ਨਵੀਂ ਦਿੱਲੀ:ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੇਸ਼ ਲਗਾਇਆ ਹੈ ਕਿ 2024 ਦੀਆਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ‘ਲੋਕਤੰਤਰ ਵਿੱਚ ਗੜਬੜੀ ਦਾ ਬਲੂਪ੍ਰਿੰਟ ਸਨ।
ਉਨ੍ਹਾਂ ਕਿਹਾ ਕਿ-ਇਹ ਮੈਚ ਫਿਕਸਿੰਗ ਹੁਣ ਬਿਹਾਰ ਵਿੱਚ ਵੀ ਦੁਹਰਾਈ ਜਾਵੇਗੀ ਅਤੇ ਫਿਰ ਉਨ੍ਹਾਂ ਥਾਵਾਂ ‘ਤੇ ਵੀ ਇਹੀ ਕੀਤਾ ਜਾਵੇਗਾ, ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਹਾਰ ਰਹੀ ਹੋਵੇਗੀ। ਕਾਂਗਰਸੀ ਆਗੂ ਨੇ ਇੰਡੀਅਨ ਐਕਸਪ੍ਰੈੱਸ ਵਿੱਚ ਲਿਖੇ ਲੇਖ ਵਿੱਚ ਦੋਸ਼ ਲਗਾਇਆ ਕਿ ਇਹ ਚੋਣਾਂ ‘ਮੈਚ ਫਿਕਸਿੰਗ“ ਸਨ, ਜੋ ਬਿਹਾਰ ਵਿਧਾਨ ਸਭਾ ਚੋਣਾਂ ਅਤੇ ਜਿੱਥੇ ਕਿਤੇ ਭਾਜਪਾ ਹਾਰ ਰਹੀ ਹੈ, ਉੱਥੇ ਮੁੜ ਤੋਂ ਦੁਹਰਾਈ ਜਾਵੇਗੀ। ਐਕਸ ਉੱਤੇ ਪਾਈ ਪੋਸਟ ਵਿੱਚ ਉਨ੍ਹਾਂ ਕਿਹਾ, “ਮੇਰਾ ਲੇਖ ਦਰਸਾਉਂਦਾ ਹੈ ਕਿ ਪੜਾਅ ਦਰ ਪੜਾਅ ਇਹ ਕਿਵੇਂ ਹੋਇਆ।
“ਪਹਿਲਾ ਕਦਮ: ਚੋਣ ਕਮਿਸ਼ਨ ਦੀ ਨਿਯੁਕਤੀ ਵਾਲੀ ਕਮੇਟੀ ਵਿੱਚ ਹੇਰਾਫੇਰੀ।
ਦੂਜਾ ਕਦਮ: ਵੋਟਰ ਸੂਚੀਆਂ ਵਿੱਚ ਫ਼ਰਜ਼ੀ ਵੋਟਰ ਸ਼ਾਮਲ ਕਰਨਾ।
ਤੀਜਾ ਕਦਮ: ਵੋਟਰਾਂ ਦੀ ਗਿਣਤੀ ਵਧਾਉਣਾ।
ਚੌਥਾ ਕਦਮ: ਭਾਜਪਾ ਨੂੰ ਜਿੱਥੇ ਜਿੱਤਣ ਦੀ ਲੋੜ ਹੈ ਉੱਥੇ ਫ਼ਰਜ਼ੀ ਵੋਟਿੰਗ ਨੂੰ ਨਿਸ਼ਾਨਾ ਬਣਾਉਣਾ ਅਤੇ
ਪੰਜਵਾਂ ਕਦਮ: ਸਬੂਤ ਲੁਕਾਉਣਾ।” ਰਾਏਬਰੇਲੀ ਤੋਂ ਸੰਸਦ ਮੈਂਬਰ ਨੇ ਕਿਹਾ, “ਇਹ ਸਮਝਣਾ ਔਖਾ ਨਹੀਂ ਹੈ ਕਿ ਭਾਜਪਾ ਮਹਾਰਾਸ਼ਟਰ ਵਿੱਚ ਐਨੀ ਬੇਚੈਨ ਕਿਉਂ ਸੀ ਪਰ ਹੇਰਾਫੇਰੀ/ਤਿਗਮੜਬਾਜ਼ੀ ਮੈਚ ਫਿਕਸਿੰਗ ਵਾਂਗ ਹੈ- ਧੋਖਾਧੜੀ ਕਰਨ ਵਾਲੀ ਧਿਰ ਖੇਡ ਜਿੱਤ ਸਕਦੀ ਹੈ ਪਰ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਏਗੀ ਅਤੇ ਚੋਣ ਨਤੀਜਿਆਂ ਵਿੱਚ ਲੋਕਾਂ ਦੇ ਭਰੋਸੇ ਨੂੰ ਢਾਹ ਲਾਏਗੀ। ਸਾਰੇ ਭਾਰਤੀਆਂ ਨੂੰ ਸਬੂਤ ਦੇਖਣੇ ਚਾਹੀਦੇ ਹਨ। ਖੁਦ ਫ਼ੈਸਲਾ ਕਰੋ। ਜਵਾਬ ਮੰਗੋ।“
ਗਾਂਧੀ ਨੇ ਚਿਤਾਵਨੀ ਦਿੱਤੀ ਕਿ ਮਹਾਰਾਸ਼ਟਰ ਵਾਲੀ ‘ਮੈਚ ਫਿਕਸਿੰਗ’ ਅੱਗੇ ਬਿਹਾਰ (ਜਿੱਥੇ ਇਸ ਸਾਲ ਦੇ ਅੰਤ ਵਿੱਚ ਚੋਣਾਂ ਹੋਣੀਆਂ ਹਨ) ਤੋਂ ਇਲਾਵਾ ਉਨ੍ਹਾਂ ਥਾਵਾਂ ‘ਤੇ ਵੀ ਨਜ਼ਰ ਆਏਗੀ ਜਿੱਥੇ ਭਾਜਪਾ ਚੋਣਾਂ ਹਾਰ ਰਹੀ ਹੈ। ਉਨ੍ਹਾਂ ਕਿਹਾ, ‘‘ਮੈਚ-ਫਿਕਸਿੰਗ ਵਾਲੀਆਂ ਚੋਣਾਂ ਕਿਸੇ ਵੀ ਜਮਹੂਰੀਅਤ ਲਈ ਜ਼ਹਿਰ ਹਨ।“
