ਮੋਹਾਲੀ:ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤੇ ਗਏ ਯੂ-ਟਿਊਬਰ ਜਸਬੀਰ ਸਿੰਘ ਤੋਂ ਪੁੱਛਗਿੱਛ ਦੌਰਾਨ ਕਈ ਹੈਰਾਨੀਜਨਕ ਖੁਲਾਸੇ ਸਾਹਮਣੇ ਆਏ ਹਨ। ਜਸਬੀਰ ਸਿੰਘ ਫਿਲਹਾਲ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੀ ਪੁਲਿਸ ਰਿਮਾਂਡ ‘ਤੇ ਹੈ। ਜਸਬੀਰ ਦੀ ਜਿਸ ਮਹਿਲਾ ਮਿੱਤਰ ਦਾ ਨਾਂ ਸਾਹਮਣੇ ਆਇਆ ਸੀ, ਉਸ ਨੂੰ ਵੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਪੁੱਛਗਿੱਛ ਲਈ ਬੁਲਾਇਆ ਤੇ ਕਈ ਘੰਟਿਆਂ ਤਕ ਉਸ ਤੋਂ ਪੁੱਛਗਿੱਛ ਕੀਤੀ ਗਈ।
ਸੂਤਰਾਂ ਅਨੁਸਾਰ, ਜਲੰਧਰ ਦੀ ਰਹਿਣ ਵਾਲੀ 32 ਸਾਲ ਦੀ ਇਸ ਮਹਿਲਾ ਮਿੱਤਰ ਨੇ ਦੱਸਿਆ ਕਿ ਜਸਬੀਰ ਸਿੰਘ ਉਸ ਨੂੰ ਦਿੱਲੀ ਤਿੰਨ-ਚਾਰ ਵਾਰ ਲੈ ਕੇ ਗਿਆ ਸੀ ਅਤੇ ਉੱਥੇ ਕਈ ਲੋਕਾਂ ਨਾਲ ਮਿਲਵਾਇਆ ਸੀ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਮਹਿਲਾ ਮਿੱਤਰ ਪਾਕਿਸਤਾਨ-ਡੇਅ ਦੇ ਪ੍ਰੋਗਰਾਮ ‘ਚ ਵੀ ਜਸਬੀਰ ਨਾਲ ਸ਼ਾਮਲ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ‘ਚ ਸਿਰਫ਼ ਡਿਜੀਟਲ ਸੱਦਾ ਪੱਤਰ ਵਾਲਿਆਂ ਨੂੰ ਹੀ ਅੰਦਰ ਆਉਣ ਦੀ ਇਜਾਜ਼ਤ ਸੀ ਪਰ ਦਾਨਿਸ਼ ਨਾਲ ਨੇੜਤਾ ਕਾਰਨ ਜਸਬੀਰ ਨੂੰ ਦਾਖਲੇ ਦੀ ਇਜਾਜ਼ਤ ਮਿਲ ਗਈ ਸੀ, ਜਿਸ ਕਾਰਨ ਉਹ ਆਪਣੀ ਮਹਿਲਾ ਮਿੱਤਰ ਨੂੰ ਵੀ ਪ੍ਰੋਗਰਾਮ ‘ਚ ਨਾਲ ਲੈ ਗਿਆ ਸੀ।
ਡਾਊਨਲੋਡ ਕੀਤੀਆਂ ਸੀ ਕਈ ਐਪਲੀਕੇਸ਼ਨਾਂ
ਯੂ-ਟਿਊਬਰ ਦੇ ਲੈਪਟਾਪ ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਆਈ.ਐੱਸ.ਆਈ. ਏਜੰਟ ਨੇ ਤਿੰਨ ਤੋਂ ਚਾਰ ਐਪਲੀਕੇਸ਼ਨਾਂ ਡਾਊਨਲੋਡ ਕੀਤੀਆਂ ਸਨ। ਜਯੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਯੂ-ਟਿਊਬਰ ਨੇ ਆਪਣੇ ਲੈਪਟਾਪ ਦੀਆਂ ਕਈ ਐਪਲੀਕੇਸ਼ਨਾਂ ਡਿਲੀਟ ਕਰ ਦਿੱਤੀਆਂ ਸਨ। ਫੋਰੈਂਸਿਕ ਟੀਮ ਉਨ੍ਹਾਂ ਐਪਲੀਕੇਸ਼ਨਾਂ ਦਾ ਡਾਟਾ ਰਿਕਵਰ ਕਰਨ ‘ਚ ਜੁਟੀ ਹੋਈ ਹੈ ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਉਮੀਦ ਹੈ ਕਿ ਡਾਟਾ ਰਿਕਵਰ ਹੋਣ ਨਾਲ ਕਈ ਵੱਡੇ ਖ਼ੁਲਾਸੇ ਹੋ ਸਕਦੇ ਹਨ।
