ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦੇ ਰਾਸ਼ਟਰਪਤੀ ਤੋਂ ਜਿਸ ਤਰ੍ਹਾਂ ਦੀ ਸਿਆਣਪ, ਗੰਭੀਰਤਾ ਅਤੇ ਪ੍ਰੌੜ੍ਹਤਾ ਦੀ ਆਸ ਕੀਤੀ ਜਾਂਦੀ ਹੈ, ਡੋਨਲਡ ਟਰੰਪ ਦੇ ਨਿੱਤ ਦਿਨ ਨਵੇਂ ਤੋਂ ਨਵੇਂ ਬਿਆਨ ਇਸ ਦੀ ਗਵਾਹੀ ਨਹੀਂ ਭਰਦੇ। ਇਨ੍ਹਾਂ ਬਿਆਨਾਂ ਦੀ ਨਾ ਸਿਰਫ਼ ਬਹੁਤੇ ਲੋਕਾਂ ਵਲੋਂ ਆਲੋਚਨਾ ਹੀ ਹੋ ਰਹੀ ਹੈ,
ਸਗੋਂ ਇਨ੍ਹਾਂ ਨਾਲ ਵੱਡਾ ਵਿਵਾਦ ਵੀ ਛਿੜਿਆ ਨਜ਼ਰ ਆਉਂਦਾ ਹੈ। ਡੋਨਲਡ ਟਰੰਪ ਅਮਰੀਕਾ ਦਾ ਰਾਸ਼ਟਰਪਤੀ ਹੈ ਅਤੇ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਹੈ। ਇਸ ਵਾਰ ਹੋਈਆਂ ਰਾਸ਼ਟਰਪਤੀ ਚੋਣਾਂ ਵਿਚ ਮਸਕ ਨੇ ਟਰੰਪ ਅਤੇ ਉਸ ਦੀ ਰਿਪਬਲਿਕਨ ਪਾਰਟੀ ਦੀ ਡਟ ਕੇ ਮਦਦ ਕੀਤੀ, ਜਿਸ ਦੀ ਚਰਚਾ ਵੱਡੀ ਪੱਧਰ ‘ਤੇ ਹੋਈ ਸੀ। ਇੱਥੇ ਹੀ ਨਹੀਂ, ਉਸ ਨੇ ਚੋਣ ਲੜ ਰਹੇ ਟਰੰਪ ਅਤੇ ਹੋਰ ਰਿਪਬਲਿਕਨ ਉਮੀਦਵਾਰਾਂ ਦੀ ਮਦਦ ਲਈ 300 ਮਿਲੀਅਨ ਡਾਲਰ (ਲਗਭਗ 26 ਅਰਬ ਰੁਪਏ) ਦੀ ਰਾਸ਼ੀ ਵੀ ਖ਼ਰਚ ਕੀਤੀ ਸੀ। ਟਰੰਪ ਚੋਣ ਜਿੱਤ ਕੇ ਅਮਰੀਕਾ ਵਰਗੇ ਦੇਸ਼ ਦੇ 47ਵੇਂ ਰਾਸ਼ਟਰਪਤੀ ਬਣ ਗਏ। ਰਾਸ਼ਟਰਪਤੀ ਬਣਦਿਆਂ ਹੀ ਉਨ੍ਹਾਂ ਨੇ ਮਸਕ ਨੂੰ ਸਰਕਾਰੀ ਤੌਰ ‘ਤੇ ਅਜਿਹਾ ਵਿਭਾਗ ਸੌਂਪਿਆ, ਜਿਸ ਦਾ ਕੰਮ ਸਰਕਾਰੀ ਪੱਧਰ ‘ਤੇ ਹੁੰਦੀ ਹਰ ਤਰ੍ਹਾਂ ਦੀ ਫਜ਼ੂਲ ਖ਼ਰਚੀ ਨੂੰ ਰੋਕਣਾ ਸੀ। ਇਸ ਵਿਚ ਦੁਨੀਆ ਭਰ ਅਮਰੀਕਾ ਦੀਆਂ ਜੋ ਮਾਨਵਵਾਦੀ ਯੋਜਨਾਵਾਂ ਚੱਲ ਰਹੀਆਂ ਹਨ, ਜਿਸ ਵਿਚ ਸੰਯੁਕਤ ਰਾਸ਼ਟਰ ਵਲੋਂ ਅਪਣਾਈਆਂ ਯੋਜਨਾਵਾਂ ਵੀ ਸ਼ਾਮਿਲ ਹਨ, ਦੇ ਖ਼ਰਚਾਂ ਵਿਚ ਕਟੌਤੀ ਕਰਨਾ ਵੀ ਸ਼ਾਮਿਲ ਸੀ।
ਮਸਕ ਨੇ ਕੌਮਾਂਤਰੀ ਵਾਤਾਵਰਨ ਦੀਆਂ ਸਮੱਸਿਆਵਾਂ ਨਾਲ ਸੰਬੰਧਿਤ ਵੱਡੀਆਂ ਯੋਜਨਾਵਾਂ ਅਤੇ ਸੰਯੁਕਤ ਰਾਸ਼ਟਰ ਰਾਹੀਂ ਲੋੜਵੰਦ ਅਤੇ ਗਰੀਬ ਮੁਲਕਾਂ ਦੇ ਬੱਚਿਆਂ ਅਤੇ ਔਰਤਾਂ ਦੀ ਭਲਾਈ ਲਈ ਚਲਾਈਆਂ ਯੋਜਨਾਵਾਂ ‘ਤੇ ਕੀਤੇ ਜਾਂਦੇ ਖ਼ਰਚਿਆਂ ਲਈ ਅਮਰੀਕਾ ਵਲੋਂ ਦਿੱਤੀ ਜਾਂਦੀ ਵਿੱਤੀ ਸਹਾਇਤਾ ਇਕ ਤਰ੍ਹਾਂ ਨਾਲ ਬੰਦ ਹੀ ਕਰ ਦਿੱਤੀ। ਵੱਡੀ ਪੱਧਰ ‘ਤੇ ਸਰਕਾਰੀ ਦਫ਼ਤਰਾਂ ‘ਚੋਂ ਮੁਲਾਜ਼ਮਾਂ ਦੀਆਂ ਕੀਤੀਆਂ ਗਈਆਂ ਛਾਂਟੀਆਂ ਨਾਲ ਇਕ ਤਰ੍ਹਾਂ ਨਾਲ ਹਫੜਾ-ਦਫੜੀ ਮਚ ਗਈ। ਪਿਛਲੇ ਦਿਨੀਂ ਟਰੰਪ ਪ੍ਰਸ਼ਾਸਨ ਵਲੋਂ ਟੈਕਸਾਂ ਸੰਬੰਧੀ ਤਿਆਰ ਕੀਤੇ ਗਏ ਨਵੇਂ ਮਸੌਦੇ ਨੂੰ ਲੈ ਕੇ ਟਰੰਪ ‘ਤੇ ਮਸਕ ਵਿਚਕਾਰ ਮਤਭੇਦ ਪੈਦਾ ਹੋ ਗਏ, ਜਿਨ੍ਹਾਂ ਨੇ ਵੱਡੇ ਤਕਰਾਰ ਦਾ ਰੂਪ ਧਾਰਨ ਕਰ ਲਿਆ।
ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਬਹੁਤੀ ਸ਼ਕਤੀ ਅਤੇ ਬਹੁਤਾ ਪੈਸਾ ਵਿਅਕਤੀ ਦੇ ਸਿਰ ਨੂੰ ਚੜ੍ਹ ਜਾਂਦਾ ਹੈ, ਇਨ੍ਹਾਂ ਦੋਹਾਂ ਦੇ ਚਰਿੱਤਰ ਤੋਂ ਇਹ ਗੱਲ ਵਿਸ਼ੇਸ਼ ਰੂਪ ਵਿਚ ਝਲਕਦੀ ਹੈ। ਦੋਹਾਂ ਵਿਚਲਾ ਵਿਵਾਦ ਇੰਨਾ ਵਧ ਗਿਆ ਕਿ ਮਸਕ ਨੇ ਅਮਰੀਕਾ ਵਿਚ ਇਕ ਨਵੀਂ ਪਾਰਟੀ ਬਣਾਉਣ ਦੀ ਗੱਲ ਛੇੜ ਦਿੱਤੀ। ਇਸ ਦੇਸ਼ ਵਿਚ ਪਹਿਲਾਂ ਰਿਪਬਲਕਿਨ ਅਤੇ ਡੈਮੋਕ੍ਰੇਟਿਕ ਦੋ ਹੀ ਪਾਰਟੀਆਂ ਦਾ ਪ੍ਰਭਾਵ ਰਿਹਾ ਹੈ। ਤੀਸਰੀ ਪਾਰਟੀ ਦੀ ਗੱਲ ਛੇੜਨ ਦੇ ਨਾਲ-ਨਾਲ ਮਸਕ ਨੇ ਟਰੰਪ ਦੀਆਂ ਨੀਤੀਆਂ ਨੂੰ ਵੀ ਭੰਡਣਾ ਸ਼ੁਰੂ ਕਰ ਦਿੱਤਾ ਅਤੇ ਇੱਥੋਂ ਤੱਕ ਵੀ ਕਿਹਾ ਕਿ ਰਾਸ਼ਟਰਪਤੀ ‘ਤੇ ਇਨ੍ਹਾਂ ਲਈ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਟਰੰਪ ਨੇ ਵੀ ਹੁਣ ਮਸਕ ਨਾਲੋਂ ਤੋੜ-ਵਿਛੋੜੇ ਦਾ ਐਲਾਨ ਕਰ ਦਿੱਤਾ ਹੈ। ਉਸ ਨੂੰ ਹਰ ਤਰ੍ਹਾਂ ਦੀਆਂ ਧਮਕੀਆਂ ਦੇ ਨਾਲ ਇੱਥੋਂ ਤੱਕ ਵੀ ਕਿਹਾ ਹੈ ਕਿ ਜੇਕਰ ਉਹ ਆਉਂਦੀਆਂ ਚੋਣਾਂ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਮਦਦ ਕਰੇਗਾ ਤਾਂ ਉਸ ਦਾ ਹਸ਼ਰ ਮਾੜਾ ਹੋਵੇਗਾ। ਮਸਕ ਦੀਆਂ ਕੰਪਨੀਆਂ ਪਹਿਲਾਂ ਹੀ ਰਾਸ਼ਟਰਪਤੀ ਵਲੋਂ ਅਪਣਾਈਆਂ ਨਵੀਆਂ ਨੀਤੀਆਂ ਅਤੇ ਉਨ੍ਹਾਂ ਤੋਂ ਉੱਠਦੇ ਵਿਵਾਦਾਂ ਕਾਰਨ ਖ਼ਸਾਰੇ ਵਿਚ ਜਾਣੀਆਂ ਸ਼ੁਰੂ ਹੋ ਗਈਆਂ ਹਨ, ਜਿਨ੍ਹਾਂ ਦੇ ਸ਼ੇਅਰ ਹੋਰ ਵੀ ਡਿਗਣ ਦੀ ਸੰਭਾਵਨਾ ਹੈ। ਪਹਿਲਾਂ ਵੱਡੀ ਦੋਸਤੀ ਦਾ ਦਮ ਭਰਦੇ ਅਤੇ ਕੁਝ ਮਹੀਨਿਆਂ ਵਿਚ ਹੀ ਇਕ-ਦੂਜੇ ਦੇ ਦੁਸ਼ਮਣ ਬਣੇ ਇਨ੍ਹਾਂ ਦੋਹਾਂ ਵਿਅਕਤੀਆਂ ਦੇ ਵਿਵਾਦ ਤੋਂ ਇਨ੍ਹਾਂ ਦੀਆਂ ਹਲਕੀਆਂ ਸ਼ਖ਼ਸੀਅਤਾਂ ਦਾ ਝਲਕਾਰਾ ਜ਼ਰੂਰ ਮਿਲਦਾ ਹੈ।
ਟਰੰਪ ਨੇ ਆਪਣੇ ਦੇਸ਼ ਵਿਚੋਂ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਲਈ ਜੋ ਢੰਗ-ਤਰੀਕੇ ਅਪਣਾਏ ਹਨ, ਉਨ੍ਹਾਂ ਕਾਰਨ ਵੀ ਦੇਸ਼ ਭਰ ਵਿਚ ਵੱਡੀ ਬੇਚੈਨੀ ਪੈਦਾ ਹੋਈ ਹੈ। ਪ੍ਰਸ਼ਾਸਨ ਸੰਭਾਲਦਿਆਂ ਹੀ ਜਿਸ ਤਰੀਕੇ ਨਾਲ ਉਸ ਨੇ ਗ਼ੈਰ-ਕਾਨੂੰਨੀ ਪ੍ਰਵਾਸੀਆਂ, ਜਿਨ੍ਹਾਂ ਵਿਚ ਭਾਰਤੀ ਅਤੇ ਹੋਰ ਦੇਸ਼ਾਂ ਦੇ ਲੋਕ ਵੀ ਸ਼ਾਮਿਲ ਹਨ, ਨੂੰ ਫ਼ੌਜੀ ਜਹਾਜ਼ਾਂ ਵਿਚ ਭਰ ਕੇ ਅਤੇ ਬੇੜੀਆਂ ਅਤੇ ਹੱਥਕੜੀਆਂ ਲਗਾ ਕੇ ਆਪਣੇ ਮੁਲਕ ‘ਚੋਂ ਕੱਢਿਆ ਸੀ, ਉਸ ਕਾਰਨ ਵੀ ਅੱਜ ਬਹੁਤੇ ਦੇਸ਼ਾਂ ਵਿਚ ਉਸ ਪ੍ਰਤੀ ਵੱਡੀ ਨਾਰਾਜ਼ਗੀ ਪੈਦਾ ਹੋ ਚੁੱਕੀ ਹੈ। ਹੁਣ ਅਮਰੀਕਾ ਦੇ ਵੱਡੇ ਸ਼ਹਿਰ ਲਾਸ ਏਂਜਲਸ ਵਿਚ ਕਈ ਦਿਨਾਂ ਤੋਂ ਇਸ ਨੀਤੀ ਵਿਰੁੱਧ ਜੋ ਵੱਡੇ ਮੁਜ਼ਾਹਰੇ ਹੋ ਰਹੇ ਹਨ, ਉਨ੍ਹਾਂ ਨੇ ਵੀ ਟਰੰਪ ਪ੍ਰਸ਼ਾਸਨ ਨੂੰ ਇਕ ਵੱਡੀ ਚੁਣੌਤੀ ਦਿੱਤੀ ਹੈ। ਕੈਨੇਡਾ ਅਤੇ ਗ੍ਰੀਨਲੈਂਡ ਵਰਗੇ ਮੁਲਕ ਪਹਿਲਾਂ ਹੀ ਉਸ ਨਾਲ ਨਾਰਾਜ਼ ਹੋ ਚੁੱਕੇ ਹਨ। ਟਰੰਪ ਵਲੋਂ ਆਪ-ਮੁਹਾਰੇ ਢੰਗ ਨਾਲ ਟੈਰਿਫ ਲਾਗੂ ਕਰਨ ਕਰਕੇ ਵੀ ਅੱਜ ਦਰਜਨਾਂ ਹੀ ਦੇਸ਼ ਅਮਰੀਕਾ ਦੇ ਖ਼ਿਲਾਫ਼ ਹੋ ਚੁੱਕੇ ਹਨ। ਇਸ ਸਥਿਤੀ ਲਈ ਜੇਕਰ ਉਸ ਦਾ ਮਸਕ ਵਰਗਾ ਸਾਥੀ ਹੀ ਉਸ ਨੂੰ ਛੱਡ ਕੇ ਉਸ ਦਾ ਪੱਕਾ ਵਿਰੋਧੀ ਬਣਿਆ ਨਜ਼ਰ ਆਉਂਦਾ ਹੈ ਤਾਂ ਇਸ ਦਾ ਸੰਦੇਸ਼ ਵੀ ਅਮਰੀਕਾ ਦੇ ਨਾਲ-ਨਾਲ ਦੁਨੀਆ ਭਰ ਵਿਚ ਟਰੰਪ ਦੀ ਸਾਖ਼ ਨੂੰ ਵੱਡੀ ਹੱਦ ਤੱਕ ਘਟਾਉਣ ਵਾਲਾ ਸਾਬਤ ਹੋ ਸਕਦਾ ਹੈ। ਨਵੇਂ ਰਾਸ਼ਟਰਪਤੀ ਦੀਆਂ ਆਪਹੁਦਰੀਆਂ ਕਾਰਵਾਈਆਂ ਕਰ ਕੇ ਅੱਜ ਅਮਰੀਕਾ ਵੀ ਸਮੁੱਚੇ ਰੂਪ ਵਿਚ ਬਚਾਅ ਵਾਲੀ ਸਥਿਤੀ ਵਿਚ ਖੜ੍ਹਾ ਦਿਖਾਈ ਦੇ ਰਿਹਾ ਹੈ।
