ਕਿੱਥੋਂ ਆ ਵੜਿਆ ਆਹ ਬੇਵੜਾ

ਬਲਜੀਤ ਬਾਸੀ
ਫੋਨ: 734-259-9353
ਪੰਜਾਬੀ ਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਬੌਲੀਵੁਡ ਦੀਆਂ ਫਿਲਮਾਂ ਅਤੇ ਕ੍ਰਿਕਟ ਖੇਡ ਵਿਚ ਵਰਤੀ ਜਾਂਦੀ ਸ਼ਬਦਾਵਲੀ ਦਾ ਚੋਖਾ ਦਖਲ ਹੁੰਦਾ ਜਾ ਰਿਹਾ ਹੈ। ਪੰਜਾਬੀ ਵਿਚ ਇਹ ਦਖਲ ਸਿੱਧੇ ਤੌਰ `ਤੇ ਵੀ ਤੇ ਅਸਿੱਧੇ ਤੌਰ `ਤੇ ਵੀ ਹੋ ਰਿਹਾ ਹੈ। ਅਸਿੱਧੇ ਦਾ ਮਤਲਬ ਪੰਜਾਬੀ ਅਖਬਾਰਾਂ ਰਾਹੀਂ ਜਿਨ੍ਹਾਂ ਵਿਚ ਫਿਲਮਾਂ ਤੇ ਕ੍ਰਿਕਟ ਬਾਰੇ ਖੂਬ ਚਰਚਾ ਹੁੰਦੀ ਹੈ।

ੳਂੁਝ ਇਹ ਤੱਥ ਤਾਂ ਸਾਰੇ ਹੀ ਜਾਣਦੇ ਹਨ ਕਿ ਇਤਿਹਾਸਕ ਤੌਰ `ਤੇ ਬੌਲੀਵੁਡ ਫਿਲਮ ਇੰਡਸਟਰੀ ਵਿਚ ਪੰਜਾਬੀਆਂ ਦਾ ਬੋਲਬਾਲਾ ਹੋਣ ਕਰਕੇ ਹਿੰਦੀ ਫਿਲਮਾਂ ਦੇ ਸੰਵਾਦਾਂ ਤੇ ਗਾਣਿਆਂ ਵਿਚ ਬਹੁਤ ਸਾਰੇ ਪੰਜਾਬੀ ਸ਼ਬਦ, ਉਕਤੀਆਂ ਦੀ ਭਰਮਾਰ ਹੈ ਜਿਵੇਂ ਰੱਬ, ਕੁੜੀ, ਭੰਗੜਾ, ਮੁੰਡਾ, ਮੱਖਣਾ, ਢੋਲਣਾ, ਸੁਹਣਾ, ਸੁਹਣੀ, ਸਿਮਰਣ ਆਦਿ। ਇਹ ਸ਼ਬਦ ਹੋਰ ਭਾਰਤੀ ਭਾਸ਼ਾਵਾਂ ਦੇ ਬੋਲਣਹਾਰਿਆਂ ਦੁਆਰਾ ਜੇ ਆਮ ਵਰਤੇ ਨਹੀਂ ਵੀ ਜਾਂਦੇ ਹੋਣਗੇ ਤਾਂ ਇਨ੍ਹਾਂ ਦਾ ਗਿਆਨ ਜ਼ਰੂਰ ਵਿਆਪਕ ਹੋ ਗਿਆ ਹੈ। ਮੈਨੂੰ ਕਿਸੇ ਨੇ ਦੱਸਿਆ ਕਿ ਕਿਸੇ ਤਾਮਿਲ ਫਿਲਮ ਦੇ ਨਾਚ ਵਿਚ ਪੰਜਾਬੀ ਭੰਗੜੇ ਦਾ ਹੜਿੱਪਾ ਸ਼ਬਦ ਵਰਤਿਆ ਗਿਆ ਹੈ। ਦੇਸ ਪ੍ਰਦੇਸ ਵਿਚ ਹਰਮਨ-ਪਿਆਰੇ ਹੋ ਰਹੇ ਪੰਜਾਬੀ ਗੀਤ-ਸੰਗੀਤ ਨਾਲ ਇਹ ਪ੍ਰਵਿਰਤੀ ਹੋਰ ਵਧੇਗੀ। ਪਰ ਆਪਾਂ ਪੰਜਾਬੀ ਵਿਚ ਫਿਲਮਾਂ ਅਤੇ ਕ੍ਰਿਕਟ ਰਾਹੀਂ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦੇ ਪ੍ਰਵੇਸ਼ ਦੀ ਗੱਲ ਕਰਨ ਲੱਗੇ ਸਾਂ। ਇਹ ਸ਼ਬਦ ਆਮ ਤੌਰ `ਤੇ ਬੰਬਈਆ ਕਹਾਉਂਦੀ ਮੁੰਬਈ ਦੀ ਹਿੰਦੀ ਮਿੱਸ ਵਾਲੀ ਮਰਾਠੀ ਵਿਚੋਂ ਆਏ ਹਨ। ਮਿਸਾਲ ਵਜੋਂ ਬਿੰਦਾਸ, ਨਾਬਾਦ, ਟਪੋਰੀ ਆਦਿ। ਪਹਿਲੇ ਦੋਵਾਂ ਸ਼ਬਦਾਂ ਦੀ ਵਿਆਖਿਆ ਪਹਿਲਾਂ ਕਿਤੇ ਕੀਤੀ ਜਾ ਚੁੱਕੀ ਹੈ, ਟਪੋਰੀ ਦੀ ਵਾਰੀ ਵੀ ਆਵੇਗੀ। ਅੱਜ ਚਰਚਾ ਕਰਨ ਲੱਗੇ ਹਾਂ ‘ਬੇਵੜਾ’ ਦੀ। ਇਸ ਸ਼ਬਦ ਨੂੰ ਮੁੱਖ ਤੌਰ `ਤੇ ਨਸ਼ੇੜੀ, ਟੁੰਨ, ਟੱਲੀ, ਸ਼ਰਾਬੀ ਦੇ ਅਰਥਾਂ ਵਿਚ ਲਿਆ ਜਾਂਦਾ ਹੈ। ਪੰਜਾਬੀ ਸਾਹਿਤ ਤੇ ਆਮ ਬੋਲਚਾਲ ਵਿਚ ਇਹ ਸ਼ਬਦ ਘੱਟ ਹੀ ਰੜਕਦਾ ਹੈ ਤੇ ਨਾ ਹੀ ਇਹ ਕਿਸੇ ਪੰਜਾਬੀ ਕੋਸ਼ ਵਿਚ ਦਰਜ ਹੈ। ਹਾਂ, ਸੋਸ਼ਲ ਮੀਡੀਆ ਵਿਚ ਜ਼ਰੂਰ ਇਸ ਦੀ ਚੜ੍ਹਾਈ ਹੈ। ਮਿਸਾਲ ਵਜੋਂ ਰਣਬੀਰ ਕਪੂਰ ਦੀ ਇਕ ਫਿਲਮ ‘ਸੰਜੂ’ ਬਾਰੇ ਇੱਕ ਅਖਬਾਰ ਦਾ ਸਿਰਲੇਖ ਇਸ ਪ੍ਰਕਾਰ ਹੈ, ‘ਬੇਵੜਾ ਹੈ, ਠਰਕੀ ਹੈ ਪਰ ਟੈਰੋਰਿਸਟ ਨਹੀਂ ਸੰਜੂ’। ‘ਪ੍ਰਸਥਾਨਮ’ ਨਾਮੀਂ ਫਿਲਮ ਵਿਚ ਮੀਕਾ ਸਿੰਘ ਦੇ ਗਾਏ ਇੱਕ ਗੀਤ ਦੇ ਬੋਲ ਹਨ, ‘ਦਿਲ ਬੇਵੜਾ’। ਹਰਿਆਣਵੀ ਦਾ ਇੱਕ ਗਾਣਾ ਖੂਬ ਵੱਜ ਰਿਹਾ ਹੈ,‘ਤੋੜ ਕੇ ਦਿਲ ਮੇਰਾ, ਬੇਵੜਾ ਮੰਨੇ ਬਨਾ ਗਈ’। ਹੋਰ ਸੁਣੋ,‘ਤੂੰ ਇੰਗਲਿਸ਼ ਕੀ ਬੋਤਲ ਰੇ, ਮੈਂ ਬੇਵੜਾ ਗਾਮ ਕਾ’। ਹਿੰਦੀ ਮਰਾਠੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਆਪਣੇ ਆਈਟਮ ਗੀਤਾਂ ‘ਬੇਵੜਾ ਬੇਵੜਾ ਜਾਲੋ ਮੀ ਟਾਈਟ’ ਲਈ ਮਸ਼ਹੂਰ ਹੈ। ਨਸ਼ਾ-ਪਾਣੀ ਦੇ ਸ਼ੌਕੀਨ ਪੰਜਾਬੀਆਂ ਨੂੰ ਇਹ ਸ਼ਬਦ ਲੱਭ ਪਿਆ ਹੈ ਤੇ ਦੇਖੀਏ ਕਿਵੇਂ ਪੰਜਾਬੀ ਸੋਸ਼ਲ ਮੀਡੀਆ `ਤੇ ਬੇਵੜੇ ਦੇ ਕਿਰਦਾਰ ਲੜਖੜਾਉਂਦੇ ਹਨ।
ਸਆਦਤ ਹਸਨ ਮੰਟੋ ਦੀ ਇਕ ਕਹਾਣੀ ‘ਹੱਤਕ’, ਜੋ ਮੁੰਬਈ ਦੀ ਇੱਕ ਵੇਸਵਾ ਦੇ ਜੀਵਨ ਬਾਰੇ ਹੈ, ਦੇ ਪੰਜਾਬੀ ਅਨੁਵਾਦ ਵਿਚ ਅਨੁਵਾਦਕ ਚਰਨ ਗਿੱਲ ਨੇ ਬੇਵੜਾ ਸ਼ਬਦ ਵਰਤਿਆ ਹੈ,‘ਉਸਦਾ ਸੀਨਾ ਅੰਦਰੋਂ ਤਪ ਰਿਹਾ ਸੀ। ਇਹ ਗਰਮੀ ਕੁੱਝ ਤਾਂ ਉਸ ਬਰਾਂਡੀ ਦੇ ਕਾਰਨ ਸੀ ਜਿਸਦਾ ਅਧੀਆ ਦਰੋਗਾ ਆਪਣੇ ਨਾਲ਼ ਲਿਆਇਆ ਸੀ ਅਤੇ ਕੁੱਝ ਉਸ “ਬੇਵੜਾ” ਦਾ ਨਤੀਜਾ ਸੀ ਜਿਸ ਨੂੰ ਸੋਡਾ ਖ਼ਤਮ ਹੋਣ `ਤੇ ਦੋਨਾਂ ਨੇ ਪਾਣੀ ਮਿਲਾ ਕੇ ਪੀਤਾ ਸੀ’। ਮੈਂ ਦੇਖਿਆ ਇਸ ਕਹਾਣੀ ਦੇ ਮੌਲਿਕ ਉਰਦੂ ਰੂਪ ਵਿਚ ਵੀ ਬੇਵੜਾ ਸ਼ਬਦ ਹੀ ਹੈ। ਸਾਫ਼ ਹੈ ਕਿ ਏਥੇ ਬੇਵੜਾ ਸ਼ਬਦ ਇਕ ਕਿਸਮ ਦੀ ਸ਼ਰਾਬ ਲਈ ਵਰਤਿਆ ਗਿਆ ਹੈ। ਪੰਜਾਬੀ ਦੇ ਗਲਪਕਾਰ ਗੁਰਮੁਖ ਸਿੰਘ ਸਹਿਗਲ ਦੇ ‘ਸਰਗਮ’ ਨਾਮੀਂ ਨਾਵਲ ਵਿਚ ਇੱਕ ਜਗ੍ਹਾ ਬੇਵੜਾ ਸ਼ਰਾਬ ਬਾਰੇ ਲਿਖਦਿਆਂ ਦੱਸਿਆ ਹੈ ਕਿ ਇਹ ਨਿਸ਼ਾਦਰ ਤੇ ਮੈਲਾ ਗੁੜ ਮਿਲਾ ਕੇ ਗੈਰ-ਕਾਨੂੰਨੀ ਤੌਰ `ਤੇ ਕਈ ਥਾਵਾਂ `ਤੇ ਕੱਢੀ ਜਾਂਦੀ ਹੈ। ਮਰਾਠੀ ਦੇ ਇਸ ਸ਼ਬਦ ਦੇ ਬਰਾਬਰ ਸਾਡੇ ਆਮ ਸ਼ਬਦ ਹਨ, ਦੇਸੀ ਸ਼ਰਾਬ, ਠੱਰਾ, ਰੂੜੀ ਮਾਰਕਾ ਜਾਂ ਢੇਰ ਮਾਰਕਾ। ਬੇਵੜਾ ਦਾ ਇੱਕ ਬੋਲਚਾਲੀ ਉਚਾਰ ਬਿਉੜਾ ਵੀ ਮਿਲਦਾ ਹੈ- ਵ ਧੁਨੀ ਦਾ ਉ ਧੁਨੀ ਵਿਚ ਪਲਟ ਜਾਣਾ ਆਮ ਵਰਤਾਰਾ ਹੈ ਜਿਵੇਂ ਕੇਵੜਾ (ਰੂਹ ਕੇਵੜਾ) ਦਾ ਕਿਉੜਾ ਵਿਚ ਬਦਲਣਾ। ਡੰਕੀ ਮਾਰਗ ਰਾਹੀਂ ਬਾਹਰ ਜਾਣ ਲਈ ਪੰਜਾਬੀਆਂ ਦਾ ਇੱਕ ਟੋਲਾ ਮੰਬਈ ਦੀ ਇੱਕ ਖੋਲੀ ਵਿਚ ਰਹਿ ਰਿਹਾ ਸੀ। ਉਸ ਟੋਲੇ ਦੇ ਇੱਕ ਜਣੇ ਨੇ ਆਪਣੇ ਅਨੁਭਵ ਇਕ ਅਖਬਾਰ ਵਿਚ ਵਿਅਕਤ ਕਰਦਿਆਂ ਦੱਸਿਆ ਕਿ ਮੁੰਬਈ ਦੇ ਕੋਹਲੀਬਾੜਾ ਇਲਾਕੇ ਵਿਚ ‘ਬਿਉੜਾ’ ਸ਼ਰ੍ਹੇਆਮ ਵਿਕਦੀ ਸੀ। ਤਕਰੀਬਨ ਹਰ ਤੀਜੇ ਘਰ ਇਸ ਦਾ ਅੱਡਾ ਹੁੰਦਾ ਸੀ ਤੇ ਇਸ ਦੀ ਕੀਮਤ 4 ਰੁਪਏ ਪ੍ਰਤੀ ਬੋਤਲ ਹੁੰਦੀ ਸੀ। ਮੁੱਕਦੀ ਗੱਲ ਕਿ ਘਰ ਕੱਢੀ ਜਾਂਦੀ ਸ਼ਰਾਬ ਲਈ ਬੇਵੜਾ/ਬਿਉੜਾ ਮਰਾਠੀ ਦਾ ਆਮ ਸ਼ਬਦ ਹੈ। ਹੁਣ ਅਸੀਂ ਦੇਖਾਂਗੇ ਕਿ ਮਰਾਠੀ ਵਿਚ ਇਹ ਸ਼ਬਦ ਕਿਵੇਂ ਵੜਿਆ।
ਅਸੀਂ ਇਸ ਕਾਲਮ ਰਾਹੀਂ ਪਹਿਲਾਂ ਕਈ ਅਜਿਹੇ ਪੁਰਤਗੀਜ਼ ਸ਼ਬਦਾਂ ਦੀ ਚਰਚਾ ਕਰ ਆਏ ਹਾਂ ਜੋਗੋਆ ਵਿਚ ਸੋਲ੍ਹਵੀਂ ਸਦੀ ਵਿਚ ਸ਼ੁਰੂ ਹੋਏ ਪੁਰਤਗੀਜ਼ਾਂ ਦੇ ਸ਼ਾਸਨ ਦੌਰਾਨ ਭਾਰਤੀ ਭਾਸ਼ਾਵਾਂ ਵਿਚ ਆ ਘੁਸੇ। ਬੇਵੜਾ ਸ਼ਬਦ ਵੀ ਦਰਅਸਲ ਇਨ੍ਹਾਂ ਵਿਚੋਂ ਹੀ ਇਕ ਹੈ। ਪੁਰਤਗੀਜ਼ ਭਾਸ਼ਾ ਵਿਚ ਇਹ ਸ਼ਬਦ bebida ਵਜੋਂ ਪ੍ਰਚੱਲਤ ਹੈ ਤੇ ਉਸ ਭਾਸ਼ਾ ਵਿਚ ਇਹ ਸ਼ਬਦ ਅੰਗਰੇਜ਼ੀ ਦੇ beverage ਦੀ ਤਰ੍ਹਾਂ ਕਿਸੇ ਵੀ ਪੀਣ ਪਦਾਰਥ ਜਿਵੇਂ ਸੋਡਾ, ਚਾਹ, ਬੀਅਰ, ਵਾਈਨ, ਸ਼ਰਾਬ ਆਦਿ ਲਈ ਪ੍ਰਯੁਕਤ ਹੁੰਦਾ ਹੈ। ਪੁਰਤਗੀਜ਼ ਵਿਚ ਇਸ ਤੋਂ ਸ਼ਰਾਬ ਦੇ ਅਰਥ ਲੈਣ ਲਈ ਇਸ ਨਾਲ ਅਲਕੋਹਲ ਸ਼ਬਦ ਲਾਇਆ ਜਾਂਦਾ ਹੈ ਪਰ ਪ੍ਰਸੰਗ ਅਨੁਸਾਰ ਇਕੱਲੇ ਤੌਰ `ਤੇ ਵਰਤਿਆਂ ਵੀ ਇਸ ਤੋਂ ਸ਼ਰਾਬ ਦੇ ਅਰਥ ਹੀ ਨਿਕਲਣਗੇ ਜਿਵੇਂ ਪੰਜਾਬੀ,’ਕਿੰਨੀ ਪੀਤੀ ਤੇ ਕਿੰਨੀ ਬਾਕੀ ਹੈ’ ਦਾ ਸੰਕੇਤ ਸ਼ਰਾਬ ਵੱਲ ਹੀ ਹੈ। ਢੁਕਵੇਂ ਮਾਹੌਲ ਵਿਚ ਅੰਗਰੇਜ਼ੀ drink ਵੀ ਸ਼ਰਾਬ ਦਾ ਘੁੱਟ ਹੀ ਪਿਲਾਉਂਦਾ ਹੈ। ਦਰਅਸਲ ਦੱਖਣੀ ਭਾਰਤ ਵਿਚ ਸ਼ਰਾਬ ਦੇ ਪ੍ਰਸੰਗ ਵਿਚ ਪੁਰਤਗੀਜ਼ ਭਾਸ਼ਾ ਦੇ ਦੋ ਸ਼ਬਦ ਪ੍ਰਚਲਤ ਸਨ : bebida ਸ਼ਰਾਬ ਦੇ ਅਰਥਾਂ ਵਿਚ ਅਤੇ bebidoਬਹੁਤ ਸ਼ਰਾਬ ਪੀਣ ਵਾਲਾ, ਸ਼ਰਾਬੀ ਕਬਾਬੀ ਦੇ ਅਰਥਾਂ ਵਿਚ। ਲਗਦਾ ਹੈ ਗੋਆ ਦੀ ਭਾਸ਼ਾ ਕੋਂਕਣੀ ਵਿਚ ਦੋਵੇਂ ਸ਼ਬਦ ‘ਬੇਬਦੋ’ ਵਜੋਂ ਹੀ ਪ੍ਰਚੱਲਤ ਹੋਏ ਜੋ ਮਰਾਠੀ ਵਿਚ ਆ ਕੇ ‘ਬੇਵੜਾ’ ਬਣ ਗਏ ਪਰ ਇਸ ਦੇ ਦੋਵੇਂ ਅਰਥ ਕਾਇਮ ਰਹੇ। ਇਹ ਸ਼ਬਦ ਕੁਝ ਦਰਾਵੜੀ ਭਾਸ਼ਾਵਾਂ ਵਿਚ ਵੀ ਇਨ੍ਹਾਂ ਹੀ ਅਰਥਾਂ ਸਮੇਤ ਪਰ ਕੁਝ ਵੱਖਰੇ ਉਚਾਰਣਾਂ ਸਹਿਤ ਰਚ ਮਿਚ ਗਿਆ।
ਮਰਾਠੀ ਅਤੇ ਬੰਬਈਆਂ ਭਾਸ਼ਾਵਾਂ ਤੋਂ ਚੱਲ ਕੇ ਫਿਲਮਾਂ ਵਿਚ ਇਸ ਸ਼ਬਦ ਦੀ ਖੂਬ ਵਰਤੋਂ ਹੋਈ ਤੇ ਬਰਾਸਤਾ ਫਿਲਮਾਂ ਅਤੇ ਅਖਬਾਰਾਂ ਪੰਜਾਬੀ ਵਿਚ ਪਿਆਕੜ ਦੇ ਅਰਥਾਂ ਵਿਚ ਪ੍ਰਚੱਲਤ ਹੋ ਗਿਆ। ਅੱਜ ਕਲ੍ਹ ਬੇਵੜਾ ਨੇ ਪਿਆਕੜ ਤੋਂ ਵੀ ਅੱਗੇ ਅਰਥ ਵਿਸਥਾਰ ਕਰ ਕੇ ਟੱਲੀ, ਧੁੱਤ, ਟੁੰਨ ਦੇ ਅਰਥ ਧਾਰਨ ਕਰ ਲਏ ਹਨ। ਅੱਗੇ ਜਾ ਕੇ ਦੱਸਾਂਗੇ ਕਿ ਇਸ ਸ਼ਬਦ ਦਾ ਸਾਡੇ ‘ਪਿਆਕੜ’ ਨਾਲ ਜਮਾਂਦਰੂ ਰਿਸ਼ਤਾ ਹੈ, ਬੋਲੇ ਤੋ ਇਸ ਦਾ ਸਜਾਤੀ ਹੈ। ਬੇਵੜਾ ਸ਼ਬਦ ਭਾਰੋਪੀ ਖਾਸੇ ਵਾਲਾ ਹੈ ਜੋ ਕੁਝ ਭੇਦਾਂ ਨਾਲ ਹੋਰ ਰੁਮਾਂਸ ਭਾਸ਼ਾਵਾਂ ਵਿਚ ਵੀ ਮਿਲਦਾ ਹੈ ਕਿਉਂਕਿ ਇਹ ਸਿੱਧੇ ਤੌਰ `ਤੇ ਰੁਮਾਂਸ ਭਾਸ਼ਾ ਲਾਤੀਨੀ ਦੇ bibere ਤੋਂ ਆਇਆ ਹੈ ਜਿਸ ਦਾ ਅਰਥ ਪੀਣਾ ਹੈ। ਪੁਰਤਗੀਜ਼ ਦਾ bebdi ਇਸ ਦਾ ਭੂਤਕਾਰ ਦੰਤਕ ਹੈ ਤੇ ਇਸ ਤਰ੍ਹਾਂ ਇਸ ਦਾ ਅਰਥ ਬਣਿਆ ਪੀਤਾ/ਪੀਤੀ। ਨੋਟ ਕਰੋ, ਪੰਜਾਬੀ ਪੀਤੀ ਦਾ ਅਰਥ ਵੀ ਸ਼ਰਾਬ ਪੀਤੀ ਹੁੰਦਾ ਹੈ ਹਾਲਾਂ ਕਿ ਸਾਡੀ ਭਾਸ਼ਾ ਵਿਚ ਇਸ ਤੋਂ ਸਿੱਧਾ ਸ਼ਰਾਬ ਦੇ ਅਰਥਾਂ ਵਾਲਾ ਕੋਈ ਨਾਂਵ ਸ਼ਬਦ ਨਹੀਂ ਬਣਿਆ ਭਾਵੇਂ ਸੰਭਾਵਨਾ ਹੈ ਸੀ।
ਪੀਣ-ਪਿਆਉਣ ਦੀ ਗੱਲ ਚੱਲੀ ਹੈ ਤਾਂ ਇਹ ਭੇਤ ਖੋਲ੍ਹ ਹੀ ਦਿੰਦੇ ਹਾਂ ਕਿ ਦਰਅਸਲ ਇਹ ਸ਼ਬਦ ਸਾਡੇ ‘ਪੀਣ’ ਸ਼ਬਦ ਦਾ ਸਕਾ ਹੈ। ਇਨ੍ਹਾਂ ਸ਼ਬਦਾਂ ਦਾ ਭਾਰੋਪੀ ਮੂਲ *po(i)) ਕਲਪਿਆ ਗਿਆ ਹੈ ਜਿਸ ਵਿਚ ਪੀਣ ਦੇ ਭਾਵ ਹਨ। ਕੁਝ ਭਾਸ਼ਾਵਾਂ ਵਿਚ ਇਸ ਮੂਲ ਤੋਂ ਬਣਦੇ ਕੁਝ ਜਾਣੇ ਜਾਂਦੇ ਸ਼ਬਦਾਂ ਦਾ ਜ਼ਿਕਰ ਕਰਦੇ ਹਾਂ। ਸਭ ਤੋਂ ਪਹਿਲਾਂ ਅੰਗਰੇਜ਼ੀ beverage ਹੀ ਲੈਂਦੇ ਹਾਂ। ਇਹ ਅੰਤਮ ਤੌਰ `ਤੇ ਲਾਤੀਨੀ ਤੋਂ ਫਰਾਂਸੀਸੀ ਰਾਹੀਂ ਹੁੰਦਾ 13ਵੀਂ ਸਦੀ ਵਿਚ ਅੰਗਰੇਜ਼ੀ ਵਿਚ ਪੁੱਜਾ। ਜ਼ਹਿਰ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ poison 12ਵੀਂ ਸਦੀ ਵਿਚ ਫਰਾਂਸੀਸੀ ਰਾਹੀਂ ਅੰਗਰੇਜ਼ੀ ਵਿਚ ਗਿਆ। ਫਰਾਂਸੀਸੀ ਤੇ ਲਾਤੀਨੀ ਵਿਚ ਇਸ ਸ਼ਬਦ ਦੇ ਉਸ ਵੇਲੇ ਦੇ ਰੂਪ ਵਿਚ ਪਹਿਲਾਂ ਇਕ ਦਵਾਈ ਜਾਂ ਘੁਟੀ ਦੇ ਅਰਥ ਸਨ, ਫਿਰ ਟੂਣੇ ਵਾਲੇ ਘੋਲ ਦੇ ਅਰਥ ਗ੍ਰਹਿਣ ਕੀਤੇ ਤੇ ਆਖਰ ਜ਼ਹਿਰ ਦਾ ਅਰਥਾਵਾਂ ਬਣ ਕੇ ਚੱਲਣ ਲੱਗਾ। ਪੀਣ ਵਾਲੀ ਦਵਾਈ ਦੇ ਅਰਥਾਂ ਵਾਲਾ ਅੰਗਰੇਜ਼ੀ potion (ਪੰਜਾਬੀ ਘੁੱਟੀ) ਵੀ ਅੰਤਮ ਤੌਰ `ਤੇ ਇਸੇ ਲਾਤੀਨੀ ਮੂਲ ਨਾਲ ਜੁੜ ਜਾਂਦਾ ਹੈ। ਇਹ ਸ਼ਬਦ ਲਾਤੀਨੀ ਕਿਰਿਆ potare (ਪੀਣਾ) ਤੋਂ ਵਿਕਸਿਤ ਹੋਏ। ਗੋਸ਼ਟੀ ਦੇ ਅਰਥਾਂ ਵਾਲਾ ਅੰਗਰੇਜ਼ੀ ਸ਼ਬਦ ਸਿੰਪੋਜ਼ੀਅਮ ਸਭ ਨੇ ਸੁਣਿਆ ਹੋਵੇਗਾ। ਇਸ ਦਾ ਬੜੇ ਦਿਲਚਸਪ ਢੰਗ ਨਾਲ ਸ਼ਰਾਬ ਪੀਣ ਨਾਲ ਸਬੰਧ ਜੁੜਦਾ ਹੈ। ਪ੍ਰਾਚੀਨ ਗਰੀਸ ਦੇ ਲੋਕ ਸਾਡੇ ਵਾਂਗ ਖਾਣਾ ਖਾਣ ਤੋਂ ਪਹਿਲਾਂ ਨਹੀਂ ਬਲਕਿ ਬਾਅਦ ਵਿਚ ਸ਼ਰਾਬ ਪੀਆ ਕਰਦੇ ਸਨ। ਉਸ ਸਮੇਂ ਦੇ ਬੁੱਧੀਜੀਵੀ ਮਹਿਫਲ ਸਜਾ ਕੇ ਰਾਤਰੀ-ਭੋਜ ਤੋਂ ਬਾਅਦ ਨਾਲੇ ਸ਼ਰਾਬ ਪੀਂਦੇ ਸਨ ਨਾਲੇ ਬਹਿਸਾਂ ਕਰਦੇ ਸਨ ਤੇ ਨਾਲ ਹੀ ਨਾਚ ਗਾਣੇ ਦਾ ਅਨੰਦ ਮਾਣਦੇ ਸਨ। ਨਸ਼ੇ ਪਾਣੀ ਦੀ ਅਜਿਹੀ ਮਹਿਫਲ ਤੋਂ ਹੀ ਸਿੰਪੋਜ਼ੀਅਮ ਸ਼ਬਦ ਇਸ ਪ੍ਰਕਾਰ ਉਜਾਗਰ ਹੋਇਆ: sym (ਸੰਗ, ਸਮੇਤ, ਇਕੱਠੇ)+posi (ਪੀਣਾ) ਅਰਥਾਤ ਪੀਣ ਦੀ ਸੰਗਤ। ਬੱਚਿਆਂ ਨੂੰ ਕੁਝ ਖੁਆਉਣ ਪਿਆਉਣ ਸਮੇਂ ਮਾਤਾਵਾਂ ਉਨ੍ਹਾਂ ਦੇ ਗਲੇ ਵਿਚ ਬਿੱਬ ਪਾ ਦਿੰਦੀਆਂ ਹਨ ਤਾਂ ਕਿ ਮੂੰਹ `ਚੋਂ ਡਿਗਦਾ ਖਾਣਾ ਉਨ੍ਹਾਂ ਦੇ ਕੱਪੜੇ ਖਰਾਬ ਨਾ ਕਰੇ। ਇਸ ਦਾ ਬੱਚੇ ਦੇ ਦੁਧ ‘ਪੀਣ’ ਨਾਲ ਸਬੰਧ ਹੈ। ਅਨੁਮਾਨ ਹੈ ਕਿ ਬੀਅਰ ਸ਼ਬਦ ਵੀ ਇਸੇ ਮੂਲ ਨਾਲ ਜੁੜਦਾ ਹੈ, ਬੀਅਰ ਦੇ ਅਰਥਾਂ ਵਾਲਾ ਰੂਸੀ pivo ਤਾਂ ਜ਼ਰੂਰ ਏਥੇ ਥਾਂ ਸਿਰ ਹੈ।
ਭਾਰੋਪੀ ਮੂਲ *po(i) ਦੇ ਟਾਕਰੇ `ਤੇ ਸੰਸਕ੍ਰਿਤ ਵਿਚ*ਪਾ ਧਾਤੂ ਹੈ ਜਿਸ ਵਿਚ ਵੀ ਪੀਣ ਦੇ ਅਰਥ ਹਨ। ਇਸ ਤੋਂ ਬਣੇ ਕੁਝ ਸ਼ਬਦਾਂ ਦਾ ਵੇਰਵਾ ਪੇਸ਼ ਹੈ: ਪੀਣਾ, ਪਾਨ (ਪਾਨ ਪੱਤੇ ਵਾਲਾ ਨਹੀਂ, ਜਲ ਪਾਨ ਵਾਲਾ), ਪਾਣੀ (ਸੰਸਕ੍ਰਿਤ ਪਾਨੀਯ = ਪੀਣਯੋਗ), ਪਿਆਸ (ਸੰਸਕ੍ਰਿਤ ਪਿਪਾਸਾ = ਪੀਣ ਦੀ ਆਸ), ਪੇਯ, ਪਿਊਸ L(ਦੇਵਤਿਆਂ ਦਾ ਪੀਣ ਪਦਾਰਥ, ਅੰਮ੍ਰਿਤ; ਗੁਰੂ ਰਾਮ ਦਾਸ ਦੇ ਪਦ ਵਿਚ ‘ਪਿਊਸ’ ਵਜੋਂ ਆਇਆ ਹੈ, ‘ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ’), ਪਾਤਰ (ਪੀਣ ਵਾਲਾ ਭਾਂਡਾ)। ਹੁਣ ਆਪੇ ਹਿਸਾਬ ਲਾ ਲਵੋ ਕਿ ਸਾਡੇ ‘ਪਿਆਕੜ’ ਸ਼ਬਦ ਦੀ ਪੁਰਤਗੀਜ਼ ਭਾਸ਼ਾ ਵਲੋਂ ਆਏ ‘ਬੇਵੜਾ’ ਸ਼ਬਦ ਨਾਲ ਕਿੰਨੀ ਸਾਂਝ ਹੈ, ਨਿਰੁਕਤਕ ਵੀ ਤੇ ਅਰਥਾਂ ਦੀ ਵੀ। ਸੰਸਕ੍ਰਿਤ ਵਿਚ ਇੱਕ ਪਾਨਮ ਸ਼ਬਦ ਮਿਲਦਾ ਹੈ ਜਿਸ ਵਿਚ ਪੀਣ, ਚੁੰਮਣ; ਸ਼ਰਾਬ; ਪੇਯ; ਪਿਆਲਾ ਜਿਹੇ ਅਰਥ ਹਨ। ਸਬੱਬ ਦੀ ਗੱਲ ਹੈ ਕਿ ਸੰਸਕ੍ਰਿਤ ਵਿਚ ਇੱਕ ਸਮਾਸੀ ਸ਼ਬਦ ਪਾਨਮ-ਗੋਸ਼ਠੀ ਮਿਲਦਾ ਹੈ ਜਿਸ ਦਾ ਅਰਥ ਸਿੰਪੋਜ਼ੀਅਮ ਹੈ। ਸੋ ਕਿਉਂ ਨਾ ਅਸੀਂ ਵੀ ਸਿੰਪੋਜ਼ੀਅਮ ਦੀ ਥਾਂ ਪਾਨਮ-ਗੋਸ਼ਟੀ ਕਰਿਆ ਕਰੀਏ। ਭਾਸ਼ਾ-ਵਿਗਿਆਨੀਆਂ ਦਾ ਵਿਚਾਰ ਹੈ ਕਿ ਪੀਣ ਸਮੇਂ ਬੁਲ੍ਹਾਂ ਦੀ ਹਰਕਤ ਨਾਲ ‘ਪੀ’ ਜਿਹੀ ਧੁਨੀ ਨਿਕਲਦੀ ਹੈ ਜਿਸ ਨਾਲ ਪੀਣ ਦੇ ਅਰਥਾਂ ਵਾਲਾ ਭਾਰੋਪੀ ਮੂਲ *po(i) ਜਾਂ ਸੰਸਕ੍ਰਿਤ ਧਾਤੂ *ਪਾ ਉਦੈ ਹੋਇਆ।
ਅੰਤ ਵਿਚ ‘ਪਰਸੂ, ਪਰਸਾ, ਪਰਸ ਰਾਮ’ ਦੇ ਟਾਕਰੇ `ਤੇ ਆਧੁਨਿਕ ਕਹਾਵਤ ਸੁਣਾ ਕੇ ਬੇਵੜਾ ਦੀ ਗੱਲ ਮੁਕਾਉਂਦੇ ਹਾਂ। ਅੱਜ-ਕਲ੍ਹ ਜੇ ਕੋਈ ਅਮੀਰ ਆਦਮੀ ਸ਼ਰਾਬ ਪੀਂਦਾ ਹੋਵੇ ਤਾਂ ਲੋਕ ਕਹਿਣਗੇ ਉਹ ਡਰਿੰਕ ਕਰਦਾ ਹੈ, ਜੇ ਮਧਵਰਗੀ ਪੀਣ ਦਾ ਆਦੀ ਹੋਵੇ ਤਾਂ ਕਹਿਣਗੇ ਉਹ ਸ਼ਰਾਬੀ ਹੈ ਪਰ ਵਿਚਾਰਾ ਗਰੀਬੀ ਤੋਂ ਪਰੇਸ਼ਾਨ ਜੇ ਕੋਈ ਪੀਣ ਲੱਗ ਪਵੇ ਤਾਂ ਲੋਕ ਕਹਿਣਗੇ ਉਹ ਤਾਂ ਬੇਵੜਾ ਹੈ। ਸ਼ਬਦਾਂ ਦੇ ਅਰਥਾਂ ਦਾ ਅਕਸਰ ਜਮਾਤੀ ਖਾਸਾ ਵੀ ਹੁੰਦਾ ਹੈ।