ਜਤਿੰਦਰ ਮੌਹਰ
ਫੋਨ: 91-97799-34747
‘ਨੌਸਟੈਲਜੀਆ ਫਾਰ ਦਿ ਲਾਈਟ’ ਸਪੇਨੀ ਦਸਤਾਵੇਜ਼ੀ ਫ਼ਿਲਮ ਹੈ ਜਿਹੜੀ ਬ੍ਰਹਿਮੰਡ ਅਤੇ ਮਨੁੱਖੀ ਇਤਿਹਾਸ ਦੀ ਖੋਜ ਨੂੰ ਕਲਾਵੇ ਵਿਚ ਲੈਂਦੀ ਹੈ। ਤਾਰੇ ਅਤੇ ਬ੍ਰਹਿਮੰਡ ਹਮੇਸ਼ਾ ਮਨੁੱਖ ਦੀ ਜਗਿਆਸਾ ਦਾ ਸਬੱਬ ਰਹੇ ਹਨ। ਇਹ ਉਚਾਈਆਂ ਤੱਕ ਫੈਲੀ ਨੀਲੱਤਣ ਤੋਂ ਡਰਦਾ ਰਿਹਾ ਅਤੇ ਪੂਜਦਾ ਵੀ ਰਿਹਾ। ਵਿਗਿਆਨ ਨੇ ਉਹਦੇ ਦਿਮਾਗ ਦੇ ਜਾਲੇ ਸਾਫ਼ ਕੀਤੇ। ਨੀਲੱਤਣਾਂ ਤੋਂ ਪਾਰ ਦੂਰ-ਦੁਰੇਡੇ ਦੀਆਂ ਧਰਤੀਆਂ ਉੱਤੇ ਜ਼ਿੰਦਗੀ ਦੇ ਹੋਣ ਦਾ ਵਿਚਾਰ ਮਨੁੱਖ ਨੂੰ ਹਮੇਸ਼ਾਂ ਖਿੱਚ ਪਾਉਂਦਾ ਹੈ। ਵਿਗਿਆਨ ਦੀਆਂ ਖੋਜਾਂ ਨੇ ਤਾਰਿਆ ਦੇ ਉਗਮਣ-ਵਿਗਸਣ ਅਤੇ ਚਾਲ ਬਾਰੇ ਨਵੇਂ ਵਿਚਾਰ ਪੇਸ਼ ਕੀਤੇ। ਇਨ੍ਹਾਂ ਨੂੰ ਦੇਖਣਾ-ਪਰਖਣਾ ਸੰਭਵ ਬਣਾਇਆ। ਤਾਰਾ ਵਿਗਿਆਨ ਜਾਂ ਭੂਗੋਲ ਵਿਗਿਆਨ ਬਾਬਤ ਗੱਲ ਕਰਨ ਵੇਲੇ ਲਾਤੀਨੀ ਮੁਲਕ ਚਿੱਲੀ ਦਾ ਜ਼ਿਕਰ ਹੋਣਾ ਲਾਜ਼ਮੀ ਹੋ ਜਾਂਦਾ ਹੈ। ਇਹ ਦੁਨੀਆਂ ਦਾ ਸਭ ਤੋਂ ਲੰਮਾ ਮੁਲਕ ਹੈ ਜੋ ਦੱਖਣੀ ਅਮਰੀਕਾ ਮਹਾਂਦੀਪ ਦਾ ਹਿੱਸਾ ਹੈ। ਚਿੱਲੀ ਦਾ ਐਟਾਕਾਮਾ ਮਾਰੂਥਲ ਧਰਤੀ ਦੀ ਸਭ ਤੋਂ ਖੁਸ਼ਕ ਥਾਂ ਮੰਨਿਆ ਜਾਂਦਾ ਹੈ। ਇਹ ਥਾਂ ਸਮੁੰਦਰ ਤਲ ਤੋਂ ਦਸ ਹਜ਼ਾਰ ਫੁੱਟ ਉੱਚੀ ਹੈ। ਉਥੋਂ ਅਸਮਾਨ ਬਿਲਕੁਲ ਸਾਫ਼ ਅਤੇ ਪਾਰਦਰਸ਼ੀ ਦਿਖਾਈ ਦਿੰਦਾ ਹੈ। ਤਾਰਾ ਅਤੇ ਭੂਗੋਲ ਵਿਗਿਆਨ ਦੇ ਜਗਿਆਸੂ ਅਤੇ ਖੋਜੀ ਦੁਨੀਆਂ ਦੇ ਹਰ ਕੋਨੇ ਤੋਂ ਇਸ ਥਾਂ ਖੋਜ ਕਰਨ ਲਈ ਆਉਂਦੇ ਹਨ। ਇਸ ਥਾਂ ਤਾਰਿਆਂ ਨੂੰ ਦੇਖਣ-ਪਰਖਣ ਲਈ ਦੁਨੀਆਂ ਦੀ ਸਭ ਤੋਂ ਵੱਡੀ ਦੂਰਬੀਨ ਲੱਗੀ ਹੋਈ ਹੈ। ਮਾਰੂਥਲ ਵਿਚ ਤਾਰੇ ਧਰਤੀ ਦੇ ਨੇੜੇ ਲਗਦੇ ਹਨ। ਇਹ ਹੱਥ ਵਧਾ ਕੇ ਬੇਰਾਂ ਵਾਂਗ ਤੋੜ ਲਏ ਜਾਣ ਵਰਗੀ ਸ਼ੈਅ ਦਿਸਦੇ ਹਨ। ਇਹ ਮਾਰੂਥਲ ਪਰਾ-ਇਤਿਹਾਸਕ ਸਮਿਆਂ ਜਾਂ ਦੂਜੇ ਗ੍ਰਹਿ ਦੀ ਧਰਤੀ ਵਾਂਗ ਲਗਦਾ ਹੈ। ਸੂਰਜ ਦੀ ਤੇਜ਼ ਗਰਮੀ ਮਨੁੱਖੀ ਰਹਿੰਦ-ਖੂੰਹਦ ਨੂੰ ਸਾਲਾਂ ਬੱਧੀ ਬਚਾਈ ਰੱਖਦੀ ਹੈ। ਇੱਥੇ ਕੋਲੰਬਸ ਤੋਂ ਪਹਿਲਾਂ ਦੀਆਂ ਮੱਮੀਆਂ ਅਤੇ ਮਨੁੱਖੀ ਹੱਡੀਆਂ ਦੇ ਢਾਂਚੇ ਮਿਲਦੇ ਹਨ।
ਜਿਨ੍ਹਾਂ ਸਮਿਆਂ ਵਿਚ ਇਹ ਮਾਰੂਥਲ ਪਹਿਲੀ ਵਾਰ ਤਾਰਾ ਵਿਗਿਆਨੀਆਂ ਦੀ ਨਜ਼ਰ ਵਿਚ ਆ ਰਿਹਾ ਸੀ, ਉਨ੍ਹਾਂ ਸਮਿਆਂ ਵਿਚ ਚਿੱਲੀ ਦੁਨੀਆਂ ਦੀ ਨਜ਼ਰ ਵਿਚ ਸਮਾਜਵਾਦੀ ਮੁਲਕ ਵਜੋਂ ਉੱਭਰ ਰਿਹਾ ਸੀ। ਪਿਛਲੀ ਸਦੀ ਦੇ ਸੱਤਵੇਂ ਦਹਾਕੇ ਦੇ ਚਿੱਲੀ ਵਿਚ ਸਲਵਾਡੋਰ ਅਲਾਂਡੇ ਦੀ ਜਮਹੂਰੀ ਸਰਕਾਰ ਸੀ ਜਿਹਨੂੰ ‘ਕਿਰਤੀਆਂ ਦੀ ਸਰਕਾਰ’ ਵੀ ਕਿਹਾ ਜਾਂਦਾ ਸੀ। ਇਹ ਕਿਰਤੀਆਂ ਦੀਆਂ ਮੰਗਾਂ ਨੂੰ ਲੈ ਕੇ ਮਿਸਾਲੀ ਲਾਮਬੰਦੀ ਦਾ ਦੌਰ ਸੀ। ਅਲਾਂਡੇ ਦੀ ਸਰਕਾਰ ਵਿੱਤੀ ਅਦਾਰਿਆਂ ਅਤੇ ਖਾਣਾਂ ਦਾ ਕੌਮੀਕਰਨ ਕਰ ਰਹੀ ਸੀ। ਕਿਰਤੀਆਂ ਦੀ ਜ਼ਿੰਦਗੀ ਸੁਖਾਲੀ ਹੋਣ ਦੀ ਆਸ ਬੱਝ ਰਹੀ ਸੀ। ਮੁਲਕ ਦੀ ਸਿਆਸੀ ਅਤੇ ਸਮਾਜਕ ਚੇਤਨਾ ਦਾ ਉਭਾਰ ਦੋਸਤਾਂ ਅਤੇ ਦੁਸ਼ਮਣਾਂ ਨੂੰ ਬਰਾਬਰ ਖਿੱਚ ਰਿਹਾ ਸੀ। ਗਿਆਰਾਂ ਸਤੰਬਰ 1973 ਨੂੰ ਅਮਰੀਕਾ ਦੀ ਸ਼ਹਿ ਹੇਠ ਸੱਜੇ ਪੱਖੀ ਫ਼ੌਜੀ ਜਰਨੈਲ ਪਿਨੋਚੇ ਨੇ ਅਲਾਂਡੇ ਦੀ ਜਮਹੂਰੀ ਸਰਕਾਰ ਦਾ ਤਖ਼ਤਾ ਪਲਟ ਦਿੱਤਾ। ਉਂਝ ਇਹ ਕੋਈ ਇੱਕ ਦਿਨ ਵਿਚ ਪੈਦਾ ਹੋਇਆ ਉਭਾਰ ਨਹੀਂ ਸੀ। ਅਮਰੀਕੀ ਸਰਕਾਰ ਅਤੇ ਸ਼ਿਕਾਗੋ ਸਕੂਲ ਦੇ ਅਰਥ-ਸ਼ਾਸਤਰੀ ਲੰਬੇ ਸਮੇਂ ਤੋਂ ਚਿੱਲੀ ਨੂੰ ਖੁੱਲ੍ਹੀ ਮੰਡੀ ਦੀ ਪ੍ਰਯੋਗਸ਼ਾਲਾ ਵਜੋਂ ਪਰਖਣ ਦੀ ਵਿਉਂਤਬੰਧੀ ਕਰ ਰਹੇ ਸਨ। ਇਨ੍ਹਾਂ ਅਰਥ-ਸਾਸ਼ਤਰੀਆਂ ਦਾ ਮੰਨਣਾ ਸੀ ਕਿ ਸਰਕਾਰ ਦਾ ਅਰਥਚਾਰੇ ਵਿਚ ਘੱਟ ਤੋਂ ਘੱਟ ਦਖ਼ਲ ਹੋਣਾ ਚਾਹੀਦਾ ਹੈ। ਅਰਥਚਾਰਾ ਨਿੱਜੀ ਹੱਥਾਂ ਵਿਚ ਹੋਣਾ ਚਾਹੀਦਾ ਹੈ। ਮੁਕਾਬਲੇਬਾਜ਼ੀ ਦੇ ‘ਯੁੱਗ’ ਵਿਚ ਸਮੂਹਕ ਭਲਾਈ ਦੀਆਂ ਮੁਹਿੰਮਾਂ ਬੇਤੁਕਾ ਵਿਚਾਰ ਹਨ। ਸ਼ਿਕਾਗੋ ਸਕੂਲ ਦੇ ਮੁੰਡਿਆਂ ਨੇ ‘ਸ਼ੁੱਧ ਸਰਮਾਏਦਾਰੀ’ ਦਾ ਸੁਪਨਾ ਸੱਚ ਕਰਨ ਚਿੱਲੀ ਨੂੰ ਚੁਣਿਆ ਜਿੱਥੇ ਸਮਾਜਵਾਦੀ ਉਭਾਰ ਜ਼ੋਰਾਂ ‘ਤੇ ਸੀ। ਚਿੱਲੀ ਸਮੂਹਕ ਭਲਾਈ ਦੇ ਵਿਚਾਰ ਨੂੰ ਅਮਲ ਵਿਚ ਲਿਆਉਣ ਦੇ ਰਸਤੇ ਪਿਆ ਹੋਇਆ ਸੀ। ਅਜਿਹੇ ਮੁਲਕ ਵਿਚ ਜ਼ੁਲਮ-ਜਬਰ ਤੋਂ ਬਿਨਾਂ ‘ਕਾਮਯਾਬੀ’ ਸੰਭਵ ਨਹੀਂ ਸੀ। ਤਖ਼ਤਾ ਪਲਟਣ ਤੋਂ ਬਾਅਦ ਚਿੱਲੀ ਦੇ ਲੋਕਾਂ ਨੇ ਵਹਿਸ਼ਤ ਦਾ ਯੁੱਗ ਤਨ-ਮਨ ‘ਤੇ ਹੰਢਾਇਆ। ਮੁਲਕ ਦੇ ਖੇਡ ਮੈਦਾਨਾਂ ਤੋਂ ਲੈ ਕੇ ਐਟਾਕਾਮਾ ਮਾਰੂਥਲ ਨੂੰ ਤਸ਼ੱਦਦਖਾਨਿਆਂ ਵਿਚ ਬਦਲ ਦਿੱਤਾ ਗਿਆ। ਐਟਾਕਾਮਾ ਮਾਰੂਥਲ ਵਿਚ ਖੋਲ੍ਹਿਆ ਗਿਆ ਤਸ਼ੱਦਦੀ ਡੇਰਾ ਮੁਲਕ ਦੇ ਤਬਦੀਲੀਪਸੰਦ ਲੋਕਾਂ ‘ਤੇ ਵਰਤਾਈ ਗਈ ਵਹਿਸ਼ਤ ਅਤੇ ਦਹਿਸ਼ਤ ਦਾ ਬਿੰਬ ਬਣਦਾ ਹੈ। ਕਿੰਨੇ ਹੀ ਲੋਕ ਇਸ ਮਾਰੂਥਲ ਵਿਚ ਮਾਰ-ਖਪਾ ਦਿੱਤੇ ਗਏ। ਮਾਰੂਥਲ ਵਿਚ ਮਿਲਦੀਆਂ ਸਮੂਹਕ ਕਬਰਾਂ, ਮਨੁੱਖੀ ਪਿੰਜਰ ਅਤੇ ਹੱਡੀਆਂ ਇਸ ਤ੍ਰਾਸਦੀ ਨੂੰ ਬਿਆਨ ਕਰਦੀਆਂ ਹਨ। ਮਾਰ-ਖਪਾਏ ਗਏ ਜੀਆਂ ਦੇ ਰਿਸ਼ਤੇਦਾਰ ਅੱਜ ਵੀ ਅਣਪਛਾਤੇ ਮਨੁੱਖੀ ਪਿੰਜਰਾਂ ਵਿਚੋਂ ਆਪਣੇ ਜਣਿਆਂ ਨੂੰ ਲੱਭ ਰਹੇ ਹਨ। ਫ਼ਿਲਮ ਵਿਚ ਆਪਣਿਆਂ ਨੂੰ ਲੱਭਦੇ ਮਾਪੇ ਦਿਖਾਏ ਗਏ ਹਨ ਜੋ ਚਾਲੀ ਸਾਲ ਪਹਿਲਾਂ ਗਾਇਬ ਹੋਇਆਂ ਦਾ ਖੁਰਾ-ਖੋਜ ਲੱਭਣ ਲਈ ਐਟਾਕਾਮਾ ਮਾਰੂਥਲ ਦੀ ਖ਼ਾਕ ਛਾਣ ਰਹੇ ਹਨ। ਕਈ ਮਾਪਿਆਂ ਨੇ ਦਸਤਾਵੇਜ਼ਾਂ ਅਤੇ ਡੀæਐਨæਏæ ਦੀ ਪੁਣ-ਛਾਣ ਰਾਹੀਂ ਆਪਣਿਆਂ ਦੀਆਂ ਹੱਡੀਆਂ ਲੱਭੀਆਂ ਵੀ ਹਨ। ਜਿਸ ਥਾਂ ਦੁਨੀਆਂ ਦੇ ਖ਼ੋਜੀ ਤਾਰਿਆਂ ਅਤੇ ਬ੍ਰਹਿਮੰਡ ਦੇ ਭੇਤਾਂ ਦੀ ਤਲਾਸ਼ ਕਰਨ ਆਉਂਦੇ ਹਨ, ਉੱਥੇ ਕਈ ਲੋਕ ਆਪਣੇ ਅੱਖਾਂ ਦੇ ਤਾਰਿਆਂ ਨੂੰ ਲੱਭਣ ਲਈ ਵੀ ਆਉਂਦੇ ਹਨ। ਲੱਭਣ ਵਾਲਿਆਂ ਵਿਚ ਵਧੇਰੇ ਕਰ ਕੇ ਮਾਰ ਖਪਾਏ ਗਏ ਜੀਆਂ ਦੀਆਂ ਮਾਂਵਾਂ, ਦਾਦੀਆਂ ਜਾਂ ਨਾਨੀਆਂ ਹੁੰਦੀਆਂ ਹਨ। ਮੁਕਾਮੀ ਤਾਰਾ ਵਿਗਿਆਨੀ ਆਪਣੀ ਖੋਜ ਅਤੇ ਇਨ੍ਹਾਂ ਔਰਤਾਂ ਦੀ ਖੋਜ ਨੂੰ ਇੱਕੋ ਜਿਹੀ ਮੰਨਦਾ ਹੈ। ਸਿਰਫ਼ ਇਕ ਫ਼ਰਕ ਹੈ ਕਿ ਤਾਰਿਆਂ ਦੀ ਖੋਜ ਵਿਚ ਆਉਂਦੀਆਂ ਮੁਸ਼ਕਿਲਾਂ ਦੇ ਬਾਵਜੂਦ ਉਹ ਰਾਤ ਨੂੰ ਆਰਾਮ ਨਾਲ ਸੌਂ ਸਕਦਾ ਹੈ। ਅਗਲੇ ਦਿਨ ਉਹ ਫਿਰ ਅਤੀਤ ਨੂੰ ਲੱਭਣ ਤੁਰ ਪੈਂਦੇ ਹਨ ਪਰ ਇਹ ਔਰਤਾਂ ਮਨੁੱਖੀ ਪਿੰਜਰਾਂ ਅਤੇ ਹੱਡੀਆਂ ਨੂੰ ਸਾਰਾ ਦਿਨ ਭਾਲਣ ਤੋਂ ਬਾਅਦ ਸਹਿਜਤਾ ਨਾਲ ਸੌਂ ਨਹੀਂ ਸਕਦੀਆਂ। ਇਹ ਉਹ ਅਤੀਤ ਹੈ ਜੋ ਲੱਭ ਹੀ ਨਹੀਂ ਰਿਹਾ ਅਤੇ ਨਾ ਹੀ ਪਿੱਛਾ ਛੱਡਦਾ ਹੈ। ਹਰ ਸਮੇਂ ਅੱਖਾਂ ਦੇ ਤਾਰਿਆਂ ਦੀ ਯਾਦ ਸਿਰਹਾਣੇ ਪਈ ਰਹਿੰਦੀ ਹੈ ਪਰ ਇਹ ਜਿੰਦੜੀਆਂ ਉਦੋਂ ਤੱਕ ਸੌਂ ਨਹੀਂ ਸਕਣਗੀਆਂ ਜਦੋਂ ਤੱਕ ਇਨ੍ਹਾਂ ਦੇ ਜੀਆਂ ਦਾ ਪਤਾ ਨਹੀਂ ਲੱਗ ਜਾਂਦਾ। ਇਸ ਸੰਤਾਪ ਨੂੰ ਉਹ ਪਿਛਲੇ ਚਾਲੀ ਸਾਲ ਤੋਂ ਹੰਢਾਅ ਰਹੀਆਂ ਹਨ। ਤਾਰਿਆਂ ਦੇ ਇਕ ਖੋਜੀ ਮੁਤਾਬਕ, “ਦੋਹਾਂ ਖੋਜੀਆਂ ਦਾ ਕੋਈ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਸਾਡੇ ਸਮਾਜ ਨੂੰ ਇਨ੍ਹਾਂ ਔਰਤਾਂ ਬਾਰੇ ਉੱਨੀ ਹੀ ਚੰਗੀ ਤਰ੍ਹਾਂ ਜਾਣਨਾ ਚਾਹੀਦਾ ਹੈ ਜਿਵੇਂ ਉਹ ਤਾਰਾ ਵਿਗਿਆਨ ਬਾਰੇ ਜਾਣਨਾ ਚਾਹੁੰਦਾ ਹੈ ਪਰ ਹੋ ਉਲਟਾ ਰਿਹਾ ਹੈ। ਸਮਾਜ ਅੱਖਾਂ ਦੇ ਤਾਰਿਆਂ ਤੋਂ ਵੱਧ ਅਸਮਾਨੀ ਤਾਰਿਆਂ ਦਾ ਇਤਿਹਾਸ ਲੱਭਣ ਵਿਚ ਵਧੇਰੇ ਯਕੀਨ ਕਰਦਾ ਹੈ। ਉਹ ਆਪਣਾ ਅਤੀਤ ਛੇਤੀ ਭੁੱਲਣਾ ਚਾਹੁੰਦੇ ਹਨ ਜੋ ਚਿੰਤਾ ਦਾ ਵਿਸ਼ਾ ਹੈ। ਇਸ ਤਰ੍ਹਾਂ ਕਰਦੇ ਹੋਏ ਲੋਕ ਕਦੇ ਵੀ ਮੁਕੰਮਲ ਅਮਨ ਚੈਨ ਨਹੀਂ ਲੱਭ ਸਕਣਗੇ।”
Leave a Reply