ਫ਼ੌਜ ਮੁਖੀ ਨੂੰ ਸਾਕਾ ਨੀਲਾ ਤਾਰਾ ਨਾ ਕਰਨ ਦੀ ਦਿੱਤੀ ਗਈ ਸੀ ਸਲਾਹ

ਤਤਕਾਲੀ ਏ.ਡੀ.ਜੀ.ਐੱਮ.ਓ. ਵਲੋਂ ਅਹਿਮ ਖ਼ੁਲਾਸਾ
ਨਵੀਂ ਦਿੱਲੀ:ਸਾਬਕਾ ਫ਼ੌਜ ਮੁਖੀ ਜਨਰਲ ਵੀ.ਐਨ. ਸ਼ਰਮਾ (ਸੇਵਾਮੁਕਤ) ਨੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ ਕਿ ਡੀ. ਜੀ. ਐਮ. ਓ. ਨੇ ਤਤਕਾਲੀ ਫ਼ੌਜ ਮੁਖੀ ਜਨਰਲ ਏ.ਐਸ. ਵੈਦਿਆ ਨੂੰ ਸਲਾਹ ਦਿੱਤੀ ਸੀ ਕਿ ਭਾਰਤੀ ਫ਼ੌਜ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਰਿਮੰਦਰ ਸਾਹਿਬ ਤੋਂ ਕੱਢਣ ਲਈ ਕਿਸੇ ਵੀ ਕਾਰਵਾਈ ‘ਚ ਸ਼ਾਮਿਲ ਨਹੀਂ ਹੋਣਾ ਚਾਹੀਦਾ।

ਉਨ੍ਹਾਂ ਨੇ ਇਸ ਨੂੰ ਇਕ ਰਾਜਨੀਤਿਕ -ਚਾਲ ਕਰਾਰ ਦਿੱਤਾ ਸੀ। ਜਨਰਲ ਵੀ.ਐਨ. ਸ਼ਰਮਾ ਨੇ ਇਹ ਬਿਆਨ ਸਾਬਕਾ ਫ਼ੌਜ ਜੱਜ ਐਡਵੋਕੇਟ ਜਨਰਲ ਮੇਜਰ ਜਨਰਲ ਨੀਲੇਂਦਰ ਕੁਮਾਰ ਨੂੰ ਯੂਟਿਊਬ ਚੈਨਲ ਲੈਕਸ ਕੌਂਸਿਲੀਅਮ ਫਾਊਂਡੇਸ਼ਨ ‘ਤੇ ਦਿੱਤੇ ਇਕ ਇੰਟਰਵਿਊ ‘ਚ ਦਿੱਤਾ। ਇਹ ਇੰਟਰਵਿਊ ਸਾਕਾ ਨੀਲਾ ਤਾਰਾ ਦੀ 41ਵੀਂ ਵਰ੍ਹੇਗੰਢ ਤੋਂ ਇਕ ਦਿਨ ਪਹਿਲਾਂ 5 ਜੂਨ ਨੂੰ ਚੈਨਲ ‘ਤੇ ਅਪਲੋਡ ਕੀਤਾ ਗਿਆ ਸੀ।
95 ਸਾਲਾ ਜਨਰਲ ਵੀ.ਐਨ. ਸ਼ਰਮਾ, ਜਦੋਂ ਸਾਕਾ ਨੀਲਾ ਤਾਰਾ ਸ਼ੁਰੂ ਕੀਤਾ ਗਿਆ ਸੀ ਤਾਂ ਐਡੀਸ਼ਨਲ ਡਾਇਰੈਕਟਰ ਜਨਰਲ ਮਿਲਟਰੀ ਕਾਰਵਾਈਆਂ (ਏ. ਡੀ. ਜੀ. ਐਮ. ਓ.) ਵਜੋਂ ਸੇਵਾ ਨਿਭਾਅ ਰਹੇ ਸਨ। ਉਸ ਸਮੇਂ ਲੈਫ਼ਟੀਨੈਂਟ ਜਨਰਲ ਸੀ.ਐਨ. ਸੋਮਨਾ ਡਾਇਰੈਕਟਰ ਜਨਰਲ ਮਿਲਟਰੀ ਆਪ੍ਰੇਸ਼ਨ (ਡੀ.ਜੀ.ਐੱਮ. ਓ..) ਸਨ, ਜਦੋਂ ਕਿ ਮੇਜਰ ਜਨਰਲ (ਬਾਅਦ ‘ਚ ਲੈਫ਼ਟੀਨੈਂਟ ਜਨਰਲ) ਵੀ.ਕੇ. ਨਾਇਰ ਡਾਇਰੈਕਟੋਰੇਟ ‘ਚ ਦੂਜੇ ਏ.ਡੀ.ਜੀ.ਐਮ.ਓ. ਸਨ। ਸੋਮੰਨਾ ਤੇ ਨਾਇਰ ਦੋਵਾਂ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ। ਜਨਰਲ ਵੀ.ਐਨ. ਸ਼ਰਮਾ ਨੇ ਇੰਟਰਵਿਊ ‘ਚ ਕਿਹਾ ਸੀ ਕਿ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚਾਹੁੰਦੀ ਸੀ ਕਿ ਫ਼ੌਜ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕਾਰਵਾਈ ਕਰੇ ਕਿਉਂਕਿ ਪੰਜਾਬ ਪੁਲਿਸ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ । ਜਨਰਲ ਵੀ.ਐਨ. ਸ਼ਰਮਾ ਯਾਦ ਕਰਦੇ ਹਨ ਕਿ ਅਰੁਣ ਵੈਦਿਆ ਨੂੰ ਪ੍ਰਧਾਨ ਮੰਤਰੀ ਦਫ਼ਤਰ ਬੁਲਾਇਆ ਗਿਆ ਤੇ ਕਿਹਾ ਗਿਆ ਕਿ ਸੰਤ ਭਿੰਡਰਾਂਵਾਲੇ ਨੂੰ ਹਟਾ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਬਹੁਤ ਪ੍ਰਸਿੱਧੀ ਹੋ ਰਹੀ ਸੀ। ਜਨਰਲ ਵੈਦਿਆ ਨੇ ਇਸ ਨੂੰ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਐਮ.ਓ. ਡਾਇਰੈਕਟੋਰੇਟ ਨੇ ਜਨਰਲ ਵੈਦਿਆ ਨੂੰ ਕਿਹਾ ਸੀ ਕਿ ਤੁਸੀਂ ਇਕ ਸੰਵਿਧਾਨਕ ਅਥਾਰਟੀ ਹੋ। ਤੁਹਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਸੰਵਿਧਾਨ ਦੀ ਉਲੰਘਣਾ ਨਾ ਹੋਵੇ। ਇਸ ਲਈ ਉਨ੍ਹਾਂ ਨੂੰ ਸੁਪਰੀਮ ਕੋਰਟ ਜਾਣ ਦੀ ਵੀ ਸਲਾਹ ਦਿੱਤੀ ਗਈ ਸੀ। ਜਨਰਲ ਵੈਦਿਆ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲ ਵਾਪਸ ਗਏ ਤੇ ਉਨ੍ਹਾਂ ਨੂੰ ਐਮ.ਓ. ਡਾਇਰੈਕਟੋਰੇਟ ਦਾ ਵਿਚਾਰ ਦੱਸਿਆ, ਜਿਸ ਮਗਰੋਂ ਤਤਕਾਲੀ ਪ੍ਰਧਾਨ ਮੰਤਰੀ ਨੇ ਪੱਛਮੀ ਫ਼ੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਕੇ. ਸੁੰਦਰਜੀ ਨਾਲ ਸੰਪਰਕ ਕੀਤਾ। ਜਦੋਂ ਐਮ.ਓ. ਡਾਇਰੈਕਟੋਰੇਟ ਨੇ ਜਨਰਲ ਸੁੰਦਰਜੀ ਨੂੰ ਇਸ ਮੁੱਦੇ ‘ਤੇ ਚਰਚਾ ਲਈ ਸੱਦਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਤੁਹਾਡੇ ‘ਚ ਕੋਈ ਦਿਲਚਸਪੀ ਨਹੀਂ, ਮੈਨੂੰ ਮੇਰੇ ਹੁਕਮ ਮਿਲ ਗਏ ਹਨ ਤੇ ਮੈਂ ਇਹ ਕਰਨ ਜਾ ਰਿਹਾ ਹਾਂ । ਜਨਰਲ ਵੀ.ਐਨ. ਸ਼ਰਮਾ ਨੇ ਦੱਸਿਆ ਕਿ ਜਨਰਲ ਸੁੰਦਰਜੀ ਵਲੋਂ ਮੇਜਰ ਜਨਰਲ ਕੇ.ਐਸ. ਬਰਾੜ ਦੀ ਕਮਾਨ ਹੇਠ 9 ਡਵੀਜ਼ਨ ਦੀ ਚੋਣ ਇਸੇ ਲਈ ਕੀਤੀ ਸੀ, ਕਿਉਂਕਿ ਉਹ ਚਾਹੁੰਦੇ ਸਨ ਕਿ ਸਿੱਖ ਸਾਕਾ ਨੀਲਾ ਤਾਰਾ ਕਰਵਾਉਣ ਤੇ ਜ਼ਮੀਨੀ ਪੱਧਰ ‘ਤੇ ਅਸਲ ਕਾਰਵਾਈ ‘ਚ ਹਿੱਸਾ ਲੈਣ।