ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਦਾ ਚਲਾਣਾ ਤੇ ਮਨ ਦੇ ਵਲਵਲੇ

ਰਾਜਿੰਦਰ ਸਿੰਘ ਟਾਂਡਾ
ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲੇ, ਮਾਤਰ ਸੱਠ ਸਾਲ ਤੋਂ ਵੀ ਘੱਟ ਉਮਰ ਵਿਚ ਸਰੀਰ ਤਿਆਗ ਗਏ। ਦਸਮ ਦੀ ਬਾਣੀ ਗਾਉਣ ਵਿਚ ਉਨ੍ਹਾਂ ਦਾ ਅੱਜ ਦੀ ਤਰੀਕ ਵਿਚ ਕੋਈ ਸਾਨੀ ਨਹੀਂ ਸੀ। ਗੁਰਬਾਣੀ ਗਾਂਵਦੇ ਹੋਏ, ਜਿੱਥੇ ਉਨ੍ਹਾਂ ਨੂੰ ਵਿਸ਼ਰਾਮ ਲਾ ਕੇ, ਗੁਰਬਾਣੀ ਦੇ ਅਰਥ ਸਮਝਾਉਣ ਦੀ ਕਮਾਲ ਦੀ ਮੁਹਾਰਤ ਸੀ,

ਉਥੇ ਰਾਗ-ਬੱਧ ਬਾਣੀ ਗਾਉਣ ਦੀ ਵੀ ਉਹ ਹਿੰਮਤ ਰੱਖਦੇ ਸਨ। ਸੁਭਾਅ ਪੱਖੋਂ, ਸ਼ਾਇਦ ਹੀ ਉਨ੍ਹਾਂ ਨੂੰ ਮਿਲਣ ਵਾਲਾ ਕੋਈ ਸੱਜਣ ਹੋਵੇ, ਜਿਹੜਾ ਉਨ੍ਹਾਂ ਨਾਲ ਬਹੁਤ ਮੁਹੱਬਤ ਨਾ ਕਰਦਾ ਹੋਵੇ। ਅਤਿ ਮਿਲਾਪੜੇ ਸੁਭਾਅ ਦੇ ਮਾਲਕ, ਭਾਈ ਸਾਹਿਬ ਦਾ ਵਿਛੋੜਾ ਪੰਥਕ ਸਫ਼ਾਂ ਨੂੰ ਬੜਾ ਵੱਡਾ ਧੱਕਾ ਦੇ ਕੇ ਗਿਆ ਹੈ।
ਪਰ ਕੁਝ ਸੁਆਲ ਮੇਰੇ ਮਨ ਵਿਚ ਕੱਲ੍ਹ ਦੇ ਉੱਠ ਰਹੇ ਹਨ ਕਿ ਇੱਕ ਚੰਗਾ ਕਥਾਵਾਚਕ ਬਣਨ ਨੂੰ ਜਾਂ ਇੱਕ ਚੰਗਾ ਕੀਰਤਨੀਆਂ ਬਣਨ ਨੂੰ ਕੋਈ ਵੀਹ ਤੋਂ ਪੰਝੀ ਸਾਲ ਲਗਦੇ ਨੇ ਅਸਲ ਵਿਚ, ਕੋਈ ਵੀ ਡਾਕਟਰ, ਵਕੀਲ, ਅਧਿਆਪਕ ਜਾਂ ਪ੍ਰਚਾਰਕ ਪੰਜਾਹ ਸਾਲ ਦੀ ਉਮਰ ਤੋਂ ਬਾਅਦ, ਆਪਣੇ ਕਿੱਤੇ ਦਾ ਅਸਲ ਮਾਹਿਰ ਬਣਦਾ ਹੈ, ਕਿਉਂਕਿ ਇਸ ਉਮਰ ਤੱਕ ਪਹੁੰਚਦਿਆਂ, ਸਿਖਲਾਈ ਅਤੇ ਮਿਹਨਤ ਦੇ ਵਿਚ, ਜ਼ਿੰਦਗੀ ਦਾ ਤਜਰਬਾ ਵੀ ਜਮ੍ਹਾਂ ਹੋ ਜਾਂਦਾ ਹੈ। ਸੋ ਇਨ੍ਹਾਂ ਕਿੱਤਿਆਂ ਦੇ ਮਾਹਿਰਾਂ ਦੀ, ਆਪਣੀ ਗੱਲ ਕਹਿਣ ਜਾਂ ਪ੍ਰਚਾਰਨ ਦੀ ਅਸਲ ਉਮਰ ਪੰਜਾਹ ਤੋਂ ਬਾਅਦ ਸ਼ੁਰੂ ਹੁੰਦੀ ਹੈ। ਸੋ ਕਿਸੇ ਵੀ ਪ੍ਰਚਾਰਕ, ਕਥਾ ਵਾਚਕ ਜਾਂ ਕੀਰਤਨੀਏ ਦੇ ਪ੍ਰਚਾਰ ਵਿਚ ਪ੍ਰਪੱਕਤਾ ਕੋਈ ਪੰਜਾਹ ਸਾਲ ਤੋਂ ਬਾਅਦ ਆਉਂਦੀ ਹੈ ਪਰ ਸਾਡੀ ਇਹ ਬਦਕਿਸਮਤੀ ਹੈ ਅੱਜ ਪੰਥ ਦੇ ਸਿਰਮੌਰ ਪ੍ਰਚਾਰਕ ਇਸ ਉਮਰ ਤੱਕ ਪੁੱਜਦਿਆਂ ਜਾਂ ਇਸ ਤੋਂ ਵੀ ਪਹਿਲਾਂ, ਬਲੱਡ ਪ੍ਰੈਸ਼ਰ, ਸ਼ੂਗਰ ਜਾਂ ਹੋਰ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਕਾਰਨ ਕੀ ਹੈ?
ਕੋਈ ਸ਼ੱਕ ਨਹੀਂ ਕਿ ਅਸਲ ਜੀਵਨ ਵਿਚ ਸਾਡੇ ਖਾਣ-ਪੀਣ, ਕਸਰਤ ਨਾ ਹੋਣ ਕਰਕੇ ਅੱਗੇ ਨਾਲੋਂ ਇਹ ਬਿਮਾਰੀਆਂ ਵਧ ਰਹੀਆਂ ਹਨ, ਪਰ ਪ੍ਰਚਾਰਕਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਕੌਮ ਦੀ ਲੋੜ ਹੈ। ਇੱਕ ਚੰਗਾ ਪ੍ਰਚਾਰਕ, ਦਹਾਕਿਆਂ ਵਿਚ ਬਣਦਾ ਹੈ। ਉਹਦਾ ਕਿਸੇ ਬਿਮਾਰੀ ਨਾਲ ਗ੍ਰਸਤ ਹੋਣਾ, ਕੌਮ ਲਈ ਚਿੰਤਾ ਦਾ ਵਿਸ਼ਾ ਵੀ ਹੈ ਤੇ ਕੌਮੀ ਨੁਕਸਾਨ ਵੀ। ‘ਸਾਹ ਮਹਾਰਾਜ ਨੇ ਗਿਣ ਕੇ ਦਿੱਤੇ ਹਨ’, ਜਾਂ ‘ਸਮਾਂ ਆ ਗਿਆ ਸੀ’ ਵਰਗੀ ਦਲੀਲ ਦੇ ਕੇ ਇਸ ਲੇਖ ਨੂੰ ਮੂਲੋਂ ਰੱਦ ਕੀਤਾ ਜਾ ਸਕਦਾ ਹੈ ਪਰ, ਜੇਕਰ ਅਸੀਂ ਇੰਨੇ ਭਾਣੇ ਵਿਚ ਚਲੀਏ ਤਾਂ ਫਿਰ ਸਾਰੇ ਹਸਪਤਾਲ ਬੰਦ ਹੋ ਜਾਣੇ ਚਾਹੀਦੇ ਨੇ।
ਖੈਰ, ਮੈਂ ਵਿਚਾਰ ਉੱਤੇ ਰਹਾਂ ਕਿ ਪ੍ਰਚਾਰਕਾਂ ਦੀ, ਖਾਸ ਕਰ ਵਿਦੇਸ਼ਾਂ ਵਿਚ ਰਹਿਣ ਵਾਲਿਆਂ ਨੂੰ ਬਿਮਾਰੀਆਂ ਕਿਓਂ ਜ਼ਿਆਦਾ ਪ੍ਰਭਾਵਿਤ ਕਰ ਰਹੀਆਂ ਹਨ ਤਾਂ, ਲਗਦਾ ਹੈ ਕਿ ਦੌੜ-ਭੱਜ ਇੱਕ ਵੱਡਾ ਕਾਰਨ ਹੈ-ਇੱਕ ਦੇਸ਼ ਤੋਂ ਦੂਜੇ ਦੇਸ਼, ਇੱਕ ਦੇਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਰਾਤਾਂ ਦੇ ਸਫ਼ਰ, ਨੀਂਦ ਦੀ ਅਵਾਜ਼ਾਰੀ ਤੇ ਅੱਗੋਂ ਗੁਰਦੁਆਰਾ ਸਾਹਿਬਾਨ ਵਿਚ ਕੋਈ ਬਹੁਤ ਵਧੀਆ ਸਿਸਟਮ ਨਾ ਹੋਣਾ। ਅਕਸਰ ਇਨ੍ਹਾਂ ਪ੍ਰਚਾਰਕਾਂ ਨੂੰ, ਠੰਡੀਆਂ ਦਾਲਾਂ, ਠੰਡੇ ਫੁਲਕੇ ਆਦਿ ਨਾਲ ਡੰਗ ਸਾਰਨਾ ਪੈਂਦਾ ਹੈ, ਖਾਸ ਕਰ ਕੀਰਤਨੀਏ, ਜਿਨ੍ਹਾਂ ਦਾ ਸਾਰਾ ਦਾਰਮੁਦਾਰ ਹੀ ਗਲੇ ਉੱਤੇ ਨਿਰਭਰ ਹੈ। ਮੈਂ ਅਕਸਰ ਕੀਰਤਨੀਆਂ ਨੂੰ ਕੈਲੇਫੋਰਨੀਆ ਤੋਂ ਈਸਟ ਵੱਲ ਨੂੰ ਰਾਤ ਦੇ ਸਫ਼ਰ ਕਰਦੇ ਦੇਖਦਾ ਹਾਂ ਤਾਂ ਕਿ ਇੱਕ ਦਿਨ ਬਚ ਜਾਵੇ। ਰਾਤ ਦੇ ਉਨੀਂਦਰੇ, ਸਵੇਰੇ ਪਹੁੰਚ ਕੀਰਤਨ ਕਰਨਾ ਬੜਾ ਮੁਸ਼ਕਲ ਕੰਮ ਹੈ। ਇੱਕ-ਡੇਢ ਘੰਟਾ, ਲਗਾਤਾਰ ਬੋਲਣਾ ਪੈ ਜਾਵੇ ਤਾਂ ਚਾਹ ਦੀ ਲੋੜ ਮਹਿਸੂਸ ਹੋਣ ਲੱਗ ਜਾਂਦੀ ਹੈ ਪਰ ਲਗਾਤਾਰ ਘੰਟਾ ਡੇਢ ਘੰਟਾ ਚੌਕੜੀ ਮਾਰ ਮਾਈਕ ਸਾਹਵੇਂ ਕੀਰਤਨ ਕਰਨਾ, ਕੋਈ ਸੌਖਾ ਕੰਮ ਨਹੀਂ। ਬੱਸ ਗੁਰੂ ਕਿਰਪਾ ਕਰਵਾ ਦਿੰਦੀ ਹੈ, ਨਹੀਂ ਬੰਦੇ ਦੇ ਵੱਸ ਦੀ ਖੇਡ ਨਹੀਂ।
ਅਕਸਰ ਕੋਈ ਰਾਗੀ, ਸ਼ਾਮ ਨੂੰ, ਗਲਾ ਤਰ ਕਰਨ ਲਈ, ਦੁੱਧ ਵਿਚ ਘਿਓ ਪਾ ਕੇ ਪੀ ਲਵੇ ਤਾਂ ਕੰਨਾਂ ਵਿਚ ਖੁਸਰ-ਫੁਸਰ ਹੋਣ ਲੱਗ ਜਾਂਦੀ ਹੈ। ਅਸਲ ਵਿਚ ਰਾਗੀ, ਢਾਡੀ, ਕਥਾ ਵਾਚਕ ਤੇ ਖਾਸ ਕਰ ਜਿਹੜੇ ਬਹੁਤ ਗੁਣਵਾਨ ਨੇ, ਪੰਥਕ ਸਫ਼ਾਂ ਵਿਚ ਇੱਕ ਵੱਡਾ ਕੰਮ ਕਰ ਰਹੇ ਨੇ, ਦੀ ਸੰਭਾਲ, ਕੌਮ ਦੀ ਸਾਂਝੀ ਜ਼ਿੰਮੇਵਾਰੀ ਹੈ। ਗੁਰਦੁਆਰਾ ਸਾਹਿਬਾਨ ਦੇ ਹਦੂਦ ਦੇ ਅੰਦਰ, ਇਨ੍ਹਾਂ ਖਾਸ ਕਰ ਕੇ, ਰਾਗ ਵਿਦਿਆ ਦੇ ਮਾਹਿਰ, ਗੁਰਬਾਣੀ ਦੇ ਗਿਆਤਾ ਅਤੇ ਹੋਰ ਗੁਣਵਾਨ ਪ੍ਰਚਾਰਕਾਂ ਦਾ ਇਹਤਰਾਮ, ਉਨ੍ਹਾਂ ਦੇ ਰਹਿਣ-ਸਹਿਣ ਅਤੇ ਉਨ੍ਹਾਂ ਦੇ ਖਾਣੇ ਦਾ ਪ੍ਰਬੰਧ ਬਹੁਤ ਉੱਚ ਕੋਟਿ ਦਾ ਹੋਣਾ ਚਾਹੀਦਾ ਹੈ।
ਲੰਗਰ ਦਾ ਪ੍ਰਸ਼ਾਦਾ, ਹਫਤੇ ਵਿਚ, ਐਤਵਾਰ ਦੁਪਹਿਰ ਨੂੰ ਇੱਕ ਵਾਰ ਛਕਣਾ ਤੇ ਮਹੀਨੇ ਦੇ 3੦ ਦਿਨ, 90 ਵਕਤ ਉਹੀ ਛਕਣ ਵਿਚ ਜ਼ਮੀਨ ਅਸਮਾਨ ਦਾ ਫਰਕ ਹੈ। ਖਾਸ ਕਰ ਸੈਂਕੜੇ ਲੋਕਾਂ ਲਈ ਤਿਆਰ ਹੋਣ ਵਾਲੇ ਲੰਗਰ ਵਿਚ, ਤੇਲ, ਮਸਾਲੇ ਦੀ ਬਹੁਤਾਤ ਆਮ ਵੀ ਹੈ ਤੇ ਸੁਭਾਵਿਕ ਵੀ। ਸੋ ਪ੍ਰਚਾਰਕ, ਜਿਨ੍ਹਾਂ ਹਰ ਵਕਤ ਇਹੀ ਪ੍ਰਸ਼ਾਦਾ ਛਕਣਾ ਹੈ, ਲਈ, ਖਾਸ ਤੌਰ ਉੱਤੇ ਹਲਕੇ ਤੇ ਪੌਸ਼ਟਿਕ ਭੋਜਨ ਦਾ ਪ੍ਰਬੰਧ ਅਤਿ ਜ਼ਰੂਰੀ ਹੈ, ਤਾਂ ਕਿ ਇਹ ਕੌਮੀ ਪ੍ਰਚਾਰਕ ਆਪਣੀ ਸੇਵਾ ਸਹੀ ਤਰੀਕੇ ਨਾਲ ਨਿਭਾ ਸਕਣ। ਚੰਗੇ ਪ੍ਰਚਾਰਕਾਂ ਦੀ ਕਮੀ ਪਹਿਲਾਂ ਹੀ ਹੈ, ਇੰਝ ਖਾਣ-ਪੀਣ ਦਾ ਸਹੀ ਤਰੀਕਾ ਨਾ ਹੋਣ ਕਾਰਨ, ਬਿਮਾਰੀਆਂ ਦਾ ਸ਼ਿਕਾਰ ਹੋਣ ‘ਤੇ ਇਹ ਕਮੀ ਹੋਰ ਵਧੇਗੀ। ਇੱਕ ਕਥਾ ਵਾਚਕ, ਇੱਕੋ ਟੀਮ ਮੈਂਬਰ ਹੋਣ ਕਾਰਨ ਆਪਣੀ ਜ਼ਿੰਦਗੀ ਦਾ ਲੰਬਾ ਹਿੱਸਾ, ਕਥਾ ਕਰ ਸਕਦਾ ਹੈ ਪਰ ਕੀਰਤਨੀ ਜਥਾ, ਇੱਕ ਟੀਮ ਹੋਣ ਕਾਰਨ, ਇੱਕ ਮੈਂਬਰ ਦੇ ਜਾਣ ਨਾਲ, ਮੁੜ ਉਹ ਗੱਲ ਨਹੀਂ ਬਣਦੀ। ਇਸ ਤੋਂ ਵੀ ਵੱਡੀ ਗੱਲ ਕਿ ਕੀਰਤਨੀਆ, ਜੇਕਰ ਗਲਾ ਸਾਥ ਨਾ ਦੇਵੇ, ਤੇ ਚਾਹ ਕੇ ਵੀ ਕੀਰਤਨ ਨਹੀਂ ਕਰ ਸਕਦਾ। ਸੋ ਕਥਾਵਾਚਕਾਂ, ਢਾਡੀਆਂ, ਕੀਰਤਨੀਆਂ ਦੀ ਸਿਹਤ ਦੇ ਨਾਲ ਨਾਲ, ਗਲੇ ਦੇ ਠੀਕ ਰੱਖਣ ਲਈ ਵੀ ਪੁਖ਼ਤਾ ਪ੍ਰਬੰਧ ਚਾਹੀਦੇ ਨੇ। ਯਾਦ ਰਹੇ ਕਿ ਗਲਾ, ਇਨਸਾਨ ਦਾ ਸਭ ਤੋਂ ਨਾਜ਼ੁਕ ਤੇ ਨਰਮ ਭਾਗ ਹੁੰਦਾ ਹੈ ਤੇ ਕੀਰਤਨ, ਕਥਾ, ਵਾਸਤੇ, ਗਲੇ ਦਾ ਤੰਦਰੁਸਤ ਹੋਣਾ, ਬਹੁਤ ਜ਼ਰੂਰੀ ਹੈ। ਮੇਰਾ ਮਕਸਦ ਕਿਸੇ ਕਮੇਟੀ ਦੀ ਨਿੰਦਾ ਕਰਨਾ ਨਹੀਂ, ਬਲਕਿ ਇੱਕ ਕੌਮੀ ਦੁਖਾਂਤ ਵੱਲ ਧਿਆਨ ਦਿਵਾਉਣਾ ਹੈ। ਅਖੀਰ ਵਿਚ ਇੱਕ ਉਦਾਹਰਨ ਸ਼ਾਇਦ ਇਸ ਲੇਖਣੀ ਦਾ ਮਕਸਦ ਸਮਝਾ ਜਾਏ ਕਿ ਮੈਂ ਇੱਕ ਛੋਟਾ ਜਿਹਾ ਵਪਾਰ ਕਰਦਾ ਹਾਂ, ਜੇਕਰ ਮੈਂ ਅੱਜ ਸਵਾਸ ਛੱਡਦਾ ਹਾਂ ਤੇ ਕੱਲ੍ਹ ਮੇਰਾ ਵਪਾਰ ਬੰਦ ਹੁੰਦਾ ਹੈ ਤਾਂ ਬਹੁਤ ਪ੍ਰਭਾਵਿਤ ਹੋਣ ਵਾਲਿਆਂ ਵਿਚ, ਕੇਵਲ ਤੇ ਕੇਵਲ ਮੇਰੇ ਕੋਈ ਪਰਿਵਾਰਕ ਕਰੀਬੀ ਪੰਜ-ਸੱਤ ਮੈਂਬਰ ਮਾਇਕ ਤੌਰ ~ਤੇ ਨੁਕਸਾਨ ਝੱਲਣਗੇ, ਕੋਈ ਦਸ ਵੀਹ ਹੋਰ ਸੱਜਣ ਮਿੱਤਰ, ਰਿਸ਼ਤੇਦਾਰ ਪ੍ਰਭਾਵਿਤ ਹੋਣਗੇ। ਪਰ ਪ੍ਰਚਾਰਕ ਸ਼੍ਰੇਣੀ, ਅਧਿਆਪਕ, ਲੇਖਕ, ਬੁੱਧੀਜੀਵੀ (ਅਸਲੀ), ਚਿੰਤਕ ਅਤੇ ਅਦੀਬ ਲੋਕਾਂ ਦਾ ਵਿਛੋੜਾ, ਕੌਮੀ ਵਿਛੋੜਾ ਵੀ ਹੁੰਦਾ ਹੈ ਤੇ ਕੌਮੀ ਨੁਕਸਾਨ ਵੀ।