ਛੱਤੀਸਗੜ੍ਹ ਪੁਲਿਸ ਵੱਲੋਂ ਮਾਓਵਾਦੀ ਆਗੂਆਂ ਦਾ ‘ਸਫ਼ਾਇਆ’ ਕਰਨ ਵਿਚ ਕਾਮਯਾਬੀ ਦੇ ਦਾਅਵੇ

ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਵੱਲੋਂ ਮੁਕਾਬਲੇ ਫਰਜ਼ੀ ਕਰਾਰ
ਨਵੀਂ ਦਿੱਲੀ: ਛੱਤੀਸਗੜ੍ਹ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬੀਜਾਪੁਰ ਜ਼ਿਲ੍ਹੇ ਦੇ ਇੰਦਰਾਵਤੀ ਨੈਸ਼ਨਲ ਪਾਰਕ ਖੇਤਰ ਵਿਚ ਪਿਛਲੇ ਦੋ ਦਿਨਾਂ ਦੌਰਾਨ ਹੋਏ ਮੁਕਾਬਲਿਆਂ ਵਿਚ ਦੋ ਉੱਘੇ ਮਾਓਵਾਦੀ ਆਗੂ- ਭਾਸਕਰ ਉਰਫ਼ ਮਾਇਲਾਰਪੂ ਅਡੇਲੂ ਅਤੇ ਨਰਸਿੰਹਾ ਚਲਮ ਉਰਫ਼ ਸੁਧਾਕਰ ਮਾਰੇ ਗਏ ਹਨ। ਪੁਲਿਸ ਨੇ ਇਸਨੂੰ ਮਾਓਵਾਦੀਆਂ ਵਿਰੁੱਧ ਮੁਹਿੰਮ ਦੀ ਵੱਡੀ ਸਫ਼ਲਤਾ ਦੱਸਿਆ ਹੈ।

ਪੁਲਿਸ ਮੁਤਾਬਕ, ਸ਼ੁੱਕਰਵਾਰ (6 ਜੂਨ) ਨੂੰ ਹੋਏ ਮੁਕਾਬਲੇ ਵਿਚ ਮਾਰੇ ਗਏ ਮਾਓਵਾਦੀ ਦੀ ਪਛਾਣ ਭਾਸਕਰ ਉਰਫ਼ ਮਾਇਲਾਰਪੂ ਅਡੇਲੂ ਵਜੋਂ ਹੋਈ ਹੈ। ਭਾਸਕਰ ਤੇਲੰਗਾਨਾ ਮਾਓਵਾਦੀ ਰਾਜ ਕਮੇਟੀ ਦੀ ਵਿਸ਼ੇਸ਼ ਖੇਤਰੀ ਕਮੇਟੀ ਦਾ ਮੈਂਬਰ ਸੀ ਅਤੇ ਮਨਚੇਰੀਆਲ-ਕੁਮਰੰਭੀਮ (ਐਮਕੇਬੀ) ਡਿਵੀਜ਼ਨ ਦਾ ਸਕੱਤਰ ਸੀ। ਉਸ ‘ਤੇ ਛੱਤੀਸਗੜ੍ਹ ਵਿਚ 25 ਲੱਖ ਰੁਪਏ ਅਤੇ ਤੇਲੰਗਾਨਾ ਵਿਚ 20 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ।
ਇਸ ਤੋਂ ਇਕ ਦਿਨ ਪਹਿਲਾਂ, ਵੀਰਵਾਰ (5 ਜੂਨ) ਨੂੰ ਹੋਏ ਮੁਕਾਬਲੇ ਵਿਚ ਮਾਓਵਾਦੀ ਕੇਂਦਰੀ ਕਮੇਟੀ ਦੇ ਉੱਘੇ ਮੈਂਬਰ ਨਰਸਿੰਹਾ ਚਲਮ ਉਰਫ਼ ਸੁਧਾਕਰ ਨੂੰ ਮਾਰ ਦਿੱਤਾ ਗਿਆ ਸੀ। 66 ਸਾਲਾ ਸੁਧਾਕਰ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਪੁਲਿਸ ਅਨੁਸਾਰ ਉਹ ਛੱਤੀਸਗੜ੍ਹ ਵਿਚ ਕਈ ਮਾਓਵਾਦੀ ਹਮਲਿਆਂ ਵਿਚ ਸ਼ਾਮਲ ਰਿਹਾ ਹੈ। ਸੁਧਾਕਰ ‘ਤੇ 40 ਲੱਖ ਰੁਪਏ ਦਾ ਇਨਾਮ ਸੀ।
ਬਸਤਰ ਰੇਂਜ ਦੇ ਪੁਲਿਸ ਆਈ.ਜੀ. ਸੁੰਦਰਰਾਜ ਨੇ ਦੱਸਿਆ, ‘ਸੁਧਾਕਰ ਸੀਨੀਅਰ ਮਾਓਵਾਦੀ ਆਗੂ ਸੀ, ਜੋ ਕਈ ਹਿੰਸਕ ਘਟਨਾਵਾਂ ਲਈ ਜ਼ਿੰਮੇਵਾਰ ਸੀ- ਜਿਨ੍ਹਾਂ ਵਿਚ ਕਈ ਬੇਕਸੂਰ ਆਦਿਵਾਸੀ ਨਾਗਰਿਕ ਮਾਰੇ ਗਏ ਅਤੇ ਕਈ ਸੁਰੱਖਿਆ ਕਰਮੀ ਸ਼ਹੀਦ ਹੋਏ। ਇਨ੍ਹਾਂ ਤੋਂ ਇਲਾਵਾ, ਮਾਓਵਾਦੀ ਵਿਚਾਰਧਾਰਕ ਸਿਖਲਾਈ ਸਕੂਲ ਦਾ ਇੰਚਾਰਜ ਹੋਣ ਦੇ ਨਾਤੇ ਉਹ ਨੌਜਵਾਨਾਂ ਨੂੰ ਭੜਕਾਊ ਅਤੇ ਰਾਸ਼ਟਰ-ਵਿਰੋਧੀ ਵਿਚਾਰਧਾਰਾਵਾਂ ਰਾਹੀਂ ਭਟਕਾ ਕੇ ਕਟੜਪੰਥੀ ਬਣਾਉਂਦਾ ਸੀ।’
ਆਈ.ਜੀ. ਨੇ ਦੱਸਿਆ ਕਿ ਇਹ ਮੁਕਾਬਲਾ ਰਾਜ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐੱਫ.), ਡਿਸਟ੍ਰਿਕਟ ਰਿਜ਼ਰਵ ਗਾਰਡ (ਡੀ.ਆਰ.ਜੀ.) ਅਤੇ ਸੀ.ਆਰ.ਪੀ.ਐੱਫ. ਦੀ ਵਿਸ਼ੇਸ਼ ਕੋਬਰਾ ਯੂਨਿਟ ਦੇ ਸਾਂਝੇ ਅਪਰੇਸ਼ਨ ਦਾ ਹਿੱਸਾ ਸੀ, ਜੋ ਬੁੱਧਵਾਰ (4 ਜੂਨ) ਤੋਂ ਇਸ ਖੇਤਰ ਵਿੱਚ ਚੱਲ ਰਿਹਾ ਹੈ। ਮੁਕਾਬਲੇ ਮਗਰੋਂ ਘਟਨਾ ਸਥਾਨ ਤੋਂ ਇੱਕ ਏਕੇ-47 ਰਾਈਫਲ ਸਮੇਤ ਹੋਰ ਹਥਿਆਰ ਤੇ ਵਿਸ਼ਫੋਟਕ ਪਦਾਰਥ ਬਰਾਮਦ ਕੀਤੇ ਗਏ।
ਯਾਦ ਰਹੇ ਕਿ ਪਿਛਲੇ ਪੰਦਰਾਂ ਦਿਨਾਂ ਦੌਰਾਨ ਇਹ ਸੁਰੱਖਿਆ ਬਲਾਂ ਵੱਲੋਂ ਕੀਤੀ ਗਈ ਤੀਜੀ ਵੱਡੀ ਕਾਰਵਾਈ ਹੈ। ਇਸ ਤੋਂ ਪਹਿਲਾਂ 21 ਮਈ ਨੂੰ ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੇ ਅਬੂਝਮਾੜ ਦੇ ਜੰਗਲਾਂ ਵਿਚ ਸੀ.ਪੀ.ਆਈ. (ਮਾਓਵਾਦੀ) ਦੇ ਜਨਰਲ ਸਕੱਤਰ ਨੰਬਾਲਾ ਕੇਸ਼ਵ ਰਾਓ ਉਰਫ਼ ਬਸਵਾ ਰਾਜ ਸਮੇਤ 27 ਮਾਓਵਾਦੀ ਮਾਰੇ ਗਏ ਸਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਮਾਰਚ 2026 ਤੱਕ ਮਾਓਵਾਦੀ ਸਰਗਰਮੀਆਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਰ ਦਿੱਤਾ ਜਾਵੇਗਾ। ਇਹ ਮੁਕਾਬਲੇ ਉਸੇ ਮੁਹਿੰਮ ਦਾ ਹਿੱਸਾ ਹਨ। ਇਸ ਸਾਲ ਹੁਣ ਤੱਕ ਕੁਲ 202 ਮਾਓਵਾਦੀ ਮਾਰੇ ਗਏ ਹਨ, ਜਿਨ੍ਹਾਂ ਵਿੱਚੋਂ 185 ਬਸਤਰ ਖੇਤਰ ਦੇ ਨਕਸਲੀ ਹਨ।
ਮਨੁੱਖੀ ਹੱਕਾਂ ਦੀਆਂ ਸੰਸਥਾਵਾਂ ਵੱਲੋਂ ਚਿੰਤਾ ਦਾ ਇਜ਼ਹਾਰ
ਇਸ ਦੌਰਾਨ, ਦੇਸ਼ ਦੇ ਉੱਘੇ ਬੁੱਧੀਜੀਵੀਆਂ, ਲੇਖਕਾਂ ਅਤੇ ਕਾਰਕੁਨਾਂ ਵੱਲੋਂ ਬਣਾਈ ‘ਕੋਆਰਡੀਨੇਸ਼ਨ ਕਮੇਟੀ ਫਾਰ ਪੀਸ’ ਨੇ ਛੱਤੀਸਗੜ੍ਹ ਸਰਕਾਰ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹੋਰ ਸੰਬੰਧਤ ਅਥਾਰਟੀਜ਼ ਨੂੰ ਅਪੀਲ ਜਾਰੀ ਕਰਕੇ ਬਸਤਰ ਵਿਚ ਕਤਲੇਆਮ ਰੋਕਣ ਅਤੇ ਸ਼ਾਂਤੀ ਗੱਲਬਾਤ ਸ਼ੁਰੂ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਕਮੇਟੀ ਵਿਚ ਉੱਘੀ ਦਲਿਤ ਲੇਖਿਕਾ ਮੀਨਾ ਕੰਡਾਸਾਮੀ, ਪ੍ਰੋਫੈਸਰ ਹਰਗੋਪਾਲ, ਪ੍ਰੋਫੈਸਰ ਨੰਦਨੀ ਸੁੰਦਰ, ਐਡਵੋਕੇਟ ਬੇਲਾ ਭਾਟੀਆ, ਕਵਿਤਾ ਸ਼੍ਰੀਵਾਸਤਵ ਸਮੇਤ ਭਾਰਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਸ਼ਾਮਲ ਹਨ।
ਸ਼ਹਿਰੀ ਆਜ਼ਾਦੀਆਂ ਦੀ ਮੁੱਖ ਸੰਸਥਾ, ਤੇਲੰਗਾਨਾ ਸਿਵਲ ਰਾਈਟਸ ਕਮੇਟੀ, ਨੇ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿਚ ਪੁਲਿਸ ਕਾਰਵਾਈ ਨੂੰ ਲੈ ਕੇ ਗੰਭੀਰ ਇਲਜ਼ਾਮ ਲਾਏ ਹਨ। ਸੰਸਥਾ ਦੇ ਪ੍ਰਧਾਨ ਪ੍ਰੋਫੈਸਰ ਗਡਮ ਲਕਸ਼ਮਣ ਅਤੇ ਜਨਰਲ ਸਕੱਤਰ ਐਨ. ਨਾਰਾਇਣ ਰਾਓ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇੰਦਰਾਵਤੀ ਨੈਸ਼ਨਲ ਪਾਰਕ ਖੇਤਰ ਦੇ ਇਕ ਪਿੰਡ ਵਿਚ ਮਾਓਵਾਦੀ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸੁਧਾਕਰ, ਤੇਲੰਗਾਨਾ ਰਾਜ ਕਮੇਟੀ ਦੇ ਮੈਂਬਰ ਮਾਇਲਾਰਪੂ ਅਡੇਲੂ ਉਰਫ਼ ਭਾਸਕਰ, ਬੰਡੀ ਪ੍ਰਕਾਸ਼, ਨੈਸ਼ਨਲ ਪਾਰਕ ਸਕੱਤਰ ਦਿਲੀਪ, ਮਡੇਡੂ ਏਰੀਆ ਸਕੱਤਰ ਸੀਤੂ, ਡੀਸੀ ਮੈਂਬਰ ਰਾਮੰਨਾ, ਮੁੰਨਾ, ਸੁਨੀਤਾ, ਮਹੇਸ਼ ਸਮੇਤ ਕਈ ਹੋਰ ਮਾਓਵਾਦੀ ਆਗੂਆਂ ਨੂੰ ਛੱਤੀਸਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਕਮੇਟੀ ਮੁਤਾਬਕ, ਇਨ੍ਹਾਂ ਵਿਚੋਂ ਸੁਧਾਕਰ ਨੂੰ ਵੀਰਵਾਰ ਨੂੰ ਮੁਕਾਬਲੇ ਦੇ ਨਾਂ ‘ਤੇ ਮਾਰ ਦਿੱਤਾ ਗਿਆ, ਜਦਕਿ ਸ਼ੁੱਕਰਵਾਰ ਸ਼ਾਮ ਅਡੇਲੂ ਉਰਫ਼ ਭਾਸਕਰ ਨੂੰ ਵੀ ਕਥਿਤ ਤੌਰ ‘ਤੇ ਫਰਜ਼ੀ ਮੁਕਾਬਲੇ ਵਿਚ ਮਾਰ ਦਿੱਤਾ ਗਿਆ। ਸੰਸਥਾ ਨੇ ਡਰ ਜ਼ਾਹਿਰ ਕੀਤਾ ਹੈ ਕਿ ਪੁਲਿਸ ਹਿਰਾਸਤ ਵਿਚ ਮੌਜੂਦ ਬੰਡੀ ਪ੍ਰਕਾਸ਼ ਅਤੇ ਹੋਰ ਆਗੂਆਂ ਨੂੰ ਵੀ ਫਰਜ਼ੀ ਮੁਕਾਬਲਿਆਂ ਵਿਚ ਮਾਰਿਆ ਜਾ ਸਕਦਾ ਹੈ।
ਕਮੇਟੀ ਨੇ ਮੰਗ ਕੀਤੀ ਹੈ ਕਿ ਇਨ੍ਹਾਂ ਸਾਰੇ ਮਾਓਵਾਦੀ ਆਗੂਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ। ਕਮੇਟੀ ਨੇ ਕਿਹਾ ਹੈ ਕਿ ਹਿਰਾਸਤ ਵਿਚ ਲਏ ਗਏ ਵਿਅਕਤੀਆਂ ਦੀ ਹੱਤਿਆ ਸੰਵਿਧਾਨ ਅਤੇ ਕਾਨੂੰਨ ਦੇ ਵਿਰੁੱਧ ਹੈ।
ਕਮੇਟੀ ਨੇ ਦੇਸ਼ ਦੀਆਂ ਜਮਹੂਰੀ ਤਾਕਤਾਂ ਅਤੇ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਖੁੱਲ ਕੇ ਨਿਖੇਧੀ ਕਰਨ, ਅਤੇ ਨਾਲ ਹੀ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਓਵਾਦੀਆਂ ਵੱਲੋਂ ਐਲਾਨੀ ਇਕਤਰਫ਼ਾ ਯੁੱਧਬੰਦੀ ਦੇ ਜਵਾਬ ’ਚ ਕੇਂਦਰ ਵੀ ਯੁੱਧਬੰਦੀ ਦਾ ਐਲਾਨ ਕਰੇ ਅਤੇ ਉਨ੍ਹਾਂ ਨਾਲ ਸ਼ਾਂਤੀ ਗੱਲਬਾਤ ਸ਼ੁਰੂ ਕੀਤੀ ਜਾਵੇ।
ਇੱਧਰ ਪੰਜਾਬ ਵਿਚ ਜਮਹੂਰੀ ਹੱਕਾਂ ਦੇ ਘਾਣ ਵਿਰੁੱਧ ਆਵਾਜ਼ ਉਠਾਉਣ ਵਾਲੀ ਇਕ ਮੁੱਖ ਸੰਸਥਾ ‘ਓਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ’ ਨੇ ਵੀ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋਫੈਸਰ ਏ.ਕੇ.ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ਪਾ ਛੱਤੀਸਗੜ੍ਹ ਪੁਲਿਸ ਵੱਲੋਂ ਹਿਰਾਸਤ ਵਿਚ ਲਏ ਮਾਓਵਾਦੀ ਆਗੂ ਬੰਡੀ ਪ੍ਰਕਾਸ਼ ਅਤੇ ਦਰਜਨ ਤੋਂ ਵੱਧ ਹੋਰ ਮਾਓਵਾਦੀ ਆਗੂਆਂ ਨੂੰ ਤੁਰੰਤ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਬੀਤੇ ਕੱਲ੍ਹ ਬੀਜਾਪੁਰ ਦੇ ਇੰਦਰਾਵਤੀ ਨੈਸ਼ਨਲ ਪਾਰਕ ਖੇਤਰ ਦੇ ਇਕ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਵੇਂ ਭਾਜਪਾ ਸਰਕਾਰ ਵੱਲੋਂ 26 ਮਾਰਚ 2025 ਤੱਕ ਭਾਰਤ ਨੂੰ ‘ਨਕਸਲ-ਮੁਕਤ’ ਕਰਨ ਦਾ ਫਾਸ਼ੀਵਾਦੀ ਟੀਚਾ ਤੈਅ ਕਰਕੇ ਛੱਤੀਸਗੜ੍ਹ ਅਤੇ ਝਾਰਖੰਡ ਵਿਚ ਮਾਓਵਾਦੀ ਆਗੂਆਂ ਅਤੇ ਆਦਿਵਾਸੀਆਂ ਨੂੰ ਕਥਿਤ ਮੁਕਾਬਲਿਆਂ ਵਿਚ ਮਾਰਿਆ ਜਾ ਰਿਹਾ ਹੈ, ਉਸਦੇ ਮੱਦੇਨਜ਼ਰ ਇਨ੍ਹਾਂ ਆਗੂਆਂ ਨੂੰ ਵੀ ‘ਮੁਕਾਬਲੇ’ ਬਣਾ ਕੇ ਮਾਰ ਦਿੱਤੇ ਜਾਣ ਦਾ ਖ਼ਤਰਾ ਹੈ। ਦੋ ਦਿਨ ਪਹਿਲਾਂ ਹੀ ਸੀ.ਪੀ.ਆਈ. (ਮਾਓਵਾਦੀ) ਦੀ ਕੇਂਦਰੀ ਕਮੇਟੀ ਦੇ ਮੈਂਬਰ ਸੁਧਾਕਰ ਅਤੇ ਇਕ ਹੋਰ ਸੀਨੀਅਰ ਆਗੂ ਭਾਸਕਰ ਨੂੰ ਇਸੇ ਤਰ੍ਹਾਂ ਜ਼ਿੰਦਾ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੁਕਾਬਲੇ ਵਿਚ ਮਰੇ ਦਿਖਾ ਦਿੱਤਾ ਗਿਆ। ਜਨਵਰੀ 2025 ਤੋਂ ਲੈ ਕੇ ਹੁਣ ਤੱਕ ਇਕੱਲੇ ਬਸਤਰ ਖੇਤਰ ਵਿਚ 182 ਮਾਓਵਾਦੀਆਂ ਨੂੰ ‘ਮੁਕਾਬਲਿਆਂ’ ਦੇ ਨਾਂ ਹੇਠ ਕਤਲ ਕੀਤਾ ਗਿਆ ਹੈ। ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕਿ ਗ੍ਰਿਫ਼ਤਾਰ ਕੀਤੇ ਮਾਓਵਾਦੀ ਆਗੂਆਂ ਅਤੇ ਕਾਰਕੁਨਾਂ ਦੀ ਜ਼ਿੰਦਗੀ ਦੀ ਸੁਰੱਖਿਆ ਕੀਤੀ ਜਾਵੇ, ਉਨ੍ਹਾਂ ਦਾ ਤੁਰੰਤ ਮੈਡੀਕਲ ਕਰਵਾ ਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇ ਅਤੇ ਜੇਕਰ ਉਨ੍ਹਾਂ ਵਿਰੁੱਧ ਕੋਈ ਫ਼ੌਜਦਾਰੀ ਕੇਸ ਦਰਜ ਹੈ ਤਾਂ ਅਦਾਲਤੀ ਪ੍ਰਕਿਰਿਆ ਰਾਹੀਂ ਉਨ੍ਹਾਂ ਦਾ ਦੋਸ਼ ਸਾਬਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭਾਰਤ ਦੀ ਸੁਪਰੀਮ ਕੋਰਟ ਅਤੇ ਰਾਸ਼ਟਰਪਤੀ ਇਸ ਦਾ ਤੁਰੰਤ ਨੋਟਿਸ ਲੈ ਕੇ ਛੱਤੀਸਗੜ੍ਹ ਪੁਲਿਸ ਨੂੰ ਕਤਲੇਆਮ ਬੰਦ ਕਰਨ ਦਾ ਆਦੇਸ਼ ਦੇਣ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਓਪਰੇਸ਼ਨ ਕਗਾਰ ਬੰਦ ਕੀਤਾ ਜਾਵੇ, ਭਾਰਤ ਸਰਕਾਰ ਫ਼ੌਜੀ ਤਾਕਤ ਦੇ ਜ਼ੋਰ ਲੋਕ ਵਿਰੋਧੀ ਅਤੇ ਨੰਗੇ-ਚਿੱਟੇ ਤੌਰ ’ਤੇ ਕਾਰਪੋਰੇਟ ਪੱਖੀ ‘ਵਿਕਾਸ’ ਮਾਡਲ ਥੋਪਣਾ ਬੰਦ ਕਰੇ ‘ਮੁਕਾਬਲਿਆਂ’ ਰਾਹੀਂ ਕਤਲਾਂ ਦੀ ਨੀਤੀ ਬੰਦ ਕਰੇ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਸਰਕਾਰ ਵਿਰੋਧੀ ਜੁਝਾਰੂ ਲਹਿਰਾਂ ਨਾਲ ਗੱਲਬਾਤ ਦਾ ਅਮਲ ਸ਼ੁਰੂ ਕਰੇ।
ਇਸ ਤੋਂ ਇਲਾਵਾ, ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਵੀ ਪ੍ਰੈੱਸ ਬਿਆਨ ਜਾਰੀ ਕਰਕੇ ਕਤਲੇਆਮ ਬੰਦ ਕਰਨ ਅਤੇ ਗ੍ਰਿਫ਼ਤਾਰ ਮਾਓਵਾਦੀ ਆਗੂਆਂ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ ਦੀ ਮੰਗ ਕੀਤੀ ਹੈ।