ਵਕਤ ਨਾਲ ਚਮਕੀਲੇ ਦੀ ਹੱਥੋਪਾਈ

ਐਸ਼ ਅਸ਼ੋਕ ਭੌਰਾ
ਜਿਨ੍ਹਾਂ ਨੂੰ ਰਾਹ ‘ਜੀ ਆਇਆਂ ਨੂੰ’ ਕਹਿਣ, ਉਨ੍ਹਾਂ ਦੇ ਪੈਰ ਸਫ਼ਰ ਕਰਦਿਆਂ ਕਦੇ ਵੀ ਨਹੀਂ ਥੱਕਦੇ; ਤੇ ਜਿਨ੍ਹਾਂ ਰਾਹਾਂ ਉਤੇ ਮੌਤ ਕੂਕਦੀ ਫਿਰੇ ਜ਼ਰਾ ਸੋਚ ਕੇ ਤਾਂ ਦੇਖ, ਉਸ ਰਾਹ ਉਤੇ ਫਰਲਾਂਗ ਤੁਰਨਾ ਵੀ ਉਨਾ ਔਖਾ ਹੁੰਦਾ ਹੈ ਜਿੰਨਾ ਸਾਹ ਦੇ ਮਰੀਜ਼ ਨੂੰ ਪਹਾੜ ‘ਤੇ ਜਬਰੀ ਚੜ੍ਹਨ ਲਈ ਕਹਿ ਦੇਣਾ! ਜਿਹੜੇ ਅੱਜ ਵੀ ਦਾਅਵੇ ਕਰਦੇ ਹਨ ਕਿ ਅਸੀਂ ਚਮਕੀਲੇ ਤੇ ਅਮਰਜੋਤ ਨੂੰ ਮਾਰਿਆ, ਸੁਰਖੀ ਲਾਉਂਦੀ ਦੇ ਗੋਲੀ ਮਾਰੀ, ਛਾਤੀਆਂ ਛਲਣੀ ਕਰ ਦਿੱਤੀਆਂæææਉਹ ਕਦੇ ਇਹ ਨਹੀਂ ਸੋਚਦੇ ਕਿ ਆਵਾਜ਼ਾਂ ਤਾਂ ਫਾਂਸੀ ਦੀ ਸਜ਼ਾ ਖ਼ਤਮ ਕਰਨ ਦੀਆਂ ਉਠ ਰਹੀਆਂ ਹਨ; ਜਿਨ੍ਹਾਂ ਨੂੰ ਫਾਂਸੀ ਦੀ ਸਜ਼ਾ ਹੋ ਚੁੱਕੀ ਹੈ, ਉਨ੍ਹਾਂ ਨੂੰ ਮੁਆਫ਼ ਕਰਨ ਦੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਹਨ; ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਪਿੱਟ-ਸਿਆਪਾ ਹੋ ਰਿਹਾ ਹੈ; ਜਿਹੜਾ ਕਿਸੇ ਨੂੰ ਜ਼ਿੰਦਗੀ ਦੇ ਨਹੀਂ ਸਕਦਾ, ਉਹਨੂੰ ਜ਼ਿੰਦਗੀ ਖੋਹਣ ਦਾ ਅਧਿਕਾਰ ਭਲਾ ਕੀਹਨੇ ਦਿੱਤਾ ਹੈ? ਸਿਰਫ਼ ਚਾਰ ਗੀਤਾਂ ਨੂੰ ਇਤਰਾਜ਼ ਦਾ ਉਲਾਂਭਾ ਦੇ ਕੇ ਕਿਸੇ ਦੀ ਜ਼ਿੰਦਗੀ ਗੋਲੀਆਂ ਨਾਲ ਮੌਤ ਦਾ ਆਚਾਰ ਬਣਾ ਦੇਣੀ ਤੇ ਫਿਰ ਇਸ ਨੂੰ ਜਾਇਜ਼ ਠਹਿਰਾਉਣਾ ਉਚਿਤ ਹੋ ਸਕਦੈ? ਜਿਹੜੇ ਕਦੇ ਚਮਕੀਲੇ ਨੂੰ ਮਿਲੇ ਨਹੀਂ, ਕਦੇ ਉਹਨੂੰ ਵਿਅਕਤੀਗਤ ਤੌਰ ‘ਤੇ ਵੇਖਿਆ ਨਹੀਂ, ਜਿਨ੍ਹਾਂ ਨੇ ਉਹਦੇ ਗੀਤ ਹੀ ਸੁਣੇ ਹਨ, ਉਹ ਜ਼ਰਾ ਕਲਪਨਾ ਕਰਨ ਇਸ ਕਲਾਕਾਰ ਦੀਆਂ ਇਹ ਚੰਦ ਘੜੀਆਂ, ਕਦੇ ਚਿੰਤਾ ਦੇ ਪਸੀਨੇ ਨਾਲ, ਕਦੇ ਹਉਕਿਆਂ ਦੇ ਦਰਦ ਨਾਲ, ਕਦੇ ਵਾਰ-ਵਾਰ ਸੁੱਕਦਾ ਮੂੰਹ ਗਿੱਲਾ ਕਰ ਕੇ, ਪੂਣੀ ਵਰਗਾ ਬੱਗਾ ਰੰਗ ਕਰ ਕੇ ਗੁਜ਼ਾਰਨੀਆਂ ਕਿੰਨੀਆਂ ਔਖੀਆਂ ਸਨ? ਬੁਰੇ ਵਕਤ ਨਾਲ ਹੱਥੋਪਾਈ ਕਿਸੇ ਡਰਾਕਲ ਬੰਦੇ ਲਈ ਕਿੰਨਾ ਕਠਿਨ ਹੁੰਦਾ ਹੈ? ਉਨ੍ਹਾਂ ਨੂੰ ਇਹ ਪੜ੍ਹ ਕੇ ਲੱਗੇਗਾ ਕਿ ਅਸਹਿ ਪੀੜ ‘ਤੇ ਫਹੇ ਰੱਖ ਕੇ ਫੂਕਾਂ ਵਿਚਾਰੇ ਨੇ ਕਿਵੇਂ ਮਾਰੀਆਂ ਹੋਣਗੀਆਂ!
ਜਿਨ੍ਹਾਂ ਨੇ 1986 ਦੇ ਮਾਰਚ ਮਹੀਨੇ ਦਾ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਹੋਲਾ ਮਹੱਲਾ ਵੇਖਿਆ ਹੈ, ਉਹ ਜਾਣਦੇ ਹੋਣਗੇ ਕਿ ਕਿਵੇਂ ਇਕ ਮੰਚ ‘ਤੇ ਖਾੜਕੂ ਮੂੰਹ ਬੰਨ੍ਹ ਕੇ ਆਉਂਦੇ, ਲਾਈਟਾਂ ਬੁਝਦੀਆਂ ਤੇ ਉਹ ਭੀੜ ਵਿਚ ਗੁੰਮ ਹੋ ਜਾਂਦੇ। ਖੁਫੀਆ ਏਜੰਸੀਆਂ ਤੇ ਪੁਲਿਸ ਦਾ ਤੰਤਰ-ਮੰਤਰ ਫੇਲ੍ਹ ਹੀ ਨਹੀਂ ਸੀ, ਲਾਚਾਰ ਤੇ ਅਸਮਰਥ ਵੀ ਸੀ ਪਰ ਇਸ ਹੋਲੇ ਮਹੱਲੇ ‘ਤੇ ਇਕ ਗੀਤ ਦੇ ਬੋਲ ਜੋ ਥਾਂ-ਥਾਂ ਗੂੰਜ ਰਹੇ ਸਨ, ਹਰ ਇਕ ਨੂੰ ਚੇਤੇ ਹੋਣਗੇ, ‘ਤਲਵਾਰ ਮੈਂ ਕਲਗੀਧਰ ਦੀ ਹਾਂæææਮੈਂ ਤੀਰ ਸੱਚੀ ਸਰਕਾਰ ਦਾ ਹਾਂ’ ਪਰ ਇਸ ਗੀਤ ਨੂੰ ਗਾਉਣ ਵਾਲੇ ਚਮਕੀਲੇ ਤੇ ਅਮਰਜੋਤ ਦੇ ਗਲੇ ਵਿਚ ਉਨ੍ਹੀਂ ਦਿਨੀਂ ਰੋਟੀ ਦੀਆਂ ਬੁਰਕੀਆਂ ਵੀ ਸਹਿਮ ਤੇ ਡਰ ਨਾਲ ਫੁਲਦੀਆਂ ਸਨ। ਅੱਗੇ ਚੱਲ ਕੇ ਮੈਂ ਦੱਸਾਂਗਾ ਕਿ ਜਿਹੜੀ ਮੁਲਾਕਾਤ ਦਾ ਸਾਰਅੰਸ਼ ਮੈਂ ਹਥਲੀ ਲਿਖਤ ਵਿਚ ਕੀਤਾ ਹੈ, ਉਸ ਦਾ ਜ਼ਿਕਰ ਤੇ ਪ੍ਰਸ਼ੰਸਾ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਨੇ ਚਮਕੀਲੇ ਕੋਲ ਵੀ ਕੀਤਾ ਸੀ।
ਜਿਸ ਰਾਤ ਮੈਂ ਉਹਦੇ ਕੋਲ ਰਿਹਾ, ਉਸ ਦਿਨ ਉਹਨੇ ਸਾਰਾ ਭੇਤ ਖੋਲ੍ਹ ਦਿੱਤਾ ਸੀ ਕਿ ਪੰਥਕ ਕਮੇਟੀ ਤੇ ਮਾਨੋਚਾਹਲ ਨਾਲ ਮਿਲਣ ਤੇ ਭੁੱਲਾਂ-ਚੁੱਕਾਂ ਮੁਆਫ਼ ਕਰਨ ਦਾ ਪ੍ਰੋਗਰਾਮ ਤੈਅ ਹੋ ਚੁੱਕਾ ਹੈ ਤੇ ਇਸ ਕਾਰਜ ਵਿਚ ਉਹਦੀ ਮਦਦ ਬਠਿੰਡਾ ਜ਼ਿਲ੍ਹੇ ਦੇ ਇਕ ਸਿੰਘ ਨੇ ਏਲਚੀ ਬਣ ਕੇ ਕੀਤੀ ਹੈ। ਮੈਨੂੰ ਉਸ ਨੇ ਸਿਰਫ਼ ਹੌਸਲੇ ਵਜੋਂ ਤੇ ਉਹਦੇ ਸਪਸ਼ਟੀਕਰਨ ਤੇ ਤਰਲੇ ਨੂੰ ਤਸਦੀਕ ਕਰਨ ਵਜੋਂ ਨਾਲ ਚੱਲਣ ਲਈ ਕਿਹਾ ਸੀ। ਇਹ ਸਾਰਾ ਕੁਝ ਕਿਵੇਂ ਹੋਇਆ, ਇਹਦੇ ਬਾਰੇ ਹਾਲਾਂਕਿ ਮੈਨੂੰ ਬਿਲਕੁਲ ਪਤਾ ਨਹੀਂ ਸੀ, ਪਰ ਉਹਦੀ ਜ਼ਿੰਦਗੀ ਬਚਾਉਣ ਦੇ ਯਤਨ ਵਿਚ ਹਿੱਸੇਦਾਰ ਬਣਨ ਲਈ ਮੈਂ ਨਾਲ ਚੱਲਣ ਦੀ ਹਾਮੀ ਭਰ ਦਿੱਤੀ ਸੀ। ਅਗਲੇ ਦਿਨ ਮੈਂ ਉਥੋਂ ਪਰਤ ਆਇਆ।
26 ਅਪਰੈਲ 1986 ਦਾ ਦਿਨ ਸੀ। ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਅਸੀਂ ਫਗਵਾੜੇ ਦੇ ਬੱਸ ਅੱਡੇ ‘ਤੇ ਮਿਲਣਾ ਸੀ। ਮੈਂ ਤਾਂ ਵਕਤ ਸਿਰ ਪੁੱਜ ਗਿਆ ਪਰ ਉਹ ਕਰੀਬ ਸਾਢੇ ਕੁ ਅੱਠ ਵਜੇ ਪੁੱਜੇ। ਬੱਸਾਂ ਜਿਧਰੋਂ ਅੱਡੇ ਅੰਦਰ ਦਾਖਲ ਹੁੰਦੀਆਂ ਸਨ, ਉਥੇ ਮੈਂ ਠੇਕੇ ਦੇ ਸੱਜੇ ਪਾਸੇ ਖੜ੍ਹਾ ਸਾਂ। ਉਹ ਕਾਲੇ ਰੰਗ ਦੀ ਅੰਬੈਸਡਰ ਕਾਰ ਵਿਚ ਆਇਆ। ਡੱਬੀ ਵਾਲੀ ਸ਼ਰਟ ਤੇ ਕਰੀਮ ਰੰਗ ਦੀ ਪੈਂਟ ਤੇ ਸਿਰ ਉਤੇ ਕਾਲੇ ਰੰਗ ਦੀ ਉਹਨੇ ਪਗੜੀ ਬੰਨ੍ਹੀ ਹੋਈ ਸੀ। ਕਾਰ ਰੁਕੀ, ਚਮਕੀਲਾ ਤਾਂ ਹੇਠਾਂ ਨਾ ਉਤਰਿਆ ਪਰ ਉਹਦੇ ਨਾਲ ਪਿਛਲੀ ਸੀਟ ‘ਤੇ ਬੈਠਾ ਸਿੰਘ ਉਤਰ ਕੇ ਅੱਗੇ ਬੈਠ ਗਿਆ ਤੇ ਉਹ ਸੀਟ ਮੇਰੇ ਹਿੱਸੇ ਆ ਗਈ। ਜਿਵੇਂ ਬੱਕਰਾ ਝਟਕਈ ਅੱਗੇ ਹਿੰਮਤ ਹਾਰ ਚੁੱਕਾ ਹੁੰਦਾ ਹੈ, ਉਹ ਇੰਨਾ ਉਦਾਸਿਆ ਤੇ ਓਦਰਿਆ ਹੋਇਆ ਸੀ, ਕਿ ਮੇਰੇ ਨਾਲ ਢਿੱਲਾ ਜਿਹਾ ਹੱਥ ਮਿਲਾ ਕੇ ਉਹ ਮੇਰੇ ਗਲ ਲੱਗ ਕੇ ਧਾਹ ਮਾਰ ਕੇ ਕਹਿਣ ਲੱਗਾ, “ਯਾਰ ਤੁਸੀਂ ਮੈਨੂੰ ਬਚਾ ਨ੍ਹੀਂ ਸਕਦੇæææਮੈਂ ਉਨ੍ਹਾਂ ਦੇ ਕਦਮਾਂ ਵਿਚ ਸਿਰ ਰੱਖ ਦਿਆਂਗਾ ਪਰ ਕਿਤੇ ਉਹ ਅਟਵਾਲ ਵਾਂਗ ਮੇਰੇ ਗੋਲੀ ਤਾਂ ਨਹੀਂ ਮਾਰ ਦੇਣਗੇ?” ਹਾਲਾਤ ਤੇ ਉਸ ਵਕਤ ਦਾ ਤਰਜਮਾ ਇਹ ਸੀ ਕਿ ਉਹ ਦੀ ਮਾਨਸਿਕਤਾ ਦੇਖ ਕੇ ਮੇਰਾ ਗਲਾ ਖੁਸ਼ਕ ਹੋ ਗਿਆ ਪਰ ਅੱਗੇ ਬੈਠਾ ਸਿੰਘ ਬੋਲਿਆ, “ਖਾਲਸਾ ਬਖ਼ਸ਼ਣਹਾਰ ਹੁੰਦੈ, ਫਿਕਰ ਨਾ ਕਰ। ਅੱਜ ਸਭ ਕੁਝ ਠੀਕ ਹੋ ਜਾਵੇਗਾ।” ਮੈਨੂੰ ਅੰਦਾਜ਼ਾ ਤਾਂ ਸੀ ਕਿ ਉਹ ਸਿੰਘ ਕੌਣ ਹੋ ਸਕਦਾ ਹੈ ਪਰ ਚਮਕੀਲੇ ਨੇ ਸਿਰਫ਼ ਇਹੋ ਤੁਆਰਫ਼ ਕਰਾਇਆ ਸੀ ਕਿ ਇਹ ਆਪਣਾ ਹਮਦਰਦ ਮਿੱਤਰ ਹਰਜੀਤ ਸਿੰਘ ਹੈ ਬਠਿੰਡੇ ਤੋਂ।
ਉਹ ‘ਅਜੀਤ’ ਬੋਲ ਕੇ ਪੜ੍ਹਨ ਲੱਗ ਪਿਆ; ਉਂਜ ਉਹਨੇ ਪਹਿਲਾ ਪੰਨਾ ਮੌਤਾਂ ਨਾਲ ਭਰਿਆ ਹੋਣ ਕਾਰਨ ਪਲਟ ਦਿੱਤਾ। ਉਹ ਮਨ ਹੋਰ ਪਾਸੇ ਲਾ ਰਿਹਾ ਸੀ। ਅਖ਼ਬਾਰ ਵਿਚ ਉਹਦੀ ਦਿਲਚਸਪੀ ਨਹੀਂ ਸੀ। ਕਰਤਾਰਪੁਰ ਲੰਘ ਕੇ ਉਹਨੇ ਚੁੱਪ ਤੋੜੀ, “ਕਿੰਨਾ ਕੁ ਰਹਿ ਗਿਆ ਅੰਬਰਸਰ?” ਪਤਾ ਉਹਨੂੰ ਸੀ, ਬਾਰਡਰ ‘ਤੇ ਪ੍ਰੋਗਰਾਮ ਕਰਨ ਜਾਂਦਾ ਸੀ ਪਰ ਉਸ ਦਿਨ ਉਹ ਕਲਾਕਾਰ ਜਾਂ ਗਾਇਕ ਚਮਕੀਲਾ ਨਹੀਂ ਸੀ, ਬੱਸ ਰੂਹ ਬਿਨਾਂ ਕਲਬੂਤ ਸੀ। ਰਈਆ ਲੰਘ ਕੇ ਮੈਂ ਚਾਹ ਪੀਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਗੱਡੀ ਢਾਬੇ ‘ਤੇ ਰੋਕ ਲਈ ਗਈ। ਹਰਜੀਤ ਮੇਰੇ ਨਾਲ ਉਤਰਿਆ ਪਰ ਚਮਕੀਲਾ ਵਿਚ ਹੀ ਬੈਠਾ ਰਿਹਾ। ਆਂਹਦਾ, ‘ਕੱਪ ਅੰਦਰ ਹੀ ਫੜਾ ਦਿਓ।’ ਹਰਜੀਤ ਚਾਹ ਦਾ ਕੱਪ ਲੈ ਕੇ ਢਾਬੇ ਦੇ ਪਿਛਲੇ ਪਾਸੇ ਤੇ ਫਿਰ ਐਧਰ-ਉਧਰ ਘੁੰਮਦਾ ਰਿਹਾ। ਚਮਕੀਲੇ ਨੂੰ ਚਾਹ ਦਾ ਕੱਪ ਗੱਡੀ ‘ਚ ਫੜਾ ਕੇ ਮੈਂ ਕੁਰਸੀ ‘ਤੇ ਬੈਠ ਕੇ ਚਾਹ ਤਾਂ ਪੀ ਲਈ ਪਰ ਘੁੱਟ ਔਖੇ ਲੰਘੇ। ਅਸੀਂ ਅੱਗੇ ਤੁਰਨ ਲੱਗੇ ਤਾਂ ਉਹਨੇ ਚਾਹ ਦਾ ਭਰਿਆ ਕੱਪ ਮੇਰੇ ਵੱਲ ਕਰ ਦਿੱਤਾ ਕਿ ਇਹਨੂੰ ਰੱਖ ਦਿਓ।
“ਚਾਹ ਪੀਣੀ ਨਹੀਂ?”
“ਮੇਰਾ ਜੀਅ ਨਹੀਂ ਕਰਦਾ।” ਤੇ ਉਹਨੇ ਆਪ ਹੀ ਡੋਲ੍ਹ ਦਿੱਤੀ।
ਅੰਮ੍ਰਿਤਸਰ ਵੜਦਿਆਂ ਹੀ ਉਹਨੇ ਮੈਨੂੰ ਕਿਹਾ ਕਿ “ਕੁਝ ਦੱਸ ਤਾਂ ਦਿਓ ਉਥੇ ਕਹਿਣਾ ਕੀ ਹੈ? ਤੂੰ ਵੀ ਦੱਸ਼ææ।” ਹਰਜੀਤ ਕਹਿਣ ਦੀ ਥਾਂ ਉਹਦੇ ਮੂੰਹੋਂ ਉਹੀ ਅੱਧਾ ਕੁ ਨਾਂ ਨਿਕਲ ਗਿਆ। ਫਿਰ ਬਦਲ ਕੇ ਹਰਜੀਤ ਕਹਿਣ ਲੱਗ ਪਿਆ। ਮੇਰਾ ਸ਼ੱਕ ਯਕੀਨ ‘ਚ ਤਾਂ ਬਦਲ ਗਿਆ ਸੀ, ਊਂ ਮੈਂ ਕੁਝ ਪਲ ਉਹਦੇ ਨਾਲੋਂ ਵੀ ਵੱਧ ਡਰ ਗਿਆ ਸਾਂ। ਅਸੀਂ ਕਰੀਬ ਪੌਣੇ ਕੁ ਬਾਰਾਂ ਵਜੇ ਪੁੱਜ ਗਏ ਸਾਂ। ਦਰਬਾਰ ਸਾਹਿਬ ਮੱਥਾ ਟੇਕਿਆ। ਮੈਂ ਗਿਆਰਾਂ ਦਾ ਤੇ ਉਹਨੇ ਇਕ ਸੌ ਇਕ ਦਾ ਪ੍ਰਸ਼ਾਦ ਲਿਆ ਤੇ ਗੁਰੂ ਕੀ ਗੋਲਕ ਵਿਚ ਪੰਜ ਸੌ ਇਕ ਪਾਉਣ ਲੱਗਾ ਉਹ ਕਿੰਨਾ ਚਿਰ ਗੁਰੂ ਦੇ ਚਰਨਾਂ ਵਿਚ ਸਿਰ ਧਰ ਕੇ ਲਗਭਗ ਲੰਮਾ ਵੀ ਪੈ ਗਿਆ ਸੀ। ਚਮਕੀਲੇ ਦੇ ਮੂੰਹੋਂ ਇਕ ਸਤਰ ਹੀ ਸੁਣੀ ਸੀ, “ਕੋਹੜੀਆਂ ਦੇ ਕੋਹੜ ਦੂਰ ਕਰਨ ਵਾਲੇ ਪਾਤਸ਼ਾਹ, ਬਖ਼ਸ਼ ਦੇ ਅੱਜ! ਮੇਰੇ ਫਿਕਰਾਂ ਦਾ ਕੋਹੜ ਮੁਕਾ ਦੇ।” ਹਰਜੀਤ ਮੱਥਾ ਟੇਕ ਕੇ ਸਾਨੂੰ ਇਕ ਪਾਸੇ ਬਾਹਰ ਬਿਠਾ ਕੇ ਅਗਲੀ ਕਾਰਵਾਈ ਲਈ ਚਲੇ ਗਿਆ। ਅਸੀਂ ਕਰੀਬ ਚਾਰ ਘੰਟੇ ‘ਕੱਲੇ ਬੈਠੇ ਰਹੇ। ਸਮਾਂ ਬਾਰਾਂ ਵਜੇ ਮਿਲਣ ਦਾ ਸੀ। ਦੋ ਕੁ ਵਾਰ ਹਰਜੀਤ ਆ ਕੇ ਦੱਸ ਗਿਆ ਸੀ ਕਿ ਗੱਲਬਾਤ ਚੱਲ ਰਹੀ ਐ ਪਰ ਇਹ ਵਕਤ ਕੱਟਣਾ ਔਖਾ ਬਹੁਤ ਸੀ। ਗਰਮੀ ਬਹੁਤੀ ਨਹੀਂ ਸੀ ਪਰ ਆਪਣੇ ਚਿੱਟੇ ਰੁਮਾਲ ਨਾਲ ਉਹ ਵਾਰ-ਵਾਰ ਮੁੜ੍ਹਕਾ ਪੂੰਝ ਰਿਹਾ ਸੀ। ਗੱਲ ਕੋਈ ਕਰਨੇ ਨੂੰ ਤਿਆਰ ਨਹੀਂ ਸੀ। ਤਿੰਨ ਕੁ ਘੰਟੇ ਗੁਜ਼ਰਨ ‘ਤੇ ਉਹਨੇ ਹੌਸਲਾ ਕਰ ਕੇ ਮੈਨੂੰ ਕਿਹਾ, “ਭੌਰੇæææਇਕ ਗੱਲ ਕਹਾਂ?”
“ਹਾਂ।”
“ਮੈਨੂੰ ਲਗਦਾ, ਮੈਂ ਅੱਜ ਜਿਉਂਦਾ ਨਹੀਂ ਮੁੜਾਂਗਾ। ਚੱਲ ਚਲੀਏæææਮੇਰਾ ਮਨ ਨਹੀਂ ਖੜ੍ਹਦਾ।”
ਟੁੱਟੇ ਦਿਲ ਨਾਲ ਮੈਂ ਟੁੱਟਿਆ ਦਿਲ ਜੋੜਨ ਦੀ ਕੋਸ਼ਿਸ਼ ਹੀ ਕੀਤੀ, “ਇਸ ਦਰ ਤੋਂ ਕੋਈ ਨਿਰਾਸ਼ ਨਹੀਂ ਜਾਂਦਾ, ਸਭ ਠੀਕ ਹੋ ਜਾਵੇਗਾ।”
ਇਕ-ਦੂਜੇ ਦੇ ਉਤਰੇ ਚਿਹਰੇ ਆਪੇ ਪੜ੍ਹ ਕੇ ਫਿਰ ਗੁੰਮ-ਸੁੰਮ ਹੋ ਗਏ। ਕਰੀਬ ਸਵਾ ਕੁ ਪੰਜ ਵਜੇ ਹਰਜੀਤ ਨੇ ਆ ਕੇ ਕਿਹਾ, “ਆ ਜੋ ਚਲੀਏ।”
ਜਿਵੇਂ ਲੱਤਾਂ ਤੋਂ ਬਿਨਾਂ ਕੋਈ ਘਿਸਰ ਕੇ ਤੁਰ ਰਿਹਾ ਹੋਵੇ, ਅਸੀਂ ਮਸਾਂ ਉਥੇ ਪਹੁੰਚੇ ਜਿਥੇ ਪੰਥਕ ਕਮੇਟੀ ਕੋਲ ਪੇਸ਼ੀ ਸੀ। ਚਮਕੀਲਾ ਅੱਗੇ ਹੱਥ ਜੋੜ ਫਤਿਹ ਬੁਲਾ ਕੇ ਬਹਿ ਗਿਆ ਤੇ ਅਸੀਂ ਪਿੱਛੇ। ਦੋ ਕੁ ਪਲ ਚੁੱਪ ਪਸਰੀ ਰਹੀ ਤੇ ਫਿਰ ਵੱਸਣ ਸਿੰਘ ਜ਼ਫ਼ਰਵਾਲ ਬੋਲ ਪਿਆ, “ਅੱਛਾ ਤੂੰ ਆਂ ਚਮਕੀਲਾ! ਤੈਂ ਪਾਇਐ ਜੇ ਗੰਦ! ਤੈਥੋਂ ਬੰਦਿਆਂ ਵਾਂਗ ਨ੍ਹੀਂ ਗਾ ਹੁੰਦਾ? ਇਥੇ ਕਿਵੇਂ ਆਇਐਂ?” ਉਹ ਬਹੁਤ ਕੁਝ ਇਕੋ ਸਾਹੇ ਬੋਲ ਗਿਆ। ਮੈਂ ਵੀ ਹੋਰ ਸੁੰਗੜ ਗਿਆ ਕਿ ਹੁਣ ਇਹ ਵੀ ਪੁੱਛਣਗੇ ਕਿ ਨਾਲ ਕੌਣ-ਕੌਣ ਆਇਐ?
ਇਥੇ ਵਿਚਾਰਾ ਸ਼ਬਦ ਚਮਕੀਲੇ ‘ਤੇ ਪੂਰਾ ਢੁਕਵਾਂ ਲੱਗ ਰਿਹਾ ਸੀ। ਉਹਦੀਆਂ ਲੱਤਾਂ ਦੀ ਕੰਬਣੀ ਮੈਂ ਮਹਿਸੂਸ ਕਰ ਰਿਹਾ ਸਾਂ ਤੇ ਅੰਦਰੋਂ ਮੈਨੂੰ ਵੀ ਇਹ ਲੱਗਣ ਲੱਗ ਪਿਆ ਸੀ ਕਿ ਬਚਾਉਣ ਤਾਂ ਇਹਨੂੰ ਆਏ ਸਾਂ ਪਰ ਰੋੜ੍ਹ ਅੱਜ ਸਾਰੇ ਦਿੱਤੇ ਜਾਣਗੇ। ਚਮਕੀਲਾ ਹੱਥ ਜੋੜ ਕੇ ਬਿਨਾਂ ਕੁਝ ਬੋਲਿਆਂ ਬੈਠਾ ਰਿਹਾ ਪਰ ਅਗਲੇ ਪਲ ਹਾਲਾਤ ਇਕ ਦਮ ਮੋੜ ਕੱਟ ਗਏ। ਮਾਨੋਚਾਹਲ ਨੂੰ ਮੈਂ ਪਹਿਲੀ ਵਾਰ ਦੇਖ ਰਿਹਾ ਸਾਂ ਪਰ ਆਸ ਦੇ ਉਲਟ। ਉਹ ਮੈਨੂੰ ਨਰਮ ਤੇ ਦਿਆਲੂ ਲੱਗਣ ਲੱਗਾ ਜਦੋਂ ਉਸ ਨੇ ਅਗਲਾ ਸੁਆਲ ਕੀਤਾ, “ਤਲਵਾਰ ਮੈਂ ਕਲਗੀਧਰ ਦੀ ਹਾਂ” ਵਾਲਾ ਗੀਤ ਤੂੰ ਗਾਇਐ? ਅਸੀਂ ਅਨੰਦਪੁਰ ਸੁਣਿਆ ਸੀ ਹੋਲੇ ਮਹੱਲੇ ‘ਤੇ। ਹੋਰ ਅਸੀਂ ਤਾਂ ਕੁਝ ਨ੍ਹੀਂ ਆਪ ਸੁਣਿਆ ਤੇਰਾæææਲੋਕ ਦੱਸਦੇ ਆ ਪਈ ਚੰਗਾ ਨ੍ਹੀਂ ਗਾ ਰਿਹਾ। ਤਲਵਾਰ ਵਰਗੇ ਗੀਤ ਗਾ ਲਿਆ ਕਰ।”
ਚਮਕੀਲੇ ‘ਚ ਜਿਵੇਂ ਜਾਨ ਪੈ ਗਈ ਹੋਵੇ। ਬੋਲ ਢਿੱਡ ‘ਚੋਂ ਮਸਾਂ ਨਿਕਲੇ ਜਦੋਂ ਉਸ ਨੇ ਆਪਣੀ ਕਾਪੀ ਬਾਬਾ ਮਾਨੋਚਾਹਲ ਅੱਗੇ ਕੀਤੀ, “ਜੀ ਆਹ ਵੇਖ ਲਵੋ, ਹੁਣ ਮੈਂ ਧਾਰਮਿਕ ਗੀਤ ਹੀ ਗਾਇਆ ਕਰਾਂਗਾ।”
“ਅਸੀਂ ਤਾਂ ਤੇਰੀ ਕਾਪੀ ਕੀ ਦੇਖਣੀ ਆਂ। ਤੂੰ ਗੀਤ ਗਾਉਣ ਤੋਂ ਪਹਿਲਾਂ ਆਪਣੀ ਭੈਣ ਨੂੰ ਵਿਖਾ ਲਿਆ ਕਰ। ਉਹੀ ਤੇਰਾ ਸੈਂਸਰ ਬੋਰਡ ਹੈ।”
“ਹਾਂ ਜੀ ਠੀਕ ਆ। ਅੱਗਿਉਂ ਮੈਂ ਕੋਈ ਗਲਤੀ ਨਹੀਂ ਕਰਾਂਗਾ।”
“ਪੱਕਾ?”
“ਜੀ ਬਿਲਕੁਲ।”
ਉਹਨੇ ਸਲਿੱਪ ‘ਤੇ ਕੁਝ ਲਿਖਿਆ ਤੇ ਉਹ ਹਰਜੀਤ ਦੇ ਹੱਥ ਕਰ ਕੇ ਕਿਹਾ, “ਜਾਓ ਫਿਰ ਸਿੰਘਾਂ ਨੂੰ ਫਿਰ ਸ਼ਿਕਾਇਤ ਨਹੀਂ ਆਉਣੀ ਚਾਹੀਦੀ।”
ਤੇ ਉਥੋਂ ਅਸੀਂ ਫਿਰ ਇਕ ਹੋਰ ਪਾਸੇ ਚਲੇ ਗਏ। ਪੰਜ-ਸੱਤ ਮਿੰਟ ਤੁਰਦਿਆਂ ਹਰਜੀਤ ਨੇ ਚਮਕੀਲੇ ਨੂੰ ਕਿਹਾ, “ਛੱਡ ਚਿੰਤਾ। ਕਰ’ਤਾ ਬਾਬਿਆਂ ਨੇ ਮੁਆਫ਼।” ਉਹ ਜਾਣਦਾ ਹੋਵੇਗਾ ਕਿ ਸਲਿੱਪ ‘ਤੇ ਕੀ ਲਿਖਿਆ ਹੈ।
ਤੇ ਅੱਗੇ ਜਿਸ ਕਮਰੇ ਵਿਚ ਅਸੀਂ ਗਏ, ਉਥੇ ਕੁਝ ਸਿੰਘ ਸਨ। ਉਨ੍ਹਾਂ ਕੋਲ ਚਮਕੀਲੇ ਦਾ ਜਿਵੇਂ ਗੰਗਾ ਦੇ ਪੰਡਿਤਾਂ ਵਾਂਗ ਪੂਰਾ ਹਿਸਾਬ-ਕਿਤਾਬ ਹੋਵੇ! ਉਹ ਹੱਸ ਪਏ, “ਬੱਲੇ ਚਮਕੀਲਿਆ! ਹੁਣ ਬਚ ਗਿਆ ਤੂੰ, ਪਹਿਲਾ ਮੌਕਾ ਨ੍ਹੀਂ ਮਿਲਿਆ ਤੇ ਅੱਜ ਖਾਲਸੇ ਦੀਆਂ ਸਰਕਾਰਾਂ ਨੇ ਬਖ਼ਸ਼’ਤਾ। ਹੁਣ ਧਿਆਨ ਨਾਲ ਗਾਵੀਂ।” ਹਰਜੀਤ ਤਾਂ ਉਥੇ ਹੀ ਰਹਿ ਗਿਆ ਤੇ ਅਸੀਂ ਪਿਛਲੇ ਪੈਰੀਂ ਪਲਾਂ-ਛਿਣਾਂ ਵਿਚ ਗੱਡੀ ਵਿਚ ਆਣ ਬੈਠੇ। ਚਮਕੀਲੇ ਦੀ ਖਲਾਸੀ ਹੋ ਗਈ ਸੀ। ਉਹਦੇ ਚਿਹਰੇ ਤੋਂ ਸਭ ਕੁਝ ਪੜ੍ਹਿਆ ਜਾ ਰਿਹਾ ਸੀ ਕਿ ਉਹ ਹੁਣ ਸਵੇਰ ਵਾਲਾ ਚਮਕੀਲਾ ਨਹੀਂ ਸੀ। ਰਾਹ ਵਿਚ ਮੈਂ ਦੋ ਕੁ ਵਾਰ ਉਹਨੂੰ ਹਰਜੀਤ ਬਾਰੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਇਹ ਉਹ ਨਹੀਂ? ਉਹ ਖੁਸ਼ ਹੋ ਕੇ ਆਂਹਦਾ, “ਛੱਡੋ ਹੁਣ ਆਪਾਂ ਨਵੀਂ ਜ਼ਿੰਦਗੀ ਵਿਚ ਆ ਗਏ ਹਾਂ।” ਗੱਲਾਂ ਕਰਦਾ-ਕਰਦਾ ਉਹ ਸੌਂ ਗਿਆ ਜਿਵੇਂ ਕਈ ਦਿਨਾਂ ਦਾ ਉਨੀਂਦਰਾ ਹੋਵੇ। ਜਲੰਧਰ ਲੰਘ ਕੇ ਮੈਂ ਉਹਨੂੰ ਚਹੇੜੂ ਲਾਗੇ ਉਥੇ ਕੁ ਉਠਾਇਆ ਜਿਥੇ ਹੁਣ ਹਵੇਲੀ ਆ।
ਮੈਂ ਕਿਹਾ, “ਘੁੱਟ ਲਾਈਏ?”
“ਫਗਵਾੜੇ ਚੱਲ ਕੇ ਲਾਉਨੇ ਆਂ।”
ਤੇ ਅੱਡੇ ਵਿਚ ਆ ਕੇ ਅਸੀਂ ਦੋ-ਦੋ ਗਲਾਸੀਆਂ ਗੱਡੀ ਵਿਚ ਲਾ ਕੇ ਹੀ ਆਪੋ-ਆਪਣੇ ਰਾਹ ਤੁਰ ਪਏ। ਅਸਲ ਵਿਚ ਮੈਂ ਚਾਹੁੰਦਾ ਸੀ ਕਿ ਹਨੇਰਾ ਹੋਣ ਕਰ ਕੇ ਉਹ ਮੈਨੂੰ ਪਿੰਡ ਛੱਡ ਜਾਵੇ ਪਰ ਉਹ ਚਾਹੁੰਦਾ ਸੀ ਕਿ ਮੈਂ ਖੁਸ਼ੀ ਦੀ ਖਬਰ ਛੇਤੀ ਨਾਲ ਸਵੇਰ ਦੀ ਭੁੱਖੀ-ਭਾਣੀ ਬੈਠੀ ਅਮਰਜੋਤ ਨੂੰ ਦੱਸਾਂ। ਮੈਂ ਬੱਸ ਵਿਚ ਬੰਗਿਆਂ ਨੂੰ ਪਰਤਿਆ ਤੇ ਅੱਗਿਉਂ ਸਾਈਕਲ ‘ਤੇ ਕਰੀਬ ਦਸ ਕੁ ਵਜੇ ਘਰ ਪੁੱਜ ਗਿਆ। ਡਰ ਬਿਲਕੁਲ ਨਹੀਂ ਲੱਗਾ ਜਿਵੇਂ ਹੋਣੀ ਆਪ ਹੀ ਬਿਆਸ ਵਿਚ ਡੁੱਬ ਗਈ ਹੋਵੇ।
30 ਸਤੰਬਰ ਵਾਲੇ ਦਿਨ ਜਦੋਂ ਪੰਥਕ ਕਮੇਟੀ ਨੇ ਗੁਰਬਚਨ ਸਿੰਘ ਮਾਨੋਚਾਹਲ ਦੀ ਅਗਵਾਈ ਹੇਠ ਦਰਬਾਰ ਸਾਹਿਬ ਤੋਂ ਸੁਤੰਤਰ ਖਾਲਿਸਤਾਨ ਦਾ ਐਲਾਨ ਕੀਤਾ ਤਾਂ ਹਾਲਾਤ ਹੋਰ ਵੀ ਬਦਲ ਗਏ।
ਇਸ ਘਟਨਾ ਤੋਂ ਤਿੰਨ ਕੁ ਮਹੀਨਿਆਂ ਤੱਕ ਸਾਡਾ ਕੋਈ ਮੇਲ ਨਾ ਹੋਇਆ। ਘਰੇ ਮੈਂ ਵੀ ਘੱਟ ਹੀ ਆਉਂਦਾ ਸੀ ਕਿਉਂਕਿ ਜਿਸ ਪਿੰਡ ਦੇ ਸਕੂਲ ਵਿਚ ਮੈਂ ਪੜ੍ਹਾਉਂਦਾ ਸੀ, ਉਹ ਅਤਿ ਸੁਰੱਖਿਅਤ ਸੀ ਤੇ ਕਈਆਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਕਿ ਖੇੜਾ ਕਲਮੋਟ ਰੋਪੜ ਜ਼ਿਲ੍ਹੇ ਵਿਚ ਪੰਜਾਬ ਦਾ ਕੋਈ ਆਖਰੀ ਪਿੰਡ ਵੀ ਹੈ।
ਇਸੇ ਸਾਲ ਅਗਸਤ-ਸਤੰਬਰ ਦੇ ਅੰਤ ਵਿਚ ਅਸੀਂ ਘੁੱਟ ਕੇ ਮਿਲੇ। ਉਹਨੇ ਇਕ ਗੱਲ ਮੈਨੂੰ ਦੱਸੀ ਕਿ “ਬਾਬਾ ਜੀ ਦੇ ਦਰਸ਼ਨ ਤਾਂ ਨਹੀਂ ਹੋਏ ਪਰ ਮੇਰਾ ਪ੍ਰੋਗਰਾਮ ਉਨ੍ਹਾਂ ਸੁਣਿਆ।”
“ਬਾਬਾ ਜੀ ਕੌਣ?”
“ਬਖ਼ਸ਼ਣਹਾਰ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਜੀ। ਬੱਸ ਕਿਤੇ ਮੇਰੀ ਸਟੇਜ ਲੱਗੀ ਹੋਈ ਸੀ। ਉਨ੍ਹਾਂ ਮੈਨੂੰ ਪੰਜ ਸੌ ਰੁਪਿਆ ਭੇਜਿਆ ਤੇ ਮੈਂ ਵਿਚ ਸੋਲਾਂ ਸੌ ਹੋਰ ਪਾ ਕੇ ਉਨ੍ਹੀਂ ਹੱਥੀਂ ਵਾਪਿਸ ਲੰਗਰ ਲਈ ਭੇਜ’ਤਾ।”
ਸੱਚ ਇਹ ਸੀ ਕਿ ਬਾਬਾ ਮਨੋਚਾਹਲ ਅਤੇ ਚਮਕੀਲੇ ਦੀ ਨੇੜਤਾ ਹੋ ਗਈ ਸੀ। ਧਾਰਮਿਕ ਕੈਸਿਟ ‘ਨਾਮ ਜਪੁ ਲੈ’ ਨੇ ਉਲਾਂਭਿਆਂ ਦੇ ਕਾਫ਼ੀ ਧੋਣੇ ਧੋ ਦਿੱਤੇ ਸਨ!
ਉਸ ਦਿਨ ਅਸੀਂ ਕਚਹਿਰੀਆਂ ‘ਚ ਜਾ ਕੇ ਇਕ ਨਾਮੀ ਕੰਪਨੀ ਨੂੰ ਨੋਟ ਭੇਜਿਆ ਸੀ ਕਿ ਜਿਹੜੇ ਗੀਤਾਂ ਦੀ ਰਿਕਾਰਡਿੰਗ ਹੋ ਚੁੱਕੀ ਹੈ, ਉਸ ਨੂੰ ਹਾਲੇ ਸਾਲ-ਛੇ ਮਹੀਨੇ ਰਿਲੀਜ਼ ਨਾ ਕੀਤਾ ਜਾਵੇ। ਮੈਂ ਇਹ ਚਾਹੁੰਦਾ ਸੀ ਕਿ ਉਹ ਇਥੇ ਸਤਰ ਲਿਖੇ ਕਿ ਮੇਰੀ ਸਹਿਮਤੀ ਤੋਂ ਬਿਨਾਂ ਕੁਛ ਨਾ ਕੀਤਾ ਜਾਵੇ ਪਰ ਉਹ ਜਿਵੇਂ ਬਹੁਤ ਦਲੇਰ ਹੋ ਗਿਆ ਹੋਵੇæææਅਖੇ, “ਕੋਈ ਗੱਲ ਨਹੀਂ, ਫੇਰ ਭੇਜ ਦਿਆਂਗੇ ਲਿਖ ਕੇ।”
ਇਸੇ ਆਖਰੀ ਐਲਬਮ ਵਿਚ ਸਾਰਾ ਪੁਆੜਾ ਸੀ ਜੀਹਦੇ ‘ਚ ਗੀਤ ਸੀ,
ਨੰਗੇ ਮੂੰਹæææ
ਬੂਹੇ ਵਿਚ ਕੇਸ ਸੁਕਾਉਂਦੀ
ਅਕਲ ‘ਤੇ ਪਰਦਾ ਪੈ ਗਿਆ
ਧਾਰੀ ਬੰਨ੍ਹ ਸੁਰਮਾ ਪਾਉਂਦੀ
ਮੇਰਾ ਇਨਸਾਫ਼ ਨਹੀਂæææ
ਭੁੱਲ ਗਈ ਮੈਂ ਘੁੰਡ ਕੱਢਣਾ,
ਜੇਠਾ ਵੇ ਮੁਆਫ਼ ਕਰੀਂæææ।
æææਤੇ ਗੱਲ ਉਹੀ ਹੋਈ। ਕੰਪਨੀ ਨੇ ਆਪਣਾ ਵਪਾਰ ਵੇਖਿਆ ਤੇ ਜੁਆਕ ਹੋਣ ਵਾਂਗ ਨੌਂ ਮਹੀਨੇ ਵੀ ਇੰਤਜ਼ਾਰ ਨਹੀਂ ਕੀਤਾ ਤੇ ਰੀਲ੍ਹ ਭੇਜ’ਤੀ ਮਾਰਕਿਟ ਵਿਚ।
ਫਿਰ ਤਾਂ ਆਏਂ ਲੱਗਣ ਲੱਗ ਪਿਆ ਸੀ ਕਿ ਕਿਸ਼ਤੀ ਕਿਨਾਰੇ ‘ਤੇ ਲੱਗ ਕੇ ਫਿਰ ਡੁੱਬਣ ਵਾਲੀ ਹਾਲਤ ‘ਚ ਚਲੇ ਗਈ ਹੈ।
ਵਕਤ ਉਹਦੇ ਨਾਲ ਫਿਰ ਵਿਟਰ ਗਿਆ ਲਗਦਾ ਸੀ।
ਕਿੰਨਾ ਕੁਝ ਮੈਂ ਸੰਕੇਤਕ ਭਾਸ਼ਾ ਵਿਚ ਕਹਿਣ ਦੀ ਕੋਸ਼ਿਸ਼ ਕੀਤੀ ਹੈ, ਫਿਰ ਵੀ ਸਮਝਣ ਵਾਲੇ ਅੰਦਾਜ਼ਾ ਲਾ ਹੀ ਲੈਣਗੇ ਕਿ ਕਿਥੇ-ਕਿਥੇ ਕੀ-ਕੀ ਹੋਇਆ ਹੋਵੇਗਾ!
(ਚਲਦਾ)

Be the first to comment

Leave a Reply

Your email address will not be published.