਰਨਾ, ਫਿਰਨਾ ਬੋਲਣਾ, ਚੁੱਪ, ਠਹਿਰਾਓ ਅਤੇ ਕਾਹਲੇਪਣ ਜਾਂ ਉਸਦੇ ਸਮਾਜਿਕ ਵਰਤੋਂ-ਵਿਵਹਾਰ, ਹਮ ਖ਼ਿਆਲੀਆਂ, ਹਮਜੋਲੀਆਂ ਜਾਂ ਹਮਸਫ਼ਰਾਂ ਨਾਲ ਕੇਹਾ ਵਤੀਰਾ, ਹਊਮੈਂ, ਹੰਕਾਰ, ਕਹਿਣੀ ਤੇ ਕਥਨੀ ਆਦਿ ਵਿਚੋਂ ਬਹੁਤ ਜਲਦੀ ਦੇਖਿਆ ਤੇ ਸਮਝਿਆ ਜਾ ਸਕਦਾ।
ਜ਼ਿੰਦਗੀ ਦੀ ਹੁਸੀਨਤਾ ਵੀ ਇਸਦੇ ਪ੍ਰਛਾਵੇਂ ਵਿਚੋਂ ਅਕਾਂਖੀ ਅਤੇ ਸਮਝੀ ਜਾ ਸਕਦੀ। ਮੁਸਕਰਾਂਦੇ ਪ੍ਰਛਾਵੇਂ ਵਾਲੇ ਹੱਸਮੁਖ ਵਿਅਕਤੀ ਹੁੰਦੇ ਜਦ ਕਿ ਖੁਦ ਨੂੰ ਨਫ਼ਰਤ ਕਰਨ ਵਾਲੇ ਸਿਰਫ਼ ਘ੍ਰਿਣਾ ਦੇ ਹੀ ਪਾਤਰ ਹੁੰਦੇ।
ਪਲ ਪਲ ਲੰਮਾ ਹੋਈ ਜਾਵੇ
ਜ਼ਿੰਦਗੀ ਦਾ ਪਰਛਾਵਾਂ।
ਰੂਹ ਚਾਹੁੰਦੀ ਏ ਲੰਮੀਆਂ ਹੋਵਣ
ਇਸ ਜੀਵਨ ਦੀਆਂ ਰਾਹਵਾਂ।

ਬਹੁਤਾ ਜੀਵਨ ਗਿਆ ਅਕਾਰਥ
ਰੰਗ ਤਮਾਸ਼ੀਂ ਲੰਘਿਆ
ਮਨ ਕਰਦਾ ਹੁਣ ਕਰਾਂ ਸੁਕਾਰਥ
ਬਾਕੀ ਬਚੀਆਂ ਸਾਹਵਾਂ।

ਚਾਨਣ ਦੀ ਇਕ ਕਾਤਰ ਖਾਤਰ
ਰੇਜ਼ਾ ਰੇਜ਼ਾ ਹੋਇਆ
ਭੁੱਲ ਕੇ ਬੀਤੇ ਕਲ ਨੂੰ ਸੋਚਾਂ
ਖੁਦ ਬਲ਼ ਕੇ ਰੁਸ਼ਨਾਵਾਂ।

ਗਾਹ ਲਏ ਕਈ ਦੇਸ਼-ਦੇਸ਼ਾਂਤਰ
ਦੇਖ ਲਈਆਂ ਤਸਵੀਰਾਂ,
ਚਿੱਤ ਕਰਦੈ ਜਾ ਸਜਦਾ ਕਰੀਏ
ਬਚਪਨ ਵਾਲੀਆਂ ਥਾਵਾਂ।

ਐਂਵੇਂ ਹਰ ਸ਼ੌਕ ਬਹਾਨੇ
ਜਿੰਦ ਸੀ ਸਸਤੀ ਕੀਤੀ,
ਭੱਜਦੌੜ `ਚ ਯਾਦ ਨਾ ਰਹੀਆਂ
ਸੁਹਜ, ਸੁਖਨ, ਦੁਆਵਾਂ।

ਕੁਝ ਇਛਾਵਾਂ ਤੇ ਅਰਦਾਸਾਂ
ਅਜੇ ਅਪੂਰਨ ਪਈਆਂ
ਜੀਂਦਾ ਰਿਹਾ ਤਾਂ ਮੱਥੇ ਖੁਣਾਂਗਾ
ਖ਼ਾਬਾਂ ਦਾ ਸਿਰਨਾਵਾਂ।

ਕਦੇ ਵਾਗੀ ਤੇ ਕਦੇ ਘਾਹੀ ਸੀ
‘ਬਖ਼ਸ਼ੀ’ ਮੈਂਥੋਂ ਰੁੱਸਿਆ,
ਜੀਅ ਕਰਦੈ ਹੁਣ ਲਾਹ ਮਖੌਟਾ
ਭੱਜ ਕੇ ਜੱਫ਼ੀ ਪਾਵਾਂ।

ਜੀਵਨ-ਸਫ਼ਰ `ਤੇ ਤੁਰਦਿਆਂ ਮੁੱਖ ਹਮੇਸ਼ਾ ਹੀ ਰੌਸ਼ਨੀ ਵੱਲ ਰੱਖੋ। ਦੇਖਣਾ! ਤੁਹਾਡਾ ਪਰਛਾਵਾਂ ਸਦਾ ਹੀ ਤੁਹਾਡੇ ਪਿੱਛੇ ਰਹੇਗਾ।
ਜ਼ਿੰਦਗੀ ਦਾ ਇਹ ਪਰਛਾਵਾਂ ਹੀ ਹੁੰਦਾ ਜੋ ਕਿ ਤੁਹਾਨੂੰ ਜਿਉਂਦੇ ਹੋਣ ਦਾ ਅਹਿਸਾਸ ਕਰਵਾਉਂਦੇ। ਮਰਨ `ਤੇ ਤੁਹਾਡਾ ਪਰਛਾਵਾਂ ਵੀ ਤੁਹਾਡਾ ਸਾਥ ਛੱਡ ਜਾਂਦਾ।
ਜਿੰLਦਗੀ ਦੇ ਪ੍ਰਛਾਵੇਂ ਨੂੰ ਮੌਲਿਕ ਰੂਪ ਵਿਚ ਖੁੱਲ੍ਹੇ ਮਨ ਨਾਲ ਦੇਖਦਿਆਂ, ਸਾਨੂੰ ਆਪਣੇ ਆਪ ਨੂੰ ਮਿਲਣ ਅਤੇ ਖ਼ੁਦ ਨੂੰ ਉਜਿਆਰਾ ਤੇ ਨਿਆਰਾ ਕਰਨ ਦਾ ਖ਼ਾਬ ਅਤੇ ਖਿਆਲ ਪੈਦਾ ਹੁੰਦਾ।
ਜ਼ਿੰਦਗੀ ਦਾ ਪਰਛਾਵਾਂ ਬੰਦੇ ਦਾ ਆਪਣਾ ਕੱਚ-ਸੱਚ, ਆਪਣੀ ਅਸਲੀਅਤ ਦੇ ਰੂਬਰੂ ਆਪਣੇ ਹੀ ਬਿੰਬ ਦਾ ਹੂ-ਬਹੂ ਅਤੇ ਆਪਣੇ ਨਾਲ ਰਚਾਇਆ ਸੰਵਾਦ, ਸਿਰਜਣਾ ਅਤੇ ਸਾਰਥਿਕਤਾ।
ਜ਼ਿੰਦਗੀ ਦਾ ਪਰਛਾਵਾਂ ਅਸਲ ਵਿਚ ਬੰਦੇ ਦੀ ਬੰਦਿਆਈ, ਚਤੁਰਾਈ, ਭਲਿਆਈ, ਹਯਾਈ ਬੁਰਿਆਈ, ਦਾਨਾਈ ਜਾਂ ਰੁਸ਼ਨਾਈ ਦਾ ਪ੍ਰਤੀਕ।
ਕਦੇ ਵੀ ਕੱਲ੍ਹ ਦੇ ਜ਼ਿੰਦਗੀ ਦੇ ਪ੍ਰਛਾਵਿਆਂ ਨੂੰ ਆਪਣੀ ਅੱਜ ਦੀ ਰੰਗਲੀ ਦੁਪਹਿਰ ਵਿਚ ਖਲਲ ਨਾ ਪਾਉਣ ਦਿਓ। ਕੱਲ੍ਹ ਤਾਂ ਬੀਤ ਹੀ ਗਿਆ ਪਰ ਅੱਜ ਤਾਂ ਤੁਸੀਂ ਜੀਅ ਭਰ ਕੇ ਜੀਓ।
ਜ਼ਿੰਦਗੀ ਦੇ ਪ੍ਰਛਾਵੇਂ ਨੂੰ ਗਲ ਨਾਲ ਲਾਓ, ਸਹਿਲਾਓ, ਲਾਡ-ਲਡਾਓ ਅਤੇ ਬੁੱਕਲ ਦਾ ਯਾਰ ਬਣਾਓ। ਜ਼ਿੰਦਗੀ ਬਹੁਤ ਹੀ ਹੁਸੀਨ, ਰੰਗੀਨ ਅਤੇ ਨਾਜ਼ਨੀਨ ਹੋ ਜਾਵੇਗੀ।
ਸਭ ਤੋਂ ਖੂਬਸੂਰਤ ਹੁੰਦੇ ਨੇ ਅਜੇਹੇ ਜ਼ਿੰਦਗੀ ਦੇ ਪ੍ਰਛਾਵੇਂ ਜੋ ਬੰਦੇ ਦੀ ਖੁਦ ਦੀ ਧੁੱਪ ਵਿਚ ਬਣਦੇ ਅਤੇ ਜਿਨ੍ਹਾਂ `ਤੇ ਵਕਤ ਨੂੰ ਵੀ ਨਾਜ਼ ਹੁੰਦਾ।
ਜ਼ਿੰਦਗੀ ਦੇ ਪ੍ਰਛਾਵੇਂ ਸਾਡੇ ਜੀਵਨ-ਰਾਹਾਂ ਨੂੰ ਪਹਿਲ-ਕਦਮੀ, ਪੈੜਾਂ, ਪਛਾਣ ਅਤੇ ਪ੍ਰਤਿਸ਼ਠਾ ਬਖ਼ਸ਼ਦੇ ਤਾਂ ਹੀ ਅਸੀਂ ਆਪਣੇ ਪ੍ਰਛਾਵਿਆਂ ਨੂੰ ਖੁਸ਼ੀ ਖੁਸ਼ੀ ਮੋਢਿਆਂ `ਤੇ ਢੋਂਦੇ।
ਕਦੇ ਕਦੇ ਅਸੀਂ ਆਪਣੀ ਜ਼ਿੰਦਗੀ ਦਾ ਪਰਛਾਵਾਂ ਸ਼ੀਸ਼ੇ ਵਿਚੋਂ ਵੀ ਦੇਖਦੇ ਹਾਂ। ਅਸੀਂ ਹੱਸਦੇ ਤਾਂ ਹੱਸਦਾ, ਰੋਂਦੇ ਤਾਂ ਰੋਂਦਾ, ਸਿਸਕਦੇ ਤਾਂ ਸਿਸਕਦਾ ਅਤੇ ਮੁਸਕਰਾਉਂਦੇ ਤਾਂ ਮੁਸਕਰਾਉਂਦਾ। ਇਹ ਪਰਛਾਵਾਂ ਕਦੇ ਵੀ ਝੂਠ ਨਹੀਂ ਬੋਲਦਾ।
ਜਿੰLਦਗੀ ਨੂੰ ਸਮਝਣ ਲਈ ਜ਼ਿੰਦਗੀ ਦੇ ਪ੍ਰਛਾਵੇਂ ਵੰਨੀਂ ਦੇਖਣਾ ਅਤੇ ਜ਼ਿੰਦਗੀ ਦੇ ਜਸ਼ਨ ਲਈ ਹਮੇਸ਼ਾ ਚਾਨਣ ਵੱਲ ਨਿਗਾਹ ਰੱਖਣਾ।
ਮੇਰੇ ਨਾਲ-ਨਾਲ ਚੱਲਦੇ ਜ਼ਿੰਦਗੀ ਦੇ ਪ੍ਰਛਾਵੇਂ ਨੂੰ ਮੈਂ ਆਖਰ ਇਕ ਦਿਨ ਪੁੱਛ ਹੀ ਲਿਆ ਕਿ ਤੂੰ ਕਾਹਤੋਂ ਹਰਦਮ ਮੇਰੇ ਨਾਲ ਰਹਿਨਾ ਏਂ? ਉਹ ਹੱਸ ਕੇ ਬੋਲਿਆ, “ਦੱਸੀਂ ਖਾਂ! ਹੋਰ ਤੇਰੇ ਨਾਲ ਰਹਿ ਵੀ ਕੌਣ ਗਿਆ ਏ?” ਤੇ ਮੈਂ ਭੁਚੱਕਾ ਰਹਿ ਗਿਆ ਉਸਦੀ ਹਾਜ਼ਰ-ਜਵਾਬੀ `ਤੇ।